Skip to content

Skip to table of contents

ਸਤਾਏ ਜਾਣ ਦੇ ਬਾਵਜੂਦ ਖ਼ੁਸ਼!

ਸਤਾਏ ਜਾਣ ਦੇ ਬਾਵਜੂਦ ਖ਼ੁਸ਼!

ਸਤਾਏ ਜਾਣ ਦੇ ਬਾਵਜੂਦ ਖ਼ੁਸ਼!

“ਧੰਨ ਹੋ ਤੁਸੀਂ ਜਾਂ ਮਨੁੱਖ ਮੇਰੇ ਕਾਰਨ ਤੁਹਾਨੂੰ ਬੋਲੀਆਂ ਮਾਰਨਗੇ ਅਤੇ ਸਤਾਉਣਗੇ ਅਤੇ ਹਰੇਕ ਬੁਰੀ ਗੱਲ ਤੁਹਾਡੇ ਉੱਤੇ ਝੂਠ ਮੂਠ ਲਾਉਣਗੇ।”—ਮੱਤੀ 5:11.

1. ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹੜੀ ਚੇਤਾਵਨੀ ਦਿੱਤੀ ਸੀ ਅਤੇ ਉਨ੍ਹਾਂ ਨੂੰ ਕਿਸ ਗੱਲ ਦਾ ਭਰੋਸਾ ਦਿੱਤਾ ਸੀ?

ਜਦ ਯਿਸੂ ਨੇ ਆਪਣੇ ਰਸੂਲਾਂ ਨੂੰ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਲਈ ਪਹਿਲਾਂ ਭੇਜਿਆ ਸੀ, ਤਾਂ ਉਸ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ। ਉਸ ਨੇ ਕਿਹਾ: “ਮੇਰੇ ਨਾਮ ਕਰਕੇ ਸਭ ਲੋਕ ਤੁਹਾਡੇ ਨਾਲ ਵੈਰ ਰੱਖਣਗੇ।” (ਮੱਤੀ 10:5-18, 22) ਪਰ ਯਿਸੂ ਨੇ ਆਪਣੇ ਪਹਾੜੀ ਉਪਦੇਸ਼ ਵਿਚ ਆਪਣੇ ਚੇਲਿਆਂ ਨੂੰ ਭਰੋਸਾ ਦਿਵਾਇਆ ਕਿ ਇਸ ਵਿਰੋਧਤਾ ਦੇ ਬਾਵਜੂਦ ਉਹ ਖ਼ੁਸ਼ ਰਹਿ ਸਕਦੇ ਸਨ। ਦਰਅਸਲ ਯਿਸੂ ਕਹਿ ਰਿਹਾ ਸੀ ਕਿ ਮਸੀਹੀਆਂ ਵਜੋਂ ਸਤਾਏ ਜਾਣਾ ਧੰਨ ਹੋਣ ਦਾ ਇਕ ਕਾਰਨ ਹੈ। ਪਰ ਮਸੀਹੀ ਸਤਾਏ ਜਾਣ ਦੇ ਬਾਵਜੂਦ ਖ਼ੁਸ਼ ਕਿਵੇਂ ਰਹਿ ਸਕਦੇ ਹਨ?

ਧਾਰਮਿਕਤਾ ਦੇ ਕਾਰਨ ਸਤਾਏ ਜਾਣਾ

2. ਯਿਸੂ ਅਤੇ ਪਤਰਸ ਦੇ ਅਨੁਸਾਰ ਅਸੀਂ ਦੁੱਖ ਝੱਲ ਕੇ ਖ਼ੁਸ਼ ਕਿਉਂ ਹੋ ਸਕਦੇ ਹਾਂ?

2 ਯਿਸੂ ਨੇ ਧੰਨ ਹੋਣ ਦਾ ਅੱਠਵਾਂ ਕਾਰਨ ਇਹ ਦੱਸਿਆ: “ਧੰਨ ਓਹ ਜਿਹੜੇ ਧਰਮ ਦੇ ਕਾਰਨ ਸਤਾਏ ਗਏ ਹਨ ਕਿਉਂ ਜੋ ਸੁਰਗ ਦਾ ਰਾਜ ਉਨ੍ਹਾਂ ਦਾ ਹੈ।” (ਮੱਤੀ 5:10) ਬਿਨਾਂ ਵਜ੍ਹਾ ਦੁੱਖ ਝੱਲਣ ਵਿਚ ਕੋਈ ਲਾਭ ਨਹੀਂ ਹੁੰਦਾ। ਪਤਰਸ ਰਸੂਲ ਨੇ ਲਿਖਿਆ: “ਜੇ ਤੁਸੀਂ ਪਾਪ ਦੇ ਕਾਰਨ ਮੁੱਕੇ ਖਾ ਕੇ ਧੀਰਜ ਕਰੋ ਤਾਂ ਕੀ ਵਡਿਆਈ ਹੈ? ਪਰ ਜੇ ਤੁਸੀਂ ਸ਼ੁਭ ਕਰਮਾਂ ਦੇ ਕਾਰਨ ਦੁਖ ਝੱਲ ਕੇ ਧੀਰਜ ਕਰੋ ਤਾਂ ਇਹ ਪਰਮੇਸ਼ੁਰ ਨੂੰ ਪਰਵਾਨ ਹੈ।” ਉਸ ਨੇ ਅੱਗੇ ਕਿਹਾ: “ਪਰ ਐਉਂ ਨਾ ਹੋਵੇ ਜੋ ਤੁਹਾਡੇ ਵਿੱਚੋਂ ਕੋਈ ਖੂਨੀ ਯਾ ਚੋਰ ਯਾ ਬੁਰਿਆਰ ਯਾ ਹੋਰਨਾਂ ਦੇ ਕੰਮ ਵਿੱਚ ਲੱਤ ਅੜਾਉਣ ਵਾਲਾ ਹੋ ਕੇ ਦੁਖ ਪਾਵੇ! ਪਰ ਜੇ ਕੋਈ ਮਸੀਹੀ ਹੋਣ ਕਰਕੇ ਦੁਖ ਪਾਵੇ ਤਾਂ ਲੱਜਿਆਵਾਨ ਨਾ ਹੋਵੇ ਸਗੋਂ ਇਸ ਨਾਮ ਦੇ ਕਾਰਨ ਪਰਮੇਸ਼ੁਰ ਦੀ ਵਡਿਆਈ ਕਰੇ।” (1 ਪਤਰਸ 2:20; 4:15, 16) ਯਿਸੂ ਦੇ ਸ਼ਬਦਾਂ ਅਨੁਸਾਰ ਜੇ ਅਸੀਂ ਧਾਰਮਿਕਤਾ ਦੇ ਕਾਰਨ ਸਤਾਏ ਜਾਵਾਂਗੇ, ਤਾਂ ਸਾਡੇ ਕੋਲ ਖ਼ੁਸ਼ ਹੋਣ ਦਾ ਕਾਰਨ ਹੋਵੇਗਾ।

3. (ੳ) ਧਰਮ ਦੇ ਕਾਰਨ ਸਤਾਏ ਜਾਣ ਦਾ ਕੀ ਮਤਲਬ ਹੈ? (ਅ) ਪਹਿਲੀ ਸਦੀ ਦੇ ਮਸੀਹੀਆਂ ਉੱਤੇ ਸਤਾਹਟਾਂ ਦਾ ਕੀ ਅਸਰ ਪਿਆ ਸੀ?

