Skip to content

Skip to table of contents

ਸਮਝਦਾਰੀ ਨਾਲ ਆਪਣਾ ਸਮਾਂ ਵਰਤੋ

ਸਮਝਦਾਰੀ ਨਾਲ ਆਪਣਾ ਸਮਾਂ ਵਰਤੋ

“ਕਾਸ਼ ਮੇਰੇ ਕੋਲ ਹੋਰ ਸਮਾਂ ਹੁੰਦਾ!” ਤੁਸੀਂ ਇਹ ਗੱਲ ਕਿੰਨੀ ਕੁ ਵਾਰੀ ਕਹੀ ਹੈ? ਦੇਖਿਆ ਜਾਵੇ, ਤਾਂ ਸਾਡੇ ਸਾਰਿਆਂ ਕੋਲ ਯਾਨੀ ਅਮੀਰ-ਗ਼ਰੀਬ, ਤਾਕਤਵਰ ਅਤੇ ਕਮਜ਼ੋਰ ਲੋਕਾਂ ਕੋਲ ਇੱਕੋ ਜਿੰਨਾ ਸਮਾਂ ਹੁੰਦਾ ਹੈ। ਕੋਈ ਵੀ ਆਪਣੇ ਕੋਲ ਸਮਾਂ ਸਾਂਭ ਕੇ ਨਹੀਂ ਰੱਖ ਸਕਦਾ। ਲੰਘ ਚੁੱਕਾ ਸਮਾਂ ਮੁੜ ਕੇ ਕਦੇ ਹੱਥ ਨਹੀਂ ਆਉਂਦਾ। ਇਸ ਲਈ ਸਮਝਦਾਰੀ ਇਹੀ ਹੈ ਕਿ ਅਸੀਂ ਆਪਣੇ ਸਮੇਂ ਨੂੰ ਵਧੀਆ ਤਰੀਕੇ ਨਾਲ ਵਰਤੀਏ। ਕਿਵੇਂ? ਚਾਰ ਸੁਝਾਵਾਂ ਉੱਤੇ ਗੌਰ ਕਰੋ ਜਿਨ੍ਹਾਂ ਦੀ ਮਦਦ ਨਾਲ ਬਹੁਤ ਸਾਰੇ ਲੋਕਾਂ ਨੇ ਆਪਣੇ ਸਮੇਂ ਨੂੰ ਸਮਝਦਾਰੀ ਨਾਲ ਵਰਤਿਆ ਕੀਤਾ ਹੈ।

ਸੁਝਾਅ 1: ਹਰ ਕੰਮ ਲਈ ਸਮਾਂ ਤੈਅ ਕਰੋ

ਲਿਸਟ ਬਣਾਓ। ਬਾਈਬਲ ਸਲਾਹ ਦਿੰਦੀ ਹੈ: “ਤੁਸੀਂ ਜ਼ਿਆਦਾ ਜ਼ਰੂਰੀ ਗੱਲਾਂ ਨੂੰ ਧਿਆਨ ਵਿਚ ਰੱਖੋ।” (ਫ਼ਿਲਿੱਪੀਆਂ 1:10) ਆਪਣੇ ਕੰਮਾਂ ਦੀ ਲਿਸਟ ਬਣਾਓ। ਉਸ ਵਿਚ ਉਹ ਕੰਮ ਲਿਖੋ ਜਿਹੜੇ ਜ਼ਰੂਰੀ ਹਨ ਜਾਂ ਤੁਰੰਤ ਕਰਨੇ ਹਨ ਜਾਂ ਦੋਵੇਂ। ਯਾਦ ਰੱਖੋ ਕਿ ਜਿਹੜੇ ਕੰਮ ਜ਼ਰੂਰੀ ਹਨ, ਉਨ੍ਹਾਂ ਨੂੰ ਸ਼ਾਇਦ ਤੁਰੰਤ ਕਰਨ ਦੀ ਲੋੜ ਨਾ ਹੋਵੇ। ਮਿਸਾਲ ਲਈ, ਰਾਤ ਦੇ ਖਾਣੇ ਵਾਸਤੇ ਸਬਜ਼ੀ ਖ਼ਰੀਦਣੀ ਜ਼ਰੂਰੀ ਹੈ, ਪਰ ਸ਼ਾਇਦ ਤੁਰੰਤ ਖ਼ਰੀਦਣ ਦੀ ਲੋੜ ਨਾ ਹੋਵੇ। ਦੂਜੇ ਪਾਸੇ, ਸਾਨੂੰ ਸ਼ਾਇਦ ਲੱਗੇ ਕਿ ਕਿਸੇ ਕੰਮ ਨੂੰ ਤੁਰੰਤ ਕਰਨ ਦੀ ਲੋੜ ਹੈ, ਪਰ ਉਹ ਸ਼ਾਇਦ ਜ਼ਰੂਰੀ ਨਾ ਹੋਵੇ। ਮਿਸਾਲ ਲਈ, ਤੁਸੀਂ ਆਪਣੇ ਮਨਪਸੰਦ ਨਾਟਕ ਦੀ ਸ਼ੁਰੂਆਤ ਦੇਖਣੀ ਚਾਹੁੰਦੇ ਹੋ, ਪਰ ਇਸ ਤਰ੍ਹਾਂ ਕਰਨਾ ਜ਼ਰੂਰੀ ਨਹੀਂ ਹੈ।

