Skip to content

Skip to table of contents

ਪਰਮੇਸ਼ੁਰ ਬਿਰਧਾਂ ਨੂੰ ਪਿਆਰ ਕਰਦਾ ਹੈ

ਪਰਮੇਸ਼ੁਰ ਬਿਰਧਾਂ ਨੂੰ ਪਿਆਰ ਕਰਦਾ ਹੈ

ਪਰਮੇਸ਼ੁਰ ਬਿਰਧਾਂ ਨੂੰ ਪਿਆਰ ਕਰਦਾ ਹੈ

ਦੁਨੀਆਂ ਭਰ ਵਿਚ ਬਿਰਧਾਂ ਨਾਲ ਕੀਤੀ ਜਾਂਦੀ ਬਦਸਲੂਕੀ ਬਾਰੇ ਜਾਣ ਕੇ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ। ਸਦੀਆਂ ਪਹਿਲਾਂ ਬਾਈਬਲ ਵਿਚ ਦੱਸਿਆ ਗਿਆ ਸੀ ਕਿ ਇਸ ਦੁਸ਼ਟ ਦੁਨੀਆਂ ਦੇ “ਅੰਤ ਦਿਆਂ ਦਿਨਾਂ” ਵਿਚ ਲੋਕ ‘ਆਪ ਸੁਆਰਥੀ ਅਤੇ ਨਿਰਮੋਹ’ ਹੋਣਗੇ। (2 ਤਿਮੋਥਿਉਸ 3:1-3) ਬਾਈਬਲ ਵਿਚ ਵਰਤਿਆ ਗਿਆ ‘ਮੋਹ’ ਸ਼ਬਦ ਪਰਿਵਾਰ ਦੇ ਜੀਆਂ ਦੇ ਆਪਸੀ ਪਿਆਰ ਨੂੰ ਸੰਕੇਤ ਕਰਦਾ ਹੈ। ਇਸ ਭਵਿੱਖਬਾਣੀ ਦੀ ਪੂਰਤੀ ਦੇ ਮੁਤਾਬਕ ਅੱਜ ਇਹੋ ਜਿਹਾ ਪਿਆਰ ਦੁਨੀਆਂ ਵਿਚ ਘੱਟ ਹੀ ਪਾਇਆ ਜਾਂਦਾ ਹੈ।

ਬਿਰਧਾਂ ਉੱਤੇ ਜ਼ੁਲਮ ਢਾਉਣ ਵਾਲਿਆਂ ਅਤੇ ਯਹੋਵਾਹ ਪਰਮੇਸ਼ੁਰ ਵਿਚਕਾਰ ਕਿੰਨਾ ਫ਼ਰਕ ਹੈ ਜੋ ਬਿਰਧਾਂ ਦੀ ਬਹੁਤ ਕਦਰ ਕਰਦਾ ਹੈ ਅਤੇ ਉਨ੍ਹਾਂ ਦੀ ਪਰਵਾਹ ਕਰਦਾ ਹੈ! ਆਓ ਆਪਾਂ ਦੇਖੀਏ ਇਸ ਬਾਰੇ ਬਾਈਬਲ ਕੀ ਕਹਿੰਦੀ ਹੈ।

“ਵਿਧਵਾਂ ਦਾ ਨਿਆਉਂ ਕਰਨ ਵਾਲਾ”

ਬਾਈਬਲ ਵਿਚ ਸਾਫ਼ ਜ਼ਾਹਰ ਹੁੰਦਾ ਹੈ ਕਿ ਯਹੋਵਾਹ ਪਰਮੇਸ਼ੁਰ ਬਿਰਧਾਂ ਦੀ ਦਿਲੋਂ ਪਰਵਾਹ ਕਰਦਾ ਹੈ। ਮਿਸਾਲ ਲਈ ਜ਼ਬੂਰਾਂ ਦੀ ਪੋਥੀ 68:5 ਵਿਚ ਦਾਊਦ ਯਹੋਵਾਹ ਪਰਮੇਸ਼ੁਰ ਨੂੰ “ਵਿਧਵਾਂ ਦਾ ਨਿਆਉਂ ਕਰਨ ਵਾਲਾ” ਕਹਿੰਦਾ ਹੈ ਜੋ ਅਕਸਰ ਸਿਆਣੀਆਂ ਹੁੰਦੀਆਂ ਹਨ। * ਬਾਈਬਲ ਦੇ ਹੋਰਨਾਂ ਤਰਜਮਿਆਂ ਵਿਚ ਪਰਮੇਸ਼ੁਰ ਨੂੰ ਵਿਧਵਾਵਾਂ ਦਾ “ਰਖਵਾਲਾ,” “ਬਚਾਉਣ ਵਾਲਾ” ਅਤੇ ਉਨ੍ਹਾਂ ਦੇ ਪੱਖ ਵਿਚ “ਲੜਨ ਵਾਲਾ” ਕਿਹਾ ਗਿਆ ਹੈ। ਤਾਂ ਫਿਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਯਹੋਵਾਹ ਨੂੰ ਵਿਧਵਾਵਾਂ ਦੀ ਬਹੁਤ ਚਿੰਤਾ ਹੈ। ਬਾਈਬਲ ਕਹਿੰਦੀ ਹੈ ਕਿ ਵਿਧਵਾਵਾਂ ਉੱਤੇ ਜ਼ੁਲਮ ਕਰਨ ਵਾਲਿਆਂ ਖ਼ਿਲਾਫ਼ ਪਰਮੇਸ਼ੁਰ ਦਾ ਗੁੱਸਾ ਭੜਕ ਉੱਠਦਾ ਹੈ। (ਕੂਚ 22:22-24) ਵਿਧਵਾਵਾਂ ਅਤੇ ਵਫ਼ਾਦਾਰ ਬਿਰਧ ਲੋਕ ਪਰਮੇਸ਼ੁਰ ਅਤੇ ਉਸ ਦੇ ਸੇਵਕਾਂ ਦੀਆਂ ਨਜ਼ਰਾਂ ਵਿਚ ਅਨਮੋਲ ਹਨ। ਯਹੋਵਾਹ ਅਤੇ ਉਸ ਦੇ ਭਗਤਾਂ ਦਾ ਬਿਰਧਾਂ ਪ੍ਰਤੀ ਨਜ਼ਰੀਆ ਕਹਾਉਤਾਂ 16:31 ਵਿਚ ਪਾਏ ਜਾਂਦੇ ਇਨ੍ਹਾਂ ਸ਼ਬਦਾਂ ਅਨੁਸਾਰ ਹੈ: “ਧੌਲਾ ਸਿਰ ਸਜਾਵਟ ਦਾ ਮੁਕਟ ਹੈ, ਉਹ ਧਰਮ ਦੇ ਮਾਰਗ ਤੋਂ ਪ੍ਰਾਪਤ ਹੁੰਦਾ ਹੈ।”

ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਬਿਰਧਾਂ ਦਾ ਆਦਰ-ਮਾਣ ਕਰਨਾ ਇਸਰਾਏਲ ਕੌਮ ਨੂੰ ਦਿੱਤੀ ਪਰਮੇਸ਼ੁਰ ਦੀ ਬਿਵਸਥਾ ਦਾ ਜ਼ਰੂਰੀ ਹਿੱਸਾ ਸੀ। ਬਿਵਸਥਾ ਵਿਚ ਹਰ ਇਸਰਾਏਲੀ ਨੂੰ ਇਹ ਹੁਕਮ ਦਿੱਤਾ ਗਿਆ ਸੀ: “ਤੈਂ ਧਉਲੇ ਸਿਰ ਦੇ ਅੱਗੇ ਉੱਠਣਾ, ਬੁੱਢੇ ਦੇ ਮੂੰਹ ਦਾ ਆਦਰ ਕਰਨਾ ਅਤੇ ਆਪਣੇ ਪਰਮੇਸ਼ੁਰ ਤੋਂ ਡਰਨਾ। ਮੈਂ ਯਹੋਵਾਹ ਹਾਂ।” (ਲੇਵੀਆਂ 19:32) ਇਸਰਾਏਲ ਵਿਚ ਲੋਕਾਂ ਦੁਆਰਾ ਬਿਰਧਾਂ ਦੀ ਦੇਖ-ਭਾਲ ਕਰਨ ਅਤੇ ਯਹੋਵਾਹ ਨਾਲ ਉਨ੍ਹਾਂ ਦੇ ਰਿਸ਼ਤੇ ਦਾ ਗਹਿਰਾ ਸੰਬੰਧ ਸੀ। ਜਿਹੜਾ ਵਿਅਕਤੀ ਬਿਰਧਾਂ ਨਾਲ ਬੁਰਾ ਸਲੂਕ ਕਰਦਾ ਸੀ, ਉਹ ਕਿਹੜੇ ਮੂੰਹ ਨਾਲ ਕਹਿ ਸਕਦਾ ਸੀ ਕਿ ਉਹ ਪਰਮੇਸ਼ੁਰ ਨਾਲ ਪਿਆਰ ਕਰਦਾ ਸੀ?

ਅੱਜ ਮਸੀਹੀ ਇਸਰਾਏਲੀਆਂ ਨੂੰ ਦਿੱਤੀ ਬਿਵਸਥਾ ਦੇ ਅਧੀਨ ਨਹੀਂ ਹਨ। ਲੇਕਿਨ, ਉਹ “ਮਸੀਹ ਦੀ ਸ਼ਰਾ” ਅਧੀਨ ਜ਼ਰੂਰ ਹਨ ਜਿਸ ਦਾ ਉਨ੍ਹਾਂ ਦੇ ਚਾਲ-ਚਲਣ ਅਤੇ ਰਵੱਈਏ ਉੱਤੇ ਗਹਿਰਾ ਅਸਰ ਪੈਂਦਾ ਹੈ। ਮਸੀਹੀ ਹੋਣ ਦੇ ਨਾਤੇ ਸਾਨੂੰ ਆਪਣੇ ਮਾਪਿਆਂ ਅਤੇ ਹੋਰਨਾਂ ਬਿਰਧ ਲੋਕਾਂ ਦੀ ਪਿਆਰ ਨਾਲ ਦੇਖ-ਭਾਲ ਕਰਨੀ ਚਾਹੀਦੀ ਹੈ। (ਗਲਾਤੀਆਂ 6:2; ਅਫ਼ਸੀਆਂ 6:1-3; 1 ਤਿਮੋਥਿਉਸ 5:1-3) ਬਿਰਧਾਂ ਨਾਲ ਪਿਆਰ ਸਾਨੂੰ ਸਿਰਫ਼ ਇਸ ਲਈ ਹੀ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਨੂੰ ਹੁਕਮ ਦਿੱਤਾ ਗਿਆ ਹੈ, ਪਰ ਇਸ ਲਈ ਕਿ ਅਸੀਂ ਦਿਲੋਂ ਉਨ੍ਹਾਂ ਦੀ ਮਦਦ ਕਰਨੀ ਚਾਹੁੰਦੇ ਹਾਂ। ਪਤਰਸ ਰਸੂਲ ਨੇ ਮਸੀਹੀਆਂ ਨੂੰ ਤਾਕੀਦ ਕੀਤੀ ਕਿ ਤੁਸੀਂ ‘ਤਨੋਂ ਮਨੋਂ ਇੱਕ ਦੂਏ ਨਾਲ ਗੂੜ੍ਹਾ ਪ੍ਰੇਮ ਰੱਖੋ।’—1 ਪਤਰਸ 1:22.

