ਇਕ ਪੱਕੀ ਉਮੀਦ

ਇਕ ਪੱਕੀ ਉਮੀਦ

ਇਕ ਪੱਕੀ ਉਮੀਦ

ਲਗਭਗ 2,000 ਸਾਲ ਪਹਿਲਾਂ ਯਿਸੂ, ਜਿਸ ਨੂੰ ਅਕਸਰ ਉਹ ਸਰਬ ਮਹਾਨ ਮਨੁੱਖ ਜੋ ਕਦੀ ਧਰਤੀ ਤੇ ਜੀਉਂਦਾ ਰਿਹਾ ਕਿਹਾ ਜਾਂਦਾ ਹੈ, ਨੂੰ ਨਾਜਾਇਜ਼ ਤੌਰ ਤੇ ਮੌਤ ਦੀ ਸਜ਼ਾ ਦਿੱਤੀ ਗਈ ਸੀ। ਜਦੋਂ ਉਸ ਨੂੰ ਸੂਲੀ ਤੇ ਚੜ੍ਹਾਇਆ ਗਿਆ, ਤਾਂ ਉਸ ਦੇ ਨਾਲ ਸੂਲੀ ਤੇ ਚੜ੍ਹਾਏ ਗਏ ਇਕ ਅਪਰਾਧੀ ਨੇ ਯਿਸੂ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ: “ਭਲਾ, ਤੂੰ ਮਸੀਹ ਨਹੀਂ ਹੈਂ? ਤਾਂ ਆਪਣੇ ਆਪ ਨੂੰ ਅਤੇ ਸਾਨੂੰ ਭੀ ਬਚਾ!”

ਉਸ ਅਪਰਾਧੀ ਵੱਲੋਂ ਇਹ ਗੱਲ ਕਹਿਣ ਤੇ ਇਕ ਹੋਰ ਅਪਰਾਧੀ, ਜਿਹੜਾ ਉਸੇ ਦੇ ਨਾਲ ਹੀ ਸੂਲੀ ਤੇ ਚੜ੍ਹਾਇਆ ਗਿਆ ਸੀ, ਨੇ ਉਸ ਨੂੰ ਝਿੜਕਦੇ ਹੋਏ ਕਿਹਾ: “ਕੀ ਤੂੰ ਆਪ ਇਸੇ ਕਸ਼ਟ ਵਿੱਚ ਪਿਆ ਹੋਇਆ ਪਰਮੇਸ਼ੁਰ ਕੋਲੋਂ ਨਹੀਂ ਡਰਦਾ? ਅਸੀਂ ਤਾਂ ਨਿਆਉਂ ਨਾਲ ਆਪਣੀ ਕਰਨੀ ਦਾ ਫਲ ਭੋਗਦੇ ਹਾਂ ਪਰ ਉਹ ਨੇ ਕੋਈ ਔਗੁਣ ਨਹੀਂ ਕੀਤਾ।” ਫਿਰ ਉਸ ਨੇ ਯਿਸੂ ਵੱਲ ਮੁੜ ਕੇ ਬੇਨਤੀ ਕੀਤੀ: “ਜਾਂ ਤੂੰ ਆਪਣੇ ਰਾਜ ਵਿੱਚ ਆਵੇਂ ਤਾਂ ਮੈਨੂੰ ਚੇਤੇ ਕਰੀਂ।”​—ਲੂਕਾ 23:39-42.

ਯਿਸੂ ਨੇ ਜਵਾਬ ਦਿੱਤਾ: “ਸੱਚ-ਮੁੱਚ ਮੈਂ ਅੱਜ ਤੈਨੂੰ ਆਖਦਾ ਹਾਂ, ਤੂੰ ਮੇਰੇ ਨਾਲ ਫਿਰਦੌਸ ਵਿਚ ਹੋਵੇਂਗਾ।”​—ਲੂਕਾ 23:43, ਨਿ ਵ.

ਯਿਸੂ ਦੇ ਸਾਮ੍ਹਣੇ ਇਕ ਸ਼ਾਨਦਾਰ ਉਮੀਦ ਰੱਖੀ ਹੋਈ ਸੀ। ਯਿਸੂ ਉੱਤੇ ਇਸ ਉਮੀਦ ਦਾ ਕੀ ਅਸਰ ਸੀ, ਇਸ ਬਾਰੇ ਪੌਲੁਸ ਰਸੂਲ ਨੇ ਲਿਖਿਆ: “[ਯਿਸੂ ਨੇ] ਉਸ ਅਨੰਦ ਨਮਿੱਤ ਜੋ ਉਹ ਦੇ ਅੱਗੇ ਧਰਿਆ ਹੋਇਆ ਸੀ ਲਾਜ ਨੂੰ ਤੁੱਛ ਜਾਣ ਕੇ ਸਲੀਬ ਦਾ ਦੁਖ ਝੱਲਿਆ।”​—ਇਬਰਾਨੀਆਂ 12:2.

