ਕੂਚ 22:1-31

  • ਇਜ਼ਰਾਈਲ ਨੂੰ ਕਾਨੂੰਨ ਦਿੱਤੇ ਗਏ (1-31)

    • ਚੋਰੀ ਸੰਬੰਧੀ (1-4)

    • ਫ਼ਸਲਾਂ ਦੇ ਨੁਕਸਾਨ ਸੰਬੰਧੀ (5, 6)

    • ਹਰਜਾਨੇ ਅਤੇ ਮਾਲਕੀ ਸੰਬੰਧੀ (7-15)

    • ਕਿਸੇ ਕੁੜੀ ਨੂੰ ਬਹਿਕਾਉਣ ਸੰਬੰਧੀ (16, 17)

    • ਭਗਤੀ ਅਤੇ ਸਮਾਜ ਵਿਚ ਨਿਆਂ ਸੰਬੰਧੀ (18-31)

22  “ਜੇ ਕੋਈ ਆਦਮੀ ਕਿਸੇ ਦਾ ਬਲਦ ਜਾਂ ਭੇਡ ਚੋਰੀ ਕਰਦਾ ਹੈ ਅਤੇ ਉਸ ਨੂੰ ਵੱਢਦਾ ਹੈ ਜਾਂ ਵੇਚ ਦਿੰਦਾ ਹੈ, ਤਾਂ ਉਹ ਉਸ ਬਲਦ ਦੇ ਵੱਟੇ ਪੰਜ ਬਲਦ ਹਰਜਾਨੇ ਦੇ ਤੌਰ ਤੇ ਦੇਵੇ ਅਤੇ ਭੇਡ ਦੇ ਬਦਲੇ ਚਾਰ ਭੇਡਾਂ ਦੇਵੇ।+ 2  (“ਜੇ ਚੋਰ+ ਸੰਨ੍ਹ ਲਾਉਂਦਾ ਫੜਿਆ ਜਾਵੇ ਅਤੇ ਕੋਈ ਉਸ ਉੱਤੇ ਅਜਿਹਾ ਵਾਰ ਕਰੇ ਕਿ ਉਹ ਮਰ ਜਾਵੇ, ਤਾਂ ਵਾਰ ਕਰਨ ਵਾਲੇ ਨੂੰ ਉਸ ਦੇ ਖ਼ੂਨ ਦਾ ਦੋਸ਼ੀ ਨਹੀਂ ਠਹਿਰਾਇਆ ਜਾਵੇਗਾ।  3  ਪਰ ਜੇ ਇਹ ਸੂਰਜ ਚੜ੍ਹਨ ਤੋਂ ਬਾਅਦ ਹੁੰਦਾ ਹੈ, ਤਾਂ ਵਾਰ ਕਰਨ ਵਾਲੇ ਨੂੰ ਉਸ ਦੇ ਖ਼ੂਨ ਦਾ ਦੋਸ਼ੀ ਠਹਿਰਾਇਆ ਜਾਵੇਗਾ।) “ਉਸ ਚੋਰ ਨੂੰ ਹਰਜਾਨਾ ਭਰਨਾ ਪਵੇਗਾ। ਜੇ ਉਸ ਕੋਲ ਕੁਝ ਵੀ ਨਹੀਂ ਹੈ, ਤਾਂ ਉਸ ਨੂੰ ਵੇਚ ਕੇ ਚੋਰੀ ਕੀਤੀਆਂ ਚੀਜ਼ਾਂ ਦਾ ਹਰਜਾਨਾ ਭਰਿਆ ਜਾਵੇ।  4  ਜੇ ਉਸ ਕੋਲ ਚੋਰੀ ਕੀਤੇ ਜਾਨਵਰ ਜੀਉਂਦੇ ਪਾਏ ਜਾਂਦੇ ਹਨ, ਭਾਵੇਂ ਉਹ ਬਲਦ ਹੋਵੇ ਜਾਂ ਭੇਡ, ਤਾਂ ਉਹ ਦੁਗਣਾ ਹਰਜਾਨਾ ਭਰੇ। 