ਯਿਸੂ ਦਾ ਚੇਲਾ ਯਾਕੂਬ ਸਾਨੂੰ ਬਿਰਧਾਂ ਦੀ ਦੇਖ-ਭਾਲ ਕਰਨ ਦਾ ਇਕ ਹੋਰ ਕਾਰਨ ਦੱਸਦਾ ਹੈ। ਉਸ ਨੇ ਲਿਖਿਆ: “ਸਾਡੇ ਪਰਮੇਸ਼ੁਰ ਅਤੇ ਪਿਤਾ ਦੇ ਅੱਗੇ ਸ਼ੁੱਧ ਅਤੇ ਨਿਰਮਲ ਭਗਤੀ ਇਹ ਹੈ ਭਈ ਅਨਾਥਾਂ ਅਤੇ ਵਿਧਵਾਂ ਦੀ ਉਨ੍ਹਾਂ ਦੀ ਬਿਪਤਾ ਦੇ ਵੇਲੇ ਸੁੱਧ ਲੈਣੀ ਅਤੇ ਆਪਣੇ ਆਪ ਨੂੰ ਜਗਤ ਤੋਂ ਨਿਹਕਲੰਕ ਰੱਖਣਾ।” (ਯਾਕੂਬ 1:27) ਇਨ੍ਹਾਂ ਸ਼ਬਦਾਂ ਰਾਹੀਂ ਯਾਕੂਬ ਬਹੁਤ ਹੀ ਸੋਹਣੇ ਢੰਗ ਨਾਲ ਸਾਨੂੰ ਯਾਦ ਦਿਲਾਉਂਦਾ ਹੈ ਕਿ ਅਨਾਥਾਂ ਅਤੇ ਵਿਧਵਾਵਾਂ ਨੂੰ ਯਹੋਵਾਹ ਬਹੁਤ ਹੀ ਅਨਮੋਲ ਸਮਝਦਾ ਹੈ।

ਇਸ ਲਈ, ਇੰਨਾ ਹੀ ਕਾਫ਼ੀ ਨਹੀਂ ਕਿ ਅਸੀਂ ਬਿਰਧਾਂ ਨਾਲ ਬੁਰਾ ਸਲੂਕ ਨਾ ਕਰੀਏ। ਸਾਨੂੰ ਉਨ੍ਹਾਂ ਦੀ ਮਦਦ ਕਰਨ ਦੁਆਰਾ ਆਪਣੇ ਪਿਆਰ ਦਾ ਇਜ਼ਹਾਰ ਕਰਨ ਦੀ ਵੀ ਲੋੜ ਹੈ। (ਸਫ਼ੇ 6-7 ਉੱਤੇ “ਕੰਮਾਂ ਦੁਆਰਾ ਪਿਆਰ ਦਾ ਸਬੂਤ” ਨਾਮਕ ਡੱਬੀ ਦੇਖੋ।) ਯਾਕੂਬ ਨੇ ਲਿਖਿਆ: “ਅਮਲਾਂ ਬਾਝੋਂ ਨਿਹਚਾ ਮੁਰਦਾ ਹੈ।”—ਯਾਕੂਬ 2:26.

