Skip to content

Skip to table of contents

ਉਹ ‘ਲੇਲੇ ਦੇ ਮਗਰ ਮਗਰ ਤੁਰਦੇ ਹਨ’

ਉਹ ‘ਲੇਲੇ ਦੇ ਮਗਰ ਮਗਰ ਤੁਰਦੇ ਹਨ’

ਉਹ ‘ਲੇਲੇ ਦੇ ਮਗਰ ਮਗਰ ਤੁਰਦੇ ਹਨ’

“ਏਹ ਓਹ ਹਨ ਭਈ ਜਿੱਥੇ ਕਿਤੇ ਲੇਲਾ ਜਾਂਦਾ ਹੈ ਓਹ ਉਹ ਦੇ ਮਗਰ ਮਗਰ ਤੁਰਦੇ ਹਨ।”—ਪਰ. 14:4.

1. ਯਿਸੂ ਦੇ ਸੱਚੇ ਚੇਲਿਆਂ ਨੇ ਉਸ ਦੇ ਪਿੱਛੇ ਚੱਲਣ ਬਾਰੇ ਕਿਵੇਂ ਮਹਿਸੂਸ ਕੀਤਾ?

ਯਿਸੂ ਨੂੰ ਸੇਵਕਾਈ ਕਰਦਿਆਂ ਤਕਰੀਬਨ ਢਾਈ ਸਾਲ ਹੋ ਗਏ ਸਨ ਜਦੋਂ ਉਹ “ਕਫ਼ਰਨਾਹੂਮ ਦੀ ਇੱਕ ਸਮਾਜ ਵਿੱਚ ਉਪਦੇਸ਼” ਦੇ ਰਿਹਾ ਸੀ। ਪਰ “ਉਹ ਦੇ ਚੇਲਿਆਂ ਵਿੱਚੋਂ ਬਹੁਤੇ ਪਿਛਾਹਾਂ ਨੂੰ ਫਿਰ ਗਏ ਅਤੇ ਮੁੜ ਉਹ ਦੇ ਨਾਲ ਨਾ ਚੱਲੇ” ਕਿਉਂਕਿ ਉਨ੍ਹਾਂ ਨੂੰ ਉਸ ਦੀਆਂ ਕਹੀਆਂ ਗੱਲਾਂ ਚੰਗੀਆਂ ਨਹੀਂ ਲੱਗੀਆਂ। ਜਦੋਂ ਯਿਸੂ ਨੇ ਆਪਣੇ 12 ਰਸੂਲਾਂ ਨੂੰ ਪੁੱਛਿਆ ਕਿ ਕੀ ਉਹ ਵੀ ਉਸ ਨੂੰ ਛੱਡ ਕੇ ਜਾਣਾ ਚਾਹੁੰਦੇ ਹਨ, ਤਾਂ ਸ਼ਮਊਨ ਪਤਰਸ ਨੇ ਕਿਹਾ: “ਪ੍ਰਭੁ ਜੀ ਅਸੀਂ ਕਿਹ ਦੇ ਕੋਲ ਜਾਈਏ? ਸਦੀਪਕ ਜੀਉਣ ਦੀਆਂ ਗੱਲਾਂ ਤਾਂ ਤੇਰੇ ਕੋਲ ਹਨ। ਅਰ ਅਸਾਂ ਤਾਂ ਨਿਹਚਾ ਕੀਤੀ ਅਤੇ ਜਾਣਿਆ ਹੈ ਕਿ ਤੂੰ ਪਰਮੇਸ਼ੁਰ ਦਾ ਪਵਿੱਤ੍ਰ ਪੁਰਖ ਹੈਂ।” (ਯੂਹੰ. 6:48, 59, 60, 66-69) ਹਾਂ, ਯਿਸੂ ਦੇ ਸੱਚੇ ਚੇਲਿਆਂ ਨੇ ਉਸ ਦਾ ਸਾਥ ਨਹੀਂ ਛੱਡਿਆ। ਪਵਿੱਤਰ ਸ਼ਕਤੀ ਨਾਲ ਮਸਹ ਹੋਣ ਤੋਂ ਬਾਅਦ ਉਹ ਯਿਸੂ ਦੀ ਸੇਧ ਵਿਚ ਚੱਲਦੇ ਰਹੇ।—ਰਸੂ. 16:7-10.

2. (ੳ) “ਮਾਤਬਰ ਅਤੇ ਬੁੱਧਵਾਨ ਨੌਕਰ” ਜਾਂ “ਬੁੱਧਵਾਨ ਮੁਖ਼ਤਿਆਰ” ਕੌਣ ਹੈ? (ਅ) ‘ਲੇਲੇ ਦੇ ਮਗਰ ਮਗਰ ਤੁਰਨ’ ਵਿਚ ਮਾਤਬਰ ਨੌਕਰ ਨੇ ਕਿਵੇਂ ਵਧੀਆ ਰਿਕਾਰਡ ਕਾਇਮ ਕੀਤਾ ਹੈ?

2 ਅੱਜ ਮਸਹ ਕੀਤੇ ਹੋਏ ਮਸੀਹੀਆਂ ਬਾਰੇ ਕੀ ਕਿਹਾ ਜਾ ਸਕਦਾ ਹੈ? ਜਦੋਂ ਯਿਸੂ ਨੇ ‘ਉਸ ਦੇ ਆਉਣ ਅਰ ਜੁਗ ਦੇ ਅੰਤ ਦੇ ਲੱਛਣ’ ਬਾਰੇ ਭਵਿੱਖਬਾਣੀ ਕੀਤੀ, ਤਾਂ ਇਸ ਵਿਚ ਉਸ ਨੇ ਧਰਤੀ ਉੱਤੇ ਰਹਿੰਦੇ ਆਪਣੇ ਮਸਹ ਕੀਤੇ ਹੋਏ ਮਸੀਹੀਆਂ ਨੂੰ ਸਮੂਹ ਦੇ ਤੌਰ ਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਜਾਂ “ਬੁੱਧਵਾਨ ਮੁਖ਼ਤਿਆਰ” ਕਿਹਾ। (ਮੱਤੀ 24:3, 45; ਲੂਕਾ 12:42) ਸਮੂਹ ਦੇ ਤੌਰ ਤੇ ਮਾਤਬਰ ਨੌਕਰ ਨੇ ਵਧੀਆ ਰਿਕਾਰਡ ਕਾਇਮ ਕੀਤਾ ਹੈ ਕਿਉਂਕਿ “ਜਿੱਥੇ ਕਿਤੇ ਲੇਲਾ ਜਾਂਦਾ ਹੈ ਓਹ ਉਹ ਦੇ ਮਗਰ ਮਗਰ ਤੁਰਦੇ ਹਨ।” (ਪਰਕਾਸ਼ ਦੀ ਪੋਥੀ 14:4, 5 ਪੜ੍ਹੋ।) ਉਹ ਪਰਮੇਸ਼ੁਰ ਦੀ ਨਜ਼ਰ ਵਿਚ ਇਸ ਅਰਥ ਵਿਚ ਕੁਆਰੇ ਹਨ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਝੂਠੇ ਧਰਮਾਂ ਦੇ ਸਾਮਰਾਜ ਯਾਨੀ ‘ਵੱਡੀ ਨਗਰੀ ਬਾਬੁਲ’ ਦੀਆਂ ਗ਼ਲਤ ਸਿੱਖਿਆਵਾਂ ਅਤੇ ਕੰਮਾਂ ਤੋਂ ਬੇਦਾਗ਼ ਰੱਖਿਆ ਹੈ। (ਪਰ. 17:5) “ਓਹਨਾਂ ਦੇ ਮੂੰਹੋਂ” ਬਾਈਬਲ ਦੇ ਖ਼ਿਲਾਫ਼ ਕੋਈ ਝੂਠੀ ਸਿੱਖਿਆ ਨਹੀਂ ਨਿਕਲਦੀ ਅਤੇ ਉਹ ਸ਼ਤਾਨ ਦੀ ਦੁਨੀਆਂ ਤੋਂ “ਨਿਰਦੋਸ਼” ਰਹਿੰਦੇ ਹਨ। (ਯੂਹੰ. 15:19) ਧਰਤੀ ਉੱਤੇ ਬਾਕੀ ਰਹਿੰਦੇ ਮਸਹ ਕੀਤੇ ਹੋਏ ਮਸੀਹੀ ਭਵਿੱਖ ਵਿਚ ਸਿੱਧੇ ਸਵਰਗ ਵਿਚ ਜਾਣਗੇ ਜਿੱਥੇ ਲੇਲਾ ਹੈ।—ਯੂਹੰ. 13:36.

