Skip to content

Skip to table of contents

ਆਪਣੀ ਮਨ-ਮਰਜ਼ੀ ਕਰਨ ਦੀ ਬਜਾਇ ਯਹੋਵਾਹ ਦੀ ਮੰਨੋ

ਆਪਣੀ ਮਨ-ਮਰਜ਼ੀ ਕਰਨ ਦੀ ਬਜਾਇ ਯਹੋਵਾਹ ਦੀ ਮੰਨੋ

ਆਪਣੀ ਮਨ-ਮਰਜ਼ੀ ਕਰਨ ਦੀ ਬਜਾਇ ਯਹੋਵਾਹ ਦੀ ਮੰਨੋ

“ਪਰਮੇਸ਼ੁਰ ਦਾ ਪ੍ਰੇਮ ਇਹ ਹੈ ਭਈ ਅਸੀਂ ਉਹ ਦੇ ਹੁਕਮਾਂ ਦੀ ਪਾਲਨਾ ਕਰੀਏ, ਅਤੇ ਉਹ ਦੇ ਹੁਕਮ ਔਖੇ ਨਹੀਂ ਹਨ।”​—⁠1 ਯੂਹੰ. 5:⁠3.

1, 2. (ੳ) ਅੱਜ ਲੋਕ ਕਿਸੇ ਦੀ ਕਿਉਂ ਨਹੀਂ ਸੁਣਨੀ ਚਾਹੁੰਦੇ? (ਅ) ਕੀ ਲੋਕ ਵਾਕਈ ਆਪਣੀ ਮਰਜ਼ੀ ਦੇ ਮਾਲਕ ਹਨ? ਸਮਝਾਓ।

ਅੱਜ-ਕੱਲ੍ਹ ਕੋਈ ਕਿਸੇ ਦੀ ਨਹੀਂ ਸੁਣਨੀ ਚਾਹੁੰਦਾ; ਕੋਈ ਨਹੀਂ ਚਾਹੁੰਦਾ ਕਿ ਕੋਈ ਉਸ ਤੇ ਹੁਕਮ ਚਲਾਏ। ਹਰ ਕੋਈ ਆਪਣੀ ਹੀ ਮਨ-ਮਰਜ਼ੀ ਕਰਨੀ ਚਾਹੁੰਦਾ ਹੈ। ਜਿਨ੍ਹਾਂ ਦਾ ਅਜਿਹਾ ਰਵੱਈਆ ਹੈ ਉਨ੍ਹਾਂ ਦੇ ਮੂੰਹੋਂ ਆਮ ਕਰਕੇ ਇਹ ਸੁਣਿਆ ਜਾਂਦਾ ਹੈ, “ਤੂੰ ਕੌਣ ਹੁੰਦਾ ਮੈਨੂੰ ਕੁਝ ਕਹਿਣ ਵਾਲਾ।” ਪਰ ਕੀ ਇਹ ਲੋਕ ਸੱਚ-ਮੁੱਚ ਆਪਣੀ ਮਰਜ਼ੀ ਦੇ ਮਾਲਕ ਹੁੰਦੇ ਹਨ? ਬਿਲਕੁਲ ਨਹੀਂ। ਇਸ ਤਰ੍ਹਾਂ ਦੇ ਲੋਕ ਆਪਣੀ ਮਰਜ਼ੀ ਦੇ ਮਾਲਕ ਨਹੀਂ ਬਲਕਿ “ਇਸ ਜੁੱਗ” ਦੇ ਗ਼ੁਲਾਮ ਹੁੰਦੇ ਹਨ। (ਰੋਮੀ. 12:2) ਪਤਰਸ ਰਸੂਲ ਦੀ ਗੱਲ ਸੱਚ ਹੀ ਹੈ ਕਿ ਅਜਿਹੇ ਲੋਕ “ਭ੍ਰਸ਼ਟਤਾ ਦੇ ਦਾਸ ਹਨ।” (2 ਪਤ. 2:​19, CL) ਉਹ “ਇਸ ਸੰਸਾਰ ਦੇ ਭੈੜੇ ਰਾਹਾਂ ਤੇ ਚਲਦੇ” ਹਨ ਅਤੇ ਸ਼ਤਾਨ ਦੇ ਅਧੀਨ ਹਨ, ਜਿਸ ਦਾ ਦੁਨੀਆਂ ਤੇ ਰਾਜ ਚੱਲਦਾ ਹੈ।​—⁠ਅਫ਼. 2:⁠2, CL.

2 ਇਕ ਮਸ਼ਹੂਰ ਲੇਖਕ ਨੇ ਫੜ ਮਾਰੀ: “ਮੈਂ ਕਿਸੇ ਨੂੰ ਆਪਣੀ ਜ਼ਿੰਦਗੀ ਵਿਚ ਦਖ਼ਲ ਨਹੀਂ ਦੇਣ ਦਿੰਦਾ, ਨਾ ਆਪਣੇ ਮਾਪਿਆਂ ਨੂੰ, ਨਾ ਕਿਸੇ ਪਾਦਰੀ ਨੂੰ, ਨਾ ਕਿਸੇ ਗੁਰੂ ਨੂੰ ਤੇ ਨਾ ਹੀ ਮੈਂ ਬਾਈਬਲ ਤੋਂ ਸਲਾਹ ਚਾਹੁੰਦਾ ਹਾਂ।” ਹੋ ਸਕਦਾ ਹੈ ਕਿ ਕੁਝ ਅਧਿਕਾਰੀ ਆਪਣੇ ਅਧਿਕਾਰ ਦਾ ਗ਼ਲਤ ਫ਼ਾਇਦਾ ਉਠਾਉਣ। ਪਰ ਕੀ ਇਸ ਦਾ ਇਹ ਮਤਲਬ ਹੈ ਕਿ ਸਾਨੂੰ ਨਿਰਦੇਸ਼ਨ ਦੀ ਲੋੜ ਨਹੀਂ? ਲੋੜ ਹੈ ਕਿਉਂਕਿ ਅਖ਼ਬਾਰਾਂ ਇਸ ਗੱਲ ਦੀ ਗਵਾਹੀ ਦਿੰਦੀਆਂ ਹਨ। ਕਿੰਨੇ ਦੁੱਖ ਦੀ ਗੱਲ ਹੈ ਕਿ ਅੱਜ ਜਦ ਇਨਸਾਨਾਂ ਨੂੰ ਨਿਰਦੇਸ਼ਨ ਦੀ ਸਖ਼ਤ ਜ਼ਰੂਰਤ ਹੈ, ਤਾਂ ਉਹ ਨਿਰਦੇਸ਼ਨ ਲੈਣ ਤੋਂ ਕਤਰਾ ਰਹੇ ਹਨ।

ਅਧਿਕਾਰ ਪ੍ਰਤੀ ਸਾਡਾ ਨਜ਼ਰੀਆ

3. ਪਹਿਲੀ ਸਦੀ ਦੇ ਮਸੀਹੀਆਂ ਨੇ ਕਿਵੇਂ ਦਿਖਾਇਆ ਸੀ ਕਿ ਉਹ ਬਿਨਾਂ ਸੋਚੇ-ਸਮਝੇ ਕਿਸੇ ਦੇ ਅਧਿਕਾਰ ਨੂੰ ਕਬੂਲ ਨਹੀਂ ਕਰਦੇ ਸਨ?

