Skip to content

Skip to table of contents

ਮੈਂ ਆਪਣੇ ਬੱਚਿਆਂ ਨੂੰ ਸਹੀ ਸਿੱਖਿਆ ਕਿਵੇਂ ਦੇ ਸਕਦਾ ਹਾਂ?

ਮੈਂ ਆਪਣੇ ਬੱਚਿਆਂ ਨੂੰ ਸਹੀ ਸਿੱਖਿਆ ਕਿਵੇਂ ਦੇ ਸਕਦਾ ਹਾਂ?

ਮੈਂ ਆਪਣੇ ਬੱਚਿਆਂ ਨੂੰ ਸਹੀ ਸਿੱਖਿਆ ਕਿਵੇਂ ਦੇ ਸਕਦਾ ਹਾਂ?

ਬੱਚੇ ਦੀ ਸਿੱਖਿਆ ਇਕ ਮਜ਼ੇਦਾਰ ਤੇ ਔਖੇ ਸਫ਼ਰ ਦੀ ਤਰ੍ਹਾਂ ਹੈ। ਤੁਸੀਂ ਆਪਣੇ ਬੱਚਿਆਂ ਨਾਲ ਇਹ ਸਫ਼ਰ ਤੈ ਕਰਦੇ ਹੋ। ਸਫ਼ਰ ਦੌਰਾਨ ਤੁਸੀਂ ਆਪਣੇ ਬੱਚਿਆਂ ਨੂੰ ਹੱਲਾਸ਼ੇਰੀ ਦਿੰਦੇ ਹੋ, ਉਨ੍ਹਾਂ ਨੂੰ ਰਾਹ ਦਿਖਾਉਂਦੇ ਹੋ ਅਤੇ ਮੰਜ਼ਲ ਤੇ ਪਹੁੰਚਣ ਵਿਚ ਮਦਦ ਕਰਦੇ ਹੋ। ਰਾਹ ਵਿਚ ਉਨ੍ਹਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।

ਜ਼ਿੰਦਗੀ ਵਿਚ ਕਾਮਯਾਬੀ ਅਤੇ ਖ਼ੁਸ਼ੀ ਪਾਉਣ ਲਈ ਬੱਚਿਆਂ ਵਿਚ ਨੈਤਿਕ ਅਤੇ ਅਧਿਆਤਮਿਕ ਗੁਣ ਹੋਣੇ ਜ਼ਰੂਰੀ ਹਨ ਤੇ ਉਨ੍ਹਾਂ ਨੂੰ ਚੰਗੇ-ਮਾੜੇ ਦੀ ਪਛਾਣ ਹੋਣੀ ਚਾਹੀਦੀ ਹੈ। ਜੇ ਉਹ ਯਹੋਵਾਹ ਨੂੰ ਜਾਣਦੇ ਅਤੇ ਪਿਆਰ ਕਰਦੇ ਹਨ, ਤਾਂ ਉਨ੍ਹਾਂ ਨੂੰ ਜੋ ਸਿੱਖਿਆ ਮਿਲੇਗੀ, ਉਸ ਤੋਂ ਹਮੇਸ਼ਾ ਉਨ੍ਹਾਂ ਨੂੰ ਫ਼ਾਇਦਾ ਹੋਵੇਗਾ। ਬੱਚੇ ਕੀ ਸਿੱਖਦੇ ਹਨ ਅਤੇ ਸਿੱਖੀਆਂ ਗੱਲਾਂ ਤੋਂ ਕੀ ਸਮਝ ਹਾਸਲ ਕਰਦੇ ਹਨ ਤੇ ਉਨ੍ਹਾਂ ਦੀ ਕਿੰਨੀ ਕੁ ਕਦਰ ਕਰਦੇ ਹਨ, ਇਸ ਸਭ ਦਾ ਧਿਆਨ ਰੱਖਣ ਦੀ ਜ਼ਿੰਮੇਵਾਰੀ ਮੁੱਖ ਤੌਰ ਤੇ ਮਾਪਿਆਂ ਦੀ ਹੈ।

