Skip to content

Skip to table of contents

ਤੁਹਾਡਾ ਆਪਣੇ ਬਾਰੇ ਕੀ ਨਜ਼ਰੀਆ ਹੈ?

ਤੁਹਾਡਾ ਆਪਣੇ ਬਾਰੇ ਕੀ ਨਜ਼ਰੀਆ ਹੈ?

ਤੁਹਾਡਾ ਆਪਣੇ ਬਾਰੇ ਕੀ ਨਜ਼ਰੀਆ ਹੈ?

ਉਹ ਇਕ ਘਮੰਡੀ ਇਨਸਾਨ ਸੀ। ਇਕ ਉੱਚੀ ਸਰਕਾਰੀ ਪਦਵੀ ਤੇ ਤਰੱਕੀ ਹੋਣ ਕਾਰਨ ਜਦੋਂ ਹਰ ਪਾਸੇ ਲੋਕ ਉਸ ਦੀ ਵਾਹ-ਵਾਹ ਕਰ ਕੇ ਚਾਪਲੂਸੀ ਕਰਨ ਲੱਗੇ ਤਾਂ ਉਹ ਫੁੱਲਿਆ ਨਾ ਸਮਾਇਆ। ਪਰ ਉਦੋਂ ਉਸ ਨੂੰ ਬੜੀ ਖਿਝ ਆਈ ਜਦੋਂ ਇਕ ਦੂਜੇ ਸਰਕਾਰੀ ਕਰਮਚਾਰੀ ਨੇ ਉਸ ਦੀ ਚਾਪਲੂਸੀ ਕਰਨ ਤੋਂ ਇਨਕਾਰ ਕਰ ਦਿੱਤਾ। ਬਦਲਾ ਲੈਣ ਦੀ ਖ਼ਾਤਰ, ਘਮੰਡੀ ਅਧਿਕਾਰੀ ਨੇ ਆਪਣੇ ਸਾਮਰਾਜ ਵਿਚ ਉਸ ਵਿਅਕਤੀ ਦੀ ਜਾਤ ਦੇ ਸਾਰੇ ਲੋਕਾਂ ਨੂੰ ਕਸੂਰਵਾਰ ਸਮਝਦੇ ਹੋਏ ਖ਼ਤਮ ਕਰਨ ਦੀ ਸਕੀਮ ਘੜੀ। ਆਪਣੇ ਆਪ ਨੂੰ ਜ਼ਿਆਦਾ ਅਹਿਮੀਅਤ ਦੇਣ ਦਾ ਕਿੰਨਾ ਗ਼ਲਤ ਨਜ਼ਰੀਆ!

ਇਹ ਸਕੀਮ ਘੜਨ ਵਾਲਾ ਹਾਮਾਨ ਸੀ ਜੋ ਫ਼ਾਰਸੀ ਪਾਤਸ਼ਾਹ ਅਹਸ਼ਵੇਰੋਸ਼ ਦਾ ਇਕ ਉੱਚ ਅਧਿਕਾਰੀ ਸੀ। ਪਰ ਉਸ ਦੀ ਦੁਸ਼ਮਣੀ ਕਿਸ ਨਾਲ ਸੀ? ਮਾਰਦਕਈ ਨਾਂ ਦੇ ਯਹੂਦੀ ਨਾਲ। ਹਾਮਾਨ ਦੀ ਕੁਲ-ਨਾਸ਼ ਕਰਨ ਦੀ ਡਾਢੀ ਮਾੜੀ ਸਕੀਮ ਘਮੰਡ ਦੇ ਖ਼ਤਰੇ ਅਤੇ ਇਸ ਦੇ ਭੈੜੇ ਨਤੀਜਿਆਂ ਨੂੰ ਬੜੀ ਚੰਗੀ ਤਰ੍ਹਾਂ ਦਰਸਾਉਂਦੀ ਹੈ। ਉਸ ਦੇ ਘਮੰਡ ਕਾਰਨ ਨਾ ਸਿਰਫ਼ ਦੂਜਿਆਂ ਲਈ ਬਿਪਤਾ ਖੜ੍ਹੀ ਹੋਈ, ਸਗੋਂ ਲੋਕਾਂ ਸਾਮ੍ਹਣੇ ਉਸ ਦੀ ਆਪਣੀ ਬੇਇੱਜ਼ਤੀ ਵੀ ਹੋਈ ਤੇ ਅਖ਼ੀਰ ਉਸ ਦੀ ਮੌਤ ਹੋ ਗਈ।—ਅਸਤਰ 3:1-9; 5:8-14; 6:4-10; 7:1-10.

ਸੱਚੇ ਮਸੀਹੀਆਂ ਵਿਚ ਵੀ ਘਮੰਡ ਆ ਸਕਦਾ ਹੈ

ਯਹੋਵਾਹ ਚਾਹੁੰਦਾ ਹੈ ਕਿ ਅਸੀਂ ‘ਅਧੀਨ ਹੋ ਕੇ ਆਪਣੇ ਪਰਮੇਸ਼ੁਰ ਨਾਲ ਚੱਲੀਏ।’ (ਮੀਕਾਹ 6:8) ਬਾਈਬਲ ਵਿਚ ਉਨ੍ਹਾਂ ਕਈ ਵਿਅਕਤੀਆਂ ਦੇ ਬਿਰਤਾਂਤ ਦਿੱਤੇ ਗਏ ਹਨ ਜਿਹੜੇ ਨਿਮਰਤਾ ਨਾਲ ਨਹੀਂ ਚਲਦੇ ਸਨ। ਗ਼ਲਤ ਨਜ਼ਰੀਏ ਕਾਰਨ ਉਨ੍ਹਾਂ ਤੇ ਕਈ ਮੁਸੀਬਤਾਂ ਅਤੇ ਦੁੱਖ ਆਏ। ਇਨ੍ਹਾਂ ਵਿੱਚੋਂ ਕੁਝ ਉਦਾਹਰਣਾਂ ਤੇ ਗੌਰ ਕਰਨ ਨਾਲ ਸਾਡੀ ਇਹ ਜਾਣਨ ਵਿਚ ਮਦਦ ਹੋ ਸਕਦੀ ਹੈ ਕਿ ਸਹੀ ਸੋਚ ਨਾ ਰੱਖਣ ਦੀ ਮੂਰਖਤਾ ਦੇ ਕੀ-ਕੀ ਖ਼ਤਰੇ ਹੋ ਸਕਦੇ ਹਨ।