3 ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਅਸੀਂ ਅਧਿਕਾਰ ਬਾਰੇ ਦੁਨੀਆਂ ਦੇ ਲੋਕਾਂ ਵਾਂਗ ਨਹੀਂ ਸੋਚਦੇ। ਅਤੇ ਨਾ ਹੀ ਅਸੀਂ ਬਿਨਾਂ ਸੋਚੇ-ਸਮਝੇ ਹਰ ਕਿਸੇ ਦੀ ਗੱਲ ਮੰਨ ਲੈਂਦੇ ਹਾਂ। ਕਦੇ-ਕਦੇ ਸਾਨੂੰ ਅਧਿਕਾਰੀਆਂ ਦੀ ਗੱਲ ਮੰਨਣ ਤੋਂ ਇਨਕਾਰ ਵੀ ਕਰਨਾ ਪੈਂਦਾ ਹੈ। ਇਹ ਗੱਲ ਪਹਿਲੀ ਸਦੀ ਦੇ ਮਸੀਹੀਆਂ ਬਾਰੇ ਵੀ ਸੱਚ ਸੀ। ਮਿਸਾਲ ਲਈ, ਜਦ ਸਰਦਾਰ ਜਾਜਕ ਤੇ ਮਹਾਂ ਸਭਾ ਦੇ ਮੈਂਬਰਾਂ ਨੇ ਰਸੂਲਾਂ ਨੂੰ ਹੁਕਮ ਦਿੱਤਾ ਕਿ ਉਹ ਪ੍ਰਚਾਰ ਨਾ ਕਰਨ, ਤਾਂ ਉਨ੍ਹਾਂ ਨੇ ਡਰ ਕੇ ਪ੍ਰਚਾਰ ਕਰਨਾ ਬੰਦ ਨਹੀਂ ਸੀ ਕੀਤਾ। ਉਨ੍ਹਾਂ ਨੇ ਇਨ੍ਹਾਂ ਅਧਿਕਾਰੀਆਂ ਤੋਂ ਡਰ ਕੇ ਸਹੀ ਰਾਹ ਤੇ ਚੱਲਣਾ ਨਹੀਂ ਸੀ ਛੱਡਿਆ।​—⁠ਰਸੂਲਾਂ ਦੇ ਕਰਤੱਬ 5:27-29 ਪੜ੍ਹੋ।

4. ਯਿਸੂ ਦੇ ਸਮੇਂ ਤੋਂ ਪਹਿਲਾਂ ਰਹਿਣ ਵਾਲੇ ਯਹੋਵਾਹ ਦੇ ਸੇਵਕਾਂ ਨੇ ਕਿਵੇਂ ਦਿਖਾਇਆ ਸੀ ਕਿ ਉਹ ਇਨਸਾਨਾਂ ਦੀ ਬਜਾਇ ਰੱਬ ਨੂੰ ਖ਼ੁਸ਼ ਕਰਨਾ ਚਾਹੁੰਦੇ ਸਨ?

4 ਯਿਸੂ ਦੇ ਸਮੇਂ ਤੋਂ ਪਹਿਲਾਂ ਵੀ ਯਹੋਵਾਹ ਦੇ ਕਈ ਸੇਵਕ ਡੱਟ ਕੇ ਸਹੀ ਰਸਤੇ ਤੇ ਚੱਲਦੇ ਰਹੇ। ਮਿਸਾਲ ਲਈ, ਮੂਸਾ ਨੇ ਪਰਮੇਸ਼ੁਰ ਦਾ ਪੱਖ ਪੂਰਿਆ ਅਤੇ “ਫ਼ਿਰਊਨ ਦੀ ਧੀ ਦਾ ਪੁੱਤ੍ਰ ਅਖਵਾਉਣ ਤੋਂ ਇਨਕਾਰ ਕੀਤਾ। ਉਹ ਨੇ . . . ਪਰਮੇਸ਼ੁਰ ਦੀ ਪਰਜਾ ਨਾਲ ਜਬਰੀ ਝੱਲਣ ਨੂੰ ਬਾਹਲਾ ਪਸੰਦ ਕੀਤਾ,” ਭਾਵੇਂ ਕਿ ਇਸ ਤਰ੍ਹਾਂ ਕਰਨ ਕਰਕੇ ਉਸ ਨੂੰ ‘ਪਾਤਸ਼ਾਹ ਦਾ ਕ੍ਰੋਧ’ ਝੱਲਣਾ ਪਿਆ। (ਇਬ. 11:24, 25, 27) ਪੋਟੀਫ਼ਰ ਦੀ ਤੀਵੀਂ ਨੇ ਯੂਸੁਫ਼ ਨੂੰ ਗ਼ਲਤ ਕੰਮ ਕਰਨ ਵਾਸਤੇ ਲੁਭਾਉਣ ਦੀ ਕੋਸ਼ਿਸ਼ ਕੀਤੀ। ਯੂਸੁਫ਼ ਜਾਣਦਾ ਸੀ ਕਿ ਉਹ ਉਸ ਦਾ ਨੁਕਸਾਨ ਕਰ ਸਕਦੀ ਸੀ, ਪਰ ਫਿਰ ਵੀ ਯੂਸੁਫ਼ ਨੇ ਉਸ ਦੀਆਂ ਗੱਲਾਂ ਵਿਚ ਆ ਕੇ ਪਾਪ ਨਹੀਂ ਕੀਤਾ। (ਉਤ. 39:7-9) ਦਾਨੀਏਲ ਨੇ ‘ਆਪਣੇ ਦਿਲ ਵਿੱਚ ਮਨਸ਼ਾ ਬੰਨ੍ਹੀ ਭਈ ਆਪਣੇ ਆਪ ਨੂੰ ਰਾਜੇ ਦੇ ਸੁਆਦਲੇ ਭੋਜਨ ਨਾਲ ਨਪਾਕ ਨਾ ਕਰੇ।’ ਦਾਨੀਏਲ ਦੇ ਇਸ ਫ਼ੈਸਲੇ ਤੋਂ ਰਾਜੇ ਦੇ ਦਰਬਾਰ ਦਾ ਅਧਿਕਾਰੀ ਖ਼ੁਸ਼ ਨਹੀਂ ਸੀ, ਪਰ ਫਿਰ ਵੀ ਦਾਨੀਏਲ ਆਪਣੇ ਫ਼ੈਸਲੇ ਤੇ ਪੱਕਾ ਰਿਹਾ। (ਦਾਨੀ. 1:8-14) ਇਨ੍ਹਾਂ ਮਿਸਾਲਾਂ ਤੋਂ ਅਸੀਂ ਸਾਫ਼ ਦੇਖ ਸਕਦੇ ਹਾਂ ਕਿ ਪਰਮੇਸ਼ੁਰ ਦੇ ਸੇਵਕਾਂ ਨੇ ਹਮੇਸ਼ਾ ਉਹੀ ਕੀਤਾ ਜੋ ਸਹੀ ਸੀ ਭਾਵੇਂ ਇਸ ਦਾ ਨਤੀਜਾ ਜੋ ਮਰਜ਼ੀ ਨਿਕਲਦਾ। ਉਨ੍ਹਾਂ ਨੇ ਇਨਸਾਨਾਂ ਨੂੰ ਖ਼ੁਸ਼ ਕਰਨ ਦੀ ਬਜਾਇ ਰੱਬ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾਨੂੰ ਵੀ ਇੱਦਾਂ ਹੀ ਕਰਨਾ ਚਾਹੀਦਾ ਹੈ।

5. ਅਧਿਕਾਰ ਬਾਰੇ ਸਾਡਾ ਰਵੱਈਆ ਦੁਨੀਆਂ ਦੇ ਲੋਕਾਂ ਨਾਲੋਂ ਵੱਖਰਾ ਕਿਵੇਂ ਹੈ?

