Skip to content

Skip to table of contents

ਸੋਚੋ ਕਿ ਤੁਹਾਨੂੰ ਕਿਹੋ ਜਿਹੇ ਇਨਸਾਨ ਬਣਨਾ ਚਾਹੀਦਾ ਹੈ

ਸੋਚੋ ਕਿ ਤੁਹਾਨੂੰ ਕਿਹੋ ਜਿਹੇ ਇਨਸਾਨ ਬਣਨਾ ਚਾਹੀਦਾ ਹੈ

“ਸੋਚੋ ਕਿ ਤੁਹਾਨੂੰ ਕਿਹੋ ਜਿਹੇ ਇਨਸਾਨ ਬਣਨਾ ਚਾਹੀਦਾ ਹੈ। ਤੁਹਾਨੂੰ ਆਪਣਾ ਚਾਲ-ਚਲਣ ਸ਼ੁੱਧ ਰੱਖਣਾ ਚਾਹੀਦਾ ਹੈ ਅਤੇ ਭਗਤੀ ਦੇ ਕੰਮ ਕਰਨੇ ਚਾਹੀਦੇ ਹਨ।”​—2 ਪਤ. 3:11.

1, 2. ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਸਾਨੂੰ “ਕਿਹੋ ਜਿਹੇ ਇਨਸਾਨ ਬਣਨਾ ਚਾਹੀਦਾ ਹੈ”?

ਅਕਸਰ ਸਾਨੂੰ ਇਸ ਗੱਲ ਦਾ ਫ਼ਿਕਰ ਹੁੰਦਾ ਹੈ ਕਿ ਲੋਕ ਸਾਡੇ ਬਾਰੇ ਕੀ ਸੋਚਦੇ ਹਨ। ਪਰ ਮਸੀਹੀਆਂ ਵਜੋਂ ਸਾਡੇ ਲਈ ਇਹ ਗੱਲ ਜ਼ਿਆਦਾ ਮਾਅਨੇ ਰੱਖਦੀ ਹੈ ਕਿ ਯਹੋਵਾਹ ਸਾਡੇ ਬਾਰੇ ਕੀ ਸੋਚਦਾ ਹੈ ਕਿਉਂਕਿ ਉਹ ਕਾਇਨਾਤ ਵਿਚ ਸਭ ਤੋਂ ਮਹਾਨ ਹੈ ਅਤੇ ‘ਜੀਉਣ ਦਾ ਚਸ਼ਮਾ ਉਸ ਦੇ ਮੁੱਢ ਹੈ।’​—ਜ਼ਬੂ. 36:9.

2 ਪਤਰਸ ਰਸੂਲ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਾਨੂੰ ਯਹੋਵਾਹ ਦੀ ਨਜ਼ਰ ਵਿਚ “ਕਿਹੋ ਜਿਹੇ ਇਨਸਾਨ ਬਣਨਾ ਚਾਹੀਦਾ ਹੈ।” ਉਹ ਸਾਨੂੰ ਤਾਕੀਦ ਕਰਦਾ ਹੈ ਕਿ ਅਸੀਂ ‘ਆਪਣਾ ਚਾਲ-ਚਲਣ ਸ਼ੁੱਧ ਰੱਖੀਏ ਅਤੇ ਭਗਤੀ ਦੇ ਕੰਮ ਕਰੀਏ।’ (2 ਪਤਰਸ 3:11 ਪੜ੍ਹੋ।) ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਸਾਡਾ “ਚਾਲ-ਚਲਣ” ਸ਼ੁੱਧ ਹੋਣਾ ਬਹੁਤ ਜ਼ਰੂਰੀ ਹੈ। ਇਸ ਦਾ ਮਤਲਬ ਹੈ ਕਿ ਸਾਡੇ ਕੰਮ, ਸਾਡੀ ਸੋਚ ਤੇ ਸਾਡੀ ਭਗਤੀ ਪਰਮੇਸ਼ੁਰ ਦੀ ਨਜ਼ਰ ਵਿਚ ਸ਼ੁੱਧ ਹੋਣੀ ਚਾਹੀਦੀ ਹੈ। ਨਾਲੇ ਸਾਨੂੰ ਪਰਮੇਸ਼ੁਰ ਲਈ ਪਿਆਰ ਤੇ ਸ਼ਰਧਾ ਰੱਖਦੇ ਹੋਏ “ਭਗਤੀ ਦੇ ਕੰਮ” ਕਰਨੇ ਚਾਹੀਦੇ ਹਨ। ਪਰਮੇਸ਼ੁਰ ਸਿਰਫ਼ ਸਾਡੇ ਕੰਮ ਹੀ ਨਹੀਂ, ਸਗੋਂ ਇਹ ਵੀ ਦੇਖਦਾ ਹੈ ਕਿ ਸਾਡੇ ਦਿਲ ਵਿਚ ਕੀ ਹੈ। ਯਹੋਵਾਹ ‘ਮਨ ਦੀ ਪਰੀਖਿਆ ਕਰਦਾ ਹੈ।’ ਇਸ ਲਈ ਉਹ ਜਾਣਦਾ ਹੈ ਕਿ ਸਾਡਾ ਚਾਲ-ਚਲਣ ਸ਼ੁੱਧ ਹੈ ਜਾਂ ਨਹੀਂ। ਉਸ ਨੂੰ ਇਹ ਵੀ ਪਤਾ ਹੈ ਕਿ ਅਸੀਂ ਸਿਰਫ਼ ਉਸ ਦੀ ਭਗਤੀ ਕਰਦੇ ਹਾਂ ਜਾਂ ਨਹੀਂ।​—1 ਇਤ. 29:17.

3. ਸਾਨੂੰ ਖ਼ੁਦ ਨੂੰ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?

3 ਸ਼ੈਤਾਨ ਨਹੀਂ ਚਾਹੁੰਦਾ ਕਿ ਅਸੀਂ ਪਰਮੇਸ਼ੁਰ ਦੀ ਇੱਛਾ ਮੁਤਾਬਕ ਚੱਲੀਏ। ਉਹ ਇਸ ਗੱਲ ’ਤੇ ਤੁਲਿਆ ਹੋਇਆ ਹੈ ਕਿ ਅਸੀਂ ਯਹੋਵਾਹ ਨਾਲ ਆਪਣਾ ਰਿਸ਼ਤਾ ਤੋੜ ਲਈਏ। ਉਹ ਸਾਨੂੰ ਆਪਣੇ ਜਾਲ਼ ਵਿਚ ਫਸਾਉਣ ਲਈ ਝੂਠ ਬੋਲਦਾ ਹੈ ਤੇ ਧੋਖਾ ਦਿੰਦਾ ਹੈ ਤਾਂਕਿ ਅਸੀਂ ਯਹੋਵਾਹ ਦੀ ਭਗਤੀ ਕਰਨੀ ਛੱਡ ਦੇਈਏ। (ਯੂਹੰ. 8:44; 2 ਕੁਰਿੰ. 11:13-15) ਇਸ ਲਈ ਜ਼ਰੂਰੀ ਹੈ ਕਿ ਅਸੀਂ ਖ਼ੁਦ ਨੂੰ ਇਹ ਸਵਾਲ ਪੁੱਛੀਏ: ‘ਸ਼ੈਤਾਨ ਲੋਕਾਂ ਨੂੰ ਕਿਵੇਂ ਧੋਖਾ ਦਿੰਦਾ ਹੈ? ਮੈਂ ਯਹੋਵਾਹ ਨਾਲ ਆਪਣਾ ਰਿਸ਼ਤਾ ਬਣਾਈ ਰੱਖਣ ਲਈ ਕੀ ਕਰ ਸਕਦਾ ਹਾਂ?’