3 ਧਾਰਮਿਕਤਾ ਕਿਸ ਤਰ੍ਹਾਂ ਮਾਪੀ ਜਾਂਦੀ ਹੈ? ਜਿਹੜਾ ਇਨਸਾਨ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਦਾ ਹੈ ਅਤੇ ਉਸ ਦੇ ਹੁਕਮ ਮੰਨਦਾ ਹੈ, ਉਹੀ ਧਰਮੀ ਕਹਿਲਾਉਂਦਾ ਹੈ। ਤਾਂ ਫਿਰ ਧਰਮ ਦੇ ਕਾਰਨ ਸਤਾਏ ਜਾਣ ਦਾ ਮਤਲਬ ਹੈ ਕਿ ਲੋਕ ਸਾਨੂੰ ਇਸ ਲਈ ਸਤਾਉਂਦੇ ਹਨ ਕਿਉਂਕਿ ਅਸੀਂ ਹਰ ਵਕਤ ਪਰਮੇਸ਼ੁਰ ਦੇ ਅਸੂਲਾਂ ਉੱਤੇ ਚੱਲਦੇ ਹਾਂ। ਯਹੂਦੀ ਧਰਮ ਦੇ ਆਗੂਆਂ ਨੇ ਯਿਸੂ ਦੇ ਰਸੂਲਾਂ ਉੱਤੇ ਜ਼ੁਲਮ ਕੀਤੇ ਸਨ ਕਿਉਂਕਿ ਉਹ ਯਿਸੂ ਦੇ ਨਾਮ ਦਾ ਪ੍ਰਚਾਰ ਕਰ ਰਹੇ ਸਨ। (ਰਸੂਲਾਂ ਦੇ ਕਰਤੱਬ 4:18-20; 5:27-29, 40) ਕੀ ਉਨ੍ਹਾਂ ਚੇਲਿਆਂ ਨੇ ਨਿਰਾਸ਼ ਹੋ ਕੇ ਪ੍ਰਚਾਰ ਕਰਨਾ ਛੱਡ ਦਿੱਤਾ ਸੀ? ਬਿਲਕੁਲ ਨਹੀਂ। “ਓਹ ਇਸ ਗੱਲ ਤੋਂ ਅਨੰਦ ਕਰਦੇ ਹੋਏ ਜੋ ਅਸੀਂ ਉਸ ਨਾਮ ਦੇ ਕਾਰਨ ਬੇਪਤ ਹੋਣ ਦੇ ਜੋਗ ਗਿਣੇ ਗਏ ਮਹਾਂ ਸਭਾ ਦੇ ਸਾਹਮਣਿਓਂ ਚੱਲੇ ਗਏ। ਅਤੇ ਓਹ ਰੋਜ ਹੈਕਲ ਵਿੱਚ ਅਤੇ ਘਰੀਂ ਉਪਦੇਸ਼ ਕਰਨ ਅਰ ਇਹ ਖੁਸ਼ ਖਬਰੀ ਸੁਣਾਉਣ ਤੋਂ ਨਾ ਹਟੇ ਭਈ ਯਿਸੂ ਉਹੀ ਮਸੀਹ ਹੈ!” (ਰਸੂਲਾਂ ਦੇ ਕਰਤੱਬ 5:41, 42) ਉਹ ਇਸ ਸਤਾਹਟ ਦੇ ਕਾਰਨ ਖ਼ੁਸ਼ ਹੋਏ। ਉਨ੍ਹਾਂ ਵਿਚ ਨਵੀਂ ਜਾਨ ਪਈ ਅਤੇ ਪ੍ਰਚਾਰ ਦੇ ਕੰਮ ਵਿਚ ਉਨ੍ਹਾਂ ਦਾ ਜੋਸ਼ ਹੋਰ ਵੀ ਵੱਧ ਗਿਆ। ਬਾਅਦ ਵਿਚ ਰੋਮੀ ਲੋਕਾਂ ਨੇ ਵੀ ਉਨ੍ਹਾਂ ਨੂੰ ਸਤਾਇਆ ਕਿਉਂਕਿ ਉਨ੍ਹਾਂ ਨੇ ਸ਼ਹਿਨਸ਼ਾਹ ਦੀ ਪੂਜਾ ਕਰਨ ਤੋਂ ਇਨਕਾਰ ਕੀਤਾ।

4. ਮਸੀਹੀਆਂ ਨੂੰ ਕਿਨ੍ਹਾਂ ਗੱਲਾਂ ਕਰਕੇ ਸਤਾਇਆ ਜਾਂਦਾ ਹੈ?

4 ਅੱਜ ਦੇ ਜ਼ਮਾਨੇ ਵਿਚ ਯਹੋਵਾਹ ਦੇ ਗਵਾਹਾਂ ਨੂੰ ਸਤਾਇਆ ਗਿਆ ਹੈ ਕਿਉਂਕਿ ਉਹ “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ” ਕਰਨੋਂ ਨਹੀਂ ਹਟਦੇ। (ਮੱਤੀ 24:14) ਬਾਈਬਲ ਵਿਚ ਮਸੀਹੀਆਂ ਨੂੰ ਇਕੱਠੇ ਹੋਣ ਦਾ ਹੁਕਮ ਦਿੱਤਾ ਗਿਆ ਹੈ। (ਇਬਰਾਨੀਆਂ 10:24, 25) ਜਦ ਉਨ੍ਹਾਂ ਦੀਆਂ ਸਭਾਵਾਂ ਉੱਤੇ ਪਾਬੰਦੀ ਲਾਈ ਜਾਂਦੀ ਹੈ, ਤਾਂ ਉਹ ਇਹ ਹੁਕਮ ਤੋੜਨ ਦੀ ਬਜਾਇ ਦੁੱਖ ਝੱਲਣ ਲਈ ਤਿਆਰ ਹੁੰਦੇ ਹਨ। ਉਨ੍ਹਾਂ ਨੂੰ ਇਸ ਕਰਕੇ ਵੀ ਦੁਖੀ ਕੀਤਾ ਜਾਂਦਾ ਹੈ ਕਿਉਂਕਿ ਉਹ ਰਾਜਨੀਤਿਕ ਮਾਮਲਿਆਂ ਵਿਚ ਨਿਰਪੱਖ ਰਹਿੰਦੇ ਹਨ ਅਤੇ ਖ਼ੂਨ ਦੀ ਗ਼ਲਤ ਵਰਤੋਂ ਨਹੀਂ ਕਰਦੇ। (ਯੂਹੰਨਾ 17:14; ਰਸੂਲਾਂ ਦੇ ਕਰਤੱਬ 15:28, 29) ਫਿਰ ਵੀ ਧਾਰਮਿਕਤਾ ਦੀ ਖ਼ਾਤਰ ਇਹ ਸਭ ਕੁਝ ਸਹਿਣ ਨਾਲ ਪਰਮੇਸ਼ੁਰ ਦੇ ਲੋਕਾਂ ਨੂੰ ਮਨ ਦੀ ਸ਼ਾਂਤੀ ਅਤੇ ਖ਼ੁਸ਼ੀ ਮਿਲਦੀ ਹੈ।—1 ਪਤਰਸ 3:14.

ਮਸੀਹ ਦੇ ਕਾਰਨ ਬਦਨਾਮ

5. ਯਹੋਵਾਹ ਦੇ ਲੋਕਾਂ ਦੇ ਸਤਾਏ ਜਾਣ ਦਾ ਮੁੱਖ ਕਾਰਨ ਕੀ ਹੈ?

