Skip to content

Skip to table of contents

ਯੁੱਧ ਦੇ ਸ਼ਿਕਾਰ—ਕੱਲ੍ਹ ਹੋਰ ਸਨ ਤੇ ਅੱਜ ਹੋਰ ਹਨ

ਯੁੱਧ ਦੇ ਸ਼ਿਕਾਰ—ਕੱਲ੍ਹ ਹੋਰ ਸਨ ਤੇ ਅੱਜ ਹੋਰ ਹਨ

ਯੁੱਧ ਦੇ ਸ਼ਿਕਾਰ​—ਕੱਲ੍ਹ ਹੋਰ ਸਨ ਤੇ ਅੱਜ ਹੋਰ ਹਨ

ਪਿਛਲੇ ਯੁੱਧ ਅੱਜ ਦੇ ਯੁੱਧਾਂ ਨਾਲੋਂ ਬਿਲਕੁਲ ਵੱਖਰੇ ਸਨ . . . ਇਨ੍ਹਾਂ ਯੁੱਧਾਂ ਵਿਚ ਫ਼ੌਜੀਆਂ ਦੀ ਬਜਾਇ ਆਮ ਨਾਗਰਿਕ” ਇਸ ਦੇ ਜ਼ਿਆਦਾ ਸ਼ਿਕਾਰ ਹੁੰਦੇ ਹਨ, ਯੂ.ਐੱਨ. ਰੇਡੀਓ ਤੇ ਪ੍ਰਸਾਰਿਤ ਕੀਤੇ ਜਾਂਦੇ ਪ੍ਰੋਗ੍ਰਾਮ “ਪਰਸਪੇਕਟਿਵ” ਨੇ ਇਹ ਰਿਪੋਰਟ ਦਿੱਤੀ। ਮਿਸਾਲ ਲਈ, ਪਹਿਲੇ ਵਿਸ਼ਵ ਯੁੱਧ ਦੌਰਾਨ ਸਿਰਫ਼ 5 ਪ੍ਰਤਿਸ਼ਤ ਨਾਗਰਿਕ ਫੱਟੜ ਹੋਏ ਜਾਂ ਮਾਰੇ ਗਏ ਸਨ। ਫਿਰ ਦੂਜੇ ਵਿਸ਼ਵ ਯੁੱਧ ਦੌਰਾਨ ਇਨ੍ਹਾਂ ਦੀ ਗਿਣਤੀ ਵੱਧ ਕੇ 48 ਪ੍ਰਤਿਸ਼ਤ ਹੋ ਗਈ। ਯੂ. ਐੱਨ. ਰੇਡੀਓ ਨੇ ਕਿਹਾ ਕਿ ਅੱਜ “ਯੁੱਧਾਂ ਵਿਚ ਫੱਟੜ ਹੋਣ ਵਾਲੇ ਜਾਂ ਮਾਰੇ ਜਾਣ ਵਾਲੇ ਨਾਗਰਿਕਾਂ ਦੀ ਗਿਣਤੀ ਲਗਭਗ 90 ਪ੍ਰਤਿਸ਼ਤ ਹੈ ਜਿਨ੍ਹਾਂ ਵਿਚ ਜ਼ਿਆਦਾਤਰ ਤੀਵੀਆਂ, ਬੱਚੇ ਅਤੇ ਬਜ਼ੁਰਗ ਸ਼ਾਮਲ ਹਨ।”

ਹਥਿਆਰਬੰਦ ਲੜਾਈਆਂ ਦੇ ਸ਼ਿਕਾਰ ਬੱਚਿਆਂ ਨੂੰ ਸੰਭਾਲਣ ਵਾਲੇ ਯੂ. ਐੱਨ. ਸੈਕਟਰੀ-ਜਨਰਲ ਦਾ ਖ਼ਾਸ ਆਦਮੀ, ਓਲਾਰਾ ਓਟੂਨੂ ਕਹਿੰਦਾ ਹੈ: “ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ 1987 ਤੋਂ ਹੁੰਦੀਆਂ ਆ ਰਹੀਆਂ ਹਥਿਆਰਬੰਦ ਲੜਾਈਆਂ ਵਿਚ ਲਗਭਗ 20 ਲੱਖ ਬੱਚੇ ਮਾਰੇ ਗਏ ਹਨ।” ਇਸ ਦਾ ਮਤਲਬ ਹੈ ਕਿ ਪਿਛਲੇ 12 ਸਾਲਾਂ ਤੋਂ ਹਰ ਰੋਜ਼ 450 ਤੋਂ ਜ਼ਿਆਦਾ ਬੱਚੇ ਯੁੱਧਾਂ ਵਿਚ ਮਾਰੇ ਗਏ ਹਨ! ਇਸ ਤੋਂ ਇਲਾਵਾ, ਉਸੇ ਸਮੇਂ ਦੌਰਾਨ ਲਗਭਗ 60 ਲੱਖ ਬੱਚੇ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਜਾਂ ਫਿਰ ਉਮਰ ਭਰ ਲਈ ਅਪਾਹਜ ਹੋ ਗਏ ਹਨ।