ਸ਼ੈਤਾਨ ਲੋਕਾਂ ਨੂੰ ਕਿਵੇਂ ਧੋਖਾ ਦਿੰਦਾ ਹੈ?

4. ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਤੋੜਨ ਲਈ ਸ਼ੈਤਾਨ ਕਿਸ ਚੀਜ਼ ’ਤੇ ਵਾਰ ਕਰਦਾ ਹੈ ਤੇ ਕਿਉਂ?

4 ਯਾਕੂਬ ਨੇ ਲਿਖਿਆ: “ਹਰ ਕੋਈ ਆਪਣੀ ਇੱਛਾ ਦੇ ਬਹਿਕਾਵੇ ਵਿਚ ਆ ਕੇ ਪਰੀਖਿਆਵਾਂ ਵਿਚ ਪੈਂਦਾ ਹੈ। ਫਿਰ ਇਹ ਇੱਛਾ ਅੰਦਰ ਹੀ ਅੰਦਰ ਪਲ਼ਦੀ ਰਹਿੰਦੀ ਹੈ ਅਤੇ ਇਹ ਪਾਪ ਨੂੰ ਜਨਮ ਦਿੰਦੀ ਹੈ। ਜਦੋਂ ਪਾਪ ਕਰ ਲਿਆ ਜਾਂਦਾ ਹੈ, ਤਾਂ ਇਸ ਦਾ ਅੰਜਾਮ ਮੌਤ ਹੁੰਦਾ ਹੈ।” (ਯਾਕੂ. 1:14, 15) ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਤੋੜਨ ਲਈ ਸ਼ੈਤਾਨ ਸਾਡੇ ਦਿਲ ’ਤੇ ਵਾਰ ਕਰਦਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਇੱਛਾਵਾਂ ਸਾਡੇ ਦਿਲ ਵਿਚ ਪੈਦਾ ਹੁੰਦੀਆਂ ਹਨ।

5, 6. (ੳ) ਸ਼ੈਤਾਨ ਕਿਹੜੀਆਂ ਚੀਜ਼ਾਂ ਵਰਤ ਕੇ ਸਾਡੇ ਦਿਲ ’ਤੇ ਵਾਰ ਕਰਦਾ ਹੈ? (ਅ) ਸ਼ੈਤਾਨ ਸਾਡੇ ਦਿਲ ਵਿਚ ਗ਼ਲਤ ਇੱਛਾਵਾਂ ਪੈਦਾ ਕਰਨ ਲਈ ਕਿਹੜੇ ਫੰਦੇ ਵਰਤਦਾ ਹੈ ਅਤੇ ਉਸ ਕੋਲ ਕਿੰਨਾ ਤਜਰਬਾ ਹੈ?

5 ਸ਼ੈਤਾਨ ਕਿਹੜੀਆਂ ਚੀਜ਼ਾਂ ਵਰਤ ਕੇ ਸਾਡੇ ਦਿਲ ’ਤੇ ਵਾਰ ਕਰਦਾ ਹੈ? ਬਾਈਬਲ ਕਹਿੰਦੀ ਹੈ: “ਸਾਰੀ ਦੁਨੀਆਂ ਉਸ ਦੁਸ਼ਟ ਦੇ ਵੱਸ ਵਿਚ ਹੈ।” (1 ਯੂਹੰ. 5:19) ਉਹ ਬੜੀ ਚਲਾਕੀ ਨਾਲ “ਦੁਨੀਆਂ ਦੀਆਂ ਚੀਜ਼ਾਂ” ਵਰਤਦਾ ਹੈ। (1 ਯੂਹੰਨਾ 2:15, 16 ਪੜ੍ਹੋ।) ਹਜ਼ਾਰਾਂ ਸਾਲਾਂ ਦੌਰਾਨ ਸ਼ੈਤਾਨ ਨੇ ਸੋਚ-ਸਮਝ ਕੇ ਦੁਨੀਆਂ ਵਿਚ ਫੰਦੇ ਵਿਛਾਏ ਹਨ ਤਾਂਕਿ ਲੋਕ ਇਨ੍ਹਾਂ ਵਿਚ ਆਸਾਨੀ ਨਾਲ ਫਸ ਜਾਣ। ਇਸ ਲਈ ਸਾਨੂੰ ਉਸ ਦੇ ਫੰਦਿਆਂ ਤੋਂ ਖ਼ਬਰਦਾਰ ਰਹਿਣ ਦੀ ਲੋੜ ਹੈ।—ਯੂਹੰ. 17:15.

6 ਸ਼ੈਤਾਨ ਸਾਡੇ ਦਿਲ ਵਿਚ ਗ਼ਲਤ ਇੱਛਾਵਾਂ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਯੂਹੰਨਾ ਰਸੂਲ ਨੇ ਸਾਨੂੰ ਸ਼ੈਤਾਨ ਦੇ ਤਿੰਨ ਫੰਦਿਆਂ ਬਾਰੇ ਦੱਸਿਆ: (1) “ਸਰੀਰ ਦੀ ਲਾਲਸਾ,” (2) “ਅੱਖਾਂ ਦੀ ਲਾਲਸਾ” ਅਤੇ (3) “ਆਪਣੀ ਧਨ-ਦੌਲਤ ਤੇ ਹੈਸੀਅਤ ਦਾ ਦਿਖਾਵਾ।” ਉਜਾੜ ਵਿਚ ਯਿਸੂ ਦੀ ਪਰੀਖਿਆ ਲੈਂਦਿਆਂ ਸ਼ੈਤਾਨ ਨੇ ਇਹੀ ਚੀਜ਼ਾਂ ਵਰਤੀਆਂ। ਉਸ ਕੋਲ ਹਜ਼ਾਰਾਂ ਸਾਲਾਂ ਦਾ ਤਜਰਬਾ ਹੈ ਜਿਸ ਕਰਕੇ ਉਹ ਇਹ ਫੰਦੇ ਵਰਤਣ ਵਿਚ ਬੜਾ ਮਾਹਰ ਹੈ। ਉਸ ਨੂੰ ਪਤਾ ਹੈ ਕਿ ਕਿਹੜਾ ਇਨਸਾਨ ਕਿਸ ਫੰਦੇ ਵਿਚ ਫਸ ਸਕਦਾ ਹੈ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਉਸ ਦੇ ਫੰਦਿਆਂ ਵਿਚ ਫਸਣ ਤੋਂ ਕਿਵੇਂ ਬਚ ਸਕਦੇ ਹਾਂ। ਆਓ ਆਪਾਂ ਪਹਿਲਾਂ ਇਹ ਦੇਖੀਏ ਕਿ ਉਸ ਨੇ ਹੱਵਾਹ ਨੂੰ ਆਪਣੇ ਜਾਲ਼ ਵਿਚ ਕਿਵੇਂ ਫਸਾਇਆ, ਫਿਰ ਅਸੀਂ ਦੇਖਾਂਗੇ ਕਿ ਉਹ ਪਰਮੇਸ਼ੁਰ ਦੇ ਬੇਟੇ ਨੂੰ ਆਪਣੇ ਜਾਲ਼ ਵਿਚ ਕਿਉਂ ਨਹੀਂ ਫਸਾ ਸਕਿਆ।

