ਯਾਕੂਬ ਦੀ ਚਿੱਠੀ 2:1-26

  • ਪੱਖਪਾਤ ਕਰਨਾ ਪਾਪ ਹੈ (1-13)

    • ਪਿਆਰ, ਸ਼ਾਹੀ ਕਾਨੂੰਨ (8)

  • ਕੰਮਾਂ ਤੋਂ ਬਿਨਾਂ ਨਿਹਚਾ ਮਰੀ ਹੋਈ ਹੈ (14-26)

    • ਦੁਸ਼ਟ ਦੂਤ ਮੰਨਦੇ ਅਤੇ ਡਰ ਨਾਲ ਥਰ-ਥਰ ਕੰਬਦੇ ਹਨ (19)

    • ਅਬਰਾਹਾਮ ਯਹੋਵਾਹ ਦਾ ਦੋਸਤ ਕਹਾਇਆ (23)

2  ਮੇਰੇ ਭਰਾਵੋ, ਤੁਸੀਂ ਇਹ ਕੀ ਕਰ ਰਹੇ ਹੋ? ਇਕ ਪਾਸੇ ਤਾਂ ਤੁਸੀਂ ਸਾਡੇ ਮਹਿਮਾਵਾਨ ਪ੍ਰਭੂ ਯਿਸੂ ਮਸੀਹ ਉੱਤੇ ਨਿਹਚਾ ਕਰਦੇ ਹੋ, ਪਰ ਦੂਜੇ ਪਾਸੇ ਲੋਕਾਂ ਨਾਲ ਪੱਖਪਾਤ ਕਰਦੇ ਹੋ।+  ਮਿਸਾਲ ਲਈ, ਇਕ ਆਦਮੀ ਸੋਨੇ ਦੀਆਂ ਮੁੰਦੀਆਂ ਅਤੇ ਸ਼ਾਨਦਾਰ ਕੱਪੜੇ ਪਾ ਕੇ ਤੁਹਾਡੀ ਸਭਾ ਵਿਚ ਆਉਂਦਾ ਹੈ ਅਤੇ ਇਕ ਗ਼ਰੀਬ ਆਦਮੀ ਗੰਦੇ ਕੱਪੜੇ ਪਾਈ ਆਉਂਦਾ ਹੈ।  ਜਿਸ ਆਦਮੀ ਨੇ ਸ਼ਾਨਦਾਰ ਕੱਪੜੇ ਪਾਏ ਹੁੰਦੇ ਹਨ, ਤੁਸੀਂ ਉਸ ਨੂੰ ਜ਼ਿਆਦਾ ਆਦਰ ਦਿੰਦੇ ਹੋ ਅਤੇ ਕਹਿੰਦੇ ਹੋ: “ਤੂੰ ਉੱਥੇ ਵਧੀਆ ਜਗ੍ਹਾ ’ਤੇ ਜਾ ਕੇ ਬੈਠ” ਅਤੇ ਗ਼ਰੀਬ ਆਦਮੀ ਨੂੰ ਕਹਿੰਦੇ ਹੋ: “ਤੂੰ ਖੜ੍ਹਾ ਰਹਿ” ਜਾਂ, “ਉੱਥੇ ਮੇਰੇ ਪੈਰ ਰੱਖਣ ਦੀ ਚੌਂਕੀ ਕੋਲ ਜਾ ਕੇ ਥੱਲੇ ਬੈਠ।”+  ਤਾਂ ਫਿਰ, ਕੀ ਤੁਸੀਂ ਲੋਕਾਂ ਨਾਲ ਭੇਦ-ਭਾਵ ਨਹੀਂ ਕਰਦੇ+ ਅਤੇ ਕੀ ਤੁਸੀਂ ਉਨ੍ਹਾਂ ਨਿਆਂਕਾਰਾਂ ਵਰਗੇ ਨਹੀਂ ਬਣ ਗਏ ਹੋ ਜਿਨ੍ਹਾਂ ਦੇ ਫ਼ੈਸਲੇ ਦੁਸ਼ਟ ਹੁੰਦੇ ਹਨ?