Skip to content

Skip to table of contents

ਯਹੋਵਾਹ ਵਫ਼ਾਦਾਰ ਤੇ ਮਾਫ਼ ਕਰਨ ਵਾਲਾ ਹੈ

ਯਹੋਵਾਹ ਵਫ਼ਾਦਾਰ ਤੇ ਮਾਫ਼ ਕਰਨ ਵਾਲਾ ਹੈ

“ਹੇ ਪ੍ਰਭੂ [ਯਹੋਵਾਹ] ਤੂੰ ਭਲਾ ਅਤੇ ਮਾਫ਼ ਕਰਨ ਵਾਲਾ ਹੈਂ, ਤੂੰ ਆਪਣੇ ਪੁਕਾਰਨ ਵਾਲਿਆਂ ਸਭ ਤੇ ਦਿਆਲੂ ਹੈਂ।”​—ਭਜਨ 86:5, CL.

1, 2. (ੳ) ਅਸੀਂ ਉਨ੍ਹਾਂ ਦੋਸਤਾਂ ਨੂੰ ਪਿਆਰ ਕਿਉਂ ਕਰਦੇ ਹਾਂ ਜੋ ਵਫ਼ਾਦਾਰ ਹਨ ਤੇ ਸਾਡੀਆਂ ਗ਼ਲਤੀਆਂ ਮਾਫ਼ ਕਰ ਦਿੰਦੇ ਹਨ? (ਅ) ਅਸੀਂ ਕਿਨ੍ਹਾਂ ਸਵਾਲਾਂ ਦੇ ਜਵਾਬ ਜਾਣਾਂਗੇ?

ਤੁਹਾਡੇ ਖ਼ਿਆਲ ਵਿਚ ਸੱਚਾ ਦੋਸਤ ਕਿਹੋ ਜਿਹਾ ਹੁੰਦਾ ਹੈ? ਐਸ਼ਲੀ ਨਾਂ ਦੀ ਇਕ ਭੈਣ ਕਹਿੰਦੀ ਹੈ: “ਮੇਰੇ ਖ਼ਿਆਲ ਵਿਚ ਸੱਚਾ ਦੋਸਤ ਉਹ ਹੁੰਦਾ ਹੈ ਜੋ ਹਮੇਸ਼ਾ ਤੁਹਾਡਾ ਸਾਥ ਦਿੰਦਾ ਹੈ ਅਤੇ ਤੁਹਾਡੀਆਂ ਗ਼ਲਤੀਆਂ ਮਾਫ਼ ਕਰ ਦਿੰਦਾ ਹੈ।” ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡੇ ਦੋਸਤ ਵਫ਼ਾਦਾਰ ਹੋਣ ਤੇ ਸਾਡੀਆਂ ਗ਼ਲਤੀਆਂ ਮਾਫ਼ ਕਰਨ। ਅਜਿਹੇ ਦੋਸਤ ਸਾਨੂੰ ਪਿਆਰ ਕਰਦੇ ਹਨ ਤੇ ਸਾਡੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ।​—ਕਹਾ. 17:17.

2 ਇਸ ਦੁਨੀਆਂ ਵਿਚ ਯਹੋਵਾਹ ਨਾਲੋਂ ਵਫ਼ਾਦਾਰ ਦੋਸਤ ਹੋਰ ਕੋਈ ਨਹੀਂ ਹੈ ਜੋ ਮਾਫ਼ ਕਰਨ ਲਈ ਤਿਆਰ ਹੈ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਹੇ ਪ੍ਰਭੂ [ਯਹੋਵਾਹ] ਤੂੰ ਭਲਾ ਅਤੇ ਮਾਫ਼ ਕਰਨ ਵਾਲਾ ਹੈਂ, ਤੂੰ ਆਪਣੇ ਪੁਕਾਰਨ ਵਾਲਿਆਂ ਸਭ ਤੇ ਦਿਆਲੂ ਹੈਂ।” (ਭਜਨ 86:5, CL) ਵਫ਼ਾਦਾਰ ਹੋਣ ਤੇ ਮਾਫ਼ ਕਰਨ ਦਾ ਕੀ ਮਤਲਬ ਹੈ? ਯਹੋਵਾਹ ਇਹ ਗੁਣ ਕਿਵੇਂ ਦਿਖਾਉਂਦਾ ਹੈ? ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ? ਇਨ੍ਹਾਂ ਸਵਾਲਾਂ ਦੇ ਜਵਾਬ ਸਾਡੀ ਇਹ ਜਾਣਨ ਵਿਚ ਮਦਦ ਕਰਨਗੇ ਕਿ ਅਸੀਂ ਆਪਣੇ ਕਰੀਬੀ ਦੋਸਤ ਯਹੋਵਾਹ ਲਈ ਆਪਣਾ ਪਿਆਰ ਕਿਵੇਂ ਗੂੜ੍ਹਾ ਕਰ ਸਕਦੇ ਹਾਂ। ਨਾਲੇ ਅਸੀਂ ਦੂਜਿਆਂ ਨਾਲ ਆਪਣੀ ਦੋਸਤੀ ਕਿਵੇਂ ਪੱਕੀ ਕਰ ਸਕਦੇ ਹਾਂ।​—1 ਯੂਹੰ. 4:7, 8.

ਯਹੋਵਾਹ ਵਫ਼ਾਦਾਰ ਹੈ

3. ਇਕ ਵਫ਼ਾਦਾਰ ਇਨਸਾਨ ਕਿਹੋ ਜਿਹਾ ਹੁੰਦਾ ਹੈ?

3 ਇਕ ਵਫ਼ਾਦਾਰ ਇਨਸਾਨ ਉਨ੍ਹਾਂ ਦਾ ਸਾਥ ਨਿਭਾਉਂਦਾ ਹੈ ਜਿਨ੍ਹਾਂ ਨੂੰ ਉਹ ਪਿਆਰ ਕਰਦਾ ਹੈ। ਉਹ ਉਨ੍ਹਾਂ ਦੀ ਹਮੇਸ਼ਾ ਮਦਦ ਕਰਦਾ ਹੈ ਅਤੇ ਦੁੱਖ-ਸੁੱਖ ਵਿਚ ਉਨ੍ਹਾਂ ਦਾ ਸਹਾਰਾ ਬਣਦਾ ਹੈ। ਬਾਈਬਲ ਦੱਸਦੀ ਹੈ ਕਿ ਯਹੋਵਾਹ “ਵਫ਼ਾਦਾਰ ਪਰਮੇਸ਼ੁਰ” ਹੈ ਅਤੇ ਉਸ ਵਰਗਾ ਹੋਰ ਕੋਈ ਨਹੀਂ ਹੈ।​—ਪ੍ਰਕਾ. 16:5.

4, 5. (ੳ) ਯਹੋਵਾਹ ਕਿਵੇਂ ਦਿਖਾਉਂਦਾ ਹੈ ਕਿ ਉਹ ਵਫ਼ਾਦਾਰ ਹੈ? (ਅ) ਇਸ ਬਾਰੇ ਸੋਚ ਕੇ ਸਾਨੂੰ ਹੌਸਲਾ ਕਿਉਂ ਮਿਲਦਾ ਹੈ ਕਿ ਯਹੋਵਾਹ ਆਪਣੇ ਸੇਵਕਾਂ ਪ੍ਰਤੀ ਵਫ਼ਾਦਾਰ ਹੈ?

