Skip to content

Skip to table of contents

ਮੌਤ ਉੱਤੇ ਜਿੱਤ

ਮੌਤ ਉੱਤੇ ਜਿੱਤ

ਮੌਤ ਉੱਤੇ ਜਿੱਤ

ਕਲਪਨਾ ਕਰੋ ਕਿ ਤੁਸੀਂ ਅਖ਼ਬਾਰ ਵਿਚ ਕਿਸੇ ਕੁੜੀ ਦੀ ਆਤਮ-ਹੱਤਿਆ ਦੀ ਬਜਾਇ ਉੱਪਰਲੀ ਸੁਰਖੀ ਪੜ੍ਹਦੇ ਹੋ। ਇਹ ਸੱਚ ਹੈ ਕਿ ਕਿਸੇ ਵੀ ਅਖ਼ਬਾਰ ਨੇ ਕਦੀ ਇਸ ਤਰ੍ਹਾਂ ਦੀ ਖ਼ਬਰ ਨਹੀਂ ਛਾਪੀ। ਪਰ ਇਹ ਖ਼ਬਰ ਹਜ਼ਾਰਾਂ ਸਾਲ ਪੁਰਾਣੀ ਇਕ ਕਿਤਾਬ ਵਿਚ ਦਰਜ ਹੈ। ਉਹ ਕਿਤਾਬ ਬਾਈਬਲ ਹੈ।

ਬਾਈਬਲ ਵਿਚ ਮੌਤ ਬਾਰੇ ਚੰਗੀ ਤਰ੍ਹਾਂ ਸਮਝਾਇਆ ਗਿਆ ਹੈ। ਇਸ ਵਿਚ ਸਿਰਫ਼ ਇਹ ਹੀ ਨਹੀਂ ਦੱਸਿਆ ਗਿਆ ਹੈ ਕਿ ਅਸੀਂ ਕਿਉਂ ਮਰਦੇ ਹਾਂ, ਪਰ ਇਹ ਵੀ ਸਮਝਾਇਆ ਗਿਆ ਹੈ ਕਿ ਮਰੇ ਹੋਏ ਕਿਸ ਹਾਲਤ ਵਿਚ ਹਨ ਅਤੇ ਅਸੀਂ ਆਪਣੇ ਮਰੇ ਹੋਏ ਅਜ਼ੀਜ਼ਾਂ ਨੂੰ ਫਿਰ ਦੇਖ ਸਕਦੇ ਹਾਂ। ਬਾਈਬਲ ਇਕ ਅਜਿਹੇ ਸਮੇਂ ਬਾਰੇ ਦੱਸਦੀ ਹੈ ਜਦ ਅਸੀਂ ਇਹ ਖ਼ਬਰ ਦੇ ਸਕਾਂਗੇ: “ਮੌਤ ਫਤਹ ਦੀ ਬੁਰਕੀ ਹੋ ਗਈ।”—1 ਕੁਰਿੰਥੀਆਂ 15:54.

ਬਾਈਬਲ ਮੌਤ ਨੂੰ ਸਪੱਸ਼ਟ ਤੇ ਸੌਖੇ ਸ਼ਬਦਾਂ ਵਿਚ ਸਮਝਾਉਂਦੀ ਹੈ। ਮਿਸਾਲ ਲਈ, ਬਾਈਬਲ ਵਿਚ ਮੌਤ ਦੀ ਤੁਲਨਾ ਅਕਸਰ ਸੌਣ ਨਾਲ ਕੀਤੀ ਜਾਂਦੀ ਹੈ। ਇਸ ਵਿਚ ਮਰੇ ਹੋਇਆਂ ਬਾਰੇ ਕਿਹਾ ਗਿਆ ਹੈ ਕਿ ਉਹ “ਮੌਤ ਦੀ ਨੀਂਦ” ਸੁੱਤੇ ਹੋਏ ਹਨ। (ਜ਼ਬੂਰਾਂ ਦੀ ਪੋਥੀ 13:3; 1 ਥੱਸਲੁਨੀਕੀਆਂ 4:13; ਯੂਹੰਨਾ 11:11-14) ਮੌਤ ਨੂੰ “ਵੈਰੀ” ਵੀ ਕਿਹਾ ਗਿਆ ਹੈ। (1 ਕੁਰਿੰਥੀਆਂ 15:26) ਬਾਈਬਲ ਸਾਡੀ ਇਹ ਵੀ ਸਮਝਣ ਵਿਚ ਮਦਦ ਕਰਦੀ ਹੈ ਕਿ ਮੌਤ ਦੀ ਤੁਲਨਾ ਸੌਣ ਦੇ ਨਾਲ ਕਿਉਂ ਕੀਤੀ ਜਾ ਸਕਦੀ ਹੈ, ਇਨਸਾਨ ਕਿਉਂ ਮਰਦੇ ਹਨ ਅਤੇ ਇਸ ਵੈਰੀ ਨੂੰ ਅਖ਼ੀਰ ਵਿਚ ਕਿਸ ਤਰ੍ਹਾਂ ਹਰਾਇਆ ਜਾਵੇਗਾ।

ਅਸੀਂ ਕਿਉਂ ਮਰਦੇ ਹਾਂ?

