Skip to content

Skip to table of contents

ਗਿਲਿਅਡ ਗ੍ਰੈਜੂਏਟ ਜੋਸ਼ ਨਾਲ ਵਾਢੀ ਦਾ ਕੰਮ ਕਰਨ ਲਈ ਅੱਗੇ ਵਧਦੇ ਹਨ!

ਗਿਲਿਅਡ ਗ੍ਰੈਜੂਏਟ ਜੋਸ਼ ਨਾਲ ਵਾਢੀ ਦਾ ਕੰਮ ਕਰਨ ਲਈ ਅੱਗੇ ਵਧਦੇ ਹਨ!

ਗਿਲਿਅਡ ਗ੍ਰੈਜੂਏਟ ਜੋਸ਼ ਨਾਲ ਵਾਢੀ ਦਾ ਕੰਮ ਕਰਨ ਲਈ ਅੱਗੇ ਵਧਦੇ ਹਨ!

“ਖੇਤੀ ਪੱਕੀ ਹੋਈ ਤਾਂ ਬਹੁਤ ਹੈ ਪਰ ਵਾਢੇ ਥੋੜੇ ਹਨ। ਇਸ ਲਈ ਤੁਸੀਂ ਖੇਤੀ ਦੇ ਮਾਲਕ ਦੇ ਅੱਗੇ ਬੇਨਤੀ ਕਰੋ ਜੋ ਉਹ ਆਪਣੀ ਖੇਤੀ ਵੱਢਣ ਨੂੰ ਵਾਢੇ ਘੱਲ ਦੇਵੇ।” (ਮੱਤੀ 9:37, 38) ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ 116ਵੀਂ ਕਲਾਸ ਦੇ ਗ੍ਰੈਜੂਏਟ ਹੋ ਰਹੇ ਵਿਦਿਆਰਥੀਆਂ ਲਈ ਯਿਸੂ ਦੇ ਇਨ੍ਹਾਂ ਸ਼ਬਦਾਂ ਦਾ ਖ਼ਾਸ ਮਤਲਬ ਸੀ ਕਿਉਂਕਿ ਉਹ ਆਪਣੀ ਮਿਸ਼ਨਰੀ ਸੇਵਾ ਤੇ ਜਾਣ ਲਈ ਤਿਆਰ ਸਨ।

ਸ਼ਨੀਵਾਰ, 13 ਮਾਰਚ 2004 ਨੂੰ ਨਿਊ ਯਾਰਕ, ਪੈਟਰਸਨ ਵਿਚ ਸਥਿਤ ਵਾਚਟਾਵਰ ਸਿੱਖਿਆ ਕੇਂਦਰ ਵਿਚ ਅਤੇ ਸੈਟੇਲਾਈਟ ਰਾਹੀਂ ਜੁੜੀਆਂ ਹੋਰ ਥਾਵਾਂ ਵਿਚ ਗ੍ਰੈਜੂਏਸ਼ਨ ਪ੍ਰੋਗ੍ਰਾਮ ਲਈ ਕੁੱਲ ਮਿਲਾ ਕੇ 6,684 ਭੈਣ-ਭਰਾ ਹਾਜ਼ਰ ਸਨ। ਪ੍ਰੋਗ੍ਰਾਮ ਵਿਚ ਕਲਾਸ ਦੇ ਵਿਦਿਆਰਥੀਆਂ ਨੂੰ ਆਖ਼ਰੀ ਹਿਦਾਇਤਾਂ ਅਤੇ ਉਤਸ਼ਾਹ ਦਿੱਤਾ ਗਿਆ। ਇਸ ਪ੍ਰੋਗ੍ਰਾਮ ਵਿਚ ਦਿੱਤੀ ਸਲਾਹ ਤੋਂ ਸਾਨੂੰ ਵੀ ਫ਼ਾਇਦਾ ਹੋ ਸਕਦਾ ਹੈ ਕਿਉਂਕਿ ਅਸੀਂ ਵੀ ਜੋਸ਼ ਨਾਲ ਅਧਿਆਤਮਿਕ ਵਾਢੀ ਦਾ ਕੰਮ ਕਰਦੇ ਹਾਂ।

