Skip to content

Skip to table of contents

 ਜੀਵਨੀ

ਯਹੋਵਾਹ ਦਾ ਕਹਿਣਾ ਮੰਨ ਕੇ ਮੈਨੂੰ ਬਹੁਤ ਸਾਰੀਆਂ ਬਰਕਤਾਂ ਮਿਲੀਆਂ

ਯਹੋਵਾਹ ਦਾ ਕਹਿਣਾ ਮੰਨ ਕੇ ਮੈਨੂੰ ਬਹੁਤ ਸਾਰੀਆਂ ਬਰਕਤਾਂ ਮਿਲੀਆਂ

ਮੈਨੂੰ ਹਾਲੇ ਵੀ ਯਾਦ ਹੈ ਕਿ ਮੇਰੇ ਡੈਡੀ ਜੀ ਕਹਿੰਦੇ ਹੁੰਦੇ ਸਨ: “ਅਸੀਂ ਨੂਹ ਤੋਂ ਕਿੰਨਾ ਵਧੀਆ ਸਬਕ ਸਿੱਖਦੇ ਹਾਂ! ਨੂਹ ਯਹੋਵਾਹ ਦਾ ਕਹਿਣਾ ਮੰਨਦਾ ਸੀ ਤੇ ਆਪਣੇ ਪਰਿਵਾਰ ਨੂੰ ਪਿਆਰ ਕਰਦਾ ਸੀ। ਉਸ ਦਾ ਪਰਿਵਾਰ ਜਲ-ਪਰਲੋ ਤੋਂ ਬਚ ਗਿਆ ਕਿਉਂਕਿ ਉਹ ਸਾਰੇ ਜਣੇ ਕਿਸ਼ਤੀ ਵਿਚ ਗਏ।”

ਮੇਰੇ ਡੈਡੀ ਜੀ ਨਿਮਰ ਤੇ ਮਿਹਨਤੀ ਇਨਸਾਨ ਸਨ। ਉਨ੍ਹਾਂ ਨੂੰ ਬੇਇਨਸਾਫ਼ੀ ਦੇਖ ਕੇ ਦੁੱਖ ਲੱਗਦਾ ਸੀ ਤੇ ਜਦੋਂ ਉਨ੍ਹਾਂ ਨੇ 1953 ਵਿਚ ਬਾਈਬਲ ਦਾ ਸੰਦੇਸ਼ ਸੁਣਿਆ, ਤਾਂ ਉਨ੍ਹਾਂ ਨੂੰ ਬਾਈਬਲ ਦੀਆਂ ਗੱਲਾਂ ਚੰਗੀਆਂ ਲੱਗੀਆਂ। ਉਸ ਸਮੇਂ ਤੋਂ ਹੀ ਉਨ੍ਹਾਂ ਨੇ ਸਾਨੂੰ ਵੀ ਬਾਈਬਲ ਦੀਆਂ ਗੱਲਾਂ ਸਿਖਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਪਹਿਲਾਂ-ਪਹਿਲਾਂ ਮੇਰੇ ਮੰਮੀ ਜੀ ਕੈਥੋਲਿਕ ਧਰਮ ਦੇ ਰੀਤ-ਰਿਵਾਜ ਛੱਡਣਾ ਨਹੀਂ ਸੀ ਚਾਹੁੰਦੇ। ਪਰ ਸਮੇਂ ਦੇ ਬੀਤਣ ਨਾਲ ਉਨ੍ਹਾਂ ਨੇ ਵੀ ਬਾਈਬਲ ਦੀਆਂ ਸਿੱਖਿਆਵਾਂ ਨੂੰ ਮੰਨ ਲਿਆ।

ਮੇਰੇ ਮਾਪਿਆਂ ਲਈ ਸਾਡੇ ਨਾਲ ਸਟੱਡੀ ਕਰਨੀ ਔਖੀ ਸੀ ਕਿਉਂਕਿ ਮੇਰੇ ਮੰਮੀ ਜੀ ਬਹੁਤਾ ਪੜ੍ਹੇ-ਲਿਖੇ ਨਹੀਂ ਸਨ ਤੇ ਡੈਡੀ ਜੀ ਨੂੰ ਖੇਤਾਂ ਵਿਚ ਘੰਟਿਆਂ-ਬੱਧੀ ਸਖ਼ਤ ਮਿਹਨਤ ਕਰਨੀ ਪੈਂਦੀ ਸੀ। ਕਈ ਵਾਰ ਡੈਡੀ ਜੀ ਇੰਨੇ ਥੱਕੇ ਹੁੰਦੇ ਸਨ ਕਿ ਸਟੱਡੀ ਦੌਰਾਨ ਉਨ੍ਹਾਂ ਦੀ ਅੱਖ ਲੱਗ ਜਾਂਦੀ ਸੀ। ਪਰ ਉਨ੍ਹਾਂ ਨੂੰ ਆਪਣੀ ਮਿਹਨਤ ਦਾ ਫਲ ਮਿਲਿਆ। ਸਭ ਤੋਂ ਵੱਡੀ ਹੋਣ ਕਰਕੇ ਮੈਂ ਬਾਈਬਲ ਦੀਆਂ ਗੱਲਾਂ ਆਪਣੀ ਭੈਣ ਤੇ ਦੋ ਭਰਾਵਾਂ ਨੂੰ ਸਮਝਾਉਂਦੀ ਸੀ। ਅਕਸਰ ਅਸੀਂ ਨੂਹ ਬਾਰੇ ਗੱਲ ਕਰਦੇ ਸੀ ਕਿ ਉਹ ਆਪਣੇ ਪਰਿਵਾਰ ਨੂੰ ਕਿੰਨਾ ਪਿਆਰ ਕਰਦਾ ਸੀ ਅਤੇ ਉਹ ਪਰਮੇਸ਼ੁਰ ਦਾ ਕਹਿਣਾ ਮੰਨਦਾ ਸੀ। ਮੈਨੂੰ ਇਹ ਕਹਾਣੀ ਬਹੁਤ ਚੰਗੀ ਲੱਗਦੀ ਸੀ! ਜਲਦੀ ਹੀ ਅਸੀਂ ਇਟਲੀ ਦੇ ਐਡਰਿਆਟਿਕ ਸਾਗਰ ਨੇੜਲੇ ਇਕ ਸ਼ਹਿਰ ਵਿਚ ਰੋਸੇਤੋ ਦੇਲੀ ਆਬ੍ਰਊੱਜ਼ੀ ਦੇ ਕਿੰਗਡਮ ਹਾਲ ਵਿਚ ਮੀਟਿੰਗਾਂ ਨੂੰ ਜਾਣ ਲੱਗ ਪਏ।