5 ਪਹਾੜੀ ਉਪਦੇਸ਼ ਵਿਚ ਧੰਨ ਹੋਣ ਦਾ ਨੌਵਾਂ ਕਾਰਨ ਵੀ ਸਤਾਏ ਜਾਣ ਨਾਲ ਸੰਬੰਧ ਰੱਖਦਾ ਹੈ। ਯਿਸੂ ਨੇ ਕਿਹਾ: “ਧੰਨ ਹੋ ਤੁਸੀਂ ਜਾਂ ਮਨੁੱਖ ਮੇਰੇ ਕਾਰਨ ਤੁਹਾਨੂੰ ਬੋਲੀਆਂ ਮਾਰਨਗੇ ਅਤੇ ਸਤਾਉਣਗੇ ਅਤੇ ਹਰੇਕ ਬੁਰੀ ਗੱਲ ਤੁਹਾਡੇ ਉੱਤੇ ਝੂਠ ਮੂਠ ਲਾਉਣਗੇ।” (ਮੱਤੀ 5:11) ਯਹੋਵਾਹ ਦੇ ਲੋਕਾਂ ਦੇ ਸਤਾਏ ਜਾਣ ਦਾ ਮੁੱਖ ਕਾਰਨ ਹੈ ਕਿ ਉਹ ਇਸ ਦੁਸ਼ਟ ਦੁਨੀਆਂ ਦਾ ਕੋਈ ਹਿੱਸਾ ਨਹੀਂ ਹਨ। ਯਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ: “ਜੇ ਤੁਸੀਂ ਜਗਤ ਦੇ ਹੁੰਦੇ ਤਾਂ ਜਗਤ ਆਪਣਿਆਂ ਨਾਲ ਤੇਹ ਕਰਦਾ ਪਰ ਇਸ ਕਰਕੇ ਜੋ ਤੁਸੀਂ ਜਗਤ ਦੇ ਨਹੀਂ ਹੋ ਪਰ ਮੈਂ ਤੁਹਾਨੂੰ ਜਗਤ ਵਿੱਚੋਂ ਚੁਣ ਲਿਆ ਇਸ ਕਰਕੇ ਜਗਤ ਤੁਹਾਡੇ ਨਾਲ ਵੈਰ ਕਰਦਾ ਹੈ।” (ਯੂਹੰਨਾ 15:19) ਇਸੇ ਤਰ੍ਹਾਂ ਪਤਰਸ ਰਸੂਲ ਨੇ ਕਿਹਾ: “ਓਹ ਇਸ ਨੂੰ ਅਚਰਜ ਮੰਨਦੇ ਹਨ ਭਈ ਤੁਸੀਂ ਓਸੇ ਅੱਤ ਬਦਚਲਣੀ ਵਿੱਚ ਉਨ੍ਹਾਂ ਦੇ ਨਾਲ ਨਹੀਂ ਖੇਡਦੇ ਤਾਂ ਹੀ ਓਹ ਤੁਹਾਡੀ ਨਿੰਦਿਆ ਕਰਦੇ ਹਨ।”—1 ਪਤਰਸ 4:4.

6. (ੳ) ਮਸਹ ਕੀਤੇ ਹੋਇਆਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸਤਾਇਆ ਕਿਉਂ ਜਾਂਦਾ ਹੈ? (ਅ) ਕੀ ਇਸ ਸਤਾਹਟ ਕਰਕੇ ਅਸੀਂ ਨਿਰਾਸ਼ ਹੋ ਜਾਂਦੇ ਹਾਂ?

6 ਅਸੀਂ ਪਹਿਲਾਂ ਹੀ ਦੇਖ ਚੁੱਕੇ ਹਾਂ ਕਿ ਪਹਿਲੀ ਸਦੀ ਦੇ ਮਸੀਹੀਆਂ ਨੂੰ ਇਸ ਕਰਕੇ ਸਤਾਇਆ ਗਿਆ ਸੀ ਕਿਉਂਕਿ ਉਹ ਯਿਸੂ ਦੇ ਨਾਮ ਦਾ ਪ੍ਰਚਾਰ ਕਰਨੋਂ ਨਾ ਹਟੇ। ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਕੰਮ ਸੌਂਪਿਆ ਸੀ ਕਿ ਉਹ ‘ਧਰਤੀ ਦੇ ਬੰਨੇ ਤੀਕੁਰ ਉਸ ਦੇ ਗਵਾਹ ਹੋਣ।’ (ਰਸੂਲਾਂ ਦੇ ਕਰਤੱਬ 1:8) ਯਿਸੂ ਦੇ ਮਸਹ ਕੀਤੇ ਹੋਏ ਭਰਾ ਲਗਨ ਨਾਲ ਇਹ ਕੰਮ ਪੂਰਾ ਕਰਦੇ ਆਏ ਹਨ ਅਤੇ “ਵੱਡੀ ਭੀੜ” ਦੇ ਮੈਂਬਰ ਵਫ਼ਾਦਾਰੀ ਨਾਲ ਉਨ੍ਹਾਂ ਦਾ ਸਾਥ ਦਿੰਦੇ ਆਏ ਹਨ। (ਪਰਕਾਸ਼ ਦੀ ਪੋਥੀ 7:9) ਇਸ ਲਈ ਸ਼ਤਾਨ ਪਰਮੇਸ਼ੁਰ ਦੇ ਸਵਰਗੀ ਸੰਗਠਨ “ਦੇ ਵੰਸ ਵਿੱਚੋਂ ਜਿਹੜੇ ਰਹਿੰਦੇ ਅਤੇ ਜਿਹੜੇ ਪਰਮੇਸ਼ੁਰ ਦੀਆਂ ਆਗਿਆਂ ਦੀ ਪਾਲਨਾ ਕਰਦੇ ਅਤੇ ਯਿਸੂ ਦੀ ਸਾਖੀ ਭਰਦੇ ਹਨ ਓਹਨਾਂ ਨਾਲ ਜੁੱਧ” ਕਰਦਾ ਹੈ। (ਪਰਕਾਸ਼ ਦੀ ਪੋਥੀ 12:9, 17) ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਅਸੀਂ ਯਿਸੂ ਬਾਰੇ ਦੱਸਦੇ ਹਾਂ ਕਿ ਉਹ ਪਰਮੇਸ਼ੁਰ ਦੀ ਸਰਕਾਰ ਦਾ ਰਾਜਾ ਹੈ ਅਤੇ ਉਹ ਮਨੁੱਖੀ ਸਰਕਾਰਾਂ ਦਾ ਨਾਸ਼ ਕਰ ਕੇ ਪਰਮੇਸ਼ੁਰ ਦਾ ਨਵਾਂ ਸੰਸਾਰ ਸਥਾਪਿਤ ਕਰੇਗਾ। (ਦਾਨੀਏਲ 2:44; 2 ਪਤਰਸ 3:13) ਸਾਡੇ ਪ੍ਰਚਾਰ ਕਰਕੇ ਲੋਕ ਸਾਨੂੰ ਬੁਰਾ-ਭਲਾ ਕਹਿੰਦੇ ਹਨ ਤੇ ਸਾਨੂੰ ਸਤਾਉਂਦੇ ਹਨ। ਪਰ ਅਸੀਂ ਮਸੀਹ ਦੇ ਨਾਮ ਦੀ ਖ਼ਾਤਰ ਦੁੱਖ ਝੱਲ ਕੇ ਨਿਰਾਸ਼ ਹੋਣ ਦੀ ਬਜਾਇ ਖ਼ੁਸ਼ ਹੁੰਦੇ ਹਾਂ।—1 ਪਤਰਸ 4:14.

7, 8. ਵਿਰੋਧੀ ਲੋਕ ਮਸੀਹੀਆਂ ਉੱਤੇ ਕਿਹੜੇ ਝੂਠ-ਮੂਠ ਲਾਉਂਦੇ ਸਨ?

