Skip to content

ਯਹੋਵਾਹ ਦੇ ਗਵਾਹ ਪ੍ਰਭੂ ਦਾ ਭੋਜਨ ਦੂਜੇ ਧਰਮਾਂ ਤੋਂ ਅਲੱਗ ਤਰੀਕੇ ਨਾਲ ਕਿਉਂ ਮਨਾਉਂਦੇ ਹਨ?

ਯਹੋਵਾਹ ਦੇ ਗਵਾਹ ਪ੍ਰਭੂ ਦਾ ਭੋਜਨ ਦੂਜੇ ਧਰਮਾਂ ਤੋਂ ਅਲੱਗ ਤਰੀਕੇ ਨਾਲ ਕਿਉਂ ਮਨਾਉਂਦੇ ਹਨ?

 ਅਸੀਂ ਬਾਈਬਲ ਦੀ ਸਖ਼ਤੀ ਨਾਲ ਪਾਲਣਾ ਕਰਦੇ ਹੋਏ ਪ੍ਰਭੂ ਦਾ ਸੰਧਿਆ ਭੋਜਨ ਮਨਾਉਂਦੇ ਹਾਂ ਜਿਸ ਨੂੰ “ਪ੍ਰਭੂ ਦਾ ਭੋਜਨ,” ਆਖ਼ਰੀ ਭੋਜਨ ਅਤੇ ਯਿਸੂ ਦੀ ਮੌਤ ਦੀ ਯਾਦਗਾਰ ਵੀ ਕਿਹਾ ਜਾਂਦਾ ਹੈ। (1 ਕੁਰਿੰਥੀਆਂ 11:20) ਇਸ ਤੋਂ ਉਲਟ, ਇਸ ਯਾਦਗਾਰ ਸੰਬੰਧੀ ਦੂਜੇ ਪੰਥਾਂ ਦੇ ਕਈ ਵਿਸ਼ਵਾਸ ਅਤੇ ਸਿੱਖਿਆਵਾਂ ਬਾਈਬਲ ʼਤੇ ਆਧਾਰਿਤ ਨਹੀਂ ਹਨ।

ਮਕਸਦ

 ਪ੍ਰਭੂ ਦਾ ਭੋਜਨ ਮਨਾਉਣ ਦਾ ਮਕਸਦ ਹੈ ਯਿਸੂ ਨੂੰ ਯਾਦ ਕਰਨਾ ਤੇ ਉਸ ਨੇ ਸਾਡੇ ਲਈ ਜੋ ਕੁਰਬਾਨੀ ਦਿੱਤੀ, ਉਸ ਲਈ ਸ਼ੁਕਰੀਆ ਅਦਾ ਕਰਨਾ। (ਮੱਤੀ 20:28; 1 ਕੁਰਿੰਥੀਆਂ 11:24) ਇਹ ਤਿਉਹਾਰ ਕੋਈ ਧਾਰਮਿਕ ਰੀਤ [Sacrament] ਨਹੀਂ ਹੈ ਜਿਸ ਨਾਲ ਸਾਡੇ ʼਤੇ ਕਿਰਪਾ ਹੋ ਸਕਦੀ ਹੈ ਜਾਂ ਸਾਨੂੰ ਪਾਪਾਂ ਦੀ ਮਾਫ਼ੀ ਮਿਲ ਸਕਦੀ ਹੈ। a ਬਾਈਬਲ ਸਿਖਾਉਂਦੀ ਹੈ ਕਿ ਸਾਡੇ ਪਾਪ ਕਿਸੇ ਧਾਰਮਿਕ ਰੀਤ ਮਨਾਉਣ ਨਾਲ ਮਾਫ਼ ਨਹੀਂ ਹੋਣਗੇ, ਬਲਕਿ ਯਿਸੂ ʼਤੇ ਨਿਹਚਾ ਕਰਨ ਨਾਲ ਹੀ ਸਾਨੂੰ ਮਾਫ਼ੀ ਮਿਲ ਸਕਦੀ ਹੈ।​—ਰੋਮੀਆਂ 3:25; 1 ਯੂਹੰਨਾ 2:1, 2.

ਕਿੰਨੀ ਵਾਰੀ ਮਨਾਉਣਾ ਚਾਹੀਦਾ ਹੈ?

 ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਭੂ ਦਾ ਭੋਜਨ ਮਨਾਉਣ ਦਾ ਹੁਕਮ ਦਿੱਤਾ ਸੀ, ਪਰ ਉਸ ਨੇ ਇਹ ਨਹੀਂ ਦੱਸਿਆ ਕਿ ਕਿੰਨੀ ਵਾਰ ਮਨਾਉਣਾ ਚਾਹੀਦਾ ਹੈ। (ਲੂਕਾ 22:19) ਕੁਝ ਲੋਕਾਂ ਨੂੰ ਲੱਗਦਾ ਹੈ ਕਿ ਇਸ ਨੂੰ ਮਹੀਨੇ ਵਿਚ ਇਕ ਵਾਰ ਮਨਾਉਣਾ ਚਾਹੀਦਾ ਹੈ ਜਦ ਕਿ ਦੂਜੇ ਇਸ ਨੂੰ ਹਫ਼ਤੇ ਵਿਚ ਇਕ ਵਾਰ, ਹਰ ਰੋਜ਼, ਹਰ ਰੋਜ਼ ਕਈ ਵਾਰ ਜਾਂ ਜਿਵੇਂ ਕਿਸੇ ਨੂੰ ਸਹੀ ਲੱਗਦਾ ਹੈ, ਉੱਨੀ ਵਾਰ ਮਨਾਉਂਦੇ ਹਨ। b ਪਰ ਇੱਥੇ ਕੁਝ ਗੱਲਾਂ ਦੱਸੀਆਂ ਗਈਆਂ ਹਨ ਜਿਨ੍ਹਾਂ ਉੱਤੇ ਸਾਨੂੰ ਗੌਰ ਕਰਨਾ ਚਾਹੀਦਾ ਹੈ।

 ਯਿਸੂ ਨੇ ਪ੍ਰਭੂ ਦੇ ਭੋਜਨ ਦੀ ਰੀਤ ਉਸ ਦਿਨ ਸ਼ੁਰੂ ਕੀਤੀ ਸੀ ਜਿਸ ਦਿਨ ਯਹੂਦੀ ਪਸਾਹ ਦਾ ਤਿਉਹਾਰ ਮਨਾਉਂਦੇ ਸਨ ਅਤੇ ਇਸ ਤੋਂ ਬਾਅਦ ਉਸੇ ਦਿਨ ਯਿਸੂ ਦੀ ਮੌਤ ਹੋ ਗਈ। (ਮੱਤੀ 26:1, 2) ਇਹ ਘਟਨਾ ਕੋਈ ਇਤਫ਼ਾਕ ਨਹੀਂ ਸੀ। ਬਾਈਬਲ ਯਿਸੂ ਦੀ ਕੁਰਬਾਨੀ ਦੀ ਤੁਲਨਾ ਪਸਾਹ ਦੇ ਲੇਲੇ ਨਾਲ ਕਰਦੀ ਹੈ। (1 ਕੁਰਿੰਥੀਆਂ 5:7, 8) ਪਸਾਹ ਦਾ ਤਿਉਹਾਰ ਸਾਲ ਵਿਚ ਇਕ ਵਾਰ ਮਨਾਇਆ ਜਾਂਦਾ ਸੀ। (ਕੂਚ 12:1-6; ਲੇਵੀਆਂ 23:5) ਇਸੇ ਤਰ੍ਹਾਂ ਪਹਿਲੀ ਸਦੀ ਦੇ ਮਸੀਹੀ c ਯਿਸੂ ਦੀ ਮੌਤ ਦੀ ਯਾਦਗਾਰ ਸਾਲ ਵਿਚ ਇਕ ਵਾਰ ਮਨਾਉਂਦੇ ਸਨ ਅਤੇ ਯਹੋਵਾਹ ਦੇ ਗਵਾਹ ਬਾਈਬਲ ਵਿਚ ਦੱਸੇ ਉਸੇ ਨਮੂਨੇ ʼਤੇ ਚੱਲਦੇ ਹਨ।