ਮੈਂ ਸਿਰਫ਼ 11 ਸਾਲਾਂ ਦੀ ਸੀ, ਜਦੋਂ 1955 ਵਿਚ ਮੈਂ ਤੇ ਮੇਰੇ ਮੰਮੀ ਜੀ ਪਹਾੜਾਂ ਵਿੱਚੋਂ ਦੀ ਲੰਘ ਕੇ ਰੋਮ ਵਿਚ ਪਹਿਲੇ ਜ਼ਿਲ੍ਹਾ ਸੰਮੇਲਨ ਨੂੰ ਗਏ। ਉਦੋਂ ਤੋਂ ਹੀ ਮੈਨੂੰ ਸੰਮੇਲਨਾਂ ਵਿਚ ਜਾ ਕੇ ਬੜਾ ਮਜ਼ਾ ਆਉਂਦਾ ਹੈ।

ਉਸ ਤੋਂ ਅਗਲੇ ਸਾਲ ਮੈਂ ਬਪਤਿਸਮਾ ਲੈ ਲਿਆ ਤੇ ਜਲਦੀ ਹੀ ਪਾਇਨੀਅਰਿੰਗ ਸ਼ੁਰੂ ਕਰ ਦਿੱਤੀ। ਮੈਂ 17 ਸਾਲਾਂ ਦੀ ਸੀ ਜਦੋਂ ਮੈਨੂੰ ਲਾਤੀਨਾ ਸ਼ਹਿਰ ਵਿਚ ਸਪੈਸ਼ਲ ਪਾਇਨੀਅਰ ਵਜੋਂ ਭੇਜਿਆ ਗਿਆ। ਇਹ ਸ਼ਹਿਰ ਰੋਮ ਤੋਂ ਦੱਖਣ ਵੱਲ ਸੀ ਤੇ ਮੇਰੇ ਘਰ ਤੋਂ 300 ਕਿਲੋਮੀਟਰ (190 ਮੀਲ) ਦੂਰ ਸੀ। ਇਹ ਸ਼ਹਿਰ ਨਵਾਂ-ਨਵਾਂ ਬਣਿਆ ਸੀ ਜਿਸ ਕਰਕੇ ਇੱਥੇ ਰਹਿੰਦੇ ਲੋਕਾਂ ਨੂੰ ਇਹ ਚਿੰਤਾ ਨਹੀਂ ਸੀ ਕਿ ਦੂਸਰੇ ਉਨ੍ਹਾਂ ਬਾਰੇ ਕੀ ਸੋਚਣਗੇ। ਮੈਨੂੰ ਅਤੇ ਮੇਰੇ ਨਾਲ ਦੀ ਪਾਇਨੀਅਰ ਭੈਣ ਨੂੰ ਬਾਈਬਲ ਪ੍ਰਕਾਸ਼ਨ ਵੰਡ ਕੇ ਖ਼ੁਸ਼ੀ ਹੁੰਦੀ ਸੀ। ਪਰ ਉਮਰ ਛੋਟੀ ਹੋਣ ਕਰਕੇ ਮੈਨੂੰ ਘਰ ਦੀ ਬਹੁਤ ਯਾਦ ਆਉਂਦੀ ਸੀ। ਫਿਰ ਵੀ ਮੈਂ ਯਹੋਵਾਹ ਦਾ ਕਹਿਣਾ ਮੰਨਣਾ ਚਾਹੁੰਦੀ ਸੀ ਤੇ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਤਿਆਰ ਸੀ।

