Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਉਤਪਤ 6:2, 4 ਵਿਚ ਦਰਜ ‘ਪਰਮੇਸ਼ੁਰ ਦੇ ਪੁੱਤ੍ਰ’ ਕੌਣ ਸਨ ਜੋ ਜਲ-ਪਰਲੋ ਤੋਂ ਪਹਿਲਾਂ ਧਰਤੀ ਉੱਤੇ ਰਹਿੰਦੇ ਸਨ?

ਅਸੀਂ ਕਹਿ ਸਕਦੇ ਹਾਂ ਕਿ ਪਰਮੇਸ਼ੁਰ ਦੇ ਇਹ ਪੁੱਤਰ ਦੂਤ ਸਨ। ਪਰ ਇਸ ਦਾ ਸਬੂਤ ਕੀ ਹੈ?

ਉਤਪਤ 6:2 ਵਿਚ ਲਿਖਿਆ ਹੈ: “ਪਰਮੇਸ਼ੁਰ ਦੇ ਪੁੱਤ੍ਰਾਂ ਨੇ ਆਦਮੀ ਦੀਆਂ ਧੀਆਂ ਨੂੰ ਵੇਖਿਆ ਭਈ ਓਹ ਸੋਹਣੀਆਂ ਹਨ ਤਦ ਉਨ੍ਹਾਂ ਨੇ ਆਪਣੇ ਲਈ ਸਾਰੀਆਂ ਚੁਣੀਆਂ ਹੋਈਆਂ ਵਿੱਚੋਂ ਤੀਵੀਂਆਂ ਕੀਤੀਆਂ।”

ਉਤਪਤ 6:2, 4; ਅੱਯੂਬ 1:6; 2:1; 38:7 ਵਿਚ ਅਤੇ ਜ਼ਬੂਰ 89:6 ਦੇ ਫੁਟਨੋਟ ਵਿਚ “ਪਰਮੇਸ਼ੁਰ ਦੇ ਪੁੱਤ੍ਰਾਂ” ਬਾਰੇ ਗੱਲ ਕੀਤੀ ਗਈ ਹੈ। ਇਨ੍ਹਾਂ ਹਵਾਲਿਆਂ ਤੋਂ “ਪਰਮੇਸ਼ੁਰ ਦੇ ਪੁੱਤ੍ਰਾਂ” ਬਾਰੇ ਕੀ ਪਤਾ ਲੱਗਦਾ ਹੈ?

ਅੱਯੂਬ 1:6 ਵਿਚ ਅਸੀਂ ਪੜ੍ਹਦੇ ਹਾਂ ਕਿ “ਪਰਮੇਸ਼ੁਰ ਦੇ ਪੁੱਤ੍ਰ” ਯਹੋਵਾਹ ਦੇ ਹਜ਼ੂਰ ਆਏ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਹ ਸਵਰਗੀ ਦੂਤ ਸਨ। ਇਨ੍ਹਾਂ ਵਿਚ ਸ਼ੈਤਾਨ ਵੀ ਸੀ ਜੋ ‘ਪਿਰਥਵੀ ਵਿੱਚ ਘੁੰਮ ਫਿਰ ਕੇ ਆਇਆ ਸੀ।’ (ਅੱਯੂ. 1:7; 2:1, 2) ਇਸੇ ਤਰ੍ਹਾਂ ਅਸੀਂ ਅੱਯੂਬ 38:4-7 ਵਿਚ ‘ਪਰਮੇਸ਼ੁਰ ਦੇ ਸਾਰੇ ਪੁੱਤ੍ਰਾਂ’ ਬਾਰੇ ਪੜ੍ਹਦੇ ਹਾਂ ਜੋ “ਨਾਰੇ ਮਾਰਦੇ ਸਨ” ਜਦੋਂ ਪਰਮੇਸ਼ੁਰ ਨੇ “ਧਰਤੀ ਦੀ ਨੀਉਂ ਰੱਖੀ।” ਇਹ ਦੂਤ ਹੀ ਸਨ ਕਿਉਂਕਿ ਉਦੋਂ ਇਨਸਾਨਾਂ ਨੂੰ ਅਜੇ ਬਣਾਇਆ ਨਹੀਂ ਸੀ ਗਿਆ। ਜ਼ਬੂਰ 89:6 ਦੇ ਫੁਟਨੋਟ ਮੁਤਾਬਕ ਜਿਹੜੇ “ਪਰਮੇਸ਼ੁਰ ਦੇ ਪੁੱਤ੍ਰਾਂ” ਦੀ ਗੱਲ ਕੀਤੀ ਗਈ ਹੈ ਉਹ ਸਵਰਗ ਵਿਚ ਪਰਮੇਸ਼ੁਰ ਦੇ ਦੂਤ ਹਨ, ਨਾ ਕਿ ਇਨਸਾਨ।

