Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਕਹਾਉਤਾਂ 24:16 ਵਿਚ ਲਿਖਿਆ, “ਧਰਮੀ ਸੱਤ ਵਾਰੀ ਡਿੱਗ ਕੇ ਉੱਠ ਖਲੋਂਦਾ ਹੈ, ਪਰ ਦੁਸ਼ਟ ਬਿਪਤਾ ਨਾਲ ਉਲਟਾਏ ਜਾਂਦੇ ਹਨ।” ਕੀ ਇੱਥੇ ਉਸ ਵਿਅਕਤੀ ਦੀ ਗੱਲ ਕੀਤੀ ਗਈ ਹੈ ਜੋ ਵਾਰ-ਵਾਰ ਪਾਪ ਕਰਦਾ ਰਹਿੰਦਾ ਹੈ, ਪਰ ਪਰਮੇਸ਼ੁਰ ਉਸ ਨੂੰ ਮਾਫ਼ ਕਰ ਦਿੰਦਾ ਹੈ?

ਇਸ ਆਇਤ ਦਾ ਇਹ ਮਤਲਬ ਨਹੀਂ ਹੈ। ਪਰ ਇੱਥੇ ਉਸ ਵਿਅਕਤੀ ਦੇ ਡਿਗਣ ਬਾਰੇ ਗੱਲ ਕੀਤੀ ਗਈ ਹੈ ਜਿਸ ’ਤੇ ਵਾਰ-ਵਾਰ ਮੁਸ਼ਕਲਾਂ ਆਉਂਦੀਆਂ ਹਨ, ਪਰ ਉਹ ਉੱਠ ਖੜ੍ਹਦਾ ਹੈ ਯਾਨੀ ਇਨ੍ਹਾਂ ਨੂੰ ਪਾਰ ਕਰ ਲੈਂਦਾ ਹੈ।

ਜ਼ਰਾ ਇਸ ਆਇਤ ਦੀਆਂ ਅਗਲੀਆਂ-ਪਿਛਲੀਆਂ ਆਇਤਾਂ ’ਤੇ ਗੌਰ ਕਰੋ: “ਹੇ ਦੁਸ਼ਟ, ਧਰਮੀ ਦੀ ਵਸੋਂ ਦੀ ਘਾਤ ਵਿੱਚ ਨਾ ਬੈਠ! ਉਹ ਦੇ ਵਿਸਰਾਮ ਦੇ ਥਾਂ ਨੂੰ ਨਾ ਉਜਾੜ! ਧਰਮੀ ਸੱਤ ਵਾਰੀ ਡਿੱਗ ਕੇ ਉੱਠ ਖਲੋਂਦਾ ਹੈ, ਪਰ ਦੁਸ਼ਟ ਬਿਪਤਾ ਨਾਲ ਉਲਟਾਏ ਜਾਂਦੇ ਹਨ। ਜਦ ਤੇਰਾ ਵੈਰੀ ਡਿੱਗੇ ਤਾਂ ਤੂੰ ਅਨੰਦ ਨਾ ਹੋਵੀਂ, ਅਤੇ ਜਾਂ ਉਹ ਠੋਕਰ ਖਾਵੇ ਤਾਂ ਤੇਰਾ ਮਨ ਪਰਸੰਨ ਨਾ ਹੋਵੇ।”—ਕਹਾ. 24:15-17.