‘ਉਨ੍ਹਾਂ ਨੂੰ ਬਿਪਤਾ ਦੇ ਵੇਲੇ’ ਦਿਲਾਸਾ ਦਿਓ

ਯਾਕੂਬ ਦੇ ਸ਼ਬਦਾਂ ਤੋਂ ਅਸੀਂ ਇਕ ਹੋਰ ਗੱਲ ਸਿੱਖ ਸਕਦੇ ਹਾਂ। ਧਿਆਨ ਦਿਓ ਕਿ ਯਾਕੂਬ ਨੇ ਮਸੀਹੀਆਂ ਨੂੰ ਵਿਧਵਾਵਾਂ ਦੀ “ਬਿਪਤਾ ਦੇ ਵੇਲੇ” ਮਦਦ ਕਰਨ ਲਈ ਕਿਹਾ ਸੀ। ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਬਿਪਤਾ” ਕੀਤਾ ਗਿਆ ਹੈ, ਉਸ ਦਾ ਮਤਲਬ ਹੈ ਕਸ਼ਟ, ਮੁਸੀਬਤਾਂ ਜਾਂ ਦੁੱਖ ਜੋ ਜ਼ਿੰਦਗੀ ਦੇ ਹਾਲਾਤਾਂ ਕਰਕੇ ਪੈਦਾ ਹੋਏ ਦਬਾਵਾਂ ਕਾਰਨ ਇਨਸਾਨ ਨੂੰ ਸਹਿਣੇ ਪੈਂਦੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਬਹੁਤ ਸਾਰੇ ਬਿਰਧਾਂ ਨੂੰ ਅਜਿਹੇ ਹਾਲਾਤਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ। ਕਈਆਂ ਨੂੰ ਜੀਵਨ ਬਹੁਤ ਸੁੰਨਾ-ਸੁੰਨਾ ਲੱਗਦਾ ਹੈ ਅਤੇ ਉਹ ਇਕੱਲਾਪਣ ਮਹਿਸੂਸ ਕਰਦੇ ਹਨ। ਕਈ ਨਿਰਾਸ਼ ਹੋ ਜਾਂਦੇ ਹਨ ਕਿਉਂਕਿ ਉਹ ਹੁਣ ਉੱਨਾ ਕੰਮ-ਕਾਰ ਨਹੀਂ ਕਰ ਪਾਉਂਦੇ ਜਿੰਨਾ ਉਹ ਪਹਿਲਾਂ ਕਰਦੇ ਸਨ। ਜੋ ਵਿਅਕਤੀ ਪਰਮੇਸ਼ੁਰ ਦੀ ਸੇਵਾ ਵਿਚ ਵਧ-ਚੜ੍ਹ ਕੇ ਹਿੱਸਾ ਲੈ ਰਹੇ ਹਨ, ਉਹ ਵੀ ਨਿਰਾਸ਼ ਹੋ ਸਕਦੇ ਹਨ। ਜੌਨ ਦੀ ਉਦਾਹਰਣ ਵੱਲ ਧਿਆਨ ਦਿਓ। * ਉਸ ਨੂੰ ਪਰਮੇਸ਼ੁਰ ਦੀ ਸੇਵਾ ਕਰਦੇ ਨੂੰ 40 ਸਾਲਾਂ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ ਅਤੇ ਪਿਛਲੇ 30 ਸਾਲਾਂ ਤੋਂ ਉਸ ਨੇ ਆਪਣਾ ਪੂਰਾ ਸਮਾਂ ਪ੍ਰਚਾਰ ਦੇ ਕੰਮ ਵਿਚ ਲਗਾਇਆ ਹੈ। ਹੁਣ ਜੌਨ 80 ਕੁ ਸਾਲਾਂ ਦਾ ਹੈ ਅਤੇ ਉਹ ਦੱਸਦਾ ਹੈ ਕਿ ਕਦੇ-ਕਦੇ ਉਹ ਬਹੁਤ ਨਿਰਾਸ਼ ਹੋ ਜਾਂਦਾ ਹੈ। ਉਹ ਕਹਿੰਦਾ ਹੈ: “ਆਪਣੀ ਬੀਤੀ ਜ਼ਿੰਦਗੀ ਨੂੰ ਚੇਤੇ ਕਰਦਿਆਂ ਮੈਂ ਅਕਸਰ ਸੋਚਦਾ ਹਾਂ ਕਿ ਮੈਂ ਕਿੰਨੀਆਂ ਗ਼ਲਤੀਆਂ ਕੀਤੀਆਂ ਹਨ। ਵਾਰ-ਵਾਰ ਮੇਰੇ ਮਨ ਵਿਚ ਇਹੋ ਖ਼ਿਆਲ ਆਉਂਦਾ ਹੈ ਕਿ ਜੇ ਮੈਂ ਗ਼ਲਤੀਆਂ ਨਾ ਕਰਦਾ ਤਾਂ ਕਿੰਨਾ ਚੰਗਾ ਹੁੰਦਾ।”

ਨਿਰਾਸ਼ ਵਿਅਕਤੀਆਂ ਨੂੰ ਇਸ ਗੱਲ ਤੋਂ ਕਿੰਨਾ ਦਿਲਾਸਾ ਮਿਲਦਾ ਹੈ ਕਿ ਭਾਵੇਂ ਯਹੋਵਾਹ ਮੁਕੰਮਲ ਹੈ, ਪਰ ਉਹ ਇਨਸਾਨਾਂ ਤੋਂ ਬਹੁਤ ਜ਼ਿਆਦਾ ਮੰਗ ਨਹੀਂ ਕਰਦਾ। ਉਹ ਜਾਣਦਾ ਹੈ ਕਿ ਅਸੀਂ ਗ਼ਲਤੀਆਂ ਦੇ ਪੁਤਲੇ ਹਾਂ। ਬਾਈਬਲ ਕਹਿੰਦੀ ਹੈ: “ਹੇ ਯਹੋਵਾਹ, ਜੇ ਤੂੰ ਬਦੀਆਂ ਦਾ ਲੇਖਾ ਕਰਦਾ, ਤਾਂ ਪ੍ਰਭੁ ਜੀ, ਕੌਣ ਖੜਾ ਰਹਿ ਸੱਕਦਾ?” (ਜ਼ਬੂਰਾਂ ਦੀ ਪੋਥੀ 130:3) ਜੀ ਹਾਂ, ਯਹੋਵਾਹ ਸਾਡੀਆਂ ਸਿਰਫ਼ ਗ਼ਲਤੀਆਂ ਹੀ ਨਹੀਂ ਦੇਖਦਾ, ਸਗੋਂ ਉਹ ਇਹ ਵੀ ਦੇਖਦਾ ਹੈ ਕਿ ਸਾਡੇ ਦਿਲ ਵਿਚ ਕੀ ਹੈ। ਇਸ ਗੱਲ ਦਾ ਕੀ ਸਬੂਤ ਹੈ?