ਤਾਂ ਫਿਰ ਉਤਪਤ 6:2, 4 ਵਿਚ ਦਰਜ ‘ਪਰਮੇਸ਼ੁਰ ਦੇ ਪੁੱਤ੍ਰ’ ਕੌਣ ਹਨ? ਬਾਈਬਲ ਵਿੱਚੋਂ ਉੱਪਰ ਦੱਸੀਆਂ ਗੱਲਾਂ ਮੁਤਾਬਕ ਇਹ ਕਹਿਣਾ ਸਹੀ ਹੋਵੇਗਾ ਕਿ ਇਸ ਬਿਰਤਾਂਤ ਵਿਚ ਸਵਰਗੀ ਦੂਤਾਂ ਦੀ ਗੱਲ ਕੀਤੀ ਗਈ ਹੈ ਜੋ ਧਰਤੀ ’ਤੇ ਆਏ ਸਨ।

ਕੁਝ ਲੋਕਾਂ ਲਈ ਇਹ ਗੱਲ ਮੰਨਣੀ ਔਖੀ ਹੈ ਕਿ ਦੂਤਾਂ ਨੇ ਧਰਤੀ ’ਤੇ ਆ ਕੇ ਤੀਵੀਆਂ ਨਾਲ ਸਰੀਰਕ ਸੰਬੰਧ ਰੱਖੇ। ਮੱਤੀ 22:30 ਵਿਚ ਯਿਸੂ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਸਵਰਗ ਵਿਚ ਨਾ ਵਿਆਹ ਹੁੰਦੇ ਹਨ ਤੇ ਨਾ ਹੀ ਸਰੀਰਕ ਸੰਬੰਧ ਰੱਖੇ ਜਾਂਦੇ ਹਨ। ਪਰ ਦੂਤਾਂ ਨੇ ਕਈ ਮੌਕਿਆਂ ਤੇ ਮਨੁੱਖੀ ਸਰੀਰ ਧਾਰ ਕੇ ਆਦਮੀਆਂ ਨਾਲ ਖਾਧਾ-ਪੀਤਾ ਸੀ। (ਉਤ. 18:1-8; 19:1-3) ਇਸ ਲਈ ਇਹ ਨਤੀਜਾ ਕੱਢਣਾ ਸਹੀ ਹੋਵੇਗਾ ਕਿ ਇਨਸਾਨੀ ਰੂਪ ਧਾਰ ਕੇ ਉਹ ਔਰਤਾਂ ਨਾਲ ਸਰੀਰਕ ਸੰਬੰਧ ਰੱਖ ਸਕਦੇ ਸਨ।