4 ਯਹੋਵਾਹ ਕਿਵੇਂ ਦਿਖਾਉਂਦਾ ਹੈ ਕਿ ਉਹ ਵਫ਼ਾਦਾਰ ਹੈ? ਉਹ ਆਪਣੇ ਵਫ਼ਾਦਾਰ ਭਗਤਾਂ ਦਾ ਸਾਥ ਕਦੇ ਨਹੀਂ ਛੱਡਦਾ। ਰਾਜਾ ਦਾਊਦ ਪਰਮੇਸ਼ੁਰ  ਦਾ ਇਕ ਅਜਿਹਾ ਸੇਵਕ ਸੀ ਜਿਸ ਦਾ ਸਾਥ ਯਹੋਵਾਹ ਨੇ ਕਦੇ ਨਹੀਂ ਛੱਡਿਆ। (ਜ਼ਬੂਰਾਂ ਦੀ ਪੋਥੀ 37:28 ਪੜ੍ਹੋ।) ਦਾਊਦ ਨੇ ਦੇਖਿਆ ਸੀ ਕਿ ਯਹੋਵਾਹ ਨੇ ਦੁੱਖ ਦੀਆਂ ਘੜੀਆਂ ਵਿਚ ਉਸ ਦੀ ਅਗਵਾਈ ਕੀਤੀ ਸੀ, ਉਸ ਨੂੰ ਸੰਭਾਲਿਆ ਸੀ ਅਤੇ ਉਸ ਨੂੰ ਬਚਾਇਆ ਸੀ। (2 ਸਮੂ. 22:1) ਜੀ ਹਾਂ, ਯਹੋਵਾਹ ਨੇ ਸਿਰਫ਼ ਆਪਣੇ ਸ਼ਬਦਾਂ ਰਾਹੀਂ ਨਹੀਂ, ਸਗੋਂ ਆਪਣੇ ਕੰਮਾਂ ਰਾਹੀਂ ਆਪਣੀ ਵਫ਼ਾਦਾਰੀ ਦਾ ਸਬੂਤ ਦਿੱਤਾ ਸੀ। ਯਹੋਵਾਹ ਦਾਊਦ ਪ੍ਰਤੀ ਵਫ਼ਾਦਾਰ ਕਿਉਂ ਸੀ? ਕਿਉਂਕਿ ਦਾਊਦ ਆਪ ਯਹੋਵਾਹ ਦਾ ਇਕ ਵਫ਼ਾਦਾਰ ਸੇਵਕ ਸੀ। ਯਹੋਵਾਹ ਆਪਣੇ ਸੇਵਕਾਂ ਦੀ ਵਫ਼ਾਦਾਰੀ ਦੇਖ ਕੇ ਬਹੁਤ ਖ਼ੁਸ਼ ਹੁੰਦਾ ਹੈ ਅਤੇ ਬਦਲੇ ਵਿਚ ਉਹ ਵੀ ਉਨ੍ਹਾਂ ਨਾਲ ਵਫ਼ਾਦਾਰ ਰਹਿੰਦਾ ਹੈ।​—ਕਹਾ. 2:6-8.

5 ਇਸ ਬਾਰੇ ਸੋਚ ਕੇ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ ਕਿ ਯਹੋਵਾਹ ਆਪਣੇ ਸੇਵਕਾਂ ਪ੍ਰਤੀ ਵਫ਼ਾਦਾਰ ਰਹਿੰਦਾ ਹੈ। ਰੀਡ ਨਾਂ ਦਾ ਇਕ ਵਫ਼ਾਦਾਰ ਭਰਾ ਕਹਿੰਦਾ ਹੈ: “ਜਦੋਂ ਮੈਂ ਪੜ੍ਹਦਾ ਹਾਂ ਕਿ ਯਹੋਵਾਹ ਦਾਊਦ ਨਾਲ ਮੁਸੀਬਤਾਂ ਵੇਲੇ ਕਿਵੇਂ ਪੇਸ਼ ਆਇਆ, ਤਾਂ ਮੇਰੀ ਨਿਹਚਾ ਤਕੜੀ ਹੁੰਦੀ ਹੈ। ਜਦੋਂ ਦਾਊਦ ਦੁਸ਼ਮਣਾਂ ਤੋਂ ਭੱਜ ਰਿਹਾ ਸੀ ਤੇ ਗੁਫ਼ਾਵਾਂ ਵਿਚ ਲੁਕ-ਛਿਪ ਕੇ ਰਹਿੰਦਾ ਸੀ, ਤਾਂ ਯਹੋਵਾਹ ਨੇ ਹਮੇਸ਼ਾ ਉਸ ਨੂੰ ਸੰਭਾਲਿਆ। ਇਸ ਤੋਂ ਯਹੋਵਾਹ ’ਤੇ ਮੇਰਾ ਭਰੋਸਾ ਵਧਦਾ ਹੈ। ਇਨ੍ਹਾਂ ਗੱਲਾਂ ਤੋਂ ਮੈਨੂੰ ਤਸੱਲੀ ਮਿਲਦੀ ਹੈ ਕਿ ਭਾਵੇਂ ਮੇਰੀ ਜ਼ਿੰਦਗੀ ਵਿਚ ਦੁੱਖ ਦੇ ਬੱਦਲ ਕਿਉਂ ਨਾ ਛਾ ਜਾਣ, ਫਿਰ ਵੀ ਯਹੋਵਾਹ ਹਰ ਪਲ ਮੇਰਾ ਸਾਥ ਨਿਭਾਏਗਾ ਜੇ ਮੈਂ ਉਸ ਦਾ ਵਫ਼ਾਦਾਰ ਰਹਾਂਗਾ।” ਤੁਸੀਂ ਵੀ ਇੱਦਾਂ ਹੀ ਮਹਿਸੂਸ ਕਰਦੇ ਹੋਵੋਗੇ।​—ਰੋਮੀ. 8:38, 39.

6. ਯਹੋਵਾਹ ਹੋਰ ਕਿਹੜੇ ਤਰੀਕਿਆਂ ਨਾਲ ਆਪਣੀ ਵਫ਼ਾਦਾਰੀ ਦਾ ਸਬੂਤ ਦਿੰਦਾ ਹੈ ਅਤੇ ਇਸ ਨਾਲ ਉਸ ਦੇ ਸੇਵਕਾਂ ਨੂੰ ਕੀ ਫ਼ਾਇਦਾ ਹੁੰਦਾ ਹੈ?

