ਬਿਵਸਥਾ ਸਾਰ 22:1-30

  • ਗੁਆਂਢੀਆਂ ਦੇ ਜਾਨਵਰਾਂ ਦਾ ਧਿਆਨ ਰੱਖਣਾ (1-4)

  • ਔਰਤਾਂ ਆਦਮੀਆਂ ਵਾਲੇ ਤੇ ਆਦਮੀ ਔਰਤਾਂ ਵਾਲੇ ਕੱਪੜੇ ਨਾ ਪਾਉਣ (5)

  • ਜਾਨਵਰਾਂ ’ਤੇ ਦਇਆ ਕਰਨੀ (6, 7)

  • ਛੱਤ ਉੱਤੇ ਬਨੇਰਾ (8)

  • ਵੱਖ-ਵੱਖ ਚੀਜ਼ਾਂ ਦਾ ਗ਼ਲਤ ਮੇਲ (9-11)

  • ਕੱਪੜਿਆਂ ’ਤੇ ਫੁੰਮਣ (12)

  • ਨਾਜਾਇਜ਼ ਸਰੀਰਕ ਸੰਬੰਧਾਂ ਬਾਰੇ ਕਾਨੂੰਨ (13-30)

22  “ਜੇ ਤੂੰ ਆਪਣੇ ਭਰਾ ਦੇ ਬਲਦ ਜਾਂ ਭੇਡ ਨੂੰ ਭਟਕਦਿਆਂ ਦੇਖੇਂ, ਤਾਂ ਤੂੰ ਜਾਣ-ਬੁੱਝ ਕੇ ਉਸ ਨੂੰ ਨਜ਼ਰਅੰਦਾਜ਼ ਨਾ ਕਰੀਂ।+ ਤੂੰ ਜ਼ਰੂਰ ਉਸ ਨੂੰ ਆਪਣੇ ਭਰਾ ਕੋਲ ਲੈ ਜਾਈਂ।  ਪਰ ਜੇ ਤੇਰਾ ਭਰਾ ਤੇਰੇ ਘਰ ਦੇ ਨੇੜੇ ਨਹੀਂ ਰਹਿੰਦਾ ਜਾਂ ਤੈਨੂੰ ਨਹੀਂ ਪਤਾ ਕਿ ਉਸ ਜਾਨਵਰ ਦਾ ਮਾਲਕ ਕੌਣ ਹੈ, ਤਾਂ ਤੂੰ ਉਸ ਨੂੰ ਆਪਣੇ ਘਰ ਲੈ ਆਈਂ ਅਤੇ ਉਸ ਨੂੰ ਆਪਣੇ ਕੋਲ ਤਦ ਤਕ ਰੱਖੀਂ ਜਦ ਤਕ ਤੇਰਾ ਭਰਾ ਉਸ ਨੂੰ ਲੱਭਦੇ ਹੋਏ ਤੇਰੇ ਕੋਲ ਨਹੀਂ ਆ ਜਾਂਦਾ। ਜਦ ਉਹ ਆਵੇ, ਤਾਂ ਤੂੰ ਉਹ ਜਾਨਵਰ ਉਸ ਨੂੰ ਵਾਪਸ ਕਰ ਦੇਈਂ।+  ਤੈਨੂੰ ਆਪਣੇ ਭਰਾ ਦੀ ਜੋ ਵੀ ਗੁਆਚੀ ਚੀਜ਼ ਲੱਭਦੀ ਹੈ, ਤੂੰ ਉਸ ਨੂੰ ਵਾਪਸ ਕਰ ਦੇਈਂ, ਚਾਹੇ ਉਸ ਦਾ ਗਧਾ ਹੋਵੇ ਜਾਂ ਉਸ ਦਾ ਕੋਈ ਕੱਪੜਾ। ਤੂੰ ਉਸ ਨੂੰ ਨਜ਼ਰਅੰਦਾਜ਼ ਨਾ ਕਰੀਂ।  “ਜੇ ਤੂੰ ਆਪਣੇ ਭਰਾ ਦੇ ਗਧੇ ਜਾਂ ਬਲਦ ਨੂੰ ਸੜਕ ’ਤੇ ਡਿਗਿਆ ਹੋਇਆ ਦੇਖੇਂ, ਤਾਂ ਤੂੰ ਜਾਣ-ਬੁੱਝ ਕੇ ਉਸ ਨੂੰ ਨਜ਼ਰਅੰਦਾਜ਼ ਨਾ ਕਰੀਂ। ਤੂੰ ਉਸ ਜਾਨਵਰ ਨੂੰ ਖੜ੍ਹਾ ਕਰਨ ਵਿਚ ਆਪਣੇ ਭਰਾ ਦੀ ਜ਼ਰੂਰ ਮਦਦ ਕਰੀਂ।+  “ਔਰਤ ਨੂੰ ਆਦਮੀਆਂ ਵਾਲੇ ਕੱਪੜੇ ਨਹੀਂ ਪਾਉਣੇ ਚਾਹੀਦੇ ਅਤੇ ਆਦਮੀ ਨੂੰ ਔਰਤਾਂ ਵਾਲੇ ਕੱਪੜੇ ਨਹੀਂ ਪਾਉਣੇ ਚਾਹੀਦੇ। ਜਿਹੜਾ ਵੀ ਇਸ ਤਰ੍ਹਾਂ ਕਰਦਾ ਹੈ, ਉਹ ਤੁਹਾਡੇ ਪਰਮੇਸ਼ੁਰ ਯਹੋਵਾਹ ਦੀਆਂ ਨਜ਼ਰਾਂ ਵਿਚ ਘਿਣਾਉਣਾ ਹੈ।  “ਜੇ ਤੈਨੂੰ ਰਾਹ ਵਿਚ ਕਿਸੇ ਦਰਖ਼ਤ ਜਾਂ ਜ਼ਮੀਨ ’ਤੇ ਆਲ੍ਹਣਾ ਪਿਆ ਦਿਖਾਈ ਦੇਵੇ ਅਤੇ ਉਸ ਵਿਚ ਪੰਛੀ ਦੇ ਬੱਚੇ ਜਾਂ ਆਂਡੇ ਪਏ ਹੋਣ ਅਤੇ ਮਾਂ ਆਪਣੇ ਬੱਚਿਆਂ ਜਾਂ ਆਂਡਿਆਂ ਉੱਤੇ ਬੈਠੀ ਹੋਵੇ, ਤਾਂ ਤੂੰ ਬੱਚਿਆਂ ਦੇ ਨਾਲ ਉਸ ਪੰਛੀ ਨੂੰ ਨਾ ਫੜੀਂ।+  ਤੂੰ ਬੱਚੇ ਲੈ ਸਕਦਾ ਹੈਂ, ਪਰ ਪੰਛੀ ਨੂੰ ਉਡਾ ਦੇਈਂ। ਇਸ ਤਰ੍ਹਾਂ ਕਰਨ ਨਾਲ ਤੇਰਾ ਭਲਾ ਹੋਵੇਗਾ ਅਤੇ ਤੂੰ ਲੰਬੀ ਜ਼ਿੰਦਗੀ ਜੀ ਸਕੇਂਗਾ।  “ਜਦ ਤੂੰ ਨਵਾਂ ਘਰ ਬਣਾਵੇਂ, ਤਾਂ ਤੂੰ ਛੱਤ ’ਤੇ ਬਨੇਰਾ ਜ਼ਰੂਰ ਬਣਾਈਂ,+ ਕਿਤੇ ਇੱਦਾਂ ਨਾ ਹੋਵੇ ਕਿ ਕੋਈ ਛੱਤ ਤੋਂ ਡਿਗ ਪਵੇ ਅਤੇ ਉਸ ਦੇ ਖ਼ੂਨ ਦਾ ਦੋਸ਼ ਤੇਰੇ ਸਿਰ ਆ ਪਵੇ।  “ਤੂੰ ਆਪਣੇ ਅੰਗੂਰਾਂ ਦੇ ਬਾਗ਼ ਵਿਚ ਦੋ ਤਰ੍ਹਾਂ ਦੀ ਫ਼ਸਲ* ਨਾ ਬੀਜੀਂ।+ ਨਹੀਂ ਤਾਂ ਅੰਗੂਰਾਂ ਦੇ ਬਾਗ਼ ਦੀ ਸਾਰੀ ਪੈਦਾਵਾਰ ਅਤੇ ਦੂਜੀ ਫ਼ਸਲ ਦੀ ਸਾਰੀ ਪੈਦਾਵਾਰ ਜ਼ਬਤ ਕਰ ਕੇ ਪਵਿੱਤਰ ਸਥਾਨ ਵਿਚ ਚੜ੍ਹਾ ਦਿੱਤੀ ਜਾਵੇਗੀ। 