Skip to content

Skip to table of contents

ਪਰਮੇਸ਼ੁਰ ਦੇ ਧੀ-ਪੁੱਤਰ

ਪਰਮੇਸ਼ੁਰ ਦੇ ਧੀ-ਪੁੱਤਰ

ਪਰਮੇਸ਼ੁਰ ਦੇ ਧੀ-ਪੁੱਤਰ

ਦੱਖਣੀ ਤੇ ਉੱਤਰੀ ਕੋਰੀਆ ਦੀ ਜੰਗ ਵਿਚ ਵਿਛੜੇ ਲੋਕਾਂ ਨੂੰ ਮਿਲਾਉਣ ਲਈ ਜੰਗ ਤੋਂ ਲਗਭਗ 30 ਸਾਲਾਂ ਬਾਅਦ ਇਕ ਟੈਲੀਵਿਯਨ ਪ੍ਰੋਗ੍ਰਾਮ ਪ੍ਰਸਾਰਿਤ ਕੀਤਾ ਗਿਆ ਸੀ। ਨਤੀਜੇ ਵਜੋਂ 11,000 ਤੋਂ ਜ਼ਿਆਦਾ ਕੋਰੀਆਈ ਲੋਕ ਮੁੜ ਆਪਣੇ ਪਰਿਵਾਰਾਂ ਨਾਲ ਮਿਲ ਸਕੇ। ਉਹ ਨਜ਼ਾਰਾ ਦੇਖਣ ਵਾਲਾ ਸੀ। ਲੋਕ ਆਪਣੇ ਪਿਆਰਿਆਂ ਦੇ ਗਲੇ ਲੱਗ ਕੇ ਖ਼ੁਸ਼ੀ ਦੇ ਹੰਝੂ ਵਹਾ ਰਹੇ ਸਨ। ਦ ਕੋਰੀਆ ਟਾਈਮਜ਼ ਅਖ਼ਬਾਰ ਨੇ ਰਿਪੋਰਟ ਕੀਤਾ ਕਿ “ਸਾਡੇ ਇਤਿਹਾਸ ਵਿਚ ਪਹਿਲੀ ਵਾਰ ਇੱਦਾਂ ਹੋਇਆ ਹੈ ਕਿ ਇੰਨੇ ਸਾਰੇ ਕੋਰੀਆਈ ਲੋਕ ਇੱਕੋ ਥਾਂ ਤੇ ਇਕੱਠੇ ਹੋ ਕੇ ਖ਼ੁਸ਼ੀ ਦੇ ਮਾਰੇ ਬੁਸ-ਬੁਸ ਰੋ ਰਹੇ ਸਨ।”

ਬ੍ਰਾਜ਼ੀਲ ਵਿਚ ਨੰਨ੍ਹੇ ਸੇਜ਼ਾਰ ਦੇ ਪਿਤਾ ਨੇ ਆਪਣੇ ਸਿਰੋਂ ਕਰਜ਼ਾ ਲਾਹੁਣ ਲਈ ਉਸ ਨੂੰ ਇਕ ਅਮੀਰ ਘਰਾਣੇ ਨੂੰ ਵੇਚ ਦਿੱਤਾ ਸੀ। ਕੁਝ ਦਸ ਸਾਲਾਂ ਬਾਅਦ ਜਦੋਂ ਸੇਜ਼ਾਰ ਆਪਣੀ ਅਸਲੀ ਮਾਂ ਨੂੰ ਮਿਲਿਆ, ਤਾਂ ਉਹ ਇੰਨਾ ਖ਼ੁਸ਼ ਹੋਇਆ ਕਿ ਉਸ ਨੇ ਆਪਣੀ ਗ਼ਰੀਬ ਮਾਂ ਨਾਲ ਰਹਿਣ ਵਾਸਤੇ ਆਪਣੇ ਲੈ-ਪਾਲਕ ਮਾਤਾ-ਪਿਤਾ ਦਾ ਘਰ ਅਤੇ ਧਨ-ਦੌਲਤ ਸਭ ਛੱਡ ਦਿੱਤਾ!