ਬਾਈਬਲ ਦੀ ਪਹਿਲੀ ਕਿਤਾਬ ਸਾਨੂੰ ਦੱਸਦੀ ਹੈ ਕਿ ਪਰਮੇਸ਼ੁਰ ਨੇ ਪਹਿਲੇ ਇਨਸਾਨ ਆਦਮ ਨੂੰ ਬਣਾ ਕੇ ਇਕ ਸੁੰਦਰ ਬਾਗ਼ ਵਿਚ ਵਸਾਇਆ ਸੀ। (ਉਤਪਤ 2:7, 15) ਪਰਮੇਸ਼ੁਰ ਨੇ ਆਦਮ ਨੂੰ ਵਧੀਆ ਕੰਮ ਸੌਂਪਿਆ ਸੀ, ਪਰ ਇਸ ਦੇ ਨਾਲ-ਨਾਲ ਪਰਮੇਸ਼ੁਰ ਨੇ ਉਸ ਉੱਤੇ ਇਕ ਪਾਬੰਦੀ ਵੀ ਲਾਈ ਸੀ। ਪਰਮੇਸ਼ੁਰ ਨੇ ਆਦਮ ਨੂੰ ਬਾਗ਼ ਦੇ ਇਕ ਦਰਖ਼ਤ ਦਾ ਫਲ ਖਾਣ ਤੋਂ ਮਨ੍ਹਾ ਕੀਤਾ ਸੀ। ਉਸ ਨੇ ਕਿਹਾ: ‘ਇਸ ਬਿਰਛ ਤੋਂ ਤੂੰ ਨਾ ਖਾਈਂ ਕਿਉਂਜੋ ਜਿਸ ਦਿਨ ਤੂੰ ਉਸ ਤੋਂ ਖਾਵੇਂ ਤੂੰ ਜ਼ਰੂਰ ਮਰੇਂਗਾ।’ * (ਉਤਪਤ 2:17) ਇਸ ਲਈ ਆਦਮ ਨੂੰ ਪਤਾ ਸੀ ਕਿ ਉਸ ਦੇ ਲਈ ਮਰਨਾ ਜ਼ਰੂਰੀ ਨਹੀਂ ਸੀ। ਮੌਤ ਪਰਮੇਸ਼ੁਰ ਦੇ ਹੁਕਮ ਨੂੰ ਤੋੜਨ ਦਾ ਨਤੀਜਾ ਸੀ।

ਅਫ਼ਸੋਸ ਦੀ ਗੱਲ ਹੈ ਕਿ ਆਦਮ ਤੇ ਉਸ ਦੀ ਪਤਨੀ ਹੱਵਾਹ ਨੇ ਪਰਮੇਸ਼ੁਰ ਦੇ ਹੁਕਮ ਦੀ ਉਲੰਘਣਾ ਕੀਤੀ। ਇਸ ਲਈ ਉਨ੍ਹਾਂ ਨੇ ਆਪਣੇ ਕਰਤਾਰ ਦੀ ਇੱਛਾ ਦੇ ਵਿਰੁੱਧ ਜਾਣ ਦੇ ਨਤੀਜੇ ਵੀ ਭੋਗੇ। ਪਾਪ ਦੇ ਨਤੀਜੇ ਬਾਰੇ ਦੱਸਦੇ ਹੋਏ ਪਰਮੇਸ਼ੁਰ ਨੇ ਆਦਮ ਨੂੰ ਕਿਹਾ: “ਤੂੰ ਮਿੱਟੀ ਹੈਂ ਅਤੇ ਮਿੱਟੀ ਵਿੱਚ ਤੂੰ ਮੁੜ ਜਾਵੇਂਗਾ।” (ਉਤਪਤ 3:19) ਉਹ ਪਰਮੇਸ਼ੁਰ ਦੇ ਉੱਚੇ ਮਿਆਰਾਂ ਅਨੁਸਾਰ ਜੀਣ ਦੇ ਕਾਬਲ ਨਹੀਂ ਰਹੇ ਜਿਸ ਕਰਕੇ ਉਹ ਬੁੱਢੇ ਹੋ ਕੇ ਮਰਨ ਲੱਗੇ।

ਆਦਮ ਤੇ ਹੱਵਾਹ ਦੀ ਔਲਾਦ ਯਾਨੀ ਸਾਰੀ ਮਨੁੱਖਜਾਤੀ ਵੀ ਨਾਮੁਕੰਮਲ ਹੀ ਪੈਦਾ ਹੋਈ। ਪਾਪ ਇਕ ਖ਼ਾਨਦਾਨੀ ਬੀਮਾਰੀ ਦੀ ਤਰ੍ਹਾਂ ਸੀ। ਆਦਮ ਨੇ ਆਪ ਤਾਂ ਹਮੇਸ਼ਾ ਲਈ ਜੀਉਣ ਦੀ ਉਮੀਦ ਗੁਆ ਹੀ ਲਈ ਸੀ, ਉਸ ਨੇ ਆਪਣੀ ਔਲਾਦ ਨੂੰ ਵੀ ਵਿਰਸੇ ਵਿਚ ਪਾਪ ਤੋਂ ਸਿਵਾਇ ਹੋਰ ਕੁਝ ਨਹੀਂ ਦਿੱਤਾ। ਮਨੁੱਖਜਾਤੀ ਪਾਪ ਦੀ ਗ਼ੁਲਾਮੀ ਵਿਚ ਆ ਚੁੱਕੀ ਸੀ। ਬਾਈਬਲ ਕਹਿੰਦੀ ਹੈ: “ਇਸ ਲਈ ਜਿਵੇਂ ਇੱਕ ਮਨੁੱਖ ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ ਅਤੇ ਇਸੇ ਤਰਾਂ ਮੌਤ ਸਭਨਾਂ ਮਨੁੱਖਾਂ ਵਿੱਚ ਫੈਲਰ ਗਈ ਏਸ ਲਈ ਜੋ ਸਭਨਾਂ ਨੇ ਪਾਪ ਕੀਤਾ।”—ਰੋਮੀਆਂ 5:12.

