Skip to content

Skip to table of contents

ਪਰਿਵਾਰ ਦੀ ਮਦਦ ਲਈ | ਨੌਜਵਾਨ

ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਿਵੇਂ ਕਰੀਏ?

ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਿਵੇਂ ਕਰੀਏ?

ਚੁਣੌਤੀ

“ਮਿਡਲ ਸਕੂਲ ਵਿਚ ਜ਼ਿਆਦਾਤਰ ਬੱਚੇ ਮੈਨੂੰ ਪਸੰਦ ਨਹੀਂ ਕਰਦੇ ਸਨ। ਮੈਨੂੰ ਇਸ ਗੱਲ ਦਾ ਬਹੁਤ ਦੁੱਖ ਸੀ। ਸੋ ਜਦੋਂ ਮੈਂ ਹਾਈ ਸਕੂਲ ਵਿਚ ਗਈ, ਤਾਂ ਮੈਂ ਆਪਣੀ ਚਾਲ-ਢਾਲ ਬਦਲ ਲਈ। ਮੈਂ ਦੋਸਤ ਬਣਾਉਣ ਲਈ ਇੰਨੀ ਬੇਕਰਾਰ ਸੀ ਕਿ ਮੈਂ ਉਨ੍ਹਾਂ ਵਰਗੀ ਬਣਦੀ ਗਈ ਤਾਂਕਿ ਉਹ ਮੈਨੂੰ ਪਸੰਦ ਕਰਨ।”​—ਜੈਨੀਫਰ, 16 ਸਾਲਾਂ ਦੀ। *

ਕੀ ਤੁਸੀਂ ਮੁੰਡੇ-ਕੁੜੀਆਂ ਦੇ ਦਬਾਅ ਦਾ ਸਾਮ੍ਹਣਾ ਕਰਦੇ ਹੋ? ਜੇ ਹਾਂ, ਤਾਂ ਇਹ ਲੇਖ ਇਸ ਦਬਾਅ ਦਾ ਸਾਮ੍ਹਣਾ ਕਰਨ ਵਿਚ ਤੁਹਾਡੀ ਮਦਦ ਕਰੇਗਾ।

ਜਦੋਂ ਤੁਸੀਂ ਹਾਣੀਆਂ ਦੇ ਦਬਾਅ ਸਾਮ੍ਹਣੇ ਝੁੱਕ ਜਾਂਦੇ ਹੋ, ਤਾਂ ਤੁਸੀਂ ਉਨ੍ਹਾਂ ਦੇ ਕੰਟ੍ਰੋਲ ਵਿਚ ਆ ਜਾਂਦੇ ਹੋ। ਕੀ ਤੁਸੀਂ ਚਾਹੁੰਦੇ ਹੋ ਕਿ ਦੂਜੇ ਤੁਹਾਨੂੰ ਕੰਟ੍ਰੋਲ ਕਰਨ?​—ਰੋਮੀਆਂ 6:16.

ਯਾਦ ਰੱਖੋ

ਦੂਜਿਆਂ ਦਾ ਦਬਾਅ ਚੰਗੇ ਲੋਕਾਂ ਤੋਂ ਬੁਰੇ ਕੰਮ ਕਰਵਾ ਸਕਦਾ ਹੈ

“ਬੁਰੀਆਂ ਸੰਗਤਾਂ ਚੰਗੀਆਂ ਆਦਤਾਂ ਵਿਗਾੜ ਦਿੰਦੀਆਂ ਹਨ।”​—1 ਕੁਰਿੰਥੀਆਂ 15:33.

“ਕਈ ਵਾਰ ਲੋਕਾਂ ਨੂੰ ਖ਼ੁਸ਼ ਕਰਨ ਲਈ ਅਸੀਂ ਅਜਿਹਾ ਕੰਮ ਕਰਨ ਲਈ ਵੀ ਤਿਆਰ ਹੋ ਜਾਂਦੇ ਹਾਂ ਜੋ ਸਾਨੂੰ ਪਤਾ ਹੈ ਕਿ ਗ਼ਲਤ ਹੈ।”​ਡੇਨਾ।

ਸਿਰਫ਼ ਦੂਜੇ ਹੀ ਸਾਡੇ ’ਤੇ ਦਬਾਅ ਨਹੀਂ ਪਾਉਂਦੇ।

“ਜਦੋਂ ਮੈਂ ਸਹੀ ਕੰਮ ਕਰਨਾ ਚਾਹੁੰਦਾ ਹਾਂ, ਤਾਂ ਮੇਰੇ ਅੰਦਰ ਬੁਰਾਈ ਮੌਜੂਦ ਹੁੰਦੀ ਹੈ।”​—ਰੋਮੀਆਂ 7:21.