ਪਰਮੇਸ਼ੁਰ ਦੇ ਨਬੀ ਯੂਨਾਹ ਦੀ ਗ਼ਲਤ ਸੋਚ ਹੋਣ ਕਰਕੇ ਜਦੋਂ ਉਸ ਨੂੰ ਨੀਨਵਾਹ ਦੇ ਦੁਸ਼ਟ ਲੋਕਾਂ ਵਿਰੁੱਧ ਯਹੋਵਾਹ ਦੀ ਸਜ਼ਾ ਬਾਰੇ ਚੇਤਾਵਨੀ ਦੇਣ ਦਾ ਪਰਮੇਸ਼ੁਰੀ ਹੁਕਮ ਮਿਲਿਆ ਤਾਂ ਉਹ ਕਿਤੇ ਹੋਰ ਨੱਠ ਗਿਆ। (ਯੂਨਾਹ 1:1-3) ਬਾਅਦ ਵਿਚ, ਜਦੋਂ ਉਸ ਦੇ ਪ੍ਰਚਾਰ ਕਰਨ ਤੇ ਨੀਨਵਾਹ ਦੇ ਲੋਕਾਂ ਨੇ ਤੋਬਾ ਕਰ ਲਈ, ਤਾਂ ਯੂਨਾਹ ਰੁੱਸ ਕੇ ਬਹਿ ਗਿਆ। ਇਕ ਨਬੀ ਹੋਣ ਦੇ ਨਾਤੇ, ਉਸ ਨੂੰ ਆਪਣਾ ਨਾਂ ਖ਼ਰਾਬ ਹੋਣ ਦੀ ਇੰਨੀ ਫ਼ਿਕਰ ਪੈ ਗਈ ਸੀ ਕਿ ਉਸ ਨੂੰ ਨੀਨਵਾਹ ਵਿਚ ਰਹਿੰਦੇ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਦੀ ਕੋਈ ਪਰਵਾਹ ਨਾ ਰਹੀ। (ਯੂਨਾਹ 4:1-3) ਜੇਕਰ ਅਸੀਂ ਆਪਣੀ ਅਹਿਮੀਅਤ ਬਾਰੇ ਹੱਦੋਂ ਵੱਧ ਸੋਚਦੇ ਹਾਂ, ਤਾਂ ਸਾਨੂੰ ਲੋਕਾਂ ਬਾਰੇ ਅਤੇ ਸਾਡੇ ਆਲੇ-ਦੁਆਲੇ ਵਾਪਰਦੀਆਂ ਘਟਨਾਵਾਂ ਬਾਰੇ ਵਾਜਬ ਤੇ ਸਹੀ ਨਜ਼ਰੀਆ ਰੱਖਣਾ ਔਖਾ ਲੱਗ ਸਕਦਾ ਹੈ।

ਉਜ਼ੀਯਾਹ ਵੱਲ ਵੀ ਗੌਰ ਕਰੋ, ਜੋ ਯਹੂਦਾਹ ਦਾ ਇਕ ਚੰਗਾ ਰਾਜਾ ਸੀ। ਜਦੋਂ ਉਸ ਦਾ ਵੀ ਆਪਣੇ ਬਾਰੇ ਵਾਜਬ ਨਜ਼ਰੀਆ ਨਾ ਰਿਹਾ ਤਾਂ ਘਮੰਡ ਨਾਲ ਉਸ ਨੇ ਜਾਜਕਾਈ ਦੇ ਕੁਝ ਕੰਮ ਆਪਣੇ ਹੱਥ ਵਿਚ ਲੈਣੇ ਚਾਹੇ। ਘਮੰਡ ਅਤੇ ਗੁਸਤਾਖ਼ੀ ਭਰੇ ਕੰਮਾਂ ਕਰਕੇ ਉਸ ਨੂੰ ਆਪਣੀ ਸਿਹਤ ਦੇ ਨਾਲ-ਨਾਲ ਪਰਮੇਸ਼ੁਰੀ ਮਨਜ਼ੂਰੀ ਤੋਂ ਵੀ ਹੱਥ ਧੋਣੇ ਪਏ।—2 ਇਤਹਾਸ 26:3, 16-21.

ਯਿਸੂ ਦੇ ਚੇਲੇ ਵੀ ਆਪਣੇ ਬਾਰੇ ਸਹੀ ਨਜ਼ਰੀਆ ਨਾ ਰੱਖਣ ਦੇ ਫੰਦੇ ਵਿਚ ਤਕਰੀਬਨ ਫਸ ਹੀ ਗਏ ਸਨ। ਉਹ ਆਪਣੀ ਵਡਿਆਈ ਅਤੇ ਅਧਿਕਾਰ ਬਾਰੇ ਕਾਫ਼ੀ ਫ਼ਿਕਰਮੰਦ ਸਨ। ਜਦੋਂ ਵੱਡੀ ਪਰੀਖਿਆ ਦਾ ਸਮਾਂ ਆਇਆ, ਤਾਂ ਇਹ ਸਾਰੇ ਜਣੇ ਯਿਸੂ ਨੂੰ ਛੱਡ ਕੇ ਨੱਠ ਗਏ। (ਮੱਤੀ 18:1; 20:20-28; 26:56; ਮਰਕੁਸ 9:33, 34; ਲੂਕਾ 22:24) ਨਿਮਰਤਾ ਦੀ ਕਮੀ ਅਤੇ ਆਪਣੇ ਆਪ ਨੂੰ ਜ਼ਿਆਦਾ ਅਹਿਮੀਅਤ ਦੇਣ ਕਰਕੇ ਉਨ੍ਹਾਂ ਨੇ ਯਹੋਵਾਹ ਦੇ ਮਕਸਦ ਅਤੇ ਉਸ ਦੀ ਇੱਛਾ ਪੂਰੀ ਕਰਨ ਵਿਚ ਆਪਣੀ ਭੂਮਿਕਾ ਲਗਭਗ ਅੱਖੋਂ ਓਹਲੇ ਕਰ ਦਿੱਤੀ।