ਪਹਿਲਾਂ ਤੋਂ ਸੋਚੋ। ਉਪਦੇਸ਼ਕ ਦੀ ਪੋਥੀ 10:10 ਵਿਚ ਕਿਹਾ ਗਿਆ ਹੈ: “ਜੇ ਕਰ ਲੋਹਾ ਖੁੰਢਾ ਹੋਵੇ, ਅਰ ਉਸ ਦੀ ਧਾਰ ਤਿਖੀ ਨਾ ਕਰੇ, ਤਾਂ ਜ਼ੋਰ ਵਧੀਕ ਲਾਉਣਾ ਪੈਂਦਾ ਹੈ, ਪਰ ਸਫ਼ਲ ਕਰਨ ਲਈ ਬੁੱਧ ਵੱਡੀ ਗੁਣਕਾਰ ਹੈ।” ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਆਪਣੇ ਲੋਹੇ ਦੇ ਔਜ਼ਾਰ ਤਿੱਖੇ ਕਰੋ ਯਾਨੀ ਪਹਿਲਾਂ ਤੋਂ ਹੀ ਸੋਚੋ ਕਿ ਤੁਸੀਂ ਕਿਹੜੇ ਕੰਮ ਕਰਨੇ ਹਨ ਤਾਂਕਿ ਤੁਸੀਂ ਆਪਣੇ ਸਮੇਂ ਨੂੰ ਵਧੀਆ ਤਰੀਕੇ ਨਾਲ ਵਰਤ ਸਕੋ। ਜਿਹੜੇ ਕੰਮ ਜ਼ਰੂਰੀ ਨਹੀਂ ਹਨ ਤੇ ਜਿਨ੍ਹਾਂ ਕਰਕੇ ਸਾਡਾ ਸਮਾਂ ਤੇ ਤਾਕਤ ਬਰਬਾਦ ਹੋਵੇਗੀ ਉਨ੍ਹਾਂ ਨੂੰ ਬਾਅਦ ਵਿਚ ਕਰ ਲਓ ਜਾਂ ਛੱਡ ਦਿਓ। ਜੇ ਤੁਸੀਂ ਕੋਈ ਕੰਮ ਪਹਿਲਾਂ ਹੀ ਮੁਕਾ ਲਿਆ ਹੈ ਤੇ ਤੁਹਾਡੇ ਕੋਲ ਸਮਾਂ ਹੈ, ਤਾਂ ਕਿਉਂ ਨਾ ਤੁਸੀਂ ਕੋਈ ਹੋਰ ਕੰਮ ਕਰ ਲਓ ਜੋ ਤੁਸੀਂ ਬਾਅਦ ਵਿਚ ਕਰਨ ਬਾਰੇ ਸੋਚਿਆ ਸੀ? ਪਹਿਲਾਂ ਤੋਂ ਹੀ ਸੋਚ ਕੇ ਕੰਮ ਕਰਨ ਨਾਲ ਤੁਸੀਂ ਨਾ ਸਿਰਫ਼ ਜ਼ਿਆਦਾ ਕੰਮ ਕਰ ਸਕੋਗੇ, ਸਗੋਂ ਚੰਗੇ ਤਰੀਕੇ ਨਾਲ ਵੀ ਕਰ ਸਕੋਗੇ, ਜਿਵੇਂ ਇਕ ਸਮਝਦਾਰ ਕਾਰੀਗਰ ਆਪਣੇ ਔਜ਼ਾਰ ਤਿੱਖੇ ਕਰ ਕੇ ਆਪਣਾ ਕੰਮ ਕਰਦਾ ਹੈ।

