ਯੂਨਾਹ 4:1-11

  • ਯੂਨਾਹ ਗੁੱਸੇ ਵਿਚ ਆ ਗਿਆ ਅਤੇ ਮਰਨਾ ਚਾਹਿਆ (1-3)

  • ਯਹੋਵਾਹ ਨੇ ਯੂਨਾਹ ਨੂੰ ਦਇਆ ਦਾ ਸਬਕ ਸਿਖਾਇਆ (4-11)

    • “ਕੀ ਤੇਰਾ ਇੰਨਾ ਗੁੱਸਾ ਕਰਨਾ ਠੀਕ ਹੈ?” (4)

    • ਘੀਏ ਦੀ ਵੇਲ ਰਾਹੀਂ ਸਬਕ (6-10)

4  ਪਰ ਇਹ ਗੱਲ ਯੂਨਾਹ ਨੂੰ ਬਹੁਤ ਬੁਰੀ ਲੱਗੀ ਅਤੇ ਉਹ ਗੁੱਸੇ ਨਾਲ ਸੜ-ਬਲ਼ ਗਿਆ।  ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ: “ਹੇ ਯਹੋਵਾਹ, ਜਦ ਮੈਂ ਆਪਣੇ ਦੇਸ਼ ਵਿਚ ਸੀ, ਤਾਂ ਮੈਨੂੰ ਪਤਾ ਸੀ ਕਿ ਇੱਦਾਂ ਹੀ ਹੋਵੇਗਾ। ਇਸੇ ਕਰਕੇ ਪਹਿਲਾਂ ਮੈਂ ਤਰਸ਼ੀਸ਼ ਨੂੰ ਭੱਜਣ ਦੀ ਕੋਸ਼ਿਸ਼ ਕੀਤੀ;+ ਮੈਂ ਜਾਣਦਾ ਸੀ ਕਿ ਤੂੰ ਰਹਿਮਦਿਲ* ਅਤੇ ਦਇਆਵਾਨ ਪਰਮੇਸ਼ੁਰ ਹੈਂ, ਤੂੰ ਛੇਤੀ ਗੁੱਸਾ ਨਹੀਂ ਕਰਦਾ ਅਤੇ ਅਟੱਲ ਪਿਆਰ ਨਾਲ ਭਰਪੂਰ ਹੈਂ।+ ਤੂੰ ਆਪਣਾ ਮਨ ਬਦਲ ਲੈਂਦਾ ਹੈਂ ਅਤੇ ਸਜ਼ਾ ਨਹੀਂ ਦਿੰਦਾ।  ਇਸ ਲਈ ਹੇ ਯਹੋਵਾਹ, ਤੂੰ ਮੇਰੀ ਜਾਨ ਕੱਢ ਲੈ ਕਿਉਂਕਿ ਮੇਰੇ ਜੀਉਣ ਨਾਲੋਂ ਮੇਰਾ ਮਰ ਜਾਣਾ ਹੀ ਚੰਗਾ।”+  ਯਹੋਵਾਹ ਨੇ ਉਸ ਨੂੰ ਪੁੱਛਿਆ: “ਕੀ ਤੇਰਾ ਇੰਨਾ ਗੁੱਸਾ ਕਰਨਾ ਠੀਕ ਹੈ?”  ਫਿਰ ਯੂਨਾਹ ਸ਼ਹਿਰੋਂ ਬਾਹਰ ਚਲਾ ਗਿਆ ਅਤੇ ਸ਼ਹਿਰ ਦੇ ਪੂਰਬ ਵਾਲੇ ਪਾਸੇ ਬੈਠ ਗਿਆ। ਉਸ ਨੇ ਆਪਣੇ ਲਈ ਇਕ ਛੱਪਰ ਪਾਇਆ ਅਤੇ ਉਸ ਦੀ ਛਾਂ ਹੇਠਾਂ ਬੈਠ ਕੇ ਇੰਤਜ਼ਾਰ ਕਰਨ ਲੱਗਾ ਕਿ ਸ਼ਹਿਰ ਦਾ ਕੀ ਬਣੇਗਾ।+  ਤਦ ਯਹੋਵਾਹ ਪਰਮੇਸ਼ੁਰ ਨੇ ਘੀਏ ਦੀ ਵੇਲ* ਉਗਾਈ ਤਾਂਕਿ ਯੂਨਾਹ ਦੇ ਸਿਰ ਉੱਤੇ ਛਾਂ ਹੋਵੇ ਅਤੇ ਉਸ ਦੀ ਬੇਆਰਾਮੀ ਦੂਰ ਹੋਵੇ। ਯੂਨਾਹ ਘੀਏ ਦੀ ਵੇਲ ਨੂੰ ਦੇਖ ਕੇ ਬਹੁਤ ਖ਼ੁਸ਼ ਹੋਇਆ।  