“ਕਈ ਵਾਰ ਮੇਰਾ ਵੀ ਦਿਲ ਕਰਦਾ ਕਿ ਮੈਂ ਉਹੀ ਕਰਾਂ ਜੋ ਹੋਰ ਮੁੰਡੇ-ਕੁੜੀਆਂ ਕਰਦੇ ਹਨ ਕਿਉਂਕਿ ਉਨ੍ਹਾਂ ਦੀਆਂ ਗੱਲਾਂ ਤੋਂ ਇੱਦਾਂ ਲੱਗਦਾ ਕਿ ਜਿੱਦਾਂ ਉਹ ਜ਼ਿੰਦਗੀ ਦਾ ਮਜ਼ਾ ਲੈਂਦੇ ਹੋਣ।”​ਡਾਏਨਾ।

ਹੋਰਨਾਂ ਦੇ ਦਬਾਅ ਦਾ ਸਾਮ੍ਹਣਾ ਕਰਨਾ ਮਾਣ ਦੀ ਗੱਲ ਹੈ

“ਜ਼ਮੀਰ ਨੂੰ ਸਾਫ਼ ਰੱਖੋ।”​—1 ਪਤਰਸ 3:16.

“ਇਕ ਸਮਾਂ ਸੀ ਜਦ ਮੇਰੇ ਲਈ ਹੋਰ ਮੁੰਡੇ-ਕੁੜੀਆਂ ਦਾ ਦਬਾਅ ਸਹਿਣਾ ਬਹੁਤ ਮੁਸ਼ਕਲ ਸੀ, ਪਰ ਹੁਣ ਮੈਂ ਪਰਵਾਹ ਨਹੀਂ ਕਰਦੀ ਕਿ ਉਹ ਮੇਰੇ ਬਾਰੇ ਕੀ ਸੋਚਦੇ ਹਨ ਤੇ ਮੈਂ ਆਪਣੇ ਫ਼ੈਸਲਿਆਂ ’ਤੇ ਅਟੱਲ ਰਹਿੰਦੀ ਹਾਂ। ਜ਼ਮੀਰ ਸਾਫ਼ ਹੋਣ ਕਰਕੇ ਮੈਨੂੰ ਰਾਤ ਨੂੰ ਨੀਂਦ ਮਿੱਠੀ ਆਉਂਦੀ ਹੈ।”​ਕਾਰਲਾ।

ਤੁਸੀਂ ਕੀ ਕਰ ਸਕਦੇ ਹੋ?

ਜਦੋਂ ਹੋਰ ਮੁੰਡੇ-ਕੁੜੀਆਂ ਗ਼ਲਤ ਕੰਮ ਕਰਨ ਦਾ ਦਬਾਅ ਪਾਉਂਦੇ ਹਨ, ਤਾਂ ਇਸ ਤਰ੍ਹਾਂ ਕਰ ਕੇ ਦੇਖੋ:

ਅੰਜਾਮ ਬਾਰੇ ਸੋਚੋ। ਆਪਣੇ ਆਪ ਤੋਂ ਪੁੱਛੋ, ‘ਜੇ ਮੈਂ ਹੋਰਨਾਂ ਦੇ ਦਬਾਅ ਵਿਚ ਆ ਕੇ ਗ਼ਲਤ ਕੰਮ ਕਰਾਂ ਤੇ ਬਾਅਦ ਵਿਚ ਫੜਿਆ ਜਾਵਾਂ, ਤਾਂ ਮੇਰਾ ਕੀ ਹਾਲ ਹੋਵੇਗਾ? ਮੇਰੇ ਮਾਪੇ ਮੇਰੇ ਬਾਰੇ ਕੀ ਸੋਚਣਗੇ? ਕੀ ਮੈਂ ਆਪਣੀਆਂ ਨਜ਼ਰਾਂ ਵਿਚ ਨਹੀਂ ਡਿਗ ਜਾਵਾਂਗਾਂ?’​—ਬਾਈਬਲ ਦਾ ਅਸੂਲ: ਗਲਾਤੀਆਂ 6:7.

“ਮੇਰੇ ਮਾਪੇ ਮੇਰੇ ਤੋਂ ਇਸ ਤਰ੍ਹਾਂ ਦੇ ਸਵਾਲ ਪੁੱਛਦੇ ਹਨ, ‘ਜੇ ਤੂੰ ਦੂਜਿਆਂ ਦੇ ਮਗਰ ਲੱਗ ਗਈ, ਤਾਂ ਤੇਰਾ ਕੀ ਹਾਲ ਹੋਵੇਗਾ?’ ਉਹ ਮੇਰੀ ਇਹ ਸਮਝਣ ਵਿਚ ਮਦਦ ਕਰਦੇ ਹਨ ਕਿ ਹੋਰ ਮੁੰਡੇ-ਕੁੜੀਆਂ ਦੇ ਦਬਾਅ ਕਰਕੇ ਮੈਂ ਗ਼ਲਤ ਰਾਹ ਪੈ ਸਕਦੀ ਹਾਂ।”​ਓਲੀਵੀਆ।

ਆਪਣੇ ਵਿਸ਼ਵਾਸਾਂ ’ਤੇ ਪੱਕੇ ਰਹੋ। ਆਪਣੇ ਆਪ ਤੋਂ ਪੁੱਛੋ, ‘ਮੈਂ ਕਿਉਂ ਮੰਨਦਾ ਹਾਂ ਕਿ ਇਹ ਕੰਮ ਕਰ ਕੇ ਮੇਰਾ ਜਾਂ ਦੂਜਿਆਂ ਦਾ ਨੁਕਸਾਨ ਹੋਵੇਗਾ?’—ਬਾਈਬਲ ਦਾ ਅਸੂਲ: ਇਬਰਾਨੀਆਂ 5:14.

“ਜਦੋਂ ਮੈਂ ਛੋਟੀ ਹੁੰਦੀ ਸੀ, ਤਾਂ ਮੈਂ ਹੋਰ ਮੁੰਡੇ-ਕੁੜੀਆਂ ਨੂੰ ਬਸ ਨਾਂਹ ਕਹਿ ਦਿੰਦੀ ਸੀ ਜਾਂ ਛੋਟਾ ਜਿਹਾ ਜਵਾਬ ਦੇ ਕੇ ਗੱਲ ਖ਼ਤਮ ਕਰ ਦਿੰਦੀ ਸੀ। ਪਰ ਹੁਣ ਮੈਂ ਚੰਗੀ ਤਰ੍ਹਾਂ ਸਮਝਾ ਸਕਦੀ ਹਾਂ ਕਿ ਮੈਂ ਕੋਈ ਕੰਮ ਕਿਉਂ ਕਰਦੀ ਹਾਂ ਜਾਂ ਕਿਉਂ ਨਹੀਂ ਕਰਦੀ। ਮੈਂ ਕਿਸੇ ਦਾ ਰਟਿਆ-ਰਟਾਇਆ ਜਵਾਬ ਦੇਣ ਦੀ ਬਜਾਇ ਆਪਣੇ ਵੱਲੋਂ ਜਵਾਬ ਦਿੰਦੀ ਹਾਂ। ਮੈਂ ਸਹੀ ਤੇ ਗ਼ਲਤ ਸੰਬੰਧੀ ਆਪਣੇ ਵਿਸ਼ਵਾਸਾਂ ’ਤੇ ਦ੍ਰਿੜ੍ਹ ਰਹਿੰਦੀ ਹਾਂ।”​ਅਨੀਤਾ।

ਆਪਣੀ ਪਛਾਣ ਬਣਾਈ ਰੱਖੋ। ਆਪਣੇ ਆਪ ਤੋਂ ਪੁੱਛੋ, ‘ਮੈਂ ਕਿਹੋ ਜਿਹਾ ਇਨਸਾਨ ਬਣਨਾ ਚਾਹੁੰਦਾ ਹਾਂ?’ ਫਿਰ ਕਿਸੇ ਦਬਾਅ ਦਾ ਸਾਮ੍ਹਣਾ ਕਰਦੇ ਹੋਏ ਪੁੱਛੋ, ‘ਅਜਿਹਾ ਇਨਸਾਨ ਐਸੇ ਹਾਲਾਤਾਂ ਵਿਚ ਕੀ ਕਰੇਗਾ?’​—ਬਾਈਬਲ ਦਾ ਅਸੂਲ: 2 ਕੁਰਿੰਥੀਆਂ 13:5.