ਉਸ ਦੇ ਅੱਗੇ ਧਰੇ ਇਸ “ਅਨੰਦ” ਵਿਚ ਆਪਣੇ ਪਿਤਾ ਦੇ ਨਾਲ ਫਿਰ ਤੋਂ ਸਵਰਗ ਵਿਚ ਰਹਿਣਾ ਅਤੇ ਪਰਮੇਸ਼ੁਰ ਦੇ ਰਾਜ ਦਾ ਰਾਜਾ ਬਣਨਾ ਸ਼ਾਮਲ ਸੀ। ਇਸ ਤੋਂ ਵੀ ਵੱਧ, ਉਸ ਨੂੰ ਆਪਣੇ ਪਰਖੇ ਗਏ ਭਰੋਸੇਯੋਗ ਚੇਲਿਆਂ ਦਾ ਸਵਰਗ ਵਿਚ ਸੁਆਗਤ ਕਰਨ ਦੀ ਖ਼ੁਸ਼ੀ ਵੀ ਮਿਲਣੀ ਸੀ ਜਿਹੜੇ ਕਿ ਧਰਤੀ ਦੇ ਰਾਜਿਆਂ ਵਜੋਂ ਉਸ ਦੇ ਨਾਲ ਸਵਰਗ ਵਿਚ ਰਾਜ ਕਰਨਗੇ। (ਯੂਹੰਨਾ 14:2, 3; ਫ਼ਿਲਿੱਪੀਆਂ 2:7-11; ਪਰਕਾਸ਼ ਦੀ ਪੋਥੀ 20:5, 6) ਤਾਂ ਫਿਰ ਯਿਸੂ ਦੇ ਕਹਿਣ ਦਾ ਉਦੋਂ ਕੀ ਮਤਲਬ ਸੀ ਜਦੋਂ ਉਸ ਨੇ ਉਸ ਪਸ਼ਚਾਤਾਪੀ ਅਪਰਾਧੀ ਨਾਲ ਵਾਅਦਾ ਕੀਤਾ ਸੀ ਕਿ ਉਹ ਫਿਰਦੌਸ ਵਿਚ ਹੋਵੇਗਾ?

ਉਸ ਅਪਰਾਧੀ ਲਈ ਕੀ ਉਮੀਦ?

ਉਹ ਵਿਅਕਤੀ ਯਿਸੂ ਨਾਲ ਸਵਰਗ ਵਿਚ ਰਾਜ ਕਰਨ ਵਾਲਿਆਂ ਦੀ ਗਿਣਤੀ ਵਿੱਚੋਂ ਨਹੀਂ ਸੀ। ਉਹ ਉਨ੍ਹਾਂ ਵਿਅਕਤੀਆਂ ਵਿਚ ਸ਼ਾਮਲ ਨਹੀਂ ਸੀ ਜਿਨ੍ਹਾਂ ਨੂੰ ਯਿਸੂ ਨੇ ਕਿਹਾ ਸੀ: “ਤੁਸੀਂ ਉਹੋ ਹੀ ਹੋ ਜੋ ਮੇਰੇ ਪਰਤਾਵਿਆਂ ਵਿੱਚ ਸਦਾ ਮੇਰੇ ਨਾਲ ਰਹੇ। ਜਿਵੇਂ ਮੇਰੇ ਪਿਤਾ ਨੇ ਮੇਰੇ ਲਈ ਇੱਕ ਰਾਜ ਠਹਿਰਾਇਆ ਹੈ ਤਿਵੇਂ ਮੈਂ ਤੁਹਾਡੇ ਲਈ ਠਹਿਰਾਉਂਦਾ ਹਾਂ।” (ਲੂਕਾ 22:28, 29) ਫਿਰ ਵੀ ਯਿਸੂ ਨੇ ਵਾਅਦਾ ਕੀਤਾ ਕਿ ਉਹ ਅਪਰਾਧੀ ਉਸ ਨਾਲ ਫਿਰਦੌਸ ਵਿਚ ਹੋਵੇਗਾ। ਇਹ ਵਾਅਦਾ ਕਿਵੇਂ ਪੂਰਾ ਹੋਵੇਗਾ?