ਆਪਣੇ ਆਪ ਨੂੰ ਜ਼ਿਆਦਾ ਅਹਿਮੀਅਤ ਦੇਣ ਦੇ ਨੁਕਸਾਨਦੇਹ ਨਤੀਜੇ

ਆਪਣੇ ਬਾਰੇ ਸੰਤੁਲਿਤ ਨਜ਼ਰੀਆ ਨਾ ਰੱਖਣ ਦੇ ਦੁੱਖਾਂ ਦੇ ਨਾਲ-ਨਾਲ ਦੂਜਿਆਂ ਨਾਲ ਸਾਡੇ ਰਿਸ਼ਤੇ ਵੀ ਵਿਗੜ ਸਕਦੇ ਹਨ। ਉਦਾਹਰਣ ਲਈ, ਅਸੀਂ ਸ਼ਾਇਦ ਇਕ ਕਮਰੇ ਵਿਚ ਬੈਠੇ ਹੋਏ ਦੇਖੀਏ ਕਿ ਇਕ ਵਿਆਹੁਤਾ ਜੋੜਾ ਘੁਸਰ-ਮੁਸਰ ਕਰ ਕੇ ਹੱਸ ਰਿਹਾ ਹੈ। ਜੇਕਰ ਅਸੀਂ ਸਿਰਫ਼ ਆਪਣੇ ਹੀ ਬਾਰੇ ਸੋਚਦੇ ਹਾਂ, ਤਾਂ ਅਸੀਂ ਸ਼ਾਇਦ ਗ਼ਲਤੀ ਨਾਲ ਇਹ ਮੰਨ ਸਕਦੇ ਹਾਂ ਕਿ ਉਹ ਸਾਡਾ ਹੀ ਮਜ਼ਾਕ ਬਣਾ ਰਹੇ ਹਨ, ਕਿਉਂਕਿ ਉਹ ਬਹੁਤ ਹੌਲੀ-ਹੌਲੀ ਬੋਲ ਰਹੇ ਹਨ। ਸਾਡੇ ਦਿਮਾਗ਼ ਵਿਚ ਉਨ੍ਹਾਂ ਬਾਰੇ ਇਸ ਤੋਂ ਇਲਾਵਾ ਹੋਰ ਕੋਈ ਗੱਲ ਆ ਹੀ ਨਹੀਂ ਸਕਦੀ। ਅਸੀਂ ਸ਼ਾਇਦ ਇਹ ਸੋਚ ਸਕਦੇ ਹਾਂ ਕਿ ਉਹ ਜ਼ਰੂਰ ਮੇਰੇ ਬਾਰੇ ਹੀ ਗੱਲ ਕਰਦੇ ਹੋਣਗੇ। ਅਸੀਂ ਗੁੱਸੇ ਹੋ ਕੇ ਸ਼ਾਇਦ ਇਹ ਫ਼ੈਸਲਾ ਕਰ ਸਕਦੇ ਹਾਂ ਕਿ ਅਸੀਂ ਕਦੇ ਵੀ ਇਸ ਜੋੜੇ ਨਾਲ ਗੱਲ ਨਹੀਂ ਕਰਾਂਗੇ। ਇਸ ਤਰ੍ਹਾਂ ਆਪਣੀ ਅਹਿਮੀਅਤ ਬਾਰੇ ਢੁਕਵਾਂ ਨਜ਼ਰੀਆ ਨਾ ਰੱਖਣ ਤੇ ਗ਼ਲਤਫ਼ਹਿਮੀਆਂ ਪੈ ਸਕਦੀਆਂ ਹਨ ਅਤੇ ਸਾਡੇ ਦੋਸਤਾਂ-ਮਿੱਤਰਾਂ, ਪਰਿਵਾਰ ਦੇ ਮੈਂਬਰਾਂ ਅਤੇ ਹੋਰਨਾਂ ਨਾਲ ਸਾਡੇ ਰਿਸ਼ਤੇ ਵਿਗੜ ਸਕਦੇ ਹਨ।

ਜਿਹੜੇ ਲੋਕ ਸਿਰਫ਼ ਆਪਣੇ ਆਪ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਹਨ, ਉਹ ਸ਼ੇਖ਼ੀਬਾਜ਼ ਬਣ ਸਕਦੇ ਹਨ ਜੋ ਹਮੇਸ਼ਾ ਆਪਣੇ ਗੁਣਾਂ, ਆਪਣੇ ਕੰਮਾਂ ਜਾਂ ਆਪਣੇ ਧਨ-ਮਾਲ ਦੀਆਂ ਸ਼ੇਖ਼ੀਆਂ ਮਾਰਦੇ ਰਹਿੰਦੇ ਹਨ। ਜਾਂ ਉਹ ਦੂਜਿਆਂ ਨਾਲ ਗੱਲ-ਬਾਤ ਕਰਦੇ ਹੋਏ ਖ਼ੁਦ ਹੀ ਸਾਰਿਆਂ ਵਿਚ ਛਾ ਜਾਂਦੇ ਤੇ ਹਰ ਵੇਲੇ ਆਪਣਾ ਹੀ ਬਖਾਨ ਕਰਦੇ ਰਹਿੰਦੇ ਹਨ। ਇਸ ਤਰ੍ਹਾਂ ਦੀ ਗੱਲ-ਬਾਤ ਸੱਚੇ ਪਿਆਰ ਦੀ ਘਾਟ ਦਿਖਾਉਂਦੀ ਹੈ ਤੇ ਦੂਜਿਆਂ ਨੂੰ ਖਿਝਾ ਸਕਦੀ ਹੈ। ਇੰਜ ਕਰਕੇ, ਘਮੰਡੀ ਵਿਅਕਤੀ ਆਪਣੇ ਆਪ ਨੂੰ ਦੂਜਿਆਂ ਤੋਂ ਵੱਖ ਕਰ ਲੈਂਦੇ ਹਨ।—1 ਕੁਰਿੰਥੀਆਂ 13:4.

