ਜ਼ਬੂਰ 32:1-11
ਦਾਊਦ ਦਾ ਮਸਕੀਲ।*
32 ਖ਼ੁਸ਼ ਹੈ ਉਹ ਇਨਸਾਨ ਜਿਸ ਦਾ ਅਪਰਾਧ ਮਾਫ਼ ਕੀਤਾ ਗਿਆ ਹੈ ਅਤੇ ਜਿਸ ਦਾ ਪਾਪ ਢਕਿਆ* ਗਿਆ ਹੈ।+
2 ਖ਼ੁਸ਼ ਹੈ ਉਹ ਇਨਸਾਨ ਜਿਸ ਨੂੰ ਯਹੋਵਾਹ ਦੋਸ਼ੀ ਨਹੀਂ ਠਹਿਰਾਉਂਦਾ,+ਜਿਸ ਦੇ ਦਿਲ ਵਿਚ ਕੋਈ ਖੋਟ ਨਹੀਂ ਹੈ।
3 ਜਦ ਮੈਂ ਚੁੱਪ ਰਿਹਾ, ਤਾਂ ਸਾਰਾ-ਸਾਰਾ ਦਿਨ ਹਉਕੇ ਭਰਨ ਕਰਕੇ ਮੇਰੀਆਂ ਹੱਡੀਆਂ ਗਲ਼ ਗਈਆਂ।+
4 ਤੇਰਾ ਹੱਥ* ਦਿਨ-ਰਾਤ ਮੇਰੇ ’ਤੇ ਭਾਰੀ ਰਿਹਾ।+
ਮੇਰੀ ਤਾਕਤ ਖ਼ਤਮ ਹੋ ਗਈ* ਜਿਵੇਂ ਗਰਮੀਆਂ ਵਿਚ ਪਾਣੀ ਸੁੱਕ ਜਾਂਦਾ ਹੈ। (ਸਲਹ)
5 ਅਖ਼ੀਰ ਮੈਂ ਤੇਰੇ ਸਾਮ੍ਹਣੇ ਆਪਣਾ ਪਾਪ ਕਬੂਲ ਕਰ ਲਿਆ;ਮੈਂ ਆਪਣੀ ਗ਼ਲਤੀ ’ਤੇ ਪਰਦਾ ਨਹੀਂ ਪਾਇਆ।+
ਮੈਂ ਕਿਹਾ: “ਮੈਂ ਯਹੋਵਾਹ ਸਾਮ੍ਹਣੇ ਆਪਣੇ ਅਪਰਾਧਾਂ ਦਾ ਇਕਰਾਰ ਕਰਾਂਗਾ।”+
ਤੂੰ ਮੇਰੀ ਗ਼ਲਤੀ ਅਤੇ ਪਾਪ ਮਾਫ਼ ਕਰ ਦਿੱਤੇ।+ (ਸਲਹ)
6 ਇਸ ਕਰਕੇ ਹਰੇਕ ਵਫ਼ਾਦਾਰ ਸੇਵਕ ਤੈਨੂੰ ਪ੍ਰਾਰਥਨਾ ਕਰੇਗਾ+ਜਦ ਤਕ ਤੇਰੇ ਕੋਲ ਆਉਣ ਦਾ ਰਾਹ ਖੁੱਲ੍ਹਾ ਹੈ।+
ਫਿਰ ਹੜ੍ਹ ਦੇ ਪਾਣੀ ਵੀ ਉਸ ਤਕ ਨਹੀਂ ਪਹੁੰਚ ਸਕਣਗੇ।
7 ਤੂੰ ਮੇਰੇ ਲੁਕਣ ਦੀ ਥਾਂ ਹੈਂ;ਤੂੰ ਬਿਪਤਾ ਵੇਲੇ ਮੇਰੀ ਹਿਫਾਜ਼ਤ ਕਰੇਂਗਾ।+
ਮੇਰੇ ਚਾਰੇ ਪਾਸੇ ਲੋਕ ਖ਼ੁਸ਼ੀ ਨਾਲ ਨਾਅਰੇ ਲਾਉਣਗੇ ਕਿਉਂਕਿ ਤੂੰ ਮੈਨੂੰ ਛੁਡਾਇਆ ਹੈ।+ (ਸਲਹ)
8 ਤੂੰ ਕਿਹਾ ਸੀ: “ਮੈਂ ਤੈਨੂੰ ਡੂੰਘੀ ਸਮਝ ਦਿਆਂਗਾ ਅਤੇ ਤੈਨੂੰ ਸਿਖਾਵਾਂਗਾ ਕਿ ਤੈਨੂੰ ਕਿਹੜੇ ਰਾਹ ਜਾਣਾ ਚਾਹੀਦਾ ਹੈ।+
ਮੈਂ ਤੇਰੇ ’ਤੇ ਨਿਗਾਹ ਰੱਖ ਕੇ ਤੈਨੂੰ ਸਲਾਹ ਦਿਆਂਗਾ।+
9 ਤੂੰ ਘੋੜੇ ਜਾਂ ਖੱਚਰ ਵਾਂਗ ਬੇਸਮਝ ਨਾ ਬਣ+ਜਿਸ ਦੇ ਜੋਸ਼ ਨੂੰ ਲਗਾਮ ਜਾਂ ਰੱਸੇ ਨਾਲ ਕਾਬੂ ਕਰਨਾ ਪੈਂਦਾ ਹੈ,ਇਸ ਤਰ੍ਹਾਂ ਤੂੰ ਉਸ ਨੂੰ ਆਪਣੇ ਵੱਸ ਵਿਚ ਕਰ ਸਕਦਾ ਹੈਂ।”
10 ਦੁਸ਼ਟ ’ਤੇ ਬਹੁਤ ਸਾਰੀਆਂ ਮੁਸੀਬਤਾਂ ਆਉਂਦੀਆਂ ਹਨ;ਪਰ ਯਹੋਵਾਹ ’ਤੇ ਭਰੋਸਾ ਰੱਖਣ ਵਾਲੇ ਉਸ ਦੇ ਅਟੱਲ ਪਿਆਰ ਦੀ ਬੁੱਕਲ ਵਿਚ ਰਹਿੰਦੇ ਹਨ।+
11 ਹੇ ਧਰਮੀ ਲੋਕੋ, ਯਹੋਵਾਹ ਦੇ ਕੰਮਾਂ ਕਰਕੇ ਖ਼ੁਸ਼ ਹੋਵੋ ਅਤੇ ਜਸ਼ਨ ਮਨਾਓ;ਹੇ ਸਾਰੇ ਨੇਕਦਿਲ ਲੋਕੋ, ਖ਼ੁਸ਼ੀ ਨਾਲ ਜੈ-ਜੈ ਕਾਰ ਕਰੋ।