ਵਿਆਹ ਵਾਲੇ ਦਿਨ

ਬਾਅਦ ਵਿਚ ਮੈਨੂੰ ਮਿਲਾਨ ਭੇਜਿਆ ਗਿਆ ਤਾਂਕਿ ਮੈਂ 1963 ਵਿਚ ਹੋਣ ਵਾਲੇ ਅੰਤਰਰਾਸ਼ਟਰੀ ਜ਼ਿਲ੍ਹਾ ਸੰਮੇਲਨ “ਹਮੇਸ਼ਾ ਕਾਇਮ ਰਹਿਣ ਵਾਲੀ ਖ਼ੁਸ਼ ਖ਼ਬਰੀ” ਦੀਆਂ ਤਿਆਰੀਆਂ ਵਿਚ ਮਦਦ ਕਰ ਸਕਾਂ। ਸੰਮੇਲਨ ਦੌਰਾਨ ਮੈਂ ਬਹੁਤ ਸਾਰੇ  ਵਲੰਟੀਅਰਾਂ ਨਾਲ ਕੰਮ ਕੀਤਾ ਅਤੇ ਇਨ੍ਹਾਂ ਵਿੱਚੋਂ ਇਕ ਭਰਾ ਸੀ ਪਾਓਲੋ ਪਚੋਲੀ ਜੋ ਫਲੋਰੈਂਸ ਦਾ ਰਹਿਣ ਵਾਲਾ ਸੀ। ਜ਼ਿਲ੍ਹਾ ਸੰਮੇਲਨ ਦੇ ਦੂਜੇ ਦਿਨ ਉਸ ਨੇ ਕੁਆਰੇ ਰਹਿਣ ਬਾਰੇ ਇਕ ਬਹੁਤ ਜ਼ਬਰਦਸਤ ਭਾਸ਼ਣ ਦਿੱਤਾ। ਉਸ ਦਾ ਭਾਸ਼ਣ ਸੁਣ ਕੇ ਮੈਂ ਸੋਚਿਆ ਕਿ ‘ਇਹ ਭਰਾ ਤਾਂ ਕਦੇ ਵੀ ਵਿਆਹ ਨਹੀਂ ਕਰਾਵੇਗਾ!’ ਪਰ ਅਸੀਂ ਇਕ-ਦੂਸਰੇ ਨੂੰ ਚਿੱਠੀਆਂ ਲਿਖਣ ਲੱਗ ਪਏ ਅਤੇ ਸਾਨੂੰ ਪਤਾ ਲੱਗਾ ਕਿ ਸਾਡੇ ਵਿਚ ਬਹੁਤ ਸਾਰੀਆਂ ਗੱਲਾਂ ਮਿਲਦੀਆਂ-ਜੁਲਦੀਆਂ ਸਨ: ਸਾਡੇ ਟੀਚੇ ਇੱਕੋ ਜਿਹੇ ਸਨ, ਅਸੀਂ ਯਹੋਵਾਹ ਨੂੰ ਪਿਆਰ ਕਰਦੇ ਸੀ ਤੇ ਅਸੀਂ ਯਹੋਵਾਹ ਦਾ ਕਹਿਣਾ ਮੰਨਣਾ ਚਾਹੁੰਦੇ ਸੀ। ਮੇਰਾ ਅਤੇ ਪਾਓਲੋ ਦਾ ਵਿਆਹ 1965 ਵਿਚ ਹੋਇਆ।

ਪਾਦਰੀਆਂ ਨਾਲ ਮੁਲਾਕਾਤਾਂ

ਮੈਂ ਫਲੋਰੈਂਸ ਵਿਚ 10 ਸਾਲਾਂ ਲਈ ਰੈਗੂਲਰ ਪਾਇਨੀਅਰਿੰਗ ਕੀਤੀ। ਮੰਡਲੀਆਂ ਵਿਚ ਵਾਧਾ ਦੇਖ ਕੇ ਤੇ ਖ਼ਾਸਕਰ ਨੌਜਵਾਨਾਂ ਨੂੰ ਤਰੱਕੀ ਕਰਦਿਆਂ ਦੇਖ ਕੇ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਸੀ। ਅਸੀਂ ਉਨ੍ਹਾਂ ਨਾਲ ਬਾਈਬਲ ਬਾਰੇ ਗੱਲਾਂ ਕਰਦੇ ਸੀ ਅਤੇ ਮਨੋਰੰਜਨ ਵੀ ਕਰਦੇ ਸੀ। ਪਾਓਲੋ ਅਕਸਰ ਉਨ੍ਹਾਂ ਨਾਲ ਫੁਟਬਾਲ ਖੇਡਦਾ ਸੀ। ਭਾਵੇਂ ਮੈਂ ਆਪਣੇ ਪਤੀ ਨਾਲ ਸਮਾਂ ਗੁਜ਼ਾਰਨਾ ਚਾਹੁੰਦੀ ਸੀ, ਪਰ ਮੈਂ ਜਾਣਦੀ ਸੀ ਕਿ ਮੰਡਲੀ ਵਿਚ ਪਰਿਵਾਰਾਂ ਅਤੇ ਨੌਜਵਾਨਾਂ ਨੂੰ ਪਾਓਲੋ ਨਾਲ ਸਮਾਂ ਗੁਜ਼ਾਰ ਕੇ ਫ਼ਾਇਦਾ ਹੁੰਦਾ ਸੀ।

ਮੈਨੂੰ ਆਪਣੀਆਂ ਪੁਰਾਣੀਆਂ ਬਾਈਬਲ ਸਟੱਡੀਆਂ ਬਾਰੇ ਸੋਚ ਕੇ ਅਜੇ ਵੀ ਖ਼ੁਸ਼ੀ ਹੁੰਦੀ ਹੈ। ਇਨ੍ਹਾਂ ਵਿੱਚੋਂ ਇਕ ਸੀ ਅਦ੍ਰੀਆਨਾ। ਉਸ ਨੇ ਦੋ ਪਰਿਵਾਰਾਂ ਨੂੰ ਸੱਚਾਈ ਬਾਰੇ ਦੱਸਿਆ। ਇਨ੍ਹਾਂ ਪਰਿਵਾਰਾਂ ਨੇ ਪਾਦਰੀ ਨੂੰ ਬੁਲਾਇਆ ਤਾਂਕਿ ਉਹ ਉਸ ਨਾਲ ਤ੍ਰਿਏਕ, ਅਮਰ ਆਤਮਾ ਅਤੇ ਚਰਚ ਦੀਆਂ ਹੋਰ ਸਿੱਖਿਆਵਾਂ ਬਾਰੇ ਗੱਲ ਕਰ ਸਕਣ ਅਤੇ ਹੈਰਾਨੀ ਦੀ ਗੱਲ ਹੈ ਕਿ ਤਿੰਨ ਪਾਦਰੀ ਆਏ। ਉਨ੍ਹਾਂ ਦੀਆਂ ਗੱਲਾਂ ਸਮਝਣ ਵਿਚ ਔਖੀਆਂ ਸਨ ਅਤੇ ਬਾਈਬਲ ਨਾਲ ਮੇਲ ਨਹੀਂ ਸੀ ਖਾਂਦੀਆਂ। ਇਸ ਤੋਂ ਸਾਡੀਆਂ ਬਾਈਬਲ ਸਟੱਡੀਆਂ ਦੇਖ ਸਕੀਆਂ ਕਿ ਅਸੀਂ ਜੋ ਕੁਝ ਸਿਖਾਉਂਦੇ ਹਾਂ ਉਹ ਬਾਈਬਲ ਵਿੱਚੋਂ ਹੈ ਤੇ ਸਮਝਣ ਵਿਚ ਸੌਖਾ ਹੈ। ਨਤੀਜੇ ਵਜੋਂ ਉਨ੍ਹਾਂ ਪਰਿਵਾਰਾਂ ਵਿੱਚੋਂ 15 ਮੈਂਬਰ ਯਹੋਵਾਹ ਦੇ ਗਵਾਹ ਬਣ ਗਏ।

ਅੱਜ ਪ੍ਰਚਾਰ ਕਰਨ ਦੇ ਤਰੀਕੇ ਉਸ ਸਮੇਂ ਨਾਲੋਂ ਅਲੱਗ ਹਨ, ਪਰ ਉਸ ਸਮੇਂ ਅਕਸਰ ਪਾਓਲੋ ਦਾ ਵਾਹ ਪਾਦਰੀਆਂ ਨਾਲ ਪੈਂਦਾ ਰਹਿੰਦਾ ਸੀ। ਇਸ ਕਰਕੇ ਉਹ ਉਨ੍ਹਾਂ ਨਾਲ ਗੱਲ ਕਰਨ ਵਿਚ ਬੜਾ ਮਾਹਰ ਬਣ ਗਿਆ। ਮੈਨੂੰ ਯਾਦ ਹੈ ਕਿ ਇਕ ਵਾਰੀ ਪਾਓਲੋ ਦੀ ਬਹੁਤ ਸਾਰੇ ਲੋਕਾਂ ਸਾਮ੍ਹਣੇ ਪਾਦਰੀਆਂ ਨਾਲ ਮੀਟਿੰਗ ਹੋਈ। ਪਾਦਰੀਆਂ ਨੇ ਪਹਿਲਾਂ ਹੀ ਕੁਝ ਲੋਕਾਂ ਨੂੰ ਉਕਸਾਇਆ ਕਿ ਉਹ ਪਾਓਲੋ ਤੋਂ ਬੇਤੁਕੇ ਸਵਾਲ ਪੁੱਛਣ। ਪਰ ਗੱਲਬਾਤ ਪਾਦਰੀਆਂ ਦੇ ਖ਼ਿਲਾਫ਼ ਹੋਣ ਲੱਗ ਪਈ। ਕਿਸੇ ਨੇ ਪਾਦਰੀਆਂ ਨੂੰ ਪੁੱਛਿਆ ਕਿ ਚਰਚਾਂ ਲਈ ਰਾਜਨੀਤੀ ਵਿਚ ਹਿੱਸਾ ਲੈਣਾ ਸਹੀ ਹੈ ਜਾਂ ਨਹੀਂ। ਪਾਦਰੀਆਂ ਨੂੰ ਕੋਈ ਜਵਾਬ ਨਾ ਸੁਝਾ। ਅਚਾਨਕ ਬੱਤੀ ਚਲੀ ਗਈ ਤੇ ਮੀਟਿੰਗ ਬੰਦ ਕਰ ਦਿੱਤੀ ਗਈ। ਕਈ ਸਾਲਾਂ ਬਾਅਦ ਸਾਨੂੰ ਪਤਾ ਲੱਗਾ ਕਿ ਪਾਦਰੀਆਂ ਨੇ ਪਹਿਲਾਂ ਹੀ ਤੈਅ ਕੀਤਾ ਸੀ ਕਿ ਜੇ ਗੱਲਬਾਤ ਉਨ੍ਹਾਂ ਦੇ ਖ਼ਿਲਾਫ਼ ਹੋਵੇ, ਤਾਂ ਬੱਤੀਆਂ ਬੰਦ ਕਰ ਦਿੱਤੀਆਂ ਜਾਣ!

ਅਲੱਗ-ਅਲੱਗ ਜ਼ਿੰਮੇਵਾਰੀਆਂ

ਸਾਡੇ ਵਿਆਹ ਤੋਂ 10 ਸਾਲ ਬਾਅਦ ਸਾਨੂੰ ਸਰਕਟ ਕੰਮ ਕਰਨ ਦਾ ਸੱਦਾ ਮਿਲਿਆ। ਪਾਓਲੋ ਦੀ ਵਧੀਆ ਨੌਕਰੀ ਸੀ ਜਿਸ ਕਰਕੇ ਫ਼ੈਸਲਾ ਕਰਨਾ ਔਖਾ ਸੀ। ਪਰ ਕਾਫ਼ੀ ਪ੍ਰਾਰਥਨਾ ਕਰਨ ਤੋਂ ਬਾਅਦ ਅਸੀਂ ਇਸ ਨਵੀਂ ਜ਼ਿੰਮੇਵਾਰੀ ਨੂੰ ਸਵੀਕਾਰ ਕਰ ਲਿਆ। ਅਸੀਂ ਹਰ  ਹਫ਼ਤੇ ਅਲੱਗ-ਅਲੱਗ ਪਰਿਵਾਰਾਂ ਨਾਲ ਰਹਿੰਦੇ ਸੀ ਤੇ ਉਨ੍ਹਾਂ ਨਾਲ ਸਮਾਂ ਗੁਜ਼ਾਰ ਕੇ ਸਾਨੂੰ ਖ਼ੁਸ਼ੀ ਹੁੰਦੀ ਸੀ। ਸ਼ਾਮ ਨੂੰ ਅਸੀਂ ਅਕਸਰ ਇਕੱਠੇ ਸਟੱਡੀ ਕਰਦੇ ਸੀ ਤੇ ਬਾਅਦ ਵਿਚ ਪਾਓਲੋ ਬੱਚਿਆਂ ਦੀ ਹੋਮਵਰਕ ਕਰਨ ਵਿਚ ਮਦਦ ਕਰਦਾ ਸੀ, ਖ਼ਾਸ ਕਰਕੇ ਹਿਸਾਬ ਵਿਚ। ਇਸ ਤੋਂ ਇਲਾਵਾ ਪਾਓਲੋ ਨੂੰ ਪੜ੍ਹਨ ਦਾ ਸ਼ੌਕ ਸੀ ਤੇ ਜੇ ਉਹ ਕੋਈ ਵਧੀਆ ਤੇ ਹੌਸਲਾ ਵਧਾਉਣ ਵਾਲੀ ਗੱਲ ਪੜ੍ਹਦਾ ਸੀ, ਤਾਂ ਉਹ ਇਹ ਦੂਸਰਿਆਂ ਨਾਲ ਸਾਂਝੀ ਕਰਦਾ ਸੀ। ਸੋਮਵਾਰ ਨੂੰ ਅਸੀਂ ਉਨ੍ਹਾਂ ਕਸਬਿਆਂ ਵਿਚ ਜਾ ਕੇ ਪ੍ਰਚਾਰ ਕਰਦੇ ਸੀ ਜਿੱਥੇ ਕੋਈ ਯਹੋਵਾਹ ਦਾ ਗਵਾਹ ਨਹੀਂ ਸੀ ਰਹਿੰਦਾ ਤੇ ਲੋਕਾਂ ਨੂੰ ਭਾਸ਼ਣ ਸੁਣਨ ਦਾ ਸੱਦਾ ਦਿੰਦੇ ਸੀ ਜੋ ਸ਼ਾਮ ਨੂੰ ਹੋਣਾ ਹੁੰਦਾ ਸੀ।

ਸਾਨੂੰ ਨੌਜਵਾਨਾਂ ਨਾਲ ਸਮਾਂ ਗੁਜ਼ਾਰਨਾ ਚੰਗਾ ਲੱਗਦਾ ਸੀ। ਪਾਓਲੋ ਅਕਸਰ ਉਨ੍ਹਾਂ ਨਾਲ ਫੁਟਬਾਲ ਖੇਡਦਾ ਹੁੰਦਾ ਸੀ

ਸਿਰਫ਼ ਦੋ ਸਾਲ ਸਰਕਟ ਕੰਮ ਕਰਨ ਤੋਂ ਬਾਅਦ ਸਾਨੂੰ ਰੋਮ ਦੇ ਬੈਥਲ ਵਿਚ ਸੇਵਾ ਕਰਨ ਦਾ ਸੱਦਾ ਮਿਲਿਆ। ਪਾਓਲੋ ਕਾਨੂੰਨੀ ਵਿਭਾਗ ਵਿਚ ਕੰਮ ਕਰਦਾ ਸੀ ਅਤੇ ਮੈਂ ਮੈਗਜ਼ੀਨ ਵਿਭਾਗ ਵਿਚ। ਤਬਦੀਲੀਆਂ ਕਰਨੀਆਂ ਸੌਖੀਆਂ ਨਹੀਂ ਸਨ, ਪਰ ਅਸੀਂ ਹਰ ਜ਼ਿੰਮੇਵਾਰੀ ਨਿਭਾਉਣ ਦਾ ਪੱਕਾ ਇਰਾਦਾ ਕੀਤਾ ਸੀ। ਬ੍ਰਾਂਚ ਨੂੰ ਵਧਦੇ-ਫੁੱਲਦੇ ਦੇਖ ਕੇ ਤੇ ਇਟਲੀ ਵਿਚ ਭੈਣਾਂ-ਭਰਾਵਾਂ ਦੀ ਵਧਦੀ ਗਿਣਤੀ ਦੇਖ ਕੇ ਸਾਨੂੰ ਖ਼ੁਸ਼ੀ ਹੁੰਦੀ ਸੀ। ਇਸ ਸਮੇਂ ਦੌਰਾਨ ਇਟਲੀ ਵਿਚ ਯਹੋਵਾਹ ਦੇ ਗਵਾਹਾਂ ਨੂੰ ਕਾਨੂੰਨੀ ਮਾਨਤਾ ਮਿਲੀ। ਅਸੀਂ ਬੈਥਲ ਵਿਚ ਯਹੋਵਾਹ ਦੀ ਸੇਵਾ ਕਰ ਕੇ ਖ਼ੁਸ਼ ਸੀ।

ਪਾਓਲੋ ਨੂੰ ਬੈਥਲ ਵਿਚ ਕੰਮ ਕਰਨਾ ਪਸੰਦ ਸੀ।

1980 ਦੇ ਦਹਾਕੇ ਦੇ ਸ਼ੁਰੂ ਵਿਚ ਜਦੋਂ ਅਸੀਂ ਬੈਥਲ ਵਿਚ ਸੀ, ਉਦੋਂ ਇਟਲੀ ਵਿਚ ਖ਼ੂਨ ਨਾ ਲੈਣ ਬਾਰੇ ਯਹੋਵਾਹ ਦੇ ਗਵਾਹਾਂ ਖ਼ਿਲਾਫ਼ ਇਕ ਮੁਕੱਦਮਾ ਚਲਾਇਆ ਗਿਆ। ਇਸ ਮੁਕੱਦਮੇ ਕਰਕੇ ਪੂਰੇ ਇਟਲੀ ਵਿਚ ਹਲਚਲ ਮੱਚ ਗਈ। ਇਕ ਜੋੜੇ ਉੱਤੇ ਆਪਣੀ ਕੁੜੀ ਨੂੰ ਮਾਰਨ ਦਾ ਝੂਠਾ ਇਲਜ਼ਾਮ ਲਾਇਆ ਗਿਆ ਜਦਕਿ ਉਨ੍ਹਾਂ ਦੀ ਕੁੜੀ ਖ਼ੂਨ ਦੀ ਇਕ ਗੰਭੀਰ ਬੀਮਾਰੀ ਕਾਰਨ ਮਰੀ ਸੀ। ਇਹ ਬੀਮਾਰੀ ਭੂਮੱਧ ਸਾਗਰ ਦੇ ਇਲਾਕਿਆਂ ਵਿਚ ਆਮ ਪਾਈ ਜਾਂਦੀ ਹੈ। ਬੈਥਲ ਦੇ ਭੈਣਾਂ-ਭਰਾਵਾਂ ਨੇ ਉਨ੍ਹਾਂ ਵਕੀਲਾਂ ਦੀ ਮਦਦ ਕੀਤੀ ਜੋ ਗਵਾਹਾਂ ਦੇ ਪੱਖ ਵਿਚ ਕੇਸ ਲੜ ਰਹੇ ਸਨ। ਇਕ ਪਰਚਾ ਤੇ ਜਾਗਰੂਕ ਬਣੋ! ਦਾ ਇਕ ਖ਼ਾਸ ਅੰਕ ਛਾਪਿਆ ਗਿਆ ਜਿਸ ਵਿਚ ਦੱਸਿਆ ਗਿਆ ਸੀ ਕਿ ਬਾਈਬਲ ਖ਼ੂਨ ਬਾਰੇ ਕੀ ਕਹਿੰਦੀ ਹੈ। ਇਸ ਤਰ੍ਹਾਂ ਲੋਕਾਂ ਨੂੰ ਇਸ ਵਿਸ਼ੇ ਬਾਰੇ ਸੱਚਾਈ ਦੱਸੀ ਗਈ। ਉਨ੍ਹਾਂ ਮਹੀਨਿਆਂ ਦੌਰਾਨ ਪਾਓਲੋ ਹਰ ਦਿਨ ਲਗਾਤਾਰ 16 ਘੰਟੇ ਕੰਮ ਕਰਦਾ ਸੀ ਅਤੇ ਮੈਂ ਉਸ ਦਾ ਪੂਰਾ-ਪੂਰਾ ਸਾਥ ਦਿੱਤਾ।

ਜ਼ਿੰਦਗੀ ਵਿਚ ਇਕ ਨਵਾਂ ਮੋੜ

ਵਿਆਹ ਤੋਂ 20 ਸਾਲਾਂ ਬਾਅਦ ਸਾਡੀ ਜ਼ਿੰਦਗੀ ਵਿਚ ਇਕ ਨਵਾਂ ਮੋੜ ਆਇਆ। ਮੈਂ 41 ਸਾਲਾਂ ਦੀ ਸੀ ਅਤੇ ਪਾਓਲੋ 49 ਸਾਲਾਂ ਦਾ ਜਦ ਮੈਂ ਉਸ ਨੂੰ ਦੱਸਿਆ ਕਿ ਸ਼ਾਇਦ ਮੈਂ ਮਾਂ ਬਣਨ ਵਾਲੀ ਹਾਂ! ਉਸ ਨੇ ਆਪਣੀ ਡਾਇਰੀ ਵਿਚ ਉਸ ਦਿਨ ਇਹ ਸ਼ਬਦ ਲਿਖੇ, “ਪ੍ਰਾਰਥਨਾ: ਜੇ ਇਹ ਗੱਲ ਸੱਚ ਹੈ, ਤਾਂ ਯਹੋਵਾਹ ਸਾਡੀ ਮਦਦ ਕਰ ਕਿ ਅਸੀਂ ਫੁੱਲ-ਟਾਈਮ ਸੇਵਾ ਕਰਦੇ ਰਹਿ ਸਕੀਏ, ਸੱਚਾਈ ਵਿਚ ਢਿੱਲੇ ਨਾ ਪਈਏ ਤੇ ਆਪਣੇ ਬੱਚੇ ਲਈ ਵਧੀਆ ਮਿਸਾਲ ਬਣੀਏ। ਸਭ ਤੋਂ ਵਧ ਮੇਰੀ ਮਦਦ ਕਰ ਕਿ ਮੈਂ ਪਿਛਲੇ 30 ਸਾਲਾਂ ਤੋਂ ਸਟੇਜ ਤੋਂ ਜੋ ਕਹਿੰਦਾ ਆਇਆ ਹਾਂ, ਉਸ ਦਾ ਘੱਟੋ-ਘੱਟ 1% ਮੈਂ ਆਪਣੀ ਜ਼ਿੰਦਗੀ ਵਿਚ ਲਾਗੂ ਕਰਾਂ।” ਆਪਣੀ ਜ਼ਿੰਦਗੀ ’ਤੇ ਨਜ਼ਰ ਮਾਰਦਿਆਂ ਮੈਂ ਕਹਿ ਸਕਦੀ ਹਾਂ ਕਿ ਯਹੋਵਾਹ ਨੇ ਪਾਓਲੋ ਦੀ ਤੇ ਮੇਰੀ ਪ੍ਰਾਰਥਨਾ ਜ਼ਰੂਰ ਸੁਣੀ।

ਈਲਾਰੀਆ ਦੇ ਜਨਮ ਨਾਲ ਸਾਡੀ ਜ਼ਿੰਦਗੀ ਕਾਫ਼ੀ ਬਦਲ ਗਈ। ਜੇ ਸੱਚ ਦੱਸਾਂ, ਤਾਂ ਸਾਡੀ ਜ਼ਿੰਦਗੀ ਵਿਚ ਨਿਰਾਸ਼ਾ ਦੇ ਪਲ ਸਨ ਜਿਵੇਂ ਕਹਾਉਤਾਂ 24:10 ਵਿਚ ਦੱਸਿਆ ਹੈ: “ਜੇ ਤੂੰ ਬਿਪਤਾ ਦੇ ਦਿਨ ਢਿੱਲਾ  ਪੈ ਜਾਵੇਂ, ਤਾਂ ਤੇਰਾ ਬਲ ਘੱਟ ਹੈ।” ਇਸ ਦੇ ਬਾਵਜੂਦ ਅਸੀਂ ਇਕ-ਦੂਸਰੇ ਦਾ ਸਾਥ ਦਿੱਤਾ।