ਜਦੋਂ ਘਰ ਦਾ ਕੋਈ ਜੀਅ ਗੁਆਚ ਜਾਂ ਵਿਛੜ ਜਾਂਦਾ ਹੈ, ਤਾਂ ਸਾਰਾ ਪਰਿਵਾਰ ਗਮ ਵਿਚ ਡੁੱਬ ਜਾਂਦਾ ਹੈ। ਇਸੇ ਤਰ੍ਹਾਂ ਬਾਈਬਲ ਦੱਸਦੀ ਹੈ ਕਿ ਇਨਸਾਨ ਆਪਣੇ ਜੀਵਨਦਾਤਾ ਪਰਮੇਸ਼ੁਰ ਦੇ ਪਰਿਵਾਰ ਤੋਂ ਵੱਖ ਹੋ ਗਏ ਸਨ। ਪਰ ਜਿੱਦਾਂ ਵਿਛੜੇ ਹੋਏ ਲੋਕ ਇਕ-ਦੂਜੇ ਨੂੰ ਦੁਬਾਰਾ ਮਿਲ ਕੇ ਖ਼ੁਸ਼ੀ ਦੇ ਮਾਰੇ ਫੁੱਲੇ ਨਹੀਂ ਸਮਾਉਂਦੇ, ਉਸੇ ਤਰ੍ਹਾਂ ਬਾਈਬਲ ਸਾਨੂੰ ਦੱਸਦੀ ਹੈ ਕਿ ਅੱਜ ਬਹੁਤ ਸਾਰੇ ਇਨਸਾਨ ਆਪਣੇ ਪਰਮੇਸ਼ੁਰ ਨਾਲ ਮਿਲ ਕੇ ਖ਼ੁਸ਼ੀਆਂ ਮਨਾ ਰਹੇ ਹਨ। ਪਰ ਇਨਸਾਨਾਂ ਦਾ ਪਰਮੇਸ਼ੁਰ ਨਾਲ ਮਿਲਾਪ ਕਿਵੇਂ ਸੰਭਵ ਹੋਇਆ ਹੈ? ਤੁਸੀਂ ਪਰਮੇਸ਼ੁਰ ਨਾਲ ਮਿਲਾਪ ਕਿਵੇਂ ਕਰ ਸਕਦੇ ਹੋ?

ਪਰਮੇਸ਼ੁਰ ਦੇ ਪਰਿਵਾਰ ਵਿਚ ਕਿਵੇਂ ਫਿੱਕ ਪਿਆ

ਬਾਈਬਲ ਦੇ ਇਕ ਲਿਖਾਰੀ ਨੇ ਸਾਡੇ ਸਿਰਜਣਹਾਰ ਯਹੋਵਾਹ ਬਾਰੇ ਕਿਹਾ: “ਜੀਉਣ ਦਾ ਚਸ਼ਮਾ ਤੇਰੇ ਮੁੱਢ ਹੈ।” (ਜ਼ਬੂਰਾਂ ਦੀ ਪੋਥੀ 36:9) ਪਰਮੇਸ਼ੁਰ ਦਾ ਇਕ ਵੱਡਾ ਸਾਰਾ ਪਰਿਵਾਰ ਹੈ ਜਿਸ ਵਿਚ ਸਵਰਗ ਦੂਤਾਂ ਤੋਂ ਇਲਾਵਾ ਧਰਤੀ ਉੱਤੇ ਉਸ ਦੇ ਇਨਸਾਨੀ ਬੱਚੇ ਵੀ ਸ਼ਾਮਲ ਹਨ।

ਜਿਵੇਂ ਕਿ ਪਿਛਲੇ ਇਕ ਲੇਖ ਵਿਚ ਦੱਸਿਆ ਗਿਆ ਹੈ, ਜਦੋਂ ਪਰਮੇਸ਼ੁਰ ਦੇ ਪਹਿਲੇ ਮਨੁੱਖੀ ਪੁੱਤਰ ਆਦਮ ਨੇ ਉਸ ਖ਼ਿਲਾਫ਼ ਬਗਾਵਤ ਕੀਤੀ, ਤਾਂ ਸਾਰੀ ਮਨੁੱਖਜਾਤੀ ਦਾ ਆਪਣੇ ਪਿਤਾ ਨਾਲੋਂ ਰਿਸ਼ਤਾ ਟੁੱਟ ਗਿਆ ਸੀ। (ਲੂਕਾ 3:38) ਕਿਵੇਂ? ਆਦਮ ਨੇ ਬਗਾਵਤ ਕਰ ਕੇ ਆਪਣੇ ਲਈ ਅਤੇ ਆਪਣੀ ਹੋਣ ਵਾਲੀ ਸੰਤਾਨ ਲਈ ਪਰਮੇਸ਼ੁਰ ਦੇ ਪੁੱਤਰ ਕਹਿਲਾਉਣ ਦਾ ਹੱਕ ਗੁਆ ਦਿੱਤਾ ਸੀ। ਇਸ ਬਗਾਵਤ ਦੇ ਨਤੀਜੇ ਬਾਰੇ ਪਰਮੇਸ਼ੁਰ ਨੇ ਆਪਣੇ ਭਗਤ ਮੂਸਾ ਦੁਆਰਾ ਕਿਹਾ: ‘ਓਹ ਵਿਗੜ ਗਏ ਹਨ, ਓਹ ਪਰਮੇਸ਼ੁਰ ਦੇ ਪੁੱਤ੍ਰ ਨਹੀਂ ਸਗੋਂ ਕਲੰਕੀ ਹਨ।’ “ਕਲੰਕੀ” ਜਾਂ ਪਾਪੀ ਹੋਣ ਕਰਕੇ ਇਨਸਾਨ ਪਰਮੇਸ਼ੁਰ ਦੇ ਪਰਿਵਾਰ ਦਾ ਹਿੱਸਾ ਨਾ ਰਹੇ ਕਿਉਂਕਿ ਪਰਮੇਸ਼ੁਰ ਹਰ ਪੱਖੋਂ ਪਵਿੱਤਰ ਤੇ ਧਰਮੀ ਹੈ। (ਬਿਵਸਥਾ ਸਾਰ 32:​4, 5; ਯਸਾਯਾਹ 6:3) ਦੂਜੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਇਨਸਾਨ ਸਹੀ ਰਾਹ ਤੋਂ ਭਟਕ ਕੇ ਆਪਣੇ ਪਿਤਾ ਤੋਂ ਦੂਰ ਚਲੇ ਗਏ ਸਨ।​—⁠ਅਫ਼ਸੀਆਂ 2:⁠12.