ਇਹ ਸਫ਼ਰ ਕਰਦਿਆਂ ਮਾਪੇ ਤੇ ਬੱਚੇ ਦੋਵਾਂ ਨੂੰ ਕਈ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਬੱਚਿਆਂ ਉੱਤੇ ਬਹੁਤ ਜਲਦੀ ਦੂਜਿਆਂ ਦੀਆਂ ਗੱਲਾਂ ਦਾ ਪ੍ਰਭਾਵ ਪੈ ਜਾਂਦਾ ਹੈ। ਉਹ ਘਰੋਂ ਬਾਹਰ ਕਈ ਗੱਲਾਂ ਸਿੱਖਦੇ ਹਨ ਜੋ ਸਹੀ ਨਹੀਂ ਹੁੰਦੀਆਂ। ਅਸੀਂ ਸ਼ਤਾਨ ਦੀ ਦੁਨੀਆਂ ਵਿਚ ਰਹਿ ਰਹੇ ਹਾਂ। (1 ਯੂਹੰਨਾ 5:19) ਉਹ ਵੀ ਤੁਹਾਡੇ ਬੱਚਿਆਂ ਨੂੰ ਸਿਖਾਉਣ ਵਿਚ ਦਿਲਚਸਪੀ ਰੱਖਦਾ ਹੈ, ਪਰ ਉਸ ਦੇ ਇਰਾਦੇ ਨੇਕ ਨਹੀਂ ਹਨ। ਚਲਾਕ ਤੇ ਪੱਕਾ ਉਸਤਾਦ ਹੋਣ ਦੇ ਨਾਲ-ਨਾਲ ਸ਼ਤਾਨ ਦੁਸ਼ਟ ਵੀ ਹੈ। ਭਾਵੇਂ ਉਹ ‘ਚਾਨਣ ਦਾ ਦੂਤ’ ਹੋਣ ਦਾ ਦਿਖਾਵਾ ਕਰਦਾ ਹੈ, ਪਰ ਉਹ ਜੋ ਵੀ ਗੱਲਾਂ ਸਿਖਾਉਂਦਾ ਹੈ, ਉਹ ਧੋਖਾ ਦੇਣ ਵਾਲੀਆਂ ਅਤੇ ਯਹੋਵਾਹ ਦੇ ਬਚਨ ਤੇ ਉਸ ਦੀ ਮਰਜ਼ੀ ਤੋਂ ਉਲਟ ਹੁੰਦੀਆਂ ਹਨ। (2 ਕੁਰਿੰਥੀਆਂ 4:4; 11:14; ਯਿਰਮਿਯਾਹ 8:9) ਸ਼ਤਾਨ ਅਤੇ ਉਸ ਦੇ ਦੂਤ ਸਦੀਆਂ ਲਈ ਇਨਸਾਨਾਂ ਨੂੰ ਧੋਖਾ ਦਿੰਦੇ ਆਏ ਹਨ। ਇਸ ਤੋਂ ਇਲਾਵਾ, ਉਹ ਸੁਆਰਥ, ਬੇਈਮਾਨੀ ਤੇ ਬਦਚਲਣੀ ਨੂੰ ਹੱਲਾਸ਼ੇਰੀ ਦਿੰਦੇ ਹਨ।—1 ਤਿਮੋਥਿਉਸ 4:1.

ਤੁਸੀਂ ਆਪਣੇ ਬੱਚਿਆਂ ਨੂੰ ਸ਼ਤਾਨ ਤੋਂ ਕਿਵੇਂ ਬਚਾ ਸਕਦੇ ਹੋ ਤੇ ਉਨ੍ਹਾਂ ਨੂੰ ਸਹੀ ਤੇ ਫ਼ਾਇਦੇਮੰਦ ਸਿੱਖਿਆ ਕਿਵੇਂ ਦੇ ਸਕਦੇ ਹੋ? ਅਹਿਮ ਗੱਲ ਇਹ ਹੈ ਕਿ ਤੁਸੀਂ ਪਹਿਲਾਂ ਆਪਣੇ ਤੇ ਇਕ ਵਾਰ ਝਾਤੀ ਮਾਰੋ। ਤੁਹਾਨੂੰ ਆਪਣੇ ਬੱਚਿਆਂ ਲਈ ਚੰਗੀ ਮਿਸਾਲ ਬਣਨ ਦੀ ਲੋੜ ਹੈ। ਇਹ ਵੀ ਜ਼ਰੂਰੀ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਸਿਖਲਾਈ ਦੇਣ ਦੀ ਜ਼ਿੰਮੇਵਾਰੀ ਸੰਭਾਲੋ ਤੇ ਇਸ ਵਿਚ ਸਮਾਂ ਲਗਾਓ। ਪਰ ਇਨ੍ਹਾਂ ਗੱਲਾਂ ਉੱਤੇ ਵਿਚਾਰ ਕਰਨ ਤੋਂ ਪਹਿਲਾਂ ਸਾਨੂੰ ਜਾਣਨ ਦੀ ਲੋੜ ਹੈ ਕਿ ਸਹੀ ਸਿੱਖਿਆ ਦਾ ਸੋਮਾ ਕੌਣ ਹੈ।