ਸਮਾਂ ਅਤੇ ਤਾਰੀਖ਼

 ਯਿਸੂ ਦੁਆਰਾ ਕਾਇਮ ਕੀਤਾ ਨਮੂਨਾ ਨਾ ਸਿਰਫ਼ ਸਾਡੀ ਇਹ ਜਾਣਨ ਵਿਚ ਮਦਦ ਕਰਦਾ ਹੈ ਕਿ ਇਸ ਤਿਉਹਾਰ ਨੂੰ ਕਿੰਨੀ ਵਾਰ ਮਨਾਇਆ ਜਾਣਾ ਚਾਹੀਦਾ ਹੈ, ਸਗੋਂ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਦੀ ਤਾਰੀਖ਼ ਅਤੇ ਸਮਾਂ ਵੀ ਪਤਾ ਲੱਗਦਾ ਹੈ। ਬਾਈਬਲ ਦੇ ਚੰਦਰ-ਕਲੰਡਰ ਮੁਤਾਬਕ ਯਿਸੂ ਨੇ ਇਹ ਰੀਤ 14 ਨੀਸਾਨ 33 ਈਸਵੀ ਨੂੰ ਸੂਰਜ ਡੁੱਬਣ ਤੋਂ ਬਾਅਦ ਸ਼ੁਰੂ ਕੀਤੀ ਸੀ। (ਮੱਤੀ 26:18-20, 26) ਪਹਿਲੀ ਸਦੀ ਦੇ ਮਸੀਹੀਆਂ ਵਾਂਗ ਅਸੀਂ ਵੀ ਹਰ ਸਾਲ ਉਸੇ ਤਾਰੀਖ਼ ਨੂੰ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਂਦੇ ਹਾਂ। d

 ਭਾਵੇਂ ਕਿ 14 ਨੀਸਾਨ 33 ਈਸਵੀ ਨੂੰ ਸ਼ੁੱਕਰਵਾਰ ਦਾ ਦਿਨ ਸੀ, ਪਰ ਹਰ ਸਾਲ ਇਹ ਤਾਰੀਖ਼ ਹਫ਼ਤੇ ਦੇ ਕਿਸੇ ਹੋਰ ਦਿਨ ਹੋ ਸਕਦੀ ਹੈ। ਅਸੀਂ ਤਾਰੀਖ਼ ਤੈਅ ਕਰਨ ਲਈ ਦੇਖਦੇ ਹਾਂ ਕਿ ਹਰ ਸਾਲ 14 ਨੀਸਾਨ ਕਿਹੜੇ ਦਿਨ ਆਉਂਦਾ ਹੈ। ਅਸੀਂ ਯਹੂਦੀਆਂ ਦੇ ਨਵੇਂ ਕਲੰਡਰ ਮੁਤਾਬਕ ਦੱਸੇ ਤਰੀਕੇ ਦੀ ਬਜਾਇ ਉਹੀ ਤਰੀਕਾ ਵਰਤਦੇ ਹਾਂ ਜੋ ਯਿਸੂ ਦੇ ਸਮੇਂ ਵਿਚ ਵਰਤਿਆ ਜਾਂਦਾ ਸੀ। e

ਰੋਟੀ ਅਤੇ ਦਾਖਰਸ

 ਇਸ ਨਵੀਂ ਰੀਤ ਲਈ ਯਿਸੂ ਨੇ ਬੇਖਮੀਰੀ ਰੋਟੀ ਅਤੇ ਲਾਲ ਦਾਖਰਸ ਵਰਤੀ ਸੀ ਜੋ ਪਸਾਹ ਦੇ ਭੋਜਨ ਵਿੱਚੋਂ ਬਚੀ ਸੀ। (ਮੱਤੀ 26:26-28) ਇਸ ਮਿਸਾਲ ʼਤੇ ਚੱਲਦੇ ਹੋਏ ਅਸੀਂ ਉਹ ਰੋਟੀ ਵਰਤਦੇ ਹਾਂ ਜੋ ਬੇਖਮੀਰੀ ਹੁੰਦੀ ਹੈ ਤੇ ਇਸ ਵਿਚ ਕੁਝ ਹੋਰ ਚੀਜ਼ਾਂ ਨਹੀਂ ਮਿਲਾਈਆਂ ਹੁੰਦੀਆਂ। ਨਾਲੇ ਅਸੀਂ ਸ਼ੁੱਧ ਦਾਖਰਸ ਵਰਤਦੇ ਹਾਂ ਨਾ ਕਿ ਅੰਗੂਰਾਂ ਦਾ ਜੂਸ ਜਾਂ ਉਹ ਵਾਈਨ ਜਿਸ ਵਿਚ ਮਿੱਠਾ ਤੇ ਮਸਾਲੇ ਪਾਏ ਹੁੰਦੇ ਹਨ ਜਾਂ ਜੋ ਤੇਜ਼ ਹੁੰਦੀ ਹੈ।