“ਸਰੀਰ ਦੀ ਲਾਲਸਾ”

“ਸਰੀਰ ਦੀ ਲਾਲਸਾ” ਕਰਕੇ ਹੱਵਾਹ ਗੁਮਰਾਹ ਹੋ ਗਈ (ਪੈਰਾ 7 ਦੇਖੋ)

7. ਸ਼ੈਤਾਨ ਨੇ “ਸਰੀਰ ਦੀ ਲਾਲਸਾ” ਵਰਤ ਕੇ ਹੱਵਾਹ ਨੂੰ ਕਿਵੇਂ ਭਰਮਾਇਆ?

7 ਜੀਉਂਦੇ ਰਹਿਣ ਲਈ ਇਨਸਾਨਾਂ ਨੂੰ ਭੋਜਨ ਦੀ ਜ਼ਰੂਰਤ ਹੈ। ਇਸ ਲਈ ਪਰਮੇਸ਼ੁਰ ਨੇ ਧਰਤੀ ਨੂੰ ਖਾਣ-ਪੀਣ ਦੀਆਂ ਚੀਜ਼ਾਂ ਪੈਦਾ ਕਰਨ ਲਈ ਬਣਾਇਆ ਹੈ। ਪਰ ਸ਼ੈਤਾਨ ਸਾਨੂੰ ਖਾਣ-ਪੀਣ ਦਾ ਲਾਲਚ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂਕਿ ਅਸੀਂ ਪਰਮੇਸ਼ੁਰ ਦੀ ਸੇਵਾ ਕਰਨੋਂ ਹਟ ਜਾਈਏ। ਜ਼ਰਾ ਦੇਖੋ ਕਿ ਉਸ ਨੇ ਹੱਵਾਹ ਨਾਲ ਕੀ ਕੀਤਾ। (ਉਤਪਤ 3:1-6 ਪੜ੍ਹੋ।) ਸ਼ੈਤਾਨ ਨੇ ਹੱਵਾਹ ਨੂੰ ਕਿਹਾ ਕਿ ‘ਭਲੇ ਬੁਰੇ ਦੀ ਸਿਆਣ ਦੇ ਬਿਰਛ’ ਦਾ ਫਲ ਖਾਣ ਨਾਲ ਉਹ ਮਰੇਗੀ ਨਹੀਂ, ਸਗੋਂ ਜਿਸ ਦਿਨ ਉਹ ਫਲ ਖਾ ਲਵੇਗੀ ਉਹ ਪਰਮੇਸ਼ੁਰ ਵਰਗੀ ਬਣ ਜਾਵੇਗੀ। (ਉਤ. 2:9) ਉਸ ਦੇ ਕਹਿਣ ਦਾ ਮਤਲਬ ਸੀ ਕਿ ਜੀਉਂਦੇ ਰਹਿਣ ਲਈ ਹੱਵਾਹ ਨੂੰ ਪਰਮੇਸ਼ੁਰ ਦਾ ਕਹਿਣਾ ਮੰਨਣ ਦੀ ਕੋਈ ਲੋੜ ਨਹੀਂ ਸੀ। ਕਿੰਨਾ ਕੋਰਾ ਝੂਠ! ਜਦ ਸ਼ੈਤਾਨ ਨੇ ਹੱਵਾਹ ਦੇ ਮਨ ਵਿਚ ਸ਼ੱਕ ਪਾਇਆ, ਤਾਂ ਉਹ ਸ਼ੈਤਾਨ ਦੀ ਗੱਲ ਆਪਣੇ ਮਨੋਂ ਕੱਢ ਸਕਦੀ ਸੀ ਜਾਂ ਫਲ ਬਾਰੇ ਸੋਚਦੀ ਰਹਿ ਸਕਦੀ ਸੀ ਜਿਸ ਕਰਕੇ ਇਸ ਨੂੰ ਖਾਣ ਦੀ ਚਾਹਤ ਹੋਰ ਵੀ ਵਧਣੀ ਸੀ। ਜੇ ਉਹ ਚਾਹੁੰਦੀ, ਤਾਂ ਉਹ ਬਾਗ਼ ਵਿਚ ਕਿਸੇ ਵੀ ਦਰਖ਼ਤ ਤੋਂ ਫਲ ਖਾ ਸਕਦੀ ਸੀ, ਪਰ ਉਹ ਬਾਗ਼ ਦੇ ਵਿਚਕਾਰ ਲੱਗੇ ਉਸ ਦਰਖ਼ਤ ਬਾਰੇ ਸੋਚਦੀ ਰਹੀ ਜਿਸ ਦਾ ਸ਼ੈਤਾਨ ਨੇ ਜ਼ਿਕਰ ਕੀਤਾ ਸੀ। ਨਤੀਜੇ ਵਜੋਂ ਉਸ ਨੇ ‘ਉਹ ਦੇ ਫਲ ਤੋਂ ਲਿਆ ਤੇ ਖਾਧਾ।’ ਇਸ ਤਰ੍ਹਾਂ ਸ਼ੈਤਾਨ ਨੇ ਉਸ ਨੂੰ ਪਰਮੇਸ਼ੁਰ ਦਾ ਹੁਕਮ ਤੋੜਨ ਲਈ ਉਕਸਾਇਆ।

ਯਿਸੂ ਨੇ ਕਿਸੇ ਵੀ ਚੀਜ਼ ਨੂੰ ਆਪਣਾ ਧਿਆਨ ਭਟਕਾਉਣ ਨਹੀਂ ਦਿੱਤਾ (ਪੈਰਾ 8 ਦੇਖੋ)

8. ਸ਼ੈਤਾਨ ਨੇ “ਸਰੀਰ ਦੀ ਲਾਲਸਾ” ਵਰਤ ਕੇ ਯਿਸੂ ਦੀ ਪਰੀਖਿਆ ਕਿਵੇਂ ਲਈ ਅਤੇ ਉਹ ਕਾਮਯਾਬ ਕਿਉਂ ਨਹੀਂ ਹੋਇਆ?