ਯਹੋਵਾਹ ਦੇ ਗਵਾਹ ਹੋਣ ਵਜੋਂ, ਘਰ-ਘਰ ਦੀ ਸੇਵਕਾਈ ਦੌਰਾਨ ਸਾਡਾ ਮਜ਼ਾਕ ਉਡਾਇਆ ਜਾ ਸਕਦਾ ਹੈ ਜਾਂ ਲੋਕ ਸਾਡੀ ਗੱਲ ਸੁਣਨ ਤੋਂ ਇਨਕਾਰ ਕਰ ਸਕਦੇ ਹਨ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਸਲ ਵਿਚ ਇਸ ਤਰ੍ਹਾਂ ਦਾ ਵਿਰੋਧ ਨਿੱਜੀ ਤੌਰ ਤੇ ਸਾਡਾ ਨਹੀਂ, ਸਗੋਂ ਸਾਡੇ ਸੰਦੇਸ਼ ਦੇ ਸੋਮੇ, ਯਹੋਵਾਹ ਦਾ ਕੀਤਾ ਜਾਂਦਾ ਹੈ। ਪਰ, ਜੇਕਰ ਅਸੀਂ ਆਪਣੀ ਅਹਿਮੀਅਤ ਬਾਰੇ ਢੁਕਵਾਂ ਨਜ਼ਰੀਆ ਨਹੀਂ ਰੱਖਦੇ ਤਾਂ ਇਸ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ। ਕਈ ਸਾਲ ਪਹਿਲਾਂ, ਇਕ ਭਰਾ ਕਿਸੇ ਘਰ-ਸੁਆਮੀ ਦੇ ਕੌੜੇ ਬੋਲਾਂ ਨੂੰ ਆਪਣੇ ਵੱਲ ਲੈ ਗਿਆ, ਜਿਸ ਕਰਕੇ ਉਸ ਨੇ ਘਰ-ਸੁਆਮੀ ਨੂੰ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ। (ਅਫ਼ਸੀਆਂ 4:29) ਇਸ ਘਟਨਾ ਤੋਂ ਬਾਅਦ, ਉਹ ਭਰਾ ਮੁੜ ਕਦੇ ਵੀ ਘਰ-ਘਰ ਦੀ ਸੇਵਕਾਈ ਲਈ ਨਹੀਂ ਗਿਆ। ਜੀ ਹਾਂ, ਘਮੰਡ ਸਾਨੂੰ ਪ੍ਰਚਾਰ ਦੌਰਾਨ ਗੁੱਸੇ ਵਿਚ ਆਉਣ ਲਈ ਉਕਸਾ ਸਕਦਾ ਹੈ। ਆਓ ਅਸੀਂ ਆਪਣੇ ਨਾਲ ਇੱਦਾਂ ਕਦੇ ਵੀ ਨਾ ਹੋਣ ਦੇਈਏ। ਇਸ ਦੀ ਬਜਾਇ, ਅਸੀਂ ਮਸੀਹੀ ਸੇਵਕਾਈ ਦੇ ਵਿਸ਼ੇਸ਼ ਸਨਮਾਨ ਦੀ ਸਹੀ ਤਰੀਕੇ ਨਾਲ ਕਦਰ ਕਰਦੇ ਰਹਿਣ ਲਈ ਨਿਮਰਤਾ ਨਾਲ ਯਹੋਵਾਹ ਦੀ ਮਦਦ ਭਾਲੀਏ।—2 ਕੁਰਿੰਥੀਆਂ 4:1, 7; 10:4, 5.

ਆਪਣੇ ਆਪ ਨੂੰ ਜ਼ਿਆਦਾ ਅਹਿਮੀਅਤ ਦੇਣ ਦੀ ਮਨੋਬਿਰਤੀ, ਜ਼ਰੂਰੀ ਸਲਾਹ ਲੈਣ ਵਿਚ ਵੀ ਰੁਕਾਵਟ ਪਾ ਸਕਦੀ ਹੈ। ਮੱਧ ਅਮਰੀਕਾ ਦੇ ਇਕ ਦੇਸ਼ ਵਿਚ ਕੁਝ ਸਾਲ ਪਹਿਲਾਂ, ਮਸੀਹੀ ਕਲੀਸਿਯਾ ਵਿਚ ਇਕ ਕਿਸ਼ੋਰ ਮੁੰਡੇ ਨੇ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਭਾਸ਼ਣ ਦਿੱਤਾ। ਜਦੋਂ ਸਕੂਲ ਨਿਗਾਹਬਾਨ ਨੇ ਉਸ ਨੂੰ ਸਪੱਸ਼ਟ ਜਿਹੀ ਸਲਾਹ ਦਿੱਤੀ ਤਾਂ ਗੁੱਸੇ ਨਾਲ ਭਰੇ ਉਸ ਮੁੰਡੇ ਨੇ ਆਪਣੀ ਬਾਈਬਲ ਫ਼ਰਸ਼ ਤੇ ਵਗਾਹ ਮਾਰੀ ਤੇ ਮੁੜ ਨਾ ਆਉਣ ਦੇ ਇਰਾਦੇ ਨਾਲ ਦਗੜ-ਦਗੜ ਕਰਦਾ ਕਿੰਗਡਮ ਹਾਲ ਵਿੱਚੋਂ ਚਲਾ ਗਿਆ। ਪਰ ਕੁਝ ਦਿਨਾਂ ਬਾਅਦ, ਉਸ ਨੇ ਆਪਣੇ ਘਮੰਡ ਤੇ ਕਾਬੂ ਪਾਇਆ, ਸਕੂਲ ਨਿਗਾਹਬਾਨ ਨਾਲ ਸੁਲ੍ਹਾ ਕੀਤੀ ਤੇ ਨਿਮਰਤਾ ਨਾਲ ਉਸ ਦੀ ਸਲਾਹ ਨੂੰ ਮੰਨ ਲਿਆ। ਸਮਾਂ ਪੈਣ ਤੇ ਇਸ ਭਰਾ ਨੇ ਅਧਿਆਤਮਿਕ ਤਰੱਕੀ ਕੀਤੀ।

