Skip to content

Skip to table of contents

ਮਿਸ਼ਨਰੀਆਂ ਨੂੰ ਯਿਰਮਿਯਾਹ ਵਰਗੇ ਬਣਨ ਦਾ ਉਤਸ਼ਾਹ ਦਿੱਤਾ ਗਿਆ

ਮਿਸ਼ਨਰੀਆਂ ਨੂੰ ਯਿਰਮਿਯਾਹ ਵਰਗੇ ਬਣਨ ਦਾ ਉਤਸ਼ਾਹ ਦਿੱਤਾ ਗਿਆ

ਗਿਲਿਅਡ ਗ੍ਰੈਜੂਏਸ਼ਨ ਦੀ 125ਵੀਂ ਕਲਾਸ

ਮਿਸ਼ਨਰੀਆਂ ਨੂੰ ਯਿਰਮਿਯਾਹ ਵਰਗੇ ਬਣਨ ਦਾ ਉਤਸ਼ਾਹ ਦਿੱਤਾ ਗਿਆ

ਪ੍ਰਬੰਧਕ ਸਭਾ ਦੇ ਮੈਂਬਰ ਭਰਾ ਜੈਫਰੀ ਜੈਕਸਨ ਨੇ 13 ਸਤੰਬਰ 2008 ਨੂੰ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ 125ਵੀਂ ਕਲਾਸ ਵਿਚ ਹਾਜ਼ਰ 6,156 ਭੈਣਾਂ-ਭਰਾਵਾਂ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਕਿਹਾ: “ਗਿਲਿਅਡ ਦੀ ਇਹ ਕਲਾਸ ਸਾਨੂੰ ਹਮੇਸ਼ਾ ਯਾਦ ਰਹੇਗੀ।” ਗਿਲਿਅਡ ਸਕੂਲ ਨੇ ਇਸ ਕਲਾਸ ਦੇ 56 ਗ੍ਰੈਜੂਏਟਾਂ ਸਮੇਤ 8,000 ਤੋਂ ਜ਼ਿਆਦਾ ਮਿਸ਼ਨਰੀਆਂ ਨੂੰ “ਧਰਤੀ ਦੇ ਬੰਨੇ ਤੀਕੁਰ” ਭੇਜਿਆ ਹੈ!—ਰਸੂ. 1:8.

ਗ੍ਰੈਜੂਏਸ਼ਨ ਪ੍ਰੋਗ੍ਰਾਮ ਦੇ ਚੇਅਰਮੈਨ ਭਰਾ ਜੈਕਸਨ ਨੇ ਪੁੱਛਿਆ, “ਕੀ ਭਰੋਸੇਯੋਗ ਬਣਨ ਨਾਲ ਤੁਸੀਂ ਚੰਗੀ ਤਰ੍ਹਾਂ ਪ੍ਰਚਾਰ ਕਰ ਸਕੋਗੇ?” ਭਰਾ ਨੇ ਚਾਰ ਗੱਲਾਂ ਦੱਸੀਆਂ ਜਿਨ੍ਹਾਂ ’ਤੇ ਚੱਲ ਕੇ ਗ੍ਰੈਜੂਏਟ ਭਰੋਸੇ ਦੇ ਲਾਇਕ ਬਣ ਸਕਦੇ ਹਨ। ਉਹ ਹਨ: ਸਹੀ ਰਵੱਈਆ ਰੱਖੋ, ਚੰਗੀ ਮਿਸਾਲ ਬਣੋ, ਪਰਮੇਸ਼ੁਰ ਦੇ ਬਚਨ ਤੋਂ ਸਿਖਾਓ ਅਤੇ ਯਹੋਵਾਹ ਦੇ ਨਾਂ ਦਾ ਐਲਾਨ ਕਰਦੇ ਰਹੋ।