ਗਿਲਿਅਡ ਦੀ ਸੱਤਵੀਂ ਕਲਾਸ ਦੇ ਗ੍ਰੈਜੂਏਟ ਅਤੇ ਪ੍ਰਬੰਧਕ ਸਭਾ ਦੇ ਇਕ ਮੈਂਬਰ ਥੀਓਡੋਰ ਜੈਰਸ ਨੇ ਯਿਸੂ ਦੇ ਇਨ੍ਹਾਂ ਸ਼ਬਦਾਂ ਨਾਲ ਪ੍ਰੋਗ੍ਰਾਮ ਦੀ ਸ਼ੁਰੂਆਤ ਕੀਤੀ: “ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ।” (ਮੱਤੀ 28:19, 20) ਇਹ ਵਿਸ਼ਾ ਬਹੁਤ ਹੀ ਢੁਕਵਾਂ ਸੀ ਕਿਉਂਕਿ ਨਵੇਂ ਮਿਸ਼ਨਰੀਆਂ ਨੂੰ 20 ਵੱਖੋ-ਵੱਖਰੇ ਦੇਸ਼ਾਂ ਵਿਚ ਘੱਲਿਆ ਜਾਣਾ ਸੀ। ਉਸ ਨੇ ਵਿਦਿਆਰਥੀਆਂ ਨੂੰ ਯਾਦ ਕਰਾਇਆ ਕਿ ਪਰਮੇਸ਼ੁਰ ਦੇ ਬਚਨ ਦੀ ਸਿੱਖਿਆ ਨੇ ਉਨ੍ਹਾਂ ਨੂੰ ਅਧਿਆਤਮਿਕ ਵਾਢੀ ਦਾ ਅਹਿਮ ਕੰਮ ਜੋਸ਼ ਨਾਲ ਕਰਨ ਲਈ ਤਿਆਰ ਕੀਤਾ ਹੈ।—ਮੱਤੀ 5:16.

ਚੰਗੇ ਵਾਢੇ ਕਿਵੇਂ ਬਣੀਏ?

ਪ੍ਰੋਗ੍ਰਾਮ ਦਾ ਪਹਿਲਾ ਭਾਸ਼ਣਕਾਰ ਰੌਬਰਟ ਵੌਲਨ ਸੀ ਜੋ ਗਿਲਿਅਡ ਸਕੂਲ ਨਾਲ ਕਾਫ਼ੀ ਸਾਲਾਂ ਤੋਂ ਕੰਮ ਕਰ ਰਿਹਾ ਹੈ। “ਰਹਿਮਦਿਲੀ ਦੀ ਖ਼ਾਸੀਅਤ” ਨਾਂ ਦੇ ਵਿਸ਼ੇ ਉੱਤੇ ਗੱਲ ਕਰਦੇ ਹੋਏ ਉਸ ਨੇ ਵਿਦਿਆਰਥੀਆਂ ਨੂੰ ਦੱਸਿਆ: “ਰਹਿਮਦਿਲੀ ਦੀ ਭਾਸ਼ਾ ਨੂੰ ਬੋਲ਼ੇ ਵੀ ਸੁਣ ਸਕਦੇ ਹਨ ਅਤੇ ਅੰਨ੍ਹੇ ਵੀ ਦੇਖ ਸਕਦੇ ਹਨ।” ਯਿਸੂ ਲੋਕਾਂ ਦੇ ਦਰਦ ਨੂੰ ਸਮਝਦਾ ਸੀ ਅਤੇ ਉਸ ਨੇ ਉਨ੍ਹਾਂ ਦੇ ਦੁੱਖ ਦੂਰ ਕੀਤੇ। (ਮੱਤੀ 9:36) ਵਿਦਿਆਰਥੀਆਂ ਨੂੰ ਵੀ ਪ੍ਰਚਾਰ ਵਿਚ, ਕਲੀਸਿਯਾ ਵਿਚ, ਮਿਸ਼ਨਰੀ ਘਰ ਵਿਚ ਅਤੇ ਆਪਣੀ ਵਿਆਹੁਤਾ ਜ਼ਿੰਦਗੀ ਵਿਚ ਇਸ ਤਰ੍ਹਾਂ ਕਰਨ ਦੇ ਬਹੁਤ ਮੌਕੇ ਮਿਲਣਗੇ। ਭਰਾ ਵੌਲਨ ਨੇ ਉਨ੍ਹਾਂ ਨੂੰ ਨਸੀਹਤ ਦਿੱਤੀ: “ਰਹਿਮਦਿਲ ਬਣ ਕੇ ਦੂਜਿਆਂ ਦੀ ਸੇਵਾ ਕਰੋ। ਮਿਸ਼ਨਰੀ ਘਰ ਵਿਚ ਦੂਜਿਆਂ ਨਾਲ ਚੰਗੀ ਤਰ੍ਹਾਂ ਪੇਸ਼ ਆਉਣਾ ਹੀ ਕਾਫ਼ੀ ਨਹੀਂ ਹੈ। ਇਸ ਲਈ, ਆਪਣੇ ਅੰਦਰ ਰਹਿਮਦਿਲੀ ਪੈਦਾ ਕਰਨ ਦਾ ਪੱਕਾ ਇਰਾਦਾ ਕਰੋ।”—ਕੁਲੁੱਸੀਆਂ 3:12.