ਬਾਈਬਲ ਉਨ੍ਹਾਂ ਸਾਰਿਆਂ ਨੂੰ “ਵੈਰੀ” ਕਹਿੰਦੀ ਹੈ ਜੋ ਪਰਮੇਸ਼ੁਰ ਦੇ ਪਰਿਵਾਰ ਦਾ ਹਿੱਸਾ ਨਹੀਂ ਹਨ। (ਰੋਮੀਆਂ 5:​8, 10) ਇਸ ਤੋਂ ਪਤਾ ਲੱਗਦਾ ਹੈ ਕਿ ਇਨਸਾਨ ਪਰਮੇਸ਼ੁਰ ਤੋਂ ਕਿੰਨਾ ਦੂਰ ਚਲਾ ਗਿਆ ਹੈ। ਪਰਮੇਸ਼ੁਰ ਨੂੰ ਛੱਡਣ ਦਾ ਇਹ ਨਤੀਜਾ ਨਿਕਲਿਆ ਹੈ ਕਿ ਸਦੀਆਂ ਤੋਂ ਇਨਸਾਨ ਪਰਮੇਸ਼ੁਰ ਦੇ ਵੈਰੀ ਸ਼ਤਾਨ ਦੀ ਹਕੂਮਤ ਅਧੀਨ ਦੁੱਖ ਭੋਗ ਰਹੇ ਹਨ। ਉਹ ਪਾਪ ਤੇ ਮੌਤ ਦੇ ਬੋਝ ਹੇਠ ਦੱਬੇ ਹੋਏ ਹਨ। (ਰੋਮੀਆਂ 5:12; 1 ਯੂਹੰਨਾ 5:19) ਕੀ ਪਾਪੀ ਮਨੁੱਖ ਫਿਰ ਤੋਂ ਪਰਮੇਸ਼ੁਰ ਦੇ ਪਰਿਵਾਰ ਦਾ ਹਿੱਸਾ ਬਣ ਸਕਦਾ ਹੈ? ਕੀ ਭੁੱਲਣਹਾਰ ਇਨਸਾਨਾਂ ਨੂੰ ਮੁੜ ਪਰਮੇਸ਼ੁਰ ਦੇ ਪੁੱਤਰ ਕਹਿਲਾਉਣ ਦਾ ਉਹ ਸਨਮਾਨ ਮਿਲ ਸਕਦਾ ਹੈ ਜੋ ਪਾਪ ਕਰਨ ਤੋਂ ਪਹਿਲਾਂ ਆਦਮ ਤੇ ਹੱਵਾਹ ਨੂੰ ਦਿੱਤਾ ਗਿਆ ਸੀ?