ਟੀਚਿੰਗ ਕਮੇਟੀ ਵਿਚ ਸੇਵਾ ਕਰ ਰਹੇ ਭਰਾ ਡੇਵਿਡ ਸ਼ੇਫਰ ਨੇ ਇਸ ਵਿਸ਼ੇ ’ਤੇ ਗੱਲ ਕੀਤੀ, “ਕੀ ਤੁਸੀਂ ਸਭ ਕੁਝ ਸਮਝ ਜਾਵੋਗੇ?” ਉਸ ਨੇ ਗਿਲਿਅਡ ਦੇ ਵਿਦਿਆਰਥੀਆਂ ਨੂੰ ਯਕੀਨ ਦਿਵਾਇਆ ਕਿ ਜੇ ਉਹ ਯਹੋਵਾਹ ਨੂੰ ਭਾਲਦੇ ਰਹਿਣ ਅਤੇ ਨਿਮਰਤਾ ਨਾਲ “ਮਾਤਬਰ ਅਤੇ ਬੁੱਧਵਾਨ ਨੌਕਰ” ਦੀ ਸੇਧ ਵਿਚ ਚੱਲਦੇ ਰਹਿਣ, ਤਾਂ ਵਿਦਿਆਰਥੀ ਉਹ “ਸਭ ਕੁਝ” ਸਮਝ ਜਾਣਗੇ ਜੋ ਕੁਝ ਮਿਸ਼ਨਰੀਆਂ ਵਜੋਂ ਸੇਵਾ ਕਰਨ ਲਈ ਜ਼ਰੂਰੀ ਹੈ।—ਕਹਾ. 28:5; ਮੱਤੀ 24:45.

ਪ੍ਰਬੰਧਕ ਸਭਾ ਦੇ ਅਗਲੇ ਮੈਂਬਰ ਭਰਾ ਜੌਨ ਈ. ਬਾਰ ਨੇ ਇਸ ਵਿਸ਼ੇ ’ਤੇ ਗੱਲ ਕੀਤੀ, “ਕਿਸੇ ਵੀ ਚੀਜ਼ ਕਰਕੇ ਪਰਮੇਸ਼ੁਰ ਦੇ ਪਿਆਰ ਤੋਂ ਅੱਡ ਨਾ ਹੋਵੋ।” ਇਸ ਭਾਸ਼ਣ ਵਿਚ ਭਰਾ ਬਾਰ ਤੋਂ ਮਿਲੀ ਸਲਾਹ ਦੇ ਕਾਰਨ ਗ੍ਰੈਜੂਏਟਾਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਹਰ ਚਿੰਤਾ ਦੂਰ ਹੋ ਗਈ ਕਿ ਗ੍ਰੈਜੂਏਟਾਂ ਨੂੰ ਨਵੇਂ ਮਿਸ਼ਨਰੀਆਂ ਵਜੋਂ ਕਿਹੜੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ। ਭਰਾ ਬਾਰ ਨੇ ਕਿਹਾ ਕਿ “ਪਰਮੇਸ਼ੁਰ ਨਾਲ ਪਿਆਰ ਕਰਦੇ ਰਹਿਣ ਨਾਲ ਅਸੀਂ ਸੁਰੱਖਿਅਤ ਰਹਿੰਦੇ ਹਾਂ ਤੇ ਚੈਨ ਮਿਲਦਾ ਹੈ।” ਉਸ ਨੇ ਅੱਗੇ ਕਿਹਾ ਕਿ ਪਰਮੇਸ਼ੁਰ ਦੇ ਪਿਆਰ ਤੋਂ ਮਿਸ਼ਨਰੀਆਂ ਨੂੰ ਕੋਈ ਵੀ ਚੀਜ਼ ਅੱਡ ਨਹੀਂ ਕਰ ਸਕਦੀ ਜਦ ਤਕ ਉਹ ਆਪ ਪਰਮੇਸ਼ੁਰ ਤੋਂ ਅੱਡ ਨਾ ਹੋਣਾ ਚਾਹੁਣ।

ਥੀਓਕ੍ਰੈਟਿਕ ਸਕੂਲਸ ਡਿਪਾਰਟਮੈਂਟ ਵਿਚ ਸੇਵਾ ਕਰ ਰਹੇ ਭਰਾ ਸੈਮ ਰੌਬਰਸਨ ਨੇ ਸਾਰਿਆਂ ਨੂੰ ਉਤਸ਼ਾਹ ਦਿੱਤਾ ਕਿ ਉਹ “ਸਭ ਤੋਂ ਵਧੀਆ ਲਿਬਾਸ ਪਹਿਨ ਲੈਣ।” ਯਿਸੂ ਨੇ ਜੋ ਕੁਝ ਕੀਤਾ, ਉਸ ਬਾਰੇ ਪੜ੍ਹ ਕੇ ਅਤੇ ਉਸ ਉੱਤੇ ਚੱਲ ਕੇ ਗ੍ਰੈਜੂਏਟ “ਪ੍ਰਭੁ ਯਿਸੂ ਮਸੀਹ ਨੂੰ ਪਹਿਨ” ਸਕਦੇ ਹਨ। (ਰੋਮੀ. 13:14) ਫਿਰ ਥੀਓਕ੍ਰੈਟਿਕ ਸਕੂਲਸ ਡਿਪਾਰਟਮੈਂਟ ਦੇ ਓਵਰਸੀਅਰ ਭਰਾ ਵਿਲੀਅਮ ਸੈਮੂਏਲਸਨ ਨੇ ਜ਼ੋਰ ਦਿੱਤਾ ਕਿ ਕਿਹੜੀ ਗੱਲ ਕਿਸੇ ਇਨਸਾਨ ਨੂੰ ਆਦਰ ਦੇ ਲਾਇਕ ਬਣਾਉਂਦੀ ਹੈ। ਹਾਂ, ਇਨਸਾਨ ਪਰਮੇਸ਼ੁਰ ਦੇ ਨਜ਼ਰੀਏ ਤੋਂ ਆਦਰ ਦੇ ਲਾਇਕ ਬਣਦਾ ਹੈ, ਨਾ ਕਿ ਲੋਕਾਂ ਦੇ ਨਜ਼ਰੀਏ ਤੋਂ।