ਫਿਰ ਗਿਲਿਅਡ ਦੀ 41ਵੀਂ ਕਲਾਸ ਦੇ ਗ੍ਰੈਜੂਏਟ ਅਤੇ ਪ੍ਰਬੰਧਕ ਸਭਾ ਦੇ ਮੈਂਬਰ ਗੇਰਟ ਲੋਸ਼ ਨੇ “ਮੁਕਤੀ ਦਾ ਸੰਦੇਸ਼ ਦੇਣ ਵਾਲੇ” ਨਾਮਕ ਵਿਸ਼ੇ ਉੱਤੇ ਭਾਸ਼ਣ ਦਿੱਤਾ। (ਯਸਾਯਾਹ 52:7) ਇਸ ਬੁਰੀ ਦੁਨੀਆਂ ਦੇ ਨਾਸ਼ ਵਿੱਚੋਂ ਬਚਣ ਲਈ ਲੋਕਾਂ ਨੂੰ ਪਰਮੇਸ਼ੁਰ ਦੇ ਬਚਨ ਦਾ ਸਹੀ ਗਿਆਨ ਲੈਣ, ਆਪਣੀ ਨਿਹਚਾ ਦਾ ਸਾਰਿਆਂ ਸਾਮ੍ਹਣੇ ਇਕਰਾਰ ਕਰਨ ਅਤੇ ਬਪਤਿਸਮਾ ਲੈਣ ਦੀ ਲੋੜ ਹੈ। (ਰੋਮੀਆਂ 10:10; 2 ਤਿਮੋਥਿਉਸ 3:15; 1 ਪਤਰਸ 3:21) ਪਰ ਮੁਕਤੀ ਦਾ ਸੰਦੇਸ਼ ਦੇਣ ਦਾ ਮੁੱਖ ਕਾਰਨ ਲੋਕਾਂ ਨੂੰ ਬਚਾਉਣਾ ਨਹੀਂ, ਸਗੋਂ ਪਰਮੇਸ਼ੁਰ ਦੀ ਮਹਿਮਾ ਕਰਨੀ ਹੈ। ਇਸ ਲਈ, ਭਰਾ ਲੋਸ਼ ਨੇ ਨਵੇਂ ਮਿਸ਼ਨਰੀਆਂ ਨੂੰ ਨਸੀਹਤ ਦਿੱਤੀ: “ਦੁਨੀਆਂ ਦੇ ਕੋਨਿਆਂ ਤਕ ਰਾਜ ਦਾ ਸੰਦੇਸ਼ ਲੈ ਕੇ ਜਾਓ ਅਤੇ ਜੋਸ਼ ਨਾਲ ਮੁਕਤੀ ਦਾ ਸੰਦੇਸ਼ ਸੁਣਾਓ। ਇਹ ਕੰਮ ਯਹੋਵਾਹ ਦੀ ਮਹਿਮਾ ਲਈ ਹੀ ਕਰੋ।”—ਰੋਮੀਆਂ 10:18.

