Skip to content

Skip to table of contents

ਮੁੱਖ ਪੰਨੇ ਤੋਂ

ਤਿੰਨ ਚੀਜ਼ਾਂ ਜੋ ਖ਼ਰੀਦੀਆਂ ਨਹੀਂ ਜਾ ਸਕਦੀਆਂ

ਤਿੰਨ ਚੀਜ਼ਾਂ ਜੋ ਖ਼ਰੀਦੀਆਂ ਨਹੀਂ ਜਾ ਸਕਦੀਆਂ

ਕਿੰਨੀ ਅਜੀਬ ਗੱਲ ਹੈ: ਅੱਜ ਦੀ ਖ਼ਰਾਬ ਮਾਲੀ ਹਾਲਤ ਵਿਚ ਕਈ ਲੋਕਾਂ ਦੀ ਨੌਕਰੀ ਛੁੱਟਣ ਦਾ ਖ਼ਤਰਾ ਰਹਿੰਦਾ ਹੈ, ਜਿਸ ਕਰਕੇ ਉਨ੍ਹਾਂ ਦੇ ਘਰ ਵੀ ਹੱਥੋਂ ਜਾਂਦੇ ਰਹਿੰਦੇ ਹਨ ਤੇ ਉਨ੍ਹਾਂ ਨੂੰ ਪੈਨਸ਼ਨ ਵੀ ਨਹੀਂ ਮਿਲਦੀ। ਫਿਰ ਵੀ ਬਹੁਤ ਸਾਰੇ ਲੋਕ ਚੀਜ਼ਾਂ ਖ਼ਰੀਦਣ ਦੇ ਚੱਕਰਾਂ ਵਿਚ ਪਏ ਰਹਿੰਦੇ ਹਨ।

ਇਹੋ ਜਿਹੇ ਲੋਕ ਇਸ਼ਤਿਹਾਰ ਦੇਣ ਵਾਲਿਆਂ ਦਾ ਆਸਾਨੀ ਨਾਲ ਸ਼ਿਕਾਰ ਬਣ ਜਾਂਦੇ ਹਨ ਜੋ ਮਾਰਕੀਟਿੰਗ ਦੇ ਜ਼ਰੀਏ ਇਸ ਗੱਲ ’ਤੇ ਜ਼ੋਰ ਦਿੰਦੇ ਹਨ ਕਿ ਤੁਹਾਡੇ ਕੋਲ ਵੱਡਾ ਘਰ, ਵੱਡੀ ਕਾਰ ਤੇ ਬ੍ਰੈਂਡਡ ਕੱਪੜੇ ਹੋਣੇ ਚਾਹੀਦੇ ਹਨ। ਜੇ ਤੁਹਾਡੇ ਕੋਲ ਪੈਸੇ ਹੈ ਨਹੀਂ, ਤਾਂ ਕੋਈ ਗੱਲ ਨਹੀਂ​—ਹਰ ਚੀਜ਼ ਕਿਸ਼ਤਾਂ ’ਤੇ ਲਓ! ਲੋਕ ਇਹੀ ਚਾਹੁੰਦੇ ਹਨ ਕਿ ਉਹ ਅਮੀਰ ਲੱਗਣ ਭਾਵੇਂ ਉਨ੍ਹਾਂ ਦੇ ਸਿਰ ’ਤੇ ਜਿੰਨਾ ਮਰਜ਼ੀ ਕਰਜ਼ਾ ਚੜ੍ਹਿਆ ਹੋਵੇ।