ਇਕ ਹੋਰ ਇੰਸਟ੍ਰਕਟਰ ਮਾਈਕਲ ਬਰਨੇਟ ਨੇ ਵਿਦਿਆਰਥੀਆਂ ਦੀ ਇੰਟਰਵਿਊ ਲਈ ਕਿ ਉਹ ਪ੍ਰਚਾਰ ਵਿਚ ਹੋਏ ਤਜਰਬਿਆਂ ਬਾਰੇ ਦੱਸਣ। ਨਿਊਯਾਰਕ, ਪੈਟਰਸਨ ਦੇ ਗਿਲਿਅਡ ਸਕੂਲ ਵਿਚ ਸਿਖਲਾਈ ਲੈਂਦੇ ਸਮੇਂ ਵਿਦਿਆਰਥੀਆਂ ਨੂੰ ਉਸ ਇਲਾਕੇ ਵਿਚ ਪ੍ਰਚਾਰ ਕਰਨ ਲਈ ਕਿਹਾ ਗਿਆ ਸੀ ਜਿੱਥੇ ਪਹਿਲਾਂ ਵੀ ਕਈ ਵਾਰ ਪ੍ਰਚਾਰ ਹੋ ਚੁੱਕਾ ਹੈ। ਫਿਰ ਵੀ ਉਨ੍ਹਾਂ ਨੂੰ ਉੱਥੇ ਕਈ ਦਿਲਚਸਪੀ ਰੱਖਣ ਵਾਲੇ ਲੋਕ ਮਿਲੇ। ਕਨਵੈਨਸ਼ਨ ਆਫ਼ਿਸ ਵਿਚ ਸੇਵਾ ਕਰ ਰਹੇ ਭਰਾ ਜੈਰਲਡ ਗ੍ਰਿਜ਼ਲ ਨੇ ਬ੍ਰਾਂਚ ਕਮੇਟੀ ਮੈਂਬਰਾਂ ਦੇ ਸਕੂਲ ਵਿਚ ਸਿਖਲਾਈ ਲੈ ਰਹੇ ਤਿੰਨ ਭਰਾਵਾਂ ਦੀ ਇੰਟਰਵਿਊ ਲਈ। ਉਨ੍ਹਾਂ ਦੀਆਂ ਟਿੱਪਣੀਆਂ ਤੋਂ ਗਿਲਿਅਡ ਗ੍ਰੈਜੂਏਟਾਂ ਨੂੰ ਮਿਸ਼ਨਰੀ ਸੇਵਾ ਵਾਸਤੇ ਤਿਆਰੀ ਕਰਨ ਵਿਚ ਮਦਦ ਮਿਲੀ।