3. ਮਾਤਬਰ ਨੌਕਰ ’ਤੇ ਭਰੋਸਾ ਕਰਨਾ ਸਾਡੇ ਲਈ ਕਿਉਂ ਜ਼ਰੂਰੀ ਹੈ?

3 ਯਿਸੂ ਨੇ ਮਾਤਬਰ ਅਤੇ ਬੁੱਧਵਾਨ ਨੌਕਰ ਨੂੰ “ਆਪਣੇ ਨੌਕਰਾਂ ਚਾਕਰਾਂ” ਉੱਤੇ ਮੁਖ਼ਤਿਆਰ ਠਹਿਰਾਇਆ ਹੈ। ਕਹਿਣ ਦਾ ਮਤਲਬ ਹੈ ਕਿ ਯਿਸੂ ਨੇ ਮਾਤਬਰ ਨੌਕਰ ਨੂੰ ਜ਼ਿੰਮੇਵਾਰੀ ਦਿੱਤੀ ਹੈ ਕਿ ਉਹ ਨੌਕਰ ਦੇ ਇਕ-ਇਕ ਮੈਂਬਰ ਨੂੰ ‘ਵੇਲੇ ਸਿਰ ਰਸਤ ਦੇਣ।’ ਯਿਸੂ ਨੇ ਮਾਤਬਰ ਨੌਕਰ ਨੂੰ ‘ਆਪਣੇ ਸਾਰੇ ਮਾਲ ਮਤੇ ਉੱਤੇ’ ਵੀ ਮੁਖ਼ਤਿਆਰ ਕੀਤਾ ਹੈ। (ਮੱਤੀ 24:45-47) ਇਸ ‘ਮਾਲ ਮਤੇ’ ਵਿਚ ‘ਹੋਰ ਭੇਡਾਂ’ ਦੀ ਵਧਦੀ ਜਾਂਦੀ “ਵੱਡੀ ਭੀੜ” ਸ਼ਾਮਲ ਹੈ। (ਪਰ. 7:9; ਯੂਹੰ. 10:16) ਤਾਂ ਫਿਰ ਕੀ ਮਸਹ ਕੀਤੇ ਹੋਏ ਮਸੀਹੀਆਂ ਅਤੇ ‘ਹੋਰ ਭੇਡਾਂ’ ਨੂੰ ਮਾਤਬਰ ਨੌਕਰ ’ਤੇ ਭਰੋਸਾ ਨਹੀਂ ਕਰਨਾ ਚਾਹੀਦਾ? ਹਾਂ, ਜ਼ਰੂਰ ਕਰਨਾ ਚਾਹੀਦਾ ਹੈ। ਇਨ੍ਹਾਂ ਦੋ ਵਧੀਆ ਕਾਰਨਾਂ ’ਤੇ ਗੌਰ ਕਰੋ ਜਿਨ੍ਹਾਂ ਕਰਕੇ ਉਹ ਸਾਡੇ ਭਰੋਸੇ ਦੇ ਲਾਇਕ ਹਨ: (1) ਯਹੋਵਾਹ ਨੂੰ ਮਾਤਬਰ ਨੌਕਰ ’ਤੇ ਭਰੋਸਾ ਹੈ। (2) ਯਿਸੂ ਨੂੰ ਵੀ ਮਾਤਬਰ ਨੌਕਰ ’ਤੇ ਭਰੋਸਾ ਹੈ। ਆਓ ਆਪਾਂ ਦੇਖੀਏ ਕਿ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਨੂੰ ਮਾਤਬਰ ਅਤੇ ਬੁੱਧਵਾਨ ਨੌਕਰ ਉੱਤੇ ਪੂਰਾ ਭਰੋਸਾ ਕਿਉਂ ਹੈ।

ਯਹੋਵਾਹ ਮਾਤਬਰ ਨੌਕਰ ’ਤੇ ਭਰੋਸਾ ਕਰਦਾ ਹੈ

4. ਮਾਤਬਰ ਅਤੇ ਬੁੱਧਵਾਨ ਨੌਕਰ ਵੱਲੋਂ ਮਿਲਦੀ ਸਿੱਖਿਆ ਉੱਤੇ ਅਸੀਂ ਕਿਉਂ ਭਰੋਸਾ ਕਰ ਸਕਦੇ ਹਾਂ?

4 ਧਿਆਨ ਦਿਓ ਕਿ ਮਾਤਬਰ ਅਤੇ ਬੁੱਧਵਾਨ ਨੌਕਰ ਵੇਲੇ ਸਿਰ ਸਹੀ ਸਿੱਖਿਆ ਕਿਵੇਂ ਦੇ ਪਾਉਂਦਾ ਹੈ। ਯਹੋਵਾਹ ਕਹਿੰਦਾ ਹੈ: “ਮੈਂ ਤੈਨੂੰ ਸਮਝ ਦੇਵਾਂਗਾ, ਅਤੇ ਜਿਸ ਰਾਹ ਉੱਤੇ ਤੈਂ ਚੱਲਣਾ ਹੈ ਤੈਨੂੰ ਸਿਖਾਵਾਂਗਾ, ਤੇਰੇ ਉੱਤੇ ਨਿਗਾਹ ਰੱਖ ਕੇ ਤੈਨੂੰ ਸਲਾਹ ਦਿਆਂਗਾ।” (ਜ਼ਬੂ. 32:8) ਜੀ ਹਾਂ, ਯਹੋਵਾਹ ਮਾਤਬਰ ਨੌਕਰ ਨੂੰ ਸੇਧ ਦਿੰਦਾ ਹੈ। ਇਸ ਲਈ ਮਾਤਬਰ ਨੌਕਰ ਸਾਨੂੰ ਬਾਈਬਲ ਵਿੱਚੋਂ ਜੋ ਵੀ ਸਮਝ ਅਤੇ ਸੇਧ ਦਿੰਦਾ ਹੈ, ਉਸ ਉੱਤੇ ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ।

5. ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੀ ਸ਼ਕਤੀ ਮਾਤਬਰ ਨੌਕਰ ’ਤੇ ਹੈ?