5  “ਜੇ ਕੋਈ ਆਦਮੀ ਆਪਣੇ ਜਾਨਵਰ ਕਿਸੇ ਖੇਤ ਜਾਂ ਅੰਗੂਰਾਂ ਦੇ ਬਾਗ਼ ਵਿਚ ਚਰਨ ਲਈ ਛੱਡਦਾ ਹੈ ਅਤੇ ਉਨ੍ਹਾਂ ਨੂੰ ਕਿਸੇ ਹੋਰ ਦੇ ਖੇਤ ਵਿਚ ਚਰਨ ਦਿੰਦਾ ਹੈ, ਤਾਂ ਉਹ ਆਦਮੀ ਆਪਣੇ ਖੇਤ ਦੀ ਉੱਤਮ ਫ਼ਸਲ ਜਾਂ ਅੰਗੂਰਾਂ ਦੇ ਬਾਗ਼ ਦਾ ਉੱਤਮ ਫਲ ਦੇ ਕੇ ਹਰਜਾਨਾ ਭਰੇ। 6  “ਜੇ ਕੋਈ ਅੱਗ ਬਾਲ਼ਦਾ ਹੈ ਅਤੇ ਅੱਗ ਝਾੜੀਆਂ ਨੂੰ ਲੱਗ ਜਾਂਦੀ ਹੈ ਤੇ ਫਿਰ ਫ਼ਸਲ ਦੀਆਂ ਭਰੀਆਂ ਜਾਂ ਅਨਾਜ ਦੀ ਖੜ੍ਹੀ ਫ਼ਸਲ ਜਾਂ ਖੇਤ ਸੜ ਕੇ ਸੁਆਹ ਹੋ ਜਾਂਦਾ ਹੈ, ਤਾਂ ਅੱਗ ਬਾਲ਼ਣ ਵਾਲਾ ਨੁਕਸਾਨ ਦਾ ਹਰਜਾਨਾ ਭਰੇ। 7  “ਜੇ ਕੋਈ ਆਦਮੀ ਕਿਸੇ ਨੂੰ ਆਪਣਾ ਪੈਸਾ ਜਾਂ ਚੀਜ਼ਾਂ ਸੰਭਾਲਣ ਲਈ ਦਿੰਦਾ ਹੈ ਅਤੇ ਜੇ ਉਹ ਪੈਸਾ ਜਾਂ ਚੀਜ਼ਾਂ ਉਸ ਦੇ ਘਰੋਂ ਚੋਰੀ ਹੋ ਜਾਂਦੀਆਂ ਹਨ ਅਤੇ ਚੋਰ ਫੜਿਆ ਜਾਂਦਾ ਹੈ, ਤਾਂ ਉਹ ਦੁਗਣਾ ਹਰਜਾਨਾ ਭਰੇ।+ 8  ਜੇ ਚੋਰ ਫੜਿਆ ਨਹੀਂ ਜਾਂਦਾ, ਤਾਂ ਘਰ ਦੇ ਮਾਲਕ ਨੂੰ ਸੱਚੇ ਪਰਮੇਸ਼ੁਰ ਸਾਮ੍ਹਣੇ ਪੇਸ਼ ਕੀਤਾ ਜਾਵੇ+ ਤਾਂਕਿ ਪਤਾ ਲਗਾਇਆ ਜਾ ਸਕੇ ਕਿ ਕਿਤੇ ਚੋਰ ਉਹੀ ਤਾਂ ਨਹੀਂ।  9  ਜਦੋਂ ਕੋਈ ਆਦਮੀ ਕਿਸੇ ʼਤੇ ਦੋਸ਼ ਲਾਉਂਦਾ ਹੈ ਕਿ ਉਸ ਨੇ ਉਸ ਦੀ ਕਿਸੇ ਚੀਜ਼ ʼਤੇ ਕਬਜ਼ਾ ਕੀਤਾ ਹੈ, ਚਾਹੇ ਉਹ ਬਲਦ ਹੋਵੇ ਜਾਂ ਗਧਾ ਜਾਂ ਭੇਡ ਜਾਂ ਕੋਈ ਕੱਪੜਾ ਜਾਂ ਕੋਈ ਗੁਆਚੀ ਹੋਈ ਚੀਜ਼ ਅਤੇ ਦਾਅਵਾ ਕਰਦਾ ਹੈ ਕਿ ‘ਇਹ ਮੇਰੀ ਹੈ,’ ਤਾਂ ਅਜਿਹੇ ਸਾਰੇ ਮਾਮਲਿਆਂ ਵਿਚ ਇਸ ਤਰ੍ਹਾਂ ਕੀਤਾ ਜਾਵੇ: ਉਹ ਦੋਵੇਂ ਪਰਮੇਸ਼ੁਰ ਸਾਮ੍ਹਣੇ ਪੇਸ਼ ਹੋਣ+ ਤਾਂਕਿ ਪਤਾ ਲੱਗ ਸਕੇ ਕਿ ਉਨ੍ਹਾਂ ਵਿੱਚੋਂ ਅਸਲੀ ਮਾਲਕ ਕੌਣ ਹੈ। ਪਰਮੇਸ਼ੁਰ ਫ਼ੈਸਲਾ ਕਰੇਗਾ ਕਿ ਕੌਣ ਦੋਸ਼ੀ ਹੈ ਅਤੇ ਦੋਸ਼ੀ ਅਸਲੀ ਮਾਲਕ ਨੂੰ ਦੁਗਣਾ ਹਰਜਾਨਾ ਦੇਵੇ।+ 10  “ਜੇ ਕੋਈ ਆਦਮੀ ਕਿਸੇ ਨੂੰ ਆਪਣਾ ਗਧਾ ਜਾਂ ਬਲਦ ਜਾਂ ਭੇਡ ਜਾਂ ਕੋਈ ਹੋਰ ਪਾਲਤੂ ਪਸ਼ੂ ਦੇਖ-ਭਾਲ ਕਰਨ ਲਈ ਦਿੰਦਾ ਹੈ ਅਤੇ ਉਹ ਪਸ਼ੂ ਮਰ ਜਾਂਦਾ ਹੈ ਜਾਂ ਉਸ ਦਾ ਕੋਈ ਅੰਗ ਵੱਢਿਆ ਜਾਂਦਾ ਹੈ ਜਾਂ ਉਹ ਚੋਰੀ ਹੋ ਜਾਂਦਾ ਹੈ ਅਤੇ ਇਸ ਦਾ ਕੋਈ ਗਵਾਹ ਨਹੀਂ ਹੁੰਦਾ,  11  ਤਾਂ ਯਹੋਵਾਹ ਸਾਮ੍ਹਣੇ ਉਸ ਨੂੰ ਸਹੁੰ ਖਿਲਾਈ ਜਾਵੇ ਕਿ ਉਸ ਨੇ ਪਸ਼ੂ ਨੂੰ ਨੁਕਸਾਨ ਨਹੀਂ ਪਹੁੰਚਾਇਆ ਹੈ। ਉਸ ਪਸ਼ੂ ਦਾ ਮਾਲਕ ਇਸ ਗੱਲ ਨੂੰ ਸਵੀਕਾਰ ਕਰੇ। ਦੂਸਰੇ ਆਦਮੀ ਨੂੰ ਕੋਈ ਹਰਜਾਨਾ ਨਹੀਂ ਭਰਨਾ ਪਵੇਗਾ।+ 12  ਪਰ ਜੇ ਉਸ ਦੀ ਦੇਖ-ਭਾਲ ਵਿਚ ਹੁੰਦਿਆਂ ਉਹ ਪਸ਼ੂ ਚੋਰੀ ਹੋ ਜਾਂਦਾ ਹੈ, ਤਾਂ ਉਹ ਮਾਲਕ ਨੂੰ ਇਸ ਦਾ ਹਰਜਾਨਾ ਭਰੇ।  13  ਪਰ ਜੇ ਕੋਈ ਜੰਗਲੀ ਜਾਨਵਰ ਉਸ ਪਸ਼ੂ ਨੂੰ ਮਾਰ ਦਿੰਦਾ ਹੈ, ਤਾਂ ਉਹ ਇਸ ਦਾ ਸਬੂਤ ਪੇਸ਼ ਕਰੇ। ਜੰਗਲੀ ਜਾਨਵਰ ਦੁਆਰਾ ਮਾਰੇ ਗਏ ਪਸ਼ੂ ਲਈ ਉਸ ਨੂੰ ਕੋਈ ਹਰਜਾਨਾ ਨਹੀਂ ਭਰਨਾ ਪਵੇਗਾ। 