5 ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਅਧਿਕਾਰੀਆਂ ਦੀ ਬਿਲਕੁਲ ਹੀ ਨਹੀਂ ਸੁਣਦੇ। ਅਸੀਂ ਨਾ ਤਾਂ ਜ਼ਿੱਦ ਕਰਦੇ ਹਾਂ ਅਤੇ ਨਾ ਹੀ ਉਨ੍ਹਾਂ ਲੋਕਾਂ ਵਿਚ ਗਿਣੇ ਜਾਣਾ ਚਾਹੁੰਦੇ ਹਾਂ ਜੋ ਸਰਕਾਰ ਦਾ ਵਿਰੋਧ ਕਰਦੇ ਹਨ। ਪਰ ਜਦ ਇਨਸਾਨ ਸਾਡੇ ਤੋਂ ਕੁਝ ਅਜਿਹਾ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ, ਜੋ ਪਰਮੇਸ਼ੁਰ ਦੇ ਹੁਕਮ ਖ਼ਿਲਾਫ਼ ਹੈ, ਤਾਂ ਅਸੀਂ ਇਨਸਾਨਾਂ ਦੀ ਬਜਾਇ ਪਰਮੇਸ਼ੁਰ ਦੀ ਆਗਿਆ ਮੰਨਦੇ ਹਾਂ। ਜੀ ਹਾਂ, ਰਸੂਲਾਂ ਦੀ ਤਰ੍ਹਾਂ ਅਸੀਂ ਵੀ ਮਨੁੱਖਾਂ ਦੀ ਗੱਲ ਮੰਨਣ ਤੋਂ ਪਹਿਲਾਂ ਪਰਮੇਸ਼ੁਰ ਦੀ ਗੱਲ ਮੰਨਦੇ ਹਾਂ।

6. ਸਾਨੂੰ ਹਮੇਸ਼ਾ ਯਹੋਵਾਹ ਦੀ ਗੱਲ ਕਿਉਂ ਮੰਨਣੀ ਚਾਹੀਦੀ ਹੈ?

6 ਪਰਮੇਸ਼ੁਰ ਦੇ ਅਧੀਨ ਰਹਿਣ ਵਿਚ ਕਿਹੜੀ ਗੱਲ ਨੇ ਸਾਡੀ ਮਦਦ ਕੀਤੀ ਹੈ? ਅਸੀਂ ਕਹਾਉਤਾਂ 3:​5, 6 ਦੀ ਸਲਾਹ ਤੇ ਚੱਲਦੇ ਹਾਂ, ਜਿੱਥੇ ਲਿਖਿਆ ਹੈ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।” ਸਾਨੂੰ ਪੂਰਾ ਭਰੋਸਾ ਹੈ ਕਿ ਰੱਬ ਜੋ ਵੀ ਸਾਨੂੰ ਕਰਨ ਲਈ ਕਹਿੰਦਾ ਹੈ, ਉਹ ਸਾਡੀ ਭਲਾਈ ਲਈ ਹੈ। (ਬਿਵਸਥਾ ਸਾਰ 10:12, 13 ਪੜ੍ਹੋ।) ਯਹੋਵਾਹ ਨੇ ਇਸਰਾਏਲੀਆਂ ਨੂੰ ਕਿਹਾ: ‘ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ, ਜੋ ਤੁਹਾਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੁਹਾਨੂੰ ਉਸ ਰਾਹ ਪਾਉਂਦਾ ਜਿਸ ਰਾਹ ਤੁਸੀਂ ਜਾਣਾ ਹੈ। ਕਾਸ਼ ਕਿ ਤੁਸੀਂ ਮੇਰੇ ਹੁਕਮਾਂ ਨੂੰ ਮੰਨਦੇ! ਤਾਂ ਤੁਹਾਡੀ ਸ਼ਾਂਤੀ ਨਦੀ ਵਾਂਙੁ, ਤਾਂ ਤੁਹਾਡਾ ਧਰਮ ਸਮੁੰਦਰ ਦੀਆਂ ਲਹਿਰਾਂ ਵਾਂਙੁ ਹੁੰਦਾ।’ (ਯਸਾ. 48:17, 18) ਅਸੀਂ ਪਰਮੇਸ਼ੁਰ ਦੇ ਇਨ੍ਹਾਂ ਸ਼ਬਦਾਂ ਤੇ ਪੂਰਾ ਭਰੋਸਾ ਰੱਖਦੇ ਹਾਂ ਅਤੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਉਹ ਦਾ ਕਹਿਣਾ ਮੰਨਣ ਵਿਚ ਹੀ ਸਾਡਾ ਭਲਾ ਹੈ।

7. ਸਾਨੂੰ ਉਦੋਂ ਕੀ ਕਰਨ ਦੀ ਲੋੜ ਹੈ ਜਦ ਸਾਨੂੰ ਸਮਝ ਨਹੀਂ ਆਉਂਦੀ ਕਿ ਯਹੋਵਾਹ ਨੇ ਕੋਈ ਹੁਕਮ ਕਿਉਂ ਦਿੱਤਾ ਹੈ?

7 ਭਾਵੇਂ ਅਸੀਂ ਨਾ ਸਮਝੀਏ ਕਿ ਯਹੋਵਾਹ ਨੇ ਕੋਈ ਹੁਕਮ ਕਿਉਂ ਦਿੱਤਾ, ਫਿਰ ਵੀ ਅਸੀਂ ਉਸ ਦੀ ਪਾਲਣਾ ਕਰਦੇ ਹਾਂ ਕਿਉਂਕਿ ਅਸੀਂ ਸਵੀਕਾਰ ਕਰਦੇ ਹਾਂ ਕਿ ਉਸ ਕੋਲ ਸਾਨੂੰ ਹੁਕਮ ਦੇਣ ਦਾ ਹੱਕ ਹੈ। ਸਾਨੂੰ ਪੂਰਾ ਭਰੋਸਾ ਹੈ ਕਿ ਯਹੋਵਾਹ ਪਰਮੇਸ਼ੁਰ ਜਾਣਦਾ ਹੈ ਕਿ ਸਾਡਾ ਭਲਾ ਕਿਸ ਗੱਲ ਵਿਚ ਹੈ। ਨਾਲੇ ਸਾਡੀ ਆਗਿਆਕਾਰੀ ਪਰਮੇਸ਼ੁਰ ਲਈ ਸਾਡੇ ਪਿਆਰ ਦਾ ਸਬੂਤ ਹੈ। ਯੂਹੰਨਾ ਰਸੂਲ ਨੇ ਲਿਖਿਆ: “ਪਰਮੇਸ਼ੁਰ ਦਾ ਪ੍ਰੇਮ ਇਹ ਹੈ ਭਈ ਅਸੀਂ ਉਹ ਦੇ ਹੁਕਮਾਂ ਦੀ ਪਾਲਨਾ ਕਰੀਏ।” (1 ਯੂਹੰ. 5:3) ਆਗਿਆਕਾਰੀ ਦੇ ਮਾਮਲੇ ਵਿਚ ਇਕ ਹੋਰ ਗੱਲ ਹੈ ਜਿਸ ਵੱਲ ਸਾਨੂੰ ਧਿਆਨ ਦੇਣ ਦੀ ਲੋੜ ਹੈ।

ਆਪਣੀਆਂ ਗਿਆਨ ਇੰਦਰੀਆਂ ਨੂੰ ਸਾਧੋ

8. ਪਰਮੇਸ਼ੁਰ ਦੀ ਆਗਿਆ ਦੀ ਪਾਲਣਾ ਕਰਨ ਲਈ ਸਾਨੂੰ ਆਪਣੀਆਂ ‘ਗਿਆਨ ਇੰਦਰੀਆਂ ਸਾਧਣ’ ਦੀ ਲੋੜ ਕਿਉਂ ਹੈ?