ਬਾਈਬਲ ਤੋਂ ਪਤਾ ਲੱਗਦਾ ਹੈ ਕਿ ਕੁਝ ਦੂਤਾਂ ਨੇ ਇਸ ਤਰ੍ਹਾਂ ਕੀਤਾ ਸੀ। ਯਹੂਦਾਹ 6, 7 ਵਿਚ ਉਨ੍ਹਾਂ ਦੂਤਾਂ ਬਾਰੇ ਗੱਲ ਕੀਤੀ ਗਈ ਹੈ “ਜਿਹੜੇ ਉਸ ਜਗ੍ਹਾ ਨਹੀਂ ਰਹੇ ਜਿਹੜੀ ਉਨ੍ਹਾਂ ਨੂੰ ਦਿੱਤੀ ਗਈ ਸੀ, ਪਰ ਉਨ੍ਹਾਂ ਨੇ ਆਪਣੇ ਰਹਿਣ ਦੀ ਸਹੀ ਜਗ੍ਹਾ ਨੂੰ ਛੱਡ ਦਿੱਤਾ।” ਇਨ੍ਹਾਂ ਦੂਤਾਂ ਦੀ ਤੁਲਨਾ ਸਦੂਮ ਦੇ ਲੋਕਾਂ ਨਾਲ ਕੀਤੀ ਗਈ ਹੈ ਜਿਹੜੇ ਗ਼ੈਰ-ਕੁਦਰਤੀ ਇੱਛਾਵਾਂ ਪੂਰੀਆਂ ਕਰਨ ਵਿਚ ਲੱਗੇ ਹੋਏ ਸਨ। ਸਦੂਮ ਦੇ ਲੋਕਾਂ ਵਾਂਗ ਇਹ ਦੂਤ ਵੀ ‘ਕਾਮ-ਵਾਸ਼ਨਾ ਵਿਚ ਡੁੱਬੇ ਹੋਏ ਸਨ ਅਤੇ ਉਹ ਆਪਣੀਆਂ ਗ਼ੈਰ-ਕੁਦਰਤੀ ਤੇ ਗੰਦੀਆਂ ਇੱਛਾਵਾਂ ਪੂਰੀਆਂ ਕਰਨ ਵਿਚ ਹੀ ਲੱਗੇ ਹੋਏ ਸਨ।’ ਪਹਿਲਾ ਪਤਰਸ 3:19, 20 ਵਿਚ ਵੀ ਅਣਆਗਿਆਕਾਰੀ ਦੂਤਾਂ ਦਾ ਤਅੱਲਕ “ਨੂਹ ਦੇ ਦਿਨਾਂ” ਨਾਲ ਜੋੜਿਆ ਗਿਆ ਹੈ। (2 ਪਤ. 2:4, 5) ਇਸ ਤੋਂ ਪਤਾ ਲੱਗਦਾ ਹੈ ਕਿ ਨੂਹ ਦੇ ਦਿਨਾਂ ਵਿਚ ਅਣਆਗਿਆਕਾਰੀ ਦੂਤਾਂ ਨੇ ਜੋ ਕੀਤਾ ਉਹ ਸਦੂਮ ਅਤੇ ਗਮੋਰਾ ਦੇ ਲੋਕਾਂ ਦੇ ਪਾਪ ਵਰਗਾ ਸੀ।

ਇਸ ਲਈ ਇਹ ਕਹਿਣਾ ਸਹੀ ਹੋਵੇਗਾ ਕਿ ਉਤਪਤ 6:2, 4 ਵਿਚ ਦਰਜ ‘ਪਰਮੇਸ਼ੁਰ ਦੇ ਪੁੱਤ੍ਰ’ ਦੂਤ ਸਨ ਜੋ ਇਨਸਾਨ ਦਾ ਰੂਪ ਧਾਰ ਕੇ ਧਰਤੀ ’ਤੇ ਆਏ ਅਤੇ ਉਨ੍ਹਾਂ ਨੇ ਔਰਤਾਂ ਨਾਲ ਨਾਜਾਇਜ਼ ਸਰੀਰਕ ਸੰਬੰਧ ਰੱਖੇ।

 ਬਾਈਬਲ ਕਹਿੰਦੀ ਹੈ ਕਿ ਯਿਸੂ ਨੇ “ਕੈਦੀ ਦੂਤਾਂ ਨੂੰ ਪ੍ਰਚਾਰ ਕੀਤਾ।” (1 ਪਤ. 3:19) ਇਸ ਦਾ ਕੀ ਮਤਲਬ ਹੈ?

ਪਤਰਸ ਰਸੂਲ ਮੁਤਾਬਕ ਇਹ ਉਹ ਦੂਤ ਸਨ “ਜਿਨ੍ਹਾਂ ਨੇ ਪਹਿਲਾਂ ਨੂਹ ਦੇ ਦਿਨਾਂ ਵਿਚ ਅਣਆਗਿਆਕਾਰੀ ਕੀਤੀ ਸੀ। ਉਨ੍ਹਾਂ ਦਿਨਾਂ ਵਿਚ ਪਰਮੇਸ਼ੁਰ ਧੀਰਜ ਨਾਲ ਉਡੀਕ ਕਰ ਰਿਹਾ ਸੀ।” (1 ਪਤ. 3:20) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪਤਰਸ ਇੱਥੇ ਉਨ੍ਹਾਂ ਦੂਤਾਂ ਦੀ ਗੱਲ ਕਰ ਰਿਹਾ ਸੀ ਜਿਨ੍ਹਾਂ ਨੇ ਸ਼ੈਤਾਨ ਨਾਲ ਰਲ਼ ਕੇ ਬਗਾਵਤ ਕੀਤੀ ਸੀ। ਯਹੂਦਾਹ ਨੇ ਵੀ ਇਨ੍ਹਾਂ ਦੂਤਾਂ ਬਾਰੇ ਗੱਲ ਕੀਤੀ “ਜਿਹੜੇ ਉਸ ਜਗ੍ਹਾ ਨਹੀਂ ਰਹੇ ਜਿਹੜੀ ਉਨ੍ਹਾਂ ਨੂੰ ਦਿੱਤੀ ਗਈ ਸੀ, ਪਰ ਉਨ੍ਹਾਂ ਨੇ ਆਪਣੇ ਰਹਿਣ ਦੀ ਸਹੀ ਜਗ੍ਹਾ ਨੂੰ ਛੱਡ ਦਿੱਤਾ। ਉਨ੍ਹਾਂ ਨੂੰ ਹਮੇਸ਼ਾ ਲਈ ਬੇੜੀਆਂ ਨਾਲ ਬੰਨ੍ਹ ਕੇ ਘੁੱਪ ਹਨੇਰੇ ਵਿਚ ਰੱਖਿਆ ਹੋਇਆ ਹੈ, ਤਾਂਕਿ ਉਨ੍ਹਾਂ ਨੂੰ ਵੱਡੇ ਦਿਨ ’ਤੇ ਸਜ਼ਾ ਦਿੱਤੀ ਜਾਵੇ।”​—ਯਹੂ. 6.