ਪਰ ਸੱਚੇ ਪਰਮੇਸ਼ੁਰ ਨੇ ਅਗਲੇ ਦਿਨ ਸਵੇਰੇ-ਸਵੇਰੇ ਇਕ ਕੀੜਾ ਭੇਜਿਆ ਜਿਸ ਨੇ ਘੀਏ ਦੀ ਵੇਲ ਨੂੰ ਖਾ ਲਿਆ ਤੇ ਵੇਲ ਸੁੱਕ ਗਈ।  ਜਦੋਂ ਸੂਰਜ ਚੜ੍ਹਿਆ, ਤਾਂ ਪਰਮੇਸ਼ੁਰ ਨੇ ਪੂਰਬ ਵੱਲੋਂ ਗਰਮ ਹਵਾ ਵਗਾਈ ਅਤੇ ਤੇਜ਼ ਧੁੱਪ ਸਿੱਧੀ ਯੂਨਾਹ ਦੇ ਸਿਰ ਉੱਤੇ ਪਈ ਜਿਸ ਕਰਕੇ ਉਹ ਬੇਹੋਸ਼ ਹੋਣ ਲੱਗਾ। ਉਹ ਮੌਤ ਮੰਗਣ ਲੱਗਾ ਅਤੇ ਵਾਰ-ਵਾਰ ਕਹਿਣ ਲੱਗਾ, “ਮੇਰੇ ਜੀਉਣ ਨਾਲੋਂ ਮੇਰਾ ਮਰ ਜਾਣਾ ਹੀ ਚੰਗਾ।”+  ਪਰਮੇਸ਼ੁਰ ਨੇ ਯੂਨਾਹ ਨੂੰ ਪੁੱਛਿਆ: “ਕੀ ਘੀਏ ਦੀ ਵੇਲ ਕਰਕੇ ਤੇਰਾ ਇੰਨਾ ਗੁੱਸਾ ਕਰਨਾ ਠੀਕ ਹੈ?”+ ਫਿਰ ਯੂਨਾਹ ਨੇ ਕਿਹਾ: “ਹਾਂ ਮੇਰਾ ਗੁੱਸਾ ਕਰਨਾ ਠੀਕ ਹੈ, ਮੈਨੂੰ ਇੰਨਾ ਗੁੱਸਾ ਹੈ ਕਿ ਮੈਂ ਮਰ ਜਾਣਾ ਚਾਹੁੰਦਾ ਹਾਂ।” 10  ਪਰ ਯਹੋਵਾਹ ਨੇ ਕਿਹਾ: “ਤੈਨੂੰ ਘੀਏ ਦੀ ਵੇਲ ਦੇ ਸੁੱਕ ਜਾਣ ’ਤੇ ਇੰਨਾ ਦੁੱਖ ਹੈ ਜੋ ਨਾ ਤੂੰ ਲਾਈ ਅਤੇ ਨਾ ਹੀ ਵਧਾਈ; ਜਿਹੜੀ ਰਾਤੋ-ਰਾਤ ਉੱਗੀ ਤੇ ਵਧੀ ਅਤੇ ਉਸੇ ਦਿਨ ਸੁੱਕ ਗਈ। 11  ਤਾਂ ਫਿਰ, ਕੀ ਮੈਨੂੰ ਇਸ ਵੱਡੇ ਸ਼ਹਿਰ ਨੀਨਵਾਹ+ ਉੱਤੇ ਤਰਸ ਨਹੀਂ ਆਉਣਾ ਚਾਹੀਦਾ ਜਿੱਥੇ 1,20,000 ਤੋਂ ਜ਼ਿਆਦਾ ਇਨਸਾਨ ਹਨ ਜਿਹੜੇ ਸਹੀ ਅਤੇ ਗ਼ਲਤ ਵਿਚ ਫ਼ਰਕ ਕਰਨਾ ਨਹੀਂ ਜਾਣਦੇ* ਤੇ ਉਨ੍ਹਾਂ ਦੇ ਬਹੁਤ ਸਾਰੇ ਜਾਨਵਰ ਵੀ ਹਨ?”+

ਫੁਟਨੋਟ

ਜਾਂ, “ਹਮਦਰਦ।”
ਜਾਂ ਸੰਭਵ ਹੈ, “ਅਰਿੰਡ ਦਾ ਬੂਟਾ।”
ਜਾਂ, “ਆਪਣੇ ਸੱਜੇ ਹੱਥ ਅਤੇ ਖੱਬੇ ਹੱਥ ਨੂੰ ਨਹੀਂ ਪਛਾਣਦੇ।”