ਸਹੀ ਸਿੱਖਿਆ ਦਾ ਸੋਮਾ

ਦੁਨੀਆਂ ਦੇ ਇਕ ਸਭ ਤੋਂ ਬੁੱਧੀਮਾਨ ਇਨਸਾਨ ਰਾਜਾ ਸੁਲੇਮਾਨ ਨੇ ਸਹੀ ਸਿੱਖਿਆ ਦਾ ਸੋਮਾ ਦੱਸਿਆ। ਬਾਈਬਲ ਉਸ ਬਾਰੇ ਦੱਸਦੀ ਹੈ: “ਪਰਮੇਸ਼ੁਰ ਨੇ ਸੁਲੇਮਾਨ ਨੂੰ ਬੁੱਧੀ ਅਤੇ ਸਮਝ ਬਹੁਤ ਹੀ ਵਧੀਕ ਦਿੱਤੀ ਅਤੇ ਖੁੱਲਾ ਮਨ ਸਮੁੰਦਰ ਦੇ ਕੰਢੇ ਦੀ ਰੇਤ ਵਾਂਙੁ ਅਤੇ ਸੁਲੇਮਾਨ ਦੀ ਬੁੱਧੀ ਸਾਰੇ ਪੂਰਬੀਆਂ ਦੀ ਬੁੱਧੀ ਨਾਲੋਂ ਅਤੇ ਮਿਸਰ ਦੀ ਸਾਰੀ ਬੁੱਧੀ ਨਾਲੋਂ ਬਹੁਤ ਵਧੀਕ ਸੀ।” ਸੁਲੇਮਾਨ ਨੇ “ਤਿੰਨ ਹਜ਼ਾਰ ਕਹਾਉਤਾਂ ਰਚੀਆਂ ਅਤੇ ਇੱਕ ਹਜ਼ਾਰ ਪੰਜ ਉਸ ਦੇ ਗੀਤ ਸਨ।” ਉਸ ਨੂੰ ਪੇੜ-ਪੌਦਿਆਂ ਅਤੇ ਜਾਨਵਰਾਂ ਦਾ ਵੀ ਗਿਆਨ ਸੀ। (1 ਰਾਜਿਆਂ 4:29-34) ਉਸ ਨੇ ਯਰੂਸ਼ਲਮ ਵਿਚ ਯਹੋਵਾਹ ਦਾ ਆਲੀਸ਼ਾਨ ਮੰਦਰ ਅਤੇ ਹੋਰ ਕਈ ਸ਼ਾਨਦਾਰ ਇਮਾਰਤਾਂ ਬਣਵਾਈਆਂ।

ਰਾਜਾ ਸੁਲੇਮਾਨ ਨੇ ਕਈ ਕਿਤਾਬਾਂ ਵੀ ਲਿਖੀਆਂ ਜਿਨ੍ਹਾਂ ਵਿੱਚੋਂ ਇਕ ਹੈ ਉਪਦੇਸ਼ਕ ਦੀ ਪੋਥੀ। ਉਸ ਪੋਥੀ ਨੂੰ ਪੜ੍ਹ ਕੇ ਪਤਾ ਲੱਗਦਾ ਹੈ ਕਿ ਉਸ ਨੂੰ ਇਨਸਾਨੀ ਸੁਭਾਅ ਦਾ ਡੂੰਘਾ ਗਿਆਨ ਸੀ। ਉਸ ਨੇ ਪਵਿੱਤਰ ਆਤਮਾ ਦੀ ਪ੍ਰੇਰਣਾ ਨਾਲ ਸਹੀ ਗਿਆਨ ਦਾ ਸੋਮਾ ਦੱਸਿਆ। ਸੁਲੇਮਾਨ ਨੇ ਦੱਸਿਆ: “ਯਹੋਵਾਹ ਦਾ ਭੈ ਗਿਆਨ ਦਾ ਮੂਲ ਹੈ।” ਇਸ ਬੁੱਧੀਮਾਨ ਰਾਜੇ ਨੇ ਇਹ ਵੀ ਲਿਖਿਆ: “ਯਹੋਵਾਹ ਦਾ ਭੈ ਬੁੱਧ ਦਾ ਮੁੱਢ ਹੈ, ਅਤੇ ਪਵਿੱਤਰ ਪੁਰਖ ਦਾ ਗਿਆਨ ਹੀ ਸਮਝ ਹੈ।”—ਕਹਾਉਤਾਂ 1:7; 9:10.