ਨੂਹ ਦੇ ਦਿਨਾਂ ਵਿਚ ਦੂਤਾਂ ਨੇ ਕਿਵੇਂ ਅਣਆਗਿਆਕਾਰੀ ਕੀਤੀ ਸੀ? ਜਲ-ਪਰਲੋ ਤੋਂ ਪਹਿਲਾਂ ਇਹ ਦੁਸ਼ਟ ਦੂਤ ਧਰਤੀ ਉੱਤੇ ਇਨਸਾਨੀ ਸਰੀਰ ਧਾਰ ਕੇ ਆਏ ਸਨ, ਪਰ ਇਹ ਪਰਮੇਸ਼ੁਰ ਦੀ ਇੱਛਾ ਦੇ ਖ਼ਿਲਾਫ਼ ਸੀ। (ਉਤ. 6:2, 4) ਇਸ ਤੋਂ ਇਲਾਵਾ ਇਨ੍ਹਾਂ ਦੂਤਾਂ ਨੇ ਔਰਤਾਂ ਨਾਲ ਸਰੀਰਕ ਸੰਬੰਧ ਕਾਇਮ ਕੀਤੇ ਜੋ ਗ਼ੈਰ-ਕੁਦਰਤੀ ਸਨ। ਪਰਮੇਸ਼ੁਰ ਨੇ ਦੂਤਾਂ ਨੂੰ ਇਸ ਲਈ ਨਹੀਂ ਸੀ ਬਣਾਇਆ ਕਿ ਉਹ ਔਰਤਾਂ ਨਾਲ ਸੰਬੰਧ ਰੱਖਣ। (ਉਤ. 5:2) ਇਨ੍ਹਾਂ ਦੁਸ਼ਟ ਅਤੇ ਅਣਆਗਿਆਕਾਰ ਦੂਤਾਂ ਨੂੰ ਪਰਮੇਸ਼ੁਰ ਆਪਣੇ ਸਮੇਂ ’ਤੇ ਖ਼ਤਮ ਕਰੇਗਾ। ਪਰ ਯਹੂਦਾਹ ਮੁਤਾਬਕ ਇਸ ਵੇਲੇ ਉਨ੍ਹਾਂ ਨੂੰ “ਘੁੱਪ ਹਨੇਰੇ ਵਿਚ ਰੱਖਿਆ ਹੋਇਆ ਹੈ।” ਇਸ ਦਾ ਮਤਲਬ ਹੈ ਕਿ ਉਹ ਇਕ ਕਿਸਮ ਦੀ ਕੈਦ ਵਿਚ ਹਨ ਅਤੇ ਉਨ੍ਹਾਂ ’ਤੇ ਪਾਬੰਦੀਆਂ ਲਾਈਆਂ ਗਈਆਂ ਹਨ।