6 ਯਹੋਵਾਹ ਹੋਰ ਕਿਹੜੇ ਤਰੀਕਿਆਂ ਨਾਲ ਆਪਣੀ ਵਫ਼ਾਦਾਰੀ ਦਾ ਸਬੂਤ ਦਿੰਦਾ ਹੈ? ਇਕ ਹੈ ਕਿ ਉਹ ਆਪਣੇ ਅਸੂਲਾਂ ’ਤੇ ਪੱਕਾ ਰਹਿੰਦਾ ਹੈ। ਯਹੋਵਾਹ ਸਾਨੂੰ ਭਰੋਸਾ ਦਿਵਾਉਂਦਾ ਹੈ: “ਬੁਢੇਪੇ ਤੀਕ ਮੈਂ ਉਹੀ ਹਾਂ।” (ਯਸਾ. 46:4) ਉਹ ਆਪਣੇ ਅਸੂਲਾਂ ਮੁਤਾਬਕ ਸਾਰੇ ਫ਼ੈਸਲੇ ਕਰਦਾ ਹੈ ਅਤੇ ਉਸ ਦੇ ਅਸੂਲ ਕਦੇ ਬਦਲਦੇ ਨਹੀਂ। (ਮਲਾ. 3:6) ਨਾਲੇ ਉਹ ਹਮੇਸ਼ਾ ਆਪਣੇ ਵਾਅਦਿਆਂ ਨੂੰ ਨਿਭਾਉਂਦਾ ਹੈ। (ਯਸਾ. 55:11) ਯਹੋਵਾਹ ਦੀ ਵਫ਼ਾਦਾਰੀ ਤੋਂ ਉਸ ਦੇ ਸਾਰੇ ਸੇਵਕਾਂ ਨੂੰ ਫ਼ਾਇਦਾ ਹੁੰਦਾ ਹੈ। ਕਿਵੇਂ? ਜਦੋਂ ਅਸੀਂ ਯਹੋਵਾਹ ਦੇ ਹੁਕਮਾਂ ਨੂੰ ਮੰਨਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਉਹ ਸਾਨੂੰ ਬਰਕਤਾਂ ਦੇਣ ਦਾ ਆਪਣਾ ਵਾਅਦਾ ਜ਼ਰੂਰ ਨਿਭਾਏਗਾ।​—ਯਸਾ. 48:17, 18.

ਯਹੋਵਾਹ ਵਾਂਗ ਵਫ਼ਾਦਾਰ ਬਣੋ

7. ਅਸੀਂ ਯਹੋਵਾਹ ਵਾਂਗ ਵਫ਼ਾਦਾਰ ਕਿਵੇਂ ਬਣ ਸਕਦੇ ਹਾਂ?

 7 ਅਸੀਂ ਯਹੋਵਾਹ ਵਾਂਗ ਵਫ਼ਾਦਾਰ ਕਿਵੇਂ ਬਣ ਸਕਦੇ ਹਾਂ? ਇਕ ਤਰੀਕਾ ਹੈ ਉਨ੍ਹਾਂ ਦੀ ਮਦਦ ਕਰਨੀ ਜੋ ਮੁਸ਼ਕਲ ਘੜੀਆਂ ਵਿਚ ਹਨ। (ਕਹਾ. 3:27) ਮਿਸਾਲ ਲਈ, ਕੀ ਤੁਸੀਂ ਕਿਸੇ ਅਜਿਹੇ ਭੈਣ-ਭਰਾ ਨੂੰ ਜਾਣਦੇ ਹੋ ਜੋ ਮਾੜੀ ਸਿਹਤ, ਪਰਿਵਾਰ ਵੱਲੋਂ ਵਿਰੋਧ ਜਾਂ ਆਪਣੀਆਂ ਕਮੀਆਂ-ਕਮਜ਼ੋਰੀਆਂ ਕਰਕੇ ਨਿਰਾਸ਼ ਤੇ ਮਾਯੂਸ ਹੈ? ਕਿਉਂ ਨਾ ਤੁਸੀਂ “ਚੰਗੇ ਅਤੇ ਦਿਲਾਸੇ ਦੇ ਸ਼ਬਦਾਂ” ਨਾਲ ਉਸ ਦੀ ਹੌਸਲਾ-ਅਫ਼ਜ਼ਾਈ ਕਰੋ? (ਜ਼ਕ. 1:13) * ਇੱਦਾਂ ਕਰ ਕੇ ਤੁਸੀਂ ਦਿਖਾਓਗੇ ਕਿ ਤੁਸੀਂ ਵਫ਼ਾਦਾਰ ਤੇ ਸੱਚੇ ਦੋਸਤ ਹੋ ਜੋ ‘ਭਰਾਵਾਂ ਤੋਂ ਵੀ ਵੱਧ ਕੰਮ ਆਉਂਦੇ ਹੋ।’​—ਕਹਾ. 18:24, CL.

8. ਅਸੀਂ ਆਪਣੇ ਜੀਵਨ ਸਾਥੀ ਪ੍ਰਤੀ ਵਫ਼ਾਦਾਰ ਕਿਵੇਂ ਰਹਿ ਸਕਦੇ ਹਾਂ?

8 ਯਹੋਵਾਹ ਵਾਂਗ ਵਫ਼ਾਦਾਰ ਬਣਨ ਦੇ ਹੋਰ ਵੀ ਤਰੀਕੇ ਹਨ। ਮਿਸਾਲ ਲਈ, ਜੇ ਅਸੀਂ ਸ਼ਾਦੀ-ਸ਼ੁਦਾ ਹਾਂ, ਤਾਂ ਸਾਨੂੰ ਆਪਣੇ ਜੀਵਨ ਸਾਥੀ ਪ੍ਰਤੀ ਵਫ਼ਾਦਾਰ ਰਹਿਣਾ ਚਾਹੀਦਾ ਹੈ। (ਕਹਾ. 5:15-18) ਇਸ ਲਈ ਅਸੀਂ ਇੱਦਾਂ ਦਾ ਕੋਈ ਵੀ ਕਦਮ ਨਹੀਂ ਚੁੱਕਾਂਗੇ ਜੋ ਸਾਨੂੰ ਹਰਾਮਕਾਰੀ ਵੱਲ ਲੈ ਜਾ ਸਕਦਾ ਹੈ। (ਮੱਤੀ 5:28) ਇਸ ਤੋਂ ਇਲਾਵਾ ਅਸੀਂ ਨਾ ਤਾਂ ਆਪਣੇ ਭੈਣਾਂ-ਭਰਾਵਾਂ ਦੀਆਂ ਚੁਗ਼ਲੀਆਂ ਕਰਾਂਗੇ ਅਤੇ ਨਾ ਹੀ ਉਨ੍ਹਾਂ ਬਾਰੇ ਝੂਠੀਆਂ ਗੱਲਾਂ ਫੈਲਾਵਾਂਗੇ। ਇੰਨਾ ਹੀ ਨਹੀਂ, ਸਗੋਂ ਅਸੀਂ ਅਜਿਹੀਆਂ ਗੱਲਾਂ ਸੁਣਨ ਤੋਂ ਆਪਣੇ ਕੰਨ ਫੇਰ ਲਵਾਂਗੇ।​—ਕਹਾ. 12:18.

9, 10. (ੳ) ਅਸੀਂ ਸਭ ਤੋਂ ਵੱਧ ਕਿਸ ਦੇ ਵਫ਼ਾਦਾਰ ਬਣੇ ਰਹਿਣਾ ਚਾਹੁੰਦੇ ਹਾਂ? (ਅ) ਯਹੋਵਾਹ ਦਾ ਕਹਿਣਾ ਮੰਨਣਾ ਹਮੇਸ਼ਾ ਸੌਖਾ ਕਿਉਂ ਨਹੀਂ ਹੁੰਦਾ?