ਪ੍ਰਬੰਧਕ ਸਭਾ ਦੇ ਮੈਂਬਰ ਭਰਾ ਡੇਵਿਡ ਸਪਲੇਨ 42ਵੀਂ ਕਲਾਸ ਦੇ ਗ੍ਰੈਜੂਏਟ ਹਨ। ਉਨ੍ਹਾਂ ਨੇ ਇਸ ਵਿਸ਼ੇ ’ਤੇ ਚਰਚਾ ਕੀਤੀ, “ਯਿਰਮਿਯਾਹ ਵਰਗੇ ਬਣੋ।” ਯਿਰਮਿਯਾਹ ਆਪਣਾ ਕੰਮ ਕਰਨ ਤੋਂ ਹਿਚਕਿਚਾਉਂਦਾ ਸੀ, ਪਰ ਯਹੋਵਾਹ ਨੇ ਉਸ ਨੂੰ ਹੌਸਲਾ ਦਿੱਤਾ। (ਯਿਰ. 1:7, 8) ਇਸੇ ਤਰ੍ਹਾਂ ਯਹੋਵਾਹ ਨਵੇਂ ਮਿਸ਼ਨਰੀਆਂ ਨੂੰ ਵੀ ਹੌਸਲਾ ਦੇਵੇਗਾ। ਭਰਾ ਸਪਲੇਨ ਨੇ ਕਿਹਾ ਕਿ “ਜੇ ਤੁਹਾਨੂੰ ਕਿਸੇ ਨਾਲ ਕੋਈ ਸਮੱਸਿਆ ਹੈ, ਤਾਂ ਬੈਠ ਕੇ ਉਸ ਦੇ ਦਸ ਗੁਣ ਲਿਖੋ ਜੋ ਤੁਹਾਨੂੰ ਬਹੁਤ ਚੰਗੇ ਲੱਗਦੇ ਹਨ। ਜੇ ਤੁਸੀਂ ਉਸ ਦੇ ਦਸ ਗੁਣ ਨਹੀਂ ਲਿਖ ਸਕਦੇ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਉਸ ਬੰਦੇ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੇ।”

ਯਿਰਮਿਯਾਹ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਸੀ। ਜਦੋਂ ਉਸ ਨੂੰ ਲੱਗਾ ਕਿ ਉਹ ਹੋਰ ਪ੍ਰਚਾਰ ਨਹੀਂ ਕਰ ਸਕਦਾ, ਤਾਂ ਉਸ ਨੇ ਪ੍ਰਾਰਥਨਾ ਕੀਤੀ ਅਤੇ ਯਹੋਵਾਹ ਨੇ ਉਸ ਦਾ ਸਾਥ ਦਿੱਤਾ। (ਯਿਰ. 20:11) ਭਰਾ ਸਪਲੇਨ ਨੇ ਕਿਹਾ, “ਜਦੋਂ ਤੁਸੀਂ ਉਦਾਸ ਹੋ ਜਾਂਦੇ ਹੋ, ਤਾਂ ਇਸ ਬਾਰੇ ਯਹੋਵਾਹ ਨਾਲ ਗੱਲ ਕਰੋ। ਫਿਰ ਤੁਸੀਂ ਦੇਖੋਗੇ ਕਿ ਯਹੋਵਾਹ ਕਿਸ ਤਰੀਕੇ ਨਾਲ ਤੁਹਾਡੀ ਮਦਦ ਕਰੇਗਾ।”

ਗ੍ਰੈਜੂਏਸ਼ਨ ਪ੍ਰੋਗ੍ਰਾਮ ਦੇ ਅਖ਼ੀਰ ਵਿਚ ਚੇਅਰਮੈਨ ਨੇ ਭੈਣਾਂ-ਭਰਾਵਾਂ ਨੂੰ ਯਾਦ ਕਰਾਇਆ ਕਿ ਗ੍ਰੈਜੂਏਟਾਂ ਨੇ ਕਈ ਤਰੀਕਿਆਂ ਨਾਲ ਸਿੱਖਿਆ ਹੈ ਕਿ ਉਹ ਕਿਵੇਂ ਭਰੋਸੇ ਦੇ ਲਾਇਕ ਬਣ ਸਕਦੇ ਹਨ। ਸੇਵਕਾਈ ਵਿਚ ਜਦੋਂ ਲੋਕ ਮਿਸ਼ਨਰੀਆਂ ’ਤੇ ਭਰੋਸਾ ਕਰਨਾ ਸਿੱਖਣਗੇ, ਤਾਂ ਮਿਸ਼ਨਰੀਆਂ ਦਾ ਸੰਦੇਸ਼ ਲੋਕਾਂ ਦੇ ਦਿਲਾਂ ’ਤੇ ਹੋਰ ਵੀ ਜ਼ਬਰਦਸਤ ਅਸਰ ਪਾਵੇਗਾ।—ਯਸਾ. 43:8-12.