ਜੇ ਸਾਡੇ ਦਿਲ ਵਿਚ ਪਰਮੇਸ਼ੁਰ ਦਾ ਭੈ ਹੈ, ਤਾਂ ਅਸੀਂ ਉਸ ਦਾ ਸਨਮਾਨ ਕਰਾਂਗੇ ਅਤੇ ਧਿਆਨ ਰੱਖਾਂਗੇ ਕਿ ਉਹ ਕਿਸੇ ਗੱਲੋਂ ਸਾਡੇ ਤੋਂ ਨਾਰਾਜ਼ ਨਾ ਹੋ ਜਾਵੇ। ਅਸੀਂ ਜਾਣਦੇ ਹਾਂ ਕਿ ਉਹ ਸਰਬਸ਼ਕਤੀਮਾਨ ਪਰਮੇਸ਼ੁਰ ਹੈ ਅਤੇ ਅਸੀਂ ਉਸ ਦੇ ਅਧੀਨ ਹਾਂ। ਜਿਹੜੇ ਇਨਸਾਨ ਆਪਣੇ ਜੀਵਨਦਾਤੇ ਦਾ ਨਿਰਾਦਰ ਕਰਦੇ ਹਨ, ਦੂਸਰੇ ਲੋਕ ਸ਼ਾਇਦ ਉਨ੍ਹਾਂ ਨੂੰ ਬੁੱਧੀਮਾਨ ਸਮਝਣ, ਪਰ ਉਨ੍ਹਾਂ ਦਾ ਗਿਆਨ “ਪਰਮੇਸ਼ੁਰ ਦੇ ਭਾਣੇ ਮੂਰਖਪੁਣਾ ਹੈ।” (1 ਕੁਰਿੰਥੀਆਂ 3:19) ਤੁਹਾਡੇ ਬੱਚਿਆਂ ਨੂੰ ‘ਉਪਰਲੀ ਬੁੱਧ’ ਯਾਨੀ ਪਰਮੇਸ਼ੁਰੀ ਸਿੱਖਿਆ ਦੀ ਲੋੜ ਹੈ।—ਯਾਕੂਬ 3:15, 17.

ਜੇ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ, ਤਾਂ ਵੀ ਅਸੀਂ ਉਸ ਨੂੰ ਨਾਰਾਜ਼ ਕਰਨ ਤੋਂ ਡਰਾਂਗੇ। ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਸੇਵਕ ਉਸ ਤੋਂ ਡਰਨ ਅਤੇ ਉਸ ਨਾਲ ਪਿਆਰ ਕਰਨ। ਮੂਸਾ ਨੇ ਕਿਹਾ ਸੀ: “ਹੇ ਇਸਰਾਏਲ, ਹੁਣ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਥੋਂ ਹੋਰ ਕੀ ਚਾਹੁੰਦਾ ਹੈ ਭਈ ਕੇਵਲ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਭੈ ਖਾਓ ਅਤੇ ਉਸ ਦੇ ਸਾਰੇ ਰਾਹਾਂ ਉੱਤੇ ਚੱਲੋ ਅਤੇ ਉਸ ਨਾਲ ਪ੍ਰੇਮ ਰੱਖੋ ਅਤੇ ਆਪਣੇ ਸਾਰੇ ਮਨ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਕਰੋ। ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਅਤੇ ਬਿਧੀਆਂ ਨੂੰ ਮੰਨੋ ਜਿਨ੍ਹਾਂ ਦਾ ਮੈਂ ਅੱਜ ਤੁਹਾਡੀ ਭਲਿਆਈ ਲਈ ਤੁਹਾਨੂੰ ਹੁਕਮ ਦਿੰਦਾ ਹਾਂ।”—ਬਿਵਸਥਾ ਸਾਰ 10:12, 13.

ਜੇ ਅਸੀਂ ਆਪਣੇ ਬੱਚਿਆਂ ਦੇ ਦਿਲਾਂ ਵਿਚ ਯਹੋਵਾਹ ਦਾ ਡਰ ਪੈਦਾ ਕਰਦੇ ਹਾਂ, ਤਾਂ ਸਾਡੇ ਬੱਚਿਆਂ ਨੂੰ ਜੋ ਸਿੱਖਿਆ ਮਿਲੇਗੀ, ਉਸ ਨਾਲ ਉਹ ਸਮਝਦਾਰ ਇਨਸਾਨ ਬਣਨਗੇ। ਜਿਉਂ-ਜਿਉਂ ਉਹ ਗਿਆਨ ਪ੍ਰਾਪਤ ਕਰਦੇ ਜਾਣਗੇ, ਤਿਉਂ-ਤਿਉਂ ਉਨ੍ਹਾਂ ਦੇ ਦਿਲਾਂ ਵਿਚ ਆਪਣੇ ਸਿਰਜਣਹਾਰ ਅਤੇ ਸਹੀ ਗਿਆਨ ਦੇ ਸੋਮੇ ਯਹੋਵਾਹ ਪਰਮੇਸ਼ੁਰ ਲਈ ਕਦਰ ਵਧੇਗੀ। ਬੱਚੇ ਹਰ ਗੱਲ ਤੇ ਸੋਚ-ਵਿਚਾਰ ਕਰ ਕੇ ਸਹੀ ਸਿੱਟੇ ਕੱਢਣੇ ਸਿੱਖਣਗੇ। ਉਨ੍ਹਾਂ ਵਿਚ “ਭਲੇ ਬੁਰੇ ਦੀ ਜਾਚ ਕਰਨ” ਦੀ ਕਾਬਲੀਅਤ ਪੈਦਾ ਹੋਵੇਗੀ। (ਇਬਰਾਨੀਆਂ 5:14) ਪਰਮੇਸ਼ੁਰ ਦਾ ਭੈ ਹੋਣ ਨਾਲ ਉਹ ਨਿਮਰ ਬਣਨਗੇ ਅਤੇ ਮਾੜੇ ਕੰਮਾਂ ਤੋਂ ਦੂਰ ਰਹਿਣਗੇ।—ਕਹਾਉਤਾਂ 8:13; 16:6.