9 ਸਭ ਤੋਂ ਵੱਧ ਅਸੀਂ ਯਹੋਵਾਹ ਦੇ ਵਫ਼ਾਦਾਰ ਬਣੇ ਰਹਿਣਾ ਚਾਹੁੰਦੇ ਹਾਂ। ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਸਾਨੂੰ ਹਰ ਗੱਲ ਵਿਚ ਉਸ ਦਾ ਨਜ਼ਰੀਆ ਅਪਣਾਉਣ ਦੀ ਲੋੜ ਹੈ। ਸਾਨੂੰ ਉਨ੍ਹਾਂ ਚੀਜ਼ਾਂ ਨਾਲ ਨਫ਼ਰਤ ਕਰਨੀ ਚਾਹੀਦੀ ਹੈ ਜਿਨ੍ਹਾਂ ਨੂੰ ਯਹੋਵਾਹ ਨਫ਼ਰਤ ਕਰਦਾ ਹੈ ਤੇ ਉਨ੍ਹਾਂ ਚੀਜ਼ਾਂ  ਨਾਲ ਪਿਆਰ ਕਰਨਾ ਚਾਹੀਦਾ ਹੈ ਜਿਨ੍ਹਾਂ ਨੂੰ ਉਹ ਪਿਆਰ ਕਰਦਾ ਹੈ। ਫਿਰ ਅਸੀਂ ਉਹੀ ਕੰਮ ਕਰਾਂਗੇ ਜਿਨ੍ਹਾਂ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ। (ਜ਼ਬੂਰਾਂ ਦੀ ਪੋਥੀ 97:10 ਪੜ੍ਹੋ।) ਜਿੰਨਾ ਜ਼ਿਆਦਾ ਅਸੀਂ ਯਹੋਵਾਹ ਵਾਂਗ ਸੋਚਾਂਗੇ ਉੱਨਾ ਜ਼ਿਆਦਾ ਅਸੀਂ ਉਸ ਦੇ ਹੁਕਮਾਂ ਨੂੰ ਮੰਨਣ ਲਈ ਤਿਆਰ ਰਹਾਂਗੇ।​—ਜ਼ਬੂ. 119:104.

10 ਇਹ ਸੱਚ ਹੈ ਕਿ ਯਹੋਵਾਹ ਦੇ ਹੁਕਮ ਮੰਨਣੇ ਹਮੇਸ਼ਾ ਸੌਖੇ ਨਹੀਂ ਹੁੰਦੇ। ਸ਼ਾਇਦ ਸਾਨੂੰ ਉਸ ਦੇ ਵਫ਼ਾਦਾਰ ਬਣੇ ਰਹਿਣ ਵਿਚ ਮਿਹਨਤ ਕਰਨੀ ਪਵੇ। ਮਿਸਾਲ ਲਈ, ਕੋਈ ਮਸੀਹੀ ਸ਼ਾਇਦ ਵਿਆਹ ਕਰਾਉਣਾ ਚਾਹੁੰਦਾ ਹੈ, ਪਰ ਅਜੇ ਤਕ ਉਸ ਨੂੰ ਯਹੋਵਾਹ ਦੇ ਗਵਾਹਾਂ ਵਿੱਚੋਂ ਕੋਈ ਸਹੀ ਜੀਵਨ ਸਾਥੀ ਨਹੀਂ ਮਿਲਿਆ ਹੈ। (1 ਕੁਰਿੰ. 7:39) ਮੰਨ ਲਓ ਕਿ ਇਕ ਕੁਆਰੀ ਭੈਣ ਜਿਸ ਦਫ਼ਤਰ ਵਿਚ ਕੰਮ ਕਰਦੀ ਹੈ, ਉੱਥੇ ਲੋਕ ਉਸ ਦੇ ਲਈ ਮੁੰਡਾ ਲੱਭਣ ਦੀ ਕੋਸ਼ਿਸ਼ ਕਰਦੇ ਹਨ। ਹੋ ਸਕਦਾ ਹੈ ਕਿ ਉਹ ਭੈਣ ਵੀ ਇਕੱਲਾਪਣ ਮਹਿਸੂਸ ਕਰਦੀ ਹੋਵੇ। ਪਰ ਇਸ ਦੇ ਬਾਵਜੂਦ ਉਹ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਦਾ ਪੱਕਾ ਇਰਾਦਾ ਕਰਦੀ ਹੈ। ਕੀ ਅਸੀਂ ਅਜਿਹੇ ਭੈਣਾਂ-ਭਰਾਵਾਂ ਦੀ ਵਧੀਆ ਮਿਸਾਲ ਦੀ ਦਿਲੋਂ ਕਦਰ ਨਹੀਂ ਕਰਦੇ? ਜੀ ਹਾਂ, ਯਹੋਵਾਹ ਉਨ੍ਹਾਂ ਸਾਰਿਆਂ ਨੂੰ ਬਰਕਤਾਂ ਦੇਵੇਗਾ ਜੋ ਔਖੇ ਹਾਲਾਤਾਂ ਵਿਚ ਵੀ ਉਸ ਪ੍ਰਤੀ ਵਫ਼ਾਦਾਰ ਰਹਿੰਦੇ ਹਨ।​—ਇਬ. 11:6.

‘ਇਕ ਮਿੱਤਰ ਭਰਾਵਾਂ ਤੋਂ ਵੀ ਵੱਧ ਕੰਮ ਆਉਂਦਾ ਹੈ।’​—ਕਹਾ. 18:24, CL ( ਪੈਰਾ 7 ਦੇਖੋ)

“ਇਕ-ਦੂਜੇ ਨੂੰ ਦਿਲੋਂ ਮਾਫ਼ ਕਰੋ।”​—ਅਫ਼. 4:32 ( ਪੈਰਾ 16 ਦੇਖੋ)

ਯਹੋਵਾਹ ਮਾਫ਼ ਕਰਨ ਵਾਲਾ ਹੈ

11. ਮਾਫ਼ ਕਰਨ ਦਾ ਕੀ ਮਤਲਬ ਹੈ?

11 ਯਹੋਵਾਹ ਦਾ ਇਕ ਹੋਰ ਵਧੀਆ ਗੁਣ ਹੈ ਕਿ ਉਹ ਮਾਫ਼ ਕਰਨ ਵਾਲਾ ਹੈ। ਮਾਫ਼ ਕਰਨ ਵਾਲਾ ਇਨਸਾਨ ਦੂਜਿਆਂ ਨਾਲ ਨਾਰਾਜ਼ ਨਹੀਂ ਰਹਿੰਦਾ ਅਤੇ ਗਿਲੇ-ਸ਼ਿਕਵਿਆਂ ਨੂੰ ਭੁਲਾ ਦਿੰਦਾ ਹੈ। ਇਸ ਦਾ ਇਹ ਮਤਲਬ ਨਹੀਂ ਕਿ ਉਹ ਗ਼ਲਤੀ ਕਰਨ ਵਾਲੇ ਨੂੰ ਦੋਸ਼ੀ ਨਹੀਂ ਮੰਨਦਾ ਤੇ ਨਾ ਹੀ ਉਹ ਇਹ ਸੋਚਦਾ ਹੈ ਕਿ ਕੁਝ ਹੋਇਆ ਹੀ ਨਹੀਂ। ਪਰ ਉਹ ਆਪਣੇ ਮਨ ਵਿਚ ਨਾਰਾਜ਼ਗੀ ਨਹੀਂ ਪਾਲਦਾ। ਬਾਈਬਲ ਦੱਸਦੀ ਹੈ ਕਿ ਯਹੋਵਾਹ ਉਨ੍ਹਾਂ ਨੂੰ “ਮਾਫ਼ ਕਰਨ ਵਾਲਾ” ਹੈ ਜੋ ਦਿਲੋਂ ਪਛਤਾਵਾ ਕਰਦੇ ਹਨ।​—ਭਜਨ 86:5, CL.

12. (ੳ) ਯਹੋਵਾਹ ਕਿਵੇਂ ਦਿਖਾਉਂਦਾ ਹੈ ਕਿ ਉਹ ਮਾਫ਼ ਕਰਨ ਵਾਲਾ ਪਰਮੇਸ਼ੁਰ ਹੈ? (ਅ) “ਪਾਪ ਮਿਟਾਏ ਜਾਣ” ਦਾ ਕੀ ਮਤਲਬ ਹੈ?

12 ਯਹੋਵਾਹ ਕਿਵੇਂ ਦਿਖਾਉਂਦਾ ਹੈ ਕਿ ਉਹ ਮਾਫ਼ ਕਰਨ ਵਾਲਾ ਪਰਮੇਸ਼ੁਰ ਹੈ? ਯਹੋਵਾਹ “ਅੱਤ ਦਿਆਲੂ ਹੈ।” ਇਸ ਲਈ ਜਦ ਉਹ ਮਾਫ਼ ਕਰਦਾ ਹੈ, ਤਾਂ ਉਹ ਪੂਰੀ ਤਰ੍ਹਾਂ ਨਾਲ ਤੇ ਹਮੇਸ਼ਾ ਲਈ ਮਾਫ਼ ਕਰਦਾ ਹੈ। (ਯਸਾ. 55:7) ਅਸੀਂ ਕਿਵੇਂ ਜਾਣਦੇ ਹਾਂ ਕਿ ਯਹੋਵਾਹ ਪੂਰੀ ਤਰ੍ਹਾਂ ਨਾਲ ਮਾਫ਼ ਕਰਦਾ ਹੈ? ਜ਼ਰਾ ਧਿਆਨ ਦਿਓ ਕਿ ਪਤਰਸ ਰਸੂਲ ਨੇ ਆਪਣੇ ਸੁਣਨ ਵਾਲਿਆਂ ਨੂੰ ਕੀ ਕਿਹਾ ਸੀ: “ਤੋਬਾ  ਕਰੋ ਅਤੇ ਪਰਮੇਸ਼ੁਰ ਵੱਲ ਮੁੜ ਆਓ।” (ਰਸੂਲਾਂ ਦੇ ਕੰਮ 3:19 ਪੜ੍ਹੋ।) ਜਦ ਗ਼ਲਤੀ ਕਰਨ ਵਾਲਾ ਸੱਚੇ ਦਿਲੋਂ ਤੋਬਾ ਕਰਦਾ ਹੈ, ਤਾਂ ਉਹ ਦਿਖਾਉਂਦਾ ਹੈ ਕਿ ਉਸ ਨੂੰ ਆਪਣੀ ਗ਼ਲਤੀ ’ਤੇ ਅਫ਼ਸੋਸ ਹੈ। ਨਾਲੇ ਉਹ ਦੁਬਾਰਾ ਗ਼ਲਤੀ ਨਾ ਕਰਨ ਦੀ ਠਾਣ ਲੈਂਦਾ ਹੈ। (2 ਕੁਰਿੰ. 7:10, 11) ਫਿਰ ਉਹ ਪਰਮੇਸ਼ੁਰ ਵੱਲ ਮੁੜ ਆਉਂਦਾ ਹੈ ਤੇ ਗ਼ਲਤੀ ਕਰਨੋਂ ਹਟ ਜਾਂਦਾ ਹੈ ਅਤੇ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ। ਨਤੀਜੇ ਵਜੋਂ ਉਸ ਦੇ “ਪਾਪ ਮਿਟਾਏ” ਜਾਂਦੇ ਹਨ ਜਿੱਦਾਂ ਸਲੇਟ ਤੋਂ ਲਿਖਾਈ ਪੂੰਝ ਕੇ ਸਾਫ਼ ਕੀਤੀ ਜਾਂਦੀ ਹੈ। ਜੀ ਹਾਂ, ਜਦ ਯਹੋਵਾਹ ਮਾਫ਼ ਕਰਦਾ ਹੈ, ਤਾਂ ਉਹ ਸਾਡੇ ਪਾਪ ਪੂਰੀ ਤਰ੍ਹਾਂ ਨਾਲ ਧੋ ਦਿੰਦਾ ਹੈ।​—ਇਬ. 10:22; 1 ਯੂਹੰ. 1:7.

13. ਇਸ ਦਾ ਕੀ ਮਤਲਬ ਹੈ ਕਿ ਯਹੋਵਾਹ ‘ਓਹਨਾਂ ਦੇ ਪਾਪ ਫੇਰ ਚੇਤੇ ਨਾ ਕਰੇਗਾ’?

13 ਅਸੀਂ ਕਿਵੇਂ ਜਾਣਦੇ ਹਾਂ ਕਿ ਯਹੋਵਾਹ ਹਮੇਸ਼ਾ ਲਈ ਸਾਡੇ ਪਾਪ ਮਾਫ਼ ਕਰਦਾ ਹੈ? ਯਿਰਮਿਯਾਹ ਨੇ ਇਕ ਭਵਿੱਖਬਾਣੀ ਕੀਤੀ ਸੀ ਜਿਸ ਵਿਚ ਯਹੋਵਾਹ ਚੁਣੇ ਹੋਏ ਮਸੀਹੀਆਂ ਨਾਲ ਇਕ ਨਵਾਂ ਇਕਰਾਰ ਕਰਦਾ ਹੈ। ਇਸ ਇਕਰਾਰ ਸਦਕਾ ਉਨ੍ਹਾਂ ਦੇ ਪਾਪ ਮਾਫ਼ ਕੀਤੇ ਜਾ ਸਕਦੇ ਹਨ ਜੋ ਯਿਸੂ ਦੀ ਕੁਰਬਾਨੀ ’ਤੇ ਨਿਹਚਾ ਕਰਦੇ ਹਨ। (ਯਿਰਮਿਯਾਹ 31:34 ਪੜ੍ਹੋ।) ਯਹੋਵਾਹ ਕਹਿੰਦਾ ਹੈ: “ਮੈਂ ਓਹਨਾਂ ਦੀ ਬਦੀ ਨੂੰ ਮਾਫ਼ ਕਰਾਂਗਾ ਅਤੇ ਓਹਨਾਂ ਦੇ ਪਾਪ ਫੇਰ ਚੇਤੇ ਨਾ ਕਰਾਂਗਾ।” ਸੋ ਯਹੋਵਾਹ ਸਾਨੂੰ ਯਕੀਨ ਦਿਵਾਉਂਦਾ ਹੈ ਕਿ ਜਦ ਉਹ ਸਾਡੇ ਪਾਪ ਮਾਫ਼ ਕਰਦਾ ਹੈ, ਤਾਂ ਉਹ ਇਨ੍ਹਾਂ ਦਾ ਹਿਸਾਬ-ਕਿਤਾਬ ਨਹੀਂ ਰੱਖਦਾ। ਉਹ ਸਾਨੂੰ ਕਿਸੇ ਗ਼ਲਤੀ ਲਈ ਵਾਰ-ਵਾਰ ਸਜ਼ਾ ਨਹੀਂ ਦਿੰਦਾ। ਇਸ ਦੀ ਬਜਾਇ ਉਹ ਸਾਡੇ ਪਾਪ ਮਾਫ਼ ਕਰ ਕੇ ਇਨ੍ਹਾਂ ਨੂੰ ਹਮੇਸ਼ਾ ਲਈ ਭੁਲਾ ਦਿੰਦਾ ਹੈ।​—ਰੋਮੀ. 4:7, 8.

14. ਯਹੋਵਾਹ ਦੇ ਮਾਫ਼ ਕਰਨ ਦੇ ਗੁਣ ’ਤੇ ਸੋਚ-ਵਿਚਾਰ ਕਰਨ ਨਾਲ ਸਾਨੂੰ ਕਿਵੇਂ ਦਿਲਾਸਾ ਮਿਲਦਾ ਹੈ? ਇਕ ਮਿਸਾਲ ਦਿਓ।

14 ਜਦੋਂ ਅਸੀਂ ਇਹ ਸੋਚ-ਵਿਚਾਰ ਕਰਦੇ ਹਾਂ ਕਿ ਯਹੋਵਾਹ ਮਾਫ਼ ਕਰਨ ਵਾਲਾ ਪਰਮੇਸ਼ੁਰ ਹੈ, ਤਾਂ ਸਾਨੂੰ ਬਹੁਤ ਦਿਲਾਸਾ ਮਿਲਦਾ ਹੈ। ਜ਼ਰਾ ਇਕ ਭੈਣ ਦੀ ਮਿਸਾਲ ’ਤੇ ਗੌਰ ਕਰੋ ਜਿਸ ਨੂੰ ਅਸੀਂ ਈਸ਼ਾ ਕਹਾਂਗੇ। ਬਹੁਤ ਸਾਲ ਪਹਿਲਾਂ ਉਸ ਨੂੰ ਮੰਡਲੀ ਵਿੱਚੋਂ ਛੇਕ ਦਿੱਤਾ ਗਿਆ ਸੀ। ਕੁਝ ਸਾਲਾਂ ਬਾਅਦ ਉਹ ਮੰਡਲੀ ਵਿਚ ਵਾਪਸ ਆ ਗਈ। ਹੁਣ ਉਹ ਮੰਨਦੀ ਹੈ: “ਭਾਵੇਂ ਮੈਂ ਖ਼ੁਦ ਨੂੰ ਅਤੇ ਦੂਜਿਆਂ ਨੂੰ ਦੱਸਦੀ ਸੀ ਕਿ ਯਹੋਵਾਹ ਨੇ ਮੈਨੂੰ ਮਾਫ਼ ਕਰ ਦਿੱਤਾ ਹੈ, ਫਿਰ ਵੀ ਮੈਨੂੰ ਲੱਗਦਾ ਸੀ ਕਿ ਮੈਂ ਉਸ ਤੋਂ ਬਹੁਤ ਦੂਰ ਹਾਂ ਤੇ ਦੂਜੇ ਭੈਣ-ਭਰਾ ਉਸ ਦੇ ਬਹੁਤ ਨੇੜੇ ਹਨ।” ਫਿਰ ਈਸ਼ਾ ਨੇ ਬਾਈਬਲ ਦੀਆਂ ਉਨ੍ਹਾਂ ਮਿਸਾਲਾਂ ’ਤੇ ਸੋਚ-ਵਿਚਾਰ ਕੀਤਾ ਜੋ ਦਿਖਾਉਂਦੀਆਂ ਹਨ ਕਿ ਯਹੋਵਾਹ ਪੂਰੀ ਤਰ੍ਹਾਂ ਨਾਲ ਮਾਫ਼ ਕਰਨ ਵਾਲਾ ਪਰਮੇਸ਼ੁਰ ਹੈ। ਉਹ ਕਹਿੰਦੀ ਹੈ: “ਇਨ੍ਹਾਂ ਨੂੰ ਪੜ੍ਹ ਕੇ ਮੈਨੂੰ ਪਹਿਲੀ ਵਾਰੀ ਅਹਿਸਾਸ ਹੋਇਆ ਕਿ ਯਹੋਵਾਹ ਮੈਨੂੰ ਕਿੰਨਾ ਪਿਆਰ ਕਰਦਾ ਹੈ ਅਤੇ ਉਹ ਕਿੰਨਾ ਰਹਿਮਦਿਲ ਹੈ।” ਖ਼ਾਸ ਕਰਕੇ ਕਿਹੜੀ ਗੱਲ ਨੇ ਉਸ ਦੇ ਦਿਲ ਨੂੰ ਛੋਹਿਆ? ਉਹ ਦੱਸਦੀ ਹੈ: “ਜਦੋਂ ਯਹੋਵਾਹ ਸਾਡੇ ਪਾਪ ਮਾਫ਼ ਕਰਦਾ ਹੈ, ਤਾਂ ਉਹ ਪਾਪ ਦੇ ਦਾਗ਼ ਪੂਰੀ ਤਰ੍ਹਾਂ ਮਿਟਾ ਦਿੰਦਾ ਹੈ। ਇਹ ਕਲੰਕ ਸਾਰੀ ਉਮਰ ਸਾਡੇ ਮੱਥੇ ’ਤੇ ਲੱਗਾ ਨਹੀਂ ਰਹਿੰਦਾ।” * ਉਹ ਅੱਗੇ ਕਹਿੰਦੀ ਹੈ: “ਮੈਂ ਪਹਿਲਾਂ ਇਹ ਸਮਝ ਹੀ ਨਹੀਂ ਪਾਈ ਕਿ ਯਹੋਵਾਹ ਨੇ ਮੈਨੂੰ ਪੂਰੀ ਤਰ੍ਹਾਂ ਮਾਫ਼ ਕਰ ਦਿੱਤਾ ਹੈ। ਮੈਂ ਸੋਚਦੀ ਸੀ ਕਿ ਮੈਨੂੰ ਆਪਣੇ ਪਾਪ ਦਾ ਬੋਝ ਉਮਰ ਭਰ ਢਾਹੁਣਾ ਪਵੇਗਾ। ਭਾਵੇਂ ਕਿ ਯਹੋਵਾਹ ਨਾਲ ਮੇਰਾ ਰਿਸ਼ਤਾ ਹੌਲੀ-ਹੌਲੀ ਮਜ਼ਬੂਤ ਹੋਵੇਗਾ, ਪਰ ਮੈਨੂੰ ਲੱਗਦਾ ਹੈ ਕਿ ਮੇਰੇ ਮਨ ਤੋਂ ਭਾਰਾ ਬੋਝ ਲਹਿ ਗਿਆ ਹੈ।” ਵਾਕਈ, ਸਾਡਾ ਪਰਮੇਸ਼ੁਰ ਕਿੰਨਾ ਦਇਆਵਾਨ ਹੈ!​—ਜ਼ਬੂ. 103:9.

ਮਾਫ਼ ਕਰਨ ਵਿਚ ਯਹੋਵਾਹ ਦੀ ਰੀਸ ਕਰੋ

15. ਅਸੀਂ ਮਾਫ਼ ਕਰਨ ਵਿਚ ਯਹੋਵਾਹ ਦੀ ਰੀਸ ਕਿਵੇਂ ਕਰ ਸਕਦੇ ਹਾਂ?

15 ਅਸੀਂ ਦੂਜਿਆਂ ਨੂੰ ਮਾਫ਼ ਕਰਨ ਵਿਚ ਯਹੋਵਾਹ ਦੀ ਰੀਸ ਕਰ ਸਕਦੇ ਹਾਂ ਜੇ ਉਹ ਦਿਲੋਂ ਤੋਬਾ ਕਰਦੇ ਹਨ। (ਲੂਕਾ 17:3, 4 ਪੜ੍ਹੋ।) ਯਾਦ ਰੱਖੋ ਕਿ ਜਦ ਯਹੋਵਾਹ ਪਾਪ ਮਾਫ਼ ਕਰਦਾ ਹੈ, ਤਾਂ ਬਾਅਦ ਵਿਚ ਉਹ ਉਨ੍ਹਾਂ ਦਾ ਹਿਸਾਬ-ਕਿਤਾਬ ਨਹੀਂ ਰੱਖਦਾ। ਜਦ ਅਸੀਂ ਦੂਜਿਆਂ ਨੂੰ ਮਾਫ਼ ਕਰਦੇ ਹਾਂ, ਤਾਂ ਅਸੀਂ ਵੀ ਉਨ੍ਹਾਂ ਦੀਆਂ ਗ਼ਲਤੀਆਂ ਨੂੰ ਵਾਰ-ਵਾਰ ਚੇਤੇ ਨਹੀਂ ਕਰਾਂਗੇ।

16. (ੳ) ਮਾਫ਼ ਕਰਨ ਦਾ ਮਤਲਬ ਕੀ ਨਹੀਂ ਹੈ? (ਅ) ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਨੂੰ ਮਾਫ਼ ਕਰੇ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?

 16 ਮਾਫ਼ ਕਰਨ ਦਾ ਮਤਲਬ ਇਹ ਨਹੀਂ ਕਿ ਅਸੀਂ ਗ਼ਲਤੀ ਕਰਨ ਵਾਲੇ ਨੂੰ ਦੋਸ਼ੀ ਨਹੀਂ ਮੰਨਦੇ ਜਾਂ ਦੂਜਿਆਂ ਨੂੰ ਆਪਣਾ ਫ਼ਾਇਦਾ ਉਠਾਉਣ ਦਿੰਦੇ ਹਾਂ। ਇਸ ਦੇ ਉਲਟ ਅਸੀਂ ਫ਼ੈਸਲਾ ਕਰਦੇ ਹਾਂ ਕਿ ਅਸੀਂ ਦਿਲ ਹੀ ਦਿਲ ਵਿਚ ਨਾਰਾਜ਼ ਨਹੀਂ ਰਹਾਂਗੇ। ਸੋਚਣ ਵਾਲੀ ਗੱਲ ਹੈ ਕਿ ਯਹੋਵਾਹ ਸਾਨੂੰ ਤਾਹੀਓਂ ਮਾਫ਼ ਕਰੇਗਾ ਜੇ ਅਸੀਂ ਦੂਜਿਆਂ ਨੂੰ ਮਾਫ਼  ਕਰਾਂਗੇ। (ਮੱਤੀ 6:14, 15) ਯਹੋਵਾਹ ਹਮਦਰਦ ਹੈ ਤੇ ਉਸ ਨੂੰ ਯਾਦ ਹੈ ਕਿ “ਅਸੀਂ ਮਿੱਟੀ ਹੀ ਹਾਂ।” (ਜ਼ਬੂ. 103:14) ਇਸ ਲਈ ਜਦ ਦੂਜੇ ਸਾਨੂੰ ਬੁਰਾ-ਭਲਾ ਕਹਿੰਦੇ ਹਨ ਜਾਂ ਸਾਡੇ ਖ਼ਿਲਾਫ਼ ਕੋਈ ਕੰਮ ਕਰਦੇ ਹਨ, ਤਾਂ ਸਾਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਉਹ ਵੀ ਸਾਡੇ ਵਾਂਗ ਨਾਮੁਕੰਮਲ ਹਨ ਅਤੇ ਸਾਨੂੰ ਉਨ੍ਹਾਂ ਨੂੰ ਦਿਲੋਂ ਮਾਫ਼ ਕਰ ਦੇਣਾ ਚਾਹੀਦਾ ਹੈ।​—ਅਫ਼. 4:32; ਕੁਲੁ. 3:13.

ਆਓ ਅਸੀਂ ਦੂਜਿਆਂ ਨੂੰ ਮਾਫ਼ ਕਰਨ ਲਈ ਦਿਲੋਂ ਪ੍ਰਾਰਥਨਾ ਕਰੀਏ ( ਪੈਰਾ 17 ਦੇਖੋ)

17. ਜੇ ਸਾਨੂੰ ਕਿਸੇ ਨੇ ਠੇਸ ਪਹੁੰਚਾਈ ਹੈ, ਤਾਂ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?

 17 ਇਹ ਸੱਚ ਹੈ ਕਿ ਮਾਫ਼ ਕਰਨਾ ਹਮੇਸ਼ਾ ਆਸਾਨ ਨਹੀਂ ਹੁੰਦਾ। ਪਹਿਲੀ ਸਦੀ ਵਿਚ ਕੁਝ ਚੁਣੇ ਹੋਏ ਮਸੀਹੀਆਂ ਨੂੰ ਵੀ ਆਪਣੀ ਅਣਬਣ ਸੁਲਝਾਉਣੀ ਮੁਸ਼ਕਲ ਲੱਗੀ ਸੀ। (ਫ਼ਿਲਿ. 4:2) ਜੇ ਸਾਨੂੰ ਕਿਸੇ ਭੈਣ-ਭਰਾ ਨੇ ਠੇਸ ਪਹੁੰਚਾਈ ਹੈ, ਤਾਂ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ? ਜ਼ਰਾ ਅੱਯੂਬ ਦੀ ਮਿਸਾਲ ਲੈ ਲਓ। ਉਹ ਉਦੋਂ ਬਹੁਤ ਦੁਖੀ ਹੋਇਆ ਜਦੋਂ ਅਲੀਫ਼ਜ਼, ਬਿਲਦਦ ਤੇ ਸੋਫ਼ਰ ਨੇ ਉਸ ਉੱਤੇ ਝੂਠੇ ਇਲਜ਼ਾਮ ਲਾਏ। (ਅੱਯੂ. 10:1; 19:2) ਅਖ਼ੀਰ ਵਿਚ ਯਹੋਵਾਹ ਨੇ ਉਨ੍ਹਾਂ ਤਿੰਨਾਂ ਨੂੰ ਝਿੜਕਿਆ। ਪਰਮੇਸ਼ੁਰ ਨੇ ਉਨ੍ਹਾਂ ਨੂੰ ਅੱਯੂਬ ਕੋਲ ਜਾ ਕੇ ਆਪਣੇ ਪਾਪਾਂ ਲਈ ਚੜ੍ਹਾਵਾ ਚੜ੍ਹਾਉਣ ਲਈ ਕਿਹਾ। (ਅੱਯੂ. 42:7-9) ਪਰ ਯਹੋਵਾਹ ਚਾਹੁੰਦਾ ਸੀ ਕਿ ਅੱਯੂਬ ਵੀ ਕੁਝ ਕਰੇ। ਪਰ ਕੀ? ਯਹੋਵਾਹ ਨੇ ਕਿਹਾ ਕਿ ਅੱਯੂਬ ਉਨ੍ਹਾਂ ਤਿੰਨਾਂ ਵਾਸਤੇ ਪ੍ਰਾਰਥਨਾ ਕਰੇ। ਅੱਯੂਬ ਨੇ ਯਹੋਵਾਹ ਦੀ ਗੱਲ ਮੰਨਦੇ ਹੋਏ ਉਨ੍ਹਾਂ ਨੂੰ ਮਾਫ਼ ਕਰ ਦਿੱਤਾ ਤੇ ਯਹੋਵਾਹ ਨੇ ਉਸ ਨੂੰ ਬਰਕਤਾਂ ਦਿੱਤੀਆਂ। (ਅੱਯੂਬ 42:10, 12, 16, 17 ਪੜ੍ਹੋ।) ਅਸੀਂ ਇਸ ਤੋਂ ਕੀ ਸਬਕ ਸਿੱਖਦੇ ਹਾਂ? ਜਦ ਕੋਈ ਸਾਨੂੰ ਠੇਸ ਪਹੁੰਚਾਉਂਦਾ ਹੈ, ਤਾਂ ਅਸੀਂ ਉਸ ਲਈ ਦਿਲੋਂ ਪ੍ਰਾਰਥਨਾ ਕਰ ਸਕਦੇ ਹਾਂ। ਇੱਦਾਂ ਅਸੀਂ ਉਸ ਨੂੰ ਦਿਲੋਂ ਮਾਫ਼ ਕਰ ਸਕਾਂਗੇ।