ਧਿਆਨ ਨਾਲ ਸਮਾਂ ਵਰਤੋ। ਉਹ ਕੰਮ ਨਾ ਕਰੋ ਜਿਹੜੇ ਜ਼ਰੂਰੀ ਨਹੀਂ ਹਨ ਜਾਂ ਜਿਨ੍ਹਾਂ ਕਰਕੇ ਸਿਰਫ਼ ਸਮਾਂ ਬਰਬਾਦ ਹੁੰਦਾ ਹੈ। ਜੇ ਤੁਸੀਂ ਬਹੁਤ ਸਾਰੇ ਕੰਮ ਕਰਨ ਜਾਂ ਬਹੁਤ ਸਾਰੇ ਲੋਕਾਂ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਇਸ ਨਾਲ ਤੁਹਾਨੂੰ ਬਿਨਾਂ ਵਜ੍ਹਾ ਪਰੇਸ਼ਾਨੀ ਹੋਵੇਗੀ ਤੇ ਤੁਹਾਨੂੰ ਖ਼ੁਸ਼ੀ ਨਹੀਂ ਮਿਲੇਗੀ।

ਸੁਝਾਅ 2: ਸਮਾਂ ਬਰਬਾਦ ਕਰਨ ਵਾਲੀਆਂ ਗੱਲਾਂ ਤੋਂ ਬਚੋ

ਢਿੱਲ-ਮੱਠ ਨਾ ਕਰੋ ਤੇ ਦੁਚਿੱਤੀ ਵਿਚ ਨਾ ਰਹੋ। “ਜਿਹੜਾ ਪੌਣ ਦਾ ਪਾਰਖੂ ਹੈ ਸੋ ਨਹੀਂ ਬੀਜਦਾ, ਅਤੇ ਜਿਹੜਾ ਬੱਦਲਾਂ ਨੂੰ ਵੇਖਦਾ ਹੈ ਸੋ ਵਾਢੀ ਨਾ ਕਰੇਗਾ।” (ਉਪਦੇਸ਼ਕ ਦੀ ਪੋਥੀ 11:4) ਇਸ ਦਾ ਕੀ ਮਤਲਬ ਹੈ? ਢਿੱਲ-ਮੱਠ ਕਰਨ ਨਾਲ ਸਮਾਂ ਬਰਬਾਦ ਹੁੰਦਾ ਹੈ ਤੇ ਕੰਮ ਵੀ ਨਹੀਂ ਹੁੰਦਾ। ਜਿਹੜਾ ਕਿਸਾਨ ਸਹੀ ਮੌਸਮ ਦੀ ਉਡੀਕ ਕਰਦਾ ਰਹਿੰਦਾ ਹੈ, ਉਹ ਸ਼ਾਇਦ ਨਾ ਕਦੀ ਬੀ ਬੀਜੇ ਤੇ ਨਾ ਕਦੀ ਫ਼ਸਲ ਵੱਢੇ। ਸਾਨੂੰ ਪਤਾ ਨਹੀਂ ਕੱਲ੍ਹ ਨੂੰ ਕੀ ਹੋਵੇਗਾ, ਇਸ ਕਰਕੇ ਸ਼ਾਇਦ ਅਸੀਂ ਕੋਈ ਫ਼ੈਸਲਾ ਕਰਨ ਵੇਲੇ ਦੁਚਿੱਤੀ ਵਿਚ ਰਹੀਏ। ਜਾਂ ਅਸੀਂ ਸ਼ਾਇਦ ਸੋਚੀਏ ਕਿ ਕੋਈ ਫ਼ੈਸਲਾ ਕਰਨ ਤੋਂ ਪਹਿਲਾਂ ਸਾਨੂੰ ਇਕ-ਇਕ ਗੱਲ ਦੀ ਜਾਣਕਾਰੀ ਲੈਣ ਦੀ ਲੋੜ ਹੈ। ਇਹ ਸੱਚ ਹੈ ਕਿ ਅਹਿਮ ਫ਼ੈਸਲੇ ਕਰਨ ਵੇਲੇ ਸਾਨੂੰ ਜਾਣਕਾਰੀ ਲੈਣ ਤੇ ਸੋਚ-ਵਿਚਾਰ ਕਰਨ ਦੀ ਲੋੜ ਹੁੰਦੀ ਹੈ। ਕਹਾਉਤਾਂ 14:15 ਵਿਚ ਕਿਹਾ ਗਿਆ ਹੈ: “ਸਿਆਣਾ ਵੇਖ ਭਾਲ ਕੇ ਚੱਲਦਾ ਹੈ।” ਪਰ ਹਕੀਕਤ ਇਹ ਹੈ ਕਿ ਸਾਡੇ ਬਹੁਤ ਸਾਰੇ ਫ਼ੈਸਲਿਆਂ ਦਾ ਅੰਜਾਮ ਸਾਡੀ ਉਮੀਦ ਮੁਤਾਬਕ ਨਾ ਨਿਕਲੇ।​—ਉਪਦੇਸ਼ਕ ਦੀ ਪੋਥੀ 11:6.