 ਕੁਝ ਪੰਥਾਂ ਵਿਚ ਖਮੀਰੀ ਰੋਟੀ ਵਰਤੀ ਜਾਂਦੀ ਹੈ, ਪਰ ਬਾਈਬਲ ਵਿਚ ਖਮੀਰ ਨੂੰ ਅਕਸਰ ਪਾਪ ਅਤੇ ਦੁਸ਼ਟਤਾ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। (ਲੂਕਾ 12:1; 1 ਕੁਰਿੰਥੀਆਂ 5:6-8; ਗਲਾਤੀਆਂ 5:7-9) ਇਸ ਲਈ ਖਮੀਰ ਅਤੇ ਹੋਰ ਚੀਜ਼ਾਂ ਤੋਂ ਰਹਿਤ ਰੋਟੀ ਹੀ ਮਸੀਹ ਦੇ ਪਾਪ-ਰਹਿਤ ਸਰੀਰ ਨੂੰ ਦਰਸਾ ਸਕਦੀ ਹੈ। (1 ਪਤਰਸ 2:22) ਬਾਈਬਲ ਵਿਚ ਇਸ ਗੱਲ ਦਾ ਕੋਈ ਆਧਾਰ ਨਹੀਂ ਦਿੱਤਾ ਗਿਆ ਕਿ ਦਾਖਰਸ ਦੀ ਜਗ੍ਹਾ ਅੰਗੂਰਾਂ ਦਾ ਬੇਖਮੀਰਾ ਜੂਸ ਵਰਤਿਆ ਜਾ ਸਕਦਾ ਹੈ। ਕੁਝ ਚਰਚਾਂ ਵਿਚ ਇਸ ਤਰ੍ਹਾਂ ਕੀਤਾ ਜਾਂਦਾ ਹੈ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਬਾਈਬਲ ਮੁਤਾਬਕ ਸ਼ਰਾਬ ਪੀਣੀ ਬਿਲਕੁਲ ਮਨ੍ਹਾ ਹੈ।​—1 ਤਿਮੋਥਿਉਸ 5:23.

ਪ੍ਰਤੀਕ ਨਾ ਕਿ ਸੱਚ-ਮੁੱਚ ਦਾ ਸਰੀਰ ਤੇ ਲਹੂ

 ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਸਮੇਂ ਵਰਤਾਈ ਜਾਂਦੀ ਬੇਖਮੀਰੀ ਰੋਟੀ ਅਤੇ ਲਾਲ ਦਾਖਰਸ ਪ੍ਰਤੀਕ ਹਨ ਜੋ ਮਸੀਹ ਦੇ ਸਰੀਰ ਅਤੇ ਲਹੂ ਨੂੰ ਦਰਸਾਉਂਦੇ ਹਨ। ਇਹ ਚੀਜ਼ਾਂ ਚਮਤਕਾਰੀ ਢੰਗ ਨਾਲ ਉਸ ਦੇ ਸੱਚ-ਮੁੱਚ ਦੇ ਸਰੀਰ ਤੇ ਲਹੂ ਵਿਚ ਨਹੀਂ ਬਦਲੀਆਂ ਸਨ ਜਿਵੇਂ ਕੁਝ ਲੋਕਾਂ ਦਾ ਮੰਨਣਾ ਹੈ। ਇਸ ਤਰ੍ਹਾਂ ਅਸੀਂ ਕਿਉਂ ਕਹਿੰਦੇ ਹਾਂ, ਇਸ ਦੇ ਲਈ ਬਾਈਬਲ ʼਤੇ ਆਧਾਰਿਤ ਕੁਝ ਸਬੂਤ ਦੇਖੋ।

  •   ਜੇ ਯਿਸੂ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਹੁੰਦਾ ਕਿ ਉਹ ਉਸ ਦਾ ਲਹੂ ਪੀਣ, ਤਾਂ ਉਹ ਉਨ੍ਹਾਂ ਨੂੰ ਲਹੂ ਖਾਣ ਜਾਂ ਪੀਣ ਬਾਰੇ ਪਰਮੇਸ਼ੁਰ ਦਾ ਹੁਕਮ ਤੋੜਨ ਲਈ ਕਹਿ ਰਿਹਾ ਹੁੰਦਾ। (ਉਤਪਤ 9:4; ਰਸੂਲਾਂ ਦੇ ਕੰਮ 15:28, 29) ਪਰ ਇਸ ਤਰ੍ਹਾਂ ਹੋ ਹੀ ਨਹੀਂ ਸਕਦਾ ਕਿਉਂਕਿ ਯਿਸੂ ਨੇ ਕਦੀ ਵੀ ਦੂਜਿਆਂ ਨੂੰ ਲਹੂ ਦੀ ਪਵਿੱਤਰਤਾ ਸੰਬੰਧੀ ਰੱਬ ਦੇ ਕਾਨੂੰਨ ਦੀ ਉਲੰਘਣਾ ਕਰਨ ਲਈ ਨਹੀਂ ਕਿਹਾ।​—ਯੂਹੰਨਾ 8:28, 29.