14  “ਪਰ ਜੇ ਕੋਈ ਆਦਮੀ ਕਿਸੇ ਤੋਂ ਕੋਈ ਜਾਨਵਰ ਉਧਾਰਾ ਲੈਂਦਾ ਹੈ ਅਤੇ ਮਾਲਕ ਦੀ ਗ਼ੈਰ-ਹਾਜ਼ਰੀ ਵਿਚ ਉਸ ਦਾ ਕੋਈ ਅੰਗ ਵੱਢਿਆ ਜਾਂਦਾ ਹੈ ਜਾਂ ਉਹ ਮਰ ਜਾਂਦਾ ਹੈ, ਤਾਂ ਜਿਸ ਨੇ ਉਹ ਜਾਨਵਰ ਉਧਾਰਾ ਲਿਆ ਸੀ, ਉਹ ਉਸ ਦਾ ਹਰਜਾਨਾ ਭਰੇ।  15  ਪਰ ਜੇ ਮਾਲਕ ਉਸ ਵੇਲੇ ਮੌਜੂਦ ਸੀ, ਤਾਂ ਉਸ ਆਦਮੀ ਨੂੰ ਕੋਈ ਹਰਜਾਨਾ ਨਹੀਂ ਭਰਨਾ ਪਵੇਗਾ। ਜੇ ਜਾਨਵਰ ਨੂੰ ਕਿਰਾਏ ʼਤੇ ਲਿਆ ਗਿਆ ਸੀ, ਤਾਂ ਉਸ ਦਾ ਕਿਰਾਇਆ ਹੀ ਹਰਜਾਨਾ ਹੋਵੇਗਾ। 16  “ਜੇ ਕੋਈ ਆਦਮੀ ਕਿਸੇ ਕੁਆਰੀ ਕੁੜੀ ਨੂੰ ਬਹਿਕਾਉਂਦਾ ਹੈ ਜੋ ਅਜੇ ਮੰਗੀ ਹੋਈ ਨਹੀਂ ਹੈ ਅਤੇ ਉਸ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ, ਤਾਂ ਉਹ ਉਸ ਦੇ ਪਿਤਾ ਨੂੰ ਉਸ ਦੀ ਕੀਮਤ* ਦੇ ਕੇ ਉਸ ਨੂੰ ਆਪਣੀ ਪਤਨੀ ਬਣਾਵੇ।+ 17  ਜੇ ਪਿਤਾ ਆਪਣੀ ਕੁੜੀ ਉਸ ਆਦਮੀ ਨੂੰ ਦੇਣ ਤੋਂ ਇਨਕਾਰ ਕਰ ਦਿੰਦਾ ਹੈ, ਤਾਂ ਵੀ ਉਸ ਆਦਮੀ ਨੂੰ ਕੁੜੀ ਦੀ ਕੀਮਤ ਦੇਣੀ ਪਵੇਗੀ। 18  “ਤੂੰ ਜਾਦੂ-ਟੂਣਾ ਕਰਨ ਵਾਲੀ ਔਰਤ ਨੂੰ ਜੀਉਂਦਾ ਨਾ ਛੱਡੀਂ।+ 19  “ਜਿਹੜਾ ਇਨਸਾਨ ਕਿਸੇ ਜਾਨਵਰ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ, ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇ।+ 20  “ਜਿਹੜਾ ਯਹੋਵਾਹ ਤੋਂ ਇਲਾਵਾ ਕਿਸੇ ਹੋਰ ਦੇਵੀ-ਦੇਵਤੇ ਅੱਗੇ ਬਲ਼ੀਆਂ ਚੜ੍ਹਾਉਂਦਾ ਹੈ, ਉਸ ਨੂੰ ਨਾਸ਼ ਕਰ ਦਿੱਤਾ ਜਾਵੇ।+ 21  “ਤੂੰ ਕਿਸੇ ਪਰਦੇਸੀ ਨਾਲ ਬਦਸਲੂਕੀ ਨਾ ਕਰੀਂ ਜਾਂ ਉਸ ʼਤੇ ਜ਼ੁਲਮ ਨਾ ਕਰੀਂ+ ਕਿਉਂਕਿ ਤੂੰ ਵੀ ਮਿਸਰ ਵਿਚ ਪਰਦੇਸੀ ਸੀ।+ 22  “ਤੁਸੀਂ ਕਿਸੇ ਵਿਧਵਾ ਜਾਂ ਯਤੀਮ* ʼਤੇ ਅਤਿਆਚਾਰ ਨਾ ਕਰਿਓ।+ 23  ਜੇ ਤੁਸੀਂ ਉਸ ʼਤੇ ਅਤਿਆਚਾਰ ਕਰਦੇ ਹੋ ਜਿਸ ਕਰਕੇ ਉਹ ਮੇਰੇ ਅੱਗੇ ਦੁਹਾਈ ਦਿੰਦਾ ਹੈ, ਤਾਂ ਮੈਂ ਜ਼ਰੂਰ ਉਸ ਦੀ ਦੁਹਾਈ ਸੁਣਾਂਗਾ;+ 24  ਅਤੇ ਮੇਰਾ ਗੁੱਸਾ ਭੜਕੇਗਾ ਅਤੇ ਮੈਂ ਤੁਹਾਨੂੰ ਤਲਵਾਰ ਨਾਲ ਵੱਢ ਸੁੱਟਾਂਗਾ ਅਤੇ ਤੁਹਾਡੀਆਂ ਪਤਨੀਆਂ ਵਿਧਵਾ ਹੋ ਜਾਣਗੀਆਂ ਅਤੇ ਤੁਹਾਡੇ ਬੱਚੇ ਯਤੀਮ। 25  “ਜੇ ਤੂੰ ਮੇਰੇ ਲੋਕਾਂ ਵਿੱਚੋਂ ਕਿਸੇ ਗ਼ਰੀਬ* ਨੂੰ ਪੈਸੇ ਉਧਾਰ ਦਿੰਦਾ ਹੈਂ, ਤਾਂ ਤੂੰ ਉਸ ਨਾਲ ਕਿਸੇ ਸ਼ਾਹੂਕਾਰ ਵਾਂਗ ਪੇਸ਼ ਨਾ ਆਈਂ। ਤੂੰ ਉਸ ਤੋਂ ਵਿਆਜ ਨਾ ਲਵੀਂ।+ 26  “ਜੇ ਤੂੰ ਕਿਸੇ ਨੂੰ ਕਰਜ਼ਾ ਦੇਣ ਵੇਲੇ ਉਸ ਦਾ ਕੱਪੜਾ ਗਹਿਣੇ ਰੱਖ ਲੈਂਦਾ ਹੈਂ,+ ਤਾਂ ਤੂੰ ਉਸ ਨੂੰ ਸੂਰਜ ਡੁੱਬਣ ਤੋਂ ਪਹਿਲਾਂ ਉਹ ਕੱਪੜਾ ਵਾਪਸ ਕਰ ਦੇ।  