ਆਪਣੇ ਤੋਂ ਹੱਦੋਂ ਵੱਧ ਉਮੀਦ ਨਾ ਰੱਖੋ। ਫ਼ਿਲਿੱਪੀਆਂ 4:5 ਵਿਚ ਕਿਹਾ ਗਿਆ ਹੈ: “ਆਪਣੀ ਸਮਝਦਾਰੀ ਦਾ ਸਬੂਤ ਦਿਓ।” ਸਹੀ ਤਰੀਕੇ ਨਾਲ ਕੰਮ ਕਰਨ ਦੀ ਇੱਛਾ ਰੱਖਣੀ ਚੰਗੀ ਗੱਲ ਹੈ। ਪਰ ਕਈ ਵਾਰ ਅਸੀਂ ਆਪਣੇ ਤੋਂ ਹੱਦੋਂ ਵੱਧ ਉਮੀਦ ਰੱਖਦੇ ਹਾਂ ਕਿ ਕੋਈ ਕੰਮ ਕਰਦਿਆਂ ਅਸੀਂ ਗ਼ਲਤੀ ਨਹੀਂ ਕਰਾਂਗੇ। ਇਹ ਉਮੀਦ ਰੱਖਣ ਨਾਲ ਨਿਰਾਸ਼ਾ ਹੁੰਦੀ ਹੈ ਤੇ ਕੰਮ ਵੀ ਨਹੀਂ ਹੁੰਦਾ। ਮਿਸਾਲ ਲਈ, ਇਕ ਵਿਅਕਤੀ ਕੋਈ ਹੋਰ ਭਾਸ਼ਾ ਸਿੱਖ ਰਿਹਾ ਹੈ। ਉਸ ਨੂੰ ਇਸ ਗੱਲ ਲਈ ਤਿਆਰ ਰਹਿਣਾ ਚਾਹੀਦਾ ਹੈ ਕਿ ਉਸ ਤੋਂ ਗ਼ਲਤੀਆਂ ਹੋਣਗੀਆਂ ਤੇ ਉਹ ਉਨ੍ਹਾਂ ਗ਼ਲਤੀਆਂ ਤੋਂ ਸਿੱਖ ਸਕਦਾ ਹੈ। ਪਰ ਜਿਹੜਾ ਇਨਸਾਨ ਆਪਣੇ ਤੋਂ ਹੱਦੋਂ ਵੱਧ ਉਮੀਦ ਰੱਖਦਾ ਹੈ, ਉਸ ਨੂੰ ਡਰ ਰਹਿੰਦਾ ਹੈ ਕਿ ਉਹ ਕੁਝ ਗ਼ਲਤ ਨਾ ਕਹਿ ਦੇਵੇ। ਅਜਿਹੇ ਰਵੱਈਏ ਕਰਕੇ ਉਹ ਸ਼ਾਇਦ ਚੰਗੀ ਤਰ੍ਹਾਂ ਭਾਸ਼ਾ ਨਾ ਸਿੱਖ ਪਾਵੇ। ਸੋ ਕਿੰਨਾ ਚੰਗਾ ਹੈ ਕਿ ਅਸੀਂ ਨਿਮਰ ਬਣ ਕੇ ਆਪਣੇ ਤੋਂ ਜ਼ਿਆਦਾ ਉਮੀਦ ਨਾ ਰੱਖੀਏ। ਕਹਾਉਤਾਂ 11:2 ਵਿਚ ਕਿਹਾ ਗਿਆ ਹੈ: “ਦੀਨਾਂ ਦੇ ਨਾਲ ਬੁੱਧ ਹੈ।” ਇਸ ਤੋਂ ਇਲਾਵਾ, ਨਿਮਰ ਇਨਸਾਨ ਆਪਣੇ ਬਾਰੇ ਤੇ ਆਪਣੀਆਂ ਗ਼ਲਤੀਆਂ ਬਾਰੇ ਹੱਦੋਂ ਵੱਧ ਨਹੀਂ ਸੋਚਦਾ।

“ਚੀਜ਼ਾਂ ਖ਼ਰੀਦਣ ਲਈ ਪੈਸੇ ਜ਼ਰੂਰ ਲੱਗਦੇ ਹਨ। ਪਰ ਇਹ ਚੀਜ਼ਾਂ ਸਮੇਂ ਦੀ ਭਾਰੀ ਕੀਮਤ ਚੁਕਾ ਕੇ ਹੀ ਮਿਲਦੀਆਂ ਹਨ।”—ਜਨਮ ਤੋਂ ਮੌਤ ਤਕ ਦਾ ਸਫ਼ਰ (ਅੰਗ੍ਰੇਜ਼ੀ)

