Skip to content

Skip to table of contents

ਬਾਈਬਲ ਕੀ ਕਹਿੰਦੀ ਹੈ

ਜਾਦੂਗਰੀ

ਜਾਦੂਗਰੀ

ਕੀ ਮਰੇ ਹੋਏ ਲੋਕਾਂ ਨਾਲ ਗੱਲ ਕਰਨੀ ਗ਼ਲਤ ਹੈ?

‘ਸਲਾਹ ਮਸ਼ਵਰੇ ਲਈ ਭੂਤ ਮ੍ਰਿਤਾਂ ਕੋਲ ਨਾ ਜਾਉ। ਉਹ ਸਿਰਫ਼ ਤੁਹਾਨੂੰ ਨਾਪਾਕ ਹੀ ਬਨਾਉਣਗੇ।’​—ਲੇਵੀਆਂ 19:31, ERV.

ਲੋਕੀ ਕੀ ਕਹਿੰਦੇ ਹਨ

ਲੋਕ ਇਹ ਤਸੱਲੀ ਪਾਉਣੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਮਰੇ ਹੋਏ ਅਜ਼ੀਜ਼ ਦੁੱਖ ਨਹੀਂ ਝੱਲ ਰਹੇ ਹਨ। ਇਸ ਕਰਕੇ ਉਹ ਕਹਿੰਦੇ ਹਨ: “ਕਿਉਂ ਨਾ ਸਿਆਣਿਆਂ ਜਾਂ ਚੇਲਿਆਂ-ਚਾਟਿਆਂ ਰਾਹੀਂ ਉਨ੍ਹਾਂ ਨਾਲ ਗੱਲਬਾਤ ਕੀਤੀ ਜਾਵੇ? ਉਨ੍ਹਾਂ ਰਾਹੀਂ ਸਾਨੂੰ ਜੋ ਵੀ ਪਤਾ ਲੱਗੇਗਾ, ਉਸ ਨਾਲ ਸ਼ਾਇਦ ਸਾਡੇ ਮਨਾਂ ਨੂੰ ਸ਼ਾਂਤੀ ਮਿਲ ਜਾਵੇ।”

ਬਾਈਬਲ ਕੀ ਕਹਿੰਦੀ ਹੈ

ਪੁਰਾਣੇ ਜ਼ਮਾਨੇ ਵਿਚ ਮਰੇ ਹੋਇਆਂ ਨਾਲ ਗੱਲ ਕਰਨੀ ਆਮ ਸੀ, ਪਰ ਬਾਈਬਲ ਉਨ੍ਹਾਂ ਨਾਲ ਗੱਲ ਕਰਨ ਬਾਰੇ ਚੇਤਾਵਨੀ ਦਿੰਦੀ ਹੈ। ਮਿਸਾਲ ਲਈ, ਯਹੋਵਾਹ ਪਰਮੇਸ਼ੁਰ ਨੇ ਇਜ਼ਰਾਈਲ ਕੌਮ ਨੂੰ ਕਾਨੂੰਨ ਦਿੰਦੇ ਹੋਏ ਕਿਹਾ ਸੀ: ‘ਕਿਸੇ ਭੂਤ-ਮ੍ਰਿਤ ਜਾਂ ਮੁਰਦਾ ਵਿਅਕਤੀ ਨਾਲ ਗੱਲ ਕਰਨ ਦੀ ਕੋਸ਼ਿਸ਼ ਨਾ ਕਰੋ।’ (ਬਿਵਸਥਾ ਸਾਰ 18:10-12, ERV) ਬਾਈਬਲ ਇਹ ਵੀ ਦੱਸਦੀ ਹੈ ਕਿ ਜਿਹੜੇ ਲੋਕ ਕਿਸੇ ਵੀ ਤਰੀਕੇ ਨਾਲ ਜਾਦੂਗਰੀ ਵਿਚ ਹਿੱਸਾ ਲੈਂਦੇ ਹਨ, ਉਨ੍ਹਾਂ ਨੂੰ ਯਹੋਵਾਹ ਘਿਰਣਾ ਕਰਦਾ ਹੈ ਤੇ ਉਹ “ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ ਬਣਨਗੇ।”​—ਗਲਾਤੀਆਂ 5:19-21.

ਕੀ ਮਰੇ ਹੋਏ ਲੋਕ ਸਾਨੂੰ ਨੁਕਸਾਨ ਪਹੁੰਚਾ ਸਕਦੇ ਹਨ?

“ਜੀਉਂਦੇ ਤਾਂ ਜਾਣਦੇ ਹਨ ਜੋ ਅਸੀਂ ਮਰਾਂਗੇ ਪਰ ਮੋਏ ਕੁਝ ਵੀ ਨਹੀਂ ਜਾਣਦੇ।”​ਉਪਦੇਸ਼ਕ ਦੀ ਪੋਥੀ 9:5.

