ਉਤਪਤ 9:1-29
9 ਪਰਮੇਸ਼ੁਰ ਨੇ ਨੂਹ ਅਤੇ ਉਸ ਦੇ ਪੁੱਤਰਾਂ ਨੂੰ ਬਰਕਤ ਦਿੰਦੇ ਹੋਏ ਕਿਹਾ: “ਵਧੋ-ਫੁੱਲੋ ਅਤੇ ਧਰਤੀ ਨੂੰ ਭਰ ਦਿਓ।+
2 ਧਰਤੀ ਉੱਤੇ ਹਰ ਜੀਉਂਦੇ ਪ੍ਰਾਣੀ ਅਤੇ ਆਕਾਸ਼ ਵਿਚ ਉੱਡਣ ਵਾਲੇ ਹਰ ਜੀਵ ਅਤੇ ਸਮੁੰਦਰ ਦੀਆਂ ਸਾਰੀਆਂ ਮੱਛੀਆਂ ਅਤੇ ਜ਼ਮੀਨ ਉੱਤੇ ਘਿਸਰਨ ਵਾਲੇ ਹਰ ਜਾਨਵਰ ਵਿਚ ਤੁਹਾਡਾ ਡਰ ਅਤੇ ਖ਼ੌਫ਼ ਰਹੇਗਾ। ਮੈਂ ਇਨ੍ਹਾਂ ਨੂੰ ਤੁਹਾਡੇ ਅਧੀਨ ਕੀਤਾ ਹੈ।+
3 ਮੈਂ ਤੁਹਾਨੂੰ ਹਰ ਜੀਉਂਦਾ ਪ੍ਰਾਣੀ ਭੋਜਨ ਦੇ ਤੌਰ ਤੇ ਦਿੰਦਾ ਹਾਂ।+ ਜਿਵੇਂ ਮੈਂ ਤੁਹਾਨੂੰ ਪੇੜ-ਪੌਦੇ ਭੋਜਨ ਲਈ ਦਿੱਤੇ ਸਨ, ਉਸੇ ਤਰ੍ਹਾਂ ਇਹ ਸਾਰੇ ਵੀ ਤੁਹਾਨੂੰ ਭੋਜਨ ਲਈ ਦਿੰਦਾ ਹਾਂ।+
4 ਪਰ ਤੁਸੀਂ ਮਾਸ ਖ਼ੂਨ ਸਣੇ ਨਹੀਂ ਖਾਣਾ+ ਕਿਉਂਕਿ ਖ਼ੂਨ ਜੀਵਨ ਹੈ।+
5 ਇਸ ਤੋਂ ਇਲਾਵਾ, ਮੈਂ ਤੁਹਾਡੇ ਖ਼ੂਨ ਦਾ ਲੇਖਾ ਲਵਾਂਗਾ। ਜੇ ਕੋਈ ਜਾਨਵਰ ਤੁਹਾਡਾ ਖ਼ੂਨ ਵਹਾਉਂਦਾ ਹੈ, ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ। ਜੇ ਕੋਈ ਇਨਸਾਨ ਤੁਹਾਡੀ ਜਾਨ ਲੈਂਦਾ ਹੈ, ਤਾਂ ਮੈਂ ਉਸ ਤੋਂ ਇਸ ਦਾ ਹਿਸਾਬ ਲਵਾਂਗਾ।+
6 ਜੇ ਕੋਈ ਕਿਸੇ ਇਨਸਾਨ ਦਾ ਖ਼ੂਨ ਕਰਦਾ ਹੈ, ਤਾਂ ਉਸ ਦਾ ਖ਼ੂਨ ਵੀ ਇਨਸਾਨ ਦੇ ਹੱਥੋਂ ਵਹਾਇਆ ਜਾਵੇਗਾ+ ਕਿਉਂਕਿ ਮੈਂ ਇਨਸਾਨ ਨੂੰ ਆਪਣੇ ਸਰੂਪ ਉੱਤੇ ਬਣਾਇਆ ਸੀ।”+