ਗਿਲਿਅਡ ਇੰਸਟ੍ਰਕਟਰ ਲਾਰੈਂਸ ਬੋਵਨ ਨੇ ਪੁੱਛਿਆ: “ਤੁਸੀਂ ਆਪਣਾ ਚਾਨਣ ਕਿੰਨਾ ਕੁ ਚਮਕਾਉਂਦੇ ਹੋ?” ਉਸ ਨੇ ਮੱਤੀ 6:22 ਵਿਚ ਦਰਜ ਯਿਸੂ ਦੇ ਸ਼ਬਦਾਂ ਦਾ ਜ਼ਿਕਰ ਕਰਦੇ ਹੋਏ ਵਿਦਿਆਰਥੀਆਂ ਨੂੰ ਉਤਸ਼ਾਹ ਦਿੱਤਾ ਕਿ ਉਹ ਆਪਣੀ ਅੱਖ ਨਿਰਮਲ ਰੱਖਣ ਤਾਂਕਿ ਉਹ “ਅਧਿਆਤਮਿਕ ਰੌਸ਼ਨੀ ਫੈਲਾ ਸਕਣ ਜਿਸ ਨਾਲ ਯਹੋਵਾਹ ਦੀ ਮਹਿਮਾ ਹੁੰਦੀ ਹੈ ਅਤੇ ਇਨਸਾਨਾਂ ਨੂੰ ਫ਼ਾਇਦਾ ਹੁੰਦਾ ਹੈ।” ਆਪਣੀ ਸੇਵਕਾਈ ਦੀ ਸ਼ੁਰੂਆਤ ਤੋਂ ਹੀ ਯਿਸੂ ਨੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਦੇ ਹੋਏ ਆਪਣੀ ਅੱਖ ਨਿਰਮਲ ਰੱਖੀ। ਯਿਸੂ ਨੇ ਆਪਣੇ ਪਿਤਾ ਤੋਂ ਸਵਰਗ ਵਿਚ ਜੋ ਚੰਗੀਆਂ ਗੱਲਾਂ ਸਿੱਖੀਆਂ ਸਨ, ਉਨ੍ਹਾਂ ਉੱਤੇ ਮਨਨ ਕਰਨ ਕਰਕੇ ਉਹ ਉਜਾੜ ਵਿਚ ਸ਼ਤਾਨ ਦੇ ਪਰਤਾਵਿਆਂ ਦਾ ਕਾਮਯਾਬੀ ਨਾਲ ਸਾਮ੍ਹਣਾ ਕਰ ਸਕਿਆ। (ਮੱਤੀ 3:16; 4:1-11) ਆਪਣੀ ਜ਼ਿੰਮੇਵਾਰੀ ਪੂਰੀ ਕਰਨ ਲਈ ਯਿਸੂ ਨੇ ਪੂਰੀ ਤਰ੍ਹਾਂ ਯਹੋਵਾਹ ਉੱਤੇ ਭਰੋਸਾ ਰੱਖਿਆ। ਇਸੇ ਤਰ੍ਹਾਂ, ਆਉਣ ਵਾਲੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਮਿਸ਼ਨਰੀਆਂ ਨੂੰ ਵੀ ਚੰਗੀ ਤਰ੍ਹਾਂ ਬਾਈਬਲ ਦਾ ਅਧਿਐਨ ਕਰਨ ਅਤੇ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਣ ਦੀ ਲੋੜ ਹੈ।