ਪਰ ਅੱਜ ਨਹੀਂ, ਤਾਂ ਕੱਲ੍ਹ ਲੋਕਾਂ ਨੂੰ ਸੱਚ ਦਾ ਸਾਮ੍ਹਣਾ ਕਰਨਾ ਪੈਣਾ ਹੈ। ਇਕ ਕਿਤਾਬ ਕਹਿੰਦੀ ਹੈ: “ਲੋਕਾਂ ਦੀਆਂ ਨਜ਼ਰਾਂ ਵਿਚ ਆਪਣੀ ਸ਼ਾਨੋ-ਸ਼ੌਕਤ ਦਿਖਾਉਣ ਲਈ ਉਧਾਰ ਚੀਜ਼ਾਂ ਖ਼ਰੀਦਣੀਆਂ ਆਪਣਾ ਮੂਡ ਚੰਗਾ ਕਰਨ ਲਈ ਕੋਕੀਨ ਲੈਣ ਦੇ ਬਰਾਬਰ ਹੈ। ਪਹਿਲਾਂ ਤਾਂ ਤੁਹਾਡੇ ਕੋਲ ਇਨ੍ਹਾਂ ਚੀਜ਼ਾਂ ਨੂੰ ਖ਼ਰੀਦਣ ਦੀ ਹੈਸੀਅਤ ਹੁੰਦੀ ਹੈ ਤੇ ਇਨ੍ਹਾਂ ਚੀਜ਼ਾਂ ਦਾ ਨਸ਼ਾ ਤੁਹਾਡੇ ਸਿਰ ਚੜ੍ਹ ਕੇ ਬੋਲਦਾ ਹੈ, ਪਰ ਬਾਅਦ ਵਿਚ ਤੁਸੀਂ ਕਰਜ਼ੇ ਦੇ ਬੋਝ ਹੇਠ ਆ ਜਾਂਦੇ ਹੋ ਅਤੇ ਤੁਹਾਡੇ ਹੱਥ ਸਿਰਫ਼ ਨਿਰਾਸ਼ਾ ਹੀ ਲੱਗਦੀ ਹੈ।”

ਬਾਈਬਲ ਮੁਤਾਬਕ “ਆਪਣੀ ਧਨ-ਦੌਲਤ ਤੇ ਹੈਸੀਅਤ ਦਾ ਦਿਖਾਵਾ” ਕਰਨਾ ਮੂਰਖਤਾ ਹੈ। (1 ਯੂਹੰਨਾ 2:16) ਸੱਚ ਤਾਂ ਇਹ ਹੈ ਕਿ ਸਾਡੇ ਸਿਰ ’ਤੇ ਧਨ-ਦੌਲਤ ਦਾ ਭੂਤ ਸਵਾਰ ਹੋਣ ਕਰਕੇ ਅਸੀਂ ਉਨ੍ਹਾਂ ਚੀਜ਼ਾਂ ਨੂੰ ਭੁੱਲ ਬੈਠਦੇ ਹਾਂ ਜੋ ਜ਼ਿੰਦਗੀ ਵਿਚ ਸਭ ਤੋਂ ਜ਼ਰੂਰੀ ਹਨ ਤੇ ਜਿਨ੍ਹਾਂ ਨੂੰ ਖ਼ਰੀਦਿਆ ਨਹੀਂ ਜਾ ਸਕਦਾ। ਆਓ ਆਪਾਂ ਤਿੰਨ ਉਦਾਹਰਣਾਂ ਦੇਖੀਏ।

1. ਪਰਿਵਾਰ ਵਿਚ ਏਕਤਾ

ਅਮਰੀਕਾ ਵਿਚ ਰਹਿਣ ਵਾਲੀ 17 ਸਾਲਾਂ ਦੀ ਬ੍ਰੀਐਨ * ਕਹਿੰਦੀ ਹੈ ਕਿ ਉਸ ਦੇ ਡੈਡੀ ਜੀ ਆਪਣੀ ਨੌਕਰੀ ਤੇ ਪੈਸਾ ਕਮਾਉਣ ’ਤੇ ਬਹੁਤ ਜ਼ੋਰ ਦਿੰਦੇ ਹਨ। ਉਹ ਦੱਸਦੀ ਹੈ: “ਸਾਡੇ ਕੋਲ ਜ਼ਰੂਰਤ ਨਾਲੋਂ ਜ਼ਿਆਦਾ ਚੀਜ਼ਾਂ ਹਨ, ਪਰ ਮੇਰੇ ਡੈਡੀ ਜੀ ਕਦੇ ਘਰ ਨਹੀਂ ਹੁੰਦੇ। ਮੈਂ ਜਾਣਦੀ ਹਾਂ ਕਿ ਉਨ੍ਹਾਂ ਨੂੰ ਕੰਮ ਕਰਕੇ ਬਾਹਰ ਜਾਣਾ ਪੈਂਦਾ ਹੈ, ਪਰ ਉਨ੍ਹਾਂ ਨੂੰ ਆਪਣੇ ਪਰਿਵਾਰ ਨਾਲ ਵੀ ਸਮਾਂ ਗੁਜ਼ਾਰਨਾ ਚਾਹੀਦਾ ਹੈ!”