“ਪਾਪ ਸੰਸਾਰ ਵਿੱਚ ਆਇਆ”

ਇਹ ਖ਼ਾਨਦਾਨੀ ਨੁਕਸ ਯਾਨੀ ਵਿਰਸੇ ਵਿਚ ਮਿਲਿਆ ਪਾਪ ਉਨ੍ਹਾਂ ਕਮੀਆਂ ਨੂੰ ਸੰਕੇਤ ਕਰਦਾ ਹੈ ਜਿਨ੍ਹਾਂ ਕਾਰਨ ਅਸੀਂ ਪਰਮੇਸ਼ੁਰ ਦੇ ਮਿਆਰਾਂ ਤੇ ਪੂਰਾ ਨਹੀਂ ਉੱਤਰ ਸਕਦੇ ਅਤੇ ਨਤੀਜੇ ਵਜੋਂ ਅਸੀਂ ਸਰੀਰਕ ਤੌਰ ਤੇ ਦੁੱਖ ਭੋਗਦੇ ਹਾਂ। ਪਰ ਬਾਈਬਲ ਸਾਨੂੰ ਦੱਸਦੀ ਹੈ ਕਿ ਪਰਮੇਸ਼ੁਰ ਨੇ ਇਸ ਦਾ ਇਲਾਜ ਵੀ ਲੱਭਿਆ ਹੈ। ਪੌਲੁਸ ਰਸੂਲ ਸਮਝਾਉਂਦਾ ਹੈ: “ਪਾਪ ਦੀ ਮਜੂਰੀ ਤਾਂ ਮੌਤ ਹੈ ਪਰ ਪਰਮੇਸ਼ੁਰ ਦੀ ਬਖ਼ਸ਼ੀਸ਼ ਮਸੀਹ ਯਿਸੂ ਸਾਡੇ ਪ੍ਰਭੁ ਦੇ ਵਿੱਚ ਸਦੀਪਕ ਜੀਵਨ ਹੈ।” (ਰੋਮੀਆਂ 6:23) ਪੌਲੁਸ ਨੇ ਕੁਰਿੰਥੁਸ ਦੇ ਮਸੀਹੀਆਂ ਨੂੰ ਆਪਣੀ ਪਹਿਲੀ ਚਿੱਠੀ ਵਿਚ ਇਕ ਬਹੁਤ ਹੀ ਮਹੱਤਵਪੂਰਣ ਗੱਲ ਦਾ ਭਰੋਸਾ ਦਿਵਾਇਆ ਸੀ ਕਿ “ਜਿਸ ਤਰਾਂ ਆਦਮ ਵਿੱਚ ਸੱਭੇ ਮਰਦੇ ਹਨ ਉਸੇ ਤਰਾਂ ਮਸੀਹ ਵਿੱਚ ਸੱਭੇ ਜੁਆਏ ਜਾਣਗੇ।”—1 ਕੁਰਿੰਥੀਆਂ 15:22.

ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਯਿਸੂ ਮਸੀਹ ਪਾਪ ਅਤੇ ਮੌਤ ਨੂੰ ਖ਼ਤਮ ਕਰਨ ਵਿਚ ਖ਼ਾਸ ਭੂਮਿਕਾ ਅਦਾ ਕਰਦਾ ਹੈ। ਉਸ ਨੇ ਕਿਹਾ ਸੀ ਕਿ ਉਹ “ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਆਇਆ” ਸੀ। (ਮੱਤੀ 20:28) ਅਸੀਂ ਇਸ ਗੱਲ ਨੂੰ ਇਕ ਮਿਸਾਲ ਦੁਆਰਾ ਸਮਝ ਸਕਦੇ ਹਾਂ। ਜਦ ਕੋਈ ਅਗਵਾਕਾਰ ਕਿਸੇ ਬੱਚੇ ਨੂੰ ਚੁੱਕ ਕੇ ਲੈ ਜਾਂਦਾ ਹੈ, ਤਦ ਉਹ ਬੱਚੇ ਨੂੰ ਛੱਡਣ ਦੇ ਬਦਲੇ ਇਕ ਬੱਝਵੀਂ ਰਕਮ ਦੀ ਮੰਗ ਕਰਦਾ ਹੈ। ਜਿੰਨਾ ਚਿਰ ਉਸ ਨੂੰ ਉਹ ਰਕਮ ਨਹੀਂ ਦਿੱਤੀ ਜਾਂਦੀ, ਉਹ ਬੱਚੇ ਨੂੰ ਛੱਡਦਾ ਨਹੀਂ। ਸਾਡੀ ਹਾਲਤ ਵੀ ਕੁਝ ਇਸੇ ਤਰ੍ਹਾਂ ਦੀ ਹੈ। ਅਸੀਂ ਪਾਪ ਅਤੇ ਮੌਤ ਦੀ ਗ਼ੁਲਾਮੀ ਵਿਚ ਹਾਂ ਅਤੇ ਜੋ ਰਕਮ ਸਾਨੂੰ ਇਸ ਗ਼ੁਲਾਮੀ ਤੋਂ ਛੁਡਾ ਸਕਦੀ ਹੈ ਉਹ ਹੈ ਯਿਸੂ ਦੀ ਮੁਕੰਮਲ ਮਾਨਵੀ ਜ਼ਿੰਦਗੀ। *ਰਸੂਲਾਂ ਦੇ ਕਰਤੱਬ 10:39-43.

ਪਰਮੇਸ਼ੁਰ ਨੇ ਨਿਸਤਾਰੇ ਦਾ ਮੁੱਲ ਭਰਨ ਲਈ ਯਿਸੂ ਨੂੰ ਇਸ ਧਰਤੀ ਤੇ ਭੇਜਿਆ ਸੀ ਜਿਸ ਨੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ। “ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ . . . ਸਦੀਪਕ ਜੀਉਣ ਪਾਵੇ।” (ਯੂਹੰਨਾ 3:16) ਆਪਣੀ ਜਾਨ ਕੁਰਬਾਨ ਕਰਨ ਤੋਂ ਪਹਿਲਾਂ ਯਿਸੂ ਨੇ ‘ਸਚਿਆਈ ਉੱਤੇ ਸਾਖੀ ਦਿੱਤੀ।’ (ਯੂਹੰਨਾ 18:37) ਇਸ ਦੇ ਨਾਲ-ਨਾਲ ਆਪਣੇ ਪ੍ਰਚਾਰ ਦੇ ਕੰਮ ਦੌਰਾਨ ਉਸ ਨੇ ਕਈ ਮੌਕਿਆਂ ਤੇ ਮੌਤ ਬਾਰੇ ਸੱਚਾਈ ਪ੍ਰਗਟ ਕੀਤੀ ਸੀ।

‘ਕੁੜੀ ਸੁੱਤੀ ਪਈ ਹੈ’