7 ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ ਜਦ ਉਸ ਦੇ ਕਾਰਨ ਲੋਕ ‘ਹਰੇਕ ਬੁਰੀ ਗੱਲ ਉਨ੍ਹਾਂ ਉੱਤੇ ਝੂਠ ਮੂਠ ਲਾਉਣਗੇ,’ ਤਾਂ ਉਨ੍ਹਾਂ ਨੂੰ ਧੰਨ ਹੋਣਾ ਚਾਹੀਦਾ ਹੈ। (ਮੱਤੀ 5:11) ਇਹ ਪਹਿਲੀ ਸਦੀ ਦੇ ਮਸੀਹੀਆਂ ਬਾਰੇ ਸੱਚ ਸੀ। ਜਦ ਪੌਲੁਸ ਨੂੰ ਲਗਭਗ 59-61 ਦੇ ਸਾਲਾਂ ਦੌਰਾਨ ਰੋਮ ਵਿਚ ਹਿਰਾਸਤ ਵਿਚ ਲਿਆ ਗਿਆ ਸੀ, ਤਾਂ ਉੱਥੇ ਦੇ ਯਹੂਦੀ ਆਗੂਆਂ ਨੇ ਮਸੀਹੀਆਂ ਬਾਰੇ ਕਿਹਾ: “ਸਾਨੂੰ ਮਲੂਮ ਹੈ ਭਈ ਸਭਨੀਂ ਥਾਈਂ ਐਸ ਪੰਥ ਨੂੰ ਬੁਰਾ ਆਖਦੇ ਹਨ।” (ਰਸੂਲਾਂ ਦੇ ਕਰਤੱਬ 28:22) ਪੌਲੁਸ ਤੇ ਸੀਲਾਸ ਉੱਤੇ ਦੋਸ਼ ਲਾਇਆ ਗਿਆ ਸੀ ਕਿ ਉਨ੍ਹਾਂ ਨੇ “ਜਗਤ ਨੂੰ ਉਲਟਾ ਦਿੱਤਾ ਹੈ” ਅਤੇ ਉਹ “ਕੈਸਰ ਦੇ ਹੁਕਮਾਂ ਦੇ ਵਿਰੁੱਧ” ਬੋਲਦੇ ਹਨ।—ਰਸੂਲਾਂ ਦੇ ਕਰਤੱਬ 17:6, 7.

8 ਰੋਮੀ ਸਾਮਰਾਜ ਦੌਰਾਨ ਰਹਿੰਦੇ ਮਸੀਹੀਆਂ ਬਾਰੇ ਲਿਖਦੇ ਹੋਏ ਇਕ ਇਤਿਹਾਸਕਾਰ ਨੇ ਕਿਹਾ: ‘ਉਨ੍ਹਾਂ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਲਾਏ ਜਾਂਦੇ ਸਨ। ਉਹ ਦੇਵੀ-ਦੇਵਤਿਆਂ ਦੀ ਪੂਜਾ ਨਹੀਂ ਕਰਦੇ ਸਨ, ਇਸ ਲਈ ਉਨ੍ਹਾਂ ਨੂੰ ਨਾਸਤਿਕ ਸੱਦਿਆ ਜਾਂਦਾ ਸੀ। ਬਾਕੀ ਲੋਕਾਂ ਵਾਂਗ ਉਹ ਤਿਉਹਾਰਾਂ ਵਿਚ ਅਤੇ ਲੋਕਾਂ ਦੇ ਮਨੋਰੰਜਨ ਲਈ ਕੀਤੇ ਗਏ ਇੰਤਜ਼ਾਮਾਂ ਵਿਚ ਵੀ ਹਿੱਸਾ ਨਹੀਂ ਲੈਂਦੇ ਸਨ, ਇਸ ਲਈ ਉਨ੍ਹਾਂ ਨੂੰ ਮਨੁੱਖਜਾਤ ਨਾਲ ਨਫ਼ਰਤ ਕਰਨ ਵਾਲੇ ਕਿਹਾ ਜਾਂਦਾ ਸੀ। ਇਹ ਵੀ ਕਿਹਾ ਜਾਂਦਾ ਸੀ ਕਿ ਆਦਮੀ ਤੇ ਔਰਤਾਂ ਰਾਤ ਨੂੰ ਇਕ-ਦੂਜੇ ਨੂੰ ਮਿਲ ਕੇ ਬਦਚਲਣੀ ਕਰਦੇ ਸਨ। ਮਸੀਹ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਸਿਰਫ਼ ਮਸੀਹੀ ਹਾਜ਼ਰ ਹੁੰਦੇ ਸਨ, ਇਸ ਲਈ ਲੋਕ ਕਹਿਣ ਲੱਗੇ ਕਿ ਉਹ ਬਾਲ ਦੀ ਬਲੀ ਚੜ੍ਹਾ ਕੇ ਉਸ ਦਾ ਖ਼ੂਨ ਪੀਂਦੇ ਤੇ ਉਸ ਦਾ ਮਾਸ ਖਾਂਦੇ ਸਨ।’ ਇਸ ਦੇ ਨਾਲ-ਨਾਲ ਮਸੀਹ ਦੇ ਚੇਲੇ ਸ਼ਹਿਨਸ਼ਾਹ ਦੀ ਪੂਜਾ ਨਹੀਂ ਕਰਦੇ ਸਨ ਜਿਸ ਕਰਕੇ ਉਨ੍ਹਾਂ ਨੂੰ ਦੇਸ਼ ਦੇ ਦੁਸ਼ਮਣ ਸੱਦਿਆ ਜਾਂਦਾ ਸੀ।

9. ਪਹਿਲੀ ਸਦੀ ਵਿਚ ਮਸੀਹੀਆਂ ਉੱਤੇ ਝੂਠੇ ਇਲਜ਼ਾਮ ਲਾਏ ਜਾਣ ਦੇ ਬਾਵਜੂਦ ਉਹ ਕੀ ਕਰਦੇ ਰਹੇ ਅਤੇ ਅੱਜ ਕੀ ਹੋ ਰਿਹਾ ਹੈ?

9 ਇਨ੍ਹਾਂ ਝੂਠੇ ਦੋਸ਼ਾਂ ਕਰਕੇ ਪਹਿਲੀ ਸਦੀ ਦੇ ਮਸੀਹੀ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨੋਂ ਨਹੀਂ ਹਟੇ ਸਨ। ਸੰਨ 60-61 ਤਕ ਪੌਲੁਸ ਕਹਿ ਸਕਿਆ ਕਿ ‘ਖੁਸ਼ ਖਬਰੀ ਸਾਰੇ ਸੰਸਾਰ ਵਿੱਚ ਫਲਦੀ ਅਰ ਵਧਦੀ’ ਜਾ ਰਹੀ ਸੀ ਅਤੇ ਇਸ ਦਾ “ਪਰਚਾਰ ਅਕਾਸ਼ ਹੇਠਲੀ ਸਾਰੀ ਸਰਿਸ਼ਟ ਵਿੱਚ ਕੀਤਾ ਗਿਆ” ਸੀ। (ਕੁਲੁੱਸੀਆਂ 1:5, 6, 23) ਪਹਿਲੀ ਸਦੀ ਦੇ ਮਸੀਹੀਆਂ ਵਾਂਗ ਅੱਜ ਵੀ ਯਹੋਵਾਹ ਦੇ ਗਵਾਹਾਂ ਉੱਤੇ ਕਈ ਝੂਠੇ ਇਲਜ਼ਾਮ ਲਾਏ ਜਾਂਦੇ ਹਨ। ਫਿਰ ਵੀ, ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਸਾਰੀ ਧਰਤੀ ਉੱਤੇ ਕੀਤਾ ਜਾ ਰਿਹਾ ਹੈ ਅਤੇ ਪ੍ਰਚਾਰ ਕਰਨ ਵਾਲਿਆਂ ਨੂੰ ਬਹੁਤ ਖ਼ੁਸ਼ੀ ਮਿਲਦੀ ਹੈ।

ਨਬੀਆਂ ਵਾਂਗ ਸਤਾਏ ਜਾਣ ਲਈ ਖ਼ੁਸ਼

10, 11. (ੳ) ਯਿਸੂ ਨੇ ਧੰਨ ਹੋਣ ਦਾ ਨੌਵਾਂ ਕਾਰਨ ਦੱਸਦੇ ਹੋਏ ਕੀ ਕਿਹਾ ਸੀ? (ਅ) ਨਬੀਆਂ ਨੂੰ ਕਿਉਂ ਸਤਾਇਆ ਗਿਆ ਸੀ? ਉਦਾਹਰਣ ਦਿਓ।