ਲੋਕੀ ਕੀ ਕਹਿੰਦੇ ਹਨ

ਬਹੁਤ ਸਾਰੇ ਲੋਕ ਦਾਅਵਾ ਕਰਦੇ ਹਨ ਕਿ ਮਰੇ ਹੋਏ ਲੋਕ ਕਿਸੇ-ਨਾ-ਕਿਸੇ ਰੂਪ ਵਿਚ ਜੀਉਂਦੇ ਹਨ। ਇਸ ਲਈ ਉਹ ਸ਼ਾਇਦ ਮਰੇ ਹੋਏ ਲੋਕਾਂ ਨਾਲ ਗੱਲ ਕਰ ਕੇ ਉਨ੍ਹਾਂ ਤੋਂ ਕੋਈ ਜਾਣਕਾਰੀ ਲੈਣ ਦੀ ਜਾਂ ਉਨ੍ਹਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਨ। ਇਹ ਉਹ ਇਸ ਲਈ ਕਰਦੇ ਹਨ ਤਾਂਕਿ ਮਰੇ ਹੋਏ ਲੋਕ ਉਨ੍ਹਾਂ ਨੂੰ ਸ਼ਾਂਤੀ ਨਾਲ ਜੀਉਣ ਦੇਣ।

ਬਾਈਬਲ ਕੀ ਕਹਿੰਦੀ ਹੈ

“ਜੀਉਂਦੇ ਤਾਂ ਜਾਣਦੇ ਹਨ ਜੋ ਅਸੀਂ ਮਰਾਂਗੇ ਪਰ ਮੋਏ ਕੁਝ ਵੀ ਨਹੀਂ ਜਾਣਦੇ . . . ਉਨ੍ਹਾਂ ਦੀ ਪ੍ਰੀਤ ਅਤੇ ਵੈਰ ਅਰ ਉਨ੍ਹਾਂ ਦੀ ਈਰਖਾ ਹੁਣ ਮੁੱਕ ਗਏ।” (ਉਪਦੇਸ਼ਕ ਦੀ ਪੋਥੀ 9:5, 6) ਜੀ ਹਾਂ, ਬਾਈਬਲ ਦੱਸਦੀ ਹੈ ਕਿ ਮਰੇ ਹੋਏ ਲੋਕਾਂ ਦਾ ਸਭ ਕੁਝ ਖ਼ਤਮ ਹੋ ਜਾਂਦਾ ਹੈ! ਉਹ ਨਾ ਤਾਂ ਕੁਝ ਸੋਚ ਸਕਦੇ ਤੇ ਨਾ ਹੀ ਕੁਝ ਕਰ ਸਕਦੇ ਹਨ। ਨਾਲੇ ਉਹ ਰੱਬ ਦੀ ਭਗਤੀ ਵੀ ਨਹੀਂ ਕਰ ਸਕਦੇ। ਬਾਈਬਲ ਕਹਿੰਦੀ ਹੈ: ‘ਮੁਰਦਾ ਲੋਕ ਯਹੋਵਾਹ ਦੀ ਉਸਤਤ ਨਹੀਂ ਕਰਦੇ। ਕਬਰਾਂ ਵਿੱਚ ਦਫ਼ਨ ਹੋਏ ਲੋਕ, ਯਹੋਵਾਹ ਦੀ ਉਸਤਤ ਨਹੀਂ ਕਰਦੇ।’​—ਜ਼ਬੂਰਾਂ ਦੀ ਪੋਥੀ 115:17, ERV.

ਕੀ ਚੇਲੇ-ਚਾਂਟੇ ਕਦੀ-ਕਦਾਈਂ ਸਹੀ ਜਾਣਕਾਰੀ ਦਿੰਦੇ ਹਨ?

“ਕੀ ਜੀਉਂਦਿਆਂ ਦੇ ਲਈ ਮੁਰਦਿਆਂ ਨੂੰ ਪੁੱਛੀਦਾ ਹੈ?”​ਯਸਾਯਾਹ 8:19.

ਲੋਕੀ ਕੀ ਕਹਿੰਦੇ ਹਨ

ਕੁਝ ਲੋਕ ਦਾਅਵਾ ਕਰਦੇ ਹਨ ਕਿ ਚੇਲੇ-ਚਾਂਟੇ ਜਾਂ ਸਿਆਣੇ ਉਹ ਜਾਣਕਾਰੀ ਦੇ ਸਕਦੇ ਹਨ ਜੋ ਸਿਰਫ਼ ਮਰੇ ਹੋਏ ਲੋਕ ਅਤੇ ਉਨ੍ਹਾਂ ਦੇ ਪਰਿਵਾਰ ਜਾਂ ਦੋਸਤ ਹੀ ਜਾਣਦੇ ਸਨ।