ਸੁਝਾਅ 3: ਸਹੀ ਰਵੱਈਆ ਰੱਖੋ

ਕੰਮ ਵੀ ਕਰੋ ਤੇ ਆਰਾਮ ਵੀ। “ਕੁਝ ਪਲਾਂ ਦਾ ਆਰਾਮ ਵੀ ਚੰਗਾ ਹੈ, ਬਜਾਏ ਇਸ ਦੇ ਕੇ ਹਰ ਸਮੇਂ ਦੋਵੇਂ ਹੱਥ ਮਿਹਨਤ ਵਿਚ ਰੁਝੇ ਰਹਿਣ, ਜੋ ਕੇਵਲ ਹਵਾ ਨੂੰ ਫੜਨ ਦੇ ਬਰਾਬਰ ਹੈ।” (ਉਪਦੇਸ਼ਕ 4:6, CL) ਜਿਹੜੇ ਵਿਅਕਤੀ ਨੂੰ ਕੰਮ ਕਰਨ ਦੀ ਲਤ ਲੱਗੀ ਹੁੰਦੀ ਹੈ, ਉਹ ਅਕਸਰ ਆਪਣੀ “ਮਿਹਨਤ” ਦਾ ਫਲ ਨਹੀਂ ਭੋਗਦਾ ਕਿਉਂਕਿ ਉਸ ਕੋਲ ਨਾ ਤਾਂ ਸਮਾਂ ਬਚਦਾ ਹੈ ਤੇ ਨਾ ਹੀ ਉਸ ਦੇ ਸਰੀਰ ਵਿਚ ਜਾਨ ਰਹਿੰਦੀ ਹੈ। ਦੂਜੇ ਪਾਸੇ, ਆਲਸੀ ਵਿਅਕਤੀ ਆਰਾਮ ਕਰਨ ਵਿਚ ਹੀ ਸਮਾਂ ਬਰਬਾਦ ਕਰ ਦਿੰਦਾ ਹੈ। ਬਾਈਬਲ ਸਲਾਹ ਦਿੰਦੀ ਹੈ ਕਿ ਅਸੀਂ ਕੰਮ ਵੀ ਕਰੀਏ ਤੇ ਆਪਣੀ ਮਿਹਨਤ ਦਾ ਫਲ ਵੀ ਭੋਗੀਏ। ਇਸ ਤੋਂ ਸਾਨੂੰ ਜੋ ਖ਼ੁਸ਼ੀ ਮਿਲਦੀ ਹੈ, ਉਹ “ਪਰਮੇਸ਼ੁਰ ਦੀ ਦਾਤ ਹੈ।”​—ਉਪਦੇਸ਼ਕ ਦੀ ਪੋਥੀ 5:19.

ਪੂਰੀ ਨੀਂਦ ਲਵੋ। ਬਾਈਬਲ ਦੇ ਇਕ ਲਿਖਾਰੀ ਨੇ ਕਿਹਾ: “ਮੈਂ ਸ਼ਾਂਤੀ ਨਾਲ ਲੇਟਦਿਆਂ ਹੀ ਸੌਂ ਜਾਵਾਂਗਾ।” (ਜ਼ਬੂਰਾਂ ਦੀ ਪੋਥੀ 4:8) ਜ਼ਿਆਦਾਤਰ ਲੋਕਾਂ ਲਈ ਸਿਹਤਮੰਦ ਤੇ ਖ਼ੁਸ਼ ਰਹਿਣ ਵਾਸਤੇ ਲਗਭਗ ਅੱਠ ਘੰਟੇ ਸੌਣਾ ਜ਼ਰੂਰੀ ਹੈ। ਨੀਂਦ ਪੂਰੀ ਕਰਨ ਦੇ ਬਹੁਤ ਫ਼ਾਇਦੇ ਹਨ। ਸਾਡਾ ਦਿਮਾਗ਼ ਚੁਸਤ ਰਹਿੰਦਾ ਹੈ, ਅਸੀਂ ਚੰਗੀ ਤਰ੍ਹਾਂ ਸੋਚ ਸਕਦੇ ਹਾਂ ਤੇ ਗੱਲਾਂ ਯਾਦ ਰੱਖ ਸਕਦੇ ਹਾਂ ਜਿਸ ਕਰਕੇ ਸਾਨੂੰ ਬਹੁਤ ਕੁਝ ਸਿੱਖਣ ਵਿਚ ਮਦਦ ਮਿਲਦੀ ਹੈ। ਪਰ ਜੇ ਸਾਡੀ ਨੀਂਦ ਪੂਰੀ ਨਹੀਂ ਹੁੰਦੀ, ਤਾਂ ਸਾਨੂੰ ਕੁਝ ਸਿੱਖਣ ਵਿਚ ਮੁਸ਼ਕਲ ਆਉਂਦੀ ਹੈ, ਐਕਸੀਡੈਂਟ ਤੇ ਗ਼ਲਤੀਆਂ ਹੋ ਸਕਦੀਆਂ ਹਨ ਅਤੇ ਅਸੀਂ ਖਿਝੇ ਰਹਿੰਦੇ ਹਾਂ।