ਵਿਛੜੇ ਧੀਆਂ-ਪੁੱਤਾਂ ਦਾ ਪਰਮੇਸ਼ੁਰ ਨਾਲ ਮਿਲਾਪ

ਯਹੋਵਾਹ ਨੇ ਬੜੇ ਪਿਆਰ ਨਾਲ ਉਨ੍ਹਾਂ ਲੋਕਾਂ ਨੂੰ ਆਪਣੇ ਨਾਲ ਮਿਲਾਉਣ ਦੇ ਇੰਤਜ਼ਾਮ ਕੀਤੇ ਹਨ ਜੋ ਉਸ ਨੂੰ ਦਿਲੋਂ ਪਿਆਰ ਕਰਦੇ ਹਨ। (1 ਕੁਰਿੰਥੀਆਂ 2:9) ਇਸ ਇੰਤਜ਼ਾਮ ਬਾਰੇ ਦੱਸਦੇ ਹੋਏ ਯਿਸੂ ਦੇ ਇਕ ਚੇਲੇ ਪੌਲੁਸ ਨੇ ਕਿਹਾ ਕਿ “ਪਰਮੇਸ਼ੁਰ ਮਸੀਹ ਵਿੱਚ ਹੋ ਕੇ ਜਗਤ ਨੂੰ ਆਪਣੇ ਨਾਲ ਮਿਲਾ ਰਿਹਾ ਸੀ ਅਤੇ ਉਨ੍ਹਾਂ ਦੇ ਅਪਰਾਧਾਂ ਦਾ ਲੇਖਾ ਨਹੀਂ ਸੀ ਕਰਦਾ।” (2 ਕੁਰਿੰਥੀਆਂ 5:19) ਜਿਵੇਂ ਕਿ ਪਿਛਲੇ ਇਕ ਲੇਖ ਵਿਚ ਸਮਝਾਇਆ ਗਿਆ ਹੈ, ਯਹੋਵਾਹ ਪਰਮੇਸ਼ੁਰ ਨੇ ਸਾਡੇ ਪਾਪਾਂ ਦੀ ਮਾਫ਼ੀ ਲਈ ਯਿਸੂ ਮਸੀਹ ਦੀ ਕੁਰਬਾਨੀ ਦਿੱਤੀ। (ਮੱਤੀ 20:28; ਯੂਹੰਨਾ 3:16) ਯਿਸੂ ਦੇ ਇਕ ਹੋਰ ਚੇਲੇ ਯੂਹੰਨਾ ਨੇ ਆਪਣੀ ਸ਼ੁਕਰਗੁਜ਼ਾਰੀ ਜ਼ਾਹਰ ਕਰਦਿਆਂ ਕਿਹਾ, “ਵੇਖੋ, ਪਿਤਾ ਨੇ ਸਾਡੇ ਨਾਲ ਕਿਹੋ ਜਿਹਾ ਪ੍ਰੇਮ ਕੀਤਾ ਹੈ ਜੋ ਅਸੀਂ ਪਰਮੇਸ਼ੁਰ ਦੇ ਬਾਲਕ ਸਦਾਈਏ!” (1 ਯੂਹੰਨਾ 3:1) ਆਪਣੇ ਪੁੱਤਰ ਦੀ ਕੁਰਬਾਨੀ ਦੇ ਕੇ ਯਹੋਵਾਹ ਨੇ ਆਗਿਆਕਾਰੀ ਇਨਸਾਨਾਂ ਲਈ ਉਸ ਦੇ ਪਰਿਵਾਰ ਦਾ ਮੁੜ ਹਿੱਸਾ ਬਣਨ ਦਾ ਰਾਹ ਖੋਲ੍ਹ ਦਿੱਤਾ।

ਭਾਵੇਂ ਕਿ ਪਰਮੇਸ਼ੁਰ ਦੇ ਪਰਿਵਾਰ ਨਾਲ ਮਿਲਾਏ ਗਏ ਇਨਸਾਨਾਂ ਵਿਚ ਵੱਡੀ ਸ਼ਾਂਤੀ ਤੇ ਏਕਤਾ ਹੈ, ਪਰ ਉਹ ਦੋ ਵੱਖੋ-ਵੱਖਰੇ ਸਮੂਹਾਂ ਵਿਚ ਵੰਡੇ ਗਏ ਹਨ। ਇਸ ਬਾਰੇ ਬਾਈਬਲ ਦੱਸਦੀ ਹੈ: “[ਪਰਮੇਸ਼ੁਰ] ਨੇ ਆਪਣੀ ਇੱਛਿਆ ਦੇ ਭੇਤ ਨੂੰ ਸਾਡੇ ਉੱਤੇ ਪਰਗਟ ਕੀਤਾ ਆਪਣੇ ਉਸ ਨੇਕ ਇਰਾਦੇ ਦੇ ਅਨੁਸਾਰ ਜਿਹੜਾ ਉਹ ਨੇ ਉਸ ਵਿੱਚ ਧਾਰਿਆ ਸੀ। ਭਈ ਸਮਿਆਂ ਦੀ ਪੂਰਨਤਾਈ ਦੀ ਜੁਗਤ ਹੋਵੇ ਤਾਂ ਜੋ ਉਹ ਸਭਨਾਂ ਨੂੰ ਜੋ ਸੁਰਗ ਵਿੱਚ ਅਤੇ ਜੋ ਧਰਤੀ ਉੱਤੇ ਹਨ ਮਸੀਹ ਵਿੱਚ ਇਕੱਠਾ ਕਰੇ।” (ਅਫ਼ਸੀਆਂ 1:​9, 10) ਪਰਮੇਸ਼ੁਰ ਨੇ ਆਪਣੇ ਮਨੁੱਖੀ ਬੱਚਿਆਂ ਨੂੰ ਦੋ ਵੱਖ-ਵੱਖ ਸਮੂਹਾਂ ਵਿਚ ਕਿਉਂ ਵੰਡਿਆ, ਇਕ ਤਾਂ ਜੋ “ਸੁਰਗ ਵਿੱਚ” ਹੋਵੇਗਾ ਅਤੇ ਦੂਜਾ ਜੋ “ਧਰਤੀ ਉੱਤੇ” ਹੋਵੇਗਾ?

ਯਹੋਵਾਹ ਨੇ ਇੱਦਾਂ ਆਪਣੇ ਪਰਿਵਾਰ ਦੀ ਏਕਤਾ ਲਈ ਕੀਤਾ ਹੈ। ਕਿਵੇਂ? ਪਰਮੇਸ਼ੁਰ ਦਾ ਪਰਿਵਾਰ ਇੰਨਾ ਵੱਡਾ ਹੈ ਕਿ ਇਸ ਦੀ ਤੁਲਨਾ ਇਕ ਵੱਡੀ ਕੌਮ ਨਾਲ ਕੀਤੀ ਜਾ ਸਕਦੀ ਹੈ। ਕਿਸੇ ਵੀ ਦੇਸ਼ ਵਿਚ ਕੁਝ ਕੁ ਲੋਕਾਂ ਨੂੰ ਸਰਕਾਰ ਬਣਾਉਣ ਲਈ ਚੁਣਿਆ ਜਾਂਦਾ ਹੈ ਤਾਂਕਿ ਸਾਰੇ ਦੇਸ਼ ਵਿਚ ਅਮਨ-ਚੈਨ ਬਣਿਆ ਰਹੇ। ਇਹ ਸੱਚ ਹੈ ਕਿ ਕੋਈ ਵੀ ਮਨੁੱਖੀ ਸਰਕਾਰ ਪੂਰੀ ਸ਼ਾਂਤੀ ਨਹੀਂ ਲਿਆ ਸਕੀ ਹੈ, ਪਰ ਪਰਮੇਸ਼ੁਰ ਨੇ ਆਪਣੇ ਵਿਸ਼ਾਲ ਪਰਿਵਾਰ ਲਈ ਇਕ ਉੱਤਮ ਸਰਕਾਰ ਬਣਾਈ ਹੈ। ਇਸ ਸਰਕਾਰ ਨੂੰ ਬਣਾਉਣ ਲਈ ਪਰਮੇਸ਼ੁਰ ਨੇ ਧਰਤੀ ਤੋਂ ਕੁਝ ਲੋਕਾਂ ਨੂੰ ਚੁਣਿਆ ਹੈ ਜੋ ਸਵਰਗ ਤੋਂ “ਧਰਤੀ ਉੱਤੇ ਰਾਜ ਕਰਨਗੇ।”​—⁠ਪਰਕਾਸ਼ ਦੀ ਪੋਥੀ 5:⁠10.

ਧਰਤੀ ਉੱਤੇ ਪਰਮੇਸ਼ੁਰ ਦੇ ਧੀ-ਪੁੱਤਰ

ਪਰਮੇਸ਼ੁਰ ਇਸ ਸਮੇਂ ਉਨ੍ਹਾਂ ਲੱਖਾਂ ਲੋਕਾਂ ਨੂੰ ਵੀ ਇਕੱਠਾ ਕਰ ਰਿਹਾ ਹੈ ਜੋ ਉਸ ਦੇ ਮਨੁੱਖੀ ਧੀ-ਪੁੱਤਾਂ ਵਜੋਂ ਇਸੇ ਧਰਤੀ ਉੱਤੇ ਸਦਾ ਦੀ ਜ਼ਿੰਦਗੀ ਹਾਸਲ ਕਰਨਗੇ। ਹਾਲਾਂਕਿ ਉਹ ਇਸ ਸਮੇਂ ਵੱਖੋ-ਵੱਖਰੇ ਦੇਸ਼ਾਂ ਵਿਚ ਰਹਿੰਦੇ ਹਨ, ਪਰ ਸਾਡਾ ਪਿਆਰਾ ਪਿਤਾ ਯਹੋਵਾਹ ਉਨ੍ਹਾਂ ਨੂੰ ਪਿਆਰ-ਮੁਹੱਬਤ ਨਾਲ ਇਕ ਹੋ ਕੇ ਜੀਣਾ ਸਿਖਾ ਰਿਹਾ ਹੈ। ਅੱਜ ਹਿੰਸਕ, ਸੁਆਰਥੀ, ਬਦਕਾਰ ਅਤੇ ਅਣਆਗਿਆਕਾਰੀ ਲੋਕਾਂ ਨੂੰ ਵੀ ਸੱਦਾ ਦਿੱਤਾ ਜਾ ਰਿਹਾ ਹੈ ਕਿ ਉਹ “ਪਰਮੇਸ਼ੁਰ ਨਾਲ ਮੇਲ ਮਿਲਾਪ” ਕਰਨ।​—⁠2 ਕੁਰਿੰਥੀਆਂ 5:⁠20.

ਪਰ ਉਨ੍ਹਾਂ ਬਾਰੇ ਕੀ ਜੋ ਪਰਮੇਸ਼ੁਰ ਦੇ ਇਸ ਸੱਦੇ ਨੂੰ ਨਕਾਰਦੇ ਹਨ? ਆਪਣੇ ਪਰਿਵਾਰ ਵਿਚ ਸ਼ਾਂਤੀ ਬਣਾਈ ਰੱਖਣ ਦੀ ਖ਼ਾਤਰ ਯਹੋਵਾਹ ਅਜਿਹੇ ਹੱਠੀ ਲੋਕਾਂ ਨੂੰ ਨਾਸ਼ ਕਰ ਦੇਵੇਗਾ। ਬਾਈਬਲ ਦੱਸਦੀ ਹੈ ਕਿ ‘ਭਗਤੀਹੀਣ ਮਨੁੱਖਾਂ ਦੇ ਨਿਆਉਂ ਅਤੇ ਨਾਸ ਹੋਣ ਦਾ ਦਿਨ’ ਛੇਤੀ ਆ ਰਿਹਾ ਹੈ। (2 ਪਤਰਸ 3:7) ਧਰਤੀ ਉੱਤੇ ਦੁਸ਼ਟ ਲੋਕਾਂ ਦਾ ਨਾਸ਼ ਹੋਣ ਤੇ ਪਰਮੇਸ਼ੁਰ ਦੇ ਲੋਕ ਸੁੱਖ ਦਾ ਸਾਹ ਲੈ ਸਕਣਗੇ।​—⁠ਜ਼ਬੂਰਾਂ ਦੀ ਪੋਥੀ 37:​10, 11.

ਉਦੋਂ ਯਿਸੂ ਦੇ ਹਜ਼ਾਰ ਵਰ੍ਹਿਆਂ ਦਾ ਰਾਜ ਸ਼ੁਰੂ ਹੋਵੇਗਾ। ਪਰਮੇਸ਼ੁਰ ਦੇ ਪਿਆਰ ਦੀ ਕਦਰ ਕਰਨ ਵਾਲਾ ਹਰ ਇਨਸਾਨ ਹੌਲੀ-ਹੌਲੀ ਮੁਕੰਮਲ ਬਣ ਜਾਵੇਗਾ ਜਿਵੇਂ ਸ਼ੁਰੂ ਵਿਚ ਆਦਮ ਹੋਇਆ ਕਰਦਾ ਸੀ। ਮਰੇ ਹੋਇਆਂ ਨੂੰ ਵੀ ਜੀ ਉਠਾਇਆ ਜਾਵੇਗਾ। (ਯੂਹੰਨਾ 5:​28, 29; ਪਰਕਾਸ਼ ਦੀ ਪੋਥੀ 20:6; 21:​3, 4) ਇਸ ਤਰ੍ਹਾਂ ਪਰਮੇਸ਼ੁਰ ਆਪਣਾ ਇਹ ਵਾਅਦਾ ਪੂਰਾ ਕਰੇਗਾ: ‘ਸਰਿਸ਼ਟੀ ਯਾਨੀ ਇਨਸਾਨ ਆਪ ਵੀ ਬਿਨਾਸ ਦੀ ਗੁਲਾਮੀ ਤੋਂ ਛੁੱਟ ਕੇ ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ ਨੂੰ ਪ੍ਰਾਪਤ ਕਰੇਗਾ।’​—⁠ਰੋਮੀਆਂ 8:⁠21.

ਆਪਣੇ ਪਿਤਾ ਨਾਲ ਦੁਬਾਰਾ ਰਿਸ਼ਤਾ ਜੋੜੋ

ਜਿਵੇਂ ਕਿ ਇਸ ਲੇਖ ਦੇ ਸ਼ੁਰੂ ਵਿਚ ਦੱਸਿਆ ਗਿਆ ਸੀ, ਸੇਜ਼ਾਰ ਅਤੇ ਹਜ਼ਾਰਾਂ ਕੋਰੀਆਈ ਲੋਕਾਂ ਨੂੰ ਆਪਣੇ ਪਰਿਵਾਰਾਂ ਨਾਲ ਦੁਬਾਰਾ ਮਿਲਣ ਲਈ ਕੁਝ ਕਰਨਾ ਪਿਆ ਸੀ। ਕੋਰੀਆ ਦੇ ਲੋਕਾਂ ਨੂੰ ਟੀ. ਵੀ. ਤੇ ਪ੍ਰਸਾਰਿਤ ਕੀਤੇ ਜਾਂਦੇ ਪ੍ਰੋਗ੍ਰਾਮ ਵਿਚ ਸ਼ਾਮਲ ਹੋਣ ਦੀ ਲੋੜ ਸੀ ਅਤੇ ਸੇਜ਼ਾਰ ਨੂੰ ਆਪਣੇ ਲੈ-ਪਾਲਕ ਮਾਤਾ-ਪਿਤਾ ਨੂੰ ਛੱਡਣਾ ਪਿਆ ਸੀ। ਇਸੇ ਤਰ੍ਹਾਂ ਤੁਹਾਨੂੰ ਵੀ ਪਰਮੇਸ਼ੁਰ ਯਹੋਵਾਹ ਦੇ ਪਰਿਵਾਰ ਦਾ ਹਿੱਸਾ ਬਣਨ ਲਈ ਕੁਝ ਠੋਸ ਕਦਮ ਚੁੱਕਣੇ ਪੈਣਗੇ। ਇਹ ਕਦਮ ਕੀ ਹਨ?

ਪਰਮੇਸ਼ੁਰ ਦੇ ਨੇੜੇ ਆਉਣ ਲਈ ਤੁਹਾਨੂੰ ਉਸ ਦੇ ਬਚਨ ਬਾਈਬਲ ਨੂੰ ਪੜ੍ਹਨ ਦੀ ਲੋੜ ਹੈ ਤਾਂਕਿ ਤੁਸੀਂ ਦੇਖ ਸਕੋ ਕਿ ਉਹ ਅਤੇ ਉਸ ਦੇ ਵਾਅਦੇ ਭਰੋਸੇਯੋਗ ਹਨ। ਬਾਈਬਲ ਪੜ੍ਹ ਕੇ ਤੁਹਾਨੂੰ ਯਕੀਨ ਹੋ ਜਾਵੇਗਾ ਕਿ ਪਰਮੇਸ਼ੁਰ ਜੋ ਵੀ ਕਹਿੰਦਾ ਹੈ ਉਹ ਤੁਹਾਡੇ ਭਲੇ ਲਈ ਕਹਿੰਦਾ ਹੈ। ਇਸ ਤੋਂ ਇਲਾਵਾ, ਤੁਹਾਨੂੰ ਪਰਮੇਸ਼ੁਰ ਦੀ ਸਲਾਹ ਅਤੇ ਤਾੜਨਾ ਨੂੰ ਵੀ ਸਵੀਕਾਰ ਕਰਨਾ ਚਾਹੀਦਾ ਹੈ ਕਿਉਂਕਿ ਬਾਈਬਲ ਕਹਿੰਦੀ ਹੈ ਕਿ “ਪਰਮੇਸ਼ੁਰ ਤੁਹਾਡੇ ਨਾਲ ਅਜਿਹਾ ਵਰਤਦਾ ਹੈ ਜਿਹਾ ਪੁੱਤ੍ਰਾਂ ਨਾਲ, ਕਿਉਂ ਜੋ ਉਹ ਕਿਹੜਾ  ਪੁੱਤ੍ਰ ਹੈ ਜਿਹ ਨੂੰ ਪਿਉ ਨਹੀਂ ਤਾੜਦਾ?”​—⁠ਇਬਰਾਨੀਆਂ 12:⁠7.

ਇਹ ਸਭ ਕਰਨ ਨਾਲ ਤੁਹਾਡੀ ਜ਼ਿੰਦਗੀ ਵਿਚ ਵੱਡਾ ਸੁਧਾਰ ਆਵੇਗਾ। ਬਾਈਬਲ ਕਹਿੰਦੀ ਹੈ, “ਆਪਣੇ ਮਨ ਦੇ ਸੁਭਾਉ ਵਿੱਚ ਨਵੇਂ ਬਣੋ ਅਤੇ ਨਵੀਂ ਇਨਸਾਨੀਅਤ ਨੂੰ ਪਹਿਨ ਲਓ ਜਿਹੜੀ ਪਰਮੇਸ਼ੁਰ ਦੇ ਅਨੁਸਾਰ ਸਚਿਆਈ ਦੇ ਧਰਮ ਅਤੇ ਪਵਿੱਤਰਤਾਈ ਵਿੱਚ ਉਤਪਤ ਹੋਈ।” (ਅਫ਼ਸੀਆਂ 4:​23, 24) ਨਵੇਂ ਸੁਭਾਅ ਦੇ ਬਣਨ ਤੋਂ ਬਾਅਦ ਚੇਲੇ ਪਤਰਸ ਦੀ ਇਸ ਸਲਾਹ ਨੂੰ ਮੰਨੋ: “ਆਪਣੇ ਆਪ ਨੂੰ ਬੱਚਿਆਂ ਦੀ ਤਰ੍ਹਾਂ ਪਰਮੇਸ਼ਰ ਦੇ ਅਗਿਆਕਾਰ ਬਣਾਉ ਅਤੇ ਆਪਣੇ ਜੀਵਨ ਨੂੰ ਆਪਣੀਆਂ ਉਹਨਾਂ ਪੁਰਾਣੀਆਂ ਇਛਾਵਾਂ ਦੇ ਦਾਸ ਨਾ ਬਣਨ ਦਿਉ, ਜੋ ਤੁਸੀਂ ਉਸ ਸਮੇਂ ਰੱਖਦੇ ਸਾਉ, ਜਦੋਂ ਤੁਸੀਂ ਨਾ-ਸਮਝ ਸਾਉ।”​—⁠1 ਪਤਰਸ 1:⁠14, CL.

ਆਪਣੇ ਅਸਲੀ ਪਰਿਵਾਰ ਨੂੰ ਭਾਲੋ

ਜਦੋਂ ਸੇਜ਼ਾਰ ਆਪਣੀ ਮਾਂ ਨੂੰ ਮਿਲਿਆ, ਤਾਂ ਉਸ ਨੂੰ ਇਹ ਜਾਣ ਕੇ ਬੇਹੱਦ ਖ਼ੁਸ਼ੀ ਹੋਈ ਕਿ ਉਸ ਦਾ ਇਕ ਭਰਾ ਅਤੇ ਭੈਣ ਵੀ ਹਨ। ਇਸੇ ਤਰ੍ਹਾਂ, ਜਦੋਂ ਤੁਸੀਂ ਆਪਣੇ ਪਿਆਰੇ ਪਿਤਾ ਯਹੋਵਾਹ ਨਾਲ ਰਿਸ਼ਤਾ ਜੋੜੋਗੇ, ਤਾਂ ਤੁਹਾਨੂੰ ਮਸੀਹੀ ਕਲੀਸਿਯਾ ਵਿਚ ਬਹੁਤ ਸਾਰੇ ਭੈਣ-ਭਰਾ ਮਿਲਣਗੇ। ਉਨ੍ਹਾਂ ਨਾਲ ਮਿਲਣ-ਗਿਲਣ ਨਾਲ ਉਹ ਤੁਹਾਨੂੰ ਸਕਿਆਂ ਨਾਲੋਂ ਵੀ ਜ਼ਿਆਦਾ ਪਿਆਰੇ ਹੋ ਜਾਣਗੇ।​—⁠ਰਸੂਲਾਂ ਦੇ ਕਰਤੱਬ 28:​14, 15; ਇਬਰਾਨੀਆਂ 10:​24, 25.

ਅੱਜ ਤੁਹਾਨੂੰ ਵੀ ਇਹੋ ਸੱਦਾ ਦਿੱਤਾ ਜਾ ਰਿਹਾ ਹੈ ਕਿ ਤੁਸੀਂ ਆਪਣੇ ਅਸਲੀ ਜੀਵਨਦਾਤਾ ਅਤੇ ਭੈਣਾਂ-ਭਰਾਵਾਂ ਨਾਲ ਮਿਲਾਪ ਕਰੋ। ਉਨ੍ਹਾਂ ਨਾਲ ਇਕ ਹੋ ਕੇ ਤੁਹਾਨੂੰ ਵੀ ਉੱਨੀ ਖ਼ੁਸ਼ੀ ਹੋਵੇਗੀ ਜਿੰਨੀ ਕਿ ਸੇਜ਼ਾਰ ਅਤੇ ਹਜ਼ਾਰਾਂ ਕੋਰੀਆਈ ਲੋਕਾਂ ਨੂੰ ਆਪਣੇ ਵਿਛੜੇ ਪਰਿਵਾਰ ਨਾਲ ਮਿਲ ਕੇ ਹੋਈ ਸੀ। (w08 3/1)

[ਸਫ਼ਾ 26 ਉੱਤੇ ਤਸਵੀਰ]

19 ਸਾਲਾਂ ਦਾ ਸੇਜ਼ਾਰ ਆਪਣੀ ਮਾਂ ਨਾਲ

[ਸਫ਼ਾ 28 ਉੱਤੇ ਤਸਵੀਰਾਂ]

ਪਰਮੇਸ਼ੁਰ ਨਾਲ ਰਿਸ਼ਤਾ ਜੋੜਨ ਲਈ ਠੋਸ ਕਦਮ ਚੁੱਕੋ