ਪਹਿਲੇ ਆਦਮੀ ਆਦਮ ਅਤੇ ਪਹਿਲੀ ਤੀਵੀਂ ਹੱਵਾਹ ਨੂੰ ਯਹੋਵਾਹ ਪਰਮੇਸ਼ੁਰ ਨੇ ਫਿਰਦੌਸ ਵਿਚ ਯਾਨੀ ਕਿ ਇਕ ਖ਼ੁਸ਼ੀਆਂ ਭਰੇ ਬਾਗ਼ ਵਿਚ ਰੱਖਿਆ ਸੀ ਜਿਸ ਨੂੰ ਅਦਨ ਦਾ ਬਾਗ਼ ਕਿਹਾ ਜਾਂਦਾ ਸੀ। (ਉਤਪਤ 2:8, 15) ਅਦਨ ਧਰਤੀ ਉੱਤੇ ਸੀ ਅਤੇ ਪਰਮੇਸ਼ੁਰ ਦਾ ਮਕਸਦ ਸੀ ਕਿ ਪੂਰੀ ਧਰਤੀ ਇਕ ਫਿਰਦੌਸ ਹੋਵੇ। ਪਰ, ਆਦਮ ਅਤੇ ਹੱਵਾਹ ਪਰਮੇਸ਼ੁਰ ਦੇ ਆਗਿਆਕਾਰ ਨਾ ਰਹੇ ਜਿਸ ਕਰਕੇ ਉਨ੍ਹਾਂ ਨੂੰ ਇਸ ਸੋਹਣੇ ਘਰ ਵਿੱਚੋਂ ਬਾਹਰ ਕੱਢ ਦਿੱਤਾ ਗਿਆ। (ਉਤਪਤ 3:23, 24) ਪਰ ਯਿਸੂ ਨੇ ਦੱਸਿਆ ਕਿ ਫਿਰਦੌਸ ਮੁੜ ਬਹਾਲ ਕੀਤਾ ਜਾਵੇਗਾ ਅਤੇ ਪੂਰੀ ਧਰਤੀ ਇਕ ਫਿਰਦੌਸ ਹੋਵੇਗੀ।

ਜਦੋਂ ਪਤਰਸ ਰਸੂਲ ਨੇ ਯਿਸੂ ਨੂੰ ਇਹ ਪੁੱਛਿਆ ਕਿ ਉਸ ਨੂੰ ਤੇ ਉਸ ਦੇ ਸੰਗੀ ਰਸੂਲਾਂ ਨੂੰ ਉਸ ਦੇ ਮਗਰ ਤੁਰਨ ਦਾ ਕੀ ਇਨਾਮ ਮਿਲੇਗਾ, ਤਾਂ ਯਿਸੂ ਨੇ ਉਨ੍ਹਾਂ ਨਾਲ ਵਾਅਦਾ ਕੀਤਾ: “ਜਦ ਮਨੁੱਖ ਦਾ ਪੁੱਤ੍ਰ ਨਵੀਂ ਸਰਿਸ਼ਟ ਵਿੱਚ ਆਪਣੇ ਤੇਜ ਦੇ ਸਿੰਘਾਸਣ ਉੱਤੇ ਬੈਠੇਗਾ ਤਦ ਤੁਸੀਂ ਵੀ ਜੋ ਮੇਰੇ ਮਗਰ ਹੋ ਤੁਰੇ ਹੋ ਬਾਰਾਂ ਸਿੰਘਾਸਣਾਂ ਉੱਤੇ ਬੈਠੋਗੇ।” (ਮੱਤੀ 19:27, 28) ਇਹ ਧਿਆਨ ਦੇਣ ਯੋਗ ਹੈ ਕਿ ਇਸ ਗੱਲ-ਬਾਤ ਵਿਚ ਯਿਸੂ ਦੇ ਇਨ੍ਹਾਂ ਸ਼ਬਦਾਂ ਨੂੰ ਲੂਕਾ ਦੇ ਬਿਰਤਾਂਤ ਵਿਚ “ਨਵੀਂ ਸਰਿਸ਼ਟ” ਲਿਖਣ ਦੀ ਬਜਾਇ ‘ਅਗਲਾ ਜੁਗ’ ਲਿਖਿਆ ਗਿਆ ਹੈ।​—ਲੂਕਾ 18:28-30.