7 ਅਤੇ ਪਰਮੇਸ਼ੁਰ ਨੇ ਅੱਗੇ ਕਿਹਾ: “ਤੁਸੀਂ ਵਧੋ-ਫੁੱਲੋ ਅਤੇ ਧਰਤੀ ਨੂੰ ਭਰ ਦਿਓ।”+
8 ਫਿਰ ਪਰਮੇਸ਼ੁਰ ਨੇ ਨੂਹ ਅਤੇ ਉਸ ਦੇ ਪੁੱਤਰਾਂ ਨੂੰ ਕਿਹਾ:
9 “ਮੈਂ ਹੁਣ ਤੁਹਾਡੇ ਨਾਲ ਅਤੇ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨਾਲ ਇਕਰਾਰ ਕਰਦਾ ਹਾਂ+
10 ਅਤੇ ਤੁਹਾਡੇ ਨਾਲ ਕਿਸ਼ਤੀ ਵਿੱਚੋਂ ਬਾਹਰ ਆਏ ਸਾਰੇ ਜੀਉਂਦੇ ਪ੍ਰਾਣੀਆਂ ਯਾਨੀ ਪੰਛੀਆਂ, ਪਾਲਤੂ ਪਸ਼ੂਆਂ ਅਤੇ ਧਰਤੀ ਉੱਤੇ ਹੋਰ ਸਾਰੇ ਜਾਨਵਰਾਂ ਨਾਲ ਵੀ ਯਾਨੀ ਧਰਤੀ ਉੱਤੇ ਹਰ ਜੀਉਂਦੇ ਪ੍ਰਾਣੀ+ ਨਾਲ ਇਕਰਾਰ ਕਰਦਾ ਹਾਂ।
11 ਹਾਂ, ਮੈਂ ਤੁਹਾਡੇ ਨਾਲ ਇਹ ਇਕਰਾਰ ਕਰਦਾ ਹਾਂ: ਮੈਂ ਦੁਬਾਰਾ ਕਦੀ ਵੀ ਸਾਰੇ ਇਨਸਾਨਾਂ ਅਤੇ ਜਾਨਵਰਾਂ ਨੂੰ ਜਲ-ਪਰਲੋ ਨਾਲ ਨਾਸ਼ ਨਹੀਂ ਕਰਾਂਗਾ ਅਤੇ ਮੈਂ ਦੁਬਾਰਾ ਕਦੀ ਜਲ-ਪਰਲੋ ਨਾਲ ਧਰਤੀ ਨੂੰ ਨਹੀਂ ਉਜਾੜਾਂਗਾ।”+
12 ਪਰਮੇਸ਼ੁਰ ਨੇ ਅੱਗੇ ਕਿਹਾ: “ਮੈਂ ਤੁਹਾਡੇ ਨਾਲ ਅਤੇ ਸਾਰੇ ਜੀਉਂਦੇ ਪ੍ਰਾਣੀਆਂ ਨਾਲ ਹਮੇਸ਼ਾ ਲਈ ਜੋ ਇਕਰਾਰ ਕੀਤਾ ਹੈ, ਉਸ ਲਈ ਮੈਂ ਇਕ ਨਿਸ਼ਾਨੀ ਦਿੰਦਾ ਹਾਂ।
13 ਮੈਂ ਬੱਦਲਾਂ ਵਿਚ ਆਪਣੀ ਸਤਰੰਗੀ ਪੀਂਘ ਰੱਖੀ ਹੈ ਅਤੇ ਇਹ ਮੇਰੇ ਅਤੇ ਧਰਤੀ ਉੱਤੇ ਰਹਿੰਦੇ ਸਾਰੇ ਜੀਉਂਦੇ ਪ੍ਰਾਣੀਆਂ ਵਿਚ ਹੋਏ ਇਕਰਾਰ ਦੀ ਨਿਸ਼ਾਨੀ ਹੋਵੇਗੀ।