ਨਾਮੁਕੰਮਲ ਹੋਣ ਕਰਕੇ ਰਾਜਾ ਦਾਊਦ ਨੇ ਆਪਣੀ ਜ਼ਿੰਦਗੀ ਵਿਚ ਕਈ ਗ਼ਲਤੀਆਂ ਕੀਤੀਆਂ ਸਨ। ਪਰ ਪਰਮੇਸ਼ੁਰ ਨੇ ਉਸ ਨੂੰ ਜ਼ਬੂਰਾਂ ਦੀ ਪੋਥੀ 139:1-3 ਦੇ ਸ਼ਬਦ ਲਿਖਣ ਲਈ ਪ੍ਰੇਰਿਤ ਕੀਤਾ: “ਹੇ ਯਹੋਵਾਹ, ਤੈਂ ਮੈਨੂੰ ਪਰਖ ਲਿਆ ਤੇ ਜਾਣ ਲਿਆ, ਤੂੰ ਮੇਰਾ ਬੈਠਣਾ ਉੱਠਣਾ ਜਾਣਦਾ ਹੈਂ, ਤੂੰ ਮੇਰੀ ਵਿਚਾਰ ਨੂੰ ਦੂਰ ਤੋਂ ਹੀ ਸਮਝ ਲੈਂਦਾ ਹੈਂ, ਤੂੰ ਮੇਰੇ ਚੱਲਣੇ ਤੇ ਮੇਰੇ ਲੇਟਣੇ ਦੀ ਛਾਨਬੀਨ ਕਰਦਾ ਹੈਂ, ਅਤੇ ਮੇਰੀਆਂ ਸਾਰੀਆਂ ਚਾਲਾਂ ਤੋਂ ਵਾਕਫ਼ ਹੈਂ।” ਇਨ੍ਹਾਂ ਆਇਤਾਂ ਵਿਚ “ਛਾਨਬੀਨ” ਕਰਨ ਦਾ ਮਤਲਬ ਕੀ ਹੈ? ਇਸ ਦਾ ਸ਼ਾਬਦਿਕ ਅਰਥ “ਛਾਣਨਾ” ਹੈ। ਜਿਵੇਂ ਕੋਈ ਛਾਣਨਾ ਲਾ ਕੇ ਦਾਣਿਆਂ ਨੂੰ ਮਿੱਟੀ-ਘੱਟੇ ਤੋਂ ਵੱਖ ਕਰਦਾ ਹੈ, ਉਸੇ ਤਰ੍ਹਾਂ ਦਾਊਦ ਕਹਿੰਦਾ ਹੈ ਕਿ ਯਹੋਵਾਹ ਸਾਡੀਆਂ ਕਮੀਆਂ-ਕਮਜ਼ੋਰੀਆਂ ਨੂੰ ਛੱਡ ਕੇ ਸਾਡੇ ਚੰਗੇ ਕੰਮਾਂ ਨੂੰ ਯਾਦ ਰੱਖਦਾ ਹੈ।

ਜੀ ਹਾਂ, ਜੇ ਅਸੀਂ ਵਫ਼ਾਦਾਰ ਰਹੀਏ, ਤਾਂ ਸਾਡਾ ਦਿਆਲੂ ਸਵਰਗੀ ਪਿਤਾ ਯਹੋਵਾਹ ਸਾਡੇ ਚੰਗੇ ਕੰਮਾਂ ਨੂੰ ਕਦੇ ਨਹੀਂ ਭੁੱਲੇਗਾ। ਬਾਈਬਲ ਕਹਿੰਦੀ ਹੈ ਕਿ ਪਰਮੇਸ਼ੁਰ ਕੁਨਿਆਈ ਨਹੀਂ ਜੋ ਸਾਡੀ ਵਫ਼ਾਦਾਰੀ ਅਤੇ ਪਿਆਰ ਨੂੰ ਭੁੱਲ ਜਾਵੇ।—ਇਬਰਾਨੀਆਂ 6:10.

“ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ”

ਬਾਈਬਲ ਦੱਸਦੀ ਹੈ ਯਹੋਵਾਹ ਨੇ ਇਨਸਾਨਾਂ ਨੂੰ ਸਦਾ ਲਈ ਜੀਉਣ ਵਾਸਤੇ ਰਚਿਆ ਸੀ। ਉਸ ਦਾ ਇਹ ਮਕਸਦ ਨਹੀਂ ਸੀ ਕਿ ਇਨਸਾਨ ਬੁੱਢੇ ਹੋ ਕੇ ਮਰ ਜਾਣ। ਪਰ, ਸਾਡੇ ਪਹਿਲੇ ਮਾਤਾ-ਪਿਤਾ ਆਦਮ ਤੇ ਹੱਵਾਹ ਨੇ ਪਰਮੇਸ਼ੁਰ ਦਾ ਹੁਕਮ ਤੋੜ ਕੇ ਸਭ ਕੁਝ ਵਿਗਾੜ ਦਿੱਤਾ। ਉਨ੍ਹਾਂ ਦੀ ਗ਼ਲਤੀ ਦੇ ਨਤੀਜੇ ਵਜੋਂ ਸਭ ਇਨਸਾਨ ਬੁੱਢੇ ਹੋ ਕੇ ਮਰਨ ਲੱਗ ਪਏ। (ਉਤਪਤ 3:17-19; ਰੋਮੀਆਂ 5:12) ਪਰ ਕੀ ਇਹ ਸਿਲਸਿਲਾ ਹਮੇਸ਼ਾ ਚੱਲਦਾ ਰਹੇਗਾ? ਬਿਲਕੁਲ ਨਹੀਂ!