ਤੁਹਾਡੇ ਬੱਚੇ ਤੁਹਾਨੂੰ ਦੇਖਦੇ ਹਨ!

ਪਰ ਤੁਸੀਂ ਆਪਣੇ ਬੱਚਿਆਂ ਦੇ ਦਿਲਾਂ ਵਿਚ ਯਹੋਵਾਹ ਲਈ ਪਿਆਰ ਅਤੇ ਡਰ ਕਿਵੇਂ ਪੈਦਾ ਕਰ ਸਕਦੇ ਹੋ? ਇਸ ਸਵਾਲ ਦਾ ਜਵਾਬ ਮੂਸਾ ਦੀ ਬਿਵਸਥਾ ਵਿਚ ਦਿੱਤਾ ਗਿਆ ਹੈ। ਇਸ ਵਿਚ ਇਸਰਾਏਲੀ ਮਾਪਿਆਂ ਨੂੰ ਕਿਹਾ ਗਿਆ ਸੀ: “ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਮਨ, ਆਪਣੀ ਸਾਰੀ ਜਾਨ ਅਤੇ ਆਪਣੇ ਸਾਰੇ ਜ਼ੋਰ ਨਾਲ ਪਿਆਰ ਕਰੋ। ਅਤੇ ਏਹ ਗੱਲਾਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਤੁਹਾਡੇ ਹਿਰਦੇ ਉੱਤੇ ਹੋਣ। ਤੁਸੀਂ ਓਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਲਾਓ। ਤੁਸੀਂ ਆਪਣੇ ਘਰ ਬੈਠਿਆਂ, ਰਾਹ ਤੁਰਦਿਆਂ, ਲੇਟਦਿਆਂ ਅਰ ਉੱਠਦਿਆਂ ਓਹਨਾਂ ਦਾ ਚਰਚਾ ਕਰੋ।”—ਬਿਵਸਥਾ ਸਾਰ 6:5-7.

ਇਹ ਆਇਤਾਂ ਮਾਪਿਆਂ ਨੂੰ ਅਹਿਮ ਗੱਲਾਂ ਦੱਸਦੀਆਂ ਹਨ। ਇਕ ਤਾਂ ਇਹ: ਮਾਪੇ ਹੋਣ ਕਰਕੇ ਤੁਹਾਨੂੰ ਆਪਣੇ ਬੱਚਿਆਂ ਲਈ ਚੰਗੀ ਮਿਸਾਲ ਬਣਨਾ ਹੈ। ਆਪਣੇ ਬੱਚਿਆਂ ਦੇ ਦਿਲਾਂ ਵਿਚ ਯਹੋਵਾਹ ਲਈ ਪਿਆਰ ਪੈਦਾ ਕਰਨ ਵਾਸਤੇ ਤੁਹਾਨੂੰ ਪਹਿਲਾਂ ਆਪ ਯਹੋਵਾਹ ਨਾਲ ਪਿਆਰ ਕਰਨਾ ਚਾਹੀਦਾ ਹੈ ਅਤੇ ਉਸ ਦੇ ਬਚਨ ਤੁਹਾਡੇ ਦਿਲ ਵਿਚ ਹੋਣੇ ਚਾਹੀਦੇ ਹਨ। ਇਹ ਕਿਉਂ ਜ਼ਰੂਰੀ ਹੈ? ਕਿਉਂਕਿ ਸਭ ਤੋਂ ਪਹਿਲਾਂ ਬੱਚੇ ਤੁਹਾਡੇ ਤੋਂ ਸਿੱਖਦੇ ਹਨ। ਤੁਹਾਡੀ ਚੰਗੀ ਮਿਸਾਲ ਦਾ ਉਨ੍ਹਾਂ ਉੱਤੇ ਡੂੰਘਾ ਅਸਰ ਪਵੇਗਾ। ਬੱਚਿਆਂ ਦੀਆਂ ਜ਼ਿੰਦਗੀਆਂ ਉੱਤੇ ਜਿੰਨਾ ਪ੍ਰਭਾਵ ਮਾਪਿਆਂ ਦਾ ਪੈਂਦਾ, ਉੱਨਾ ਹੋਰ ਕਿਸੇ ਦਾ ਨਹੀਂ ਪੈਂਦਾ।

