Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਯਹੋਵਾਹ ਦੀਆਂ “ਨਜ਼ਰਾਂ ਵਿਚ” ਵਫ਼ਾਦਾਰ ਭਗਤਾਂ ਦੀ ਮੌਤ ਕਿਵੇਂ ਕੀਮਤੀ ਹੈ?

▪ ਜ਼ਬੂਰਾਂ ਦੇ ਲਿਖਾਰੀ ਨੇ ਗਾਇਆ: “ਭਗਤਾਂ ਦੀ ਮੌਤ, ਪ੍ਰਭੂ ਦੀਆਂ ਨਜ਼ਰਾਂ ਵਿਚ ਬਹੁਤ ਕੀਮਤੀ ਹੈ।” (ਭਜਨ 116:15, CL) ਯਹੋਵਾਹ ਦੇ ਹਰ ਭਗਤ ਦੀ ਜਾਨ ਉਸ ਲਈ ਕੀਮਤੀ ਹੈ। ਪਰ ਇੱਥੇ ਸਿਰਫ਼ ਇਕ ਇਨਸਾਨ ਦੀ ਮੌਤ ਦੀ ਗੱਲ ਨਹੀਂ ਕੀਤੀ ਗਈ ਹੈ।

ਜਦੋਂ ਇਕ ਮਸੀਹੀ ਦੀ ਮੌਤ ’ਤੇ ਭਾਸ਼ਣ ਦਿੱਤਾ ਜਾਂਦਾ ਹੈ, ਤਾਂ ਇਹ ਆਇਤ ਉਸ ਮਰ ਚੁੱਕੇ ਮਸੀਹੀ ਲਈ ਵਰਤਣੀ ਸਹੀ ਨਹੀਂ ਹੈ, ਭਾਵੇਂ ਕਿ ਉਹ ਯਹੋਵਾਹ ਦਾ ਵਫ਼ਾਦਾਰ ਭਗਤ ਸੀ। ਕਿਉਂ? ਕਿਉਂਕਿ ਇੱਥੇ ਜ਼ਬੂਰਾਂ ਦਾ ਲਿਖਾਰੀ ਪਰਮੇਸ਼ੁਰ ਦੇ ਸਾਰੇ ਵਫ਼ਾਦਾਰ ਸੇਵਕਾਂ ਦੀ ਮੌਤ ਦੀ ਗੱਲ ਕਰ ਰਿਹਾ ਸੀ। ਇਸ ਆਇਤ ਦਾ ਮਤਲਬ ਹੈ ਕਿ ਪਰਮੇਸ਼ੁਰ ਕਦੇ ਵੀ ਧਰਤੀ ਉੱਤੋਂ ਆਪਣੇ ਸਾਰੇ ਵਫ਼ਾਦਾਰ ਸੇਵਕਾਂ ਦਾ ਨਾਮੋ-ਨਿਸ਼ਾਨ ਨਹੀਂ ਮਿਟਣ ਦੇਵੇਗਾ ਕਿਉਂਕਿ ਉਹ ਯਹੋਵਾਹ ਲਈ ਅਨਮੋਲ ਹਨ।—ਜ਼ਬੂਰਾਂ ਦੀ ਪੋਥੀ 72:14; 116:8 ਦੇਖੋ।

ਇਹ ਆਇਤ ਭਰੋਸਾ ਦਿਵਾਉਂਦੀ ਹੈ ਕਿ ਯਹੋਵਾਹ ਇੱਦਾਂ ਕਦੇ ਵੀ ਨਹੀਂ ਹੋਣ ਦੇਵੇਗਾ। ਯਹੋਵਾਹ ਦੇ ਗਵਾਹਾਂ ਦਾ ਇਤਿਹਾਸ ਦਿਖਾਉਂਦਾ ਹੈ ਕਿ ਉਨ੍ਹਾਂ ਨੂੰ ਖ਼ਤਮ ਕਰਨ ਲਈ ਬਹੁਤ ਸਤਾਇਆ ਗਿਆ, ਪਰ ਉਹ ਅੱਜ ਵੀ ਵਧ-ਫੁੱਲ ਰਹੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਕਦੇ ਵੀ ਆਪਣੇ ਸੇਵਕਾਂ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਣ ਦੇਵੇਗਾ।