ਯਹੋਵਾਹ ਦੇ ਗੁਣਾਂ ਬਾਰੇ ਸਿੱਖਦੇ ਰਹੋ ਅਤੇ ਉਸ ਦੀ ਰੀਸ ਕਰਦੇ ਰਹੋ

18, 19. ਅਸੀਂ ਪਰਮੇਸ਼ੁਰ ਦੇ ਗੁਣਾਂ ਲਈ ਆਪਣੀ ਕਦਰ ਕਿਵੇਂ ਵਧਾ ਸਕਦੇ ਹਾਂ?

18 ਸਾਨੂੰ ਯਹੋਵਾਹ ਦੇ ਗੁਣਾਂ ਬਾਰੇ ਸਿੱਖ ਕੇ ਕਿੰਨੀ ਖ਼ੁਸ਼ੀ ਹੋਈ ਹੈ ਤੇ ਕਿੰਨਾ ਵਧੀਆ ਲੱਗਾ ਹੈ। ਅਸੀਂ ਜਾਣਿਆ ਹੈ ਕਿ ਯਹੋਵਾਹ ਕੋਲ ਸਾਰੇ ਆ ਸਕਦੇ ਹਨ, ਉਹ ਪੱਖਪਾਤ ਨਹੀਂ ਕਰਦਾ, ਉਹ ਦਰਿਆ-ਦਿਲ ਹੈ, ਉਹ ਅੜਬ ਨਹੀਂ ਹੈ, ਉਹ ਵਫ਼ਾਦਾਰ ਹੈ ਅਤੇ ਮਾਫ਼ ਕਰਨ ਵਾਲਾ ਪਰਮੇਸ਼ੁਰ ਹੈ। ਅਸੀਂ ਉਸ ਬਾਰੇ ਹੋਰ ਵੀ ਬਹੁਤ ਕੁਝ ਸਿੱਖ ਸਕਦੇ ਹਾਂ। ਦਰਅਸਲ ਅਸੀਂ ਹਮੇਸ਼ਾ-ਹਮੇਸ਼ਾ ਲਈ ਯਹੋਵਾਹ ਬਾਰੇ ਨਵੀਆਂ ਗੱਲਾਂ ਸਿੱਖਦੇ ਰਹਾਂਗੇ। (ਉਪ. 3:11) ਅਸੀਂ ਪੌਲੁਸ ਰਸੂਲ ਦੇ ਇਨ੍ਹਾਂ ਸ਼ਬਦਾਂ ਨਾਲ ਬਿਲਕੁਲ ਸਹਿਮਤ ਹਾਂ: “ਵਾਹ! ਪਰਮੇਸ਼ੁਰ ਦੀਆਂ ਬਰਕਤਾਂ, ਬੁੱਧ ਅਤੇ ਗਿਆਨ ਕਿੰਨਾ ਵਿਸ਼ਾਲ ਹੈ!” ਅਸੀਂ ਵੀ ਪਰਮੇਸ਼ੁਰ ਦੇ ਪਿਆਰ ਬਾਰੇ ਅਤੇ ਉੱਪਰ ਦੱਸੇ ਗਏ ਛੇ ਗੁਣਾਂ ਬਾਰੇ ਇੱਦਾਂ ਹੀ ਕਹਿ ਸਕਦੇ ਹਾਂ।​—ਰੋਮੀ. 11:33.

19 ਆਓ ਆਪਾਂ ਪਰਮੇਸ਼ੁਰ ਦੇ ਗੁਣਾਂ ਨੂੰ ਜਾਣੀਏ, ਇਨ੍ਹਾਂ ’ਤੇ ਸੋਚ-ਵਿਚਾਰ ਕਰੀਏ ਅਤੇ ਆਪਣੀ ਜ਼ਿੰਦਗੀ ਵਿਚ ਇਨ੍ਹਾਂ ਨੂੰ ਅਪਣਾਈਏ। ਇੱਦਾਂ ਯਹੋਵਾਹ ਦੇ ਗੁਣਾਂ ਲਈ ਸਾਡੀ ਕਦਰ ਵਧੇਗੀ ਤੇ ਅਸੀਂ ਉਸ ਵੱਲ ਖਿੱਚੇ ਆਵਾਂਗੇ। (ਅਫ਼. 5:1) ਫਿਰ ਅਸੀਂ ਵੀ ਜ਼ਬੂਰਾਂ ਦੇ ਲਿਖਾਰੀ ਵਾਂਗ ਕਹਿ ਸਕਾਂਗੇ: “ਪਰਮੇਸ਼ੁਰ ਦੇ ਨੇੜੇ ਰਹਿਣਾ ਮੇਰੇ ਲਈ ਚੰਗਾ ਹੈ।”​—ਜ਼ਬੂ. 73:28.

^ ਪੇਰਗ੍ਰੈਫ 7 ਦੂਜਿਆਂ ਦੀ ਹੌਸਲਾ-ਅਫ਼ਜ਼ਾਈ ਕਰਨ ਬਾਰੇ 1 ਅਗਸਤ 1995 ਦੇ ਪਹਿਰਾਬੁਰਜ ਵਿਚ “ਪ੍ਰੇਮ ਅਤੇ ਸ਼ੁਭ ਕਰਮਾਂ ਲਈ ਉਭਾਰੋ—ਕਿਵੇਂ?” ਅਤੇ 15 ਅਕਤੂਬਰ 2011 ਵਿਚ “ਸਾਰੇ ਸੋਗੀਆਂ ਨੂੰ ਦਿਲਾਸਾ ਦਿਓ” ਨਾਂ ਦੇ ਲੇਖ ਦੇਖੋ।

^ ਪੇਰਗ੍ਰੈਫ 14 ਯਹੋਵਾਹ ਦੇ ਨੇੜੇ ਰਹੋ ਕਿਤਾਬ ਦੇ 26ਵੇਂ ਅਧਿਆਇ ਦਾ ਪੈਰਾ 10 ਦੇਖੋ।