10 ਯਿਸੂ ਨੇ ਧੰਨ ਹੋਣ ਦਾ ਨੌਵਾਂ ਕਾਰਨ ਦੱਸਦੇ ਹੋਏ ਕਿਹਾ: “ਅਨੰਦ ਹੋਵੋ ਅਤੇ ਖ਼ੁਸ਼ੀ ਕਰੋ . . . ਇਸ ਲਈ ਜੋ ਉਨ੍ਹਾਂ ਨੇ ਤੁਹਾਥੋਂ ਅਗਲਿਆਂ ਨਬੀਆਂ ਨੂੰ ਇਸੇ ਤਰਾਂ ਸਤਾਇਆ ਸੀ।” (ਮੱਤੀ 5:12) ਯਹੋਵਾਹ ਨੇ ਕਈ ਵਾਰ ਬੇਵਫ਼ਾ ਇਸਰਾਏਲੀਆਂ ਕੋਲ ਆਪਣੇ ਨਬੀ ਘੱਲੇ ਸਨ, ਪਰ ਉਨ੍ਹਾਂ ਨੂੰ ਅਕਸਰ ਬੁਰਾ-ਭਲਾ ਕਿਹਾ ਜਾਂਦਾ ਸੀ ਤੇ ਸਤਾਇਆ ਜਾਂਦਾ ਸੀ। (ਯਿਰਮਿਯਾਹ 7:25, 26) ਪੌਲੁਸ ਰਸੂਲ ਨੇ ਇਸ ਗੱਲ ਦੀ ਗਵਾਹੀ ਦਿੱਤੀ ਜਦ ਉਸ ਨੇ ਲਿਖਿਆ: ‘ਹੁਣ ਮੈਂ ਹੋਰ ਕੀ ਆਖਾਂ? ਕਿਉਂ ਜੋ ਵਿਹਲ ਨਹੀਂ ਭਈ ਨਬੀਆਂ ਦੀ ਵਾਰਤਾ ਕਰਾਂ ਜੋ ਨਿਹਚਾ ਕਰਕੇ ਠੱਠਿਆਂ ਵਿੱਚ ਉਡਾਏ ਜਾਣ ਅਤੇ ਕੋਰੜੇ ਖਾਣ ਸਗੋਂ ਜਕੜੇ ਜਾਣ ਅਤੇ ਕੈਦ ਹੋਣ ਨਾਲ ਪਰਤਾਏ ਗਏ।’—ਇਬਰਾਨੀਆਂ 11:32-38.

11 ਯਹੋਵਾਹ ਦੇ ਕਈ ਨਬੀ ਅਹਾਬ ਪਾਤਸ਼ਾਹ ਤੇ ਉਸ ਦੀ ਰਾਣੀ ਈਜ਼ਬਲ ਦੇ ਰਾਜ ਦੌਰਾਨ ਤਲਵਾਰ ਨਾਲ ਮਾਰੇ ਗਏ ਸਨ। (1 ਰਾਜਿਆਂ 18:4, 13; 19:10) ਯਿਰਮਿਯਾਹ ਨਬੀ ਪਹਿਲਾਂ ਕਾਠ ਵਿਚ ਪਾਇਆ ਗਿਆ ਤੇ ਫਿਰ ਇਕ ਡੂੰਘੇ ਟੋਏ ਵਿਚ ਸੁੱਟਿਆ ਗਿਆ ਸੀ। (ਯਿਰਮਿਯਾਹ 20:1, 2; 38:6) ਦਾਨੀਏਲ ਨਬੀ ਨੂੰ ਸ਼ੇਰਾਂ ਦੇ ਘੁਰੇ ਵਿਚ ਸੁੱਟਿਆ ਗਿਆ ਸੀ। (ਦਾਨੀਏਲ 6:16, 17) ਇਹ ਸਾਰੇ ਨਬੀ ਇਸ ਲਈ ਸਤਾਏ ਗਏ ਕਿਉਂਕਿ ਉਹ ਯਹੋਵਾਹ ਦੀ ਭਗਤੀ ਕਰਨੀ ਚਾਹੁੰਦੇ ਸਨ। ਕਈਆਂ ਨਬੀਆਂ ਨੇ ਯਹੂਦੀ ਆਗੂਆਂ ਦੇ ਹੱਥੀਂ ਜ਼ੁਲਮ ਸਹੇ ਸਨ। ਯਿਸੂ ਨੇ ਗ੍ਰੰਥੀਆਂ ਤੇ ਫ਼ਰੀਸੀਆਂ ਨੂੰ “ਨਬੀਆਂ ਦੇ ਖੂਨੀਆਂ ਦੇ ਪੁੱਤ੍ਰ” ਸੱਦਿਆ ਸੀ।—ਮੱਤੀ 23:31.

12. ਯਹੋਵਾਹ ਦੇ ਗਵਾਹ ਇਸ ਗੱਲ ਦਾ ਮਾਣ ਕਿਉਂ ਕਰ ਸਕਦੇ ਹਨ ਕਿ ਉਨ੍ਹਾਂ ਨੂੰ ਨਬੀਆਂ ਵਾਂਗ ਸਤਾਇਆ ਜਾਂਦਾ ਹੈ?

12 ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਅੱਜ ਅਸੀਂ ਕਈ ਵਾਰ ਇਸ ਲਈ ਸਤਾਏ ਜਾਂਦੇ ਹਾਂ ਕਿਉਂਕਿ ਅਸੀਂ ਜੋਸ਼ ਨਾਲ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਾਂ। ਸਾਡੇ ਦੁਸ਼ਮਣ ਕਹਿੰਦੇ ਹਨ ਕਿ ਅਸੀਂ ਲੋਕਾਂ ਨੂੰ ਧਰਮ ਬਦਲਣ ਲਈ ਮਜਬੂਰ ਕਰਦੇ ਹਾਂ। ਪਰ ਅਸੀਂ ਜਾਣਦੇ ਹਾਂ ਕਿ ਪਿਛਲੇ ਜ਼ਮਾਨਿਆਂ ਵਿਚ ਵੀ ਲੋਕ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਤੇ ਇਹੀ ਇਲਜ਼ਾਮ ਲਾਉਂਦੇ ਸਨ। (ਯਿਰਮਿਯਾਹ 11:21; 20:8, 11) ਅਸੀਂ ਇਸ ਗੱਲ ਦਾ ਮਾਣ ਕਰ ਸਕਦੇ ਹਾਂ ਕਿ ਸਾਨੂੰ ਵੀ ਉਸੇ ਕਾਰਨ ਸਤਾਇਆ ਜਾਂਦਾ ਹੈ ਜਿਸ ਕਰਕੇ ਵਫ਼ਾਦਾਰ ਨਬੀਆਂ ਨੂੰ ਸਤਾਇਆ ਗਿਆ ਸੀ। ਯਿਸੂ ਦੇ ਚੇਲੇ ਯਾਕੂਬ ਨੇ ਲਿਖਿਆ: “ਹੇ ਮੇਰੇ ਭਰਾਵੋ, ਜਿਹੜੇ ਨਬੀ ਪ੍ਰਭੁ ਦਾ ਨਾਮ ਲੈ ਕੇ ਬੋਲਦੇ ਸਨ ਉਨ੍ਹਾਂ ਨੂੰ ਦੁਖ ਝੱਲਣ ਦਾ ਅਤੇ ਧੀਰਜ ਕਰਨ ਦਾ ਨਮੂਨਾ ਮੰਨ ਲਓ। ਵੇਖੋ, ਅਸੀਂ ਉਨ੍ਹਾਂ ਨੂੰ ਧੰਨ ਆਖਦੇ ਹਾਂ ਜਿਨ੍ਹਾਂ ਸਬਰ ਕੀਤਾ।”—ਯਾਕੂਬ 5:10, 11.