ਜਿਵੇਂ ਅਸੀਂ ਦੇਖਿਆ ਹੈ ਕਿ ਦੁਨੀਆਂ ਦੇ ਹੋਰਨਾਂ ਬੁਰੇ ਹਾਲਾਤਾਂ ਤੋਂ ਇਲਾਵਾ, ਬਿਰਧਾਂ ਨਾਲ ਕੀਤੀ ਜਾਂਦੀ ਬਦਸਲੂਕੀ ਵੀ ਇਸ ਗੱਲ ਦਾ ਪੱਕਾ ਸਬੂਤ ਹੈ ਕਿ ਅਸੀਂ ਇਸ ਦੁਸ਼ਟ ਦੁਨੀਆਂ ਦੇ “ਅੰਤ ਦਿਆਂ ਦਿਨਾਂ” ਵਿਚ ਰਹਿ ਰਹੇ ਹਾਂ। (2 ਤਿਮੋਥਿਉਸ 3:1) ਬਹੁਤ ਜਲਦ ਪਰਮੇਸ਼ੁਰ ਪਾਪ ਦੇ ਨਤੀਜਿਆਂ ਨੂੰ ਮਿਟਾਉਣ ਦੇ ਨਾਲ-ਨਾਲ ਬੁਢਾਪੇ ਤੇ ਮੌਤ ਤੋਂ ਵੀ ਸਾਨੂੰ ਛੁਟਕਾਰਾ ਦਿਲਾਵੇਗਾ। ਬਾਈਬਲ ਕਹਿੰਦੀ ਹੈ: “[ਪਰਮੇਸ਼ੁਰ] ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।”—ਪਰਕਾਸ਼ ਦੀ ਪੋਥੀ 21:4.

ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਬੁਢਾਪੇ ਨਾਲ ਸੰਬੰਧਿਤ ਸਭ ਦੁੱਖ-ਦਰਦ ਦੂਰ ਕੀਤੇ ਜਾਣਗੇ। ਬਿਰਧਾਂ ਨਾਲ ਹੁੰਦੇ ਮਾੜੇ ਸਲੂਕ ਨੂੰ ਵੀ ਖ਼ਤਮ ਕੀਤਾ ਜਾਵੇਗਾ। (ਮੀਕਾਹ 4:4) ਮਰ ਚੁੱਕੇ ਲੋਕਾਂ ਨੂੰ, ਜੋ ਪਰਮੇਸ਼ੁਰ ਦੀ ਯਾਦਾਸ਼ਤ ਵਿਚ ਹਨ, ਮੁੜ ਜ਼ਿੰਦਾ ਕਰ ਕੇ ਫਿਰਦੌਸ ਵਿਚ ਸਦਾ ਲਈ ਜੀਣ ਦਾ ਮੌਕਾ ਦਿੱਤਾ ਜਾਵੇਗਾ। (ਯੂਹੰਨਾ 5:28, 29) ਉਸ ਸਮੇਂ ਕੋਈ ਸ਼ੱਕ ਨਹੀਂ ਰਹੇਗਾ ਕਿ ਯਹੋਵਾਹ ਪਰਮੇਸ਼ੁਰ ਨਾ ਸਿਰਫ਼ ਬਿਰਧਾਂ ਦੀ ਪਰਵਾਹ ਕਰਦਾ ਹੈ, ਸਗੋਂ ਉਹ ਆਪਣੇ ਸਭ ਆਗਿਆਕਾਰ ਲੋਕਾਂ ਦੀ ਵੀ ਬੇਹੱਦ ਪਰਵਾਹ ਕਰਦਾ ਹੈ।

[ਫੁਟਨੋਟ]

^ ਪੈਰਾ 5 ਸਾਰੀਆਂ ਵਿਧਵਾਵਾਂ ਸਿਆਣੀਆਂ ਨਹੀਂ ਹੁੰਦੀਆਂ। ਲੇਵੀਆਂ 22:13 ਤੋਂ ਜ਼ਾਹਰ ਹੁੰਦਾ ਹੈ ਕਿ ਯਹੋਵਾਹ ਪਰਮੇਸ਼ੁਰ ਨੌਜਵਾਨ ਵਿਧਵਾਵਾਂ ਦਾ ਵੀ ਖ਼ਿਆਲ ਰੱਖਦਾ ਹੈ।

^ ਪੈਰਾ 11 ਨਾਂ ਬਦਲਿਆ ਗਿਆ ਹੈ।

[ਸਫ਼ੇ 6, 7 ਉੱਤੇ ਡੱਬੀ/ਤਸਵੀਰਾਂ]