  •   ਜੇ ਰਸੂਲ ਉਸ ਵੇਲੇ ਯਿਸੂ ਦਾ ਲਹੂ ਪੀ ਰਹੇ ਹੁੰਦੇ, ਤਾਂ ਉਹ ਇਹ ਨਾ ਕਹਿੰਦਾ ਕਿ ਉਸ ਦਾ ਲਹੂ “ਵਹਾਇਆ ਜਾਵੇਗਾ।” ਇਸ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਆਪਣੀ ਕੁਰਬਾਨੀ ਹਾਲੇ ਦੇਣੀ ਸੀ।​—ਮੱਤੀ 26:28.

  •   ਯਿਸੂ ਦੀ ਕੁਰਬਾਨੀ “ਇੱਕੋ ਵਾਰ” ਦਿੱਤੀ ਗਈ ਸੀ। (ਇਬਰਾਨੀਆਂ 9:25, 26) ਪਰ ਜੇ ਪ੍ਰਭੂ ਦੇ ਸੰਧਿਆ ਭੋਜਨ ਦੌਰਾਨ ਰੋਟੀ ਅਤੇ ਦਾਖਰਸ ਸੱਚ-ਮੁੱਚ ਉਸ ਦੇ ਸਰੀਰ ਅਤੇ ਲਹੂ ਵਿਚ ਬਦਲ ਗਏ ਸਨ, ਤਾਂ ਭੋਜਨ ਖਾਣ ਵਾਲਿਆਂ ਨੂੰ ਵਾਰ-ਵਾਰ ਕੁਰਬਾਨੀ ਦੇਣ ਦੀ ਲੋੜ ਪੈਂਦੀ।

  •   ਯਿਸੂ ਨੇ ਕਿਹਾ ਸੀ: “ਮੇਰੀ ਯਾਦ ਵਿਚ ਇਸ ਤਰ੍ਹਾਂ ਕਰਦੇ ਰਹੋ,” ਨਾ ਕਿ “ਮੇਰੀ ਕੁਰਬਾਨੀ ਦਿੰਦੇ ਰਹੋ।”​—1 ਕੁਰਿੰਥੀਆਂ 11:24.

 ਜਿਹੜੇ ਲੋਕ ਇਸ ਸਿੱਖਿਆ ਨੂੰ ਮੰਨਦੇ ਹਨ ਕਿ ਰੋਟੀ ਅਤੇ ਦਾਖਰਸ ਯਿਸੂ ਦੇ ਸਰੀਰ ਅਤੇ ਲਹੂ ਵਿਚ ਬਦਲ ਗਏ ਸਨ, ਉਹ ਆਪਣੀ ਸਿੱਖਿਆ ਦਾ ਆਧਾਰ ਕੁਝ ਬਾਈਬਲਾਂ ਦੀਆਂ ਆਇਤਾਂ ਨੂੰ ਮੰਨਦੇ ਹਨ। ਮਿਸਾਲ ਲਈ, ਬਾਈਬਲ ਦੇ ਕਈ ਅਨੁਵਾਦਾਂ ਵਿਚ ਦੱਸਿਆ ਹੈ ਕਿ ਯਿਸੂ ਨੇ ਸ਼ਰਾਬ ਬਾਰੇ ਇਸ ਤਰ੍ਹਾਂ ਕਿਹਾ ਸੀ: “ਇਹ ਮੇਰਾ ਲਹੂ ਹੈ।” (ਮੱਤੀ 26:28, ERV) ਪਰ ਯਿਸੂ ਦੇ ਸ਼ਬਦਾਂ ਦਾ ਅਨੁਵਾਦ ਇਸ ਤਰ੍ਹਾਂ ਵੀ ਕੀਤਾ ਜਾ ਸਕਦਾ ਹੈ: “ਇਸ ਦਾ ਮਤਲਬ ਮੇਰਾ ਲਹੂ ਹੈ,” ‘ਇਹ ਦਾਖਰਸ ਮੇਰੇ ਲਹੂ ਨੂੰ ਦਰਸਾਉਂਦਾ ਹੈ’ ਜਾਂ “ਇਹ ਮੇਰੇ ਲਹੂ ਨੂੰ ਸੰਕੇਤ ਕਰਦਾ ਹੈ।” f ਯਿਸੂ ਅਕਸਰ ਮਿਸਾਲਾਂ ਦਾ ਇਸਤੇਮਾਲ ਕਰਦਾ ਸੀ ਤੇ ਇਸ ਮੌਕੇ ਤੇ ਵੀ ਉਹ ਸਿੱਖਿਆ ਦੇਣ ਲਈ ਮਿਸਾਲ ਵਰਤ ਰਿਹਾ ਸੀ।​—ਮੱਤੀ 13:34, 35.