ਨਿਮਰ ਨਾ ਹੋਣ ਅਤੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਅਹਿਮੀਅਤ ਦੇਣ ਕਰਕੇ ਸਾਡਾ ਪਰਮੇਸ਼ੁਰ ਨਾਲ ਰਿਸ਼ਤਾ ਵਿਗੜ ਸਕਦਾ ਹੈ। ਕਹਾਉਤਾਂ 16:5 ਚੇਤਾਵਨੀ ਦਿੰਦਾ ਹੈ: “ਹਰੇਕ ਜਿਹ ਦੇ ਮਨ ਵਿੱਚ ਹੰਕਾਰ ਹੈ ਉਸ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ।”

ਆਪਣੇ ਬਾਰੇ ਢੁਕਵਾਂ ਨਜ਼ਰੀਆ ਰੱਖਣਾ

ਸਾਫ਼ ਤੌਰ ਤੇ, ਸਾਨੂੰ ਆਪਣੇ ਬਾਰੇ ਹੱਦੋਂ ਵੱਧ ਗੰਭੀਰਤਾ ਨਾਲ ਨਹੀਂ ਸੋਚਣਾ ਚਾਹੀਦਾ। ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਜੋ ਵੀ ਕਰਦੇ ਅਤੇ ਕਹਿੰਦੇ ਹਾਂ ਉਸ ਨੂੰ ਸਾਨੂੰ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ। ਬਾਈਬਲ ਦੱਸਦੀ ਹੈ ਕਿ ਬਜ਼ੁਰਗਾਂ, ਸਹਾਇਕ ਸੇਵਕਾਂ—ਅਸਲ ਵਿਚ ਕਲੀਸਿਯਾ ਦੇ ਸਾਰੇ ਭੈਣ-ਭਰਾਵਾਂ—ਨੂੰ ਗੰਭੀਰ ਹੋਣਾ ਚਾਹੀਦਾ ਹੈ। (1 ਤਿਮੋਥਿਉਸ 3:4, 8, 11; ਤੀਤੁਸ 2:2) ਇਸ ਲਈ ਮਸੀਹੀ ਆਪਣੇ ਬਾਰੇ ਇਕ ਚੰਗਾ, ਢੁਕਵਾਂ ਅਤੇ ਗੰਭੀਰ ਨਜ਼ਰੀਆ ਕਿਵੇਂ ਰੱਖ ਸਕਦੇ ਹਨ?

ਬਾਈਬਲ ਢੁਕਵਾਂ ਨਜ਼ਰੀਆ ਰੱਖਣ ਵਾਲੇ ਕਈ ਵਿਅਕਤੀਆਂ ਦੀਆਂ ਉਤਸ਼ਾਹਜਨਕ ਉਦਾਹਰਣਾਂ ਦਿੰਦੀ ਹੈ। ਉਨ੍ਹਾਂ ਵਿੱਚੋਂ ਸਭ ਤੋਂ ਵਧੀਆ ਉਦਾਹਰਣ ਯਿਸੂ ਮਸੀਹ ਦੀ ਹੈ। ਆਪਣੇ ਪਿਤਾ ਦੀ ਇੱਛਾ ਪੂਰੀ ਕਰਨ ਅਤੇ ਇਨਸਾਨ ਜਾਤੀ ਦੀ ਮੁਕਤੀ ਲਈ, ਪਰਮੇਸ਼ੁਰ ਦੇ ਪੁੱਤਰ ਨੇ ਖ਼ੁਸ਼ੀ ਨਾਲ ਆਪਣਾ ਸ਼ਾਨਦਾਰ ਸਵਰਗੀ ਰੁਤਬਾ ਛੱਡਿਆ ਅਤੇ ਧਰਤੀ ਤੇ ਇਕ ਨਿਮਾਣਾ ਜਿਹਾ ਇਨਸਾਨ ਬਣਿਆ। ਨਿਰਾਦਰ, ਗਾਲਾਂ ਅਤੇ ਇਕ ਅਪਮਾਨਜਨਕ ਮੌਤ ਮਰਨ ਦੇ ਬਾਵਜੂਦ ਵੀ, ਉਸ ਨੇ ਆਤਮ-ਸੰਜਮ ਅਤੇ ਸਲੀਕਾ ਬਣਾਈ ਰੱਖਿਆ। (ਮੱਤੀ 20:28; ਫ਼ਿਲਿੱਪੀਆਂ 2:5-8; 1 ਪਤਰਸ 2:23, 24) ਇਹ ਸਭ ਕੁਝ ਯਿਸੂ ਕਿਵੇਂ ਕਰ ਸਕਿਆ? ਯਹੋਵਾਹ ਉੱਤੇ ਪੂਰਾ ਭਰੋਸਾ ਰੱਖਣ ਅਤੇ ਉਸ ਦੀ ਇੱਛਾ ਪੂਰੀ ਕਰਨ ਦੇ ਪੱਕੇ ਇਰਾਦੇ ਨਾਲ। ਯਿਸੂ ਨੇ ਤਨ-ਮਨ ਨਾਲ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕੀਤਾ, ਦਿਲੋਂ ਪ੍ਰਾਰਥਨਾ ਕੀਤੀ ਅਤੇ ਜੋਸ਼ ਨਾਲ ਸੇਵਕਾਈ ਕੀਤੀ। (ਮੱਤੀ 4:1-10; 26:36-44; ਲੂਕਾ 8:1; ਯੂਹੰਨਾ 4:34; 8:28; ਇਬਰਾਨੀਆਂ 5:7) ਯਿਸੂ ਦੀ ਉਦਾਹਰਣ ਉੱਤੇ ਚੱਲ ਕੇ ਸਾਡਾ ਆਪਣੇ ਬਾਰੇ ਢੁਕਵਾਂ ਨਜ਼ਰੀਆ ਬਣਾਉਣ ਅਤੇ ਉਸ ਨੂੰ ਬਰਕਰਾਰ ਰੱਖਣ ਵਿਚ ਸਾਡੀ ਮਦਦ ਹੋ ਸਕਦੀ ਹੈ।—1 ਪਤਰਸ 2:21.