10  “ਤੂੰ ਖੇਤ ਵਾਹੁਣ ਲਈ ਬਲਦ ਅਤੇ ਗਧੇ ਨੂੰ ਇੱਕੋ ਜੂਲੇ ਹੇਠ ਨਾ ਜੋਤੀਂ।+ 11  “ਤੂੰ ਅਜਿਹਾ ਕੱਪੜਾ ਨਾ ਪਾਈਂ ਜੋ ਉੱਨ ਅਤੇ ਮਲਮਲ ਦੇ ਧਾਗਿਆਂ ਨਾਲ ਬੁਣਿਆ ਹੋਵੇ।+ 12  “ਤੂੰ ਆਪਣੇ ਚੋਗੇ ਦੇ ਚਾਰੇ ਕੋਨਿਆਂ ’ਤੇ ਫੁੰਮਣ ਲਾਈਂ।+ 13  “ਮੰਨ ਲਓ ਇਕ ਆਦਮੀ ਵਿਆਹ ਕਰਾਉਂਦਾ ਹੈ ਅਤੇ ਆਪਣੀ ਪਤਨੀ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ, ਪਰ ਫਿਰ ਉਹ ਉਸ ਨੂੰ ਨਫ਼ਰਤ ਕਰਨ ਲੱਗ ਪੈਂਦਾ ਹੈ।* 14  ਉਹ ਉਸ ’ਤੇ ਬਦਚਲਣੀ ਦਾ ਦੋਸ਼ ਲਾਉਂਦਾ ਹੈ ਅਤੇ ਇਹ ਕਹਿ ਕੇ ਉਸ ਨੂੰ ਬਦਨਾਮ ਕਰਦਾ ਹੈ: ‘ਮੈਂ ਇਸ ਨਾਲ ਵਿਆਹ ਕਰਾਇਆ ਸੀ, ਪਰ ਜਦ ਮੈਂ ਇਸ ਨਾਲ ਸਰੀਰਕ ਸੰਬੰਧ ਬਣਾਏ, ਤਾਂ ਮੈਨੂੰ ਇਸ ਦੇ ਕੁਆਰੇ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ।’ 15  ਤਦ ਕੁੜੀ ਦੇ ਮਾਤਾ-ਪਿਤਾ ਸ਼ਹਿਰ ਦੇ ਦਰਵਾਜ਼ੇ ’ਤੇ ਬਜ਼ੁਰਗਾਂ ਕੋਲ ਜਾਣ ਅਤੇ ਉਨ੍ਹਾਂ ਸਾਮ੍ਹਣੇ ਆਪਣੀ ਕੁੜੀ ਦੇ ਕੁਆਰੇ ਹੋਣ ਦਾ ਸਬੂਤ ਪੇਸ਼ ਕਰਨ। 16  ਕੁੜੀ ਦਾ ਪਿਤਾ ਬਜ਼ੁਰਗਾਂ ਨੂੰ ਕਹੇ, ‘ਮੈਂ ਆਪਣੀ ਕੁੜੀ ਦਾ ਵਿਆਹ ਇਸ ਆਦਮੀ ਨਾਲ ਕੀਤਾ ਸੀ, ਪਰ ਹੁਣ ਇਹ ਉਸ ਨਾਲ ਨਫ਼ਰਤ ਕਰਦਾ ਹੈ* 17  ਅਤੇ ਇਸ ਨੇ ਉਸ ’ਤੇ ਬਦਚਲਣੀ ਦਾ ਦੋਸ਼ ਲਾ ਕੇ ਇਹ ਗੱਲ ਕਹੀ ਹੈ: “ਮੈਨੂੰ ਤੁਹਾਡੀ ਕੁੜੀ ਦੇ ਕੁਆਰੇ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ।” ਪਰ ਆਹ ਦੇਖੋ ਮੇਰੀ ਧੀ ਦੇ ਕੁਆਰੇ ਹੋਣ ਦਾ ਸਬੂਤ।’ ਫਿਰ ਕੁੜੀ ਦੇ ਮਾਤਾ-ਪਿਤਾ ਸ਼ਹਿਰ ਦੇ ਬਜ਼ੁਰਗਾਂ ਸਾਮ੍ਹਣੇ ਸਬੂਤ ਵਜੋਂ ਚਾਦਰ ਵਿਛਾਉਣ। 18  ਸ਼ਹਿਰ ਦੇ ਬਜ਼ੁਰਗ+ ਉਸ ਆਦਮੀ ਨੂੰ ਸਜ਼ਾ ਦੇਣ।+ 19  ਬਜ਼ੁਰਗ ਉਸ ਉੱਤੇ 100 ਸ਼ੇਕੇਲ* ਚਾਂਦੀ ਜੁਰਮਾਨਾ ਲਾਉਣ ਅਤੇ ਕੁੜੀ ਦੇ ਪਿਤਾ ਨੂੰ ਦੇ ਦੇਣ ਕਿਉਂਕਿ ਉਸ ਆਦਮੀ ਨੇ ਇਜ਼ਰਾਈਲ ਦੀ ਇਕ ਕੁਆਰੀ ਕੁੜੀ ਨੂੰ ਬੇਇੱਜ਼ਤ ਕੀਤਾ ਹੈ।+ ਨਾਲੇ ਕੁੜੀ ਉਸ ਦੀ ਪਤਨੀ ਬਣੀ ਰਹੇਗੀ ਅਤੇ ਉਹ ਆਪਣੇ ਜੀਉਂਦੇ-ਜੀ ਕੁੜੀ ਨੂੰ ਤਲਾਕ ਨਹੀਂ ਦੇ ਸਕਦਾ। 20  “ਪਰ ਜੇ ਕੁੜੀ ’ਤੇ ਲਾਇਆ ਦੋਸ਼ ਸੱਚ ਹੈ ਅਤੇ ਉਸ ਦੇ ਕੁਆਰੇ ਹੋਣ ਦਾ ਕੋਈ ਸਬੂਤ ਨਹੀਂ ਮਿਲਦਾ, 21  ਤਾਂ ਉਹ ਕੁੜੀ ਨੂੰ ਉਸ ਦੇ ਪਿਤਾ ਦੇ ਘਰ ਦੇ ਦਰਵਾਜ਼ੇ ਕੋਲ ਲਿਆਉਣ ਅਤੇ ਉਸ ਦੇ ਸ਼ਹਿਰ ਦੇ ਆਦਮੀ ਉਸ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਮੁਕਾਉਣ ਕਿਉਂਕਿ ਉਸ ਨੇ ਆਪਣੇ ਪਿਤਾ ਦੇ ਘਰ ਰਹਿੰਦਿਆਂ ਹਰਾਮਕਾਰੀ* ਕਰ ਕੇ ਇਜ਼ਰਾਈਲ ਵਿਚ ਬੇਸ਼ਰਮੀ ਭਰਿਆ ਕੰਮ ਕੀਤਾ ਹੈ।+ ਇਸ ਤਰ੍ਹਾਂ ਤੁਸੀਂ ਆਪਣੇ ਲੋਕਾਂ ਵਿੱਚੋਂ ਇਹ ਬੁਰਾਈ ਕੱਢ ਦਿਓ।