ਕੌਣ ਰੋਟੀ ਖਾਂਦੇ ਤੇ ਦਾਖਰਸ ਪੀਂਦੇ ਹਨ?

 ਜਦੋਂ ਯਹੋਵਾਹ ਦੇ ਗਵਾਹ ਪ੍ਰਭੂ ਦੀ ਮੌਤ ਦੀ ਯਾਦਗਾਰ ਮਨਾਉਂਦੇ ਹਨ, ਤਾਂ ਸਾਡੇ ਵਿੱਚੋਂ ਬਹੁਤ ਥੋੜ੍ਹੇ ਜਣੇ ਰੋਟੀ ਤੇ ਦਾਖਰਸ ਲੈਂਦੇ ਹਨ। ਇਸ ਤਰ੍ਹਾਂ ਕਿਉਂ?

 ਯਿਸੂ ਦੇ ਵਹਾਏ ਗਏ ਲਹੂ ਨਾਲ ‘ਨਵਾਂ ਇਕਰਾਰ’ ਕੀਤਾ ਗਿਆ ਜਿਸ ਨੇ ਪੁਰਾਣੇ ਇਕਰਾਰ ਦੀ ਜਗ੍ਹਾ ਲੈ ਲਈ ਜੋ ਯਹੋਵਾਹ ਪਰਮੇਸ਼ੁਰ ਅਤੇ ਪੁਰਾਣੇ ਇਜ਼ਰਾਈਲੀਆਂ ਵਿਚਕਾਰ ਕੀਤਾ ਗਿਆ ਸੀ। (ਇਬਰਾਨੀਆਂ 8:10-13) ਜਿਨ੍ਹਾਂ ਨਾਲ ਨਵਾਂ ਇਕਰਾਰ ਕੀਤਾ ਗਿਆ ਹੈ, ਉਹ ਯਿਸੂ ਦੀ ਯਾਦਗਾਰ ਮਨਾਉਣ ਵੇਲੇ ਰੋਟੀ ਤੇ ਦਾਖਰਸ ਲੈਂਦੇ ਹਨ। ਇਸ ਵਿਚ ਸਾਰੇ ਮਸੀਹੀ ਸ਼ਾਮਲ ਨਹੀਂ ਹਨ, ਪਰ ਸਿਰਫ਼ ਉਹੀ ਮਸੀਹੀ ਸ਼ਾਮਲ ਹਨ ਜੋ ਪਰਮੇਸ਼ੁਰ ਵੱਲੋਂ ਖ਼ਾਸ ਤੌਰ ਤੇ “ਸੱਦੇ ਗਏ” ਹਨ। (ਇਬਰਾਨੀਆਂ 9:15; ਲੂਕਾ 22:20) ਇਹ ਸੱਦੇ ਗਏ ਲੋਕ ਯਿਸੂ ਮਸੀਹ ਨਾਲ ਸਵਰਗ ਵਿਚ ਰਾਜ ਕਰਨਗੇ ਅਤੇ ਬਾਈਬਲ ਦੱਸਦੀ ਹੈ ਕਿ ਸਿਰਫ਼ 1,44,000 ਜਣਿਆਂ ਨੂੰ ਇਹ ਸਨਮਾਨ ਮਿਲਿਆ ਹੈ।—ਲੂਕਾ 22:28-30; ਪ੍ਰਕਾਸ਼ ਦੀ ਕਿਤਾਬ 5:9, 10; 14:1, 3.