ਸ਼੍ਰੀਮਾਨ ਓਟੂਨੂ ਸਲਾਹ ਦਿੰਦੇ ਹਨ ਕਿ ਯੂ. ਐੱਨ. ਯੁੱਧ ਦੇ ਸ਼ਿਕਾਰ ਬੱਚਿਆਂ ਦੀ ਵੱਧਦੀ ਗਿਣਤੀ ਨੂੰ ਤਾਂ ਹੀ ਘਟਾ ਸਕਦਾ ਹੈ ਜੇ ਉਹ “ਬੱਚਿਆਂ ਦੀਆਂ ਖ਼ਾਸ ਥਾਵਾਂ ਜਿਵੇਂ ਕਿ ਸਕੂਲ, ਹਸਪਤਾਲ ਅਤੇ ਖੇਡਣ ਵਾਲੀਆਂ ਥਾਵਾਂ ਵਿਚ ਯੁੱਧਾਂ ਨੂੰ ਰੋਕੇ ਅਤੇ ਉਨ੍ਹਾਂ ਨੂੰ ਯੁੱਧ-ਰਹਿਤ ਇਲਾਕੇ ਐਲਾਨੇ।” ਫਿਰ ਵੀ, ਯੂ. ਐੱਨ. ਰੇਡੀਓ ਨੇ ਅੱਗੇ ਕਿਹਾ ਕਿ ਜੇ ਯੂ. ਐੱਨ. ਚਾਹੁੰਦਾ ਹੈ ਕਿ ਆਮ ਨਾਗਰਿਕ ਯੁੱਧ ਦੇ ਸ਼ਿਕਾਰ ਨਾ ਹੋਣ, ਤਾਂ ਉਸ ਲਈ ਸਭ ਤੋਂ ਵਧੀਆ ਤਰੀਕਾ ਹੈ ਕਿ ਉਹ “ਯੁੱਧਾਂ ਨੂੰ ਰੋਕੇ।” ਅਸਲ ਵਿਚ, ਜਦੋਂ ਯੁੱਧ ਰੁਕ ਜਾਣਗੇ, ਤਾਂ ਲੋਕ ਯੁੱਧ ਦੇ ਸ਼ਿਕਾਰ ਨਹੀਂ ਹੋਣਗੇ। ਪਰ ਕੀ ਇੱਦਾਂ ਕਦੇ ਹੋ ਸਕਦਾ ਹੈ?

ਕਿਉਂਕਿ ਮਨੁੱਖਜਾਤੀ ਦਾ ਇਤਿਹਾਸ ਯੁੱਧਾਂ ਨਾਲ ਭਰਿਆ ਪਿਆ ਹੈ ਇਸ ਕਰਕੇ ਜ਼ਿਆਦਾਤਰ ਲੋਕ ਇਹ ਮਹਿਸੂਸ ਕਰਦੇ ਹਨ ਕਿ ਇਨਸਾਨ ਕਦੇ ਵੀ ਪੂਰੀ ਧਰਤੀ ਉੱਤੇ ਸ਼ਾਂਤੀ ਨਹੀਂ ਲਿਆ ਸਕਦਾ। ਪਰ ਪਰਮੇਸ਼ੁਰ ਦਾ ਸ਼ਬਦ, ਬਾਈਬਲ ਵਾਅਦਾ ਕਰਦੀ ਹੈ ਕਿ ਯਹੋਵਾਹ ਪਰਮੇਸ਼ੁਰ ਅਜਿਹਾ ਕਰੇਗਾ: “ਉਹ ਧਰਤੀ ਦੇ ਬੰਨਿਆਂ ਤੀਕੁਰ ਲੜਾਈਆਂ ਨੂੰ ਮੁਕਾ ਦਿੰਦਾ ਹੈ।” (ਜ਼ਬੂਰ 46:9) ਇਸ ਤਰ੍ਹਾਂ ਕਦੋਂ ਹੋਵੇਗਾ? ਤੁਸੀਂ ਕਿਉਂ ਭਰੋਸਾ ਕਰ ਸਕਦੇ ਹੋ ਕਿ ਸੰਸਾਰ ਭਰ ਵਿਚ ਸ਼ਾਂਤੀ ਲਿਆਉਣ ਦਾ ਪਰਮੇਸ਼ੁਰ ਦਾ ਵਾਅਦਾ ਜ਼ਰੂਰ ਪੂਰਾ ਹੋਵੇਗਾ? ਜੇ ਤੁਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਲੈਣਾ ਚਾਹੁੰਦੇ ਹੋ, ਤਾਂ ਕਿਰਪਾ ਕਰ ਕੇ ਸਫ਼ਾ 5 ਉੱਤੇ ਦਿੱਤੇ ਗਏ ਸਭ ਤੋਂ ਨੇੜਲੇ ਪਤੇ ਤੇ ਇਸ ਰਸਾਲੇ ਦੇ ਪ੍ਰਕਾਸ਼ਕਾਂ ਨੂੰ ਲਿਖੋ ਜਾਂ ਤੁਸੀਂ ਆਪਣੇ ਨੇੜਲੇ ਯਹੋਵਾਹ ਦੇ ਗਵਾਹਾਂ ਦੇ ਕਿੰਗਡਮ ਹਾਲ ਜਾਓ। ਉੱਥੇ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਹੈ ਤੇ ਨਾ ਹੀ ਕੋਈ ਪੈਸਾ ਲਿਆ ਜਾਂਦਾ ਹੈ। ਉੱਥੇ ਤੁਹਾਡੇ ਸਵਾਲਾਂ ਦੇ ਸਪੱਸ਼ਟ ਜਵਾਬ ਦਿੱਤੇ ਜਾਣਗੇ।

[ਸਫ਼ਾ 20 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

UN PHOTO 156450/​J. Isaac