8 ਬਾਈਬਲ ਵਿਚ ਲਿਖਿਆ ਹੈ ਕਿ ਸਾਡੀਆਂ “ਗਿਆਨ ਇੰਦਰੀਆਂ ਭਲੇ ਬੁਰੇ ਦੀ ਜਾਚ ਕਰਨ ਨੂੰ ਅਭਿਆਸ ਨਾਲ ਸਾਧੀਆਂ” ਜਾਣੀਆਂ ਚਾਹੀਦੀਆਂ ਹਨ। (ਇਬ. 5:14) ਇਸ ਦਾ ਮਤਲਬ ਹੈ ਕਿ ਅਸੀਂ ਪਰਮੇਸ਼ੁਰ ਦੇ ਹੁਕਮਾਂ ਨੂੰ ਚੁੱਪ-ਚਾਪ ਨਹੀਂ ਮੰਨ ਲੈਂਦੇ, ਸਗੋਂ ਉਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਪਰਮੇਸ਼ੁਰ ਦੇ ਬਚਨ ਤੋਂ “ਭਲੇ ਬੁਰੇ ਦੀ ਜਾਚ” ਕਰਨੀ ਸਿੱਖਦੇ ਹਾਂ। ਅਸੀਂ ਪਰਮੇਸ਼ੁਰ ਦੇ ਅਸੂਲਾਂ ’ਤੇ ਚੱਲਣ ਦੇ ਲਾਭ ਸਮਝ ਕੇ ਜ਼ਬੂਰਾਂ ਦੇ ਲਿਖਾਰੀ ਦੀ ਤਰ੍ਹਾਂ ਕਹਿ ਸਕਾਂਗੇ: “ਤੇਰੀ ਬਿਵਸਥਾ ਮੇਰੇ ਰਿਦੇ ਦੇ ਅੰਦਰ ਹੈ।”​—⁠ਜ਼ਬੂ. 40:⁠8.

9. ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਸਾਨੂੰ ਕੀ ਕਰਨ ਦੀ ਲੋੜ ਹੈ? ਇਸ ਤਰ੍ਹਾਂ ਕਰਨਾ ਕਿਉਂ ਜ਼ਰੂਰੀ ਹੈ?

9 ਅਸੀਂ ਪਰਮੇਸ਼ੁਰ ਦੇ ਅਸੂਲਾਂ ਬਾਰੇ ਜ਼ਬੂਰਾਂ ਦੇ ਲਿਖਾਰੀ ਵਾਂਗ ਤਾਂ ਹੀ ਮਹਿਸੂਸ ਕਰਾਂਗੇ ਜੇ ਅਸੀਂ ਇਨ੍ਹਾਂ ਤੇ ਮਨਨ ਕਰਾਂਗੇ। ਜਦ ਅਸੀਂ ਬਾਈਬਲ ਵਿਚ ਪਰਮੇਸ਼ੁਰ ਦੀ ਕਿਸੇ ਆਗਿਆ ਬਾਰੇ ਪੜ੍ਹਦੇ ਹਾਂ, ਤਾਂ ਸਾਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ: ‘ਮੈਨੂੰ ਇਸ ਦੀ ਪਾਲਣਾ ਕਿਉਂ ਕਰਨ ਦੀ ਲੋੜ ਹੈ? ਇਸ ਦੀ ਪਾਲਣਾ ਕਰਨ ਦਾ ਮੈਨੂੰ ਕੀ ਲਾਭ ਹੋਵੇਗਾ? ਜਿਨ੍ਹਾਂ ਨੇ ਇਸ ਨੂੰ ਨਹੀਂ ਮੰਨਿਆ ਉਨ੍ਹਾਂ ਨੂੰ ਕੀ ਨਤੀਜੇ ਭੁਗਤਣੇ ਪਏ ਹਨ?’ ਇੱਦਾਂ ਮਨਨ ਕਰ ਕੇ ਅਸੀਂ ‘ਪ੍ਰਭੁ ਦੀ ਇੱਛਿਆ’ ਨੂੰ ਸਮਝ ਕੇ ਉਸ ਦੇ ਹੁਕਮਾਂ ਦੀ ਪਾਲਣਾ ਕਰ ਸਕਾਂਗੇ। (ਅਫ਼. 5:17) ਜ਼ਿੰਦਗੀ ਵਿਚ ਸਹੀ ਫ਼ੈਸਲੇ ਕਰ ਕੇ ਅਸੀਂ ਯਹੋਵਾਹ ਨੂੰ ਖ਼ੁਸ਼ ਕਰਾਂਗੇ। ਪਰ ਇੱਦਾਂ ਕਰਨਾ ਹਮੇਸ਼ਾ ਸੌਖਾ ਨਹੀਂ ਹੁੰਦਾ।

ਸ਼ਤਾਨ ਨਹੀਂ ਚਾਹੁੰਦਾ ਕਿ ਅਸੀਂ ਯਹੋਵਾਹ ਦੀ ਸੁਣੀਏ

10. ਯਹੋਵਾਹ ਦੀ ਮਰਜ਼ੀ ਦੇ ਸੰਬੰਧ ਵਿਚ ਸ਼ਤਾਨ ਕੀ ਚਾਹੁੰਦਾ ਹੈ?