ਇਸ ਧਰਤੀ ਤੇ ਰਹਿੰਦੇ ਸਮੇਂ ਯਿਸੂ ਮੌਤ ਤੋਂ ਅਣਜਾਣ ਨਹੀਂ ਸੀ। ਉਹ ਲੋਕਾਂ ਦੀਆਂ ਮੌਤਾਂ ਹੁੰਦੀਆਂ ਦੇਖ ਕੇ ਬਹੁਤ ਦੁਖੀ ਹੋਇਆ ਅਤੇ ਉਹ ਇਹ ਵੀ ਜਾਣਦਾ ਸੀ ਕਿ ਉਸ ਨੇ ਵੀ ਮਰਨਾ ਸੀ। (ਮੱਤੀ 17:22, 23) ਉਸ ਦੀ ਮੌਤ ਤੋਂ ਕੁਝ ਮਹੀਨੇ ਪਹਿਲਾਂ ਉਸ ਦਾ ਇਕ ਦੋਸਤ ਲਾਜ਼ਰ ਮੌਤ ਦੀ ਗੋਦ ਵਿਚ ਚਲਾ ਗਿਆ ਸੀ। ਇਸ ਘਟਨਾ ਤੋਂ ਸਾਨੂੰ ਮੌਤ ਬਾਰੇ ਯਿਸੂ ਦਾ ਨਜ਼ਰੀਆ ਪਤਾ ਲੱਗਦਾ ਹੈ।

ਲਾਜ਼ਰ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਯਿਸੂ ਨੇ ਕਿਹਾ ਸੀ: “ਸਾਡਾ ਮਿੱਤ੍ਰ ਲਾਜ਼ਰ ਸੌਂ ਗਿਆ ਹੈ ਪਰ ਮੈਂ ਜਾਂਦਾ ਹਾਂ ਭਈ ਉਹ ਨੂੰ ਜਗਾਵਾਂ।” ਯਿਸੂ ਦੇ ਚੇਲਿਆਂ ਨੇ ਸੋਚਿਆ ਕਿ ਜੇ ਲਾਜ਼ਰ ਆਰਾਮ ਹੀ ਕਰ ਰਿਹਾ ਹੈ, ਤਾਂ ਉਹ ਠੀਕ ਹੋ ਜਾਵੇਗਾ। ਇਸ ਲਈ ਯਿਸੂ ਨੇ ਉਨ੍ਹਾਂ ਨੂੰ ਸਾਫ਼ ਦੱਸਿਆ: “ਲਾਜ਼ਰ ਮਰ ਗਿਆ ਹੈ।” (ਯੂਹੰਨਾ 11:11-14) ਜੀ ਹਾਂ, ਯਿਸੂ ਮੌਤ ਨੂੰ ਸੌਣ ਦੇ ਬਰਾਬਰ ਸਮਝਦਾ ਸੀ। ਸ਼ਾਇਦ ਮੌਤ ਨੂੰ ਸਮਝਣਾ ਸਾਡੇ ਲਈ ਔਖਾ ਹੋਵੇ, ਪਰ ਅਸੀਂ ਨੀਂਦ ਨੂੰ ਤਾਂ ਜ਼ਰੂਰ ਸਮਝਦੇ ਹਾਂ। ਜਦ ਅਸੀਂ ਰਾਤ ਨੂੰ ਡੂੰਘੀ ਨੀਂਦ ਸੁੱਤੇ ਹੁੰਦੇ ਹਾਂ, ਤਾਂ ਸਾਨੂੰ ਕਿਸੇ ਗੱਲ ਦਾ ਅਹਿਸਾਸ ਨਹੀਂ ਹੁੰਦਾ। ਨਾ ਹੀ ਸਾਨੂੰ ਸਮੇਂ ਦੇ ਗੁਜ਼ਰ ਜਾਣ ਦਾ ਅਹਿਸਾਸ ਹੁੰਦਾ ਹੈ ਤੇ ਨਾ ਹੀ ਇਹ ਪਤਾ ਹੁੰਦਾ ਕਿ ਸਾਡੇ ਆਲੇ-ਦੁਆਲੇ ਕੀ ਹੋ ਰਿਹਾ ਹੈ। ਇਹ ਇਸ ਲਈ ਹੁੰਦਾ ਹੈ ਕਿਉਂਕਿ ਉਸ ਵੇਲੇ ਅਸੀਂ ਸਭ ਕਾਸੇ ਤੋਂ ਬੇਖ਼ਬਰ ਹੋ ਕੇ ਸੁੱਤੇ ਪਏ ਹੁੰਦੇ ਹਾਂ। ਬਾਈਬਲ ਦੇ ਮੁਤਾਬਕ ਮੋਏ ਹੋਏ ਵੀ ਇਸੇ ਹਾਲਤ ਵਿਚ ਹਨ। ਉਪਦੇਸ਼ਕ ਦੀ ਪੋਥੀ 9:5 ਵਿਚ ਸਾਨੂੰ ਦੱਸਿਆ ਗਿਆ ਹੈ: “ਮੋਏ ਕੁਝ ਵੀ ਨਹੀਂ ਜਾਣਦੇ।”

ਯਿਸੂ ਨੇ ਮੌਤ ਦੀ ਤੁਲਨਾ ਨੀਂਦ ਦੇ ਨਾਲ ਇਸ ਲਈ ਕੀਤੀ ਸੀ ਕਿਉਂਕਿ ਪਰਮੇਸ਼ੁਰ ਦੀ ਸ਼ਕਤੀ ਨਾਲ ਲੋਕਾਂ ਨੂੰ ਮੌਤ ਦੀ ਨੀਂਦ ਤੋਂ ਜਗਾਇਆ ਜਾ ਸਕਦਾ ਹੈ। ਇਕ ਵਾਰ ਯਿਸੂ ਇਕ ਛੋਟੀ ਜਿਹੀ ਕੁੜੀ ਦੀ ਮੌਤ ਹੋਣ ਤੇ ਉਸ ਦੇ ਦੁਖੀ ਪਰਿਵਾਰ ਨੂੰ ਮਿਲਣ ਗਿਆ। ਉਸ ਨੇ ਉਨ੍ਹਾਂ ਨੂੰ ਕਿਹਾ: “ਕੁੜੀ ਮਰੀ ਨਹੀਂ ਪਰ ਸੁੱਤੀ ਪਈ ਹੈ।” ਫਿਰ ਯਿਸੂ ਕੁੜੀ ਕੋਲ ਗਿਆ ਅਤੇ ਉਸ ਦਾ ਹੱਥ ਫੜਿਆ ਅਤੇ ਕੁੜੀ ‘ਉੱਠ’ ਖੜ੍ਹੀ ਹੋਈ। ਜੀ ਹਾਂ, ਕੁੜੀ ਜੀ ਉੱਠੀ।—ਮੱਤੀ 9:24, 25.