14 ਜਦੋਂ ਵੀ ਮੈਂ ਧਰਤੀ ਉੱਤੇ ਬੱਦਲ ਲੈ ਕੇ ਆਵਾਂਗਾ, ਤਾਂ ਇਹ ਸਤਰੰਗੀ ਪੀਂਘ ਬੱਦਲਾਂ ਵਿਚ ਜ਼ਰੂਰ ਨਜ਼ਰ ਆਵੇਗੀ।
15 ਮੈਂ ਆਪਣੇ ਇਕਰਾਰ ਨੂੰ ਜ਼ਰੂਰ ਯਾਦ ਕਰਾਂਗਾ ਜੋ ਮੈਂ ਤੁਹਾਡੇ ਨਾਲ ਅਤੇ ਹਰ ਕਿਸਮ ਦੇ ਸਾਰੇ ਜੀਉਂਦੇ ਪ੍ਰਾਣੀਆਂ ਨਾਲ ਕੀਤਾ ਹੈ; ਅਤੇ ਫਿਰ ਕਦੀ ਵੀ ਜਲ-ਪਰਲੋ ਦਾ ਪਾਣੀ ਸਾਰੇ ਜੀਉਂਦੇ ਪ੍ਰਾਣੀਆਂ ਨੂੰ ਨਾਸ਼ ਨਹੀਂ ਕਰੇਗਾ।+
16 ਬੱਦਲਾਂ ਵਿਚ ਸਤਰੰਗੀ ਪੀਂਘ ਪ੍ਰਗਟ ਹੋਵੇਗੀ ਅਤੇ ਮੈਂ ਇਸ ਨੂੰ ਦੇਖ ਕੇ ਉਸ ਇਕਰਾਰ ਨੂੰ ਯਾਦ ਕਰਾਂਗਾ ਜੋ ਮੈਂ ਧਰਤੀ ਉੱਤੇ ਹਰ ਕਿਸਮ ਦੇ ਸਾਰੇ ਜੀਉਂਦੇ ਪ੍ਰਾਣੀਆਂ ਨਾਲ ਹਮੇਸ਼ਾ ਲਈ ਕੀਤਾ ਹੈ।”
17 ਪਰਮੇਸ਼ੁਰ ਨੇ ਨੂਹ ਨੂੰ ਦੁਬਾਰਾ ਕਿਹਾ: “ਇਹ ਉਸ ਇਕਰਾਰ ਦੀ ਨਿਸ਼ਾਨੀ ਹੈ ਜੋ ਮੈਂ ਧਰਤੀ ਉੱਤੇ ਰਹਿਣ ਵਾਲਿਆਂ ਨਾਲ ਕੀਤਾ ਹੈ।”+
18 ਨੂਹ ਦੇ ਪੁੱਤਰ ਸ਼ੇਮ, ਹਾਮ ਅਤੇ ਯਾਫਥ+ ਸਨ ਜੋ ਕਿਸ਼ਤੀ ਵਿੱਚੋਂ ਬਾਹਰ ਆਏ ਸਨ। ਬਾਅਦ ਵਿਚ ਹਾਮ ਦਾ ਪੁੱਤਰ ਕਨਾਨ+ ਪੈਦਾ ਹੋਇਆ।
19 ਇਹ ਨੂਹ ਦੇ ਤਿੰਨ ਪੁੱਤਰ ਸਨ ਜਿਨ੍ਹਾਂ ਤੋਂ ਸਾਰੀ ਧਰਤੀ ਆਬਾਦ ਹੋਈ।+
20 ਹੁਣ ਨੂਹ ਨੇ ਖੇਤੀ ਕਰਨੀ ਸ਼ੁਰੂ ਕੀਤੀ ਅਤੇ ਉਸ ਨੇ ਅੰਗੂਰਾਂ ਦਾ ਇਕ ਬਾਗ਼ ਲਾਇਆ।
21 ਇਕ ਦਿਨ ਉਸ ਨੇ ਦਾਖਰਸ ਪੀਤਾ ਜਿਸ ਕਰਕੇ ਉਸ ਨੂੰ ਨਸ਼ਾ ਹੋ ਗਿਆ ਅਤੇ ਉਹ ਆਪਣੇ ਤੰਬੂ ਵਿਚ ਨੰਗਾ ਪੈ ਗਿਆ।