 ਮਸੀਹ ਨਾਲ ਰਾਜ ਕਰਨ ਲਈ ਸੱਦੇ ਗਏ “ਛੋਟੇ ਝੁੰਡ” ਦੇ ਉਲਟ, ਬਹੁਤ ਸਾਰੇ ਲੋਕਾਂ ਨੂੰ “ਵੱਡੀ ਭੀੜ” ਦਾ ਹਿੱਸਾ ਬਣਨ ਦੀ ਆਸ ਹੈ ਜਿਨ੍ਹਾਂ ਨੂੰ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ। (ਲੂਕਾ 12:32; ਪ੍ਰਕਾਸ਼ ਦੀ ਕਿਤਾਬ 7:9, 10) ਭਾਵੇਂ ਸਾਡੇ ਵਿੱਚੋਂ ਧਰਤੀ ਉੱਤੇ ਰਹਿਣ ਦੀ ਆਸ ਰੱਖਣ ਵਾਲੇ ਯਿਸੂ ਦੀ ਮੌਤ ਦੀ ਯਾਦਗਾਰ ਵਿਚ ਵਰਤੀ ਜਾਂਦੀ ਰੋਟੀ ਤੇ ਦਾਖਰਸ ਨਹੀਂ ਲੈਂਦੇ, ਪਰ ਅਸੀਂ ਯਿਸੂ ਦੀ ਕੁਰਬਾਨੀ ਲਈ ਸ਼ੁਕਰੀਆ ਅਦਾ ਕਰਨ ਲਈ ਹਾਜ਼ਰ ਹੁੰਦੇ ਹਾਂ ਜੋ ਉਸ ਨੇ ਸਾਡੇ ਲਈ ਦਿੱਤੀ ਸੀ।​—1 ਯੂਹੰਨਾ 2:2.

a ਮੈਕਲਿਨਟੌਕ ਅਤੇ ਸਟਰੌਂਗ ਦਾ ਸਾਈਕਲੋਪੀਡੀਆ, ਖੰਡ 9, ਸਫ਼ਾ 212 ʼਤੇ ਦੱਸਿਆ ਹੈ: “ਨਵੇਂ ਨੇਮ ਵਿਚ Sacrament (ਰੀਤ) ਸ਼ਬਦ ਦਾ ਜ਼ਿਕਰ ਨਹੀਂ ਆਉਂਦਾ; ਨਾ ਹੀ ਯੂਨਾਨੀ ਸ਼ਬਦ μυστήριον [ਮਿਸਟੇਰੀਓਨ] ਦਾ ਜ਼ਿਕਰ ਆਉਂਦਾ ਹੈ ਜੋ ਬਪਤਿਸਮੇ, ਪ੍ਰਭੂ ਦਾ ਭੋਜਨ ਜਾਂ ਕਿਸੇ ਹੋਰ ਰੀਤ ਲਈ ਵਰਤਿਆ ਗਿਆ ਹੋਵੇ।”

b ਬਾਈਬਲ ਦੇ ਕੁਝ ਅਨੁਵਾਦਾਂ ਵਿਚ ਯਿਸੂ ਦੀ ਮੌਤ ਦੀ ਯਾਦਗਾਰ ਸੰਬੰਧੀ “ਜਿੰਨੀ ਵਾਰ” ਸ਼ਬਦ ਵਰਤੇ ਗਏ ਹਨ। ਇਨ੍ਹਾਂ ਸ਼ਬਦਾਂ ਤੋਂ ਸੰਕੇਤ ਮਿਲਦਾ ਹੈ ਕਿ ਇਸ ਯਾਦਗਾਰ ਨੂੰ ਕਿੰਨੀ ਵਾਰ ਮਨਾਇਆ ਜਾਣਾ ਚਾਹੀਦਾ ਹੈ। ਪਰ ਇਸ ਸੰਦਰਭ ਵਿਚ ਯੂਨਾਨੀ ਭਾਸ਼ਾ ਦੇ ਸ਼ਬਦਾਂ ਦਾ ਸਹੀ ਅਰਥ ਹੈ “ਜਦੋਂ ਕਦੇ ਵੀ” ਜਾਂ “ਜਦੋਂ ਕਦੇ।”—1 ਕੁਰਿੰਥੀਆਂ 11:25, 26; ਨਿਊ ਇੰਟਰਨੈਸ਼ਨਲ ਵਰਯਨ; ਗੁੱਡ ਨਿਊਜ਼ ਟ੍ਰਾਂਸਲੇਸ਼ਨ।

c ਨਿਊ ਸ਼ੈਫ਼-ਹੇਰਟਸੋਕ ਐਨਸਾਈਕਲੋਪੀਡੀਆ ਆਫ਼ ਰਲੀਜੀਅਸ ਨੌਲੇਜ, ਖੰਡ 4, ਸਫ਼ੇ 43-44 ਤੇ ਮੈਕਲਿਨਟੌਕ ਅਤੇ ਸਟਰੌਂਗ ਦਾ ਸਾਈਕਲੋਪੀਡੀਆ, ਖੰਡ 8, ਸਫ਼ਾ 836 ਦੇਖੋ।

d ਕੇਮਬ੍ਰਿਜ ਹਿਸਟਰੀ ਆਫ਼ ਦ ਬਾਈਬਲ, ਖੰਡ 1, ਸਫ਼ਾ 841 ਦੇਖੋ।

e ਆਧੁਨਿਕ ਯਹੂਦੀ ਕਲੰਡਰ ਮੁਤਾਬਕ ਨੀਸਾਨ ਦੇ ਮਹੀਨੇ ਦੀ ਸ਼ੁਰੂਆਤ ਉਦੋਂ ਹੁੰਦੀ ਹੈ ਜਦੋਂ ਚੰਦ ਧਰਤੀ ਅਤੇ ਸੂਰਜ ਦੇ ਵਿਚਕਾਰ ਹੁੰਦਾ ਹੈ ਅਤੇ ਇਹ ਤਿੰਨੇ ਇੱਕੋ ਸੇਧ ਵਿਚ ਹੁੰਦੇ ਹਨ। ਇਸ ਕਰਕੇ ਚੰਦ ਦਿਖਾਈ ਨਹੀਂ ਦਿੰਦਾ। ਪਰ ਪਹਿਲੀ ਸਦੀ ਵਿਚ ਨੀਸਾਨ ਮਹੀਨੇ ਦੀ ਸ਼ੁਰੂਆਤ ਉਦੋਂ ਹੁੰਦੀ ਸੀ ਜਦੋਂ ਨਵਾਂ ਚੰਦ ਪਹਿਲੀ ਵਾਰ ਯਰੂਸ਼ਲਮ ਵਿਚ ਦਿਖਾਈ ਦਿੰਦਾ ਸੀ। ਇਹ ਸਮਾਂ ਸੂਰਜ, ਚੰਦ ਅਤੇ ਧਰਤੀ ਦੇ ਇੱਕੋ ਸੇਧ ਵਿਚ ਆਉਣ ਤੋਂ ਇਕ ਦਿਨ ਬਾਅਦ ਜਾਂ ਇਸ ਤੋਂ ਜ਼ਿਆਦਾ ਸਮੇਂ ਬਾਅਦ ਹੋ ਸਕਦਾ ਹੈ। ਇਹ ਇਕ ਕਾਰਨ ਹੈ ਕਿ ਯਹੋਵਾਹ ਦੇ ਗਵਾਹ ਜਿਸ ਤਾਰੀਖ਼ ਨੂੰ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਂਦੇ ਹਨ, ਉਹ ਤਾਰੀਖ਼ ਹਮੇਸ਼ਾ ਆਧੁਨਿਕ ਯਹੂਦੀਆਂ ਦੁਆਰਾ ਮਨਾਏ ਜਾਂਦੇ ਪਸਾਹ ਦੇ ਤਿਉਹਾਰ ਦੀ ਤਾਰੀਖ਼ ਨਾਲ ਮੇਲ ਨਹੀਂ ਖਾਂਦੀ।

f ਜੇਮਜ਼ ਮੌਫ਼ਟ ਦੁਆਰਾ ਏ ਨਿਊ ਟ੍ਰਾਂਸਲੇਸ਼ਨ ਆਫ਼ ਦ ਬਾਈਬਲ; ਚਾਰਲਜ਼ ਬੀ. ਵਿਲੀਅਮਜ਼ ਦੁਆਰਾ ਦ ਨਿਊ ਟੈਸਟਾਮੈਂਟ—ਏ ਟ੍ਰਾਂਸਲੇਸ਼ਨ ਇਨ ਦ ਲੈਂਗੂਏਜ ਆਫ਼ ਦ ਪੀਪਲ; ਹੀਊ ਜੇ. ਸ਼ੋਨਫੀਲਡ ਦੁਆਰਾ ਦ ਓਰੀਜਨਲ ਨਿਊ ਟੈਸਟਾਮੈਂਟ ਦੇਖੋ।