ਕੰਮਾਂ ਦੁਆਰਾ ਪਿਆਰ ਦਾ ਸਬੂਤ

ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਦੇ ਬਜ਼ੁਰਗ ਕਲੀਸਿਯਾ ਦੇ ਬਿਰਧ ਮੈਂਬਰਾਂ ਦੀ ਦੇਖ-ਭਾਲ ਕਰਨ ਵਿਚ ਪਹਿਲ ਕਰਦੇ ਹਨ। ਉਹ ਪਤਰਸ ਰਸੂਲ ਦੀ ਇਹ ਸਲਾਹ ਗੰਭੀਰਤਾ ਨਾਲ ਲੈਂਦੇ ਹਨ: “ਪਰਮੇਸ਼ੁਰ ਦੇ ਉਸ ਇੱਜੜ ਦੀ ਜੋ ਤੁਹਾਡੇ ਵਿੱਚ ਹੈ ਚਰਵਾਹੀ ਕਰੋ।” (1 ਪਤਰਸ 5:2) ਪਰਮੇਸ਼ੁਰ ਦੇ ਇੱਜੜ ਦੀ ਦੇਖ-ਭਾਲ ਕਰਨ ਵਿਚ ਬਿਰਧ ਭੈਣਾਂ-ਭਰਾਵਾਂ ਦੀ ਮਦਦ ਕਰਨੀ ਵੀ ਸ਼ਾਮਲ ਹੈ। ਪਰ ਅਸੀਂ ਬਿਰਧਾਂ ਦੀ ਮਦਦ ਕਿੱਦਾਂ ਕਰ ਸਕਦੇ ਹਾਂ?

ਪਹਿਲਾਂ ਤਾਂ ਸਾਨੂੰ ਇਹ ਪਤਾ ਕਰਨ ਦੀ ਲੋੜ ਹੈ ਕਿ ਬਿਰਧ ਭੈਣ-ਭਰਾਵਾਂ ਨੂੰ ਕਿਹੋ ਜਿਹੀ ਮਦਦ ਦੀ ਲੋੜ ਹੈ। ਇਹ ਜਾਣਨ ਲਈ ਸ਼ਾਇਦ ਸਾਨੂੰ ਧੀਰਜ ਨਾਲ ਕਈ ਵਾਰ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਨਾਲ ਗੱਲ-ਬਾਤ ਕਰਨੀ ਪਵੇ। ਸ਼ਾਇਦ ਉਨ੍ਹਾਂ ਨੂੰ ਬਜ਼ਾਰੋਂ ਰਾਸ਼ਨ-ਪਾਣੀ ਖ਼ਰੀਦਣ ਜਾਂ ਘਰ ਦੀ ਸਾਫ਼-ਸਫ਼ਾਈ ਕਰਨ ਵਿਚ ਮਦਦ ਦੀ ਲੋੜ ਹੋਵੇ। ਜਾਂ ਸ਼ਾਇਦ ਉਨ੍ਹਾਂ ਨੂੰ ਸਭਾਵਾਂ ਵਿਚ ਪਹੁੰਚਣ ਲਈ ਸਾਡੇ ਨਾਲ ਗੱਡੀ ਵਿਚ ਜਾਣ ਦੀ ਲੋੜ ਹੋਵੇ। ਹੋ ਸਕਦਾ ਸਾਨੂੰ ਉਨ੍ਹਾਂ ਦੇ ਨਾਲ ਬੈਠ ਕੇ ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨ ਪੜ੍ਹਨੇ ਪੈਣ। ਜੇ ਹੋ ਸਕੇ ਤਾਂ ਕਲੀਸਿਯਾ ਵਿਚ ਕੁਝ ਵਧੀਆ ਇੰਤਜ਼ਾਮ ਕੀਤੇ ਜਾ ਸਕਦੇ ਹਨ ਤਾਂਕਿ ਬਿਰਧਾਂ ਦੀ ਇਨ੍ਹਾਂ ਗੱਲਾਂ ਵਿਚ ਚੰਗੀ ਤਰ੍ਹਾਂ ਮਦਦ ਕੀਤੀ ਜਾ ਸਕੇ। *

ਉਦੋਂ ਕੀ ਕਰਨਾ ਚਾਹੀਦਾ ਹੈ ਜਦੋਂ ਕਲੀਸਿਯਾ ਵਿਚ ਕਿਸੇ ਬਿਰਧ ਭਰਾ ਜਾਂ ਭੈਣ ਨੂੰ ਪੈਸੇ-ਧੇਲੇ ਪੱਖੋਂ ਮਦਦ ਦੀ ਲੋੜ ਹੋਵੇ? ਪਹਿਲਾਂ ਸਾਨੂੰ ਇਹ ਪਤਾ ਕਰਨ ਦੀ ਲੋੜ ਹੈ ਕਿ ਉਸ ਦੇ ਬੱਚੇ ਜਾਂ ਕੋਈ ਹੋਰ ਰਿਸ਼ਤੇਦਾਰ ਉਸ ਦੀ ਮਦਦ ਕਰ ਸਕਦੇ ਹਨ ਕਿ ਨਹੀਂ। ਇਹ ਗੱਲ 1 ਤਿਮੋਥਿਉਸ 5:4 ਵਿਚ ਦਰਜ ਸਲਾਹ ਮੁਤਾਬਕ ਹੈ ਜਿੱਥੇ ਲਿਖਿਆ ਹੈ: “ਜੇ ਕਿਸੇ ਵਿਧਵਾ ਦੇ ਬਾਲਕ ਅਥਵਾ ਪੋਤਰੇ ਦੋਹਤਰੇ ਹੋਣ ਤਾਂ ਓਹ ਪਹਿਲਾਂ ਆਪਣੇ ਘਰਾਣੇ ਨਾਲ ਧਰਮ ਕਮਾਉਣ ਅਤੇ ਆਪਣੇ ਮਾਪਿਆਂ ਦਾ ਹੱਕ ਅਦਾ ਕਰਨ ਕਿਉਂ ਜੋ ਪਰਮੇਸ਼ੁਰ ਦੇ ਹਜ਼ੂਰ ਇਹੋ ਪਰਵਾਨ ਹੈ।”