ਇਸ ਬਾਰੇ ਸੋਚੋ: ਬ੍ਰੀਐਨ ਦੇ ਡੈਡੀ ਜੀ ਨੂੰ ਬਾਅਦ ਵਿਚ ਸ਼ਾਇਦ ਕਿਨ੍ਹਾਂ ਗੱਲਾਂ ਦਾ ਪਛਤਾਵਾ ਹੋਵੇ? ਚੀਜ਼ਾਂ ਇਕੱਠੀਆਂ ਕਰਨ ਵੱਲ ਜ਼ਿਆਦਾ ਧਿਆਨ ਦੇਣ ਕਰਕੇ ਆਪਣੀ ਧੀ ਨਾਲ ਉਸ ਦੇ ਰਿਸ਼ਤੇ ’ਤੇ ਕੀ ਅਸਰ ਪੈ ਰਿਹਾ ਹੈ? ਉਸ ਦੇ ਪਰਿਵਾਰ ਨੂੰ ਪੈਸਿਆਂ ਨਾਲੋਂ ਕਿਸ ਚੀਜ਼ ਦੀ ਜ਼ਿਆਦਾ ਲੋੜ ਹੈ?

ਬਾਈਬਲ ਦੇ ਅਸੂਲਾਂ ਉੱਤੇ ਗੌਰ ਕਰੋ:

  • ‘ਪੈਸੇ ਨਾਲ ਪਿਆਰ ਸਭ ਤਰ੍ਹਾਂ ਦੀਆਂ ਬੁਰਾਈਆਂ ਦਾ ਕਾਰਣ ਹੈ। ਕੁਝ ਲੋਕਾਂ ਨੇ ਅਧਿਕਤਮ ਪੈਸੇ ਕੁਮਾਉਣ ਦੇ ਚੱਕਰ ਵਿੱਚ ਆਪਣੇ ਆਪ ਨੂੰ ਬਹੁਤ ਸਾਰੇ ਦਰਦਾਂ ਭਰੇ ਅਨੁਭਵਾਂ ਨਾਲ ਸੱਟ ਮਾਰੀ ਹੈ।’​—1 ਤਿਮੋਥਿਉਸ 6:10, ERV.

  • “ਸਾਗ ਪੱਤ ਦਾ ਖਾਣਾ ਜਿੱਥੇ ਪ੍ਰੇਮ ਹੈ, ਪਲੇ ਹੋਏ ਬਲਦ ਨਾਲੋਂ ਜਿੱਥੇ ਵੈਰ ਹੈ, ਚੰਗਾ ਹੈ।”​—ਕਹਾਉਤਾਂ 15:17.

ਮੁੱਖ ਗੱਲ: ਪਰਿਵਾਰ ਵਿਚ ਏਕਤਾ ਖ਼ਰੀਦੀ ਨਹੀਂ ਜਾ ਸਕਦੀ। ਏਕਤਾ ਸਿਰਫ਼ ਆਪਣੇ ਪਰਿਵਾਰ ਨਾਲ ਪਿਆਰ ਕਰਨ, ਸਮਾਂ ਗੁਜ਼ਾਰਨ ਅਤੇ ਉਨ੍ਹਾਂ ਦਾ ਖ਼ਿਆਲ ਰੱਖਣ ਨਾਲ ਹੀ ਆਉਂਦੀ ਹੈ।​—ਕੁਲੁੱਸੀਆਂ 3:18-21.

2. ਸੁਖੀ ਜੀਵਨ

17 ਸਾਲਾਂ ਦੀ ਸੇਰਾਹ ਕਹਿੰਦੀ ਹੈ: “ਮੇਰੀ ਮੰਮੀ ਹਮੇਸ਼ਾ ਕਹਿੰਦੀ ਹੈ ਕਿ ਮੈਂ ਉਸ ਆਦਮੀ ਨਾਲ ਵਿਆਹ ਕਰਾਵਾਂ ਜਿਸ ਕੋਲ ਬਹੁਤ ਪੈਸੇ ਹੋਣ। ਨਾਲੇ ਮੈਂ ਖ਼ੁਦ ਕੋਈ ਕੰਮ-ਧੰਦਾ ਸਿੱਖ ਲਵਾਂ ਤਾਂਕਿ ਮੈਂ ਵੀ ਚੰਗੇ ਪੈਸੇ ਕਮਾ ਸਕਾਂ। ਉਸ ਨੂੰ ਸਿਰਫ਼ ਇਸ ਗੱਲ ਦਾ ਫ਼ਿਕਰ ਰਹਿੰਦਾ ਹੈ ਕਿ ਉਸ ਨੂੰ ਅਗਲੀ ਤਨਖ਼ਾਹ ਕਦੋਂ ਮਿਲੇਗੀ।”