10 ਸ਼ਤਾਨ ਹਮੇਸ਼ਾ ਇਹ ਚਾਹੁੰਦਾ ਆਇਆ ਹੈ ਕਿ ਅਸੀਂ ਯਹੋਵਾਹ ਦੀ ਬਜਾਇ ਆਪਣੀ ਮਰਜ਼ੀ ਕਰੀਏ। ਇਹ ਗੱਲ ਦੁਨੀਆਂ ਵਿਚ ਆਮ ਦੇਖੀ ਜਾਂਦੀ ਹੈ ਕਿ ਲੋਕ ਆਪਣੀ ਮਨ-ਮਰਜ਼ੀ ਕਰਨੀ ਚਾਹੁੰਦੇ ਹਨ। ਮਿਸਾਲ ਲਈ, ਵਿਆਹ ਦੀ ਨੀਂਹ ਪਰਮੇਸ਼ੁਰ ਨੇ ਧਰੀ ਸੀ, ਪਰ ਦੁਨੀਆਂ ਦੇ ਲੋਕ ਇਸ ਬੰਧਨ ਦੀ ਕਦਰ ਨਹੀਂ ਕਰਦੇ। ਕੁਝ ਜੋੜੇ ਵਿਆਹ ਕੀਤੇ ਬਿਨਾਂ ਇਕੱਠੇ ਰਹਿਣ ਲੱਗ ਪੈਂਦੇ ਹਨ ਤੇ ਕੁਝ ਵਿਆਹ ਦੇ ਬੰਧਨ ਤੋਂ ਛੁਟਕਾਰਾ ਪਾਉਣ ਦੀਆਂ ਸਕੀਮਾਂ ਘੜਦੇ ਹਨ। ਇੱਦਾਂ ਦੇ ਲੋਕ ਇਕ ਮਸ਼ਹੂਰ ਅਭਿਨੇਤਰੀ ਨਾਲ ਸਹਿਮਤ ਹਨ ਜਿਸ ਨੇ ਕਿਹਾ: “ਇਕ ਜਣੇ ਨਾਲ ਵਿਆਹ ਕਰਾ ਕੇ ਜ਼ਿੰਦਗੀ ਨਹੀਂ ਕੱਟੀ ਜਾ ਸਕਦੀ। ਮੇਰੀ ਨਜ਼ਰ ਵਿਚ ਕੋਈ ਔਰਤ ਜਾਂ ਆਦਮੀ ਨਹੀਂ ਜੋ ਸਾਰੀ ਉਮਰ ਆਪਣੇ ਸਾਥੀ ਦੇ ਵਫ਼ਾਦਾਰ ਰਹਿੰਦਾ ਹੈ ਜਾਂ ਰਹਿਣਾ ਚਾਹੁੰਦਾ ਹੈ।” ਆਪਣੀ ਜ਼ਿੰਦਗੀ ਬਾਰੇ ਗੱਲ ਕਰਦੇ ਹੋਏ ਇਕ ਪ੍ਰਸਿੱਧ ਅਭਿਨੇਤਾ ਨੇ ਕਿਹਾ: “ਮੈਨੂੰ ਲੱਗਦਾ ਨਹੀਂ ਕਿ ਸਾਨੂੰ ਆਪਣੀ ਪੂਰੀ ਜ਼ਿੰਦਗੀ ਸਿਰਫ਼ ਇਕ ਜਣੇ ਨਾਲ ਗੁਜ਼ਾਰਨੀ ਚਾਹੀਦੀ ਹੈ।” ਤਾਂ ਫਿਰ, ਸਾਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ: ‘ਕੀ ਵਿਆਹ ਬਾਰੇ ਮੇਰਾ ਨਜ਼ਰੀਆ ਯਹੋਵਾਹ ਵਰਗਾ ਹੈ ਜਾਂ ਦੁਨੀਆਂ ਦੇ ਲੋਕਾਂ ਵਰਗਾ?’

11, 12. (ੳ) ਨੌਜਵਾਨਾਂ ਲਈ ਯਹੋਵਾਹ ਦੇ ਅਸੂਲਾਂ ਤੇ ਚੱਲਣਾ ਮੁਸ਼ਕਲ ਕਿਉਂ ਹੋ ਸਕਦਾ ਹੈ? (ਅ) ਮਿਸਾਲ ਦੇ ਕੇ ਸਮਝਾਓ ਕੇ ਯਹੋਵਾਹ ਦੇ ਅਸੂਲਾਂ ਨੂੰ ਠੁਕਰਾਉਣ ਦੇ ਬੁਰੇ ਨਤੀਜੇ ਨਿਕਲਦੇ ਹਨ।

11 ਨੌਜਵਾਨ ਭੈਣੋ-ਭਰਾਵੋ, ਸਾਵਧਾਨ ਰਹੋ ਕਿਉਂਕਿ ਸ਼ਤਾਨ ਅੱਜ ਖ਼ਾਸਕਰ ਤੁਹਾਨੂੰ ਆਪਣਾ ਨਿਸ਼ਾਨਾ ਬਣਾਉਂਦਾ ਹੈ। “ਜੁਆਨੀ ਦੀਆਂ ਕਾਮਨਾਂ” ਤੋਂ ਇਲਾਵਾ ਦੁਨੀਆਂ ਵਰਗੇ ਬਣਨ ਦੇ ਦਬਾਅ ਕਰਕੇ ਤੁਹਾਡੇ ਮਨ ਵਿਚ ਆ ਸਕਦਾ ਹੈ ਕਿ ਪਰਮੇਸ਼ੁਰ ਦੇ ਅਸੂਲਾਂ ਤੇ ਚੱਲਣਾ ਬਹੁਤ ਔਖਾ ਹੈ। (2 ਤਿਮੋ. 2:22) ਪਰ ਤੁਸੀਂ ਇੱਦਾਂ ਕਦੇ ਨਾ ਸੋਚੋ। ਯਹੋਵਾਹ ਦੇ ਅਸੂਲਾਂ ਤੇ ਚੱਲਣ ਦੇ ਫ਼ਾਇਦਿਆਂ ਬਾਰੇ ਸੋਚੋ। ਬਾਈਬਲ ਵਿਚ ਲਿਖਿਆ ਹੈ ਕਿ “ਹਰਾਮਕਾਰੀ ਤੋਂ ਭੱਜੋ।” (1 ਕੁਰਿੰ. 6:18) ਆਪਣੇ ਆਪ ਨੂੰ ਪੁੱਛੋ: ‘ਇਹ ਹੁਕਮ ਵਧੀਆ ਕਿਉਂ ਹੈ? ਇਸ ਹੁਕਮ ਨੂੰ ਮੰਨਣ ਦਾ ਮੈਨੂੰ ਕੀ ਫ਼ਾਇਦਾ ਹੈ?’ ਸ਼ਾਇਦ ਤੁਸੀਂ ਕਿਸੇ ਨੂੰ ਜਾਣਦੇ ਹੋ ਜਿਸ ਨੂੰ ਪਰਮੇਸ਼ੁਰ ਦੇ ਅਸੂਲਾਂ ਤੋਂ ਮੂੰਹ ਮੋੜ ਕੇ ਭਾਰੀ ਕੀਮਤ ਚੁਕਾਉਣੀ ਪਈ ਹੈ। ਕੀ ਪਰਮੇਸ਼ੁਰ ਤੋਂ ਦੂਰ ਹੋ ਕੇ ਉਸ ਦੀ ਜ਼ਿੰਦਗੀ ਤੇ ਅਸਰ ਪਿਆ ਹੈ? ਕੀ ਉਹ ਹੁਣ ਖ਼ੁਸ਼ ਹੈ? ਕੀ ਉਸ ਦੀ ਜ਼ਿੰਦਗੀ ਹੁਣ ਪਹਿਲਾਂ ਨਾਲੋਂ ਬਿਹਤਰ ਹੈ? ਕੀ ਉਸ ਨੂੰ ਖ਼ੁਸ਼ੀਆਂ ਦਾ ਰਾਜ਼ ਲੱਭ ਗਿਆ ਹੈ?​—⁠ਯਸਾਯਾਹ 65:14 ਪੜ੍ਹੋ।