ਯਿਸੂ ਨੇ ਆਪਣੇ ਮਿੱਤਰ ਲਾਜ਼ਰ ਨੂੰ ਵੀ ਇਸੇ ਤਰ੍ਹਾਂ ਮੌਤ ਦੀ ਨੀਂਦ ਤੋਂ ਜਗਾਇਆ ਸੀ। ਪਰ ਇਹ ਚਮਤਕਾਰ ਕਰਨ ਤੋਂ ਪਹਿਲਾਂ ਯਿਸੂ ਨੇ ਲਾਜ਼ਰ ਦੀ ਭੈਣ ਮਾਰਥਾ ਨੂੰ ਹੌਸਲਾ ਦਿੰਦੇ ਹੋਏ ਕਿਹਾ: “ਤੇਰਾ ਭਰਾ ਜੀ ਉੱਠੇਗਾ।” ਮਾਰਥਾ ਨੂੰ ਇਸ ਗੱਲ ਦਾ ਪੂਰਾ ਯਕੀਨ ਸੀ ਅਤੇ ਉਸ ਨੇ ਜਵਾਬ ਵਿਚ ਕਿਹਾ: “ਮੈਂ ਜਾਣਦੀ ਹਾਂ ਜੋ ਕਿਆਮਤ ਨੂੰ ਅੰਤ ਦੇ ਦਿਨ ਉਹ ਜੀ ਉੱਠੂ।” (ਯੂਹੰਨਾ 11:23, 24) ਜ਼ਾਹਰ ਹੈ ਕਿ ਮਾਰਥਾ ਨੂੰ ਇਹ ਵਿਸ਼ਵਾਸ ਸੀ ਕਿ ਭਵਿੱਖ ਵਿਚ ਇਕ ਦਿਨ ਪਰਮੇਸ਼ੁਰ ਦੇ ਸਾਰੇ ਸੇਵਕ ਜੀ ਉਠਾਏ ਜਾਣਗੇ।

ਤਾਂ ਫਿਰ ਜੀ ਉਠਾਏ ਜਾਣ ਦਾ ਅਸਲ ਵਿਚ ਕੀ ਮਤਲਬ ਹੈ? ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਜੀ ਉੱਠਣਾ” (ਆਨਾਸਟਾਸੀਸ) ਕੀਤਾ ਗਿਆ ਹੈ, ਉਸ ਦਾ ਸ਼ਾਬਦਿਕ ਅਰਥ ਹੈ “ਖੜ੍ਹੇ ਹੋਣਾ।” ਇਹ ਸ਼ਬਦ ਮੁਰਦਿਆਂ ਦੇ ਮੁੜ ਜੀ ਉੱਠਣ ਨੂੰ ਸੰਕੇਤ ਕਰਦਾ ਹੈ। ਕਈ ਇਸ ਗੱਲ ਤੋਂ ਸ਼ਾਇਦ ਹੈਰਾਨ ਹੋਣ, ਪਰ ਇਹ ਗੱਲ ਕਹਿਣ ਤੋਂ ਬਾਅਦ ਕਿ ਮੁਰਦੇ ਉਸ ਦੀ ਆਵਾਜ਼ ਸੁਣਨਗੇ, ਯਿਸੂ ਨੇ ਕਿਹਾ: “ਇਹ ਨੂੰ ਅਚਰਜ ਨਾ ਜਾਣੋ।” (ਯੂਹੰਨਾ 5:28) ਅਸੀਂ ਜਾਣਦੇ ਹਾਂ ਕਿ ਯਿਸੂ ਨੇ ਕਈ ਮੁਰਦਿਆਂ ਨੂੰ ਦੁਬਾਰਾ ਜ਼ਿੰਦਾ ਕੀਤਾ ਸੀ ਜਿਸ ਕਰਕੇ ਸਾਨੂੰ ਬਾਈਬਲ ਦੇ ਵਾਅਦੇ ਤੇ ਯਕੀਨ ਹੁੰਦਾ ਹੈ ਕਿ ਸਾਰੇ ਮੋਏ ਜੋ ਪਰਮੇਸ਼ੁਰ ਦੀ ਯਾਦਾਸ਼ਤ ਵਿਚ ਹਨ ਆਪਣੀ ਲੰਬੀ ਨੀਂਦ ਤੋਂ ਜ਼ਰੂਰ ਜਗਾਏ ਜਾਣਗੇ। ਪਰਕਾਸ਼ ਦੀ ਪੋਥੀ 20:13 ਵਿਚ ਭਵਿੱਖਬਾਣੀ ਕੀਤੀ ਗਈ ਹੈ: “ਸਮੁੰਦਰ ਨੇ ਓਹ ਮੁਰਦੇ ਜਿਹੜੇ ਉਹ ਦੇ ਵਿੱਚ ਸਨ ਮੋੜ ਦਿੱਤੇ, ਅਤੇ ਕਾਲ ਅਤੇ ਪਤਾਲ [ਯਾਨੀ ਕਬਰ] ਨੇ ਓਹ ਮੁਰਦੇ ਜਿਹੜੇ ਓਹਨਾਂ ਵਿੱਚ ਸਨ ਮੋੜ ਦਿੱਤੇ।”

