ਬਾਈਬਲ ਕੀ ਕਹਿੰਦੀ ਹੈ

ਵਿਆਹ ਤੋਂ ਪਹਿਲਾਂ ਸੈਕਸ

ਵਿਆਹ ਤੋਂ ਪਹਿਲਾਂ ਸੈਕਸ

ਕੀ ਵਿਆਹ ਤੋਂ ਪਹਿਲਾਂ ਸੈਕਸ ਕਰਨਾ ਗ਼ਲਤ ਹੈ?

‘ਪਰਮੇਸ਼ੁਰ ਦੀ ਇਹੀ ਇੱਛਾ ਹੈ ਕਿ ਤੁਸੀਂ ਹਰਾਮਕਾਰੀ ਤੋਂ ਦੂਰ ਰਹੋ।’​—1 ਥੱਸਲੁਨੀਕੀਆਂ 4:3.

ਲੋਕੀ ਕੀ ਕਹਿੰਦੇ ਹਨ

ਕੁਝ ਸਭਿਆਚਾਰਾਂ ਦੇ ਲੋਕ ਕਹਿੰਦੇ ਹਨ ਕਿ ਵਿਆਹ ਤੋਂ ਪਹਿਲਾਂ ਆਦਮੀ ਤੇ ਔਰਤ ਇਕ-ਦੂਜੇ ਦੀ ਰਜ਼ਾਮੰਦੀ ਨਾਲ ਸਰੀਰਕ ਸੰਬੰਧ ਰੱਖ ਸਕਦੇ ਹਨ। ਕਈ ਹੋਰ ਲੋਕ ਕਹਿੰਦੇ ਹਨ ਕਿ ਅਣਵਿਆਹੇ ਨੌਜਵਾਨ ਮੁੰਡੇ-ਕੁੜੀਆਂ ਸੈਕਸ ਨਹੀਂ ਕਰ ਸਕਦੇ, ਪਰ ਉਹ ਹੋਰ ਕਾਮ-ਉਕਸਾਊ ਕੰਮ ਕਰ ਸਕਦੇ ਹਨ।

ਬਾਈਬਲ ਕੀ ਕਹਿੰਦੀ ਹੈ

ਕੁਆਰੇ ਜਾਂ ਵਿਆਹੇ ਲੋਕਾਂ ਦੇ ਕਈ ਤਰ੍ਹਾਂ ਦੇ ਬਦਚਲਣ ਕੰਮਾਂ ਜਾਂ ਨਾਜਾਇਜ਼ ਸੰਬੰਧਾਂ ਨੂੰ ਬਾਈਬਲ ਵਿਚ ਹਰਾਮਕਾਰੀ ਕਿਹਾ ਗਿਆ ਹੈ। ਰੱਬ ਚਾਹੁੰਦਾ ਹੈ ਕਿ ਉਸ ਦੇ ਲੋਕ “ਹਰਾਮਕਾਰੀ ਤੋਂ ਦੂਰ” ਰਹਿਣ। (1 ਥੱਸਲੁਨੀਕੀਆਂ 4:3) ਹਰਾਮਕਾਰੀ ਕਰਨੀ ਉੱਨਾ ਹੀ ਗੰਭੀਰ ਪਾਪ ਹੈ ਜਿੰਨਾ ਕਿਸੇ ਗ਼ੈਰ ਆਦਮੀ ਜਾਂ ਤੀਵੀਂ ਨਾਲ ਸਰੀਰਕ ਸੰਬੰਧ ਰੱਖਣਾ, ਜਾਦੂ-ਟੂਣਾ ਕਰਨਾ, ਸ਼ਰਾਬੀ ਹੋਣਾ, ਮੂਰਤੀ-ਪੂਜਾ ਕਰਨੀ, ਖ਼ੂਨ ਕਰਨਾ ਜਾਂ ਚੋਰੀ ਕਰਨੀ।​—1 ਕੁਰਿੰਥੀਆਂ 6:9, 10; ਪ੍ਰਕਾਸ਼ ਦੀ ਕਿਤਾਬ 21:8.

ਤੁਹਾਡੇ ਲਈ ਇਹ ਗੱਲ ਕਿਉਂ ਮਾਅਨੇ ਰੱਖਦੀ ਹੈ?

ਬਾਈਬਲ ਚੇਤਾਵਨੀ ਦਿੰਦੀ ਹੈ ਕਿ ਰੱਬ ‘ਹਰਾਮਕਾਰਾਂ ਨੂੰ ਸਜ਼ਾ ਦੇਵੇਗਾ।’ (ਇਬਰਾਨੀਆਂ 13:4) ਇਸ ਤੋਂ ਜ਼ਿਆਦਾ ਜ਼ਰੂਰੀ ਗੱਲ ਇਹ ਹੈ ਕਿ ਆਪਣਾ ਚਾਲ-ਚਲਣ ਨੇਕ ਰੱਖ ਕੇ ਅਸੀਂ ਪਰਮੇਸ਼ੁਰ ਲਈ ਆਪਣੇ ਪਿਆਰ ਦਾ ਸਬੂਤ ਦਿੰਦੇ ਹਾਂ। (1 ਯੂਹੰਨਾ 5:3) ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਬਰਕਤਾਂ ਦਿੰਦਾ ਹੈ ਜੋ ਉਸ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ।​—ਯਸਾਯਾਹ 48:18.