ਇੰਜ, ਜਦੋਂ ਯਿਸੂ ਮਸੀਹ ਸਵਰਗ ਵਿਚ ਆਪਣੇ ਨਾਲ ਰਾਜ ਕਰਨ ਵਾਲੇ ਸਾਥੀਆਂ ਸਮੇਤ ਆਪਣੇ ਸ਼ਾਨਦਾਰ ਸਿੰਘਾਸਣ ਉੱਤੇ ਬੈਠੇਗਾ, ਤਾਂ ਉਹ ਇਕ ਨਵਾਂ ਧਰਮੀ ਜੁਗ ਸ਼ੁਰੂ ਕਰੇਗਾ। (2 ਤਿਮੋਥਿਉਸ 2:11, 12; ਪਰਕਾਸ਼ ਦੀ ਪੋਥੀ 5:10; 14:1, 3) ਮਸੀਹ ਦੇ ਸਵਰਗੀ ਰਾਜ ਦੁਆਰਾ ਪੂਰੀ ਧਰਤੀ ਨੂੰ ਫਿਰਦੌਸ ਬਣਾਉਣ ਦਾ ਪਰਮੇਸ਼ੁਰ ਦਾ ਮੁਢਲਾ ਉਦੇਸ਼ ਪੂਰਾ ਕੀਤਾ ਜਾਵੇਗਾ!

ਇਸ ਰਾਜ ਦੌਰਾਨ, ਯਿਸੂ ਆਪਣੇ ਨਾਲ ਸੂਲੀ ਤੇ ਚੜ੍ਹਾਏ ਗਏ ਉਸ ਅਪਰਾਧੀ ਨਾਲ ਕੀਤੇ ਆਪਣੇ ਵਾਅਦੇ ਨੂੰ ਪੂਰਾ ਕਰੇਗਾ। ਉਹ ਉਸ ਨੂੰ ਮੁੜ ਜੀ ਉਠਾਵੇਗਾ ਅਤੇ ਉਹ ਯਿਸੂ ਦੇ ਰਾਜ ਵਿਚ ਧਰਤੀ ਉੱਤੇ ਰਹੇਗਾ। ਫਿਰ ਉਸ ਅਪਰਾਧੀ ਨੂੰ ਪਰਮੇਸ਼ੁਰ ਦੀਆਂ ਮੰਗਾਂ ਪੂਰੀਆਂ ਕਰਨ ਦਾ ਅਤੇ ਪਰਮੇਸ਼ੁਰ ਦੇ ਰਾਜ ਵਿਚ ਸਦਾ ਲਈ ਧਰਤੀ ਉੱਤੇ ਰਹਿਣ ਦਾ ਮੌਕਾ ਦਿੱਤਾ ਜਾਵੇਗਾ। ਯਕੀਨਨ ਅਸੀਂ ਸਾਰੇ ਧਰਤੀ ਉੱਤੇ ਫਿਰਦੌਸ ਵਿਚ ਸਦਾ ਦੀ ਜ਼ਿੰਦਗੀ ਦਾ ਆਨੰਦ ਮਾਣਨ ਦੀ ਬਾਈਬਲ ਵਿਚ ਦਿੱਤੀ ਉਮੀਦ ਬਾਰੇ ਸੋਚ ਕੇ ਖ਼ੁਸ਼ ਹੋ ਸਕਦੇ ਹਾਂ!

ਜ਼ਿੰਦਗੀ ਦਾ ਇਕ ਮਕਸਦ ਹੋ ਸਕਦਾ ਹੈ

ਜ਼ਰਾ ਉਸ ਮਕਸਦ ਬਾਰੇ ਸੋਚ ਕੇ ਦੇਖੋ ਜਿਹੜਾ ਸਾਨੂੰ ਇਸ ਸ਼ਾਨਦਾਰ ਉਮੀਦ ਦੇ ਸਦਕਾ ਜ਼ਿੰਦਗੀ ਲਈ ਮਿਲਦਾ ਹੈ। ਇਹ ਉਮੀਦ ਸਾਨੂੰ ਨਿਰਾਸ਼ਾ ਭਰੀਆਂ ਸੋਚਾਂ ਦੇ ਬੁਰੇ ਅਸਰ ਤੋਂ ਬਚਾ ਸਕਦੀ ਹੈ। ਇਸ ਉਮੀਦ ਦੀ ਤੁਲਨਾ ਪੌਲੁਸ ਰਸੂਲ ਨੇ ਅਧਿਆਤਮਿਕ ਸ਼ਸਤ੍ਰ-ਬਸਤ੍ਰ ਦੇ ਇਕ ਜ਼ਰੂਰੀ ਹਿੱਸੇ ਨਾਲ ਕੀਤੀ। ਉਸ ਨੇ ਕਿਹਾ ਕਿ ਸਾਨੂੰ “ਮੁਕਤੀ ਦੀ ਆਸ” ਨੂੰ “ਟੋਪ” ਵਾਂਗ ਪਾ ਲੈਣਾ ਚਾਹੀਦਾ ਹੈ।​—1 ਥੱਸਲੁਨੀਕੀਆਂ 5:8; ਜ਼ਬੂਰ 37:29; ਪਰਕਾਸ਼ ਦੀ ਪੋਥੀ 21:3, 4.