ਕੀ ਮਰੇ ਹੋਏ ਵਿਅਕਤੀ ਜ਼ਿੰਦਾ ਹੋਣ ਤੋਂ ਬਾਅਦ ਫਿਰ ਬੁੱਢੇ ਹੋ ਕੇ ਮਰ ਜਾਣਗੇ ਜਿਵੇਂ ਲਾਜ਼ਰ ਦੁਬਾਰਾ ਮਰ ਗਿਆ ਸੀ? ਨਹੀਂ, ਇਹ ਪਰਮੇਸ਼ੁਰ ਦਾ ਮਕਸਦ ਨਹੀਂ ਹੈ। ਬਾਈਬਲ ਸਾਨੂੰ ਭਰੋਸਾ ਦਿਵਾਉਂਦੀ ਹੈ ਕਿ ਉਹ ਸਮਾਂ ਬਹੁਤ ਨਜ਼ਦੀਕ ਹੈ ਜਦ “ਮੌਤ ਨਾ ਹੋਵੇਗੀ” ਯਾਨੀ ਕੋਈ ਬੁੱਢਾ ਹੋ ਕੇ ਨਹੀਂ ਮਰੇਗਾ।—ਪਰਕਾਸ਼ ਦੀ ਪੋਥੀ 21:4.

ਮੌਤ ਸਾਡੀ ਵੈਰਨ ਹੈ। ਮਨੁੱਖਜਾਤੀ ਦੇ ਕਈ ਹੋਰ ਦੁਸ਼ਮਣ ਵੀ ਹਨ ਜਿਵੇਂ ਕਿ ਬੀਮਾਰੀ ਅਤੇ ਬੁਢਾਪਾ ਜੋ ਇਨਸਾਨਾਂ ਨੂੰ ਬਹੁਤ ਦੁਖੀ ਕਰਦੇ ਹਨ। ਪਰਮੇਸ਼ੁਰ ਵਾਅਦਾ ਕਰਦਾ ਹੈ ਕਿ ਉਹ ਇਨ੍ਹਾਂ ਸਾਰੇ ਦੁੱਖਾਂ-ਤਕਲੀਫ਼ਾਂ ਦੇ ਨਾਲ-ਨਾਲ ਸਾਡੀ ਸਭ ਤੋਂ ਵੱਡੀ ਦੁਸ਼ਮਣ ਮੌਤ ਨੂੰ ਵੀ ਮਿਟਾ ਦੇਵੇਗਾ। ਬਾਈਬਲ ਕਹਿੰਦੀ ਹੈ: “ਛੇਕੜਲਾ ਵੈਰੀ ਜਿਹ ਦਾ ਨਾਸ ਹੋਣਾ ਹੈ ਸੋ ਮੌਤ ਹੈ।”—1 ਕੁਰਿੰਥੀਆਂ 15:26.

ਇਸ ਵਾਅਦੇ ਦੀ ਪੂਰਤੀ ਨਾਲ ਸਾਰੇ ਇਨਸਾਨ ਪਾਪ ਅਤੇ ਮੌਤ ਤੋਂ ਬਗੈਰ ਮੁਕੰਮਲ ਜ਼ਿੰਦਗੀ ਦਾ ਆਨੰਦ ਮਾਣਨਗੇ। ਉਸ ਸਮੇਂ ਤਕ ਅਸੀਂ ਇਸ ਗੱਲ ਤੋਂ ਤਸੱਲੀ ਪਾ ਸਕਦੇ ਹਾਂ ਕਿ ਜਿਹੜੇ ਸਾਡੇ ਅਜ਼ੀਜ਼ ਮਰ ਚੁੱਕੇ ਹਨ, ਉਹ ਆਰਾਮ ਕਰ ਰਹੇ ਹਨ ਅਤੇ ਜੇ ਉਹ ਪਰਮੇਸ਼ੁਰ ਦੀ ਯਾਦਾਸ਼ਤ ਵਿਚ ਹਨ, ਤਾਂ ਉਨ੍ਹਾਂ ਨੂੰ ਸਮਾਂ ਆਉਣ ਤੇ ਜ਼ਰੂਰ ਜ਼ਿੰਦਾ ਕੀਤਾ ਜਾਵੇਗਾ।

ਮੌਤ ਨੂੰ ਸਮਝਣ ਨਾਲ ਮਕਸਦ ਭਰੀ ਜ਼ਿੰਦਗੀ

ਜੇ ਅਸੀਂ ਮੌਤ ਨੂੰ ਚੰਗੀ ਤਰ੍ਹਾਂ ਸਮਝੀਏ ਅਤੇ ਮਰੇ ਹੋਇਆਂ ਦੇ ਜੀ ਉੱਠਣ ਦੀ ਉਮੀਦ ਰੱਖੀਏ, ਤਾਂ ਜ਼ਿੰਦਗੀ ਪ੍ਰਤੀ ਸਾਡਾ ਨਜ਼ਰੀਆ ਬਦਲ ਸਕਦਾ ਹੈ। ਈਅਨ, ਜਿਸ ਦਾ ਪਹਿਲੇ ਲੇਖ ਵਿਚ ਜ਼ਿਕਰ ਕੀਤਾ ਗਿਆ ਸੀ, 20 ਕੁ ਸਾਲਾਂ ਦਾ ਸੀ ਜਦ ਉਸ ਨੇ ਸਿੱਖਿਆ ਕਿ ਬਾਈਬਲ ਵਿਚ ਮੌਤ ਬਾਰੇ ਕੀ ਦੱਸਿਆ ਗਿਆ ਹੈ। “ਮੈਂ ਆਪਣੇ ਮਨ ਵਿਚ ਹਮੇਸ਼ਾ ਇਹ ਸੋਚਿਆ ਕਰਦਾ ਸੀ ਕਿ ਮੇਰੇ ਪਿਤਾ ਜੀ ਕਿਤੇ-ਨ-ਕਿਤੇ ਜ਼ਰੂਰ ਹਨ। ਇਸ ਲਈ, ਜਦ ਮੈਂ ਸਿੱਖਿਆ ਕਿ ਉਹ ਮੌਤ ਦੀ ਨੀਂਦ ਸੁੱਤੇ ਪਏ ਹਨ, ਤਾਂ ਪਹਿਲਾਂ-ਪਹਿਲ ਮੈਂ ਨਿਰਾਸ਼ ਹੋ ਗਿਆ।” ਪਰ ਜਦ ਈਅਨ ਨੇ ਪਰਮੇਸ਼ੁਰ ਦੇ ਇਸ ਵਾਅਦੇ ਬਾਰੇ ਪੜ੍ਹਿਆ ਕਿ ਪਰਮੇਸ਼ੁਰ ਨੇ ਮੁਰਦਿਆਂ ਨੂੰ ਜੀ ਉਠਾਉਣਾ ਹੈ, ਤਾਂ ਉਹ ਬਹੁਤ ਖ਼ੁਸ਼ ਹੋਇਆ ਕਿ ਇਕ ਦਿਨ ਉਹ ਆਪਣੇ ਪਿਤਾ ਜੀ ਨੂੰ ਫਿਰ ਮਿਲੇਗਾ। ਈਅਨ ਯਾਦ ਕਰਦਾ ਹੈ: “ਜ਼ਿੰਦਗੀ ਵਿਚ ਪਹਿਲੀ ਵਾਰ ਮੈਨੂੰ ਚੈਨ ਮਿਲਿਆ।” ਮੌਤ ਬਾਰੇ ਸਹੀ ਜਾਣਕਾਰੀ ਮਿਲਣ ਨਾਲ ਉਸ ਨੂੰ ਮਨ ਦੀ ਸ਼ਾਂਤੀ ਤੇ ਹੌਸਲਾ ਮਿਲਿਆ।