+ 22  “ਜੇ ਕੋਈ ਆਦਮੀ ਕਿਸੇ ਹੋਰ ਦੀ ਪਤਨੀ ਨਾਲ ਸਰੀਰਕ ਸੰਬੰਧ ਬਣਾਉਂਦਾ ਹੋਇਆ ਫੜਿਆ ਜਾਵੇ, ਤਾਂ ਉਸ ਆਦਮੀ ਤੇ ਔਰਤ ਦੋਵਾਂ ਨੂੰ ਇਕੱਠਿਆਂ ਜਾਨੋਂ ਮਾਰ ਦਿੱਤਾ ਜਾਵੇ।+ ਇਸ ਤਰ੍ਹਾਂ ਤੁਸੀਂ ਇਜ਼ਰਾਈਲ ਵਿੱਚੋਂ ਇਹ ਬੁਰਾਈ ਕੱਢ ਦਿਓ। 23  “ਜੇ ਕਿਸੇ ਕੁਆਰੀ ਕੁੜੀ ਦੀ ਮੰਗਣੀ ਹੋਈ ਹੈ ਅਤੇ ਉਸ ਨੂੰ ਅਚਾਨਕ ਕੋਈ ਹੋਰ ਆਦਮੀ ਸ਼ਹਿਰ ਵਿਚ ਮਿਲਦਾ ਹੈ ਅਤੇ ਉਸ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ, 24  ਤਾਂ ਤੁਸੀਂ ਦੋਵਾਂ ਨੂੰ ਸ਼ਹਿਰ ਦੇ ਦਰਵਾਜ਼ੇ ਕੋਲ ਲਿਜਾ ਕੇ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦਿਓ। ਕੁੜੀ ਨੂੰ ਇਸ ਕਰਕੇ ਮਾਰਿਆ ਜਾਵੇ ਕਿਉਂਕਿ ਉਸ ਨੇ ਸ਼ਹਿਰ ਵਿਚ ਹੁੰਦਿਆਂ ਮਦਦ ਲਈ ਚੀਕਾਂ ਨਹੀਂ ਮਾਰੀਆਂ ਅਤੇ ਆਦਮੀ ਨੂੰ ਇਸ ਕਰਕੇ ਮਾਰਿਆ ਜਾਵੇ ਕਿਉਂਕਿ ਉਸ ਨੇ ਕਿਸੇ ਹੋਰ ਦੀ ਪਤਨੀ ਨੂੰ ਬੇਇੱਜ਼ਤ ਕੀਤਾ ਹੈ।+ ਇਸ ਤਰ੍ਹਾਂ ਤੁਸੀਂ ਆਪਣੇ ਲੋਕਾਂ ਵਿੱਚੋਂ ਇਹ ਬੁਰਾਈ ਕੱਢ ਦਿਓ। 25  “ਪਰ ਜੇ ਕੋਈ ਆਦਮੀ ਕਿਸੇ ਕੁੜੀ ਨੂੰ ਸ਼ਹਿਰੋਂ ਬਾਹਰ ਕਿਤੇ ਦੇਖਦਾ ਹੈ ਜਿਸ ਦੀ ਮੰਗਣੀ ਹੋਈ ਹੈ ਅਤੇ ਉਸ ਨਾਲ ਜ਼ਬਰਦਸਤੀ ਕਰਦਾ ਹੈ, ਤਾਂ ਸਿਰਫ਼ ਉਸ ਆਦਮੀ ਨੂੰ ਜਾਨੋਂ ਮਾਰਿਆ ਜਾਵੇ। 