5 ਯਹੋਵਾਹ ਆਪਣੇ ਮਾਤਬਰ ਨੌਕਰ ਨੂੰ ਪਵਿੱਤਰ ਸ਼ਕਤੀ ਵੀ ਦਿੰਦਾ ਹੈ। ਭਾਵੇਂ ਅਸੀਂ ਇਸ ਸ਼ਕਤੀ ਨੂੰ ਦੇਖ ਨਹੀਂ ਸਕਦੇ, ਪਰ ਜੋ ਕੰਮ ਇਹ ਪਰਮੇਸ਼ੁਰ ਦੇ ਲੋਕਾਂ ਤੋਂ ਕਰਵਾਉਂਦੀ ਹੈ, ਉਹ ਅਸੀਂ ਜ਼ਰੂਰ ਦੇਖ ਸਕਦੇ ਹਾਂ। ਜ਼ਰਾ ਸੋਚੋ ਕਿ ਮਾਤਬਰ ਅਤੇ ਬੁੱਧਵਾਨ ਨੌਕਰ ਨੇ ਯਹੋਵਾਹ ਪਰਮੇਸ਼ੁਰ, ਉਸ ਦੇ ਪੁੱਤਰ ਅਤੇ ਰਾਜ ਬਾਰੇ ਦੁਨੀਆਂ ਭਰ ਵਿਚ ਗਵਾਹੀ ਦੇਣ ਲਈ ਕਿੰਨਾ ਕੁਝ ਕੀਤਾ ਹੈ! ਯਹੋਵਾਹ ਦੇ ਭਗਤ 230 ਤੋਂ ਜ਼ਿਆਦਾ ਦੇਸ਼ਾਂ ਵਿਚ ਅਤੇ ਟਾਪੂਆਂ ’ਤੇ ਜੋਸ਼ ਨਾਲ ਰਾਜ ਦਾ ਪ੍ਰਚਾਰ ਕਰ ਰਹੇ ਹਨ। ਕੀ ਇਹ ਇਸ ਗੱਲ ਦਾ ਸਬੂਤ ਨਹੀਂ ਹੈ ਕਿ ਯਹੋਵਾਹ ਦੀ ਸ਼ਕਤੀ ਮਾਤਬਰ ਨੌਕਰ ’ਤੇ ਹੈ? (ਰਸੂਲਾਂ ਦੇ ਕਰਤੱਬ 1:8 ਪੜ੍ਹੋ।) ਦੁਨੀਆਂ ਭਰ ਵਿਚ ਯਹੋਵਾਹ ਦੇ ਲੋਕਾਂ ਨੂੰ ਸਹੀ ਸਮੇਂ ’ਤੇ ਸੇਧ ਦੇਣ ਲਈ ਮਾਤਬਰ ਨੌਕਰ ਨੂੰ ਕਈ ਅਹਿਮ ਫ਼ੈਸਲੇ ਕਰਨੇ ਪੈਂਦੇ ਹਨ। ਫ਼ੈਸਲੇ ਕਰਨ ਅਤੇ ਇਨ੍ਹਾਂ ਨੂੰ ਲਾਗੂ ਕਰਨ ਲੱਗਿਆਂ ਮਾਤਬਰ ਨੌਕਰ ਪਿਆਰ ਅਤੇ ਨਰਮਾਈ ਨਾਲ ਪੇਸ਼ ਆਉਂਦਾ ਹੈ।—ਗਲਾ. 5:22, 23.

6, 7. ਯਹੋਵਾਹ ਨੂੰ ਮਾਤਬਰ ਨੌਕਰ ਉੱਤੇ ਕਿੰਨਾ ਕੁ ਭਰੋਸਾ ਹੈ?

6 ਇਹ ਪਤਾ ਕਰਨ ਲਈ ਕਿ ਯਹੋਵਾਹ ਮਾਤਬਰ ਨੌਕਰ ’ਤੇ ਕਿੰਨਾ ਭਰੋਸਾ ਕਰਦਾ ਹੈ, ਆਓ ਦੇਖੀਏ ਕਿ ਯਹੋਵਾਹ ਨੇ ਉਸ ਨਾਲ ਕਿਹੜਾ ਵਾਅਦਾ ਕੀਤਾ ਹੈ। ਪੌਲੁਸ ਰਸੂਲ ਨੇ ਲਿਖਿਆ: “[ਅਸੀਂ] ਸੱਭੇ ਛਿੰਨ ਭਰ ਵਿੱਚ ਅੱਖ ਦੀ ਝਮਕ ਵਿੱਚ ਛੇਕੜਲੀ ਤੁਰ੍ਹੀ ਫੂਕਦਿਆਂ ਸਾਰ ਹੋਰ ਦੇ ਹੋਰ ਹੋ ਜਾਵਾਂਗੇ। ਤੁਰ੍ਹੀ ਫੂਕੀ ਜਾਵੇਗੀ ਅਤੇ ਮੁਰਦੇ ਅਵਿਨਾਸੀ ਹੋ ਕੇ ਜੀ ਉੱਠਣਗੇ ਅਤੇ ਅਸੀਂ ਹੋਰ ਦੇ ਹੋਰ ਹੋ ਜਾਵਾਂਗੇ। ਕਿਉਂ ਜੋ ਜਰੂਰ ਹੈ ਕਿ ਨਾਸਵਾਨ ਅਵਿਨਾਸ ਨੂੰ ਉਦਾਲੇ ਪਾਵੇ ਅਤੇ ਇਹ ਮਰਨਹਾਰ ਅਮਰਤਾ ਨੂੰ ਉਦਾਲੇ ਪਾਵੇ।” (1 ਕੁਰਿੰ. 15:52, 53) ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰ ਰਹੇ ਮਸਹ ਕੀਤੇ ਹੋਏ ਚੇਲਿਆਂ ਦੀ ਮੌਤ ਹੋਣ ਤੇ ਉਨ੍ਹਾਂ ਦਾ ਨਾਸ਼ਵਾਨ ਸਰੀਰ ਖ਼ਤਮ ਹੋ ਜਾਂਦਾ ਹੈ। ਫਿਰ ਉਨ੍ਹਾਂ ਨੂੰ ਜ਼ਿੰਦਾ ਕਰ ਕੇ ਅਜਿਹਾ ਸਰੀਰ ਦਿੱਤਾ ਜਾਂਦਾ ਹੈ ਜੋ ਦੂਤਾਂ ਨਾਲੋਂ ਕਿਤੇ ਬਿਹਤਰ ਹੈ। ਉਨ੍ਹਾਂ ਨੂੰ ਅਮਰ ਜੀਵਨ ਦਿੱਤਾ ਜਾਂਦਾ ਹੈ। ਉਨ੍ਹਾਂ ਦੇ ਸਰੀਰ ਨਾ ਕਦੇ ਗਲਣ-ਸੜਨਗੇ, ਨਾ ਕਦੇ ਨਾਸ਼ ਹੋਣਗੇ ਤੇ ਨਾ ਹੀ ਉਨ੍ਹਾਂ ਨੂੰ ਜ਼ਿੰਦਾ ਰਹਿਣ ਲਈ ਸਾਡੇ ਵਾਂਗ ਕੁਦਰਤੀ ਚੀਜ਼ਾਂ ਦੀ ਲੋੜ ਪਵੇਗੀ। ਪਰਕਾਸ਼ ਦੀ ਪੋਥੀ 4:4 ਵਿਚ ਦੱਸਿਆ ਗਿਆ ਹੈ ਕਿ ਜੀ ਉਠਾਏ ਗਏ ਇਹ ਚੇਲੇ ਸਿੰਘਾਸਣਾਂ ਉੱਤੇ ਬੈਠੇ ਹਨ ਤੇ ਉਨ੍ਹਾਂ ਦੇ ਸਿਰਾਂ ਉੱਤੇ ਸੋਨੇ ਦੇ ਮੁਕਟ ਹਨ। ਮਸਹ ਕੀਤੇ ਹੋਏ ਮਸੀਹੀ ਇਸ ਸ਼ਾਹੀ ਮਹਿਮਾ ਦੀ ਉਡੀਕ ਕਰ ਰਹੇ ਹਨ। ਆਓ ਆਪਾਂ ਹੋਰ ਵੀ ਕਾਰਨ ਦੇਖੀਏ ਜਿਨ੍ਹਾਂ ਕਰਕੇ ਯਹੋਵਾਹ ਇਨ੍ਹਾਂ ’ਤੇ ਭਰੋਸਾ ਕਰਦਾ ਹੈ।