ਜਿਸ ਬਸ ਹਾਦਸੇ ਬਾਰੇ ਅਸੀਂ ਪਹਿਲੇ ਲੇਖ ਵਿਚ ਗੱਲ ਕੀਤੀ ਸੀ, ਉਸ ਵਿਚ ਕਲਾਈਵ ਅਤੇ ਬ੍ਰੇਂਡਾ ਦੇ 21 ਸਾਲਾਂ ਦੇ ਮੁੰਡੇ ਸਟੀਵਨ ਦੀ ਮੌਤ ਹੋ ਗਈ ਸੀ। ਭਾਵੇਂ ਕਿ ਕਲਾਈਵ ਤੇ ਬ੍ਰੇਂਡਾ ਨੂੰ ਪਤਾ ਸੀ ਕਿ ਬਾਈਬਲ ਮੌਤ ਬਾਰੇ ਕੀ ਕਹਿੰਦੀ ਹੈ, ਫਿਰ ਵੀ ਉਹ ਬੜੇ ਦੁਖੀ ਹੋਏ ਕਿ ਉਨ੍ਹਾਂ ਦੇ ਪੁੱਤਰ ਦੀ ਅਚਾਨਕ ਮੌਤ ਹੋ ਗਈ ਸੀ। ਹਾਂ, ਮੌਤ ਸਾਡੀ ਵੈਰਨ ਹੈ ਅਤੇ ਉਸ ਦਾ ਡੱਸਣਾ ਬਹੁਤ ਦਰਦਨਾਕ ਹੁੰਦਾ ਹੈ। ਸਮੇਂ ਦੇ ਬੀਤਣ ਨਾਲ ਕਲਾਈਵ ਤੇ ਬ੍ਰੇਂਡਾ ਦਾ ਦੁੱਖ ਘੱਟ ਗਿਆ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਮਰੇ ਹੋਏ ਲੋਕ ਕਿਸ ਹਾਲਤ ਵਿਚ ਹਨ। ਬ੍ਰੇਂਡਾ ਕਹਿੰਦੀ ਹੈ: “ਮੌਤ ਬਾਰੇ ਸਹੀ ਜਾਣਕਾਰੀ ਹੋਣ ਕਰਕੇ ਹੀ ਅਸੀਂ ਹਾਲੇ ਤਕ ਜੀਉਂਦੇ ਹਾਂ। ਪਰ ਇਕ ਦਿਨ ਵੀ ਅਜਿਹਾ ਨਹੀਂ ਲੰਘਦਾ ਜਦ ਅਸੀਂ ਉਸ ਦਿਨ ਬਾਰੇ ਨਾ ਸੋਚਿਆ ਹੋਵੇ ਜਿਸ ਦਿਨ ਸਟੀਵਨ ਆਪਣੀ ਗੂੜ੍ਹੀ ਨੀਂਦ ਤੋਂ ਜਾਗ ਉੱਠੇਗਾ।”

“ਹੇ ਮੌਤ, ਤੇਰੀ ਫਤਹ ਕਿੱਥੇ ਹੈ?”