+  ਮੇਰੇ ਪਿਆਰੇ ਭਰਾਵੋ, ਸੁਣੋ। ਕੀ ਪਰਮੇਸ਼ੁਰ ਨੇ ਉਨ੍ਹਾਂ ਨੂੰ ਨਹੀਂ ਚੁਣਿਆ ਜਿਹੜੇ ਦੁਨੀਆਂ ਦੀਆਂ ਨਜ਼ਰਾਂ ਵਿਚ ਗ਼ਰੀਬ ਹਨ ਤਾਂਕਿ ਉਹ ਨਿਹਚਾ ਵਿਚ ਧਨੀ ਹੋਣ+ ਅਤੇ ਰਾਜ ਦੇ ਵਾਰਸ ਬਣਨ ਜਿਸ ਦਾ ਵਾਅਦਾ ਉਸ ਨੇ ਉਨ੍ਹਾਂ ਲੋਕਾਂ ਨਾਲ ਕੀਤਾ ਹੈ ਜਿਹੜੇ ਉਸ ਨੂੰ ਪਿਆਰ ਕਰਦੇ ਹਨ?+  ਪਰ ਤੁਸੀਂ ਗ਼ਰੀਬਾਂ ਦੀ ਬੇਇੱਜ਼ਤੀ ਕੀਤੀ ਹੈ। ਕੀ ਅਮੀਰ ਤੁਹਾਡੇ ਉੱਤੇ ਜ਼ੁਲਮ ਨਹੀਂ ਕਰਦੇ+ ਅਤੇ ਤੁਹਾਨੂੰ ਅਦਾਲਤਾਂ ਵਿਚ ਨਹੀਂ ਘੜੀਸਦੇ?  ਨਾਲੇ ਕੀ ਉਹ ਉਸ ਉੱਤਮ ਨਾਂ ਦੀ ਨਿੰਦਿਆ ਨਹੀਂ ਕਰਦੇ ਜਿਸ ਨਾਂ ਤੋਂ ਤੁਸੀਂ ਜਾਣੇ ਜਾਂਦੇ ਹੋ?  ਧਰਮ-ਗ੍ਰੰਥ ਦੀ ਇਕ ਆਇਤ ਵਿਚ ਇਹ ਲਿਖਿਆ ਹੈ, “ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।”+ ਜੇ ਤੁਸੀਂ ਇਸ ਸ਼ਾਹੀ ਕਾਨੂੰਨ ’ਤੇ ਚੱਲਦੇ ਹੋ, ਤਾਂ ਤੁਸੀਂ ਬਹੁਤ ਚੰਗਾ ਕਰਦੇ ਹੋ।  ਪਰ ਜੇ ਤੁਸੀਂ ਪੱਖਪਾਤ ਕਰ ਰਹੇ ਹੋ,+ ਤਾਂ ਤੁਸੀਂ ਪਾਪ ਕਰਦੇ ਹੋ ਅਤੇ ਇਹ ਕਾਨੂੰਨ ਤੁਹਾਨੂੰ ਦੋਸ਼ੀ ਠਹਿਰਾਉਂਦਾ* ਹੈ।+ 10  ਜੇ ਕੋਈ ਮੂਸਾ ਦੇ ਕਾਨੂੰਨ ਦੇ ਸਾਰੇ ਹੁਕਮਾਂ ਨੂੰ ਮੰਨਦਾ ਹੈ, ਪਰ ਇਕ ਹੁਕਮ ਤੋੜਦਾ ਹੈ, ਤਾਂ ਇਸ ਦਾ ਮਤਲਬ ਹੈ ਕਿ ਉਸ ਨੇ ਸਾਰੇ ਹੁਕਮ ਤੋੜੇ ਹਨ।+ 11  ਪਰਮੇਸ਼ੁਰ ਜਿਸ ਨੇ ਇਹ ਕਿਹਾ ਹੈ: “ਤੂੰ ਹਰਾਮਕਾਰੀ ਨਾ ਕਰ,”+ ਉਸ ਨੇ ਇਹ ਵੀ ਕਿਹਾ ਹੈ: “ਤੂੰ ਖ਼ੂਨ ਨਾ ਕਰ।”+ ਇਸ ਲਈ ਭਾਵੇਂ ਤੂੰ ਹਰਾਮਕਾਰੀ ਨਹੀਂ ਕਰਦਾ, ਪਰ ਖ਼ੂਨ ਕਰਦਾ ਹੈਂ, ਤਾਂ ਵੀ ਤੂੰ ਕਾਨੂੰਨ ਅਨੁਸਾਰ ਅਪਰਾਧੀ ਹੈਂ। 12  ਆਪਣੀ ਬੋਲ-ਬਾਣੀ ਅਤੇ ਆਪਣਾ ਚਾਲ-ਚਲਣ ਉਨ੍ਹਾਂ ਲੋਕਾਂ ਵਰਗਾ ਬਣਾਈ ਰੱਖ ਜਿਨ੍ਹਾਂ ਦਾ ਨਿਆਂ ਆਜ਼ਾਦੀ ਦੇਣ ਵਾਲੇ ਕਾਨੂੰਨ ਅਨੁਸਾਰ ਕੀਤਾ ਜਾਵੇਗਾ।+ 13  ਕਿਉਂਕਿ ਜਿਹੜਾ ਦਇਆ ਨਹੀਂ ਕਰਦਾ, ਉਸ ਦਾ ਨਿਆਂ ਬਿਨਾਂ ਦਇਆ ਦੇ ਕੀਤਾ ਜਾਵੇਗਾ।+ ਦਇਆ ਨਿਆਂ ਉੱਤੇ ਜਿੱਤ ਹਾਸਲ ਕਰਦੀ ਹੈ। 14  ਮੇਰੇ ਭਰਾਵੋ, ਕੀ ਫ਼ਾਇਦਾ ਜੇ ਕੋਈ ਕਹੇ ਕਿ ਉਹ ਪਰਮੇਸ਼ੁਰ ਉੱਤੇ ਨਿਹਚਾ ਕਰਦਾ ਹੈ, ਪਰ ਇਸ ਮੁਤਾਬਕ ਕੰਮ ਨਹੀਂ ਕਰਦਾ?+ ਤਾਂ ਕੀ ਉਸ ਦੀ ਨਿਹਚਾ ਉਸ ਨੂੰ ਬਚਾ ਸਕਦੀ ਹੈ?+ 15  ਜੇ ਕਿਸੇ ਭਰਾ ਜਾਂ ਭੈਣ ਕੋਲ ਪਾਉਣ ਲਈ ਕੱਪੜੇ ਅਤੇ ਖਾਣ ਲਈ ਰੱਜਵੀਂ ਰੋਟੀ ਨਹੀਂ ਹੈ, 16  ਪਰ ਤੁਹਾਡੇ ਵਿੱਚੋਂ ਕੋਈ ਉਸ ਨੂੰ ਕਹਿੰਦਾ ਹੈ: “ਰਾਜ਼ੀ ਰਹਿ, ਨਿੱਘਾ ਅਤੇ ਰੱਜਿਆ-ਪੁੱਜਿਆ ਰਹਿ,” ਪਰ ਉਸ ਨੂੰ ਜੀਉਂਦੇ ਰਹਿਣ ਲਈ ਲੋੜੀਂਦੀਆਂ ਚੀਜ਼ਾਂ ਨਹੀਂ ਦਿੰਦਾ, ਤਾਂ ਕੀ ਫ਼ਾਇਦਾ?+ 17  ਇਸ ਲਈ ਕੰਮਾਂ ਤੋਂ ਬਿਨਾਂ ਤੁਹਾਡੀ ਨਿਹਚਾ ਮਰੀ ਹੋਈ ਹੈ।+ 18  ਫਿਰ ਵੀ, ਕੋਈ ਕਹਿ ਸਕਦਾ ਹੈ: “ਤੂੰ ਸਿਰਫ਼ ਨਿਹਚਾ ਕਰਦਾ ਹੈਂ, ਪਰ ਮੈਂ ਨਿਹਚਾ ਮੁਤਾਬਕ ਕੰਮ ਵੀ ਕਰਦਾ ਹਾਂ। ਤੂੰ ਮੈਨੂੰ ਕੰਮਾਂ ਤੋਂ ਬਿਨਾਂ ਆਪਣੀ ਨਿਹਚਾ ਦਾ ਸਬੂਤ ਦੇ ਅਤੇ ਮੈਂ ਤੈਨੂੰ ਆਪਣੇ ਕੰਮਾਂ ਰਾਹੀਂ ਆਪਣੀ ਨਿਹਚਾ ਦਾ ਸਬੂਤ ਦਿਆਂਗਾ।” 19  ਤੂੰ ਮੰਨਦਾ ਹੈਂ ਕਿ ਇਕ ਹੀ ਪਰਮੇਸ਼ੁਰ ਹੈ। ਇਹ ਵਧੀਆ ਗੱਲ ਹੈ। ਪਰ ਦੁਸ਼ਟ ਦੂਤ ਵੀ ਤਾਂ ਇਹ ਗੱਲ ਮੰਨਦੇ ਹਨ ਅਤੇ ਡਰ ਨਾਲ ਥਰ-ਥਰ ਕੰਬਦੇ ਹਨ।