27  ਕਿਉਂਕਿ ਉਸ ਕੋਲ ਆਪਣਾ ਸਰੀਰ* ਢਕਣ ਲਈ ਇਹੋ ਇਕ ਕੱਪੜਾ ਹੈ; ਤਾਂ ਫਿਰ ਉਹ ਸੌਣ ਵੇਲੇ ਆਪਣੇ ਸਰੀਰ ਨੂੰ ਕਿਸ ਨਾਲ ਢਕੇਗਾ?+ ਜਦੋਂ ਉਹ ਮੇਰੇ ਅੱਗੇ ਦੁਹਾਈ ਦੇਵੇਗਾ, ਤਾਂ ਮੈਂ ਜ਼ਰੂਰ ਉਸ ਦੀ ਦੁਹਾਈ ਸੁਣਾਂਗਾ ਕਿਉਂਕਿ ਮੈਂ ਰਹਿਮਦਿਲ* ਹਾਂ।+ 28  “ਤੂੰ ਪਰਮੇਸ਼ੁਰ ਜਾਂ ਆਪਣੇ ਲੋਕਾਂ ਦੇ ਕਿਸੇ ਮੁਖੀ* ਨੂੰ ਬੁਰਾ-ਭਲਾ ਨਾ ਕਹੀਂ।*+ 29  “ਤੂੰ ਆਪਣੀ ਭਰਪੂਰ ਫ਼ਸਲ ਅਤੇ ਭਰੇ ਹੋਏ ਚੁਬੱਚਿਆਂ* ਵਿੱਚੋਂ ਭੇਟ ਚੜ੍ਹਾਉਣ ਤੋਂ ਹਿਚਕਿਚਾਈਂ ਨਾ।+ ਤੂੰ ਆਪਣੇ ਜੇਠੇ ਮੈਨੂੰ ਦੇ।+ 30  ਤੂੰ ਆਪਣੇ ਬਲਦ ਜਾਂ ਭੇਡ ਨਾਲ ਇਸ ਤਰ੍ਹਾਂ ਕਰੀਂ:+ ਉਹ ਸੱਤ ਦਿਨ ਆਪਣੀ ਮਾਂ ਨਾਲ ਰਹੇ ਅਤੇ ਅੱਠਵੇਂ ਦਿਨ ਮੈਨੂੰ ਦੇ ਦੇਈਂ।+ 31  “ਤੁਸੀਂ ਮੇਰੇ ਸਾਮ੍ਹਣੇ ਆਪਣੇ ਆਪ ਨੂੰ ਪਵਿੱਤਰ ਲੋਕ ਸਾਬਤ ਕਰੋ+ ਅਤੇ ਤੁਸੀਂ ਮੈਦਾਨ ਦੇ ਕਿਸੇ ਵੀ ਜਾਨਵਰ ਦਾ ਮਾਸ ਨਾ ਖਾਇਓ ਜਿਸ ਨੂੰ ਕਿਸੇ ਜੰਗਲੀ ਜਾਨਵਰ ਨੇ ਮਾਰਿਆ ਹੋਵੇ।+ ਤੁਸੀਂ ਇਸ ਨੂੰ ਕੁੱਤਿਆਂ ਨੂੰ ਪਾ ਦਿਓ।

ਫੁਟਨੋਟ

ਵਿਆਹ ਵੇਲੇ ਮੁੰਡੇ ਨੂੰ ਕੁੜੀ ਦੀ ਕੀਮਤ ਅਦਾ ਕਰਨੀ ਪੈਂਦੀ ਸੀ।
ਇਬ, “ਜਿਸ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”
ਜਾਂ, “ਦੁਖੀ।”
ਇਬ, “ਆਪਣੀ ਚਮੜੀ।”
ਜਾਂ, “ਹਮਦਰਦ।”
ਜਾਂ, “ਹਾਕਮ।”
ਜਾਂ, “ਸਰਾਪ ਨਾ ਦੇਈਂ।”
ਯਾਨੀ, ਤੇਲ ਅਤੇ ਦਾਖਰਸ ਦੇ ਚੁਬੱਚੇ।