[ਸਫ਼ਾ 22 ਉੱਤੇ ਡੱਬੀ]

ਕਲਾਸ ਦੇ ਅੰਕੜੇ

ਜਿੰਨੇ ਦੇਸ਼ਾਂ ਤੋਂ ਆਏ: 6

ਜਿੰਨੇ ਦੇਸ਼ਾਂ ਵਿਚ ਭੇਜੇ ਗਏ: 21

ਵਿਦਿਆਰਥੀਆਂ ਦੀ ਗਿਣਤੀ: 56

ਔਸਤਨ ਉਮਰ: 32.9

ਸੱਚਾਈ ਵਿਚ ਔਸਤਨ ਸਾਲ: 17.4

ਪੂਰਣ-ਕਾਲੀ ਸੇਵਾ ਵਿਚ ਔਸਤਨ ਸਾਲ: 13

[ਸਫ਼ਾ 23 ਉੱਤੇ ਤਸਵੀਰ]

ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ ਗ੍ਰੈਜੂਏਟ ਹੋਈ 125ਵੀਂ ਕਲਾਸ

ਥੱਲੇ ਦਿੱਤੀ ਗਈ ਸੂਚੀ ਵਿਚ ਭੈਣਾਂ-ਭਰਾਵਾਂ ਦੇ ਨਾਂ ਅਗਲੀ ਲਾਈਨ ਤੋਂ ਪਿੱਛੇ ਵੱਲ ਅਤੇ ਹਰ ਲਾਈਨ ਵਿਚ ਖੱਬਿਓਂ ਸੱਜੇ ਦਿੱਤੇ ਗਏ ਹਨ।

(1) ਹੌਜਸਨ, ਏ.; ਵੌਲ ਏ.; ਬੀਰਨਸ, ਕੇ.; ਹੋਰਟੇਲਾਨੋ, ਐੱਮ.; ਨਿਊਮਨ, ਐੱਲ.; ਡੇ ਕਾਸੋ, ਏ. (2) ਜੈਂਗਕਿਨਜ਼, ਜੇ.; ਜਾਰਜ਼ਮਸਕੀ, ਟੀ.; ਮੈਨਡੇਜ਼, ਐੱਨ.; ਕੋਰੋਨਾ, ਵੀ.; ਕਾਨਾਲੀਟਾ, ਐੱਲ. (3) ਫਰਾਈਅਰ, ਐੱਚ.; ਸੈਵਿਜ, ਐੱਮ.; ਟਿਡਵੈੱਲ, ਕੇ.; ਐਰਿਕਸਨ, ਐੱਨ.; ਡਿਕ, ਈ.; ਮਿਕਬੈੱਥ, ਆਰ. (4) ਪੇਰਜ਼, ਐੱਲ.; ਪਿਊਜ਼, ਐੱਲ.; ਸਕਿਡਮੋਰ, ਏ.; ਯੰਗ, ਬੀ.; ਮਿਕਬਰਾਈਡ, ਐੱਨ.; ਰੌਨਡਨ, ਪੀ.; ਗੁਡਮਨ, ਈ. (5) ਬੀਰਨਸ, ਐੱਮ.; ਫਰਗੁਸਨ, ਜੇ.; ਪੀਅਰਸਨ, ਐੱਨ.; ਚੈਪਮਨ, ਐੱਲ.; ਵੌਰਡਲ, ਜੇ.; ਕਾਨਾਲੀਟਾ, ਐੱਮ. (6) ਪੇਰਜ਼, ਪੀ.; ਡੇ ਕਾਸੋ, ਡੀ.; ਯੰਗ, ਟੀ.; ਰੌਨਡਨ, ਡੀ.; ਗੁਡਮਨ, ਜੀ.; ਜੈਂਗਕਿਨਜ਼, ਐੱਮ.; ਡਿਕ, ਜੀ.; (7) ਕੋਰੋਨਾ, ਐੱਮ.; ਵੌਲ, ਆਰ.; ਪਿਊਜ਼, ਐੱਸ.; ਮੈਨਡੇਜ਼, ਐੱਫ.; ਜਾਰਜ਼ਮਸਕੀ, ਐੱਸ.; ਸੈਵਿਜ, ਟੀ. (8) ਨਿਊਮਨ, ਸੀ.; ਫਰਗੁਸਨ, ਡੀ.; ਸਕਿਡਮੋਰ, ਡੀ.; ਐਰਿਕਸਨ, ਟੀ.; ਮਿਕਬਰਾਈਡ, ਜੇ.; ਪੀਅਰਸਨ, ਐੱਮ.; ਚੈਪਮਨ, ਐੱਮ.; (9) ਹੌਜਸਨ, ਕੇ.; ਵੌਰਡਲ, ਏ.; ਮਿਕਬੈੱਥ, ਏ.; ਟਿਡਵੈੱਲ, ਟੀ.; ਫਰਾਈਅਰ, ਜੇ.; ਹੋਰਟੇਲਾਨੋ, ਜੇ.