ਗਿਲਿਅਡ ਦੀ 77ਵੀਂ ਕਲਾਸ ਦੇ ਗ੍ਰੈਜੂਏਟ ਅਤੇ ਇੰਸਟ੍ਰਕਟਰ ਭਰਾ ਮਾਰਕ ਨੂਮੇਰ ਨੇ ਆਖ਼ਰੀ ਭਾਸ਼ਣ ਦਿੱਤਾ। ਉਨ੍ਹਾਂ ਦੇ ਭਾਸ਼ਣ ਦਾ ਵਿਸ਼ਾ ਸੀ, “ਵੇਖੋ ਅਸੀਂ ਤੁਹਾਡੇ ਹੱਥ ਵਿੱਚ ਹਾਂ।” (ਯਹੋਸ਼ੁਆ 9:25) ਉਸ ਨੇ ਵਿਦਿਆਰਥੀਆਂ ਨੂੰ ਗਿਬਓਨੀਆਂ ਦੀ ਰੀਸ ਕਰਨ ਦੀ ਹੱਲਾਸ਼ੇਰੀ ਦਿੱਤੀ। ਭਾਵੇਂ ਗਿਬਓਨ “ਇੱਕ ਵੱਡਾ ਸ਼ਹਿਰ ਸੀ . . . ਅਤੇ ਉਹ ਦੇ ਸਾਰੇ ਮਨੁੱਖ ਸੂਰਮੇ ਸਨ,” ਫਿਰ ਵੀ ਗਿਬਓਨੀਆਂ ਨੇ ਉੱਚੇ ਰੁਤਬੇ ਦੀ ਮੰਗ ਨਹੀਂ ਕੀਤੀ ਜਾਂ ਆਪਣੇ ਤਰੀਕੇ ਨਾਲ ਕੰਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। (ਯਹੋਸ਼ੁਆ 10:2) ਉਨ੍ਹਾਂ ਨੇ ਯਹੋਵਾਹ ਦੀ ਸੇਵਾ ਕਰਨ ਲਈ ਲੇਵੀਆਂ ਦੀ ਨਿਗਰਾਨੀ ਅਧੀਨ ਖ਼ੁਸ਼ੀ-ਖ਼ੁਸ਼ੀ “ਲੱਕੜਾਂ ਪਾੜਨ ਅਤੇ ਪਾਣੀ ਭਰਨ” ਦਾ ਕੰਮ ਕੀਤਾ। (ਯਹੋਸ਼ੁਆ 9:27) ਇਕ ਤਰੀਕੇ ਨਾਲ ਗ੍ਰੈਜੂਏਟ ਹੋ ਰਹੇ ਵਿਦਿਆਰਥੀਆਂ ਨੇ ਮਹਾਨ ਯਹੋਸ਼ੁਆ ਯਾਨੀ ਯਿਸੂ ਨੂੰ ਕਿਹਾ ਹੈ, “ਵੇਖੋ ਅਸੀਂ ਤੁਹਾਡੇ ਹੱਥ ਵਿੱਚ ਹਾਂ।” ਹੁਣ ਵਿਦੇਸ਼ਾਂ ਵਿਚ ਆਪਣੀ ਸੇਵਾ ਸ਼ੁਰੂ ਕਰਨ ਵੇਲੇ ਉਨ੍ਹਾਂ ਨੂੰ ਜੋ ਵੀ ਕੰਮ ਯਿਸੂ ਵੱਲੋਂ ਮਿਲੇ, ਉਸ ਨੂੰ ਕਰਨ ਦੀ ਲੋੜ ਹੈ।