ਬਿਰਧਾਂ ਨੂੰ ਸਰਕਾਰ ਵੱਲੋਂ ਵੀ ਕੁਝ ਸਹੂਲਤਾਂ ਮਿਲ ਸਕਦੀਆਂ ਹਨ। ਪਰ ਸ਼ਾਇਦ ਉਨ੍ਹਾਂ ਨੂੰ ਇਹ ਪਤਾ ਕਰਨ ਵਿਚ ਮਦਦ ਦੀ ਲੋੜ ਪੈ ਸਕਦੀ ਹੈ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਅਜਿਹੀ ਮਦਦ ਮਿਲ ਸਕਦੀ ਹੈ ਕਿ ਨਹੀਂ। ਕਲੀਸਿਯਾ ਦਾ ਕੋਈ ਮੈਂਬਰ ਇਸ ਮਾਮਲੇ ਵਿਚ ਉਨ੍ਹਾਂ ਦੀ ਮਦਦ ਕਰ ਸਕਦਾ ਹੈ। ਪਰ ਜੇ ਬਿਰਧ ਵਿਅਕਤੀ ਨੂੰ ਪਰਿਵਾਰ ਜਾਂ ਸਰਕਾਰ ਵੱਲੋਂ ਮਦਦ ਮਿਲਣ ਦੀ ਕੋਈ ਉਮੀਦ ਨਾ ਹੋਵੇ, ਤਾਂ ਬਜ਼ੁਰਗ ਕਲੀਸਿਯਾ ਵੱਲੋਂ ਉਸ ਦੀ ਮਦਦ ਕਰਨ ਬਾਰੇ ਵਿਚਾਰ ਕਰ ਸਕਦੇ ਹਨ। ਪਹਿਲੀ ਸਦੀ ਵਿਚ ਇਸੇ ਤਰ੍ਹਾਂ ਕਈਆਂ ਦੀ ਮਦਦ ਕੀਤੀ ਗਈ ਸੀ। ਮਿਸਾਲ ਲਈ, ਪੌਲੁਸ ਰਸੂਲ ਨੇ ਤਿਮੋਥਿਉਸ ਨੂੰ ਲਿਖ ਕੇ ਕਿਹਾ: “ਉਹੋ ਵਿਧਵਾ ਲਿਖੀ ਜਾਵੇ ਜਿਹ ਦੀ ਉਮਰ ਸੱਠਾਂ ਵਰਿਹਾਂ ਤੋਂ ਘੱਟ ਨਾ ਹੋਵੇ ਅਤੇ ਇੱਕੋ ਹੀ ਪਤੀ ਦੀ ਪਤਨੀ ਰਹੀ ਹੋਵੇ। ਅਤੇ ਉਹ ਸ਼ੁਭ ਕਰਮਾਂ ਕਰਕੇ ਨੇਕਨਾਮ ਹੋਵੇ ਅਰਥਾਤ ਬਾਲਕਾਂ ਨੂੰ ਪਾਲਿਆ ਹੋਵੇ, ਓਪਰਿਆਂ ਦੀ ਆਗਤ ਭਾਗਤ ਕੀਤੀ ਹੋਵੇ, ਸੰਤਾਂ ਦੇ ਚਰਨਾਂ ਨੂੰ ਧੋਤਾ ਹੋਵੇ, ਦੁਖੀਆਂ ਦੀ ਸਹਾਇਤਾ ਕੀਤੀ ਹੋਵੇ, ਅਤੇ ਹਰੇਕ ਚੰਗੇ ਕੰਮ ਦੇ ਮਗਰ ਲੱਗੀ ਰਹੀ ਹੋਵੇ।”—1 ਤਿਮੋਥਿਉਸ 5:9, 10.

[ਫੁਟਨੋਟ]

^ ਪੈਰਾ 25 ਹੋਰ ਜਾਣਕਾਰੀ ਲਈ 15 ਮਈ 2004 ਦੇ ਪਹਿਰਾਬੁਰਜ ਵਿਚ “ਬਜ਼ੁਰਗ ਭੈਣ-ਭਰਾ, ਸਾਡੇ ਮਸੀਹੀ ਭਾਈਚਾਰੇ ਦੇ ਅਨਮੋਲ ਮੈਂਬਰ” ਨਾਮਕ ਲੇਖ ਦੇਖੋ।

[ਸਫ਼ਾ 5 ਉੱਤੇ ਤਸਵੀਰ]

ਦੋਰਕਸ ਲੋੜਵੰਦ ਵਿਧਵਾਵਾਂ ਦੀ ਮਦਦ ਕਰਿਆ ਕਰਦੀ ਸੀ।—ਰਸੂਲਾਂ ਦੇ ਕਰਤੱਬ 9:36-39