7ਪਰਕਾਸ਼ ਦੀ ਪੋਥੀ 19:7, 8 ਵਿਚ ਦੱਸਿਆ ਹੈ: “ਲੇਲੇ ਦਾ ਵਿਆਹ ਜੋ ਆ ਗਿਆ ਹੈ, ਅਤੇ ਉਹ ਦੀ ਲਾੜੀ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ। ਏਹ ਉਸ ਨੂੰ ਬਖ਼ਸ਼ਿਆ ਗਿਆ ਭਈ ਭੜਕੀਲੇ ਅਤੇ ਸਾਫ ਕਤਾਨ ਦੀ ਪੁਸ਼ਾਕ ਪਾਵੇ, ਏਹ ਕਤਾਨ ਤਾਂ ਸੰਤਾਂ ਦਾ ਧਰਮੀ ਕੰਮ ਹੈ।” ਯਹੋਵਾਹ ਨੇ ਆਪਣੇ ਪੁੱਤਰ ਲਈ ਮਸਹ ਕੀਤੇ ਹੋਏ ਮਸੀਹੀਆਂ ਨੂੰ ਲਾੜੀ ਵਜੋਂ ਚੁਣਿਆ ਹੈ। ਉਨ੍ਹਾਂ ਨੂੰ ਕਿੰਨੇ ਅਨਮੋਲ ਤੋਹਫ਼ੇ ਮਿਲਣ ਵਾਲੇ ਹਨ ਜਿਵੇਂ ਨਾਸ਼ ਨਾ ਹੋਣ ਵਾਲੇ ਸਰੀਰ, ਅਮਰਤਾ, ਪਾਤਸ਼ਾਹੀ ਅਤੇ “ਲੇਲੇ ਦਾ ਵਿਆਹ”! ਇਹ ਸਭ ਕੁਝ ਸਬੂਤ ਹੈ ਕਿ ਪਰਮੇਸ਼ੁਰ ਨੂੰ ਮਸਹ ਕੀਤੇ ਹੋਇਆਂ ਉੱਤੇ ਪੂਰਾ ਭਰੋਸਾ ਹੈ ਕਿਉਂਕਿ “ਜਿੱਥੇ ਕਿਤੇ ਲੇਲਾ ਜਾਂਦਾ ਹੈ ਓਹ ਉਹ ਦੇ ਮਗਰ ਮਗਰ ਤੁਰਦੇ ਹਨ।”

ਯਿਸੂ ਨੂੰ ਮਾਤਬਰ ਨੌਕਰ ’ਤੇ ਭਰੋਸਾ ਹੈ

8. ਯਿਸੂ ਨੇ ਕਿਵੇਂ ਦਿਖਾਇਆ ਕਿ ਉਸ ਨੂੰ ਮਸਹ ਕੀਤੇ ਹੋਇਆਂ ’ਤੇ ਭਰੋਸਾ ਹੈ?

8 ਕੀ ਸਬੂਤ ਹੈ ਕਿ ਯਿਸੂ ਨੂੰ ਆਪਣੇ ਮਸਹ ਕੀਤੇ ਹੋਏ ਮਸੀਹੀਆਂ ਉੱਤੇ ਪੂਰਾ ਭਰੋਸਾ ਹੈ? ਧਰਤੀ ਉੱਤੇ ਆਪਣੀ ਜ਼ਿੰਦਗੀ ਦੀ ਆਖ਼ਰੀ ਰਾਤ ਨੂੰ ਯਿਸੂ ਨੇ ਆਪਣੇ 11 ਵਫ਼ਾਦਾਰ ਚੇਲਿਆਂ ਨਾਲ ਨੇਮ ਬੰਨ੍ਹਿਆ: “ਤੁਸੀਂ ਉਹੋ ਹੀ ਹੋ ਜੋ ਮੇਰੇ ਪਰਤਾਵਿਆਂ ਵਿੱਚ ਸਦਾ ਮੇਰੇ ਨਾਲ ਰਹੇ। ਜਿਵੇਂ ਮੇਰੇ ਪਿਤਾ ਨੇ ਮੇਰੇ ਲਈ ਇੱਕ ਰਾਜ ਠਹਿਰਾਇਆ ਹੈ ਤਿਵੇਂ ਮੈਂ ਤੁਹਾਡੇ ਲਈ ਠਹਿਰਾਉਂਦਾ ਹਾਂ। ਤਾਂ ਜੋ ਤੁਸੀਂ ਮੇਰੇ ਰਾਜ ਵਿੱਚ ਮੇਰੀ ਮੇਜ਼ ਉੱਤੇ ਖਾਓ ਪੀਓ ਅਤੇ ਤੁਸੀਂ ਸਿੰਘਾਸਣਾਂ ਤੇ ਬੈਠ ਕੇ ਇਸਰਾਏਲ ਦੀਆਂ ਬਾਰਾਂ ਗੋਤਾਂ ਦਾ ਨਿਆਉਂ ਕਰੋਗੇ।” (ਲੂਕਾ 22:28-30) ਇਹ ਨੇਮ ਸਿਰਫ਼ ਯਿਸੂ ਦੇ 11 ਚੇਲਿਆਂ ’ਤੇ ਲਾਗੂ ਨਹੀਂ ਹੁੰਦਾ, ਬਲਕਿ ਸਾਰੇ 1,44,000 ਮਸਹ ਕੀਤੇ ਹੋਇਆਂ ਉੱਤੇ ਲਾਗੂ ਹੁੰਦਾ ਹੈ। (ਲੂਕਾ 12:32; ਪਰ. 5:9, 10; 14:1) ਜੇ ਯਿਸੂ ਨੂੰ ਇਨ੍ਹਾਂ ’ਤੇ ਭਰੋਸਾ ਨਾ ਹੁੰਦਾ, ਤਾਂ ਕੀ ਉਹ ਆਪਣਾ ਰਾਜ ਇਨ੍ਹਾਂ ਨਾਲ ਸਾਂਝਾ ਕਰਦਾ?

9. ਯਿਸੂ ਦੇ ‘ਸਾਰੇ ਮਾਲ ਮਤੇ’ ਵਿਚ ਕੀ ਕੁਝ ਸ਼ਾਮਲ ਹੈ?