8 ਉਜਾੜ ਵਿਚ ਯਿਸੂ ਦੀ ਪਰੀਖਿਆ ਲੈਂਦੇ ਹੋਏ ਸ਼ੈਤਾਨ ਨੇ ਇਹੀ ਚਾਲ ਚਲੀ। ਉਸ ਨੂੰ ਪਤਾ ਸੀ ਕਿ ਯਿਸੂ ਨੇ 40 ਦਿਨਾਂ ਤੇ 40 ਰਾਤਾਂ ਤੋਂ ਕੁਝ ਨਹੀਂ ਸੀ ਖਾਧਾ। ਇਸ ਲਈ ਸ਼ੈਤਾਨ ਨੇ ਉਸ ਨੂੰ ਰੋਟੀ ਦਾ ਲਾਲਚ ਦੇ ਕੇ ਉਸ ਦੀ ਪਰੀਖਿਆ ਲਈ। ਸ਼ੈਤਾਨ ਨੇ ਕਿਹਾ: “ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਇਸ ਪੱਥਰ ਨੂੰ ਕਹਿ ਕਿ ਇਹ ਰੋਟੀ ਬਣ ਜਾਵੇ।” (ਲੂਕਾ 4:1-3) ਯਿਸੂ ਜਾਂ ਤਾਂ ਚਮਤਕਾਰ ਕਰ ਕੇ ਆਪਣੀ ਭੁੱਖ ਮਿਟਾ ਸਕਦਾ ਸੀ ਜਾਂ ਉਹ ਇੱਦਾਂ ਕਰਨ ਤੋਂ ਇਨਕਾਰ ਕਰ ਸਕਦਾ ਸੀ। ਉਹ ਜਾਣਦਾ ਸੀ ਕਿ ਆਪਣੇ ਫ਼ਾਇਦੇ ਲਈ ਚਮਤਕਾਰ ਕਰਨਾ ਗ਼ਲਤ ਸੀ। ਹਾਲਾਂਕਿ ਉਸ ਨੂੰ ਭੁੱਖ ਲੱਗੀ ਸੀ, ਪਰ ਉਸ ਨੂੰ ਯਹੋਵਾਹ ਨਾਲ ਆਪਣਾ ਰਿਸ਼ਤਾ ਰੋਟੀ ਨਾਲੋਂ ਕਿਤੇ ਪਿਆਰਾ ਸੀ। ਯਿਸੂ ਨੇ ਜਵਾਬ ਦਿੱਤਾ: “ਧਰਮ-ਗ੍ਰੰਥ ਵਿਚ ਲਿਖਿਆ ਹੈ: ‘ਇਨਸਾਨ ਨੂੰ ਜੀਉਂਦਾ ਰਹਿਣ ਵਾਸਤੇ ਸਿਰਫ਼ ਰੋਟੀ ਦੀ ਹੀ ਲੋੜ ਨਹੀਂ, ਸਗੋਂ ਯਹੋਵਾਹ ਦੇ ਮੂੰਹੋਂ ਨਿਕਲੇ ਹਰ ਬਚਨ ਦੀ ਲੋੜ ਹੈ।’”​—ਮੱਤੀ 4:4; ਲੂਕਾ 4:4.

“ਅੱਖਾਂ ਦੀ ਲਾਲਸਾ”

9. “ਅੱਖਾਂ ਦੀ ਲਾਲਸਾ” ਕੀ ਹੈ ਅਤੇ ਸ਼ੈਤਾਨ ਨੇ ਹੱਵਾਹ ਨੂੰ ਉਕਸਾਉਣ ਲਈ ਇਸ ਨੂੰ ਕਿਵੇਂ ਵਰਤਿਆ?

9 ਯੂਹੰਨਾ ਨੇ “ਅੱਖਾਂ ਦੀ ਲਾਲਸਾ” ਦਾ ਵੀ ਜ਼ਿਕਰ ਕੀਤਾ ਸੀ। ਜੇ ਕੋਈ ਕਿਸੇ ਚੀਜ਼ ਨੂੰ ਦੇਖਦਾ ਰਹਿੰਦਾ ਹੈ, ਤਾਂ ਉਸ ਵਿਚ ਉਸ ਚੀਜ਼ ਨੂੰ ਪਾਉਣ ਦੀ ਖ਼ਾਹਸ਼ ਪੈਦਾ ਹੋ ਸਕਦੀ ਹੈ। ਸ਼ੈਤਾਨ ਨੇ ਹੱਵਾਹ ਨੂੰ ਇਹ ਕਹਿ ਕੇ ਉਕਸਾਇਆ ਸੀ: “ਤੁਹਾਡੀਆਂ ਅੱਖੀਆਂ ਖੁਲ੍ਹ ਜਾਣਗੀਆਂ।” ਜਿੰਨਾ ਜ਼ਿਆਦਾ ਹੱਵਾਹ ਫਲ ਨੂੰ ਦੇਖਦੀ ਰਹੀ, ਉੱਨਾ ਜ਼ਿਆਦਾ ਫਲ ਖਾਣ ਦੀ ਚਾਹਤ ਵਧਦੀ ਗਈ। ਹੱਵਾਹ ਨੇ ਦੇਖਿਆ ਕਿ ਦਰਖ਼ਤ “ਅੱਖੀਆਂ ਨੂੰ ਭਾਉਂਦਾ” ਸੀ।

10. ਸ਼ੈਤਾਨ ਨੇ “ਅੱਖਾਂ ਦੀ ਲਾਲਸਾ” ਵਰਤ ਕੇ ਯਿਸੂ ਦੀ ਪਰੀਖਿਆ ਕਿਵੇਂ ਲਈ ਅਤੇ ਯਿਸੂ ਨੇ ਕੀ ਜਵਾਬ ਦਿੱਤਾ?