ਇਸ ਬਾਰੇ ਸੋਚੋ: ਕੱਲ੍ਹ ਬਾਰੇ ਸੋਚਦੇ ਹੋਏ ਤੁਹਾਨੂੰ ਕਿਨ੍ਹਾਂ ਗੱਲਾਂ ਦਾ ਫ਼ਿਕਰ ਹੈ? ਪਰ ਤੁਸੀਂ ਹੱਦੋਂ ਵੱਧ ਫ਼ਿਕਰ ਕਦੋਂ ਕਰਨ ਲੱਗ ਸਕਦੇ ਹੋ? ਸੇਰਾਹ ਦੀ ਮੰਮੀ ਪੈਸਿਆਂ ਬਾਰੇ ਸਹੀ ਨਜ਼ਰੀਆ ਰੱਖ ਕੇ ਉਸ ਦੀ ਮਦਦ ਕਿਵੇਂ ਕਰ ਸਕਦੀ ਹੈ?

ਬਾਈਬਲ ਦੇ ਅਸੂਲਾਂ ਉੱਤੇ ਗੌਰ ਕਰੋ:

  • “ਧਰਤੀ ਉੱਤੇ ਆਪਣੇ ਲਈ ਧਨ ਜੋੜਨਾ ਛੱਡ ਦਿਓ, ਜਿੱਥੇ ਕੀੜਾ ਤੇ ਜੰਗਾਲ ਇਸ ਨੂੰ ਖਾ ਜਾਂਦੇ ਹਨ ਅਤੇ ਚੋਰ ਸੰਨ੍ਹ ਲਾ ਕੇ ਚੋਰੀ ਕਰਦੇ ਹਨ।”​—ਮੱਤੀ 6:19.

  • “ਤੁਸੀਂ ਨਹੀਂ ਜਾਣਦੇ ਕਿ ਕੱਲ੍ਹ ਨੂੰ ਤੁਹਾਡੇ ਨਾਲ ਕੀ ਹੋਵੇਗਾ।”​—ਯਾਕੂਬ 4:14.

ਮੁੱਖ ਗੱਲ: ਪੈਸੇ ਜੋੜਨ ਨਾਲ ਹੀ ਤੁਹਾਡਾ ਭਵਿੱਖ ਵਧੀਆ ਨਹੀਂ ਹੋਵੇਗਾ। ਪੈਸਾ ਚੋਰੀ ਹੋ ਸਕਦਾ ਹੈ। ਇਹ ਨਾ ਤਾਂ ਬੀਮਾਰੀਆਂ ਤੋਂ ਬਚਾ ਸਕਦਾ ਹੈ ਤੇ ਨਾ ਹੀ ਮੌਤ ਆਉਣ ਤੋਂ ਰੋਕ ਸਕਦਾ ਹੈ। (ਉਪਦੇਸ਼ਕ ਦੀ ਪੋਥੀ 7:12) ਬਾਈਬਲ ਸਿਖਾਉਂਦੀ ਹੈ ਕਿ ਸੁਖੀ ਜੀਵਨ ਪਰਮੇਸ਼ੁਰ ਤੇ ਉਸ ਦੇ ਮਕਸਦ ਬਾਰੇ ਜਾਣਨ ਤੋਂ ਮਿਲਦਾ ਹੈ।​—ਯੂਹੰਨਾ 17:3.

3. ਸੰਤੋਖ

24 ਸਾਲਾਂ ਦੀ ਤਾਨੀਆ ਦੱਸਦੀ ਹੈ: “ਛੋਟੇ ਹੁੰਦਿਆਂ ਤੋਂ ਹੀ ਸਾਡੇ ਮਾਪਿਆਂ ਨੇ ਸਾਨੂੰ ਸਾਦੀ ਜ਼ਿੰਦਗੀ ਜੀਉਣੀ ਸਿਖਾਈ। ਮੈਂ ਤੇ ਮੇਰੀ ਜੁੜਵਾਂ ਭੈਣ ਖ਼ੁਸ਼ ਸੀ ਭਾਵੇਂ ਸਾਡੇ ਕੋਲ ਗੁਜ਼ਾਰੇ ਜੋਗੀਆਂ ਚੀਜ਼ਾਂ ਹੀ ਸਨ।”