9 ਯਿਸੂ ਮਸੀਹ ਨੇ ਮਾਤਬਰ ਤੇ ਬੁੱਧਵਾਨ ਨੌਕਰ ਨੂੰ ਆਪਣੇ ‘ਸਾਰੇ ਮਾਲ ਮਤੇ’ ਯਾਨੀ ਧਰਤੀ ਉੱਤੇ ਰਾਜ ਨਾਲ ਸੰਬੰਧਿਤ ਸਾਰੇ ਕੰਮਾਂ ਉੱਤੇ ਵੀ ਮੁਖ਼ਤਿਆਰ ਠਹਿਰਾਇਆ ਹੈ। (ਮੱਤੀ 24:47) ਇਸ ਮਾਲ ਮਤੇ ਵਿਚ ਹਨ ਯਹੋਵਾਹ ਦੇ ਗਵਾਹਾਂ ਦਾ ਹੈੱਡਕੁਆਰਟਰ, ਵੱਖੋ-ਵੱਖਰੇ ਦੇਸ਼ਾਂ ਵਿਚ ਬ੍ਰਾਂਚ ਆਫ਼ਿਸ, ਦੁਨੀਆਂ ਭਰ ਵਿਚ ਅਸੈਂਬਲੀ ਹਾਲ ਤੇ ਕਿੰਗਡਮ ਹਾਲ। ਇਸ ਤੋਂ ਇਲਾਵਾ, ਪ੍ਰਚਾਰ ਅਤੇ ਚੇਲੇ ਬਣਾਉਣ ਦਾ ਕੰਮ ਵੀ ਇਸ ਮਾਲ ਮਤੇ ਵਿਚ ਸ਼ਾਮਲ ਹੈ। ਜ਼ਰਾ ਸੋਚੋ: ਕੀ ਕੋਈ ਆਪਣੀਆਂ ਕੀਮਤੀ ਚੀਜ਼ਾਂ ਕਿਸੇ ਬੰਦੇ ਨੂੰ ਸੰਭਾਲਣ ਜਾਂ ਵਰਤਣ ਲਈ ਦੇਵੇਗਾ ਜੇ ਉਸ ਨੂੰ ਉਸ ’ਤੇ ਭਰੋਸਾ ਨਹੀਂ ਹੈ?

10. ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਯਿਸੂ ਮਸੀਹ ਆਪਣੇ ਮਸਹ ਕੀਤੇ ਹੋਏ ਮਸੀਹੀਆਂ ਨਾਲ ਹੈ?

10 ਸਵਰਗ ਜਾਣ ਤੋਂ ਕੁਝ ਹੀ ਚਿਰ ਪਹਿਲਾਂ ਜੀ ਉੱਠੇ ਯਿਸੂ ਨੇ ਆਪਣੇ ਵਫ਼ਾਦਾਰ ਚੇਲਿਆਂ ਨੂੰ ਦਰਸ਼ਣ ਦਿੱਤਾ ਅਤੇ ਉਨ੍ਹਾਂ ਨਾਲ ਇਹ ਵਾਅਦਾ ਕੀਤਾ: “ਵੇਖੋ ਮੈਂ ਜੁਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ।” (ਮੱਤੀ 28:20) ਕੀ ਯਿਸੂ ਨੇ ਆਪਣਾ ਇਹ ਵਾਅਦਾ ਪੂਰਾ ਕੀਤਾ? ਪਿਛਲੇ 15 ਸਾਲਾਂ ਦੌਰਾਨ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਦੀ ਗਿਣਤੀ 70 ਹਜ਼ਾਰ ਤੋਂ ਵਧ ਕੇ ਤਕਰੀਬਨ ਇਕ ਲੱਖ ਤਕ ਪਹੁੰਚ ਗਈ ਹੈ। ਇਸ ਦਾ ਮਤਲਬ ਹੈ ਕਿ ਕਲੀਸਿਯਾਵਾਂ ਵਿਚ 40 ਤੋਂ ਜ਼ਿਆਦਾ ਪ੍ਰਤਿਸ਼ਤ ਵਾਧਾ ਹੋਇਆ। ਅਤੇ ਨਵੇਂ ਚੇਲਿਆਂ ਬਾਰੇ ਕੀ? ਉਨ੍ਹਾਂ ਦੀ ਗਿਣਤੀ ਵਿਚ ਕਿੰਨਾ ਕੁ ਵਾਧਾ ਹੋਇਆ ਹੈ? ਪਿਛਲੇ 15 ਸਾਲਾਂ ਵਿਚ ਤਕਰੀਬਨ 45 ਲੱਖ ਲੋਕ ਸੱਚਾਈ ਵਿਚ ਆਏ ਯਾਨੀ ਹਰ ਦਿਨ ਔਸਤਨ 800 ਤੋਂ ਜ਼ਿਆਦਾ ਲੋਕਾਂ ਨੇ ਬਪਤਿਸਮਾ ਲਿਆ। ਇਸ ਵਾਧੇ ਤੋਂ ਸਾਫ਼ ਪਤਾ ਲੱਗਦਾ ਹੈ ਕਿ ਮੀਟਿੰਗਾਂ ਦੌਰਾਨ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਯਿਸੂ ਆਪਣੇ ਮਸਹ ਕੀਤੇ ਹੋਏ ਚੇਲਿਆਂ ਨੂੰ ਸੇਧ ਦੇ ਰਿਹਾ ਹੈ।

ਨੌਕਰ ਮਾਤਬਰ ਅਤੇ ਬੁੱਧਵਾਨ ਹੈ

11, 12. ਕਿਸ ਅਰਥ ਵਿਚ ਨੌਕਰ ਮਾਤਬਰ ਅਤੇ ਬੁੱਧਵਾਨ ਹੈ?

11 ਜੇ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਮਾਤਬਰ ਅਤੇ ਬੁੱਧਵਾਨ ਨੌਕਰ ’ਤੇ ਪੂਰਾ ਭਰੋਸਾ ਰੱਖਦੇ ਹਨ, ਤਾਂ ਕੀ ਸਾਨੂੰ ਵੀ ਉਸ ’ਤੇ ਭਰੋਸਾ ਨਹੀਂ ਰੱਖਣਾ ਚਾਹੀਦਾ? ਇਸ ਗੱਲ ਦਾ ਸਾਫ਼ ਸਬੂਤ ਮਿਲਦਾ ਹੈ ਕਿ ਇਹ ਨੌਕਰ ਵਫ਼ਾਦਾਰੀ ਨਾਲ ਆਪਣਾ ਕੰਮ ਕਰ ਰਿਹਾ ਹੈ। ਮਿਸਾਲ ਲਈ, ਪਹਿਰਾਬੁਰਜ ਰਸਾਲਾ ਪਿਛਲੇ ਤਕਰੀਬਨ 130 ਸਾਲਾਂ ਤੋਂ ਛਾਪਿਆ ਜਾ ਰਿਹਾ ਹੈ। ਨਾਲੇ ਇਹ ਮੀਟਿੰਗਾਂ, ਅਸੈਂਬਲੀਆਂ ਅਤੇ ਜ਼ਿਲ੍ਹਾ ਸੰਮੇਲਨਾਂ ਦਾ ਵੀ ਪ੍ਰਬੰਧ ਕਰਦਾ ਆ ਰਿਹਾ ਹੈ ਜੋ ਯਹੋਵਾਹ ਦੇ ਗਵਾਹਾਂ ਦੀ ਨਿਹਚਾ ਨੂੰ ਪੱਕਾ ਕਰਦੇ ਹਨ।