ਤਜਰਬੇ ਅਤੇ ਇੰਟਰਵਿਊਆਂ

ਗਿਲਿਅਡ ਦੀ 61ਵੀਂ ਕਲਾਸ ਦੇ ਗ੍ਰੈਜੂਏਟ ਅਤੇ ਇੰਸਟ੍ਰਕਟਰ ਭਰਾ ਵੈਲਸ ਲਿਵਰੈਂਸ ਨੇ “ਆਇਤਾਂ ਦਾ ਅਰਥ ਚੰਗੀ ਤਰ੍ਹਾਂ ਸਮਝਾਓ” ਨਾਮਕ ਵਿਸ਼ੇ ਉੱਤੇ ਵਿਦਿਆਰਥੀਆਂ ਦੇ ਇਕ ਗਰੁੱਪ ਨਾਲ ਚਰਚਾ ਕੀਤੀ। ਵਿਦਿਆਰਥੀਆਂ ਨੇ ਕੋਰਸ ਦੌਰਾਨ ਪ੍ਰਚਾਰ ਵੀ ਕੀਤਾ ਅਤੇ ਬਾਅਦ ਵਿਚ ਆਪਣੇ ਤਜਰਬੇ ਦੱਸਣ ਦੇ ਨਾਲ-ਨਾਲ ਉਨ੍ਹਾਂ ਦਾ ਪ੍ਰਦਰਸ਼ਨ ਕਰ ਕੇ ਦਿਖਾਇਆ। ਇਹ ਗੱਲ ਬਿਲਕੁਲ ਸਾਫ਼ ਸੀ ਕਿ ਪੰਜ ਮਹੀਨਿਆਂ ਦੌਰਾਨ ਬਾਈਬਲ ਦੇ ਡੂੰਘੇ ਅਧਿਐਨ ਦਾ ਉਨ੍ਹਾਂ ਦੇ ਮਨ ਤੇ ਗਹਿਰਾ ਅਸਰ ਹੋਇਆ ਅਤੇ ਉਹ ਸਿੱਖੀਆਂ ਗੱਲਾਂ ਦੂਸਰਿਆਂ ਨਾਲ ਸਾਂਝੀਆਂ ਕਰਨ ਲਈ ਪ੍ਰੇਰਿਤ ਹੋਏ। (ਲੂਕਾ 24:32) ਪੰਜ ਮਹੀਨਿਆਂ ਦੇ ਕੋਰਸ ਦੌਰਾਨ, ਇਕ ਵਿਦਿਆਰਥੀ ਨੇ ਜੋ ਸਿੱਖਿਆ ਸੀ, ਉਸ ਨੂੰ ਆਪਣੇ ਸਕੇ ਭਰਾ ਨਾਲ ਸਾਂਝਾ ਕੀਤਾ। ਇਸ ਕਰਕੇ ਉਸ ਦੇ ਭਰਾ ਨੇ ਆਪਣੇ ਸ਼ਹਿਰ ਵਿਚ ਇਕ ਕਲੀਸਿਯਾ ਨੂੰ ਲੱਭਿਆ ਅਤੇ ਬਾਈਬਲ ਸਟੱਡੀ ਕਰਨ ਲੱਗ ਪਿਆ। ਉਹ ਹੁਣ ਇਕ ਬਪਤਿਸਮਾ-ਰਹਿਤ ਪ੍ਰਕਾਸ਼ਕ ਹੈ।

ਇਨ੍ਹਾਂ ਤਜਰਬਿਆਂ ਤੋਂ ਬਾਅਦ, ਰਿਚਰਡ ਐਸ਼ ਅਤੇ ਜੌਨ ਗਿਬਰਡ ਨੇ ਕਈ ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰ ਰਹੇ ਵਫ਼ਾਦਾਰ ਭਰਾਵਾਂ ਦੀਆਂ ਇੰਟਰਵਿਊਆਂ ਲਈਆਂ, ਜਿਨ੍ਹਾਂ ਵਿਚ ਸਫ਼ਰੀ ਨਿਗਾਹਬਾਨ ਵੀ ਸਨ ਜੋ ਵਾਚਟਾਵਰ ਸਿੱਖਿਆ ਕੇਂਦਰ ਵਿਚ ਖ਼ਾਸ ਸਿਖਲਾਈ ਲੈਣ ਲਈ ਆਏ ਹੋਏ ਸਨ। ਇਹ ਭਰਾ ਵੀ ਗਿਲਿਅਡ ਦੀਆਂ ਪਹਿਲੀਆਂ ਕਲਾਸਾਂ ਦੇ ਗ੍ਰੈਜੂਏਟ ਹਨ। ਇਕ ਭਰਾ ਨੇ ਯਾਦ ਕਰਦੇ ਹੋਏ ਦੱਸਿਆ ਕਿ ਭਰਾ ਨੌਰ ਨੇ ਉਨ੍ਹਾਂ ਦੀ ਕਲਾਸ ਵਿਚ ਕੀ ਕਿਹਾ ਸੀ: “ਗਿਲਿਅਡ ਵਿਚ ਤੁਸੀਂ ਬਹੁਤ-ਬਹੁਤ ਅਧਿਐਨ ਕਰੋਗੇ। ਪਰ ਜੇ ਤੁਸੀਂ ਇਸ ਤੋਂ ਬਾਅਦ ਘਮੰਡ ਨਾਲ ਫੁੱਲ ਗਏ, ਤਾਂ ਇਸ ਦਾ ਮਤਲਬ ਹੈ ਕਿ ਅਸੀਂ ਆਪਣੇ ਮਕਸਦ ਵਿਚ ਕਾਮਯਾਬ ