ਇਕ-ਦੂਜੇ ਦਾ ਧਿਆਨ ਰੱਖੋ ਤੇ ਇਕ-ਦੂਜੇ ਨੂੰ ਹੌਸਲਾ ਦਿਓ

ਇਕ-ਦੂਜੇ ਦਾ ਧਿਆਨ ਰੱਖੋ ਤੇ ਇਕ-ਦੂਜੇ ਨੂੰ ਹੌਸਲਾ ਦਿਓ

“ਆਓ ਆਪਾਂ ਇਕ-ਦੂਜੇ ਦਾ ਧਿਆਨ ਰੱਖੀਏ ਅਤੇ ਇਕ-ਦੂਜੇ ਨੂੰ ਪਿਆਰ ਤੇ ਚੰਗੇ ਕੰਮ ਕਰਨ ਦੀ ਹੱਲਾਸ਼ੇਰੀ ਦੇਈਏ।”​—ਇਬ. 10:24.

1, 2. ਦੂਜੇ ਵਿਸ਼ਵ ਯੁੱਧ ਵਿਚ 230 ਯਹੋਵਾਹ ਦੇ ਗਵਾਹ ਇਕ ਅਜ਼ਮਾਇਸ਼ ਨੂੰ ਕਿਵੇਂ ਸਹਿ ਸਕੇ?

ਦੂਜੇ ਵਿਸ਼ਵ ਯੁੱਧ ਦਾ ਅੰਤ ਨੇੜੇ ਸੀ ਤੇ ਹਿਟਲਰ ਦੀ ਫ਼ੌਜ ਲੜਾਈ ਹਾਰ ਰਹੀ ਸੀ। ਇਸ ਲਈ ਨਾਜ਼ੀ ਸਰਕਾਰ ਨੇ ਉਨ੍ਹਾਂ ਹਜ਼ਾਰਾਂ ਕੈਦੀਆਂ ਨੂੰ ਜਾਨੋਂ ਮਾਰਨ ਦਾ ਹੁਕਮ ਦਿੱਤਾ ਜਿਹੜੇ ਤਸ਼ੱਦਦ ਕੈਂਪਾਂ ਵਿਚ ਸਨ। ਜ਼ਾਕਸਨਹਾਊਸਨ ਕੈਂਪ ਦੇ ਕੈਦੀਆਂ ਨੂੰ ਬੰਦਰਗਾਹਾਂ ’ਤੇ ਲਿਜਾ ਕੇ ਕਿਸ਼ਤੀਆਂ ਉੱਤੇ ਚੜ੍ਹਾਇਆ ਜਾਣਾ ਸੀ ਤੇ ਫਿਰ ਸਮੁੰਦਰ ਵਿਚ ਡੁਬੋ ਦਿੱਤਾ ਜਾਣਾ ਸੀ। ਉਨ੍ਹਾਂ ਲੋਕਾਂ ਲਈ ਇਸ ਸਫ਼ਰ ਦਾ ਅੰਜਾਮ ਮੌਤ ਹੋਣਾ ਸੀ।

2 ਇਸ ਕੈਂਪ ਤੋਂ 33,000 ਕੈਦੀਆਂ ਨੂੰ ਜਰਮਨੀ ਦੇ ਲਿਊਬੈਕ ਸ਼ਹਿਰ ਦੀ ਬੰਦਰਗਾਹ ’ਤੇ ਲਿਜਾਇਆ ਜਾਣਾ ਸੀ। ਉਨ੍ਹਾਂ ਨੇ ਇਹ 250 ਕਿਲੋਮੀਟਰ (155 ਮੀਲ) ਦਾ ਸਫ਼ਰ ਪੈਦਲ ਤੈਅ ਕਰਨਾ ਸੀ। ਉਨ੍ਹਾਂ ਵਿੱਚੋਂ 230 ਯਹੋਵਾਹ ਦੇ ਗਵਾਹ ਸਨ ਜੋ ਛੇ ਦੇਸ਼ਾਂ ਤੋਂ ਸਨ ਅਤੇ ਉਨ੍ਹਾਂ ਸਾਰਿਆਂ ਨੂੰ ਇਕੱਠੇ ਤੁਰਨ ਦਾ ਹੁਕਮ ਦਿੱਤਾ ਗਿਆ। ਭੁੱਖੇ-ਪਿਆਸੇ ਤੇ ਬੀਮਾਰ ਹੋਣ ਕਰਕੇ ਸਾਰੇ ਕੈਦੀ ਬਹੁਤ ਕਮਜ਼ੋਰ ਸਨ। ਪਰ ਸਾਡੇ ਭੈਣ-ਭਰਾ ਇਸ ਅਜ਼ਮਾਇਸ਼ ਨੂੰ ਕਿਵੇਂ ਸਹਿ ਸਕੇ? ਇਕ ਭਰਾ ਨੇ ਕਿਹਾ: “ਅਸੀਂ ਇਕ-ਦੂਜੇ ਨੂੰ ਹੌਸਲਾ ਦਿੰਦੇ ਰਹੇ।” ‘ਪਰਮੇਸ਼ੁਰ ਤੋਂ ਮਿਲੀ ਤਾਕਤ’ ਅਤੇ ਇਕ-ਦੂਜੇ ਲਈ ਪਿਆਰ ਹੋਣ ਕਰਕੇ ਉਹ ਇਸ ਮੁਸ਼ਕਲ ਘੜੀ ਵਿੱਚੋਂ ਜ਼ਿੰਦਾ ਬਚ ਨਿਕਲੇ।​—2 ਕੁਰਿੰ. 4:7.

3. ਸਾਨੂੰ ਇਕ-ਦੂਜੇ ਨੂੰ ਹੌਸਲਾ ਕਿਉਂ ਦੇਣਾ ਚਾਹੀਦਾ ਹੈ?

3 ਅੱਜ ਸ਼ਾਇਦ ਸਾਨੂੰ ਅਜਿਹੀ ਅਜ਼ਮਾਇਸ਼ ਨਾ ਸਹਿਣੀ ਪਵੇ, ਪਰ ਸਾਨੂੰ ਕਈ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਸਾਲ 1914 ਵਿਚ ਪਰਮੇਸ਼ੁਰ ਦਾ ਰਾਜ ਕਾਇਮ ਹੋਣ ਤੋਂ ਬਾਅਦ ਸ਼ੈਤਾਨ ਨੂੰ ਸਵਰਗੋਂ ਕੱਢ ਕੇ ਧਰਤੀ ’ਤੇ ਸੁੱਟਿਆ ਗਿਆ। ਇਸ ਲਈ “ਉਹ ਬਹੁਤ ਗੁੱਸੇ ਵਿਚ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਉਸ ਕੋਲ ਥੋੜ੍ਹਾ ਹੀ ਸਮਾਂ ਹੈ।” (ਪ੍ਰਕਾ. 12:7-9, 12) ਜਿੱਦਾਂ-ਜਿੱਦਾਂ ਆਰਮਾਗੇਡਨ ਦੀ ਲੜਾਈ ਨੇੜੇ ਆਉਂਦੀ ਜਾਂਦੀ ਹੈ, ਉੱਦਾਂ-ਉੱਦਾਂ ਸ਼ੈਤਾਨ ਸਾਡੀਆਂ ਦੁੱਖ-ਤਕਲੀਫ਼ਾਂ ਦਾ ਫ਼ਾਇਦਾ ਉਠਾ ਕੇ ਯਹੋਵਾਹ ਨਾਲ ਸਾਡਾ ਰਿਸ਼ਤਾ ਤੋੜਨ ਦੀ ਪੂਰੀ ਕੋਸ਼ਿਸ਼ ਕਰਦਾ ਹੈ। ਇਸ ਤੋਂ ਇਲਾਵਾ ਸਾਨੂੰ ਰੋਜ਼ ਕੋਈ-ਨਾ-ਕੋਈ ਚਿੰਤਾ ਹੁੰਦੀ ਹੈ। (ਅੱਯੂ. 14:1; ਉਪ. 2:23) ਕਦੀ-ਕਦੀ ਇਨ੍ਹਾਂ ਸਾਰੀਆਂ ਮੁਸ਼ਕਲਾਂ ਦਾ ਬੋਝ ਇੰਨਾ ਭਾਰੀ ਹੋ ਜਾਂਦਾ ਹੈ ਕਿ ਸਾਨੂੰ ਲੱਗਦਾ ਹੈ ਕਿ ਅਸੀਂ ਇਸ ਨੂੰ ਹੋਰ ਨਹੀਂ ਸਹਾਰ ਸਕਦੇ। ਜ਼ਰਾ ਇਕ ਭਰਾ ਦੀ ਮਿਸਾਲ ਲੈ ਲਓ ਜਿਸ ਨੇ ਕਈ ਸਾਲਾਂ ਤੋਂ ਯਹੋਵਾਹ ਦੇ ਵਫ਼ਾਦਾਰ ਰਹਿਣ ਵਿਚ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ। ਪਰ ਵਧਦੀ ਉਮਰ ਕਰਕੇ ਉਹ ਤੇ ਉਸ ਦੀ ਪਤਨੀ ਬੀਮਾਰ ਹੋ ਗਏ ਜਿਸ ਕਾਰਨ ਭਰਾ ਹਿੰਮਤ ਹਾਰ ਬੈਠਾ। ਉਸ ਭਰਾ ਵਾਂਗ ਸਾਨੂੰ ਸਾਰਿਆਂ ਨੂੰ ਯਹੋਵਾਹ ਤੋਂ ਮਿਲਦੀ ਤਾਕਤ ਅਤੇ ਇਕ-ਦੂਜੇ ਤੋਂ ਹੌਸਲੇ ਦੀ ਲੋੜ ਹੈ।

4. ਜੇ ਅਸੀਂ ਦੂਜਿਆਂ ਨੂੰ ਹੌਸਲਾ ਦੇਣਾ ਚਾਹੁੰਦੇ ਹਾਂ, ਤਾਂ ਸਾਨੂੰ ਪੌਲੁਸ ਰਸੂਲ ਦੀ ਕਿਹੜੀ ਸਲਾਹ ਮੰਨਣ ਦੀ ਲੋੜ ਹੈ?

4 ਜੇ ਅਸੀਂ ਦੂਜਿਆਂ ਨੂੰ ਹੌਸਲਾ ਦੇਣਾ ਚਾਹੁੰਦੇ ਹਾਂ, ਤਾਂ ਸਾਨੂੰ ਇਬਰਾਨੀਆਂ ਨੂੰ ਦਿੱਤੀ ਪੌਲੁਸ ਰਸੂਲ ਦੀ ਸਲਾਹ ਮੰਨਣ ਦੀ ਲੋੜ ਹੈ। ਉਸ ਨੇ ਕਿਹਾ: “ਆਓ ਆਪਾਂ ਇਕ-ਦੂਜੇ ਦਾ ਧਿਆਨ ਰੱਖੀਏ ਅਤੇ ਇਕ-ਦੂਜੇ ਨੂੰ ਪਿਆਰ ਤੇ ਚੰਗੇ ਕੰਮ ਕਰਨ ਦੀ ਹੱਲਾਸ਼ੇਰੀ ਦੇਈਏ ਅਤੇ ਇਕ-ਦੂਜੇ ਨਾਲ ਇਕੱਠੇ ਹੋਣਾ ਨਾ ਛੱਡੀਏ, ਜਿਵੇਂ ਕਈਆਂ ਦੀ ਆਦਤ ਹੈ, ਸਗੋਂ ਇਕ-ਦੂਜੇ ਨੂੰ ਹੌਸਲਾ ਦਿੰਦੇ ਰਹੀਏ ਅਤੇ ਉਸ ਦਿਨ ਨੂੰ ਨੇੜੇ ਆਉਂਦਾ ਦੇਖ ਕੇ ਇਸ ਤਰ੍ਹਾਂ ਹੋਰ ਵੀ ਜ਼ਿਆਦਾ ਕਰੀਏ।” (ਇਬ. 10:24, 25) ਅਸੀਂ ਇਸ ਸਲਾਹ ’ਤੇ ਕਿਵੇਂ ਚੱਲ ਸਕਦੇ ਹਾਂ?

‘ਇਕ-ਦੂਜੇ ਦਾ ਧਿਆਨ ਰੱਖੋ’

5. ‘ਇਕ-ਦੂਜੇ ਦਾ ਧਿਆਨ ਰੱਖਣ’ ਦਾ ਕੀ ਮਤਲਬ ਹੈ ਅਤੇ ਅਸੀਂ ਇਹ ਕਿੱਦਾਂ ਕਰ ਸਕਦੇ ਹਾਂ?

5 ‘ਇਕ-ਦੂਜੇ ਦਾ ਧਿਆਨ ਰੱਖਣ’ ਦਾ ਮਤਲਬ ਹੈ ਕਿ ਅਸੀਂ “ਦੂਜਿਆਂ ਦਾ ਖ਼ਿਆਲ ਰੱਖੀਏ ਤੇ ਉਨ੍ਹਾਂ ਦੀਆਂ ਜ਼ਰੂਰਤਾਂ ਬਾਰੇ ਸੋਚੀਏ।” ਕੀ ਅਸੀਂ ਇਕ-ਦੂਜੇ ਦਾ ਧਿਆਨ ਰੱਖ ਸਕਾਂਗੇ ਜੇ ਅਸੀਂ ਕਿੰਗਡਮ ਹਾਲ ਵਿਚ ਭੈਣਾਂ-ਭਰਾਵਾਂ ਨੂੰ ਸਿਰਫ਼ ਹੈਲੋ ਜਾਂ ਨਮਸਤੇ ਕਹਿ ਕੇ ਇੱਧਰ-ਉੱਧਰ ਦੀਆਂ ਗੱਲਾਂ ਕਰਦੇ ਹਾਂ? ਨਹੀਂ। ਇਹ ਸੱਚ ਹੈ ਕਿ ਅਸੀਂ ‘ਦੂਜਿਆਂ ਦੇ ਕੰਮ ਵਿਚ ਲੱਤ ਨਹੀਂ ਅੜਾਉਣੀ’ ਚਾਹੁੰਦੇ। (1 ਥੱਸ. 4:11; 1 ਤਿਮੋ. 5:13) ਫਿਰ ਵੀ ਜੇ ਅਸੀਂ ਭੈਣਾਂ-ਭਰਾਵਾਂ ਦੀ ਹੌਸਲਾ-ਅਫ਼ਜ਼ਾਈ ਕਰਨੀ ਚਾਹੁੰਦੇ ਹਾਂ, ਤਾਂ ਸਾਨੂੰ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਨ ਦੀ ਲੋੜ ਹੈ। ਮਿਸਾਲ ਲਈ, ਉਨ੍ਹਾਂ ਦੇ ਹਾਲਾਤ ਕਿਹੋ ਜਿਹੇ ਹਨ, ਉਨ੍ਹਾਂ ਦੀਆਂ ਖੂਬੀਆਂ ਤੇ ਕਮੀਆਂ-ਕਮਜ਼ੋਰੀਆਂ ਕੀ ਹਨ ਅਤੇ ਉਹ ਸੱਚਾਈ ਬਾਰੇ ਕੀ ਸੋਚਦੇ ਹਨ। ਸਾਨੂੰ ਉਨ੍ਹਾਂ ਦੇ ਦੋਸਤ ਬਣਨ ਅਤੇ ਉਨ੍ਹਾਂ ਨੂੰ ਆਪਣੇ ਪਿਆਰ ਦਾ ਅਹਿਸਾਸ ਦਿਵਾਉਣ ਦੀ ਲੋੜ ਹੈ। ਇੱਦਾਂ ਕਰਨ ਲਈ ਸਾਨੂੰ ਮੁਸ਼ਕਲਾਂ ਵੇਲੇ ਉਨ੍ਹਾਂ ਦਾ ਸਾਥ ਦੇਣਾ ਅਤੇ ਹੋਰ ਮੌਕਿਆਂ ’ਤੇ ਵੀ ਉਨ੍ਹਾਂ ਨਾਲ ਸਮਾਂ ਗੁਜ਼ਾਰਨਾ ਚਾਹੀਦਾ ਹੈ।​—ਰੋਮੀ. 12:13.

6. ਭੈਣਾਂ-ਭਰਾਵਾਂ ਦਾ ਧਿਆਨ ਰੱਖਣ ਲਈ ਬਜ਼ੁਰਗ ਕੀ ਕਰ ਸਕਦੇ ਹਨ?

6 ਮੰਡਲੀ ਦੇ ਬਜ਼ੁਰਗਾਂ ਨੂੰ ਤਾਕੀਦ ਕੀਤੀ ਗਈ ਹੈ ਕਿ ਉਹ ਖ਼ੁਸ਼ੀ-ਖ਼ੁਸ਼ੀ ਤੇ ਜੋਸ਼ ਨਾਲ “ਚਰਵਾਹਿਆਂ ਵਾਂਗ ਪਰਮੇਸ਼ੁਰ ਦੀਆਂ ਭੇਡਾਂ ਦੀ ਦੇਖ-ਭਾਲ” ਕਰਨ। (1 ਪਤ. 5:1-3) ਪਰ ਉਹ ਇੱਦਾਂ ਤਾਂ ਹੀ ਕਰ ਸਕਣਗੇ ਜੇ ਉਹ ਭੈਣਾਂ-ਭਰਾਵਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ। (ਕਹਾਉਤਾਂ 27:23 ਪੜ੍ਹੋ।) ਜੇ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਬਜ਼ੁਰਗ ਤਿਆਰ ਹਨ ਤੇ ਉਨ੍ਹਾਂ ਨਾਲ ਸਮਾਂ ਬਿਤਾ ਕੇ ਖ਼ੁਸ਼ ਹਨ, ਤਾਂ ਹੀ ਭੈਣ-ਭਰਾ ਬਿਨਾਂ ਝਿਜਕੇ ਬਜ਼ੁਰਗਾਂ ਕੋਲੋਂ ਮਦਦ ਮੰਗਣਗੇ। ਨਾਲੇ ਉਹ ਆਪਣੀਆਂ ਚਿੰਤਾਵਾਂ ਬਾਰੇ ਬਜ਼ੁਰਗਾਂ ਨਾਲ ਦਿਲ ਖੋਲ੍ਹ ਕੇ ਗੱਲ ਕਰਨਗੇ। ਫਿਰ ਹੀ ਬਜ਼ੁਰਗ ਹਰੇਕ ਦਾ ਧਿਆਨ ਰੱਖ ਸਕਣਗੇ।

7. ਸਾਨੂੰ ਨਿਰਾਸ਼ ਲੋਕਾਂ ਦੀਆਂ ਗੱਲਾਂ ਦਾ ਬੁਰਾ ਕਿਉਂ ਨਹੀਂ ਮਨਾਉਣਾ ਚਾਹੀਦਾ?

7 ਪੌਲੁਸ ਨੇ ਥੱਸਲੁਨੀਕਾ ਦੀ ਮੰਡਲੀ ਨੂੰ ਲਿਖਿਆ: “ਕਮਜ਼ੋਰਾਂ ਨੂੰ ਸਹਾਰਾ ਦਿਓ।” (1 ਥੱਸਲੁਨੀਕੀਆਂ 5:14 ਪੜ੍ਹੋ।) ਕਮਜ਼ੋਰ ਲੋਕ ਉਹ ਹਨ ਜੋ ਹੌਸਲਾ ਹਾਰ ਬੈਠੇ ਜਾਂ ਨਿਰਾਸ਼ ਹਨ। ਕਹਾਉਤਾਂ 24:10 ਕਹਿੰਦਾ ਹੈ: “ਜੇ ਤੂੰ ਬਿਪਤਾ ਦੇ ਦਿਨ ਢਿੱਲਾ ਪੈ ਜਾਵੇਂ, ਤਾਂ ਤੇਰਾ ਬਲ ਘੱਟ ਹੈ।” ਜਦ ਕੋਈ ਬਹੁਤ ਹੀ ਨਿਰਾਸ਼ ਹੁੰਦਾ ਹੈ, ਤਾਂ ਸ਼ਾਇਦ ਉਹ ਮਨ ਵਿਚ ਜੋ ਆਵੇ ਕਹਿ ਦੇਵੇ। (ਅੱਯੂ. 6:2, 3) ਅਜਿਹੇ ਭੈਣਾਂ-ਭਰਾਵਾਂ ਨੂੰ ਹੌਸਲਾ ਦਿੰਦਿਆਂ ਯਾਦ ਰੱਖੋ ਕਿ ਸ਼ਾਇਦ ਉਨ੍ਹਾਂ ਦੇ ਮੂੰਹੋਂ ਕੋਈ ਕੌੜੀ ਗੱਲ ਨਿਕਲ ਜਾਵੇ। ਰਸ਼ੈਲ ਨਾਂ ਦੀ ਇਕ ਭੈਣ ਦੀ ਮੰਮੀ ਡਿਪਰੈਸ਼ਨ ਦੀ ਸ਼ਿਕਾਰ ਹੋ ਗਈ। ਰਸ਼ੈਲ ਆਪਣੇ ਤਜਰਬੇ ਤੋਂ ਦੱਸਦੀ ਹੈ: “ਕਈ ਵਾਰ ਮੇਰੀ ਮੰਮੀ ਬਹੁਤ ਚੁਭਵੀਆਂ ਗੱਲਾਂ ਕਹਿ ਦਿੰਦੀ ਸੀ। ਉਸ ਵੇਲੇ ਮੈਂ ਖ਼ੁਦ ਨੂੰ ਯਾਦ ਕਰਾਉਂਦੀ ਸੀ ਕਿ ਅਸਲ ਵਿਚ ਮੇਰੀ ਮੰਮੀ ਇੱਦਾਂ ਦੀ ਨਹੀਂ, ਸਗੋਂ ਬਹੁਤ ਪਿਆਰੀ, ਨਰਮ ਸੁਭਾਅ ਦੀ ਤੇ ਦਰਿਆ-ਦਿਲ ਹੈ। ਮੈਨੂੰ ਪਤਾ ਲੱਗਾ ਕਿ ਡਿਪਰੈਸ਼ਨ ਦੇ ਮਰੀਜ਼ ਅਕਸਰ ਬੁਰਾ-ਭਲਾ ਕਹਿ ਦਿੰਦੇ ਹਨ, ਪਰ ਉਨ੍ਹਾਂ ਦੇ ਦਿਲ ਵਿਚ ਕੁਝ ਨਹੀਂ ਹੁੰਦਾ। ਇੱਟ ਦਾ ਜਵਾਬ ਪੱਥਰ ਨਾਲ ਦੇਣ ਦੀ ਬਜਾਇ ਸਾਨੂੰ ਉਨ੍ਹਾਂ ਦੀਆਂ ਗੱਲਾਂ ਦਾ ਬੁਰਾ ਨਹੀਂ ਮਨਾਉਣਾ ਚਾਹੀਦਾ।” ਬਾਈਬਲ ਕਹਿੰਦੀ ਹੈ: “ਸਮਝਦਾਰ ਛੇਤੀ ਭੜਕਦਾ ਨਹੀਂ, ਅਤੇ ਉਸ ਦਾ ਸਭ ਤੋਂ ਵੱਡਾ ਗੁਣ ਹੈ ਕਿ ਉਹ ਦੂਜਿਆਂ ਨੂੰ ਮਾਫ਼ ਕਰ ਦਿੰਦਾ ਹੈ।”​—ਕਹਾ. 19:11, CL.

8. ਸਾਨੂੰ ਖ਼ਾਸ ਕਰਕੇ ਕਿਨ੍ਹਾਂ ਨੂੰ “ਭਰੋਸਾ” ਦਿਵਾਉਣ ਦੀ ਲੋੜ ਹੈ ਤੇ ਕਿਉਂ?

8 ਅਸੀਂ ਉਸ ਭੈਣ ਜਾਂ ਭਰਾ ਦਾ ਕਿਵੇਂ ਧਿਆਨ ਰੱਖ ਸਕਦੇ ਹਾਂ ਜੋ ਆਪਣੀ ਕਿਸੇ ਗ਼ਲਤੀ ਕਰਕੇ ਨਿਰਾਸ਼ ਹੈ? ਹਾਲਾਂਕਿ ਉਸ ਨੇ ਆਪਣੀ ਗ਼ਲਤੀ ਸੁਧਾਰਨ ਲਈ ਕਦਮ ਚੁੱਕੇ ਹੋਣ, ਫਿਰ ਵੀ ਸ਼ਾਇਦ ਉਹ ਆਪਣੀ ਗ਼ਲਤੀ ਕਰਕੇ ਸ਼ਰਮਿੰਦਾ ਜਾਂ ਉਦਾਸ ਹੋਵੇ। ਪੌਲੁਸ ਨੇ ਕੁਰਿੰਥੁਸ ਦੀ ਮੰਡਲੀ ਨੂੰ ਇਕ ਭਰਾ ਬਾਰੇ ਲਿਖਿਆ ਜਿਸ ਨੇ ਆਪਣੇ ਪਾਪ ਤੋਂ ਤੋਬਾ ਕੀਤੀ ਸੀ। ਉਸ ਨੇ ਕਿਹਾ: “ਹੁਣ ਤੁਹਾਨੂੰ ਉਸ ਨੂੰ ਦਿਲੋਂ ਮਾਫ਼ ਕਰ ਦੇਣਾ ਚਾਹੀਦਾ ਹੈ ਅਤੇ ਉਸ ਨੂੰ ਦਿਲਾਸਾ ਦੇਣਾ ਚਾਹੀਦਾ ਹੈ ਤਾਂਕਿ ਉਹ ਹੱਦੋਂ ਵੱਧ ਉਦਾਸੀ ਵਿਚ ਡੁੱਬ ਨਾ ਜਾਵੇ। ਇਸ ਲਈ ਮੈਂ ਤੁਹਾਨੂੰ ਤਾਕੀਦ ਕਰਦਾ ਹਾਂ ਕਿ ਤੁਸੀਂ ਉਸ ਨੂੰ ਭਰੋਸਾ ਦਿਵਾਓ ਕਿ ਤੁਸੀਂ ਉਸ ਨੂੰ ਪਿਆਰ ਕਰਦੇ ਹੋ।” (2 ਕੁਰਿੰ. 2:7, 8) ਇਸ ਆਇਤ ਵਿਚ “ਭਰੋਸਾ ਦਿਵਾਓ” ਦਾ ਮਤਲਬ ਹੈ “ਦਿਖਾਓ” ਜਾਂ “ਸਬੂਤ ਦਿਓ।” ਸਾਨੂੰ ਆਪਣੇ ਲਫ਼ਜ਼ਾਂ ਤੇ ਕੰਮਾਂ ਰਾਹੀਂ ਉਸ ਭੈਣ ਜਾਂ ਭਰਾ ਨੂੰ ਇਸ ਗੱਲ ਦਾ ਸਬੂਤ ਦੇਣ ਦੀ ਲੋੜ ਹੈ ਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ ਤੇ ਸਾਨੂੰ ਉਸ ਦਾ ਫ਼ਿਕਰ ਹੈ।

‘ਪਿਆਰ ਤੇ ਚੰਗੇ ਕੰਮ ਕਰਨ ਦੀ ਹੱਲਾਸ਼ੇਰੀ ਦਿਓ’

9. ਦੂਜਿਆਂ ਨੂੰ ‘ਪਿਆਰ ਤੇ ਚੰਗੇ ਕੰਮ ਕਰਨ ਦੀ ਹੱਲਾਸ਼ੇਰੀ ਦੇਣ’ ਦਾ ਕੀ ਮਤਲਬ ਹੈ?

9 ਪੌਲੁਸ ਨੇ ਲਿਖਿਆ: “ਆਓ ਆਪਾਂ ਇਕ-ਦੂਜੇ ਦਾ ਧਿਆਨ ਰੱਖੀਏ ਅਤੇ ਇਕ-ਦੂਜੇ ਨੂੰ ਪਿਆਰ ਤੇ ਚੰਗੇ ਕੰਮ ਕਰਨ ਦੀ ਹੱਲਾਸ਼ੇਰੀ ਦੇਈਏ।” ਅਸੀਂ ਭੈਣਾਂ-ਭਰਾਵਾਂ ਨੂੰ ਪਿਆਰ ਤੇ ਚੰਗੇ ਕੰਮ ਕਰਨ ਲਈ ਉਕਸਾ ਸਕਦੇ ਹਾਂ। ਜਦ ਅੱਗ ਬੁਝਣ ਵਾਲੀ ਹੁੰਦੀ ਹੈ, ਤਾਂ ਸ਼ਾਇਦ ਸਾਨੂੰ ਕੋਲਿਆਂ ਨੂੰ ਹਵਾ ਝੱਲਣੀ ਪਵੇ ਤਾਂਕਿ ਅੱਗ ਬਲ਼ਦੀ ਰਹੇ। (2 ਤਿਮੋ. 1:6) ਇਸੇ ਤਰ੍ਹਾਂ ਅਸੀਂ ਵੀ ਭੈਣਾਂ-ਭਰਾਵਾਂ ਨੂੰ ਹੱਲਾਸ਼ੇਰੀ ਦੇ ਸਕਦੇ ਹਾਂ ਤਾਂਕਿ ਉਹ ਯਹੋਵਾਹ ਦੀ ਸੇਵਾ ਜੋਸ਼ ਨਾਲ ਕਰਦੇ ਰਹਿਣ। ਸਾਨੂੰ ਉਨ੍ਹਾਂ ਦੇ ਚੰਗੇ ਕੰਮਾਂ ਲਈ ਉਨ੍ਹਾਂ ਦੀ ਤਾਰੀਫ਼ ਕਰਨੀ ਚਾਹੀਦੀ ਹੈ।

ਦੂਜਿਆਂ ਨਾਲ ਪ੍ਰਚਾਰ ਕਰੋ

10, 11. (ੳ) ਕਿਸ-ਕਿਸ ਨੂੰ ਹੱਲਾਸ਼ੇਰੀ ਦੀ ਲੋੜ ਹੈ? (ਅ) ਮਿਸਾਲ ਦੇ ਕੇ ਸਮਝਾਓ ਕਿ ਜੇ ਕੋਈ “ਗ਼ਲਤ ਕਦਮ ਉਠਾ ਲਵੇ,” ਤਾਂ ਉਸ ਦੀ ਮਦਦ ਕਿਵੇਂ ਕੀਤੀ ਜਾ ਸਕਦੀ ਹੈ।

10 ਸਾਨੂੰ ਸਾਰਿਆਂ ਨੂੰ ਹੱਲਾਸ਼ੇਰੀ ਦੀ ਲੋੜ ਹੁੰਦੀ ਹੈ, ਭਾਵੇਂ ਅਸੀਂ ਹਿੰਮਤ ਹਾਰ ਬੈਠੇ ਹਾਂ ਜਾਂ ਨਹੀਂ। ਇਕ ਬਜ਼ੁਰਗ ਨੇ ਕਿਹਾ: ‘ਮੇਰੇ ਪਿਤਾ ਨੇ ਕਦੀ ਵੀ ਮੈਨੂੰ ਕਿਸੇ ਕੰਮ ਲਈ ਸ਼ਾਬਾਸ਼ੀ ਨਹੀਂ ਦਿੱਤੀ ਜਿਸ ਕਰਕੇ ਮੈਨੂੰ ਬਚਪਨ ਤੋਂ ਹੀ ਲੱਗਾ ਕਿ ਮੈਂ ਕਿਸੇ ਕੰਮ ਦਾ ਨਹੀਂ ਹਾਂ। ਹੁਣ ਮੈਂ ਭਾਵੇਂ 50 ਸਾਲਾਂ ਦਾ ਹੋ ਗਿਆ ਹਾਂ, ਫਿਰ ਵੀ ਮੈਨੂੰ ਆਪਣੇ ਦੋਸਤਾਂ ਤੋਂ ਇਹ ਸੁਣ ਕੇ ਚੰਗਾ ਲੱਗਦਾ ਹੈ ਕਿ ਮੈਂ ਇਕ ਬਜ਼ੁਰਗ ਵਜੋਂ ਆਪਣੀ ਜ਼ਿੰਮੇਵਾਰੀ ਵਧੀਆ ਤਰੀਕੇ ਨਾਲ ਨਿਭਾ ਰਿਹਾ ਹਾਂ। ਮੈਂ ਸਿੱਖਿਆ ਹੈ ਕਿ ਦੂਜਿਆਂ ਨੂੰ ਹੌਸਲਾ ਦੇਣਾ ਕਿੰਨਾ ਜ਼ਰੂਰੀ ਹੈ ਅਤੇ ਮੈਂ ਇੱਦਾਂ ਕਰਨ ਦੇ ਮੌਕੇ ਲੱਭਦਾ ਹਾਂ।’ ਪਾਇਨੀਅਰਾਂ, ਸਿਆਣੇ ਜਾਂ ਨਿਰਾਸ਼ ਭੈਣਾਂ-ਭਰਾਵਾਂ ਦੇ ਨਾਲ-ਨਾਲ ਸਾਨੂੰ ਸਾਰਿਆਂ ਨੂੰ ਬਹੁਤ ਚੰਗਾ ਲੱਗਦਾ ਹੈ ਜਦ ਦੂਜੇ ਸਾਡੀ ਤਾਰੀਫ਼ ਕਰਦੇ ਹਨ।​—ਰੋਮੀ. 12:10.

11 ‘ਜੇ ਕੋਈ ਇਨਸਾਨ ਅਣਜਾਣੇ ਵਿਚ ਗ਼ਲਤ ਕਦਮ ਉਠਾ ਲਵੇ, ਤਾਂ ਜਿਹੜੇ ਸਮਝਦਾਰ ਹਨ ਉਹ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਹਨ।’ ਉਹ ਉਸ ਨੂੰ ਪਿਆਰ ਨਾਲ ਸਲਾਹ ਦਿੰਦੇ ਹਨ ਤੇ ਚੰਗੇ ਕੰਮਾਂ ਲਈ ਉਸ ਦੀ ਤਾਰੀਫ਼ ਕਰਦੇ ਹਨ ਤਾਂਕਿ ਉਹ ਆਪਣਾ ਗ਼ਲਤ ਰਾਹ ਛੱਡੇ। (ਗਲਾ. 6:1) ਮਿਰਿਅਮ ਨਾਂ ਦੀ ਇਕ ਭੈਣ ਨਾਲ ਇੱਦਾਂ ਹੀ ਹੋਇਆ। ਉਹ ਕਹਿੰਦੀ ਹੈ: “ਮੈਂ ਇਕ ਮੁਸ਼ਕਲ ਸਮੇਂ ਵਿੱਚੋਂ ਦੀ ਉਦੋਂ ਗੁਜ਼ਰੀ ਜਦੋਂ ਮੇਰੇ ਕਈ ਦੋਸਤ ਸੱਚਾਈ ਛੱਡ ਕੇ ਚਲੇ ਗਏ। ਇਸੇ ਸਮੇਂ ਦੌਰਾਨ ਮੇਰੇ ਪਿਤਾ ਜੀ ਦੇ ਦਿਮਾਗ਼ ਦੀ ਨਾੜੀ ਫੱਟ ਗਈ। ਇਹ ਸਭ ਕੁਝ ਦੇਖ ਕੇ ਮੈਂ ਨਿਰਾਸ਼ਾ ਦੀ ਡੂੰਘੀ ਖਾਈ ਵਿਚ ਡਿਗ ਗਈ। ਆਪਣੀ ਉਦਾਸੀ ਦੂਰ ਕਰਨ ਦੀ ਕੋਸ਼ਿਸ਼ ਵਿਚ ਮੈਂ ਅਜਿਹੇ ਮੁੰਡੇ ਨਾਲ ਘੁੰਮਣਾ-ਫਿਰਨਾ ਸ਼ੁਰੂ ਕਰ ਦਿੱਤਾ ਜੋ ਸੱਚਾਈ ਵਿਚ ਨਹੀਂ ਸੀ।” ਇਸ ਭੈਣ ਨੂੰ ਲੱਗਾ ਕਿ ਉਹ ਯਹੋਵਾਹ ਦੇ ਪਿਆਰ ਦੇ ਲਾਇਕ ਨਹੀਂ ਸੀ ਅਤੇ ਉਸ ਨੇ ਸੱਚਾਈ ਛੱਡਣ ਦਾ ਫ਼ੈਸਲਾ ਕੀਤਾ। ਪਰ ਫਿਰ ਇਕ ਬਜ਼ੁਰਗ ਨੇ ਉਸ ਨੂੰ ਯਾਦ ਕਰਾਇਆ ਕਿ ਉਹ ਪਹਿਲਾਂ ਕਿੰਨੇ ਜੋਸ਼ ਨਾਲ ਯਹੋਵਾਹ ਦੀ ਸੇਵਾ ਕਰਦੀ ਹੁੰਦੀ ਸੀ। ਇਸ ਗੱਲ ਨੇ ਉਸ ਦੇ ਦਿਲ ਨੂੰ ਛੋਹਿਆ। ਉਸ ਨੇ ਬਜ਼ੁਰਗਾਂ ਦੀ ਮਦਦ ਕਬੂਲ ਕੀਤੀ ਜਿਨ੍ਹਾਂ ਨੇ ਉਸ ਨੂੰ ਯਕੀਨ ਦਿਲਾਇਆ ਕਿ ਯਹੋਵਾਹ ਉਸ ਨੂੰ ਪਿਆਰ ਕਰਦਾ ਹੈ। ਇਸ ਤਰ੍ਹਾਂ ਯਹੋਵਾਹ ਲਈ ਉਸ ਦਾ ਪਿਆਰ ਜਾਗ ਉੱਠਿਆ। ਉਸ ਨੇ ਉਸ ਮੁੰਡੇ ਨਾਲ ਆਪਣਾ ਰਿਸ਼ਤਾ ਤੋੜ ਦਿੱਤਾ ਤੇ ਯਹੋਵਾਹ ਦੀ ਸੇਵਾ ਕਰਦੀ ਰਹੀ।

ਪਿਆਰ ਤੇ ਚੰਗੇ ਕੰਮ ਕਰਨ ਦੀ ਹੱਲਾਸ਼ੇਰੀ ਦਿਓ

12. ਜੇ ਅਸੀਂ ਭੈਣਾਂ-ਭਰਾਵਾਂ ਦੀ ਤੁਲਨਾ ਦੂਜਿਆਂ ਨਾਲ ਕਰੀਏ, ਉਨ੍ਹਾਂ ਵਿਚ ਨੁਕਸ ਕੱਢੀਏ ਜਾਂ ਉਨ੍ਹਾਂ ਨੂੰ ਸ਼ਰਮਿੰਦਾ ਕਰੀਏ, ਤਾਂ ਕੀ ਹੋਵੇਗਾ?

12 ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਭੈਣਾਂ-ਭਰਾਵਾਂ ਨੂੰ ਹੱਲਾਸ਼ੇਰੀ ਕਿਵੇਂ ਦਿੰਦੇ ਹਾਂ। ਸਾਨੂੰ ਉਨ੍ਹਾਂ ਦੀ ਤੁਲਨਾ ਦੂਜਿਆਂ ਨਾਲ ਨਹੀਂ ਕਰਨੀ ਚਾਹੀਦੀ, ਉਨ੍ਹਾਂ ਵਿਚ ਨੁਕਸ ਨਹੀਂ ਕੱਢਣੇ ਚਾਹੀਦੇ ਕਿ ਉਹ ਸਾਡੇ ਅਸੂਲਾਂ ਮੁਤਾਬਕ ਨਹੀਂ ਚੱਲਦੇ ਜਾਂ ਉਨ੍ਹਾਂ ਨੂੰ ਸ਼ਰਮਿੰਦਾ ਨਹੀਂ ਮਹਿਸੂਸ ਕਰਾਉਣਾ ਚਾਹੀਦਾ ਕਿ ਉਹ ਆਪਣੀ ਪੂਰੀ ਵਾਹ ਲਾ ਕੇ ਪਰਮੇਸ਼ੁਰ ਦੀ ਸੇਵਾ ਨਹੀਂ ਕਰ ਰਹੇ। ਇਹ ਹੱਲਾਸ਼ੇਰੀ ਦੇਣ ਦੇ ਸਹੀ ਤਰੀਕੇ ਨਹੀਂ ਹਨ। ਇੱਦਾਂ ਦੀਆਂ ਗੱਲਾਂ ਸੁਣ ਕੇ ਸ਼ਾਇਦ ਉਹ ਥੋੜ੍ਹੇ ਸਮੇਂ ਲਈ ਵਧ-ਚੜ੍ਹ ਕੇ ਪਰਮੇਸ਼ੁਰ ਦੀ ਸੇਵਾ ਕਰਨ, ਪਰ ਜ਼ਿਆਦਾ ਦੇਰ ਤਕ ਨਹੀਂ ਕਰ ਪਾਉਣਗੇ। ਇਸ ਦੀ ਬਜਾਇ ਭੈਣਾਂ-ਭਰਾਵਾਂ ਦੀ ਤਾਰੀਫ਼ ਕਰੋ ਤੇ ਉਨ੍ਹਾਂ ਨੂੰ ਅਹਿਸਾਸ ਦਿਵਾਓ ਕਿ ਉਹ ਇਸ ਲਈ ਜੋਸ਼ ਨਾਲ ਪਰਮੇਸ਼ੁਰ ਦੀ ਸੇਵਾ ਕਰਦੇ ਹਨ ਕਿਉਂਕਿ ਉਹ ਉਸ ਨੂੰ ਪਿਆਰ ਕਰਦੇ ਹਨ। ਇਹ ਹੱਲਾਸ਼ੇਰੀ ਦੇਣ ਦਾ ਸਭ ਤੋਂ ਵਧੀਆ ਤਰੀਕਾ ਹੈ।​—ਫ਼ਿਲਿੱਪੀਆਂ 2:1-4 ਪੜ੍ਹੋ।

‘ਇਕ-ਦੂਜੇ ਨੂੰ ਹੌਸਲਾ ਦਿਓ’

13. ਦੂਜਿਆਂ ਨੂੰ ਹੌਸਲਾ ਦੇਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

13 ਆਖ਼ਰ ਵਿਚ ਪੌਲੁਸ ਕਹਿੰਦਾ ਹੈ ਕਿ ਸਾਨੂੰ ‘ਇਕ-ਦੂਜੇ ਨੂੰ ਹੌਸਲਾ ਦਿੰਦੇ ਰਹਿਣ’ ਦੀ ਲੋੜ ਹੈ। ਇੱਦਾਂ ਕਰ ਕੇ ਅਸੀਂ ਉਨ੍ਹਾਂ ਨੂੰ ਪਰਮੇਸ਼ੁਰ ਦੀ ਸੇਵਾ ਵਿਚ ਅੱਗੇ ਵਧਣ ਲਈ ਉਕਸਾ ਸਕਦੇ ਹਾਂ। ਦੂਜਿਆਂ ਨੂੰ ਪਿਆਰ ਤੇ ਚੰਗੇ ਕੰਮ ਕਰਨ ਦੀ ਹੱਲਾਸ਼ੇਰੀ ਦੇਣੀ ਬੁਝਦੀ ਅੱਗ ਨੂੰ ਹਵਾ ਦੇਣ ਦੇ ਬਰਾਬਰ ਹੈ ਤਾਂਕਿ ਅੱਗ ਬਲ਼ਦੀ ਰਹੇ ਅਤੇ ਦੂਜਿਆਂ ਨੂੰ ਹੌਸਲਾ ਦੇਣਾ ਅੱਗ ਵਿਚ ਕੋਲੇ ਪਾਉਣ ਦੇ ਬਰਾਬਰ ਹੈ ਤਾਂਕਿ ਅੱਗ ਹੋਰ ਵੀ ਤੇਜ਼ ਹੋ ਜਾਵੇ। ਭੈਣਾਂ-ਭਰਾਵਾਂ ਨੂੰ ਹੌਸਲਾ ਦੇ ਕੇ ਅਸੀਂ ਉਨ੍ਹਾਂ ਨੂੰ ਹਿੰਮਤ ਤੇ ਦਿਲਾਸਾ ਦਿੰਦੇ ਹਾਂ ਤਾਂਕਿ ਉਹ ਦਿਲ ਨਾ ਹਾਰ ਬੈਠਣ। ਹੌਸਲਾ ਦਿੰਦੇ ਵੇਲੇ ਨਰਮਾਈ ਤੇ ਪਿਆਰ ਨਾਲ ਗੱਲ ਕਰਨੀ ਜ਼ਰੂਰੀ ਹੈ। (ਕਹਾ. 12:18) ਨਾਲੇ ਸਾਨੂੰ “ਸੁਣਨ ਲਈ ਤਿਆਰ” ਰਹਿਣਾ ਚਾਹੀਦਾ ਹੈ ਤੇ “ਬੋਲਣ ਵਿਚ ਕਾਹਲੀ” ਨਹੀਂ ਕਰਨੀ ਚਾਹੀਦੀ। (ਯਾਕੂ. 1:19) ਜੇ ਅਸੀਂ ਹਮਦਰਦੀ ਨਾਲ ਦੂਜਿਆਂ ਦੀ ਸੁਣ ਕੇ ਉਨ੍ਹਾਂ ਦੇ ਜਜ਼ਬਾਤ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਸਾਨੂੰ ਪਤਾ ਲੱਗੇਗਾ ਕਿ ਕਿਹੜੀਆਂ ਗੱਲਾਂ ਉਨ੍ਹਾਂ ਦਾ ਹੌਸਲਾ ਢਾਹ ਰਹੀਆਂ ਹਨ। ਫਿਰ ਹੀ ਅਸੀਂ ਕੁਝ ਅਜਿਹਾ ਕਹਿ ਸਕਾਂਗੇ ਜੋ ਮੁਸ਼ਕਲਾਂ ਸਹਿਣ ਵਿਚ ਉਨ੍ਹਾਂ ਦੀ ਮਦਦ ਕਰੇਗਾ।

ਭੈਣਾਂ-ਭਰਾਵਾਂ ਨਾਲ ਮਿਲ ਕੇ ਮਨੋਰੰਜਨ ਕਰੋ

14. ਇਕ ਨਿਰਾਸ਼ ਭਰਾ ਦੀ ਮਦਦ ਕਿਵੇਂ ਕੀਤੀ ਗਈ?

14 ਜ਼ਰਾ ਇਕ ਬਜ਼ੁਰਗ ਦੀ ਮਿਸਾਲ ’ਤੇ ਗੌਰ ਕਰੋ ਜਿਸ ਨੇ ਉਸ ਭਰਾ ਦੀ ਮਦਦ ਕੀਤੀ ਜੋ ਕਈ ਸਾਲਾਂ ਤੋਂ ਪ੍ਰਚਾਰ ਕਰਨਾ ਛੱਡ ਚੁੱਕਾ ਸੀ। ਭਰਾ ਦੀਆਂ ਗੱਲਾਂ ਸੁਣ ਕੇ ਬਜ਼ੁਰਗ ਨੂੰ ਪਤਾ ਲੱਗਾ ਕਿ ਉਹ ਅਜੇ ਵੀ ਯਹੋਵਾਹ ਨੂੰ ਦਿਲੋਂ ਪਿਆਰ ਕਰਦਾ ਸੀ। ਉਹ ਪਹਿਰਾਬੁਰਜ ਦੇ ਹਰ ਲੇਖ ਦੀ ਚੰਗੀ ਤਰ੍ਹਾਂ ਸਟੱਡੀ ਕਰਦਾ ਸੀ ਅਤੇ ਸਾਰੀਆਂ ਮੀਟਿੰਗਾਂ ਵਿਚ ਆਉਣ ਦੀ ਪੂਰੀ ਕੋਸ਼ਿਸ਼ ਕਰਦਾ ਸੀ। ਪਰ ਮੰਡਲੀ ਦੇ ਕੁਝ ਭੈਣਾਂ-ਭਰਾਵਾਂ ਦੇ ਕੰਮਾਂ ਤੋਂ ਉਸ ਨੂੰ ਠੇਸ ਪਹੁੰਚੀ ਜਿਸ ਕਰਕੇ ਉਹ ਨਾਰਾਜ਼ ਸੀ। ਬਜ਼ੁਰਗ ਨੇ ਹਮਦਰਦੀ ਦਿਖਾਉਂਦੇ ਹੋਏ ਖੁੱਲ੍ਹੇ ਮਨ ਨਾਲ ਉਸ ਦੀ ਗੱਲ ਸੁਣੀ ਅਤੇ ਉਸ ਦੇ ਜਜ਼ਬਾਤਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਬਜ਼ੁਰਗ ਨੇ ਭਰਾ ਨੂੰ ਯਕੀਨ ਦਿਵਾਇਆ ਕਿ ਭੈਣਾਂ-ਭਰਾਵਾਂ ਨੂੰ ਉਸ ਦਾ ਤੇ ਉਸ ਦੇ ਪਰਿਵਾਰ ਦਾ ਫ਼ਿਕਰ ਸੀ। ਹੌਲੀ-ਹੌਲੀ ਭਰਾ ਨੂੰ ਅਹਿਸਾਸ ਹੋਇਆ ਕਿ ਉਸ ਨੂੰ ਦੂਜਿਆਂ ਦੇ ਕੰਮਾਂ ਕਰਕੇ ਆਪਣੇ ਪਰਮੇਸ਼ੁਰ ਦੀ ਸੇਵਾ ਕਰਨੀ ਨਹੀਂ ਛੱਡਣੀ ਚਾਹੀਦੀ। ਬਜ਼ੁਰਗ ਨੇ ਭਰਾ ਨੂੰ ਆਪਣੇ ਨਾਲ ਪ੍ਰਚਾਰ ਕਰਨ ਲਈ ਬੁਲਾਇਆ। ਉਸ ਦੀ ਮਦਦ ਨਾਲ ਭਰਾ ਨੇ ਦੁਬਾਰਾ ਤੋਂ ਪ੍ਰਚਾਰ ਕਰਨਾ ਸ਼ੁਰੂ ਕੀਤਾ ਤੇ ਬਾਅਦ ਵਿਚ ਉਹ ਫਿਰ ਤੋਂ ਬਜ਼ੁਰਗ ਵੀ ਬਣਿਆ।

ਨਿਰਾਸ਼ ਭੈਣ ਜਾਂ ਭਰਾ ਦੀ ਗੱਲ ਧਿਆਨ ਨਾਲ ਸੁਣੋ (ਪੈਰੇ 14, 15 ਦੇਖੋ)

15. ਅਸੀਂ ਨਿਰਾਸ਼ ਲੋਕਾਂ ਨੂੰ ਹੌਸਲਾ ਦੇਣ ਬਾਰੇ ਯਹੋਵਾਹ ਤੋਂ ਕੀ ਸਿੱਖਦੇ ਹਾਂ?

15 ਹੋ ਸਕਦਾ ਹੈ ਕਿ ਹਿੰਮਤ ਹਾਰ ਬੈਠਾ ਇਨਸਾਨ ਇਕਦਮ ਸਾਡੀ ਮਦਦ ਕਬੂਲ ਨਾ ਕਰੇ। ਪਰ ਸਾਨੂੰ ਉਸ ਦੀ ਮਦਦ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਉਸ ਨੂੰ ਠੀਕ ਹੋਣ ਵਿਚ ਸ਼ਾਇਦ ਕੁਝ ਸਮਾਂ ਲੱਗੇ। ਪੌਲੁਸ ਨੇ ਕਿਹਾ: “ਕਮਜ਼ੋਰਾਂ ਨੂੰ ਸਹਾਰਾ ਦਿਓ ਅਤੇ ਸਾਰਿਆਂ ਨਾਲ ਧੀਰਜ ਨਾਲ ਪੇਸ਼ ਆਓ।” (1 ਥੱਸ. 5:14) ਕਮਜ਼ੋਰ ਲੋਕਾਂ ਦਾ ਸਾਥ ਛੱਡਣ ਦੀ ਬਜਾਇ ਆਓ ਆਪਾਂ ਉਨ੍ਹਾਂ ਨੂੰ ਸਹਾਰਾ ਦਿੰਦੇ ਰਹੀਏ। ਪੁਰਾਣੇ ਜ਼ਮਾਨੇ ਵਿਚ ਯਹੋਵਾਹ ਆਪਣੇ ਉਨ੍ਹਾਂ ਸੇਵਕਾਂ ਨਾਲ ਧੀਰਜ ਨਾਲ ਪੇਸ਼ ਆਇਆ ਜੋ ਸਮੇਂ-ਸਮੇਂ ਤੇ ਨਿਰਾਸ਼ ਹੋਏ ਸਨ। ਮਿਸਾਲ ਲਈ, ਪਰਮੇਸ਼ੁਰ ਨੇ ਬੜੇ ਪਿਆਰ ਨਾਲ ਏਲੀਯਾਹ ਦੀ ਮਦਦ ਕੀਤੀ ਤੇ ਉਸ ਦੇ ਜਜ਼ਬਾਤਾਂ ਨੂੰ ਸਮਝਿਆ। ਯਹੋਵਾਹ ਨੇ ਉਸ ਨਬੀ ਦੀ ਹਰ ਲੋੜ ਪੂਰੀ ਕੀਤੀ ਤਾਂਕਿ ਉਹ ਉਸ ਦੀ ਸੇਵਾ ਕਰਦਾ ਰਹੇ। (1 ਰਾਜ. 19:1-18) ਜਦ ਦਾਊਦ ਨੇ ਆਪਣੇ ਪਾਪਾਂ ਤੋਂ ਦਿਲੋਂ ਪਛਤਾਵਾ ਕੀਤਾ, ਤਾਂ ਯਹੋਵਾਹ ਨੇ ਉਸ ਨੂੰ ਮਾਫ਼ ਕਰ ਦਿੱਤਾ। (ਜ਼ਬੂ. 51:7, 17) ਪਰਮੇਸ਼ੁਰ ਨੇ 73ਵੇਂ ਜ਼ਬੂਰ ਦੇ ਲਿਖਾਰੀ ਦੀ ਵੀ ਮਦਦ ਕੀਤੀ ਜੋ ਕੁਰਾਹੇ ਪੈਣ ਵਾਲਾ ਸੀ। (ਜ਼ਬੂ. 73:13, 16, 17) ਯਹੋਵਾਹ ਸਾਡੇ ’ਤੇ ਵੀ ਦਇਆ ਕਰਦਾ ਹੈ, ਖ਼ਾਸ ਕਰਕੇ ਜਦ ਅਸੀਂ ਦਿਲ ਹਾਰ ਬੈਠਦੇ ਹਾਂ। (ਕੂਚ 34:6) ਉਸ ਦੀ ਦਇਆ “ਹਰ ਸਵੇਰ” ਨਵੀਂ ਹੁੰਦੀ ਹੈ ਅਤੇ “ਉਸ ਦਾ ਰਹਮ ਅਟੁੱਟ” ਹੈ। (ਵਿਰ. 3:22, 23) ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਦੀ ਰੀਸ ਕਰੀਏ ਅਤੇ ਮਾਯੂਸ ਲੋਕਾਂ ਨਾਲ ਨਰਮਾਈ ਨਾਲ ਪੇਸ਼ ਆਈਏ।

ਜ਼ਿੰਦਗੀ ਵੱਲ ਜਾਂਦੇ ਰਾਹ ’ਤੇ ਚੱਲਦੇ ਰਹਿਣ ਲਈ ਇਕ-ਦੂਜੇ ਨੂੰ ਹੌਸਲਾ ਦਿਓ

16, 17. ਸਾਨੂੰ ਕੀ ਠਾਣ ਲੈਣਾ ਚਾਹੀਦਾ ਹੈ ਤੇ ਕਿਉਂ?

16 ਸ਼ੁਰੂ ਵਿਚ ਜ਼ਿਕਰ ਕੀਤੇ ਗਏ ਤਸ਼ੱਦਦ ਕੈਂਪ ਦੇ 33,000 ਕੈਦੀਆਂ ਵਿੱਚੋਂ ਹਜ਼ਾਰਾਂ ਦੀ ਮੌਤ ਹੋਈ। ਪਰ ਸਾਰੇ 230 ਯਹੋਵਾਹ ਦੇ ਗਵਾਹ ਉਸ ਅਜ਼ਮਾਇਸ਼ ਵਿੱਚੋਂ ਬਚ ਨਿਕਲੇ। ਕਿਵੇਂ? ਇਕ-ਦੂਜੇ ਤੋਂ ਹੌਸਲਾ ਤੇ ਸਹਾਰਾ ਪਾ ਕੇ। ਉਨ੍ਹਾਂ ਲਈ ਉਸ ਸਫ਼ਰ ਦਾ ਅੰਜਾਮ ਮੌਤ ਨਹੀਂ, ਸਗੋਂ ਜ਼ਿੰਦਗੀ ਸੀ।

17 ਅੱਜ ਅਸੀਂ ‘ਹਮੇਸ਼ਾ ਦੀ ਜ਼ਿੰਦਗੀ ਵੱਲ ਜਾਂਦੇ ਰਾਹ’ ਉੱਤੇ ਚੱਲ ਰਹੇ ਹਾਂ। (ਮੱਤੀ 7:14) ਬਹੁਤ ਜਲਦ ਯਹੋਵਾਹ ਦੇ ਸਾਰੇ ਲੋਕ ਮਿਲ ਕੇ ਨਵੀਂ ਦੁਨੀਆਂ ਵਿਚ ਕਦਮ ਰੱਖਣਗੇ ਜਿੱਥੇ ਹਮੇਸ਼ਾ ਧਾਰਮਿਕਤਾ ਰਹੇਗੀ। (2 ਪਤ. 3:13) ਆਓ ਆਪਾਂ ਠਾਣ ਲਈਏ ਕਿ ਅਸੀਂ ਆਪਣੀ ਮੰਜ਼ਲ ਤਕ ਪਹੁੰਚਣ ਲਈ ਇਕ-ਦੂਜੇ ਨੂੰ ਹੌਸਲਾ ਤੇ ਸਹਾਰਾ ਦਿੰਦੇ ਰਹਾਂਗੇ।