ਉਹ ਟੀਚੇ ਰੱਖੋ ਜੋ ਤੁਸੀਂ ਹਾਸਲ ਕਰ ਸਕਦੇ ਹੋ। “ਹਮੇਸ਼ਾ ਹੋਰ-ਹੋਰ ਚੀਜ਼ਾਂ ਦੀ ਲਾਲਸਾ ਕਰਦੇ ਰਹਿਣ ਨਾਲੋਂ ਉਨ੍ਹਾਂ ਚੀਜ਼ਾਂ ਨਾਲ ਪ੍ਰਸੰਨ ਰਹਿਣਾ ਬਿਹਤਰ ਹੈ ਜੋ ਤੁਹਾਡੇ ਕੋਲ ਹਨ।” (ਉਪਦੇਸ਼ਕ 6:9, ERV) ਇਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਸਮਝਦਾਰ ਇਨਸਾਨ ਆਪਣੀਆਂ ਇੱਛਾਵਾਂ ਨੂੰ ਆਪਣੇ ਉੱਤੇ ਕੰਟ੍ਰੋਲ ਨਹੀਂ ਹੋਣ ਦਿੰਦਾ, ਖ਼ਾਸ ਕਰਕੇ ਜਿਨ੍ਹਾਂ ਨੂੰ ਪੂਰਾ ਕਰਨਾ ਨਾਮੁਮਕਿਨ ਹੈ। ਇਸ ਲਈ ਉਹ ਮਸ਼ਹੂਰੀਆਂ ਜਾਂ ਫਟਾਫਟ ਕਿਸ਼ਤਾਂ ’ਤੇ ਚੀਜ਼ਾਂ ਖ਼ਰੀਦਣ ਦੇ ਝਾਂਸੇ ਵਿਚ ਨਹੀਂ ਆਉਂਦਾ। ਇਸ ਦੀ ਬਜਾਇ, ਉਹ ਉਸੇ ਨਾਲ ਖ਼ੁਸ਼ ਰਹਿੰਦਾ ਹੈ ਜੋ ਉਸ ਕੋਲ ਹੈ।

ਸੁਝਾਅ 4: ਚੰਗੇ ਅਸੂਲਾਂ ਉੱਤੇ ਚੱਲੋ

ਸੋਚੋ ਕਿ ਤੁਸੀਂ ਕਿਹੜੇ ਅਸੂਲਾਂ ਉੱਤੇ ਚੱਲਦੇ ਹੋ। ਤੁਹਾਡੇ ਅਸੂਲ ਤੁਹਾਡੀ ਇਹ ਦੇਖਣ ਵਿਚ ਮਦਦ ਕਰਨਗੇ ਕਿ ਜ਼ਿੰਦਗੀ ਵਿਚ ਸਹੀ ਤੇ ਜ਼ਰੂਰੀ ਕੀ ਹੈ। ਜੇ ਤੁਹਾਡੀ ਜ਼ਿੰਦਗੀ ਦੀ ਤੁਲਨਾ ਇਕ ਤੀਰ ਨਾਲ ਕੀਤੀ ਜਾਵੇ, ਤਾਂ ਤੁਹਾਡੇ ਅਸੂਲਾਂ ਕਰਕੇ ਉਹ ਤੀਰ ਨਿਸ਼ਾਨੇ ’ਤੇ ਲੱਗੇਗਾ। ਇਸ ਲਈ ਚੰਗੇ ਅਸੂਲ ਸਾਡੀ ਇਹ ਜਾਣਨ ਵਿਚ ਮਦਦ ਕਰਦੇ ਹਨ ਕਿ ਜ਼ਿੰਦਗੀ ਵਿਚ ਕਿਹੜੀਆਂ ਚੀਜ਼ਾਂ ਨੂੰ ਪਹਿਲ ਦੇਣੀ ਹੈ ਅਤੇ ਆਪਣੇ ਸਮੇਂ ਨੂੰ ਚੰਗੇ ਤਰੀਕੇ ਨਾਲ ਕਿਵੇਂ ਵਰਤਣਾ ਹੈ। ਤੁਸੀਂ ਚੰਗੇ ਅਸੂਲ ਕਿੱਥੋਂ ਸਿੱਖ ਸਕਦੇ ਹੋ? ਬਹੁਤ ਸਾਰੇ ਲੋਕ ਬਾਈਬਲ ਦੀ ਮਦਦ ਲੈਂਦੇ ਹਨ ਜਿਸ ਵਿਚ ਪਰਮੇਸ਼ੁਰ ਵੱਲੋਂ ਬੁੱਧ ਦੀਆਂ ਗੱਲਾਂ ਦੱਸੀਆਂ ਗਈਆਂ ਹਨ।​—ਕਹਾਉਤਾਂ 2:6, 7.