ਤੁਹਾਡੀਆਂ ਗੱਲਾਂ ਤੋਂ ਹੀ ਨਹੀਂ, ਸਗੋਂ ਤੁਹਾਡੇ ਕੰਮਾਂ ਤੋਂ ਵੀ ਤੁਹਾਡੀਆਂ ਇੱਛਾਵਾਂ, ਅਸੂਲਾਂ ਤੇ ਰੁਚੀਆਂ ਦਾ ਪਤਾ ਲੱਗਦਾ ਹੈ। (ਰੋਮੀਆਂ 2:21, 22) ਬਚਪਨ ਤੋਂ ਹੀ ਬੱਚੇ ਆਪਣੇ ਮਾਪਿਆਂ ਵੱਲ ਧਿਆਨ ਨਾਲ ਦੇਖਦੇ ਹਨ ਤੇ ਸਿੱਖਦੇ ਹਨ। ਬੱਚੇ ਜਾਣ ਜਾਂਦੇ ਹਨ ਕਿ ਉਨ੍ਹਾਂ ਦੇ ਮਾਪਿਆਂ ਲਈ ਕਿਹੜੀਆਂ ਚੀਜ਼ਾਂ ਅਹਿਮ ਹਨ ਅਤੇ ਇਹ ਚੀਜ਼ਾਂ ਉਨ੍ਹਾਂ ਲਈ ਵੀ ਅਹਿਮ ਬਣ ਜਾਂਦੀਆਂ ਹਨ। ਜੇ ਤੁਸੀਂ ਦਿਲੋਂ ਯਹੋਵਾਹ ਨੂੰ ਪਿਆਰ ਕਰਦੇ ਹੋ, ਤਾਂ ਬੱਚੇ ਤੁਹਾਡੇ ਕੰਮਾਂ ਤੋਂ ਇਹ ਦੇਖ ਲੈਣਗੇ। ਉਦਾਹਰਣ ਲਈ, ਉਹ ਦੇਖਣਗੇ ਕਿ ਤੁਸੀਂ ਬਾਈਬਲ ਪੜ੍ਹਨ ਅਤੇ ਅਧਿਐਨ ਕਰਨ ਨੂੰ ਅਹਿਮੀਅਤ ਦਿੰਦੇ ਹੋ। ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਤੁਸੀਂ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੇ ਰਾਜ ਦੇ ਕੰਮਾਂ ਨੂੰ ਪਹਿਲ ਦਿੰਦੇ ਹੋ। (ਮੱਤੀ 6:33) ਜੇ ਤੁਸੀਂ ਬਾਕਾਇਦਾ ਸਭਾਵਾਂ ਵਿਚ ਜਾਵੋਗੇ ਅਤੇ ਪ੍ਰਚਾਰ ਦਾ ਕੰਮ ਕਰੋਗੇ, ਤਾਂ ਉਹ ਦੇਖ ਸਕਣਗੇ ਕਿ ਯਹੋਵਾਹ ਦੀ ਭਗਤੀ ਤੁਹਾਡੇ ਲਈ ਸਭ ਤੋਂ ਅਹਿਮ ਹੈ।—ਮੱਤੀ 28:19, 20; ਇਬਰਾਨੀਆਂ 10:24, 25.

ਆਪਣੀ ਜ਼ਿੰਮੇਵਾਰੀ ਨਿਭਾਓ

ਮਾਪੇ ਬਿਵਸਥਾ ਸਾਰ 6:5-7 ਤੋਂ ਇਕ ਹੋਰ ਗੱਲ ਸਿੱਖਦੇ ਹਨ: ਬੱਚਿਆਂ ਨੂੰ ਸਿੱਖਿਆ ਦੇਣ ਦੀ ਜ਼ਿੰਮੇਵਾਰੀ ਤੁਹਾਡੀ ਹੈ। ਪੁਰਾਣੇ ਜ਼ਮਾਨੇ ਵਿਚ ਪਰਮੇਸ਼ੁਰ ਦੇ ਲੋਕ ਆਪਣੇ ਬੱਚਿਆਂ ਨੂੰ ਸਿੱਖਿਆ ਦਿੰਦੇ ਹੁੰਦੇ ਸਨ। ਪਹਿਲੀ ਸਦੀ ਦੇ ਮਸੀਹੀ ਮਾਪੇ ਵੀ ਆਪਣੇ ਬੱਚਿਆਂ ਨੂੰ ਸਿਖਾਉਣ ਦੀ ਜ਼ਿੰਮੇਵਾਰੀ ਨਿਭਾਉਂਦੇ ਸਨ। (2 ਤਿਮੋਥਿਉਸ 1:5; 3:14, 15) ਆਪਣੇ ਸਾਥੀ ਮਸੀਹੀਆਂ ਨੂੰ ਚਿੱਠੀ ਲਿਖਦੇ ਸਮੇਂ, ਪੌਲੁਸ ਰਸੂਲ ਨੇ ਇਸ ਗੱਲ ਵੱਲ ਇਸ਼ਾਰਾ ਕੀਤਾ ਕਿ ‘ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਬੱਚਿਆਂ ਦੀ ਪਾਲਨਾ ਕਰਨੀ’ ਖ਼ਾਸ ਤੌਰ ਤੇ ਪਿਤਾ ਦੀ ਜ਼ਿੰਮੇਵਾਰੀ ਹੈ।—ਅਫ਼ਸੀਆਂ 6:4.