12 ਮਾਤਬਰ ਨੌਕਰ ਇਸ ਅਰਥ ਵਿਚ ਬੁੱਧਵਾਨ ਹੈ ਕਿ ਇਹ ਯਹੋਵਾਹ ਤੋਂ ਸੇਧ ਮਿਲਣ ਤੋਂ ਪਹਿਲਾਂ ਨਾ ਕੋਈ ਕਦਮ ਚੁੱਕਦਾ ਹੈ ਅਤੇ ਨਾ ਹੀ ਕਿਸੇ ਮਾਮਲੇ ਬਾਰੇ ਆਪ ਕੋਈ ਫ਼ੈਸਲਾ ਕਰਦਾ ਹੈ। ਮਿਸਾਲ ਲਈ, ਦੂਸਰੇ ਧਰਮਾਂ ਦੇ ਆਗੂ ਲੋਕਾਂ ਦੇ ਖ਼ੁਦਗਰਜ਼ ਕੰਮਾਂ ਅਤੇ ਘਟੀਆ ਚਾਲ-ਚਲਣ ਨੂੰ ਬੁਰਾ ਨਹੀਂ ਸਮਝਦੇ ਜਾਂ ਫਿਰ ਇਨ੍ਹਾਂ ਨੂੰ ਦੇਖ ਕੇ ਚੁੱਪ ਸਾਧ ਲੈਂਦੇ ਹਨ। ਪਰ ਮਾਤਬਰ ਨੌਕਰ ਸ਼ਤਾਨ ਦੀ ਬੁਰੀ ਦੁਨੀਆਂ ਦੇ ਗ਼ਲਤ ਕੰਮਾਂ ਖ਼ਿਲਾਫ਼ ਚੇਤਾਵਨੀਆਂ ਦੇਣ ਤੋਂ ਝਿਜਕਦਾ ਨਹੀਂ। ਇਸ ਤੋਂ ਇਲਾਵਾ, ਮਾਤਬਰ ਨੌਕਰ ਸਮਝਦਾਰੀ ਨਾਲ ਅਤੇ ਸਮੇਂ ਸਿਰ ਚੇਤਾਵਨੀਆਂ ਦੇ ਰਿਹਾ ਹੈ ਕਿਉਂਕਿ ਯਹੋਵਾਹ ਅਤੇ ਯਿਸੂ ਮਸੀਹ ਦੀ ਬਰਕਤ ਉਸ ’ਤੇ ਹੈ। ਇਸ ਕਰਕੇ ਸਾਨੂੰ ਇਸ ਨੌਕਰ ’ਤੇ ਪੂਰਾ ਭਰੋਸਾ ਰੱਖਣਾ ਚਾਹੀਦਾ ਹੈ। ਪਰ ਅਸੀਂ ਕਿੱਦਾਂ ਦਿਖਾ ਸਕਦੇ ਹਾਂ ਕਿ ਸਾਨੂੰ ਇਸ ਨੌਕਰ ’ਤੇ ਪੂਰਾ ਭਰੋਸਾ ਹੈ?

ਲੇਲੇ ਦੇ ਮਗਰ ਚੱਲ ਰਹੇ ਮਸਹ ਕੀਤੇ ਹੋਇਆਂ ‘ਨਾਲ ਚੱਲੋ’

13. ਜ਼ਕਰਯਾਹ ਦੀ ਭਵਿੱਖਬਾਣੀ ਮੁਤਾਬਕ ਅਸੀਂ ਕਿੱਦਾਂ ਦਿਖਾ ਸਕਦੇ ਹਾਂ ਕਿ ਸਾਨੂੰ ਮਾਤਬਰ ਨੌਕਰ ’ਤੇ ਭਰੋਸਾ ਹੈ?

13 ਜ਼ਕਰਯਾਹ ਦੀ ਕਿਤਾਬ ਵਿਚ ‘ਦਸ ਮਨੁੱਖਾਂ’ ਦਾ ਜ਼ਿਕਰ ਕੀਤਾ ਗਿਆ ਹੈ ਜੋ “ਇੱਕ ਯਹੂਦੀ” ਕੋਲ ਜਾ ਕੇ ਕਹਿੰਦੇ ਹਨ ਕਿ “ਅਸੀਂ ਤੁਹਾਡੇ ਨਾਲ ਚੱਲਾਂਗੇ।” (ਜ਼ਕਰਯਾਹ 8:23 ਪੜ੍ਹੋ।) “ਇੱਕ ਯਹੂਦੀ” ਲਈ ਵਰਤਿਆ ਗਿਆ ਸ਼ਬਦ “ਤੁਹਾਡੇ” ਦਾ ਮਤਲਬ ਹੈ ਕਿ ਇਹ ਯਹੂਦੀ ਇਕ ਬੰਦਾ ਨਹੀਂ, ਸਗੋਂ ਕਈ ਜਣੇ ਹਨ। ਸਾਡੇ ਦਿਨਾਂ ਵਿਚ ‘ਇਹ ਯਹੂਦੀ’ ਧਰਤੀ ਉੱਤੇ ਰਹਿੰਦੇ ਮਸਹ ਕੀਤੇ ਹੋਏ ਮਸੀਹੀ ਹਨ ਜੋ “ਪਰਮੇਸ਼ੁਰ ਦੇ ਇਸਰਾਏਲ” ਦਾ ਹਿੱਸਾ ਹਨ। (ਗਲਾ. 6:16) “ਵੱਖੋ ਵੱਖ ਬੋਲੀ ਦੇ ਬੋਲਣ ਵਾਲੀਆਂ ਕੌਮਾਂ ਦੇ ਦਸ ਮਨੁੱਖ” ਵੱਡੀ ਭੀੜ ਦੇ ਮੈਂਬਰਾਂ ਨੂੰ ਦਰਸਾਉਂਦੇ ਹਨ। ਜਿਵੇਂ ਮਸਹ ਕੀਤੇ ਹੋਏ ਮਸੀਹੀ ਯਿਸੂ ਦੇ ਨਾਲ-ਨਾਲ ਚੱਲਦੇ ਹਨ, ਉਸੇ ਤਰ੍ਹਾਂ ਵੱਡੀ ਭੀੜ ਮਾਤਬਰ ਨੌਕਰ ਦੇ ‘ਨਾਲ ਚੱਲਦੀ’ ਹੈ। ਇਸ ਲਈ ਵੱਡੀ ਭੀੜ ਦੇ ਮੈਂਬਰਾਂ ਨੂੰ ਇਹ ਦੱਸਣ ਤੋਂ ਕਦੇ ਸ਼ਰਮਾਉਣਾ ਨਹੀਂ ਚਾਹੀਦਾ ਕਿ ਉਹ ‘ਸੁਰਗੀ ਸੱਦੇ ਦੇ ਭਾਈਵਾਲਾਂ’ ਦਾ ਸਾਥ ਦਿੰਦੇ ਹਨ। (ਇਬ. 3:1) ਯਿਸੂ ਵੀ ਇਹ ਕਹਿਣ ਤੋਂ ਨਹੀਂ ਸ਼ਰਮਾਉਂਦਾ ਕਿ ਮਸਹ ਕੀਤੇ ਹੋਏ ਮਸੀਹੀ ਉਸ ਦੇ “ਭਰਾ” ਹਨ।—ਇਬ. 2:11.

14. ਮਸੀਹ ਦੇ ਭਰਾਵਾਂ ਦਾ ਕਿੱਦਾਂ ਸਾਥ ਦਿੱਤਾ ਜਾ ਸਕਦਾ ਹੈ?