10 ਸ਼ੈਤਾਨ ਨੇ ਯਿਸੂ ਦੀ ਪਰੀਖਿਆ ਕਿਵੇਂ ਲਈ? ਉਹ ਯਿਸੂ “ਨੂੰ ਇਕ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਉਸ ਨੂੰ ਉਸੇ ਪਲ ਦੁਨੀਆਂ ਦੀਆਂ ਸਾਰੀਆਂ ਬਾਦਸ਼ਾਹੀਆਂ ਦਿਖਾਈਆਂ। ਫਿਰ ਸ਼ੈਤਾਨ ਨੇ ਉਸ ਨੂੰ ਕਿਹਾ: ‘ਮੈਂ ਤੈਨੂੰ ਇਨ੍ਹਾਂ ਸਾਰੀਆਂ ਬਾਦਸ਼ਾਹੀਆਂ ਉੱਤੇ ਅਧਿਕਾਰ ਅਤੇ ਇਨ੍ਹਾਂ ਦੀ ਸ਼ਾਨੋ-ਸ਼ੌਕਤ ਦੇ ਦਿਆਂਗਾ।’” (ਲੂਕਾ 4:5, 6) ਯਿਸੂ ਨੇ ਅਸਲ ਵਿਚ ਆਪਣੀਆਂ ਅੱਖਾਂ ਨਾਲ ਸਾਰੀਆਂ ਬਾਦਸ਼ਾਹੀਆਂ ਨਹੀਂ ਦੇਖੀਆਂ, ਪਰ ਸ਼ੈਤਾਨ ਨੇ ਇਕ ਦਰਸ਼ਣ ਵਿਚ ਉਸ ਨੂੰ ਇਨ੍ਹਾਂ ਦੀ ਸ਼ਾਨੋ-ਸ਼ੌਕਤ ਦਿਖਾਈ। ਉਸ ਨੂੰ ਸ਼ਾਇਦ ਲੱਗਦਾ ਸੀ ਕਿ ਯਿਸੂ ਇਹ ਸਭ ਕੁਝ ਦੇਖ ਕੇ ਇਨ੍ਹਾਂ ਬਾਦਸ਼ਾਹੀਆਂ ਨੂੰ ਪਾਉਣਾ ਚਾਹੇਗਾ। ਸ਼ੈਤਾਨ ਨੇ ਇਹ ਵੀ ਕਹਿਣ ਦੀ ਜੁਰਅਤ ਕੀਤੀ: “ਜੇ ਤੂੰ ਮੈਨੂੰ ਸਿਰਫ਼ ਇਕ ਵਾਰ ਮੱਥਾ ਟੇਕੇਂ, ਤਾਂ ਇਹ ਸਭ ਕੁਝ ਤੇਰਾ ਹੋ ਜਾਵੇਗਾ।” (ਲੂਕਾ 4:7) ਯਿਸੂ ਇਕ ਪਲ ਲਈ ਵੀ ਸ਼ੈਤਾਨ ਨੂੰ ਖ਼ੁਸ਼ ਨਹੀਂ ਕਰਨਾ ਚਾਹੁੰਦਾ ਸੀ। ਉਸ ਨੇ ਇਕਦਮ ਜਵਾਬ ਦਿੰਦਿਆਂ ਕਿਹਾ: “ਧਰਮ-ਗ੍ਰੰਥ ਵਿਚ ਇਹ ਲਿਖਿਆ ਹੈ: ‘ਤੂੰ ਸਿਰਫ਼ ਯਹੋਵਾਹ ਪਰਮੇਸ਼ੁਰ ਨੂੰ ਹੀ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਹੀ ਭਗਤੀ ਕਰ।’”​—ਲੂਕਾ 4:8.

“ਆਪਣੀ ਧਨ-ਦੌਲਤ ਤੇ ਹੈਸੀਅਤ ਦਾ ਦਿਖਾਵਾ”

11. ਹੱਵਾਹ ਸ਼ੈਤਾਨ ਦੀਆਂ ਗੱਲਾਂ ਵਿਚ ਕਿਵੇਂ ਆ ਗਈ?

11 ਆਖ਼ਰ ਵਿਚ ਯੂਹੰਨਾ ਨੇ “ਧਨ-ਦੌਲਤ ਤੇ ਹੈਸੀਅਤ ਦਾ ਦਿਖਾਵਾ” ਕਰਨ ਦਾ ਜ਼ਿਕਰ ਕੀਤਾ। ਜਦ ਆਦਮ ਤੇ ਹੱਵਾਹ ਧਰਤੀ ’ਤੇ ਇਕੱਲੇ ਸਨ, ਤਾਂ ਉਹ ਦੂਜਿਆਂ ਸਾਮ੍ਹਣੇ ਕਿਸੇ ਚੀਜ਼ ਦਾ ਦਿਖਾਵਾ ਨਹੀਂ ਕਰ ਸਕਦੇ ਸਨ। ਪਰ ਉਹ ਘਮੰਡੀ ਜ਼ਰੂਰ ਬਣ ਗਏ ਸਨ। ਜਦ ਸ਼ੈਤਾਨ ਨੇ ਹੱਵਾਹ ਦੀ ਪਰੀਖਿਆ ਲਈ, ਤਾਂ ਇਕ ਤਰੀਕੇ ਨਾਲ ਉਹ ਕਹਿ ਰਿਹਾ ਸੀ ਕਿ ਪਰਮੇਸ਼ੁਰ ਨੇ ਉਸ ਤੋਂ ਕੁਝ ਲੁਕੋ ਕੇ ਰੱਖਿਆ ਸੀ। ਸ਼ੈਤਾਨ ਨੇ ਉਸ ਨੂੰ ਇਹ ਵੀ ਦੱਸਿਆ ਕਿ ਜਿਸ ਦਿਨ ਉਹ “ਭਲੇ ਬੁਰੇ ਦੀ ਸਿਆਣ ਦੇ ਬਿਰਛ ਤੋਂ” ਖਾ ਲਵੇਗੀ ਉਹ ‘ਪਰਮੇਸ਼ੁਰ ਵਾਂਙੁ ਭਲੇ ਬੁਰੇ ਦੀ ਸਿਆਣਵਾਲੀ’ ਹੋ ਜਾਵੇਗੀ। (ਉਤ. 2:17; 3:5) ਸ਼ੈਤਾਨ ਕਹਿ ਰਿਹਾ ਸੀ ਕਿ ਹੱਵਾਹ ਨੂੰ ਯਹੋਵਾਹ ਦੀ ਕੋਈ ਲੋੜ ਨਹੀਂ। ਸੋ ਲੱਗਦਾ ਹੈ ਕਿ ਹੱਵਾਹ ਘਮੰਡ ਕਰਕੇ ਸ਼ੈਤਾਨ ਦੀਆਂ ਝੂਠੀਆਂ ਗੱਲਾਂ ਵਿਚ ਆ ਗਈ। ਉਸ ਨੇ ਫਲ ਖਾਧਾ ਕਿਉਂਕਿ ਉਸ ਨੇ ਸੋਚਿਆ ਕਿ ਪਰਮੇਸ਼ੁਰ ਦਾ ਕਾਨੂੰਨ ਤੋੜ ਕੇ ਉਹ ਮਰੇਗੀ ਨਹੀਂ। ਉਹ ਬਿਲਕੁਲ ਗ਼ਲਤ ਸੀ!

12. ਸ਼ੈਤਾਨ ਨੇ ਕਿਹੜੇ ਹੋਰ ਤਰੀਕੇ ਨਾਲ ਯਿਸੂ ਦੀ ਪਰੀਖਿਆ ਲਈ ਅਤੇ ਯਿਸੂ ਨੇ ਕੀ ਜਵਾਬ ਦਿੱਤਾ?

12 ਹੱਵਾਹ ਤੋਂ ਉਲਟ ਯਿਸੂ ਨੇ ਨਿਮਰ ਰਹਿ ਕੇ ਕਿੰਨੀ ਵਧੀਆ ਮਿਸਾਲ ਕਾਇਮ ਕੀਤੀ! ਸ਼ੈਤਾਨ ਨੇ ਇਕ ਹੋਰ ਤਰੀਕੇ ਨਾਲ ਉਸ ਦੀ ਪਰੀਖਿਆ ਲਈ। ਪਰ ਯਿਸੂ ਨੇ ਆਪਣੀ ਸ਼ਕਤੀ ਦਾ ਦਿਖਾਵਾ ਕਰ ਕੇ ਪਰਮੇਸ਼ੁਰ ਨੂੰ ਪਰਖਣ ਬਾਰੇ ਨਹੀਂ ਸੋਚਿਆ ਕਿਉਂਕਿ ਉਸ ਵਿਚ ਜ਼ਰਾ ਵੀ ਘਮੰਡ ਨਹੀਂ ਸੀ। ਯਿਸੂ ਨੇ ਸਾਫ਼-ਸਾਫ਼ ਜਵਾਬ ਦਿੱਤਾ: “ਧਰਮ-ਗ੍ਰੰਥ ਵਿਚ ਇਹ ਵੀ ਲਿਖਿਆ ਹੈ: ‘ਤੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਨਾ ਪਰਖ।’”​—ਲੂਕਾ 4:9-12 ਪੜ੍ਹੋ।

ਅਸੀਂ ਯਹੋਵਾਹ ਨਾਲ ਆਪਣਾ ਰਿਸ਼ਤਾ ਕਿਵੇਂ ਬਣਾਈ ਰੱਖ ਸਕਦੇ ਹਾਂ?

13, 14. ਸਮਝਾਓ ਕਿ ਅੱਜ ਸ਼ੈਤਾਨ ਕਿਹੜੇ ਫੰਦੇ ਵਰਤਦਾ ਹੈ।

13 ਅੱਜ ਵੀ ਸ਼ੈਤਾਨ ਉਹੀ ਫੰਦੇ ਵਰਤਦਾ ਹੈ ਜੋ ਉਸ ਨੇ ਹੱਵਾਹ ਤੇ ਯਿਸੂ ਲਈ ਵਰਤੇ ਸਨ। “ਸਰੀਰ ਦੀ ਲਾਲਸਾ” ਕਰਕੇ ਸ਼ੈਤਾਨ ਦੀ ਦੁਨੀਆਂ ਵਿਚ ਲੋਕ ਬਦਚਲਣ ਹਨ ਅਤੇ ਹੱਦੋਂ ਵੱਧ ਖਾਂਦੇ-ਪੀਂਦੇ ਹਨ। ਜੇ ਕੋਈ ਚੌਕਸ ਨਹੀਂ ਰਹਿੰਦਾ, ਤਾਂ ਉਹ “ਅੱਖਾਂ ਦੀ ਲਾਲਸਾ” ਕਾਰਨ ਪੋਰਨੋਗ੍ਰਾਫੀ ਦੇ ਫੰਦੇ ਵਿਚ ਫਸ ਸਕਦਾ ਹੈ ਜੋ ਖ਼ਾਸ ਕਰਕੇ ਇੰਟਰਨੈੱਟ ’ਤੇ ਪਾਈ ਜਾਂਦੀ ਹੈ। ਨਾਲੇ ਜਿਹੜੇ ਲੋਕ “ਆਪਣੀ ਧਨ-ਦੌਲਤ ਤੇ ਹੈਸੀਅਤ ਦਾ ਦਿਖਾਵਾ” ਕਰਨਾ ਚਾਹੁੰਦੇ ਹਨ ਉਹ ਆਸਾਨੀ ਨਾਲ ਘਮੰਡੀ ਬਣ ਕੇ ਦੌਲਤ-ਸ਼ੌਹਰਤ ਕਮਾਉਣ ਦੇ ਜਾਲ਼ ਵਿਚ ਫਸ ਸਕਦੇ ਹਨ।

ਸਾਨੂੰ ਇਨ੍ਹਾਂ ਹਾਲਾਤਾਂ ਵਿਚ ਬਾਈਬਲ ਦੇ ਕਿਹੜੇ ਅਸੂਲ ਯਾਦ ਰੱਖਣੇ ਚਾਹੀਦੇ ਹਨ? (ਪੈਰੇ 13, 14 ਦੇਖੋ)

14 ਜਿੱਦਾਂ ਇਕ ਸ਼ਿਕਾਰੀ ਆਪਣੇ ਸ਼ਿਕਾਰ ਨੂੰ ਫੜਨ ਲਈ ਚਾਰਾ ਵਰਤਦਾ ਹੈ, ਉੱਦਾਂ ਸ਼ੈਤਾਨ “ਦੁਨੀਆਂ ਦੀਆਂ ਚੀਜ਼ਾਂ” ਰਾਹੀਂ ਲੋਕਾਂ ਨੂੰ ਆਪਣੇ ਫੰਦੇ ਵਿਚ ਫਸਾਉਂਦਾ ਹੈ। ਸ਼ਿਕਾਰ ਚਾਰਾ ਦੇਖ ਕੇ ਖਿੱਚਿਆ ਤਾਂ ਚਲਾ ਆਉਂਦਾ ਹੈ, ਪਰ ਉਹ ਇਹ ਨਹੀਂ ਜਾਣਦਾ ਕਿ ਉਹ ਜਾਲ਼ ਵਿਚ ਫਸਣ ਵਾਲਾ ਹੈ। ਸਾਨੂੰ ਗੁਮਰਾਹ ਕਰਨ ਲਈ ਸ਼ੈਤਾਨ ਆਮ ਚੀਜ਼ਾਂ ਵਰਤ ਕੇ ਸਾਡੇ ਵਿਚ ਗ਼ਲਤ ਇੱਛਾਵਾਂ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਹ ਚਾਹੁੰਦਾ ਹੈ ਕਿ ਅਸੀਂ ਸੋਚੀਏ ਕਿ ਸਾਡੀਆਂ ਲੋੜਾਂ ਤੇ ਸੁੱਖ-ਸਹੂਲਤਾਂ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਨਾਲੋਂ ਜ਼ਿਆਦਾ ਜ਼ਰੂਰੀ ਹਨ। ਕੀ ਤੁਸੀਂ ਉਸ ਦੇ ਜਾਲ਼ ਵਿਚ ਫਸੋਗੇ?

15. ਅਸੀਂ ਪਰੀਖਿਆਵਾਂ ਵੇਲੇ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਾਂ?