ਪਿਆਰ ਨੂੰ ਆਪਣੀ ਜ਼ਿੰਦਗੀ ਦਾ ਪਹਿਲਾ ਅਸੂਲ ਬਣਾਓ। ਕੁਲੁੱਸੀਆਂ 3:14 ਵਿਚ ਕਿਹਾ ਗਿਆ ਹੈ ਕਿ “ਪਿਆਰ ਹੀ ਸਾਰਿਆਂ ਨੂੰ ਏਕਤਾ ਦੇ ਬੰਧਨ ਵਿਚ ਪੂਰੀ ਤਰ੍ਹਾਂ ਬੰਨ੍ਹਦਾ ਹੈ।” ਸਾਨੂੰ ਸਾਰਿਆਂ ਨੂੰ ਪਿਆਰ ਦੀ ਲੋੜ ਹੈ, ਖ਼ਾਸ ਕਰਕੇ ਪਰਿਵਾਰ ਤੋਂ। ਇਸ ਤੋਂ ਬਿਨਾਂ ਅਸੀਂ ਜ਼ਿੰਦਗੀ ਵਿਚ ਖ਼ੁਸ਼ ਨਹੀਂ ਰਹਿ ਸਕਦੇ। ਜਿਹੜੇ ਲੋਕ ਇਸ ਹਕੀਕਤ ਨੂੰ ਨਜ਼ਰਅੰਦਾਜ਼ ਕਰ ਕੇ ਸ਼ਾਇਦ ਪੈਸੇ ਕਮਾਉਣ ਜਾਂ ਕੈਰੀਅਰ ਬਣਾਉਣ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਹਨ, ਉਨ੍ਹਾਂ ਨੂੰ ਜ਼ਿੰਦਗੀ ਵਿਚ ਖ਼ੁਸ਼ੀ ਨਹੀਂ ਮਿਲਦੀ। ਇਸੇ ਕਰਕੇ ਬਾਈਬਲ ਸੈਂਕੜੇ ਵਾਰ ਪਿਆਰ ਦਾ ਜ਼ਿਕਰ ਕਰਦੇ ਹੋਏ ਸਲਾਹ ਦਿੰਦੀ ਹੈ ਕਿ ਅਸੀਂ ਪਿਆਰ ਨੂੰ ਆਪਣੀ ਜ਼ਿੰਦਗੀ ਦਾ ਪਹਿਲਾ ਅਸੂਲ ਬਣਾਈਏ।​—1 ਕੁਰਿੰਥੀਆਂ 13:1-3; 1 ਯੂਹੰਨਾ 4:8.

ਰੱਬ ਬਾਰੇ ਜਾਣਨ ਲਈ ਸਮਾਂ ਕੱਢੋ। ਜੈਫ ਨਾਂ ਦੇ ਇਕ ਬੰਦੇ ਦਾ ਖ਼ੁਸ਼ੀਆਂ ਭਰਿਆ ਪਰਿਵਾਰ ਸੀ। ਉਸ ਦੇ ਪਰਿਵਾਰ ਵਿਚ ਉਸ ਦੀ ਪਤਨੀ ਤੇ ਦੋ ਬੱਚੇ ਸਨ ਤੇ ਉਸ ਦੇ ਚੰਗੇ ਦੋਸਤ ਸਨ। ਉਹ ਐਂਬੂਲੈਂਸ ਵਿਚ ਮਰੀਜ਼ਾਂ ਦੀ ਦੇਖ-ਭਾਲ ਕਰਨ ਦਾ ਕੰਮ ਕਰਦਾ ਸੀ ਜਿਸ ਤੋਂ ਉਸ ਨੂੰ ਖ਼ੁਸ਼ੀ ਮਿਲਦੀ ਸੀ। ਪਰ ਅਕਸਰ ਦੁੱਖ-ਦਰਦ ਤੇ ਮੌਤ ਨਾਲ ਉਸ ਦਾ ਵਾਹ ਪੈਂਦਾ ਸੀ। ਉਸ ਦੇ ਮਨ ਵਿਚ ਇਹ ਸਵਾਲ ਸੀ: “ਕੀ ਬਸ ਇਹੀ ਜ਼ਿੰਦਗੀ ਹੈ?” ਇਕ ਦਿਨ ਉਸ ਨੇ ਯਹੋਵਾਹ ਦੇ ਗਵਾਹਾਂ ਦੇ ਕੁਝ ਪ੍ਰਕਾਸ਼ਨ ਪੜ੍ਹੇ ਜਿਨ੍ਹਾਂ ਵਿੱਚੋਂ ਉਸ ਨੂੰ ਆਪਣੇ ਸਵਾਲਾਂ ਦੇ ਜਵਾਬ ਪੜ੍ਹ ਕੇ ਤਸੱਲੀ ਹੋਈ।

ਜੈਫ ਨੇ ਜੋ ਸਿੱਖਿਆ, ਉਹ ਸਭ ਕੁਝ ਉਸ ਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਦੱਸਿਆ ਤੇ ਉਨ੍ਹਾਂ ਵਿਚ ਵੀ ਬਾਈਬਲ ਬਾਰੇ ਹੋਰ ਸਿੱਖਣ ਦੀ ਇੱਛਾ ਪੈਦਾ ਹੋਈ। ਉਨ੍ਹਾਂ ਸਾਰਿਆਂ ਨੇ ਰਲ਼ ਕੇ ਬਾਈਬਲ ਦੀ ਸਟੱਡੀ ਕਰਨੀ ਸ਼ੁਰੂ ਕੀਤੀ ਜਿਸ ਕਰਕੇ ਉਨ੍ਹਾਂ ਦੀ ਜ਼ਿੰਦਗੀ ਹੋਰ ਵੀ ਖ਼ੁਸ਼ੀਆਂ ਭਰੀ ਹੋ ਗਈ ਅਤੇ ਉਨ੍ਹਾਂ ਨੇ ਆਪਣੇ ਸਮੇਂ ਨੂੰ ਹੋਰ ਚੰਗੀ ਤਰ੍ਹਾਂ ਵਰਤਣਾ ਸ਼ੁਰੂ ਕੀਤਾ। ਬਾਈਬਲ ਦੀ ਸਟੱਡੀ ਕਰ ਕੇ ਉਨ੍ਹਾਂ ਨੂੰ ਧਰਤੀ ਉੱਤੇ ਹਮੇਸ਼ਾ ਜੀਉਂਦੇ ਰਹਿਣ ਦੀ ਵੀ ਉਮੀਦ ਮਿਲੀ ਜਿੱਥੇ ਕੋਈ ਦੁੱਖ-ਦਰਦ ਨਹੀਂ ਹੋਵੇਗਾ।​—ਪ੍ਰਕਾਸ਼ ਦੀ ਕਿਤਾਬ 21:3, 4.

ਜੈਫ ਦੇ ਤਜਰਬੇ ਤੋਂ ਯਿਸੂ ਮਸੀਹ ਦੀ ਇਹ ਗੱਲ ਯਾਦ ਆਉਂਦੀ ਹੈ: “ਖ਼ੁਸ਼ ਹਨ ਜਿਹੜੇ ਪਰਮੇਸ਼ੁਰ ਦੀ ਅਗਵਾਈ ਲਈ ਤਰਸਦੇ ਹਨ।” (ਮੱਤੀ 5:3) ਕੀ ਤੁਸੀਂ ਰੱਬ ਬਾਰੇ ਜਾਣਨ ਲਈ ਸਮਾਂ ਕੱਢਣ ਵਾਸਤੇ ਤਿਆਰ ਹੋ? ਯਕੀਨ ਰੱਖੋ ਕਿ ਪਰਮੇਸ਼ੁਰ ਦੀ ਭਗਤੀ ਕਰਨੀ ਆਪਣੇ ਸਮੇਂ ਤੇ ਆਪਣੀ ਪੂਰੀ ਜ਼ਿੰਦਗੀ ਨੂੰ ਵਰਤਣ ਦਾ ਸਭ ਤੋਂ ਵਧੀਆ ਤਰੀਕਾ ਹੈ। ▪ (g14 02-E)