14 ਯਿਸੂ ਮਸੀਹ ਨੇ ਕਿਹਾ ਸੀ ਕਿ ਉਸ ਦੇ ਭਰਾਵਾਂ ਦਾ ਸਾਥ ਦੇਣ ਵਾਲੇ ਅਸਲ ਵਿਚ ਉਸ ਦਾ ਸਾਥ ਦਿੰਦੇ ਹਨ। (ਮੱਤੀ 25:40 ਪੜ੍ਹੋ।) ਸੋ ਵੱਡੀ ਭੀੜ ਦੇ ਮੈਂਬਰ ਕਿਨ੍ਹਾਂ ਤਰੀਕਿਆਂ ਨਾਲ ਮਸੀਹ ਦੇ ਭਰਾਵਾਂ ਦਾ ਸਾਥ ਦੇ ਸਕਦੇ ਹਨ? ਉਹ ਮੁੱਖ ਤੌਰ ਤੇ ਪ੍ਰਚਾਰ ਦੇ ਕੰਮ ਵਿਚ ਉਨ੍ਹਾਂ ਦੀ ਮਦਦ ਕਰ ਸਕਦੇ ਹਨ। (ਮੱਤੀ 24:14; ਯੂਹੰ. 14:12) ਕਈ ਦਹਾਕਿਆਂ ਤੋਂ ਮਸਹ ਕੀਤੇ ਹੋਇਆਂ ਦੀ ਗਿਣਤੀ ਘੱਟਦੀ ਜਾ ਰਹੀ ਹੈ ਜਦ ਕਿ ਵੱਡੀ ਭੀੜ ਦੇ ਮੈਂਬਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਹ ਮੈਂਬਰ ਪ੍ਰਚਾਰ ਤੇ ਚੇਲੇ ਬਣਾਉਣ ਦੇ ਕੰਮ ਵਿਚ ਹਿੱਸਾ ਲੈ ਕੇ ਇਹ ਕੰਮ ਪੂਰਾ ਕਰਨ ਵਿਚ ਮਸੀਹ ਦੇ ਭਰਾਵਾਂ ਦਾ ਸਾਥ ਦਿੰਦੇ ਹਨ। ਕਈ ਤਾਂ ਮਿਸ਼ਨਰੀਆਂ ਤੇ ਪਾਇਨੀਅਰਾਂ ਵਜੋਂ ਵੀ ਸੇਵਾ ਕਰਦੇ ਹਨ। (ਮੱਤੀ 28:19, 20) ਨਾਲੇ ਇਹ ਮੈਂਬਰ ਪ੍ਰਚਾਰ ਦੇ ਕੰਮ ਵਾਸਤੇ ਵੱਖੋ-ਵੱਖਰੇ ਤਰੀਕਿਆਂ ਨਾਲ ਦਾਨ ਵੀ ਦਿੰਦੇ ਹਨ।

15. ਮਾਤਬਰ ਨੌਕਰ ਦੁਆਰਾ ਦਿੱਤੇ ਜਾਂਦੇ ਗਿਆਨ ਅਤੇ ਸੰਸਥਾ ਸੰਬੰਧੀ ਕੀਤੇ ਉਸ ਦੇ ਫ਼ੈਸਲਿਆਂ ਬਾਰੇ ਸਾਡਾ ਕਿਹੋ ਜਿਹਾ ਰਵੱਈਆ ਹੋਣਾ ਚਾਹੀਦਾ ਹੈ?

15 ਮਾਤਬਰ ਨੌਕਰ ਦੁਆਰਾ ਦਿੱਤੇ ਜਾਂਦੇ ਗਿਆਨ ਬਾਰੇ ਸਾਡਾ ਕੀ ਰਵੱਈਆ ਹੈ ਜੋ ਸਾਨੂੰ ਬਾਈਬਲ-ਆਧਾਰਿਤ ਪ੍ਰਕਾਸ਼ਨਾਂ, ਅਸੈਂਬਲੀਆਂ ਤੇ ਮੀਟਿੰਗਾਂ ਰਾਹੀਂ ਮਿਲਦਾ ਹੈ? ਕੀ ਅਸੀਂ ਇਸ ਨੂੰ ਧਿਆਨ ਨਾਲ ਸੁਣਦੇ ਤੇ ਪੜ੍ਹਦੇ ਹਾਂ ਅਤੇ ਸਿੱਖੀਆਂ ਗੱਲਾਂ ’ਤੇ ਚੱਲਦੇ ਹਾਂ? ਸੰਸਥਾ ਸੰਬੰਧੀ ਕੀਤੇ ਇਸ ਨੌਕਰ ਦੇ ਫ਼ੈਸਲਿਆਂ ਬਾਰੇ ਅਸੀਂ ਕਿਵੇਂ ਮਹਿਸੂਸ ਕਰਦੇ ਹਾਂ? ਜਦੋਂ ਅਸੀਂ ਮਾਤਬਰ ਨੌਕਰ ਵੱਲੋਂ ਮਿਲੀ ਸੇਧ ਅਨੁਸਾਰ ਖ਼ੁਸ਼ੀ ਨਾਲ ਚੱਲਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਸਾਨੂੰ ਯਹੋਵਾਹ ਦੇ ਇਸ ਪ੍ਰਬੰਧ ਉੱਤੇ ਭਰੋਸਾ ਹੈ।—ਯਾਕੂ. 3:17.

16. ਸਾਨੂੰ ਸਾਰਿਆਂ ਨੂੰ ਯਿਸੂ ਦੇ ਭਰਾਵਾਂ ਦੀ ਆਵਾਜ਼ ਕਿਉਂ ਸੁਣਨੀ ਚਾਹੀਦੀ ਹੈ?

16 ਯਿਸੂ ਨੇ ਕਿਹਾ: “ਮੇਰੀਆਂ ਭੇਡਾਂ ਮੇਰੀ ਅਵਾਜ਼ ਸੁਣਦੀਆਂ ਹਨ ਅਰ ਮੈਂ ਉਨ੍ਹਾਂ ਨੂੰ ਸਿਆਣਦਾ ਹਾਂ ਅਤੇ ਓਹ ਮੇਰੇ ਮਗਰ ਲੱਗੀਆਂ ਆਉਂਦੀਆਂ ਹਨ।” (ਯੂਹੰ. 10:27) ਇਹ ਗੱਲ ਮਸਹ ਕੀਤੇ ਹੋਇਆਂ ਬਾਰੇ ਸੱਚ ਹੈ। ਪਰ ਉਨ੍ਹਾਂ ‘ਨਾਲ ਚੱਲਣ’ ਵਾਲਿਆਂ ਬਾਰੇ ਕੀ ਕਿਹਾ ਜਾ ਸਕਦਾ ਹੈ? ਉਨ੍ਹਾਂ ਨੂੰ ਵੀ ਯਿਸੂ ਦੀ ਆਵਾਜ਼ ਸੁਣਨੀ ਚਾਹੀਦੀ ਹੈ। ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਉਸ ਦੇ ਭਰਾਵਾਂ ਦੀ ਵੀ ਸੁਣਨੀ ਚਾਹੀਦੀ ਹੈ। ਅਸੀਂ ਦੇਖਿਆ ਹੈ ਕਿ ਯਿਸੂ ਦੇ ਭਰਾਵਾਂ ਨੂੰ ਪਰਮੇਸ਼ੁਰ ਦੇ ਲੋਕਾਂ ਨੂੰ ਸੇਧ ਦੇਣ ਅਤੇ ਉਨ੍ਹਾਂ ਦੀ ਦੇਖ-ਰੇਖ ਕਰਨ ਦੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਸਾਨੂੰ ਯਿਸੂ ਦੇ ਭਰਾਵਾਂ ਦੀ ਆਵਾਜ਼ ਸੁਣਨ ਲਈ ਕੀ ਕੁਝ ਕਰਨ ਦੀ ਲੋੜ ਹੈ?

17. ਮਾਤਬਰ ਨੌਕਰ ਦੀ ਗੱਲ ਸੁਣਨ ਦਾ ਕੀ ਮਤਲਬ ਹੈ?