22 ਕਨਾਨ ਦੇ ਪਿਤਾ ਹਾਮ ਨੇ ਆਪਣੇ ਪਿਤਾ ਦਾ ਨੰਗੇਜ਼ ਦੇਖਿਆ ਅਤੇ ਬਾਹਰ ਜਾ ਕੇ ਆਪਣੇ ਦੋਵੇਂ ਭਰਾਵਾਂ ਨੂੰ ਦੱਸਿਆ।
23 ਇਸ ਲਈ ਸ਼ੇਮ ਅਤੇ ਯਾਫਥ ਦੋਵਾਂ ਨੇ ਆਪਣੇ ਮੋਢਿਆਂ ’ਤੇ ਇਕ ਚਾਦਰ ਰੱਖੀ ਅਤੇ ਆਪਣੇ ਪਿਤਾ ਵੱਲ ਪਿੱਠ ਕਰ ਕੇ ਪਿੱਛੇ ਨੂੰ ਗਏ ਅਤੇ ਉਸ ਦਾ ਨੰਗੇਜ਼ ਢਕ ਦਿੱਤਾ। ਉਨ੍ਹਾਂ ਨੇ ਆਪਣੇ ਮੂੰਹ ਦੂਜੇ ਪਾਸੇ ਕੀਤੇ ਸਨ ਜਿਸ ਕਰਕੇ ਉਨ੍ਹਾਂ ਨੇ ਆਪਣੇ ਪਿਤਾ ਦਾ ਨੰਗੇਜ਼ ਨਹੀਂ ਦੇਖਿਆ।
24 ਜਦੋਂ ਨੂਹ ਦਾਖਰਸ ਦੇ ਨਸ਼ੇ ਤੋਂ ਜਾਗਿਆ, ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਸਭ ਤੋਂ ਛੋਟੇ ਪੁੱਤਰ ਨੇ ਉਸ ਨਾਲ ਕੀ ਕੀਤਾ ਸੀ।
25 ਉਸ ਨੇ ਕਿਹਾ:
“ਕਨਾਨ+ ਨੂੰ ਸਰਾਪ ਲੱਗੇ।
ਉਹ ਆਪਣੇ ਭਰਾਵਾਂ ਦਾ ਸਭ ਤੋਂ ਨੀਵਾਂ ਗ਼ੁਲਾਮ ਬਣੇ।”+
26 ਉਸ ਨੇ ਅੱਗੇ ਕਿਹਾ:
“ਸ਼ੇਮ ਦੇ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਹੋਵੇ,ਕਨਾਨ ਉਸ* ਦਾ ਗ਼ੁਲਾਮ ਬਣੇ।+
27 ਪਰਮੇਸ਼ੁਰ ਯਾਫਥ ਨੂੰ ਵੱਡਾ ਇਲਾਕਾ ਦੇਵੇ,ਅਤੇ ਉਹ ਸ਼ੇਮ ਦੇ ਤੰਬੂਆਂ ਵਿਚ ਵੱਸੇ।
ਕਨਾਨ ਉਸ* ਦਾ ਵੀ ਗ਼ੁਲਾਮ ਬਣੇ।”
28 ਨੂਹ ਜਲ-ਪਰਲੋ ਤੋਂ ਬਾਅਦ 350 ਸਾਲ ਜੀਉਂਦਾ ਰਿਹਾ।+
29 ਇਸ ਲਈ ਨੂਹ ਦੀ ਪੂਰੀ ਉਮਰ 950 ਸਾਲ ਸੀ ਅਤੇ ਫਿਰ ਉਹ ਮਰ ਗਿਆ।