12 ਕਾਫ਼ੀ ਸਮਾਂ ਪਹਿਲਾਂ ਸ਼ੈਰਨ ਨਾਂ ਦੀ ਇਕ ਭੈਣ ਨੇ ਲਿਖਿਆ: “ਮੈਂ ਯਹੋਵਾਹ ਦੇ ਅਸੂਲਾਂ ਨੂੰ ਠੁਕਰਾ ਕੇ ਹੁਣ ਬਹੁਤ ਪਛਤਾ ਰਹੀ ਹਾਂ। ਮੈਨੂੰ ਏਡਜ਼ ਦਾ ਰੋਗ ਲੱਗ ਗਿਆ ਹੈ। ਹੁਣ ਮੈਨੂੰ ਅਕਸਰ ਉਨ੍ਹਾਂ ਸਾਲਾਂ ਦੀਆਂ ਮਿੱਠੀਆਂ ਯਾਦਾਂ ਚੇਤੇ ਆਉਂਦੀਆਂ ਹਨ ਜਦ ਮੈਂ ਯਹੋਵਾਹ ਦੀ ਸੇਵਾ ਕਰਦੀ ਸੀ।” ਇਸ ਭੈਣ ਨੂੰ ਆਪਣੀ ਗ਼ਲਤੀ ਦਾ ਪੂਰਾ ਅਹਿਸਾਸ ਹੋਇਆ। ਕਾਸ਼ ਉਸ ਨੇ ਯਹੋਵਾਹ ਦੇ ਅਸੂਲਾਂ ਤੇ ਚੱਲਣ ਦੀ ਅਹਿਮੀਅਤ ਨੂੰ ਪਹਿਲਾਂ ਸਮਝਿਆ ਹੁੰਦਾ, ਤਾਂ ਉਸ ਨੂੰ ਇਹ ਦਿਨ ਦੇਖਣਾ ਨਾ ਪੈਂਦਾ। ਪਰਮੇਸ਼ੁਰ ਦੇ ਅਸੂਲ ਸਾਨੂੰ ਦੁੱਖਾਂ ਤੋਂ ਬਚਾਉਂਦੇ ਹਨ। ਸ਼ੈਰਨ ਦੇ ਇਹ ਗੱਲ ਲਿਖਣ ਤੋਂ ਸੱਤ ਹਫ਼ਤੇ ਬਾਅਦ ਉਸ ਦੀ ਮੌਤ ਹੋ ਗਈ। ਇਸ ਭੈਣ ਨਾਲ ਜੋ ਹੋਇਆ ਉਸ ਤੋਂ ਅਸੀਂ ਸਾਫ਼ ਦੇਖ ਸਕਦੇ ਹਾਂ ਕਿ ਸ਼ਤਾਨ ਦੇ ਪਿੱਛੇ ਲੱਗ ਕੇ ਸਾਡੇ ਪੱਲੇ ਦੁੱਖਾਂ ਤੋਂ ਸਿਵਾਇ ਹੋਰ ਕੁਝ ਨਹੀਂ ਪੈਂਦਾ। ਉਸ ਦੇ ਸਭ ਵਾਅਦੇ ਫੋਕੇ ਹਨ ਜਿਵੇਂ ਉਸ ਦਾ ਹੱਵਾਹ ਨਾਲ ਕੀਤਾ ਵਾਅਦਾ ਫੋਕਾ ਸੀ। ਉਹ “ਝੂਠ ਦਾ ਪਤੰਦਰ ਹੈ।” (ਯੂਹੰ. 8:44) ਜੇ ਅਸੀਂ ਆਪਣਾ ਭਲਾ ਚਾਹੁੰਦੇ ਹਾਂ, ਤਾਂ ਸਾਨੂੰ ਹਰ ਗੱਲ ਵਿਚ ਯਹੋਵਾਹ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਆਪਣੀ ਮਨ-ਮਰਜ਼ੀ ਕਰਨ ਦੇ ਜਾਲ ਵਿਚ ਨਾ ਫਸੋ

13. ਪਰਮੇਸ਼ੁਰ ਦੇ ਅਧੀਨ ਰਹਿਣ ਦਾ ਕੀ ਮਤਲਬ ਹੈ?

13 ਪਰਮੇਸ਼ੁਰ ਦੇ ਅਧੀਨ ਰਹਿਣ ਦਾ ਮਤਲਬ ਹੈ ਕਿ ਅਸੀਂ ਆਪਣੀ ਮਨ-ਮਰਜ਼ੀ ਕਰਨ ਤੋਂ ਟਲ਼ੀਏ। ਜੇ ਸਾਡੇ ਵਿਚ ਹੰਕਾਰ ਹੈ, ਤਾਂ ਸ਼ਾਇਦ ਸਾਨੂੰ ਲੱਗੇ ਕਿ ਸਾਨੂੰ ਕਿਸੇ ਦੀ ਗੱਲ ਸੁਣਨ ਦੀ ਲੋੜ ਨਹੀਂ। ਅਸੀਂ ਸ਼ਾਇਦ ਉਸ ਸਲਾਹ ਨੂੰ ਵੀ ਠੁਕਰਾ ਦੇਈਏ ਜੋ ਸਾਨੂੰ ਕਲੀਸਿਯਾ ਦੇ ਬਜ਼ੁਰਗਾਂ ਤੋਂ ਮਿਲਦੀ ਹੈ। ਯਹੋਵਾਹ ਨੇ ਮਾਤਬਰ ਅਤੇ ਬੁੱਧਵਾਨ ਨੌਕਰ ਰਾਹੀਂ ਸਾਨੂੰ ਵੇਲੇ ਸਿਰ ਸਿੱਖਿਆ ਦੇਣ ਦਾ ਪ੍ਰਬੰਧ ਕੀਤਾ ਹੈ। (ਮੱਤੀ 24:45-47) ਸਾਨੂੰ ਹਲੀਮੀ ਨਾਲ ਪਰਮੇਸ਼ੁਰ ਦੇ ਇਸ ਪ੍ਰਬੰਧ ਨੂੰ ਕਬੂਲ ਕਰਨਾ ਚਾਹੀਦਾ ਹੈ। ਇਸ ਮਾਮਲੇ ਵਿਚ ਸਾਡਾ ਰਵੱਈਆ ਯਿਸੂ ਦੇ ਰਸੂਲਾਂ ਵਰਗਾ ਹੋਣਾ ਚਾਹੀਦਾ ਹੈ। ਜਦ ਯਿਸੂ ਦੇ ਕੁਝ ਚੇਲੇ ਉਸ ਨੂੰ ਛੱਡ ਕੇ ਚਲੇ ਗਏ ਕਿਉਂਕਿ ਉਹ ਉਸ ਦੀਆਂ ਗੱਲਾਂ ਨਾ ਸਮਝੇ, ਤਾਂ ਯਿਸੂ ਨੇ ਆਪਣੇ ਰਸੂਲਾਂ ਨੂੰ ਪੁੱਛਿਆ: “ਕੀ ਤੁਸੀਂ ਵੀ ਜਾਣਾ ਚਾਹੁੰਦੇ ਹੋ?” ਪਤਰਸ ਨੇ ਜਵਾਬ ਦਿੱਤਾ: “ਪ੍ਰਭੁ ਜੀ ਅਸੀਂ ਕਿਹ ਦੇ ਕੋਲ ਜਾਈਏ? ਸਦੀਪਕ ਜੀਉਣ ਦੀਆਂ ਗੱਲਾਂ ਤਾਂ ਤੇਰੇ ਕੋਲ ਹਨ।”​—⁠ਯੂਹੰ. 6:66-68.

14, 15. ਸਾਨੂੰ ਹਲੀਮੀ ਨਾਲ ਬਾਈਬਲ ਦੀ ਸਲਾਹ ਕਬੂਲ ਕਿਉਂ ਕਰਨੀ ਚਾਹੀਦੀ ਹੈ?