17 ਅੱਜ ਪ੍ਰਬੰਧਕ ਸਭਾ ਮਾਤਬਰ ਅਤੇ ਬੁੱਧਵਾਨ ਨੌਕਰ ਨੂੰ ਦਰਸਾਉਂਦੀ ਹੈ। ਪ੍ਰਬੰਧਕ ਸਭਾ ਸਾਰੀ ਦੁਨੀਆਂ ਵਿਚ ਕੀਤੇ ਜਾ ਰਹੇ ਪ੍ਰਚਾਰ ਦੇ ਕੰਮ ਦੀ ਅਗਵਾਈ ਕਰਦੀ ਹੈ। ਪ੍ਰਬੰਧਕ ਸਭਾ ਦੇ ਮੈਂਬਰ ਮਸਹ ਕੀਤੇ ਹੋਏ ਬਜ਼ੁਰਗ ਹਨ ਜਿਨ੍ਹਾਂ ਨੂੰ ਕਾਫ਼ੀ ਤਜਰਬਾ ਹੈ। ਉਹ ਪਰਮੇਸ਼ੁਰ ਦੇ ਲੋਕਾਂ ਦੀ ਅਗਵਾਈ ਕਰਨ ਵਿਚ ਪਹਿਲ ਕਰਦੇ ਹਨ। (ਇਬ. 13:7) ਇਨ੍ਹਾਂ ਮਸਹ ਕੀਤੇ ਹੋਏ ਭਰਾਵਾਂ ਕੋਲ “ਪ੍ਰਭੂ” ਦਾ ਬਹੁਤ ਸਾਰਾ ਕੰਮ ਹੈ ਕਿਉਂਕਿ ਉਹ ਦੁਨੀਆਂ ਭਰ ਵਿਚ ਇਕ ਲੱਖ ਤੋਂ ਜ਼ਿਆਦਾ ਕਲੀਸਿਯਾਵਾਂ ਵਿਚ 70 ਲੱਖ ਪ੍ਰਚਾਰਕਾਂ ਦੀ ਦੇਖ-ਭਾਲ ਕਰ ਰਹੇ ਹਨ। (1 ਕੁਰਿੰ. 15:58) ਸੋ ਮਾਤਬਰ ਨੌਕਰ ਦੀ ਗੱਲ ਸੁਣਨ ਦਾ ਮਤਲਬ ਹੈ ਕਿ ਅਸੀਂ ਪ੍ਰਬੰਧਕ ਸਭਾ ਦਾ ਪੂਰਾ-ਪੂਰਾ ਸਾਥ ਦਿੰਦੇ ਰਹੀਏ।

ਮਾਤਬਰ ਨੌਕਰ ਦੀ ਗੱਲ ਸੁਣਨ ਵਾਲਿਆਂ ਨੂੰ ਬਰਕਤਾਂ ਮਿਲਦੀਆਂ ਹਨ

18, 19. (ੳ) ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ ਜੋ ਮਾਤਬਰ ਅਤੇ ਬੁੱਧਵਾਨ ਨੌਕਰ ਦੀ ਸੁਣਨਗੇ? (ਅ) ਸਾਨੂੰ ਕੀ ਠਾਣ ਲੈਣਾ ਚਾਹੀਦਾ ਹੈ?

18 ਮਾਤਬਰ ਅਤੇ ਬੁੱਧਵਾਨ ਨੌਕਰ ਦੇ ਨਿਯੁਕਤ ਕੀਤੇ ਜਾਣ ਤੋਂ ਹੀ ਉਨ੍ਹਾਂ ਨੇ ‘ਢੇਰ ਸਾਰੇ ਲੋਕਾਂ ਨੂੰ ਧਰਮੀ’ ਰਾਹ ’ਤੇ ਚੱਲਣਾ ਸਿਖਾਇਆ ਹੈ। (ਦਾਨੀ 12:3) ਇਨ੍ਹਾਂ ਵਿਚ ਉਹ ਲੋਕ ਹਨ ਜੋ ਇਸ ਬੁਰੀ ਦੁਨੀਆਂ ਦੇ ਨਾਸ਼ ਵਿੱਚੋਂ ਬਚਣਗੇ। ਇਹ ਕਿੰਨੀ ਵੱਡੀ ਬਰਕਤ ਹੈ ਕਿ ਉਹ ਪਰਮੇਸ਼ੁਰ ਦੀ ਨਜ਼ਰ ਵਿਚ ਧਰਮੀ ਹਨ!

19 ਭਵਿੱਖ ਵਿਚ ਜਦੋਂ ‘ਲਾੜੇ ਲਈ ਸਿੰਗਾਰੀ ਹੋਈ ਲਾੜੀ ਪਵਿੱਤਰ ਨਗਰੀ ਨਵੀਂ ਯਰੂਸ਼ਲਮ [1,44,000 ਦੀ ਬਣੀ ਹੋਈ] ਪਰਮੇਸ਼ੁਰ ਦੇ ਕੋਲੋਂ ਅਕਾਸ਼ੋਂ ਉਤਰੇਗੀ,’ ਤਾਂ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ ਜੋ ਮਾਤਬਰ ਨੌਕਰ ਦੀ ਸੁਣਦੇ ਹਨ? ਬਾਈਬਲ ਦੱਸਦੀ ਹੈ: “ਪਰਮੇਸ਼ੁਰ . . . ਓਹਨਾਂ ਦੇ ਨਾਲ ਰਹੇਗਾ ਅਤੇ ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।” (ਪਰ. 21:2-4) ਇਨ੍ਹਾਂ ਸਾਰੇ ਕਾਰਨਾਂ ਕਰਕੇ ਆਓ ਆਪਾਂ ਯਿਸੂ ਮਸੀਹ ਅਤੇ ਉਸ ਦੇ ਭਰੋਸੇਯੋਗ ਮਸਹ ਕੀਤੇ ਭਰਾਵਾਂ ਦੀ ਸੁਣੀਏ।

ਤੁਸੀਂ ਕੀ ਸਿੱਖਿਆ?

• ਕੀ ਸਬੂਤ ਹੈ ਕਿ ਯਹੋਵਾਹ ਨੂੰ ਮਾਤਬਰ ਅਤੇ ਬੁੱਧਵਾਨ ਨੌਕਰ ’ਤੇ ਭਰੋਸਾ ਹੈ?

• ਸਾਨੂੰ ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਯਿਸੂ ਮਸੀਹ ਨੂੰ ਮਾਤਬਰ ਨੌਕਰ ’ਤੇ ਪੂਰਾ ਭਰੋਸਾ ਹੈ?

• ਵਫ਼ਾਦਾਰ ਮੁਖ਼ਤਿਆਰ ਸਾਡੇ ਭਰੋਸੇ ਦੇ ਲਾਇਕ ਕਿਉਂ ਹੈ?

• ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਸਾਨੂੰ ਮਾਤਬਰ ਨੌਕਰ ’ਤੇ ਭਰੋਸਾ ਹੈ?

[ਸਵਾਲ]

[ਸਫ਼ਾ 25 ਉੱਤੇ ਤਸਵੀਰ]

ਕੀ ਤੁਹਾਨੂੰ ਪਤਾ ਹੈ ਕਿ ਯਹੋਵਾਹ ਨੇ ਆਪਣੇ ਪੁੱਤਰ ਲਈ ਕਿਸ ਨੂੰ ਲਾੜੀ ਚੁਣਿਆ ਹੈ?

[ਸਫ਼ਾ 26 ਉੱਤੇ ਤਸਵੀਰ]

ਯਿਸੂ ਮਸੀਹ ਨੇ ਮਾਤਬਰ ਅਤੇ ਬੁੱਧਵਾਨ ਨੌਕਰ ਨੂੰ ਆਪਣੇ ‘ਮਾਲ ਮਤੇ’ ਉੱਤੇ ਮੁਖ਼ਤਿਆਰ ਠਹਿਰਾਇਆ ਹੈ ਜਦੋਂ ਅਸੀ ਪ੍ਰਚਾਰ ਕਰਦੇ ਹਾਂ, ਤਾਂ ਅਸੀਂ ਮਸਹ ਕੀਤੇ ਹੋਇਆਂ ਦਾ ਸਾਥ ਦਿੰਦੇ ਹਾਂ