ਕੀ ਅਣਵਿਆਹੇ ਲੋਕਾਂ ਲਈ ਕਿਸੇ ਵੀ ਤਰ੍ਹਾਂ ਦਾ ਕਾਮ-ਉਕਸਾਊ ਕੰਮ ਕਰਨਾ ਗ਼ਲਤ ਹੈ?

“ਤੁਹਾਡੇ ਵਿਚ ਹਰਾਮਕਾਰੀ ਦਾ ਅਤੇ ਹਰ ਤਰ੍ਹਾਂ ਦੇ ਗੰਦੇ-ਮੰਦੇ ਕੰਮਾਂ ਦਾ ਜਾਂ ਲੋਭ ਦਾ ਜ਼ਿਕਰ ਤਕ ਨਾ ਕੀਤਾ ਜਾਵੇ।”​—ਅਫ਼ਸੀਆਂ 5:3.

ਲੋਕੀ ਕੀ ਕਹਿੰਦੇ ਹਨ

ਬਹੁਤ ਲੋਕ ਮੰਨਦੇ ਹਨ ਕਿ ਅਣਵਿਆਹੇ ਲੋਕਾਂ ਨੂੰ ਸੈਕਸ ਨਹੀਂ ਕਰਨਾ ਚਾਹੀਦਾ, ਪਰ ਹੋਰ ਕਾਮ-ਉਕਸਾਊ ਕੰਮ ਕਰਨ ਵਿਚ ਕੋਈ ਬੁਰਾਈ ਨਹੀਂ ਹੈ।

ਬਾਈਬਲ ਕੀ ਕਹਿੰਦੀ ਹੈ

ਜਦੋਂ ਬਾਈਬਲ ਵਿਚ ਨਾਜਾਇਜ਼ ਕਾਮ-ਉਕਸਾਊ ਕੰਮਾਂ ਦੀ ਗੱਲ ਕੀਤੀ ਜਾਂਦੀ ਹੈ, ਤਾਂ ਇਸ ਵਿਚ ਸਿਰਫ਼ ਹਰਾਮਕਾਰੀ ਹੀ ਨਹੀਂ, ਸਗੋਂ “ਗੰਦੇ-ਮੰਦੇ ਕੰਮਾਂ” ਅਤੇ “ਬੇਸ਼ਰਮ ਹੋ ਕੇ ਗ਼ਲਤ ਕੰਮ ਕਰਨ” ਦਾ ਵੀ ਜ਼ਿਕਰ ਆਉਂਦਾ ਹੈ। (2 ਕੁਰਿੰਥੀਆਂ 12:21) ਵਿਆਹ ਤੋਂ ਪਹਿਲਾਂ ਜਾਂ ਆਪਣੇ ਵਿਆਹੁਤਾ ਸਾਥੀ ਤੋਂ ਇਲਾਵਾ ਹੋਰ ਕਿਸੇ ਨਾਲ ਕਿਸੇ ਵੀ ਤਰ੍ਹਾਂ ਦੇ ਕਾਮ-ਉਕਸਾਊ ਕੰਮ ਕਰਨੇ ਰੱਬ ਦੀਆਂ ਨਜ਼ਰਾਂ ਵਿਚ ਗ਼ਲਤ ਹਨ ਚਾਹੇ ਸਰੀਰਕ ਸੰਬੰਧ ਨਹੀਂ ਰੱਖੇ ਜਾਂਦੇ।

ਬਾਈਬਲ ਮੁਤਾਬਕ ਸਰੀਰਕ ਰਿਸ਼ਤਾ ਸਿਰਫ਼ ਪਤੀ-ਪਤਨੀ ਵਿਚ ਹੀ ਹੋ ਸਕਦਾ ਹੈ। ਬਾਈਬਲ “ਕਾਮ-ਵਾਸ਼ਨਾ ਦੇ ਲਾਲਚ” ਨੂੰ ਵੀ ਬੁਰਾ ਕਹਿੰਦੀ ਹੈ। (1 ਥੱਸਲੁਨੀਕੀਆਂ 4:5) ਇਸ ਦਾ ਕੀ ਮਤਲਬ ਹੈ? ਫ਼ਰਜ਼ ਕਰੋ ਕਿ ਇਕ ਅਣਵਿਆਹਿਆ ਆਦਮੀ ਤੇ ਅਣਵਿਆਹੀ ਤੀਵੀਂ ਪੱਕਾ ਇਰਾਦਾ ਕਰਦੇ ਹਨ ਕਿ ਉਹ ਸਰੀਰਕ ਸੰਬੰਧ ਨਹੀਂ ਰੱਖਣਗੇ, ਪਰ ਉਹ ਹੋਰ ਕਾਮ-ਉਕਸਾਊ ਕੰਮ ਕਰਦੇ ਹਨ। ਇਸ ਤਰ੍ਹਾਂ ਕਰਨ ਨਾਲ ਉਹ ਉਸ ਚੀਜ਼ ਦਾ ਲਾਲਚ ਕਰਦੇ ਹਨ ਜੋ ਉਨ੍ਹਾਂ ਦੀ ਨਹੀਂ ਹੈ। ਇਸ ਕਰਕੇ ਉਹ ‘ਕਾਮ-ਵਾਸ਼ਨਾ ਦਾ ਲਾਲਚ’ ਕਰਨ ਦੇ ਦੋਸ਼ੀ ਹਨ। ਅਜਿਹੀ ਕਾਮ-ਵਾਸ਼ਨਾ ਨੂੰ ਬਾਈਬਲ ਵਿਚ ਨਿੰਦਿਆ ਗਿਆ ਹੈ।​—ਅਫ਼ਸੀਆਂ 5:3-5.