ਕੁਝ ਲੋਕਾਂ ਦਾ ਕਹਿਣਾ ਹੈ ਕਿ ਆਇਤ 16 ਵਿਚ ਉਸ ਵਿਅਕਤੀ ਦੀ ਗੱਲ ਕੀਤੀ ਗਈ ਹੈ ਜੋ ਪਾਪ ਕਰ ਕੇ ਤੋਬਾ ਕਰਨ ਤੋਂ ਬਾਅਦ ਫਿਰ ਤੋਂ ਪਰਮੇਸ਼ੁਰ ਨਾਲ ਚੰਗਾ ਰਿਸ਼ਤਾ ਕਾਇਮ ਕਰ ਸਕਦਾ ਹੈ। ਮਿਸਾਲ ਲਈ, ਦੋ ਪਾਦਰੀਆਂ ਨੇ ਲਿਖਿਆ ਕਿ “ਅੱਜ ਦੇ ਅਤੇ ਪੁਰਾਣੇ ਸਮੇਂ ਦੇ ਕੁਝ ਪ੍ਰਚਾਰਕਾਂ ਨੇ ਇਸ ਆਇਤ” ਨੂੰ ਇਸੇ ਤਰ੍ਹਾਂ ਸਮਝਾਇਆ ਹੈ। ਪਾਦਰੀਆਂ ਨੇ ਇਹ ਵੀ ਲਿਖਿਆ ਕਿ ਇਸ ਤਰ੍ਹਾਂ ਦਾ ਨਜ਼ਰੀਆ ਰੱਖਣ ਦਾ ਮਤਲਬ ਹੈ ਕਿ “ਇਕ ਚੰਗਾ ਆਦਮੀ ਸ਼ਾਇਦ ਕੋਈ . . . ਗੰਭੀਰ ਪਾਪ ਕਰ ਲਵੇ, ਪਰ ਪਰਮੇਸ਼ੁਰ ਲਈ ਉਸ ਦਾ ਪਿਆਰ ਕਦੇ ਖ਼ਤਮ ਨਹੀਂ ਹੋਵੇਗਾ ਅਤੇ ਉਹ ਹਰ ਵਾਰ ਤੋਬਾ ਕਰ ਕੇ ਉੱਠ ਖੜ੍ਹਦਾ ਹੈ।” ਇਹ ਗੱਲ ਸ਼ਾਇਦ ਉਸ ਵਿਅਕਤੀ ਨੂੰ ਚੰਗੀ ਲੱਗੇ ਜੋ ਪਾਪ ਕਰਨ ਦੇ ਝੁਕਾਅ ਨਾਲ ਲੜਨਾ ਹੀ ਨਹੀਂ ਚਾਹੁੰਦਾ। ਉਹ ਸ਼ਾਇਦ ਸੋਚੇ ਕਿ ਵਾਰ-ਵਾਰ ਪਾਪ ਕਰਨ ਤੋਂ ਬਾਅਦ ਵੀ ਪਰਮੇਸ਼ੁਰ ਉਸ ਨੂੰ ਮਾਫ਼ ਕਰਦਾ ਰਹੇਗਾ।

ਪਰ ਆਇਤ 16 ਦਾ ਇਹ ਮਤਲਬ ਨਹੀਂ ਹੈ।

ਆਇਤਾਂ 16 ਅਤੇ 17 ਵਿਚ ਜਿਸ ਇਬਰਾਨੀ ਸ਼ਬਦ ਦਾ ਤਰਜਮਾ “ਡਿਗ” ਅਤੇ “ਡਿਗੇ” ਕੀਤਾ ਗਿਆ ਹੈ, ਉਸ ਨੂੰ ਕਈ ਤਰੀਕਿਆਂ ਨਾਲ ਵਰਤਿਆ ਜਾ ਸਕਦਾ ਹੈ। ਇਸ ਦਾ ਮਤਲਬ ਸੱਚ-ਮੁੱਚ ਡਿਗਣਾ ਵੀ ਹੋ ਸਕਦਾ ਹੈ, ਜਿਵੇਂ ਕਿ ਇਕ ਜਾਨਵਰ ਸੜਕ ’ਤੇ ਡਿਗਿਆ, ਕੋਈ ਕੋਠੇ ਤੋਂ ਡਿੱਗਿਆ ਜਾਂ ਕੋਈ ਟੋਏ ਵਿਚ ਡਿਗਿਆ। (ਬਿਵ. 22:4, 8; ਆਮੋ. 9:9) ਪਰ ਇਸ ਸ਼ਬਦ ਦੇ ਹੋਰ ਵੀ ਮਤਲਬ ਹੋ ਸਕਦੇ ਹਨ, ਜਿਵੇਂ ਕਿ “ਮਨੁੱਖ ਦੀ ਚਾਲ ਯਹੋਵਾਹ ਵੱਲੋਂ ਦ੍ਰਿੜ੍ਹ ਹੁੰਦੀ ਹੈ, ਅਤੇ ਉਸ ਦੇ ਰਾਹ ਤੋਂ ਉਹ ਪਰਸੰਨ ਰਹਿੰਦਾ ਹੈ। ਭਾਵੇਂ ਉਹ ਡਿੱਗ ਹੀ ਪਵੇ ਪਰ ਡਿੱਗਿਆ ਨਹੀਂ ਰਹੇਗਾ, ਕਿਉਂ ਜੋ ਯਹੋਵਾਹ ਉਹ ਦਾ ਹੱਥ ਥੰਮ੍ਹਦਾ ਹੈ।”—ਜ਼ਬੂ. 37:23, 24; ਕਹਾ. 11:5; 13:17; 17:20.