ਯਿਸੂ ਨੇ ਕਦੋਂ ਤੇ ਕਿਵੇਂ ਇਨ੍ਹਾਂ “ਕੈਦੀ ਦੂਤਾਂ” ਨੂੰ ਪ੍ਰਚਾਰ ਕੀਤਾ ਸੀ? ਪਤਰਸ ਨੇ ਲਿਖਿਆ ਕਿ ਇਹ ਉਦੋਂ ਹੋਇਆ ਜਦੋਂ ਯਿਸੂ ਨੂੰ “ਸਵਰਗੀ ਸਰੀਰ ਵਿਚ ਦੁਬਾਰਾ ਜੀਉਂਦਾ ਕੀਤਾ ਗਿਆ।” (1 ਪਤ. 3:18, 19) ਇਸ ਗੱਲ ’ਤੇ ਵੀ ਗੌਰ ਕਰੋ ਕਿ ਯਿਸੂ ਨੇ “ਪ੍ਰਚਾਰ ਕੀਤਾ।” ਪਤਰਸ ਨੇ ਇਹ ਗੱਲ ਭੂਤਕਾਲ ਵਿਚ ਕਹੀ ਜਿਸ ਤੋਂ ਲੱਗਦਾ ਹੈ ਕਿ ਪਤਰਸ ਦੀ ਪਹਿਲੀ ਚਿੱਠੀ ਲਿਖਣ ਤੋਂ ਪਹਿਲਾਂ ਯਿਸੂ ਪ੍ਰਚਾਰ ਕਰ ਚੁੱਕਾ ਸੀ। ਸੋ ਇੱਦਾਂ ਲੱਗਦਾ ਹੈ ਕਿ ਯਿਸੂ ਦੇ ਦੁਬਾਰਾ ਜੀ ਉੱਠਣ ਤੋਂ ਬਾਅਦ ਉਸ ਨੇ ਦੁਸ਼ਟ ਦੂਤਾਂ ਨੂੰ ਮੌਤ ਦੀ ਸਜ਼ਾ ਸੁਣਾਈ ਜਿਸ ਦੇ ਉਹ ਲਾਇਕ ਸਨ। ਪ੍ਰਚਾਰ ਕਰ ਕੇ ਯਿਸੂ ਉਨ੍ਹਾਂ ਨੂੰ ਕੋਈ ਉਮੀਦ ਨਹੀਂ ਸੀ ਦੇ ਰਿਹਾ, ਸਗੋਂ ਉਨ੍ਹਾਂ ਨੂੰ ਦੱਸ ਰਿਹਾ ਸੀ ਕਿ ਉਨ੍ਹਾਂ ਦਾ ਨਿਆਂ ਹੋ ਚੁੱਕਾ ਸੀ। (ਯੂਨਾ. 1:1, 2) ਯਿਸੂ ਨੇ ਆਪਣੀ ਮੌਤ ਤਕ ਨਿਹਚਾ ਤੇ ਵਫ਼ਾਦਾਰੀ ਦਾ ਸਬੂਤ ਦਿੱਤਾ ਸੀ ਜਿਸ ਕਰਕੇ ਉਸ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ। ਨਾਲੇ ਉਸ ਨੇ ਆਪਣੀ ਜ਼ਿੰਦਗੀ ਵਿਚ ਦਿਖਾਇਆ ਕਿ ਸ਼ੈਤਾਨ ਦਾ ਉਸ ਉੱਤੇ ਕੋਈ ਵੱਸ ਨਹੀਂ ਸੀ। ਇਸ ਲਈ ਯਿਸੂ ਕੋਲ ਦੁਸ਼ਟ ਦੂਤਾਂ ਨੂੰ ਸਜ਼ਾ ਸੁਣਾਉਣ ਦਾ ਪੂਰਾ ਹੱਕ ਸੀ।​—ਯੂਹੰ. 14:30; 16:8-11.

ਭਵਿੱਖ ਵਿਚ ਯਿਸੂ ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤਾਂ ਨੂੰ ਬੰਨ੍ਹ ਕੇ ਅਥਾਹ ਕੁੰਡ ਵਿਚ ਸੁੱਟੇਗਾ। (ਲੂਕਾ 8:30, 31; ਪ੍ਰਕਾ. 20:1-3) ਉਸ ਸਮੇਂ ਤਕ ਇਹ ਅਣਆਗਿਆਕਾਰ ਦੂਤ ਘੁੱਪ ਹਨੇਰੇ ਵਿਚ ਰਹਿਣਗੇ ਅਤੇ ਫਿਰ ਉਨ੍ਹਾਂ ਨੂੰ ਹਮੇਸ਼ਾ-ਹਮੇਸ਼ਾ ਲਈ ਨਾਸ਼ ਕੀਤਾ ਜਾਵੇਗਾ।​—ਪ੍ਰਕਾ. 20:7-10.