ਯਹੋਵਾਹ ਕੋਲ ਅਸੀਮ ਤਾਕਤ ਹੈ ਤੇ ਉਸ ਦਾ ਮਕਸਦ ਜ਼ਰੂਰ ਪੂਰਾ ਹੋਵੇਗਾ ਕਿ ਵਫ਼ਾਦਾਰ ਲੋਕ ਇਸ ਧਰਤੀ ’ਤੇ ਹਮੇਸ਼ਾ ਲਈ ਰਹਿਣ। (ਯਸਾ. 45:18; 55:10, 11) ਇਸ ਕਰਕੇ ਉਹ ਆਪਣੇ ਸੇਵਕਾਂ ਦਾ ਨਾਮੋ-ਨਿਸ਼ਾਨ ਨਹੀਂ ਮਿਟਣ ਦੇਵੇਗਾ। ਜੇ ਪਰਮੇਸ਼ੁਰ ਇੱਦਾਂ ਹੋਣ ਦਿੰਦਾ ਹੈ, ਤਾਂ ਇਸ ਤੋਂ ਲੱਗੇਗਾ ਕਿ ਉਸ ਦੇ ਦੁਸ਼ਮਣ ਉਸ ਤੋਂ ਜ਼ਿਆਦਾ ਸ਼ਕਤੀਸ਼ਾਲੀ ਹਨ। ਪਰ ਇਹ ਕਦੇ ਹੋ ਹੀ ਨਹੀਂ ਸਕਦਾ! ਜੇ ਉਸ ਦਾ ਕੋਈ ਭਗਤ ਨਾ ਬਚਿਆ, ਤਾਂ ਕੌਣ ਧਰਤੀ ’ਤੇ ਯਹੋਵਾਹ ਦੀ ਭਗਤੀ ਕਰੇਗਾ? ‘ਨਵੇਂ ਆਕਾਸ਼’ ਅਧੀਨ “ਨਵੀਂ ਧਰਤੀ” ਯਾਨੀ ਧਰਮੀ ਲੋਕਾਂ ਦੇ ਸਮਾਜ ਦੀ ਨੀਂਹ ਨਹੀਂ ਰੱਖੀ ਜਾ ਸਕੇਗੀ। (ਪ੍ਰਕਾ. 21:1) ਨਾਲੇ ਧਰਤੀ ’ਤੇ ਪਰਜਾ ਤੋਂ ਬਿਨਾਂ ਯਿਸੂ ਮਸੀਹ ਹਜ਼ਾਰ ਸਾਲ ਲਈ ਰਾਜ ਨਹੀਂ ਕਰ ਸਕੇਗਾ।—ਪ੍ਰਕਾ. 20:4, 5.