14 ਆਪਣੇ ਆਪ ਨੂੰ ਯਹੋਵਾਹ ਦੇ ਅਧੀਨ ਕਰਨ ਦਾ ਇਹ ਵੀ ਮਤਲਬ ਹੈ ਕਿ ਅਸੀਂ ਉਸ ਦੇ ਬਚਨ ਤੋਂ ਮਿਲੀ ਸਲਾਹ ਨੂੰ ਕਬੂਲ ਕਰੀਏ। ਮਿਸਾਲ ਲਈ, ਮਾਤਬਰ ਅਤੇ ਬੁੱਧਵਾਨ ਨੌਕਰ ਸਾਨੂੰ ਤਾਕੀਦ ਕਰਦਾ ਆਇਆ ਹੈ ਕਿ ਅਸੀਂ “ਜਾਗਦੇ ਰਹੀਏ ਅਰ ਸੁਚੇਤ ਰਹੀਏ।” (1 ਥੱਸ. 5:6) ਅੱਜ ਅੱਗੇ ਨਾਲੋਂ ਕਿਤੇ ਜ਼ਿਆਦਾ ਸਾਨੂੰ ਇਸ ਸਲਾਹ ਤੇ ਚੱਲਣ ਦੀ ਲੋੜ ਹੈ ਕਿਉਂਕਿ ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ‘ਮਨੁੱਖ ਆਪ ਸੁਆਰਥੀ ਅਤੇ ਮਾਇਆ ਦੇ ਲੋਭੀ’ ਹਨ। (2 ਤਿਮੋ. 3:1, 2) ਕੀ ਇੱਦਾਂ ਦੇ ਲੋਕਾਂ ਦਾ ਅਸਰ ਸਾਡੇ ਤੇ ਵੀ ਪੈ ਸਕਦਾ ਹੈ? ਹਾਂ, ਖ਼ਾਸਕਰ ਉਦੋਂ ਜਦੋਂ ਅਸੀਂ ਯਹੋਵਾਹ ਦੀ ਸੇਵਾ ਵਿਚ ਜ਼ਿਆਦਾ ਕਰਨ ਦੀ ਬਜਾਇ ਦੁਨੀਆਂ ਵਿਚ ਨਾਮ, ਸ਼ੁਹਰਤ ਅਤੇ ਪੈਸਾ ਕਮਾਉਣ ਨੂੰ ਪਹਿਲ ਦੇਣ ਲੱਗ ਪੈਂਦੇ ਹਾਂ। (ਲੂਕਾ 12:16-21) ਇਸ ਲਈ ਅਕਲਮੰਦੀ ਦੀ ਗੱਲ ਇਹ ਹੋਵੇਗੀ ਕਿ ਅਸੀਂ ਬਾਈਬਲ ਦੀ ਸਲਾਹ ਤੇ ਚੱਲੀਏ ਅਤੇ ਇਸ ਦੁਨੀਆਂ ਵਰਗੇ ਬਣਨ ਦੀ ਕੋਸ਼ਿਸ਼ ਨਾ ਕਰੀਏ।​—⁠1 ਯੂਹੰ. 2:16.

15 ਮਾਤਬਰ ਅਤੇ ਬੁੱਧਵਾਨ ਨੌਕਰ ਕਲੀਸਿਯਾਵਾਂ ਦੇ ਬਜ਼ੁਰਗਾਂ ਰਾਹੀਂ ਸਾਨੂੰ ਸਿੱਖਿਆ ਦਿੰਦਾ ਹੈ। ਬਾਈਬਲ ਕਹਿੰਦੀ ਹੈ: “ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਅਤੇ ਓਹਨਾਂ ਦੇ ਅਧੀਨ ਰਹੋ ਕਿਉਂ ਜੋ ਓਹ ਉਨ੍ਹਾਂ ਵਾਂਙੁ ਜਿਨ੍ਹਾਂ ਲੇਖਾ ਦੇਣਾ ਹੈ ਤੁਹਾਡੀਆਂ ਜਾਨਾਂ ਦੇ ਨਮਿੱਤ ਜਾਗਦੇ ਰਹਿੰਦੇ ਹਨ ਭਈ ਓਹ ਇਹ ਕੰਮ ਅਨੰਦ ਨਾਲ ਕਰਨ, ਨਾ ਹਾਉਕੇ ਭਰ ਭਰ ਕੇ ਕਿਉਂ ਜੋ ਇਹ ਤੁਹਾਡੇ ਲਈ ਲਾਭਵੰਤ ਨਹੀਂ।” (ਇਬ. 13:17) ਕੀ ਇਸ ਦਾ ਮਤਲਬ ਹੈ ਕਿ ਬਜ਼ੁਰਗ ਕਦੀ ਕੋਈ ਗ਼ਲਤੀ ਨਹੀਂ ਕਰਦੇ? ਨਹੀਂ ਐਸੀ ਗੱਲ ਨਹੀਂ। ਯਹੋਵਾਹ ਜਾਣਦਾ ਹੈ ਕਿ ਉਹ ਨਾਮੁਕੰਮਲ ਇਨਸਾਨ ਹਨ ਅਤੇ ਗ਼ਲਤੀਆਂ ਕਰਦੇ ਹਨ, ਪਰ ਯਹੋਵਾਹ ਨੇ ਆਪਣੇ ਲੋਕਾਂ ਦੀ ਦੇਖ-ਰੇਖ ਇਨ੍ਹਾਂ ਨੂੰ ਸੌਂਪੀ ਹੈ। ਅਤੇ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਇਨ੍ਹਾਂ ਦੇ ਅਧੀਨ ਰਹੀਏ। ਇਨ੍ਹਾਂ ਦੇ ਅਧੀਨ ਰਹਿਣਾ ਯਹੋਵਾਹ ਦੇ ਅਧੀਨ ਰਹਿਣ ਦੇ ਬਰਾਬਰ ਹੈ।

ਹੰਕਾਰ ਨਾ ਕਰੋ

16. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਯਿਸੂ ਨੂੰ ਕਲੀਸਿਯਾ ਦੇ ਸਿਰ ਵਜੋਂ ਕਬੂਲ ਕਰਦੇ ਹਾਂ?

16 ਸਾਨੂੰ ਇਕ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਯਿਸੂ ਕਲੀਸਿਯਾ ਦਾ ਸਿਰ ਹੈ। (ਕੁਲੁ. 1:18) ਕਲੀਸਿਯਾ ਦੇ ਬਜ਼ੁਰਗ ਯਿਸੂ ਦੇ ਅਧੀਨ ਕੰਮ ਕਰਦੇ ਹਨ। ਇਸ ਲਈ ਅਸੀਂ ਨਿਮਰਤਾ ਨਾਲ ਉਨ੍ਹਾਂ ਦੀ ਸਲਾਹ ਮੰਨਦੇ ਹਾਂ ਅਤੇ ‘ਓਹਨਾਂ ਦਾ ਬਹੁਤਾ ਆਦਰ’ ਕਰਦੇ ਹਾਂ। (1 ਥੱਸ. 5:12, 13) ਕਲੀਸਿਯਾ ਦੇ ਬਜ਼ੁਰਗਾਂ ਨੂੰ ਵੀ ਅਧੀਨ ਹੋ ਕੇ ਭੈਣਾਂ-ਭਰਾਵਾਂ ਨੂੰ ਆਪਣੀ ਸਿੱਖਿਆ ਨਹੀਂ, ਸਗੋਂ ਬਾਈਬਲ ਦੀ ਹੀ ਸਿੱਖਿਆ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਆਪਣੇ ਖ਼ਿਆਲਾਂ ਨੂੰ ਅੱਗੇ ਵਧਾਉਣ ਦੀ ਬਜਾਇ, “ਜਿਹੜੀਆਂ ਗੱਲਾਂ ਲਿਖੀਆਂ ਹੋਈਆਂ ਹਨ ਉਨ੍ਹਾਂ ਤੋਂ ਪਰੇ” ਨਹੀਂ ਹਟਣਾ ਚਾਹੀਦਾ।​—⁠1 ਕੁਰਿੰ. 4:6.

17. ਹੰਕਾਰ ਕਰਨ ਵਿਚ ਕੀ ਖ਼ਤਰਾ ਹੈ?