“ਮੈਂ ਜਿੱਦਾਂ ਦੀ ਹਾਂ, ਖ਼ੁਸ਼ ਹਾਂ। ਮੈਨੂੰ ਇਸ ਗੱਲ ਦੀ ਬਹੁਤੀ ਪਰਵਾਹ ਨਹੀਂ ਕਿ ਦੂਜੇ ਮੇਰੇ ਬਾਰੇ ਕੀ ਸੋਚਦੇ ਹਨ। ਨਾਲੇ ਮੈਂ ਜਿਹੋ ਜਿਹੀ ਹਾਂ, ਲੋਕ ਮੈਨੂੰ ਪਸੰਦ ਕਰਦੇ ਹਨ।”​ਅਲੀਸਿਆ।

ਭਵਿੱਖ ਬਾਰੇ ਸੋਚੋ। ਸਕੂਲ ਵਿਚ ਤੁਸੀਂ ਜਿਨ੍ਹਾਂ ਮੁੰਡੇ-ਕੁੜੀਆਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਉਹ ਸ਼ਾਇਦ ਕੁਝ ਸਾਲਾਂ ਜਾਂ ਇੱਥੋਂ ਤਕ ਕਿ ਕੁਝ ਮਹੀਨਿਆਂ ਬਾਅਦ ਹੀ ਤੁਹਾਡੀ ਜ਼ਿੰਦਗੀ ਵਿਚ ਨਾ ਹੋਣ।

“ਇਕ ਵਾਰ ਜਦ ਮੈਂ ਆਪਣੇ ਸਕੂਲ ਦੀ ਫੋਟੋ ਦੇਖੀ, ਤਾਂ ਮੈਨੂੰ ਆਪਣੀ ਕਲਾਸ ਦੇ ਕਈ ਵਿਦਿਆਰਥੀਆਂ ਦੇ ਨਾਂ ਵੀ ਯਾਦ ਨਹੀਂ ਆਏ। ਪਰ ਜਦੋਂ ਮੈਂ ਉਨ੍ਹਾਂ ਨਾਲ ਸਕੂਲ ਵਿਚ ਸੀ, ਤਾਂ ਮੈਨੂੰ ਆਪਣੇ ਵਿਸ਼ਵਾਸਾਂ ਨਾਲੋਂ ਉਨ੍ਹਾਂ ਦੀਆਂ ਗੱਲਾਂ ਜ਼ਿਆਦਾ ਚੰਗੀਆਂ ਲੱਗਦੀਆਂ ਸਨ। ਮੈਂ ਕਿੰਨੀ ਬੇਵਕੂਫ਼ ਸਾਂ!”​—ਡੌਨ, ਹੁਣ 22 ਸਾਲਾਂ ਦੀ।

ਤਿਆਰੀ ਕਰੋ। ਸੋਚੋ ਕਿ “ਤੁਸੀਂ ਹਰੇਕ ਨੂੰ ਕਿਵੇਂ ਜਵਾਬ ਦੇਣਾ ਹੈ।”​—ਕੁਲੁੱਸੀਆਂ 4:6.

“ਮੇਰੇ ਮਾਪੇ ਮੇਰੀ ਤੇ ਮੇਰੀ ਛੋਟੀ ਭੈਣ ਦੀ ਮਦਦ ਕਰਦੇ ਹਨ ਕਿ ਅਸੀਂ ਕੁਝ ਹਾਲਾਤਾਂ ਬਾਰੇ ਸੋਚੀਏ ਤੇ ਫਿਰ ਉਨ੍ਹਾਂ ਹਾਲਾਤਾਂ ਮੁਤਾਬਕ ਐਕਟਿੰਗ ਕਰੀਏ ਤਾਂਕਿ ਜਦੋਂ ਸਾਨੂੰ ਸੱਚ-ਮੁੱਚ ਅਜਿਹੇ ਹਾਲਾਤਾਂ ਦਾ ਸਾਮ੍ਹਣਾ ਕਰਨਾ ਪਵੇ, ਤਾਂ ਸਾਨੂੰ ਪਤਾ ਹੋਵੇਗਾ ਕਿ ਅਸੀਂ ਕੀ ਕਰਨਾ ਹੈ।”​ਕ੍ਰਿਸਟੀਨ। ▪ (g14 01-E)

^ ਪੈਰਾ 4 ਇਸ ਲੇਖ ਵਿਚ ਕੁਝ ਨਾਂ ਬਦਲੇ ਗਏ ਹਨ।