ਈਲਾਰੀਆ ਖ਼ੁਸ਼ੀ-ਖ਼ੁਸ਼ੀ ਦੱਸਦੀ ਹੈ ਕਿ ਉਸ ਦਾ ਜਨਮ ਉਸ ਘਰ ਵਿਚ ਹੋਇਆ ਜਿੱਥੇ ਉਸ ਦੇ ਮਾਪੇ ਫੁੱਲ-ਟਾਈਮ ਸੇਵਾ ਕਰਦੇ ਸਨ। ਉਸ ਨੂੰ ਕਦੇ ਇਹ ਨਹੀਂ ਲੱਗਿਆ ਕਿ ਉਸ ਦੇ ਮਾਪੇ ਉਸ ਨੂੰ ਪਿਆਰ ਨਹੀਂ ਕਰਦੇ। ਉਸ ਦੀ ਪਰਵਰਿਸ਼ ਇਕ ਆਮ ਪਰਿਵਾਰ ਵਿਚ ਹੋਈ। ਦਿਨ ਵੇਲੇ ਮੈਂ ਉਸ ਦੇ ਨਾਲ ਹੁੰਦੀ ਸੀ। ਸ਼ਾਮ ਨੂੰ ਜਦੋਂ ਪਾਓਲੋ ਘਰ ਆਉਂਦਾ ਸੀ, ਤਾਂ ਉਸ ਕੋਲ ਕਾਫ਼ੀ ਕੰਮ ਕਰਨ ਵਾਲਾ ਹੁੰਦਾ ਸੀ। ਭਾਵੇਂ ਉਸ ਨੂੰ ਪਤਾ ਸੀ ਕਿ ਆਪਣਾ ਕੰਮ ਪੂਰਾ ਕਰਨ ਲਈ ਉਸ ਨੂੰ ਰਾਤ ਦੇ ਦੋ ਜਾਂ ਤਿੰਨ ਵਜੇ ਤਕ ਜਾਗਣਾ ਪਵੇਗਾ, ਫਿਰ ਵੀ ਉਹ ਈਲਾਰੀਆ ਲਈ ਸਮਾਂ ਕੱਢਦਾ ਸੀ। ਉਹ ਉਸ ਨਾਲ ਖੇਡਦਾ ਸੀ ਅਤੇ ਉਸ ਦੀ ਹੋਮਵਰਕ ਕਰਨ ਵਿਚ ਮਦਦ ਕਰਦਾ ਸੀ। ਈਲਾਰੀਆ ਅਕਸਰ ਕਹਿੰਦੀ ਸੀ ਕਿ “ਮੇਰੇ ਡੈਡੀ ਜੀ ਮੇਰੇ ਸਭ ਤੋਂ ਚੰਗੇ ਦੋਸਤ ਹਨ!”

ਜੇ ਈਲਾਰੀਆ ਕਦੀ ਗ਼ਲਤ ਕੰਮ ਕਰਦੀ ਸੀ, ਤਾਂ ਸਾਨੂੰ ਉਸ ਨੂੰ ਸਹੀ-ਗ਼ਲਤ ਵਿਚ ਫ਼ਰਕ ਸਿਖਾਉਣ ਲਈ ਝਿੜਕਣਾ ਪੈਂਦਾ ਤੇ ਆਪਣੀ ਗੱਲ ਉੱਤੇ ਪੱਕੇ ਰਹਿਣਾ ਪੈਂਦਾ ਸੀ। ਮੈਨੂੰ ਯਾਦ ਹੈ ਕਿ ਇਕ ਵਾਰ ਜਦੋਂ ਉਹ ਆਪਣੀ ਸਹੇਲੀ ਨਾਲ ਖੇਡ ਰਹੀ ਸੀ, ਤਾਂ ਉਸ ਨੇ ਉਸ ਨਾਲ ਮਾੜਾ ਸਲੂਕ ਕੀਤਾ। ਅਸੀਂ ਉਸ ਨੂੰ ਬਾਈਬਲ ਤੋਂ ਸਮਝਾਇਆ ਕਿ ਉਸ ਨੂੰ ਇਸ ਤਰ੍ਹਾਂ ਕਿਉਂ ਨਹੀਂ ਸੀ ਕਰਨਾ ਚਾਹੀਦਾ। ਫਿਰ ਅਸੀਂ ਉਸ ਨੂੰ ਕਿਹਾ ਕਿ ਉਹ ਸਾਡੇ ਸਾਮ੍ਹਣੇ ਆਪਣੀ ਸਹੇਲੀ ਤੋਂ ਮਾਫ਼ੀ ਮੰਗੇ।

ਈਲਾਰੀਆ ਇਸ ਗੱਲ ਦੀ ਕਦਰ ਕਰਦੀ ਹੈ ਕਿ ਉਸ ਦੇ ਮਾਪੇ ਪ੍ਰਚਾਰ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੇ ਸਨ। ਉਸ ਦਾ ਹੁਣ ਵਿਆਹ ਹੋ ਗਿਆ ਹੈ ਅਤੇ ਉਹ ਇਸ ਗੱਲ ਨੂੰ ਹੋਰ ਚੰਗੀ ਤਰ੍ਹਾਂ ਸਮਝਦੀ ਹੈ ਕਿ ਯਹੋਵਾਹ ਦਾ ਕਹਿਣਾ ਮੰਨਣਾ ਅਤੇ ਉਸ ਦੀ ਅਗਵਾਈ ਵਿਚ ਚੱਲਣਾ ਕਿੰਨਾ ਜ਼ਰੂਰੀ ਹੈ।