ਸ਼ਾਊਲ ਦੇ ਪੁੱਤਰ ਯੋਨਾਥਾਨ ਦੀ ਚੰਗੀ ਉਦਾਹਰਣ ਵੱਲ ਵੀ ਗੌਰ ਕਰੋ। ਉਸ ਦੇ ਪਿਤਾ ਦੀ ਅਣਆਗਿਆਕਾਰੀ ਕਰਕੇ, ਯੋਨਾਥਾਨ ਦੇ ਹੱਥੋਂ ਸ਼ਾਊਲ ਤੋਂ ਬਾਅਦ ਰਾਜਾ ਬਣਨ ਦਾ ਮੌਕਾ ਖੁੰਝ ਗਿਆ। (1 ਸਮੂਏਲ 15:10-29) ਕੀ ਯੋਨਾਥਾਨ ਇਸ ਤੋਂ ਗੁੱਸੇ ਹੋ ਗਿਆ? ਕੀ ਉਹ ਨੌਜਵਾਨ ਦਾਊਦ ਨਾਲ ਈਰਖਾ ਕਰਨ ਲੱਗਾ ਜਿਸ ਨੇ ਉਸ ਦੀ ਥਾਂ ਰਾਜ ਕਰਨਾ ਸੀ? ਬੇਸ਼ੱਕ ਯੋਨਾਥਾਨ ਕਾਫ਼ੀ ਵੱਡਾ ਅਤੇ ਦਾਊਦ ਨਾਲੋਂ ਜ਼ਿਆਦਾ ਤਜਰਬੇਕਾਰ ਸੀ, ਪਰ ਉਸ ਨੇ ਨਿਮਰਤਾ ਨਾਲ ਯਹੋਵਾਹ ਦੇ ਇੰਤਜ਼ਾਮ ਨੂੰ ਮੰਨ ਲਿਆ ਅਤੇ ਵਫ਼ਾਦਾਰੀ ਨਾਲ ਦਾਊਦ ਦਾ ਸਾਥ ਦਿੱਤਾ। (1 ਸਮੂਏਲ 23:16-18) ਪਰਮੇਸ਼ੁਰ ਦੀ ਇੱਛਾ ਬਾਰੇ ਸਪੱਸ਼ਟ ਨਜ਼ਰੀਆ ਰੱਖ ਕੇ ਤੇ ਉਸ ਦੀ ਇੱਛਾ ਦੇ ਅਧੀਨ ਹੋਣ ਲਈ ਤਿਆਰ ਹੋ ਕੇ ਸਾਨੂੰ ‘ਜਿੰਨਾ ਚਾਹੀਦਾ ਹੈ ਉਸ ਨਾਲੋਂ ਵੱਧ ਨਾ ਸਮਝਣ’ ਵਿਚ ਸਾਡੀ ਮਦਦ ਹੋ ਸਕਦੀ ਹੈ।—ਰੋਮੀਆਂ 12:3.

ਯਿਸੂ ਨੇ ਆਪਣੇ ਚੇਲਿਆਂ ਨੂੰ ਨਿਮਰਤਾ ਅਤੇ ਦੀਨਤਾ ਦੀ ਅਹਿਮੀਅਤ ਸਿਖਾਈ। ਉਸ ਨੇ ਉਨ੍ਹਾਂ ਨੂੰ ਇਕ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਕਿ ਜਦੋਂ ਕਿਤੇ ਉਹ ਵਿਆਹ ਭੋਜ ਵਿਚ ਜਾਣ, ਤਾਂ ਉਨ੍ਹਾਂ ਨੂੰ “ਉੱਚੀਆਂ ਥਾਵਾਂ” ਨਹੀਂ ਲੈਣੀਆਂ ਚਾਹੀਦੀਆਂ, ਕਿਉਂਕਿ ਕਿਸੇ ਜ਼ਿਆਦਾ ਆਦਰ ਵਾਲੇ ਵਿਅਕਤੀ ਦੇ ਆਉਣ ਤੇ ਉਨ੍ਹਾਂ ਨੂੰ ਨੀਵੀਂ ਥਾਂ ਤੇ ਜਾ ਕੇ ਬੈਠਣ ਦੀ ਸ਼ਰਮਿੰਦਗੀ ਉਠਾਉਣੀ ਪੈ ਸਕਦੀ ਹੈ। ਆਪਣੀ ਸਿੱਖਿਆ ਨੂੰ ਹੋਰ ਸਪੱਸ਼ਟ ਕਰਨ ਲਈ, ਯਿਸੂ ਨੇ ਅੱਗੋਂ ਕਿਹਾ: “ਕਿਉਂਕਿ ਹਰੇਕ ਜੋ ਆਪਣੇ ਆਪ ਨੂੰ ਉੱਚਾ ਕਰਦਾ ਹੈ ਸੋ ਨੀਵਾਂ ਕੀਤਾ ਜਾਵੇਗਾ ਅਤੇ ਜੋ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਸੋ ਉੱਚਾ ਕੀਤਾ ਜਾਵੇਗਾ।” (ਲੂਕਾ 14:7-11) ਯਿਸੂ ਦੀ ਇਸ ਸਲਾਹ ਤੇ ਗੌਰ ਕਰਨਾ ਅਤੇ ‘ਅਧੀਨਗੀ ਨੂੰ ਪਹਿਨਣਾ’ ਸਾਡੇ ਲਈ ਅਕਲਮੰਦੀ ਦੀ ਗੱਲ ਹੋਵੇਗੀ।—ਕੁਲੁੱਸੀਆਂ 3:12; 1 ਕੁਰਿੰਥੀਆਂ 1:31.