ਖ਼ੁਸ਼ ਹੋਣ ਦੇ ਕਈ ਕਾਰਨ

13. (ੳ) ਸਤਾਹਟ ਕਰਕੇ ਅਸੀਂ ਹਿੰਮਤ ਕਿਉਂ ਨਹੀਂ ਹਾਰਦੇ? (ਅ) ਸਤਾਏ ਜਾਣ ਵੇਲੇ ਅਸੀਂ ਮਜ਼ਬੂਤ ਕਿਵੇਂ ਰਹਿ ਸਕਦੇ ਹਾਂ ਅਤੇ ਇਹ ਕਿਸ ਗੱਲ ਦਾ ਸਬੂਤ ਹੈ?

13 ਸਤਾਏ ਜਾਣ ਦੇ ਕਾਰਨ ਹਿੰਮਤ ਹਾਰਨ ਦੀ ਬਜਾਇ ਸਾਨੂੰ ਹੌਸਲਾ ਮਿਲਦਾ ਹੈ ਕਿ ਅਸੀਂ ਨਬੀਆਂ, ਪਹਿਲੀ ਸਦੀ ਦੇ ਮਸੀਹੀਆਂ ਅਤੇ ਯਿਸੂ ਮਸੀਹ ਦੇ ਕਦਮਾਂ ਉੱਤੇ ਚੱਲ ਰਹੇ ਹਾਂ। (1 ਪਤਰਸ 2:21) ਸਾਨੂੰ ਬਾਈਬਲ ਤੋਂ ਬੜਾ ਦਿਲਾਸਾ ਮਿਲਦਾ ਹੈ। ਮਿਸਾਲ ਲਈ, ਪਤਰਸ ਰਸੂਲ ਨੇ ਕਿਹਾ ਸੀ: “ਹੇ ਪਿਆਰਿਓ, ਜਿਹੜੀ ਬਿਪਤਾ ਦਾ ਲਾਂਬੂ ਤੁਹਾਨੂੰ ਪਰਖਣ ਲਈ ਤੁਹਾਡੇ ਉੱਤੇ ਪਿਆ ਹੋਇਆ ਹੈ ਉਹ ਨੂੰ ਅਚਰਜ ਨਾ ਮੰਨੋ ਭਈ ਜਿੱਕੁਰ ਤੁਹਾਡੇ ਨਾਲ ਕੋਈ ਅਣੋਖੀ ਗੱਲ ਪਈ ਬੀਤਦੀ ਹੈ। ਜੇ ਮਸੀਹ ਦੇ ਨਾਮ ਦੇ ਕਾਰਨ ਤੁਹਾਨੂੰ ਬੋਲੀਆਂ ਵੱਜਣ ਤਾਂ ਧੰਨ ਹੋ ਇਸ ਲਈ ਜੋ ਤੇਜ ਦਾ ਅਤੇ ਪਰਮੇਸ਼ੁਰ ਦਾ ਆਤਮਾ ਤੁਹਾਡੇ ਉੱਤੇ ਠਹਿਰਦਾ ਹੈ।” (1 ਪਤਰਸ 4:12, 14) ਅਸੀਂ ਆਪਣੇ ਤਜਰਬੇ ਤੋਂ ਦੇਖਿਆ ਹੈ ਕਿ ਸਤਾਹਟਾਂ ਅਧੀਨ ਅਸੀਂ ਸਿਰਫ਼ ਇਸ ਲਈ ਮਜ਼ਬੂਤ ਰਹਿ ਸਕੇ ਹਾਂ ਕਿਉਂਕਿ ਯਹੋਵਾਹ ਦੀ ਆਤਮਾ ਸਾਡੇ ਉੱਤੇ ਹੈ ਤੇ ਉਸ ਤੋਂ ਸਾਨੂੰ ਸ਼ਕਤੀ ਮਿਲੀ ਹੈ। ਪਵਿੱਤਰ ਆਤਮਾ ਦਾ ਸਹਾਰਾ ਇਸ ਗੱਲ ਦਾ ਸਬੂਤ ਹੈ ਕਿ ਯਹੋਵਾਹ ਦੀ ਬਰਕਤ ਸਾਡੇ ਉੱਤੇ ਹੈ ਅਤੇ ਇਸ ਤੋਂ ਸਾਨੂੰ ਬਹੁਤ ਖ਼ੁਸ਼ੀ ਮਿਲਦੀ ਹੈ।—ਜ਼ਬੂਰਾਂ ਦੀ ਪੋਥੀ 5:12; ਫ਼ਿਲਿੱਪੀਆਂ 1:27-29.

14. ਆਪਣੀ ਭਗਤੀ ਦੇ ਕਾਰਨ ਸਤਾਏ ਜਾਣ ਦੇ ਬਾਵਜੂਦ ਅਸੀਂ ਖ਼ੁਸ਼ ਕਿਉਂ ਹੋ ਸਕਦੇ ਹਾਂ?

14 ਸਾਨੂੰ ਇਸ ਗੱਲ ਤੋਂ ਵੀ ਖ਼ੁਸ਼ੀ ਮਿਲਦੀ ਹੈ ਕਿ ਅਸੀਂ ਪਰਮੇਸ਼ੁਰ ਦੀ ਭਗਤੀ ਕਰ ਰਹੇ ਹਾਂ, ਭਾਵੇਂ ਇਸ ਭਗਤੀ ਦੇ ਕਾਰਨ ਅਸੀਂ ਸਤਾਏ ਜਾਂਦੇ ਹਾਂ। ਪੌਲੁਸ ਰਸੂਲ ਨੇ ਲਿਖਿਆ: “ਸੱਭੇ ਜਿੰਨੇ ਮਸੀਹ ਯਿਸੂ ਵਿੱਚ ਭਗਤੀ ਨਾਲ ਉਮਰ ਕੱਟਣੀ ਚਾਹੁੰਦੇ ਹਨ ਸੋ ਸਤਾਏ ਜਾਣਗੇ।” (2 ਤਿਮੋਥਿਉਸ 3:12) ਤਾਂ ਫਿਰ ਸਾਡੀਆਂ ਸਤਾਹਟਾਂ ਸਬੂਤ ਹਨ ਕਿ ਅਸੀਂ ਸੱਚੇ ਮਸੀਹੀ ਹਾਂ। ਸਾਨੂੰ ਖ਼ਾਸ ਕਰਕੇ ਇਸ ਗੱਲ ਤੋਂ ਖ਼ੁਸ਼ੀ ਮਿਲਦੀ ਹੈ ਕਿ ਪਰਤਾਵਿਆਂ ਦੌਰਾਨ ਸਾਡੇ ਵਫ਼ਾਦਾਰ ਰਹਿਣ ਨਾਲ ਯਹੋਵਾਹ ਸ਼ਤਾਨ ਦੇ ਮੇਹਣੇ ਦਾ ਜਵਾਬ ਦੇ ਸਕਦਾ ਹੈ ਕਿ ਦੁੱਖਾਂ ਵਿਚ ਕੋਈ ਵੀ ਉਸ ਦੀ ਸੇਵਾ ਨਹੀਂ ਕਰੇਗਾ। (ਅੱਯੂਬ 1:9-11; 2:3, 4) ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ਅਸੀਂ ਆਪਣੀ ਵਫ਼ਾਦਾਰੀ ਰਾਹੀਂ ਇਹ ਸਾਬਤ ਕਰਦੇ ਹਾਂ ਕਿ ਅਸੀਂ ਯਹੋਵਾਹ ਦੇ ਰਾਜ ਅਧੀਨ ਰਹਿਣਾ ਚਾਹੁੰਦੇ ਹਾਂ।—ਕਹਾਉਤਾਂ 27:11.

ਵੱਡੇ ਇਨਾਮ ਦੇ ਕਾਰਨ ਖ਼ੁਸ਼ੀ ਮਨਾਓ

15, 16. (ੳ) ਯਿਸੂ ਨੇ ‘ਅਨੰਦ ਹੋਣ ਅਤੇ ਖ਼ੁਸ਼ੀ ਕਰਨ’ ਦਾ ਕਿਹੜਾ ਕਾਰਨ ਦਿੱਤਾ ਸੀ? (ਅ) ਸਵਰਗ ਵਿਚ ਮਸਹ ਕੀਤੇ ਹੋਏ ਮਸੀਹੀਆਂ ਨੂੰ ਅਤੇ ਧਰਤੀ ਤੇ ‘ਹੋਰ ਭੇਡਾਂ’ ਨੂੰ ਕਿਹੜਾ ਇਨਾਮ ਮਿਲੇਗਾ?