ਅੱਜ ਮਾਪਿਆਂ ਉੱਤੇ ਨੌਕਰੀ-ਪੇਸ਼ੇ ਅਤੇ ਹੋਰ ਕਈ ਕੰਮਾਂ-ਕਾਰਾਂ ਦਾ ਬੋਝ ਹੈ ਜਿਸ ਨੂੰ ਸੰਭਾਲਦਿਆਂ ਉਨ੍ਹਾਂ ਕੋਲ ਸਮਾਂ ਨਹੀਂ ਬਚਦਾ। ਇਸ ਹਾਲਤ ਵਿਚ ਮਾਪੇ ਸਿੱਖਿਆ ਦੇਣ ਦੀ ਜ਼ਿੰਮੇਵਾਰੀ ਅਧਿਆਪਕਾਂ ਜਾਂ ਹੋਰ ਲੋਕਾਂ ਉੱਤੇ ਛੱਡ ਦਿੰਦੇ ਹਨ। ਪਰ ਹੋਰ ਕੋਈ ਵੀ ਇਨਸਾਨ ਮਾਂ-ਬਾਪ ਦੀ ਜਗ੍ਹਾ ਨਹੀਂ ਲੈ ਸਕਦਾ। ਹਮੇਸ਼ਾ ਯਾਦ ਰੱਖੋ ਕਿ ਬੱਚਿਆਂ ਨੂੰ ਤੁਹਾਡੀ ਜ਼ਰੂਰਤ ਹੈ। ਜੇ ਤੁਹਾਨੂੰ ਸਿੱਖਿਆ ਦੇਣ ਵਿਚ ਦੂਜਿਆਂ ਦੀ ਮਦਦ ਦੀ ਲੋੜ ਹੈ, ਤਾਂ ਸੋਚ-ਸਮਝ ਕੇ ਫ਼ੈਸਲਾ ਕਰੋ ਕਿ ਤੁਸੀਂ ਕਿਸ ਤੋਂ ਇਹ ਮਦਦ ਲਵੋਗੇ। ਪਰ ਪਰਮੇਸ਼ੁਰ ਤੋਂ ਮਿਲੀ ਇਸ ਜ਼ਿੰਮੇਵਾਰੀ ਨੂੰ ਕਿਸੇ ਹੋਰ ਤੇ ਨਾ ਸੁੱਟੋ।

ਆਪਣੇ ਬੱਚਿਆਂ ਨੂੰ ਸਮਾਂ ਦਿਓ

ਬਿਵਸਥਾ ਸਾਰ 6:5-7 ਤੋਂ ਮਾਪੇ ਇਹ ਵੀ ਸਿੱਖਦੇ ਹਨ: ਬੱਚਿਆਂ ਨੂੰ ਸਿੱਖਿਆ ਦੇਣ ਲਈ ਮਾਪਿਆਂ ਨੂੰ ਸਮਾਂ ਲਾਉਣ ਅਤੇ ਮਿਹਨਤ ਕਰਨ ਦੀ ਲੋੜ ਹੈ। ਇਸਰਾਏਲੀ ਮਾਪਿਆਂ ਨੂੰ ਬੱਚਿਆਂ ਨੂੰ ‘ਸਿਖਲਾਉਣ’ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਮਾਪਿਆਂ ਨੇ “ਘਰ ਬੈਠਿਆਂ, ਰਾਹ ਤੁਰਦਿਆਂ” ਸਵੇਰ ਤੋਂ ਸ਼ਾਮ ਤਕ ਆਪਣੇ ਬੱਚਿਆਂ ਨੂੰ ਸਿੱਖਿਆ ਦੇਣੀ ਸੀ। ਉਨ੍ਹਾਂ ਨੇ ਗੱਲਾਂ ਨੂੰ ਵਾਰ-ਵਾਰ ਦੁਹਰਾ ਕੇ ਉਨ੍ਹਾਂ ਦੇ ਮਨਾਂ ਵਿਚ ਇਹ ਸਭ ਕੁਝ ਬਿਠਾਉਣਾ ਸੀ। ਹਾਂ, ਬੱਚਿਆਂ ਨੂੰ ਸਿਖਾਉਣ ਅਤੇ ਉਨ੍ਹਾਂ ਦੇ ਰਵੱਈਏ ਨੂੰ ਪਰਮੇਸ਼ੁਰ ਦੇ ਅਨੁਸਾਰ ਢਾਲਣ ਲਈ ਸਮਾਂ ਕੱਢਣਾ ਤੇ ਮਿਹਨਤ ਕਰਨੀ ਜ਼ਰੂਰੀ ਹੈ।