ਇਹ ਆਸ ਜੀਵਨਦਾਇਕ ਹੈ। ਆਉਣ ਵਾਲੇ ਫਿਰਦੌਸ ਵਿਚ, ਜਦੋਂ ਪਰਮੇਸ਼ੁਰ “ਜਿਹੜਾ ਮੁਰਦਿਆਂ ਨੂੰ ਜੁਆਲਦਾ ਹੈ” ਸਾਰੇ ਮਰ ਚੁੱਕੇ ਮਿੱਤਰ-ਪਿਆਰਿਆਂ ਨੂੰ ਜੀ ਉਠਾਵੇਗਾ, ਤਾਂ ਉਦੋਂ ਸਾਡੀ ਨਿਰਾਸ਼ਾ ਖ਼ੁਸ਼ੀ ਦੇ ਹੰਝੂਆਂ ਵਿਚ ਬਦਲ ਜਾਵੇਗੀ। (2 ਕੁਰਿੰਥੀਆਂ 1:9) ਉਦੋਂ ਸਾਨੂੰ ਸਰੀਰਕ ਕਮਜ਼ੋਰੀਆਂ, ਦਰਦ ਅਤੇ ਤੁਰ-ਫਿਰ ਨਾ ਸਕਣ ਕਾਰਨ ਮਹਿਸੂਸ ਹੁੰਦੀ ਨਿਰਾਸ਼ਾ ਬਿਲਕੁਲ ਭੁੱਲ ਜਾਵੇਗੀ ਕਿਉਂਕਿ “ਲੰਙਾ ਹਿਰਨ ਵਾਂਙੁ ਚੌਂਕੜੀਆਂ ਭਰੇਗਾ।” ਇਕ ਵਿਅਕਤੀ ਦਾ ਸਰੀਰ “ਬਾਲਕ ਨਾਲੋਂ ਵਧੀਕ ਹਰਿਆ ਭਰਿਆ ਹੋ ਜਾਊਗਾ, ਉਹ ਆਪਣੀ ਜੁਆਨੀ ਵੱਲ ਮੁੜ ਆਊਗਾ।”​—ਯਸਾਯਾਹ 35:6; ਅੱਯੂਬ 33:25.

ਉਸ ਵੇਲੇ “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।” ਇਸ ਲਈ ਲੰਬੇ ਸਮੇਂ ਦੀਆਂ ਬੀਮਾਰੀਆਂ ਦੀ ਨਿਰਾਸ਼ਾ ਚਿਤ-ਚੇਤੇ ਵੀ ਨਾ ਰਹੇਗੀ। (ਯਸਾਯਾਹ 33:24) ਚਿਰਕਾਲੀ ਡਿਪਰੈਸ਼ਨ ਦੀ ਨਿਰਾਸ਼ਾ ਅਤੇ ਖਾਲੀਪਣ “ਅਨੰਤ ਅਨੰਦ” ਵਿਚ ਬਦਲ ਜਾਣਗੇ। (ਯਸਾਯਾਹ 35:10) ਕਿਸੇ ਜਾਨਲੇਵਾ ਬੀਮਾਰੀ ਹੋਣ ਤੇ ਪੈਦਾ ਹੋਈ ਡੂੰਘੀ ਨਿਰਾਸ਼ਾ, ਨਾਲੇ ਮਾਨਵਜਾਤੀ ਦਾ ਪੁਰਾਣਾ ਵੈਰੀ ਮੌਤ ਵੀ ਹਮੇਸ਼ਾ-ਹਮੇਸ਼ਾ ਲਈ ਖ਼ਤਮ ਕਰ ਦਿੱਤੀ ਜਾਵੇਗੀ।​—1 ਕੁਰਿੰਥੀਆਂ 15:26.

[ਸਫ਼ੇ 8, 9 ਉੱਤੇ ਤਸਵੀਰਾਂ]

ਪਰਮੇਸ਼ੁਰ ਦੇ ਨਵੇਂ ਸੰਸਾਰ ਦੀ ਉਮੀਦ ਆਪਣੇ ਮਨ ਵਿਚ ਹਮੇਸ਼ਾ ਤਾਜ਼ੀ ਰੱਖੋ