15 ਯਿਸੂ ਨੇ ਇਕ ਹੋਰ ਕਾਰਨ ਦਿੱਤਾ ਜਿਸ ਕਰਕੇ ਅਸੀਂ ਨਬੀਆਂ ਵਾਂਗ ਸਤਾਏ ਜਾਣ ਦੇ ਬਾਵਜੂਦ ਖ਼ੁਸ਼ ਹੋ ਸਕਦੇ ਹਾਂ। ਧੰਨ ਹੋਣ ਦੇ ਨੌਵੇਂ ਕਾਰਨ ਦੇ ਅਖ਼ੀਰ ਵਿਚ ਉਸ ਨੇ ਕਿਹਾ: “ਅਨੰਦ ਹੋਵੋ ਅਤੇ ਖ਼ੁਸ਼ੀ ਕਰੋ ਕਿਉਂ ਜੋ ਤੁਹਾਡਾ ਫਲ ਸੁਰਗ ਵਿੱਚ ਬਹੁਤ ਹੈ।” (ਮੱਤੀ 5:12) ਪੌਲੁਸ ਰਸੂਲ ਨੇ ਲਿਖਿਆ: “ਪਾਪ ਦੀ ਮਜੂਰੀ ਤਾਂ ਮੌਤ ਹੈ ਪਰ ਪਰਮੇਸ਼ੁਰ ਦੀ ਬਖ਼ਸ਼ੀਸ਼ ਮਸੀਹ ਯਿਸੂ ਸਾਡੇ ਪ੍ਰਭੁ ਦੇ ਵਿੱਚ ਸਦੀਪਕ ਜੀਵਨ ਹੈ।” (ਰੋਮੀਆਂ 6:23) ਹਾਂ, ਸਾਡਾ ਫਲ ਜਾਂ ਇਨਾਮ ਜ਼ਿੰਦਗੀ ਹੈ ਅਤੇ ਇਹ ਅਸੀਂ ਕਮਾ ਨਹੀਂ ਸਕਦੇ। ਇਹ ਪਰਮੇਸ਼ੁਰ ਦੀ ਬਖ਼ਸ਼ੀਸ਼ ਹੈ। ਯਿਸੂ ਨੇ ਕਿਹਾ ਸੀ ਕਿ ਸਾਡਾ ਫਲ “ਸੁਰਗ ਵਿੱਚ” ਹੈ ਕਿਉਂਕਿ ਇਹ ਯਹੋਵਾਹ ਤੋਂ ਮਿਲਦਾ ਹੈ।

16 ਮਸਹ ਕੀਤੇ ਹੋਏ ਮਸੀਹੀ “ਜੀਵਨ ਦਾ ਮੁਕਟ” ਯਾਨੀ ਸਵਰਗ ਵਿਚ ਅਮਰਤਾ ਹਾਸਲ ਕਰਦੇ ਹਨ। (ਯਾਕੂਬ 1:12, 17) ਜਿਨ੍ਹਾਂ ਮਸੀਹੀਆਂ ਨੂੰ ਯਿਸੂ ਨੇ ਆਪਣੀਆਂ ‘ਹੋਰ ਭੇਡਾਂ’ ਸੱਦਿਆ ਸੀ, ਉਹ ਹਮੇਸ਼ਾ ਲਈ ਸੁੰਦਰ ਧਰਤੀ ਉੱਤੇ ਰਹਿਣ ਦੀ ਉਮੀਦ ਰੱਖਦੇ ਹਨ। (ਯੂਹੰਨਾ 10:16; ਪਰਕਾਸ਼ ਦੀ ਪੋਥੀ 21:3-5) ਇਹ ਸਾਰੇ ਮਸੀਹੀ ਆਪਣਾ ਇਨਾਮ ਕਮਾ ਨਹੀਂ ਸਕਦੇ। ਮਸਹ ਕੀਤੇ ਹੋਇਆਂ ਨੂੰ ਅਤੇ ‘ਹੋਰ ਭੇਡਾਂ’ ਨੂੰ ਯਹੋਵਾਹ ਦੀ “ਅੱਤ ਕਿਰਪਾ” ਕਰਕੇ ਇਹ ਇਨਾਮ ਮਿਲਦਾ ਹੈ ਜਿਸ ਲਈ ਪੌਲੁਸ ਨੇ ਦਿਲੋਂ ਕਿਹਾ: “ਧੰਨਵਾਦ ਹੈ ਪਰਮੇਸ਼ੁਰ ਦਾ ਉਹ ਦੇ ਉਸ ਦਾਨ ਲਈ ਜਿਹੜਾ ਕਹਿਣ ਤੋਂ ਬਾਹਰ ਹੈ।”—2 ਕੁਰਿੰਥੀਆਂ 9:14, 15.

17. ਅਸੀਂ ਸਤਾਏ ਜਾਣ ਦੇ ਬਾਵਜੂਦ ਖ਼ੁਸ਼ ਕਿਉਂ ਹੋ ਸਕਦੇ ਹਾਂ?

17 ਪੌਲੁਸ ਨੇ ਮਸੀਹੀਆਂ ਨੂੰ ਲਿਖਿਆ: “ਬਿਪਤਾਂ ਵਿੱਚ ਵੀ ਅਭਮਾਨ ਕਰੀਏ ਕਿਉਂ ਜੋ ਇਹ ਜਾਣਦੇ ਹਾਂ ਭਈ ਬਿਪਤਾ ਧੀਰਜ ਪੈਦਾ ਕਰਦੀ ਹੈ ਅਤੇ ਧੀਰਜ ਦ੍ਰਿੜ੍ਹਤਾ ਅਤੇ ਦ੍ਰਿੜ੍ਹਤਾ ਆਸ ਪੈਦਾ ਕਰਦੀ ਹੈ ਅਤੇ ਆਸ ਸ਼ਰਮਿੰਦਿਆਂ ਨਹੀਂ ਕਰਦੀ।” ਉਸ ਨੇ ਇਹ ਵੀ ਕਿਹਾ: “ਆਸਾ ਵਿੱਚ ਅਨੰਦ ਅਤੇ ਬਿਪਤਾ ਵਿੱਚ ਧੀਰਜ ਕਰੋ।” (ਰੋਮੀਆਂ 5:3-5; 12:12) ਉਸ ਦੇ ਲਿਖਣ ਤੋਂ ਕੁਝ ਦੇਰ ਬਾਅਦ ਕਈ ਮਸੀਹੀਆਂ ਨੇ ਸ਼ਹਿਨਸ਼ਾਹ ਨੀਰੋ ਦੇ ਹੱਥੀਂ ਬਹੁਤ ਜ਼ੁਲਮ ਸਹੇ ਸਨ। ਚਾਹੇ ਸਾਡੀ ਆਸ ਸਵਰਗ ਵਿਚ ਜਾਂ ਧਰਤੀ ਉੱਤੇ ਜੀਉਣ ਦੀ ਹੈ, ਅਜ਼ਮਾਇਸ਼ਾਂ ਅਧੀਨ ਵਫ਼ਾਦਾਰ ਰਹਿਣ ਲਈ ਸਾਡਾ ਇਨਾਮ ਬਹੁਤ ਵੱਡਾ ਹੈ। ਇਸ ਇਨਾਮ ਵਿਚ ਅਸੀਂ ਯਹੋਵਾਹ ਦੀ ਦਰਿਆ-ਦਿਲੀ ਦੀ ਕਲਪਨਾ ਵੀ ਨਹੀਂ ਕਰ ਸਕਦੇ ਹਾਂ। ਹਮੇਸ਼ਾ ਲਈ ਧਰਤੀ ਉੱਤੇ ਰਹਿ ਕੇ ਯਿਸੂ ਮਸੀਹ ਦੇ ਅਧੀਨ ਯਹੋਵਾਹ ਦੀ ਸੇਵਾ ਅਤੇ ਵਡਿਆਈ ਕਰਨ ਦੀ ਉਮੀਦ ਤੋਂ ਸਾਨੂੰ ਇੰਨੀ ਖ਼ੁਸ਼ੀ ਮਿਲਦੀ ਹੈ ਕਿ ਅਸੀਂ ਫੁੱਲੇ ਨਹੀਂ ਸਮਾਉਂਦੇ।

18. ਅੰਤ ਆਉਣ ਤੋਂ ਪਹਿਲਾਂ ਅਸੀਂ ਕੌਮਾਂ ਤੋਂ ਕਿਹੜੀ ਉਮੀਦ ਰੱਖ ਸਕਦੇ ਹਾਂ ਅਤੇ ਯਹੋਵਾਹ ਕੀ ਕਰੇਗਾ?