ਪਰਮੇਸ਼ੁਰ ਦੀ ਪਦਵੀ ਅਤੇ ਉਸ ਦੇ ਨਾਂ ’ਤੇ ਧੱਬਾ ਲੱਗੇਗਾ ਜੇ ਉਹ ਆਪਣੇ ਦੁਸ਼ਮਣਾਂ ਦੇ ਹੱਥੋਂ ਆਪਣੇ ਲੋਕਾਂ ਨੂੰ ਪੂਰੀ ਤਰ੍ਹਾਂ ਖ਼ਤਮ ਹੋਣ ਦੇਵੇਗਾ। ਇੱਦਾਂ ਹੋਣ ਨਾਲ ਸਵਾਲ ਖੜ੍ਹਾ ਹੋਵੇਗਾ ਕਿ ਪਰਮੇਸ਼ੁਰ ਦੁਨੀਆਂ ਦਾ ਮਾਲਕ ਹੈ ਜਾਂ ਨਹੀਂ। ਆਪਣੇ ਮਾਣ-ਸਨਮਾਨ ਤੇ ਆਪਣੇ ਪਵਿੱਤਰ ਨਾਂ ਦੀ ਖ਼ਾਤਰ ਯਹੋਵਾਹ ਕਦੇ ਵੀ ਆਪਣੇ ਸਾਰੇ ਵਫ਼ਾਦਾਰ ਸੇਵਕਾਂ ਦਾ ਨਾਮੋ-ਨਿਸ਼ਾਨ ਨਹੀਂ ਮਿਟਣ ਦੇਵੇਗਾ। ਨਾਲੇ ਇਸ ’ਤੇ ਗੌਰ ਕਰੋ ਕਿ ‘ਪਰਮੇਸ਼ੁਰ ਦੇ ਸਾਰੇ ਮਾਰਗ ਨਿਆਉਂ ਦੇ ਹਨ’ ਜਿਸ ਕਰਕੇ ਉਹ ਆਪਣੇ ਵਫ਼ਾਦਾਰ ਭਗਤਾਂ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਣ ਦੇਵੇਗਾ। (ਬਿਵ. 32:4; ਉਤ. 18:25) ਇਸ ਤੋਂ ਇਲਾਵਾ, ਆਪਣੇ ਲੋਕਾਂ ਨੂੰ ਪੂਰੀ ਤਰ੍ਹਾਂ ਖ਼ਤਮ ਹੋਣ ਦੇਣਾ ਪਰਮੇਸ਼ੁਰ ਦੇ ਇਨ੍ਹਾਂ ਸ਼ਬਦਾਂ ਤੋਂ ਉਲਟ ਹੋਵੇਗਾ: “ਯਹੋਵਾਹ ਆਪਣੇ ਵੱਡੇ ਨਾਮ ਦੇ ਲਈ ਆਪਣੀ ਪਰਜਾ ਦਾ ਤਿਆਗ ਨਾ ਕਰੇਗਾ।” (1 ਸਮੂ. 12:22) ਇਹ ਵੀ ਸੱਚ ਹੈ ਕਿ “ਯਹੋਵਾਹ ਤਾਂ ਆਪਣੀ ਪਰਜਾ ਨੂੰ ਨਾ ਛੱਡੇਗਾ, ਨਾ ਆਪਣੀ ਮਿਰਾਸ ਨੂੰ ਤਿਆਗੇਗਾ।”—ਜ਼ਬੂ. 94:14.

ਇਹ ਜਾਣ ਕੇ ਕਿੰਨਾ ਦਿਲਾਸਾ ਮਿਲਦਾ ਹੈ ਕਿ ਯਹੋਵਾਹ ਦੇ ਲੋਕਾਂ ਦਾ ਧਰਤੀ ਉੱਤੋਂ ਕਦੇ ਵੀ ਨਾਮੋ-ਨਿਸ਼ਾਨ ਨਹੀਂ ਮਿਟੇਗਾ! ਇਸ ਲਈ ਆਓ ਆਪਾਂ ਯਹੋਵਾਹ ਦੇ ਇਸ ਵਾਅਦੇ ’ਤੇ ਭਰੋਸਾ ਰੱਖਦੇ ਹੋਏ ਹਮੇਸ਼ਾ ਉਸ ਦੇ ਵਫ਼ਾਦਾਰ ਰਹੀਏ: ‘ਹਰ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ, ਹਰ ਜੀਭ ਨੂੰ ਜੋ ਤੇਰੇ ਵਿਰੁੱਧ ਨਿਆਉਂ ਲਈ ਉੱਠੇ, ਤੂੰ ਦੋਸ਼ੀ ਠਹਿਰਾਵੇਂਗਾ, ਏਹ ਯਹੋਵਾਹ ਦੇ ਦਾਸਾਂ ਦਾ ਅਧਿਕਾਰ ਹੈ, ਅਤੇ ਉਨ੍ਹਾਂ ਦਾ ਧਰਮ ਮੈਥੋਂ ਹੈ।’—ਯਸਾ. 54:17.

[ਸਫ਼ਾ 22 ਉੱਤੇ ਸੁਰਖੀ]

ਪਰਮੇਸ਼ੁਰ ਕਦੇ ਵੀ ਆਪਣੇ ਲੋਕਾਂ ਦਾ ਨਾਮੋ-ਨਿਸ਼ਾਨ ਨਹੀਂ ਮਿਟਣ ਦੇਵੇਗਾ