ਗੌਰ ਕਰੋ ਕਿ ਪ੍ਰੋਫ਼ੈਸਰ ਐਡਵਰਡ ਐਚ. ਪਲੰਪਟ੍ਰੀ ਨੇ ਕੀ ਕਿਹਾ: “[“ਡਿਗਣ”] ਲਈ ਵਰਤਿਆ ਜਾਂਦਾ ਇਬਰਾਨੀ ਸ਼ਬਦ ਕਦੇ ਪਾਪ ਕਰਨ ਦੇ ਸੰਬੰਧ ਵਿਚ ਨਹੀਂ ਵਰਤਿਆ ਗਿਆ।” ਇਕ ਹੋਰ ਵਿਦਵਾਨ ਨੇ ਆਇਤ 16 ਨੂੰ ਇਸ ਤਰ੍ਹਾਂ ਸਮਝਾਇਆ: “ਪਰਮੇਸ਼ੁਰ ਦੇ ਲੋਕਾਂ ਨੂੰ ਸਤਾਉਣ ਦਾ ਕੋਈ ਫ਼ਾਇਦਾ ਨਹੀਂ ਕਿਉਂਕਿ ਉਹ ਸਫ਼ਲ ਹੋਣਗੇ, ਪਰ ਦੁਸ਼ਟ ਲੋਕ ਸਫ਼ਲ ਨਹੀਂ ਹੋਣਗੇ!”

ਸੋ ਕਹਾਉਤਾਂ 24:16 ਵਿਚ ਪਾਪ ਕਰਕੇ ਡਿਗਣ ਦੀ ਨਹੀਂ, ਸਗੋਂ ਵਾਰ-ਵਾਰ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਦੀ ਗੱਲ ਕੀਤੀ ਗਈ ਹੈ। ਇਸ ਦੁਸ਼ਟ ਦੁਨੀਆਂ ਵਿਚ ਇਕ ਧਰਮੀ ਇਨਸਾਨ ਨੂੰ ਸਿਹਤ ਸਮੱਸਿਆ ਜਾਂ ਹੋਰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ। ਸ਼ਾਇਦ ਸਰਕਾਰ ਉਸ ’ਤੇ ਅਤਿਆਚਾਰ ਵੀ ਕਰੇ, ਪਰ ਉਹ ਭਰੋਸਾ ਰੱਖ ਸਕਦਾ ਹੈ ਕਿ ਪਰਮੇਸ਼ੁਰ ਮੁਸ਼ਕਲਾਂ ਸਹਿਣ ਅਤੇ ਸਫ਼ਲ ਹੋਣ ਵਿਚ ਉਸ ਦੀ ਮਦਦ ਕਰੇਗਾ। ਖ਼ੁਦ ਨੂੰ ਪੁੱਛੋ, ‘ਕੀ ਮੈਂ ਨਹੀਂ ਦੇਖਿਆ ਕਿ ਪਰਮੇਸ਼ੁਰ ਦੇ ਲੋਕ ਅਕਸਰ ਮੁਸ਼ਕਲਾਂ ਪਾਰ ਕਰ ਲੈਂਦੇ ਹਨ?’ ਸਾਨੂੰ ਯਕੀਨ ਹੈ ਕਿ “ਯਹੋਵਾਹ ਸਾਰਿਆਂ ਡਿੱਗਣ ਵਾਲਿਆਂ ਨੂੰ ਸੰਭਾਲਦਾ ਹੈ, ਅਤੇ ਸਾਰਿਆਂ ਝੁਕਿਆਂ ਹੋਇਆਂ ਨੂੰ ਸਿੱਧਾ ਕਰ ਦਿੰਦਾ ਹੈ।”—ਜ਼ਬੂ. 41:1-3; 145:14-19.

“ਧਰਮੀ” ਇਹ ਸੁਣ ਕੇ ਖ਼ੁਸ਼ ਨਹੀਂ ਹੁੰਦਾ ਕਿ ਦੂਸਰੇ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹਨ। ਇਸ ਦੀ ਬਜਾਇ, ਉਸ ਨੂੰ ਇਹ ਜਾਣ ਕੇ ਖ਼ੁਸ਼ੀ ਹੁੰਦੀ ਹੈ ਕਿ “ਭਲਾ ਓਹਨਾਂ ਦਾ ਹੀ ਹੋਵੇਗਾ ਜੋ ਪਰਮੇਸ਼ੁਰ ਤੋਂ ਡਰਦੇ ਹਨ ਅਰ ਉਹ ਦਾ ਭੈ ਮੰਨਦੇ ਹਨ।”—ਉਪ. 8:11-13; ਅੱਯੂ. 31:3-6; ਜ਼ਬੂ. 27:5, 6.