15 ਹਾਲਾਂਕਿ ਹੱਵਾਹ ਸ਼ੈਤਾਨ ਦੇ ਧੋਖੇ ਵਿਚ ਆ ਗਈ, ਪਰ ਯਿਸੂ ਨੇ ਸ਼ੈਤਾਨ ਦਾ ਵਿਰੋਧ ਕੀਤਾ। ਯਿਸੂ ਨੇ ਹਰ ਵਾਰ ਪਰਮੇਸ਼ੁਰ ਦੇ ਬਚਨ ਤੋਂ ਜਵਾਬ ਦਿੰਦਿਆਂ ਕਿਹਾ: “ਧਰਮ-ਗ੍ਰੰਥ ਵਿਚ ਲਿਖਿਆ ਹੈ।” ਜੇ ਅਸੀਂ ਚੰਗੀ ਤਰ੍ਹਾਂ ਬਾਈਬਲ ਦੀ ਸਟੱਡੀ ਕਰਾਂਗੇ, ਤਾਂ ਅਸੀਂ ਬਾਈਬਲ ਦੇ ਹਵਾਲਿਆਂ ਨਾਲ ਵਾਕਫ਼ ਹੋਵਾਂਗੇ। ਫਿਰ ਕਿਸੇ ਪਰੀਖਿਆ ਵੇਲੇ ਅਸੀਂ ਉਨ੍ਹਾਂ ਹਵਾਲਿਆਂ ਨੂੰ ਯਾਦ ਕਰ ਕੇ ਸਹੀ ਫ਼ੈਸਲੇ ਕਰ ਸਕਾਂਗੇ। (ਜ਼ਬੂ. 1:1, 2) ਬਾਈਬਲ ਤੋਂ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਦੀਆਂ ਮਿਸਾਲਾਂ ਯਾਦ ਰੱਖ ਕੇ ਅਸੀਂ ਵੀ ਉਨ੍ਹਾਂ ਵਾਂਗ ਪਰਮੇਸ਼ੁਰ ਦਾ ਕਹਿਣਾ ਮੰਨ ਸਕਾਂਗੇ। (ਰੋਮੀ. 15:4) ਆਪਣੇ ਦਿਲ ਵਿਚ ਯਹੋਵਾਹ ਲਈ ਸ਼ਰਧਾ ਰੱਖਦਿਆਂ ਅਸੀਂ ਉਨ੍ਹਾਂ ਚੀਜ਼ਾਂ ਨਾਲ ਪਿਆਰ ਕਰਾਂਗੇ ਜਿਨ੍ਹਾਂ ਨਾਲ ਉਹ ਪਿਆਰ ਕਰਦਾ ਤੇ ਉਨ੍ਹਾਂ ਚੀਜ਼ਾਂ ਨਾਲ ਨਫ਼ਰਤ ਕਰਾਂਗੇ ਜਿਨ੍ਹਾਂ ਨਾਲ ਉਹ ਨਫ਼ਰਤ ਕਰਦਾ ਹੈ। ਇੱਦਾਂ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਮਜ਼ਬੂਤ ਰਹੇਗਾ।​—ਜ਼ਬੂ. 97:10.

16, 17. ਸਾਡੀ “ਸੋਚਣ-ਸਮਝਣ ਦੀ ਕਾਬਲੀਅਤ” ਦਾ ਸਾਡੇ ਸੁਭਾਅ ’ਤੇ ਕਿਹੋ ਜਿਹਾ ਅਸਰ ਪੈਂਦਾ ਹੈ?

16 ਪੌਲੁਸ ਰਸੂਲ ਸਾਨੂੰ ਤਾਕੀਦ ਕਰਦਾ ਹੈ ਕਿ ਅਸੀਂ ਆਪਣੀ “ਸੋਚਣ-ਸਮਝਣ ਦੀ ਕਾਬਲੀਅਤ” ਵਰਤ ਕੇ ਅਜਿਹੇ ਇਨਸਾਨ ਬਣੀਏ ਜਿਨ੍ਹਾਂ ਦੀ ਸੋਚ ਪਰਮੇਸ਼ੁਰ ਵਰਗੀ ਹੈ, ਨਾ ਕਿ ਦੁਨੀਆਂ ਵਰਗੀ। (ਰੋਮੀ. 12:1, 2) ਪੌਲੁਸ ਨੇ ਇਹ ਵੀ ਕਿਹਾ: “ਅਸੀਂ ਲੋਕਾਂ ਦੀਆਂ ਗ਼ਲਤ ਦਲੀਲਾਂ ਨੂੰ ਅਤੇ ਪਰਮੇਸ਼ੁਰ ਦੇ ਗਿਆਨ ਦੇ ਖ਼ਿਲਾਫ਼ ਖੜ੍ਹੀਆਂ ਹੋਣ ਵਾਲੀਆਂ ਉੱਚੀਆਂ-ਉੱਚੀਆਂ ਰੁਕਾਵਟਾਂ ਨੂੰ ਪਾਰ ਕਰਦੇ ਹਾਂ ਅਤੇ ਉਨ੍ਹਾਂ ਦੀ ਹਰ ਸੋਚ ਨੂੰ ਕਾਬੂ ਕਰ ਕੇ ਮਸੀਹ ਦੇ ਆਗਿਆਕਾਰ ਬਣਾਉਂਦੇ ਹਾਂ।” (2 ਕੁਰਿੰ. 10:5) ਸਾਨੂੰ ਵੀ ਆਪਣੀ ਸੋਚ ’ਤੇ ਕਾਬੂ ਰੱਖਣ ਦੀ ਲੋੜ ਹੈ ਕਿਉਂਕਿ ਜਿਨ੍ਹਾਂ ਗੱਲਾਂ ਬਾਰੇ ਅਸੀਂ ਸੋਚਦੇ ਹਾਂ ਉਨ੍ਹਾਂ ਦਾ ਸਾਡੇ ਸੁਭਾਅ ’ਤੇ ਵੱਡਾ ਅਸਰ ਪੈਂਦਾ ਹੈ। ਇਸ ਲਈ ਸਾਨੂੰ ਚੰਗੀਆਂ ਗੱਲਾਂ “ਉੱਤੇ ਸੋਚ-ਵਿਚਾਰ” ਕਰਨਾ ਚਾਹੀਦਾ ਹੈ।​—ਫ਼ਿਲਿ. 4:8.

17 ਜੇ ਅਸੀਂ ਆਪਣੇ ਮਨ ਵਿਚ ਗ਼ਲਤ ਇੱਛਾਵਾਂ ਪਾਲਦੇ ਹਾਂ, ਤਾਂ ਅਸੀਂ ਸ਼ੁੱਧ ਨਹੀਂ ਹੋਵਾਂਗੇ। ਸਾਨੂੰ “ਸਾਫ਼ ਦਿਲ” ਨਾਲ ਯਹੋਵਾਹ ਨੂੰ ਪਿਆਰ ਕਰਨਾ ਚਾਹੀਦਾ ਹੈ। (1 ਤਿਮੋ. 1:5) ਪਰ ਧੋਖੇਬਾਜ਼ ਦਿਲ ਸ਼ਾਇਦ ਸਾਨੂੰ ਅਹਿਸਾਸ ਵੀ ਨਾ ਹੋਣ ਦੇਵੇ ਕਿ ਅਸੀਂ “ਦੁਨੀਆਂ ਦੀਆਂ ਚੀਜ਼ਾਂ” ਨੂੰ ਪਿਆਰ ਕਰਨ ਲੱਗ ਪਏ ਹਾਂ। (ਯਿਰ. 17:9) ਇਸ ਲਈ ਸਾਨੂੰ ‘ਆਪਣੇ ਆਪ ਨੂੰ ਪਰਖਦੇ ਰਹਿਣਾ ਚਾਹੀਦਾ ਹੈ ਕਿ ਅਸੀਂ ਮਸੀਹੀ ਰਾਹ ਉੱਤੇ ਚੱਲ ਰਹੇ ਹਾਂ ਜਾਂ ਨਹੀਂ।’ ਅਸੀਂ ਬਾਈਬਲ ਦੀ ਸਟੱਡੀ ਕਰ ਕੇ ‘ਆਪਣੀ ਜਾਂਚ ਕਰ ਸਕਦੇ ਹਾਂ ਕਿ ਅਸੀਂ ਕਿਹੋ ਜਿਹੇ ਇਨਸਾਨ ਹਾਂ।’​—2 ਕੁਰਿੰ. 13:5.