ਸੋ ਤੁਸੀਂ ਆਪਣੇ ਬੱਚਿਆਂ ਨੂੰ ਸਹੀ ਸਿੱਖਿਆ ਦੇਣ ਲਈ ਕੀ ਕਰ ਸਕਦੇ ਹੋ? ਬਹੁਤ ਕੁਝ। ਉਨ੍ਹਾਂ ਨੂੰ ਯਹੋਵਾਹ ਨਾਲ ਪਿਆਰ ਕਰਨਾ ਅਤੇ ਉਸ ਤੋਂ ਡਰਨਾ ਸਿਖਾਓ। ਤੁਸੀਂ ਆਪ ਚੰਗੀ ਮਿਸਾਲ ਬਣੋ। ਆਪਣੀ ਇਸ ਜ਼ਿੰਮੇਵਾਰੀ ਨੂੰ ਸੰਭਾਲੋ ਅਤੇ ਇਸ ਨੂੰ ਪੂਰਾ ਕਰਨ ਲਈ ਸਮਾਂ ਕੱਢੋ। ਅਜਿਹਾ ਕਰਦਿਆਂ ਤੁਹਾਡੇ ਤੋਂ ਗ਼ਲਤੀਆਂ ਹੋਣਗੀਆਂ। ਪਰ ਜੇ ਤੁਸੀਂ ਦਿਲੋਂ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਦੀ ਕੋਸ਼ਿਸ਼ ਕਰੋ, ਤਾਂ ਤੁਹਾਡੇ ਬੱਚੇ ਤੁਹਾਡੀ ਮਿਹਨਤ ਦੀ ਕਦਰ ਕਰਨਗੇ ਅਤੇ ਤੁਹਾਡੀ ਸਿੱਖਿਆ ਤੋਂ ਫ਼ਾਇਦਾ ਲੈਣਗੇ। ਕਹਾਉਤਾਂ 22:6 ਵਿਚ ਕਿਹਾ ਗਿਆ ਹੈ: “ਬਾਲਕ ਨੂੰ ਉਹ ਦਾ ਠੀਕ ਰਾਹ ਸਿਖਲਾ, ਤਾਂ ਉਹ ਵੱਡਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ।” ਇਹ ਅਸੂਲ ਕੁੜੀਆਂ ਉੱਤੇ ਵੀ ਲਾਗੂ ਹੁੰਦਾ ਹੈ।

ਸਿੱਖਿਆ ਦੇਣ ਦਾ ਸਫ਼ਰ ਪੂਰੀ ਜ਼ਿੰਦਗੀ ਚੱਲਦਾ ਰਹਿੰਦਾ ਹੈ। ਜੇ ਤੁਸੀਂ ਤੇ ਤੁਹਾਡੇ ਬੱਚੇ ਯਹੋਵਾਹ ਨੂੰ ਪਿਆਰ ਕਰਦੇ ਹੋ, ਤਾਂ ਤੁਸੀਂ ਇਸ ਸਫ਼ਰ ਦਾ ਹਮੇਸ਼ਾ ਲਈ ਆਨੰਦ ਮਾਣੋਗੇ। ਕਿਉਂ? ਕਿਉਂਕਿ ਯਹੋਵਾਹ ਬਾਰੇ ਅਤੇ ਉਸ ਦੇ ਮਕਸਦਾਂ ਬਾਰੇ ਸਿੱਖਣ ਦਾ ਸਿਲਸਿਲਾ ਕਦੇ ਖ਼ਤਮ ਨਹੀਂ ਹੋਵੇਗਾ।—ਉਪਦੇਸ਼ਕ ਦੀ ਪੋਥੀ 3:10, 11.

[ਸਫ਼ਾ 15 ਉੱਤੇ ਤਸਵੀਰ]

ਕੀ ਤੁਸੀਂ ਆਪਣੇ ਬੱਚਿਆਂ ਨਾਲ ਬੈਠ ਕੇ ਬਾਈਬਲ ਪੜ੍ਹਦੇ ਹੋ?

[ਸਫ਼ਾ 16 ਉੱਤੇ ਤਸਵੀਰ]

ਬੱਚਿਆਂ ਨੂੰ ਸਿਰਜਣਹਾਰ ਬਾਰੇ ਸਿਖਾਉਣ ਲਈ ਸਮਾਂ ਕੱਢੋ