ਢੁਕਵਾਂ ਨਜ਼ਰੀਆ ਰੱਖਣ ਦੀਆਂ ਬਰਕਤਾਂ

ਇਕ ਢੁਕਵਾਂ ਅਤੇ ਨਿਮਰ ਰਵੱਈਆ ਰੱਖ ਕੇ ਯਹੋਵਾਹ ਦੇ ਸੇਵਕ ਆਪਣੀ ਸੇਵਕਾਈ ਵਿਚ ਸੱਚੀ ਖ਼ੁਸ਼ੀ ਹਾਸਲ ਕਰ ਸਕਦੇ ਹਨ। ਬਜ਼ੁਰਗਾਂ ਕੋਲ ਜਾਣਾ ਉਦੋਂ ਸੌਖਾ ਹੋ ਜਾਂਦਾ ਹੈ ਜਦੋਂ ਉਹ ਇੱਜੜ ਨਾਲ ਨਿਮਰਤਾ ਅਤੇ ‘ਕੋਮਲਤਾ ਸਹਿਤ ਵਰਤਾਉ ਕਰਦੇ’ ਹਨ। (ਰਸੂਲਾਂ ਦੇ ਕਰਤੱਬ 20:28, 29, ਨਿ ਵ) ਇਸ ਨਾਲ ਕਲੀਸਿਯਾ ਵਿਚ ਸਾਰੇ ਉਨ੍ਹਾਂ ਨਾਲ ਗੱਲ-ਬਾਤ ਕਰਨ ਅਤੇ ਮਦਦ ਲੈਣ ਵਿਚ ਜ਼ਿਆਦਾ ਆਰਾਮ ਮਹਿਸੂਸ ਕਰਦੇ ਹਨ। ਇਸ ਨਾਲ ਕਲੀਸਿਯਾ ਵਿਚ ਪਿਆਰ, ਨਿੱਘ ਅਤੇ ਵਿਸ਼ਵਾਸ ਵਧਦਾ ਹੈ।

ਆਪਣੇ ਆਪ ਨੂੰ ਜ਼ਿਆਦਾ ਅਹਿਮੀਅਤ ਨਾਂ ਦੇਣਾ ਸਾਨੂੰ ਚੰਗੇ ਦੋਸਤ-ਮਿੱਤਰ ਬਣਾਉਣ ਵਿਚ ਵੀ ਸਾਡੀ ਮਦਦ ਕਰਦਾ ਹੈ। ਨਿਮਰਤਾ ਸਾਨੂੰ ਕੰਮਾਂ ਜਾਂ ਪੈਸੇ-ਧੇਲੇ ਪੱਖੋਂ ਦੂਜਿਆਂ ਨੂੰ ਮਾਤ ਦੇਣ ਅਤੇ ਮੁਕਾਬਲੇਬਾਜ਼ੀ ਦੀ ਮਨੋਬਿਰਤੀ ਤੋਂ ਬਚਾਉਂਦੀ ਹੈ। ਇਹ ਪਰਮੇਸ਼ੁਰੀ ਗੁਣ ਸਾਨੂੰ ਹੋਰ ਜ਼ਿਆਦਾ ਲਿਹਾਜ਼ਦਾਰ ਬਣਾਉਣਗੇ ਜਿਸ ਨਾਲ ਅਸੀਂ ਲੋੜਵੰਦਾਂ ਨੂੰ ਦਿਲਾਸਾ ਅਤੇ ਮਦਦ ਦੇਣ ਲਈ ਚੰਗੀ ਤਰ੍ਹਾਂ ਯੋਗ ਹੋ ਜਾਵਾਂਗੇ। (ਫ਼ਿਲਿੱਪੀਆਂ 2:3, 4) ਜਦੋਂ ਲੋਕਾਂ ਨਾਲ ਪ੍ਰੇਮ ਅਤੇ ਦਇਆ ਨਾਲ ਵਰਤਾਉ ਕੀਤਾ ਜਾਂਦਾ ਹੈ, ਤਾਂ ਉਹ ਅਕਸਰ ਚੰਗਾ ਰਵੱਈਆ ਦਿਖਾਉਂਦੇ ਹਨ। ਕੀ ਇਸ ਤਰ੍ਹਾਂ ਦਾ ਵਰਤਾਉ ਗੂੜ੍ਹੀ ਮਿੱਤਰਤਾ ਦੀ ਬੁਨਿਆਦ ਨਹੀਂ ਹੈ? ਆਪਣੇ ਆਪ ਨੂੰ ਜ਼ਿਆਦਾ ਅਹਿਮੀਅਤ ਨਾ ਦੇਣ ਦੀ ਕਿੰਨੀ ਵੱਡੀ ਬਰਕਤ!—ਰੋਮੀਆਂ 12:10.