+ 20  ਪਰ ਹੇ ਮੂਰਖ ਇਨਸਾਨ, ਕੀ ਤੂੰ ਜਾਣਨਾ ਨਹੀਂ ਚਾਹੁੰਦਾ ਕਿ ਕੰਮਾਂ ਤੋਂ ਬਿਨਾਂ ਨਿਹਚਾ ਵਿਅਰਥ ਹੈ?  21  ਕੀ ਸਾਡੇ ਪਿਤਾ ਅਬਰਾਹਾਮ ਨੂੰ ਉਦੋਂ ਆਪਣੇ ਕੰਮਾਂ ਕਰਕੇ ਧਰਮੀ ਨਹੀਂ ਠਹਿਰਾਇਆ ਗਿਆ ਸੀ ਜਦੋਂ ਉਸ ਨੇ ਆਪਣੇ ਪੁੱਤਰ ਇਸਹਾਕ ਦੀ ਬਲ਼ੀ ਦੇਣ ਲਈ ਉਸ ਨੂੰ ਵੇਦੀ ਉੱਤੇ ਪਾਇਆ ਸੀ?+ 22  ਤੂੰ ਜਾਣਦਾ ਹੈਂ ਕਿ ਉਸ ਨੇ ਨਿਹਚਾ ਦੇ ਨਾਲ-ਨਾਲ ਕੰਮ ਵੀ ਕੀਤੇ ਅਤੇ ਉਸ ਦੇ ਕੰਮਾਂ ਨਾਲ ਉਸ ਦੀ ਨਿਹਚਾ ਮੁਕੰਮਲ ਹੋਈ।+ 23  ਇਸ ਤਰ੍ਹਾਂ ਇਹ ਆਇਤ ਪੂਰੀ ਹੋਈ: “ਅਬਰਾਹਾਮ ਨੇ ਯਹੋਵਾਹ* ਉੱਤੇ ਨਿਹਚਾ ਕੀਤੀ ਜਿਸ ਕਰਕੇ ਉਸ ਨੂੰ ਧਰਮੀ ਗਿਣਿਆ ਗਿਆ”+ ਅਤੇ ਉਹ ਯਹੋਵਾਹ* ਦਾ ਦੋਸਤ ਕਹਾਇਆ।+ 24  ਤੁਸੀਂ ਜਾਣਦੇ ਹੋ ਕਿ ਕਿਸੇ ਇਨਸਾਨ ਨੂੰ ਸਿਰਫ਼ ਨਿਹਚਾ ਰੱਖਣ ਕਰਕੇ ਨਹੀਂ, ਸਗੋਂ ਉਸ ਦੇ ਕੰਮਾਂ ਕਰਕੇ ਧਰਮੀ ਠਹਿਰਾਇਆ ਜਾਂਦਾ ਹੈ। 25  ਇਸੇ ਤਰ੍ਹਾਂ, ਕੀ ਰਾਹਾਬ ਵੇਸਵਾ ਨੂੰ ਵੀ ਉਸ ਦੇ ਕੰਮਾਂ ਕਰਕੇ ਧਰਮੀ ਨਹੀਂ ਠਹਿਰਾਇਆ ਗਿਆ ਸੀ ਜਿਸ ਨੇ ਜਾਸੂਸਾਂ* ਦੀ ਪਰਾਹੁਣਚਾਰੀ ਕੀਤੀ ਸੀ ਅਤੇ ਫਿਰ ਉਨ੍ਹਾਂ ਨੂੰ ਦੂਸਰੇ ਰਸਤਿਓਂ ਘੱਲਿਆ ਸੀ?+ 26  ਵਾਕਈ, ਜਿਵੇਂ ਸਾਹ* ਤੋਂ ਬਿਨਾਂ ਸਰੀਰ ਮੁਰਦਾ ਹੁੰਦਾ ਹੈ,+ ਉਸੇ ਤਰ੍ਹਾਂ ਕੰਮਾਂ ਤੋਂ ਬਿਨਾਂ ਨਿਹਚਾ ਮਰੀ ਹੁੰਦੀ ਹੈ।+

ਫੁਟਨੋਟ

ਜਾਂ, “ਤਾੜਨਾ ਦਿੰਦਾ।”
ਯੂਨਾ, “ਸੰਦੇਸ਼ਵਾਹਕਾਂ।”
ਯੂਨਾ, “ਪਨੈਵਮਾ।” ਸ਼ਬਦਾਵਲੀ, “ਰੂਆਖ; ਪਨੈਵਮਾ” ਦੇਖੋ।