18 ਯਹੋਵਾਹ ਦੇ ਗਵਾਹ ਕੁਝ ਦੇਸ਼ਾਂ ਵਿਚ ਬਹੁਤ ਸਤਾਏ ਗਏ ਹਨ ਤੇ ਅਜੇ ਵੀ ਸਤਾਏ ਜਾ ਰਹੇ ਹਨ। ਪਰ ਦੁਨੀਆਂ ਦੇ ਅੰਤ ਬਾਰੇ ਭਵਿੱਖਬਾਣੀ ਕਰਦੇ ਹੋਏ ਯਿਸੂ ਨੇ ਮਸੀਹੀਆਂ ਨੂੰ ਇਹ ਚੇਤਾਵਨੀ ਦਿੱਤੀ ਸੀ: ‘ਮੇਰੇ ਨਾਮ ਦੇ ਕਾਰਨ ਸਾਰੀਆਂ ਕੌਮਾਂ ਤੁਹਾਡੇ ਨਾਲ ਵੈਰ ਰੱਖਣਗੀਆਂ।’ (ਮੱਤੀ 24:9) ਅੰਤ ਆਉਣ ਤੋਂ ਪਹਿਲਾਂ ਸ਼ਤਾਨ ਸਾਰੀਆਂ ਕੌਮਾਂ ਨੂੰ ਯਹੋਵਾਹ ਦੇ ਲੋਕਾਂ ਨਾਲ ਵੈਰ ਰੱਖਣ ਲਈ ਉਕਸਾਏਗਾ। (ਹਿਜ਼ਕੀਏਲ 38:10-12, 14-16) ਫਿਰ ਯਹੋਵਾਹ ਕਦਮ ਚੁੱਕੇਗਾ। ਯਹੋਵਾਹ ਕਹਿੰਦਾ ਹੈ ਕਿ ਮੈਂ “ਆਪਣੀ ਮਹਿਮਾ ਅਤੇ ਆਪਣੀ ਪਵਿੱਤ੍ਰਤਾ ਕਰਾਵਾਂਗਾ ਅਤੇ ਬਹੁਤ ਸਾਰੀਆਂ ਕੌਮਾਂ ਦੀਆਂ ਨਜ਼ਰਾਂ ਵਿੱਚ ਜਾਣਿਆ ਜਾਵਾਂਗਾ ਅਤੇ ਓਹ ਜਾਣਨਗੇ ਕਿ ਮੈਂ ਯਹੋਵਾਹ ਹਾਂ!” (ਹਿਜ਼ਕੀਏਲ 38:23) ਉਸ ਵਕਤ ਯਹੋਵਾਹ ਆਪਣੇ ਮਹਾਨ ਨਾਂ ਨੂੰ ਪਵਿੱਤਰ ਕਰੇਗਾ ਅਤੇ ਆਪਣੇ ਲੋਕਾਂ ਨੂੰ ਸਤਾਹਟਾਂ ਤੋਂ ਬਚਾਵੇਗਾ। ਸੋ “ਧੰਨ ਉਹ ਮਨੁੱਖ ਜਿਹੜਾ ਪਰਤਾਵੇ ਨੂੰ ਸਹਿ ਲੈਂਦਾ ਹੈ।”—ਯਾਕੂਬ 1:12.

19. ‘ਯਹੋਵਾਹ ਦੇ ਦਿਨ’ ਦੀ ਉਡੀਕ ਕਰਦੇ ਹੋਏ ਸਾਨੂੰ ਕੀ ਕਰਨਾ ਚਾਹੀਦਾ ਹੈ?

19 ਜਿਉਂ-ਜਿਉਂ ‘ਯਹੋਵਾਹ ਦਾ ਦਿਨ’ ਨੇੜੇ ਆ ਰਿਹਾ ਹੈ, ਆਓ ਆਪਾਂ ਯਿਸੂ ਦੇ ਨਾਮ ਦੇ ਕਾਰਨ “ਬੇਪਤ ਹੋਣ ਦੇ ਜੋਗ ਗਿਣੇ” ਜਾਣ ਵਿਚ ਖ਼ੁਸ਼ੀ ਮਨਾਈਏ। (2 ਪਤਰਸ 3:10-13; ਰਸੂਲਾਂ ਦੇ ਕਰਤੱਬ 5:41) ਆਓ ਆਪਾਂ ਯਹੋਵਾਹ ਦੇ ਨਵੇਂ ਸੰਸਾਰ ਵਿਚ ਰਹਿਣ ਦੇ ਇਨਾਮ ਦੀ ਉਡੀਕ ਕਰਦੇ ਹੋਏ ਪਹਿਲੀ ਸਦੀ ਦੇ ਮਸੀਹੀਆਂ ਵਾਂਗ ਪਰਮੇਸ਼ੁਰ ਦੇ ਰਾਜ ਬਾਰੇ ‘ਖੁਸ਼ ਖਬਰੀ ਸੁਣਾਉਣ ਤੋਂ ਨਾ ਹਟੀਏ ਭਈ ਯਿਸੂ ਉਹੀ ਮਸੀਹ ਹੈ।’—ਰਸੂਲਾਂ ਦੇ ਕਰਤੱਬ 5:42; ਯਾਕੂਬ 5:11.

ਇਨ੍ਹਾਂ ਸਵਾਲਾਂ ਉੱਤੇ ਗੌਰ ਕਰੋ

• ਧਰਮ ਦੇ ਕਾਰਨ ਸਤਾਏ ਜਾਣ ਦਾ ਕੀ ਮਤਲਬ ਹੈ?

• ਪਹਿਲੀ ਸਦੀ ਦੇ ਮਸੀਹੀਆਂ ਉੱਤੇ ਸਤਾਹਟਾਂ ਦਾ ਕੀ ਅਸਰ ਪਿਆ ਸੀ?

• ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਯਹੋਵਾਹ ਦੇ ਗਵਾਹ ਪੁਰਾਣੇ ਜ਼ਮਾਨੇ ਦੇ ਨਬੀਆਂ ਵਾਂਗ ਸਤਾਏ ਜਾ ਰਹੇ ਹਨ?

• ਅਸੀਂ ਸਤਾਏ ਜਾਣ ਦੇ ਬਾਵਜੂਦ ਖ਼ੁਸ਼ ਕਿਉਂ ਹੋ ਸਕਦੇ ਹਾਂ?

[ਸਵਾਲ]

[ਸਫ਼ੇ 16 ਉੱਤੇ ਤਸਵੀਰ]

‘ਧੰਨ ਹੋ ਤੁਸੀਂ ਜਾਂ ਮਨੁੱਖ ਤੁਹਾਨੂੰ ਬੋਲੀਆਂ ਮਾਰਨਗੇ ਅਤੇ ਸਤਾਉਣਗੇ’

[ਕ੍ਰੈਡਿਟ ਲਾਈਨ]

Group in prison: Chicago Herald-American