26  ਪਰ ਤੁਸੀਂ ਉਸ ਕੁੜੀ ਨਾਲ ਕੁਝ ਨਾ ਕਰਿਓ ਕਿਉਂਕਿ ਉਸ ਨੇ ਕੋਈ ਪਾਪ ਨਹੀਂ ਕੀਤਾ ਹੈ, ਇਸ ਲਈ ਉਹ ਮੌਤ ਦੀ ਸਜ਼ਾ ਦੇ ਲਾਇਕ ਨਹੀਂ ਹੈ। ਇਹ ਮਾਮਲਾ ਵੀ ਉਸੇ ਤਰ੍ਹਾਂ ਦਾ ਹੈ ਜਦੋਂ ਕੋਈ ਕਿਸੇ ’ਤੇ ਹਮਲਾ ਕਰ ਕੇ ਉਸ ਦਾ ਖ਼ੂਨ ਕਰ ਦਿੰਦਾ ਹੈ।+ 27  ਉਸ ਆਦਮੀ ਨੇ ਸ਼ਹਿਰੋਂ ਬਾਹਰ ਕਿਤੇ ਉਸ ਮੰਗੀ ਹੋਈ ਕੁੜੀ ਨੂੰ ਫੜਿਆ ਅਤੇ ਉਸ ਕੁੜੀ ਨੇ ਮਦਦ ਲਈ ਚੀਕਾਂ ਮਾਰੀਆਂ, ਪਰ ਉੱਥੇ ਉਸ ਨੂੰ ਬਚਾਉਣ ਵਾਲਾ ਕੋਈ ਨਹੀਂ ਸੀ। 28  “ਜੇ ਕੋਈ ਆਦਮੀ ਕਿਸੇ ਕੁਆਰੀ ਕੁੜੀ ਨੂੰ ਸ਼ਹਿਰੋਂ ਬਾਹਰ ਕਿਤੇ ਦੇਖਦਾ ਹੈ ਜਿਸ ਦੀ ਮੰਗਣੀ ਨਹੀਂ ਹੋਈ ਹੈ ਅਤੇ ਉਹ ਉਸ ਨੂੰ ਫੜ ਕੇ ਉਸ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ ਅਤੇ ਉਹ ਦੋਵੇਂ ਫੜੇ ਜਾਂਦੇ ਹਨ,+ 29  ਤਾਂ ਉਹ ਆਦਮੀ ਉਸ ਕੁੜੀ ਦੇ ਪਿਤਾ ਨੂੰ 50 ਸ਼ੇਕੇਲ ਚਾਂਦੀ ਦੇਵੇ। ਉਹ ਕੁੜੀ ਉਸ ਦੀ ਪਤਨੀ ਬਣ ਜਾਵੇਗੀ।+ ਉਹ ਆਪਣੇ ਜੀਉਂਦੇ-ਜੀ ਉਸ ਨੂੰ ਤਲਾਕ ਨਹੀਂ ਦੇ ਸਕਦਾ ਕਿਉਂਕਿ ਉਸ ਨੇ ਉਸ ਕੁੜੀ ਨੂੰ ਬੇਇੱਜ਼ਤ ਕੀਤਾ ਹੈ। 30  “ਕੋਈ ਵੀ ਆਪਣੇ ਪਿਤਾ ਦੀ ਪਤਨੀ ਨਾਲ ਸਰੀਰਕ ਸੰਬੰਧ ਨਾ ਬਣਾਵੇ। ਇਸ ਤਰ੍ਹਾਂ ਕਰ ਕੇ ਉਹ ਆਪਣੇ ਪਿਤਾ ਨੂੰ ਬੇਇੱਜ਼ਤ ਕਰਦਾ ਹੈ।+

ਫੁਟਨੋਟ

ਇਬ, “ਬੀ।”
ਜਾਂ, “ਉਸ ਨੂੰ ਠੁਕਰਾ ਦਿੰਦਾ ਹੈ।”
ਜਾਂ, “ਇਸ ਨੇ ਉਸ ਨੂੰ ਠੁਕਰਾ ਦਿੱਤਾ ਹੈ।”
ਇਕ ਸ਼ੇਕੇਲ 11.4 ਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਜਾਂ, “ਵੇਸਵਾਗਿਰੀ।”