18, 19. ਸਾਨੂੰ ਉਸ ਤਰ੍ਹਾਂ ਦੇ ਇਨਸਾਨ ਕਿਉਂ ਬਣਨ ਦੀ ਠਾਣ ਲੈਣੀ ਚਾਹੀਦੀ ਹੈ ਜਿਸ ਤੋਂ ਯਹੋਵਾਹ ਖ਼ੁਸ਼ ਹੋਵੇ?

18 “ਦੁਨੀਆਂ ਦੀਆਂ ਚੀਜ਼ਾਂ” ਤੋਂ ਦੂਰ ਰਹਿਣ ਵਿਚ ਯੂਹੰਨਾ ਦੇ ਇਹ ਸ਼ਬਦ ਵੀ ਸਾਡੀ ਮਦਦ ਕਰਦੇ ਹਨ: “ਇਹ ਦੁਨੀਆਂ ਅਤੇ ਇਸ ਦੀ ਹਰ ਚੀਜ਼ ਜਿਸ ਦੀ ਲਾਲਸਾ ਲੋਕ ਕਰਦੇ ਹਨ ਖ਼ਤਮ ਹੋ ਜਾਵੇਗੀ, ਪਰ ਜਿਹੜਾ ਪਰਮੇਸ਼ੁਰ ਦੀ ਇੱਛਾ ਪੂਰੀ ਕਰਦਾ ਹੈ, ਉਹੀ ਹਮੇਸ਼ਾ ਰਹੇਗਾ।” (1 ਯੂਹੰ. 2:17) ਅੱਜ ਲੋਕਾਂ ਨੂੰ ਸ਼ਾਇਦ ਲੱਗੇ ਕਿ ਸ਼ੈਤਾਨ ਦੀ ਦੁਨੀਆਂ ਹਮੇਸ਼ਾ ਰਹੇਗੀ, ਪਰ ਸੱਚ ਤਾਂ ਇਹ ਹੈ ਇਕ ਦਿਨ ਇਹ ਜ਼ਰੂਰ ਖ਼ਤਮ ਹੋ ਜਾਵੇਗੀ। ਜੇ ਅਸੀਂ ਇਹ ਗੱਲ ਯਾਦ ਰੱਖੀਏ, ਤਾਂ ਅਸੀਂ ਸ਼ੈਤਾਨ ਦੇ ਫੰਦਿਆਂ ਵਿਚ ਪੈਣ ਤੋਂ ਬਚ ਸਕਦੇ ਹਾਂ।

19 ਪਤਰਸ ਰਸੂਲ ਸਾਨੂੰ ਹੱਲਾਸ਼ੇਰੀ ਦਿੰਦਾ ਹੈ ਕਿ ਅਸੀਂ ਅਜਿਹੇ ਇਨਸਾਨ ਬਣੀਏ ਜਿਨ੍ਹਾਂ ਤੋਂ ਪਰਮੇਸ਼ੁਰ ਖ਼ੁਸ਼ ਹੋਵੇਗਾ। ਸਾਨੂੰ “ਯਹੋਵਾਹ ਦੇ ਦਿਨ ਨੂੰ ਯਾਦ ਰੱਖਦਿਆਂ ਇਸ ਦੇ ਆਉਣ ਦੀ ਉਡੀਕ ਕਰਨੀ ਚਾਹੀਦੀ ਹੈ। ਇਸ ਦਿਨ ਆਕਾਸ਼ ਅੱਗ ਵਿਚ ਸਾੜ ਦਿੱਤਾ ਜਾਵੇਗਾ ਅਤੇ ਮੂਲ ਤੱਤ ਬਹੁਤ ਹੀ ਗਰਮ ਹੋ ਕੇ ਪਿਘਲ ਜਾਣਗੇ।” (2 ਪਤ. 3:12) ਬਹੁਤ ਜਲਦ ਉਹ ਦਿਨ ਆਵੇਗਾ ਜਦੋਂ ਯਹੋਵਾਹ ਸ਼ੈਤਾਨ ਦੀ ਦੁਨੀਆਂ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ। ਉਸ ਸਮੇਂ ਤਕ ਸ਼ੈਤਾਨ “ਦੁਨੀਆਂ ਦੀਆਂ ਚੀਜ਼ਾਂ” ਦਾ ਲਾਲਚ ਦੇ ਕੇ ਸਾਨੂੰ ਕੁਰਾਹੇ ਪਾਉਣ ਦੀ ਕੋਸ਼ਿਸ਼ ਕਰਦਾ ਰਹੇਗਾ ਜਿੱਦਾਂ ਉਸ ਨੇ ਹੱਵਾਹ ਤੇ ਯਿਸੂ ਨੂੰ ਕੁਰਾਹੇ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਸਾਨੂੰ ਹੱਵਾਹ ਵਾਂਗ ਸਿਰਫ਼ ਆਪਣੇ ਆਪ ਬਾਰੇ ਨਹੀਂ ਸੋਚਣਾ ਚਾਹੀਦਾ। ਨਹੀਂ ਤਾਂ ਅਸੀਂ ਸ਼ੈਤਾਨ ਨੂੰ ਆਪਣਾ ਰੱਬ ਮੰਨ ਰਹੇ ਹੋਵਾਂਗੇ। ਸਾਨੂੰ ਯਿਸੂ ਵਾਂਗ ਸ਼ੈਤਾਨ ਦੇ ਹਰ ਫੰਦੇ ਨੂੰ ਠੁਕਰਾ ਦੇਣਾ ਚਾਹੀਦਾ ਹੈ, ਭਾਵੇਂ ਉਹ ਸਾਨੂੰ ਕਿੰਨਾ ਹੀ ਲਾਲਚ ਕਿਉਂ ਨਾ ਦੇਵੇ। ਆਓ ਆਪਾਂ ਠਾਣ ਲਈਏ ਕਿ ਅਸੀਂ ਅਜਿਹੇ ਇਨਸਾਨ ਬਣਾਂਗੇ ਜਿਨ੍ਹਾਂ ਤੋਂ ਯਹੋਵਾਹ ਖ਼ੁਸ਼ ਹੋਵੇਗਾ।