ਜੀ ਹਾਂ, ਇਹ ਗੱਲ ਬਿਲਕੁਲ ਸੱਚ ਹੈ ਕਿ ਜੇ ਸਾਨੂੰ ਮਰੇ ਹੋਏ ਲੋਕਾਂ ਦੀ ਹਾਲਤ ਬਾਰੇ ਸਹੀ ਗਿਆਨ ਹੈ, ਤਾਂ ਅਸੀਂ ਜ਼ਿੰਦਗੀ ਬਾਰੇ ਸਹੀ ਨਜ਼ਰੀਆ ਰੱਖ ਸਕਾਂਗੇ। ਅਸੀਂ ਮੌਤ ਦੇ ਭੇਤ ਨੂੰ ਸਮਝ ਸਕਦੇ ਹਾਂ ਕਿ ਇਹ ਕੀ ਹੈ ਤੇ ਕੀ ਨਹੀਂ। ਅਸੀਂ ਮੌਤ ਦੇ ਸਾਯੇ ਤੋਂ ਡਰੇ ਬਗੈਰ ਜ਼ਿੰਦਗੀ ਦਾ ਆਨੰਦ ਮਾਣ ਸਕਦੇ ਹਾਂ। ਜੇ ਸਾਨੂੰ ਪਤਾ ਹੈ ਕਿ ਮੌਤ ਸਾਰੀਆਂ ਗੱਲਾਂ ਦਾ ਅੰਤ ਨਹੀਂ ਹੈ, ਤਾਂ ਅਸੀਂ ਇਹ ਨਹੀਂ ਸੋਚਾਂਗੇ ਕਿ “ਜ਼ਿੰਦਗੀ ਬਹੁਤ ਛੋਟੀ ਹੈ” ਇਸ ਲਈ ਐਸ਼ ਕਰ ਕੇ ਇਸ ਦਾ ਪੂਰਾ-ਪੂਰਾ ਮਜ਼ਾ ਲੈਣਾ ਚਾਹੀਦਾ ਹੈ। ਇਹ ਜਾਣਦੇ ਹੋਏ ਕਿ ਸਾਡੇ ਮਰੇ ਹੋਏ ਅਜ਼ੀਜ਼ ਪਰਮੇਸ਼ੁਰ ਦੀ ਯਾਦਾਸ਼ਤ ਵਿਚ ਹਨ ਅਤੇ ਇਕ ਦਿਨ ਪਰਮੇਸ਼ੁਰ ਉਨ੍ਹਾਂ ਨੂੰ ਮੌਤ ਦੀ ਨੀਂਦ ਤੋਂ ਜਗਾਵੇਗਾ, ਸਾਨੂੰ ਤਸੱਲੀ ਮਿਲਦੀ ਹੈ ਅਤੇ ਅਸੀਂ ਚੈਨ ਨਾਲ ਆਪਣੀਆਂ ਜ਼ਿੰਦਗੀਆਂ ਬਸਰ ਕਰ ਸਕਦੇ ਹਾਂ।

ਵਾਕਈ, ਅਸੀਂ ਪੂਰੇ ਭਰੋਸੇ ਨਾਲ ਉਸ ਸਮੇਂ ਦੀ ਉਡੀਕ ਕਰ ਸਕਦੇ ਹਾਂ ਜਦੋਂ ਯਹੋਵਾਹ ਪਰਮੇਸ਼ੁਰ, ਸਾਡਾ ਜੀਵਨ-ਦਾਤਾ ਮੌਤ ਨੂੰ ਸਦਾ ਲਈ ਖ਼ਤਮ ਕਰ ਦੇਵੇਗਾ। ਇਹ ਕਿੰਨੀ ਖ਼ੁਸ਼ੀ ਦੀ ਗੱਲ ਹੋਵੇਗੀ ਜਦ ਅਸੀਂ ਕਹਿ ਸਕਾਂਗੇ: “ਹੇ ਮੌਤ, ਤੇਰੀ ਫਤਹ ਕਿੱਥੇ ਹੈ? ਹੇ ਮੌਤ, ਤੇਰਾ ਡੰਗ ਕਿੱਥੇ ਹੈ?”—1 ਕੁਰਿੰਥੀਆਂ 15:55.

[ਫੁਟਨੋਟ]

^ ਪੈਰਾ 6 ਮੌਤ ਬਾਰੇ ਬਾਈਬਲ ਵਿਚ ਇਹ ਪਹਿਲਾ ਜ਼ਿਕਰ ਹੈ।

^ ਪੈਰਾ 11 ਰਿਹਾਈ ਦੀ ਕੀਮਤ ਦੇਣ ਲਈ ਮੁਕੰਮਲ ਜ਼ਿੰਦਗੀ ਇਸ ਲਈ ਦਿੱਤੀ ਗਈ ਸੀ ਕਿਉਂਕਿ ਆਦਮ ਨੇ ਮੁਕੰਮਲ ਜ਼ਿੰਦਗੀ ਗੁਆਈ ਸੀ। ਪਾਪ ਦਾ ਦਾਗ਼ ਸਾਰੇ ਇਨਸਾਨਾਂ ਤੇ ਲੱਗਾ ਹੋਇਆ ਸੀ, ਇਸ ਲਈ ਕੋਈ ਵੀ ਇਨਸਾਨ ਆਪਣੀ ਜਾਨ ਦੇ ਕੇ ਇਸ ਕੀਮਤ ਨੂੰ ਨਹੀਂ ਭਰ ਸਕਦਾ ਸੀ। ਇਸ ਕਰਕੇ ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਸਵਰਗੋਂ ਇਹ ਕੰਮ ਪੂਰਾ ਕਰਨ ਲਈ ਘੱਲਿਆ ਸੀ। (ਜ਼ਬੂਰਾਂ ਦੀ ਪੋਥੀ 49:7-9) ਇਸ ਬਾਰੇ ਹੋਰ ਜਾਣਕਾਰੀ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਦਾ 7ਵਾਂ ਅਧਿਆਇ ਦੇਖੋ।

[ਸਫ਼ੇ 5 ਉੱਤੇ ਤਸਵੀਰ]

ਆਦਮ ਤੇ ਹੱਵਾਹ ਦੀ ਅਣਆਗਿਆਕਾਰੀ ਦਾ ਨਤੀਜਾ ਮੌਤ ਸੀ

[ਸਫ਼ੇ 6 ਉੱਤੇ ਤਸਵੀਰ]

ਯਿਸੂ ਨੇ ਮਰੀ ਹੋਈ ਕੁੜੀ ਦਾ ਹੱਥ ਫੜਿਆ ਤੇ ਉਹ ਉੱਠ ਖੜ੍ਹੀ ਹੋਈ

[ਸਫ਼ੇ 7 ਉੱਤੇ ਤਸਵੀਰ]

ਬਹੁਤ ਸਾਰੇ ਲੋਕ ਉਸ ਸਮੇਂ ਦੀ ਉਡੀਕ ਕਰਦੇ ਹਨ ਜਦੋਂ ਉਨ੍ਹਾਂ ਦੇ ਮਰੇ ਹੋਏ ਅਜ਼ੀਜ਼ ਲਾਜ਼ਰ ਵਾਂਗ ਮੌਤ ਦੀ ਨੀਂਦ ਤੋਂ ਜਾਗ ਉੱਠਣਗੇ