17 ਕਲੀਸਿਯਾ ਦੇ ਹਰ ਮੈਂਬਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਆਪ ਨੂੰ ਉੱਚਾ ਨਾ ਚੁੱਕੇ। (ਕਹਾ. 25:27) ਯੂਹੰਨਾ ਰਸੂਲ ਦੇ ਜ਼ਮਾਨੇ ਵਿਚ ਇਕ ਭਰਾ ਮਹਿਮਾ ਖੱਟਣ ਦੇ ਜਾਲ ਵਿਚ ਫੱਸ ਗਿਆ ਸੀ। ਉਸ ਬਾਰੇ ਯੂਹੰਨਾ ਨੇ ਲਿਖਿਆ: “ਦਿਯੁਤ੍ਰਿਫੇਸ ਜਿਹੜਾ ਉਨ੍ਹਾਂ ਵਿੱਚੋਂ ਸਿਰ ਕੱਢ ਹੋਣਾ ਚਾਹੁੰਦਾ ਹੈ ਸਾਨੂੰ ਨਹੀਂ ਮੰਨਦਾ। ਇਸ ਕਾਰਨ ਜੇ ਮੈਂ ਆਇਆ ਤਾਂ ਉਹ ਦੇ ਕੰਮ ਜਿਹੜੇ ਉਹ ਕਰਦਾ ਹੈ ਚਿਤਾਰਾਂਗਾ ਕਿ ਉਹ ਬੁਰੀਆਂ ਗੱਲਾਂ ਆਖ ਕੇ ਸਾਡੇ ਵਿਰੁੱਧ ਬਕਦਾ ਹੈ।” (3 ਯੂਹੰ. 9, 10) ਇਸ ਭਰਾ ਦੇ ਗ਼ਲਤ ਰਵੱਈਏ ਤੋਂ ਅਸੀਂ ਸਬਕ ਸਿੱਖ ਸਕਦੇ ਹਾਂ। ਜੇ ਸਾਡੇ ਦਿਲ ਵਿਚ ਵੱਡੇ ਬਣਨ ਦੀ ਇੱਛਾ ਜੜ੍ਹ ਫੜ ਰਹੀ ਹੈ, ਤਾਂ ਸਾਨੂੰ ਇਸ ਨੂੰ ਫ਼ੌਰਨ ਪੁੱਟਣ ਦੀ ਲੋੜ ਹੈ। ਬਾਈਬਲ ਕਹਿੰਦੀ ਹੈ: “ਨਾਸ ਤੋਂ ਪਹਿਲਾਂ ਹੰਕਾਰ ਅਤੇ ਡਿੱਗਣ ਤੋਂ ਪਹਿਲਾਂ ਘੁਮੰਡੀ ਰੂਹ ਹੁੰਦੀ ਹੈ।” ਹੰਕਾਰ ਕਰਨ ਦਾ ਨਤੀਜਾ ਹਮੇਸ਼ਾ ਹੀ ਬੁਰਾ ਨਿਕਲਦਾ ਹੈ। ਤਾਂ ਫਿਰ, ਜੇ ਅਸੀਂ ਪਰਮੇਸ਼ੁਰ ਦੇ ਅਧੀਨ ਰਹਿਣਾ ਚਾਹੁੰਦੇ ਹਾਂ, ਤਾਂ ਸਾਨੂੰ ਹੰਕਾਰ ਕਰਨ ਤੋਂ ਪਰਹੇਜ਼ ਕਰਨ ਦੀ ਲੋੜ ਹੈ।​—⁠ਕਹਾ. 11:2; 16:⁠18.

18. ਆਪਣੇ ਆਪ ਨੂੰ ਯਹੋਵਾਹ ਦੇ ਅਧੀਨ ਕਰਨ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?

18 ਜੀ ਹਾਂ ਸਾਨੂੰ ਆਪਣੀ ਮਨ-ਮਰਜ਼ੀ ਨਹੀਂ ਕਰਨੀ ਚਾਹੀਦੀ। ਇਸ ਦੀ ਬਜਾਇ ਸਾਨੂੰ ਯਹੋਵਾਹ ਦੇ ਅਧੀਨ ਰਹਿਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਮੇਂ-ਸਮੇਂ ਤੇ ਸਾਨੂੰ ਆਪਣੇ ਆਪ ਨੂੰ ਚੇਤੇ ਕਰਾਉਣਾ ਚਾਹੀਦਾ ਹੈ ਕਿ ਸਾਡੇ ਕੋਲ ਯਹੋਵਾਹ ਦੀ ਸੇਵਾ ਕਰਨ ਦਾ ਕਿੰਨਾ ਵੱਡਾ ਸਨਮਾਨ ਹੈ। ਅੱਜ ਅਸੀਂ ਯਹੋਵਾਹ ਦੀ ਸੇਵਾ ਸਿਰਫ਼ ਇਸ ਲਈ ਕਰ ਪਾ ਰਹੇ ਹਾਂ ਕਿਉਂਕਿ ਯਹੋਵਾਹ ਨੇ ਸਾਨੂੰ ਆਪਣੇ ਵੱਲ ਖਿੱਚਿਆ ਹੈ। (ਯੂਹੰ. 6:44) ਸਾਨੂੰ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਕਦੇ ਮਾਮੂਲੀ ਨਹੀਂ ਸਮਝਣਾ ਚਾਹੀਦਾ। ਸਾਨੂੰ ਜ਼ਿੰਦਗੀ ਦੇ ਹਰ ਪਹਿਲੂ ਵਿਚ ਦਿਖਾਉਣਾ ਚਾਹੀਦਾ ਹੈ ਕਿ ਅਸੀਂ ਦੁਨੀਆਂ ਦੀ ਨਹੀਂ, ਬਲਕਿ ਯਹੋਵਾਹ ਦੀ ਹੀ ਮੰਨਦੇ ਹਾਂ।

ਕੀ ਤੁਹਾਨੂੰ ਯਾਦ ਹੈ?

• ਯਹੋਵਾਹ ਦੇ ਅਧੀਨ ਰਹਿਣ ਦਾ ਕੀ ਮਤਲਬ ਹੈ?

• ਪਰਮੇਸ਼ੁਰ ਦੀ ਆਗਿਆ ਦੀ ਪਾਲਣਾ ਕਰਨ ਲਈ ਸਾਨੂੰ ਆਪਣੀਆਂ ਗਿਆਨ ਇੰਦਰੀਆਂ ਸਾਧਣ ਦੀ ਲੋੜ ਕਿਉਂ ਹੈ?

• ਯਹੋਵਾਹ ਦੀ ਮਰਜ਼ੀ ਦੇ ਸੰਬੰਧ ਵਿਚ ਸ਼ਤਾਨ ਕੀ ਚਾਹੁੰਦਾ ਹੈ?

• ਯਹੋਵਾਹ ਦੇ ਅਧੀਨ ਹੋਣ ਲਈ ਸਾਨੂੰ ਨਿਮਰ ਬਣਨ ਦੀ ਲੋੜ ਕਿਉਂ ਹੈ?

[ਸਵਾਲ]

[ਸਫ਼ਾ 18 ਉੱਤੇ ਤਸਵੀਰ]

“ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ”

[ਸਫ਼ਾ 20 ਉੱਤੇ ਤਸਵੀਰ]

ਪਰਮੇਸ਼ੁਰ ਦੇ ਅਧੀਨ ਰਹਿਣਾ ਅਕਲਮੰਦੀ ਦੀ ਗੱਲ ਹੈ