ਤੁਸੀਂ ਨਾਜਾਇਜ਼ ਸਰੀਰਕ ਸੰਬੰਧਾਂ ਤੋਂ ਕਿਵੇਂ ਦੂਰ ਰਹਿ ਸਕਦੇ ਹੋ?

“ਹਰਾਮਕਾਰੀ ਤੋਂ ਭੱਜੋ।”​—1 ਕੁਰਿੰਥੀਆਂ 6:18.

ਤੁਹਾਡੇ ਲਈ ਇਹ ਗੱਲ ਕਿਉਂ ਮਾਅਨੇ ਰੱਖਦੀ ਹੈ?

ਬਾਈਬਲ ਮੁਤਾਬਕ ਜਿਹੜੇ ਲੋਕ ਵਿਆਹ ਤੋਂ ਪਹਿਲਾਂ ਸੈਕਸ ਕਰਦੇ ਹਨ, ਉਨ੍ਹਾਂ ਦਾ ਪਰਮੇਸ਼ੁਰ ਨਾਲ ਰਿਸ਼ਤਾ ਟੁੱਟ ਸਕਦਾ ਹੈ।​—ਕੁਲੁੱਸੀਆਂ 3:5, 6.

ਬਾਈਬਲ ਕੀ ਕਹਿੰਦੀ ਹੈ

ਬਾਈਬਲ ‘ਹਰਾਮਕਾਰੀ ਤੋਂ ਭੱਜਣ’ ਦੀ ਸਲਾਹ ਦਿੰਦੀ ਹੈ। (1 ਕੁਰਿੰਥੀਆਂ 6:18) ਇਸ ਦਾ ਮਤਲਬ ਹੈ ਕਿ ਇਕ ਵਿਅਕਤੀ ਨੂੰ ਉਨ੍ਹਾਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਉਸ ਨੂੰ ਗ਼ਲਤ ਕੰਮ ਕਰਨ ਲਈ ਉਕਸਾ ਸਕਦੀਆਂ ਹਨ। (ਕਹਾਉਤਾਂ 22:3) ਮਿਸਾਲ ਲਈ, ਜੇ ਅਸੀਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਨੇਕ ਰਹਿਣਾ ਚਾਹੁੰਦੇ ਹਾਂ, ਤਾਂ ਸਾਨੂੰ ਅਜਿਹੇ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਸੈਕਸ ਸੰਬੰਧੀ ਉਸ ਦੇ ਅਸੂਲਾਂ ਉੱਤੇ ਨਹੀਂ ਚੱਲਦੇ। ਬਾਈਬਲ ਚੇਤਾਵਨੀ ਦਿੰਦੀ ਹੈ: “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।”​—ਕਹਾਉਤਾਂ 13:20.

ਮਨ ਵਿਚ ਗ਼ਲਤ ਖ਼ਿਆਲ ਲਿਆਉਣ ਕਰਕੇ ਅਸੀਂ ਗ਼ਲਤ ਕੰਮ ਕਰ ਸਕਦੇ ਹਾਂ। (ਰੋਮੀਆਂ 8:5, 6) ਇਸ ਕਰਕੇ ਚੰਗਾ ਹੋਵੇਗਾ ਜੇ ਅਸੀਂ ਅਜਿਹੇ ਗਾਣਿਆਂ, ਵੀਡੀਓ, ਕਿਤਾਬਾਂ-ਮੈਗਜ਼ੀਨਾਂ ਅਤੇ ਹੋਰ ਕਿਸੇ ਵੀ ਚੀਜ਼ ਤੋਂ ਦੂਰ ਰਹੀਏ ਜੋ ਸੈਕਸ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਦੀ ਹੈ ਜਾਂ ਜਿਨ੍ਹਾਂ ਤੋਂ ਗੰਦੇ ਕੰਮ ਕਰਨ ਦੀ ਇੱਛਾ ਪੈਦਾ ਹੁੰਦੀ ਹੈ।​—ਜ਼ਬੂਰਾਂ ਦੀ ਪੋਥੀ 101:3. (g13 09-E)