ਆਪਣੇ ਬਾਰੇ ਉਚਿਤ ਨਜ਼ਰੀਆ ਰੱਖਣ ਨਾਲ ਦੂਜਿਆਂ ਨੂੰ ਨਾਰਾਜ਼ ਕਰਨ ਤੇ ਸਾਨੂੰ ਆਪਣੀਆਂ ਗ਼ਲਤੀਆਂ ਮੰਨਣ ਵਿਚ ਵੀ ਆਸਾਨੀ ਹੁੰਦੀ ਹੈ। (ਮੱਤੀ 5:23, 24) ਨਤੀਜੇ ਵਜੋਂ ਦੂਜਿਆਂ ਨਾਲ ਚੰਗੇ ਸੰਬੰਧ ਬਣਨਗੇ, ਸੁਲ੍ਹਾ-ਸਫ਼ਾਈ ਦੀ ਗੁੰਜਾਇਸ਼ ਵਧੇਗੀ ਅਤੇ ਇਕ ਦੂਸਰੇ ਲਈ ਆਦਰ ਵਧੇਗਾ। ਜੇਕਰ ਨਿਗਰਾਨੀ ਕਰਨ ਵਾਲੇ, ਜਿਵੇਂ ਕਿ ਮਸੀਹੀ ਬਜ਼ੁਰਗ, ਨਿਮਰਤਾ ਦਿਖਾਉਂਦੇ ਹਨ, ਤਾਂ ਉਨ੍ਹਾਂ ਕੋਲ ਦੂਜਿਆਂ ਨਾਲ ਭਲਾਈ ਕਰਨ ਦੇ ਜ਼ਿਆਦਾ ਮੌਕੇ ਹੁੰਦੇ ਹਨ। (ਕਹਾਉਤਾਂ 3:27; ਮੱਤੀ 11:29) ਇਕ ਨਿਮਰ ਵਿਅਕਤੀ ਲਈ ਗ਼ਲਤੀ ਕਰਨ ਵਾਲੇ ਨੂੰ ਮਾਫ਼ ਕਰਨਾ ਜ਼ਿਆਦਾ ਆਸਾਨ ਹੁੰਦਾ ਹੈ। (ਮੱਤੀ 6:12-15) ਅਜਿਹਾ ਵਿਅਕਤੀ ਨਿੱਕੀਆਂ-ਨਿੱਕੀਆਂ ਗੱਲਾਂ ਤੇ ਜਲਦੀ ਗੁੱਸਾ ਨਹੀਂ ਕਰੇਗਾ ਤੇ ਜੇਕਰ ਕਿਸੇ ਹੋਰ ਤਰੀਕੇ ਨਾਲ ਮਸਲਾ ਹੱਲ ਨਾ ਹੋ ਸਕੇ ਤਾਂ ਹੱਲ ਲਈ ਉਹ ਯਹੋਵਾਹ ਉੱਤੇ ਪੂਰਾ ਭਰੋਸਾ ਕਰੇਗਾ।—ਜ਼ਬੂਰ 37:5; ਕਹਾਉਤਾਂ 3:5, 6.

ਆਪਣੇ ਬਾਰੇ ਇਕ ਢੁਕਵਾਂ ਅਤੇ ਨਿਮਰ ਨਜ਼ਰੀਆ ਰੱਖਣ ਨਾਲ ਸਭ ਤੋਂ ਵੱਡੀ ਬਰਕਤ ਇਹ ਹੈ ਕਿ ਸਾਨੂੰ ਯਹੋਵਾਹ ਦੀ ਮਿਹਰ ਅਤੇ ਮਨਜ਼ੂਰੀ ਹਾਸਲ ਕਰਨ ਦਾ ਆਨੰਦ ਮਿਲੇਗਾ। “ਪਰਮੇਸ਼ੁਰ ਹੰਕਾਰੀਆਂ ਦਾ ਸਾਹਮਣਾ ਕਰਦਾ ਪਰ ਹਲੀਮਾਂ ਨੂੰ ਕਿਰਪਾ ਬਖ਼ਸ਼ਦਾ ਹੈ।” (1 ਪਤਰਸ 5:5) ਕਾਸ਼ ਕਿ ਅਸੀਂ ਆਪਣੇ ਆਪ ਨੂੰ ਲੋੜ ਨਾਲੋਂ ਵਾਧੂ ਸਮਝਣ ਦੇ ਫੰਦੇ ਵਿਚ ਨਾ ਫੱਸੀਏ। ਇਸ ਦੀ ਬਜਾਇ, ਆਓ ਅਸੀਂ ਨਿਮਰਤਾ ਨਾਲ ਯਹੋਵਾਹ ਦੇ ਸੰਗਠਨ ਵਿਚ ਆਪਣੀ-ਆਪਣੀ ਥਾਂ ਪਛਾਣੀਏ। ਮਹਾਨ ਬਰਕਤਾਂ ਉਨ੍ਹਾਂ ਲੋਕਾਂ ਲਈ ਅੱਗੇ ਧਰੀਆਂ ਹੋਈਆਂ ਹਨ ਜਿਹੜੇ ‘ਅਧੀਨ ਹੋ ਕੇ ਆਪਣੇ ਪਰਮੇਸ਼ੁਰ ਨਾਲ ਚੱਲਣ’ ਦੀ ਮੰਗ ਨੂੰ ਪੂਰਾ ਕਰਦੇ ਹਨ।

[ਸਫ਼ੇ 22 ਉੱਤੇ ਤਸਵੀਰ]

ਯੋਨਾਥਾਨ ਨੇ ਨਿਮਰਤਾ ਨਾਲ ਦਾਊਦ ਦੀ ਮਦਦ ਕੀਤੀ