ਦੁੱਖ ਦੀਆਂ ਘੜੀਆਂ ਵਿਚ ਕਹਿਣਾ ਮੰਨਣਾ

2008 ਵਿਚ ਪਾਓਲੋ ਨੂੰ ਪਤਾ ਲੱਗਾ ਕਿ ਉਸ ਨੂੰ ਕੈਂਸਰ ਹੈ। ਪਹਿਲਾਂ ਸਾਨੂੰ ਲੱਗਿਆ ਕਿ ਪਾਓਲੋ ਠੀਕ ਹੋ ਜਾਵੇਗਾ ਅਤੇ ਉਸ ਨੇ ਮੈਨੂੰ ਵੀ ਬਹੁਤ ਹੌਸਲਾ ਦਿੱਤਾ। ਬੀਮਾਰੀ ਦਾ ਵਧੀਆ ਇਲਾਜ ਕਰਾਉਣ ਦੇ ਨਾਲ-ਨਾਲ ਅਸੀਂ ਈਲਾਰੀਆ ਨਾਲ ਮਿਲ ਕੇ ਯਹੋਵਾਹ ਅੱਗੇ ਬਹੁਤ ਤਰਲੇ ਕੀਤੇ ਕਿ ਉਹ ਸਾਨੂੰ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਦੀ ਤਾਕਤ ਬਖ਼ਸ਼ੇ। ਪਾਓਲੋ ਇੰਨਾ ਤਕੜਾ ਅਤੇ ਜੋਸ਼ੀਲਾ ਹੁੰਦਾ ਸੀ, ਪਰ ਮੇਰੀਆਂ ਅੱਖਾਂ ਸਾਮ੍ਹਣੇ ਉਸ ਦੀ ਸਿਹਤ ਦਿਨ-ਬਦਿਨ ਡਿੱਗਦੀ ਗਈ। ਸਾਨੂੰ ਵੱਡਾ ਸਦਮਾ ਲੱਗਾ ਜਦੋਂ 2010 ਵਿਚ ਉਸ ਦੀ ਮੌਤ ਹੋਈ। ਪਰ ਮੈਨੂੰ ਇਸ ਗੱਲ ਤੋਂ ਦਿਲਾਸਾ ਮਿਲਦਾ ਹੈ ਕਿ ਅਸੀਂ 45 ਸਾਲ ਇਕੱਠਿਆਂ ਮਿਲ ਕੇ ਕਿੰਨਾ ਕੁਝ ਕੀਤਾ। ਅਸੀਂ ਯਹੋਵਾਹ ਦੀ ਸੇਵਾ ਵਿਚ ਜੋ ਵੀ ਕੀਤਾ, ਦਿਲ ਲਾ ਕੇ ਕੀਤਾ। ਮੈਂ ਜਾਣਦੀ ਹਾਂ ਕਿ ਪਰਮੇਸ਼ੁਰ ਸਾਡੀ ਸੇਵਾ ਕਦੇ ਨਹੀਂ ਭੁੱਲੇਗਾ। ਯੂਹੰਨਾ 5:28, 29 ਵਿਚ ਯਿਸੂ ਦੇ ਸ਼ਬਦਾਂ ਮੁਤਾਬਕ ਮੈਂ ਉਸ ਸਮੇਂ ਦੀ ਉਡੀਕ ਕਰਦੀ ਹਾਂ ਜਦ ਪਾਓਲੋ ਨੂੰ ਦੁਬਾਰਾ ਜੀ ਉਠਾਇਆ ਜਾਵੇਗਾ।

“ਮੈਨੂੰ ਅਜੇ ਵੀ ਨੂਹ ਦੀ ਕਹਾਣੀ ਬਹੁਤ ਪਸੰਦ ਹੈ। ਯਹੋਵਾਹ ਦੀ ਸੇਵਾ ਕਰਨ ਦਾ ਮੇਰਾ ਇਰਾਦਾ ਹੁਣ ਵੀ ਪੱਕਾ ਹੈ”

ਮੈਨੂੰ ਅਜੇ ਵੀ ਨੂਹ ਦੀ ਕਹਾਣੀ ਬਹੁਤ ਪਸੰਦ ਹੈ। ਯਹੋਵਾਹ ਦੀ ਸੇਵਾ ਕਰਨ ਦਾ ਮੇਰਾ ਇਰਾਦਾ ਹੁਣ ਵੀ ਪੱਕਾ ਹੈ। ਮੈਂ ਯਹੋਵਾਹ ਦਾ ਕਹਿਣਾ ਮੰਨਣ ਲਈ ਕੁਝ ਵੀ ਕਰਨ ਲਈ ਤਿਆਰ ਹਾਂ! ਮੈਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਜ਼ਿੰਦਗੀ ਵਿਚ ਮੈਂ ਜੋ ਵੀ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਤੇ ਕੁਰਬਾਨੀਆਂ ਕੀਤੀਆਂ ਉਨ੍ਹਾਂ ਨਾਲੋਂ ਜ਼ਿਆਦਾ ਪਰਮੇਸ਼ੁਰ ਨੇ ਮੈਨੂੰ ਬਰਕਤਾਂ ਦਿੱਤੀਆਂ। ਮੈਂ ਆਪਣੇ ਤਜਰਬੇ ਤੋਂ ਕਹਿ ਸਕਦੀ ਹਾਂ ਕਿ ਯਹੋਵਾਹ ਦੀ ਸੇਵਾ ਕਰਨੀ ਸਭ ਤੋਂ ਵਧੀਆ ਹੈ।