ਬਾਈਬਲ ਕੀ ਕਹਿੰਦੀ ਹੈ

1 ਸਮੂਏਲ ਦੇ 28ਵੇਂ ਅਧਿਆਇ ਵਿਚ ਦੱਸਿਆ ਗਿਆ ਹੈ ਕਿ ਬੇਵਫ਼ਾ ਰਾਜੇ ਸ਼ਾਊਲ ਨੇ ਪਰਮੇਸ਼ੁਰ ਦਾ ਇਹ ਹੁਕਮ ਤੋੜਿਆ ਸੀ ਕਿ ਕੋਈ ਵੀ ਚੇਲਿਆਂ-ਚਾਂਟਿਆਂ ਜਾਂ ਸਿਆਣਿਆਂ ਤੋਂ ਪੁੱਛ-ਗਿੱਛ ਨਾ ਕਰੇ। ਉਹ ਰਾਜਾ ਇਕ ਔਰਤ ਕੋਲ ਗਿਆ ਜੋ ਮੁਰਦਿਆਂ ਨਾਲ ਗੱਲਬਾਤ ਕਰਾਉਣ ਦਾ ਦਾਅਵਾ ਕਰਦੀ ਸੀ। ਉਸ ਨੇ ਤੀਵੀਂ ਨੂੰ ਮਰੇ ਹੋਏ ਸਮੂਏਲ ਨਾਲ ਗੱਲ ਕਰਵਾਉਣ ਲਈ ਕਿਹਾ ਜੋ ਰੱਬ ਦਾ ਭਗਤ ਸੀ। ਪਰ ਕੀ ਤੀਵੀਂ ਨੇ ਸੱਚੀ-ਮੁੱਚੀ ਸਮੂਏਲ ਨਾਲ ਗੱਲ ਕੀਤੀ ਸੀ? ਨਹੀਂ! ਅਸਲ ਵਿਚ ਉਹ ਤੀਵੀਂ ਇਕ ਬਹੁਰੂਪੀਏ ਨਾਲ ਗੱਲ ਕਰ ਰਹੀ ਸੀ ਜੋ ਮਰੇ ਹੋਏ ਸਮੂਏਲ ਦਾ ਢੌਂਗ ਕਰ ਰਿਹਾ ਸੀ।

ਇਹ ਬਹੁਰੂਪੀਆ ਅਸਲ ਵਿਚ ਇਕ ਦੁਸ਼ਟ ਦੂਤ ਸੀ ਜੋ ‘ਝੂਠ ਦੇ ਪਿਉ’ ਸ਼ੈਤਾਨ ਵੱਲੋਂ ਭੇਜਿਆ ਗਿਆ ਇਕ ਏਜੰਟ ਸੀ। (ਯੂਹੰਨਾ 8:44) ਦੁਸ਼ਟ ਦੂਤ ਇਹ ਗੱਲ ਕਿਉਂ ਫੈਲਾਉਂਦੇ ਹਨ ਕਿ ਮਰੇ ਹੋਏ ਲੋਕ ਜੀਉਂਦੇ ਹਨ? ਉਹ ਯਹੋਵਾਹ ਨੂੰ ਬਦਨਾਮ ਤੇ ਉਸ ਦੇ ਬਚਨ ਬਾਈਬਲ ਨੂੰ ਝੂਠਾ ਸਾਬਤ ਕਰਨਾ ਚਾਹੁੰਦੇ ਹਨ।​—2 ਤਿਮੋਥਿਉਸ 3:16.

ਕੀ ਉਪਰਲੀਆਂ ਗੱਲਾਂ ਦਾ ਇਹ ਮਤਲਬ ਹੈ ਕਿ ਮਰੇ ਹੋਏ ਲੋਕਾਂ ਲਈ ਕੋਈ ਆਸ ਨਹੀਂ ਹੈ? ਬਿਲਕੁਲ ਨਹੀਂ! ਬਾਈਬਲ ਵਾਅਦਾ ਕਰਦੀ ਹੈ ਕਿ ਮੌਤ ਦੀ ਨੀਂਦ ‘ਸੁੱਤੇ’ ਪਏ ਲੋਕ ਭਵਿੱਖ ਵਿਚ ਜੀਉਂਦੇ ਕੀਤੇ ਜਾਣਗੇ। * (ਯੂਹੰਨਾ 11:11-13; ਰਸੂਲਾਂ ਦੇ ਕੰਮ 24:15) ਨਾਲੇ ਸਾਨੂੰ ਇਹ ਵੀ ਤਸੱਲੀ ਮਿਲਦੀ ਹੈ ਕਿ ਸਾਡੇ ਮਰੇ ਹੋਏ ਅਜ਼ੀਜ਼ ਕਿਸੇ ਵੀ ਤਰੀਕੇ ਨਾਲ ਦੁੱਖ ਨਹੀਂ ਝੱਲ ਰਹੇ। ▪ (g14 02-E)

^ ਪੈਰਾ 16 ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦਾ ਸੱਤਵਾਂ ਅਧਿਆਇ ਪੜ੍ਹੋ ਜਿਸ ਦਾ ਵਿਸ਼ਾ ਹੈ “ਸਾਡੇ ਮਰੇ ਹੋਏ ਅਜ਼ੀਜ਼ਾਂ ਲਈ ਪੱਕੀ ਉਮੀਦ।” ਤੁਸੀਂ ਇਹ ਕਿਤਾਬ www.jw.org/pa ’ਤੇ ਪੜ੍ਹ ਸਕਦੇ ਹੋ।