ਇਸ ਬਾਰੇ ਸੋਚੋ: ਸਿਰਫ਼ ਗੁਜ਼ਾਰੇ ਜੋਗੀਆਂ ਚੀਜ਼ਾਂ ਹੋਣ ਕਰਕੇ ਸੰਤੋਖ ਰੱਖਣਾ ਮੁਸ਼ਕਲ ਕਿਉਂ ਹੋ ਸਕਦਾ ਹੈ? ਜਦੋਂ ਪੈਸੇ ਬਾਰੇ ਗੱਲ ਆਉਂਦੀ ਹੈ, ਤਾਂ ਤੁਸੀਂ ਆਪਣੇ ਪਰਿਵਾਰ ਲਈ ਕਿਹੋ ਜਿਹੀ ਮਿਸਾਲ ਰੱਖੀ ਹੈ?

ਬਾਈਬਲ ਦੇ ਅਸੂਲਾਂ ਉੱਤੇ ਗੌਰ ਕਰੋ:

  • “ਜੇ ਸਾਡੇ ਕੋਲ ਰੋਟੀ, ਕੱਪੜਾ ਤੇ ਮਕਾਨ ਹੈ, ਤਾਂ ਸਾਨੂੰ ਇਸ ਵਿਚ ਸੰਤੋਖ ਰੱਖਣਾ ਚਾਹੀਦਾ ਹੈ।”​—1 ਤਿਮੋਥਿਉਸ 6:8.

  • “ਖ਼ੁਸ਼ ਹਨ ਜਿਹੜੇ ਪਰਮੇਸ਼ੁਰ ਦੀ ਅਗਵਾਈ ਲਈ ਤਰਸਦੇ ਹਨ।”​—ਮੱਤੀ 5:3.

ਮੁੱਖ ਗੱਲ: ਪੈਸੇ ਅਤੇ ਇਸ ਨਾਲ ਖ਼ਰੀਦੀਆਂ ਜਾਣ ਵਾਲੀਆਂ ਚੀਜ਼ਾਂ ਨਾਲੋਂ ਜ਼ਿੰਦਗੀ ਵਿਚ ਹੋਰ ਬਹੁਤ ਕੁਝ ਹੈ। ਬਾਈਬਲ ਕਹਿੰਦੀ ਹੈ: “ਭਾਵੇਂ ਕਿਸੇ ਇਨਸਾਨ ਕੋਲ ਜਿੰਨੀਆਂ ਮਰਜ਼ੀ ਚੀਜ਼ਾਂ ਹੋਣ, ਪਰ ਉਸ ਦੀ ਜ਼ਿੰਦਗੀ ਇਨ੍ਹਾਂ ਚੀਜ਼ਾਂ ਉੱਤੇ ਨਿਰਭਰ ਨਹੀਂ ਕਰਦੀ।” (ਲੂਕਾ 12:15) ਸਾਨੂੰ ਖ਼ੁਸ਼ੀ ਉਦੋਂ ਹੀ ਮਿਲਦੀ ਹੈ ਜਦੋਂ ਸਾਨੂੰ ਅਜਿਹੇ ਸਵਾਲਾਂ ਦੇ ਜਵਾਬ ਮਿਲਦੇ ਹਨ:

  • ਜ਼ਿੰਦਗੀ ਦਾ ਮਕਸਦ ਕੀ ਹੈ?

  • ਭਵਿੱਖ ਵਿਚ ਕੀ ਹੋਵੇਗਾ?

  • ਮੈਂ ਰੱਬ ਦੇ ਨਾਲ ਰਿਸ਼ਤਾ ਕਿਵੇਂ ਜੋੜ ਸਕਦਾ ਹਾਂ?

ਇਸ ਰਸਾਲੇ ਨੂੰ ਛਾਪਣ ਵਾਲੇ ਯਹੋਵਾਹ ਦੇ ਗਵਾਹ ਤੁਹਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਦੇ ਸਕਦੇ ਹਨ। (g13 10-E)

^ ਪੇਰਗ੍ਰੈਫ 8 ਇਸ ਲੇਖ ਵਿਚ ਨਾਂ ਬਦਲੇ ਗਏ ਹਨ।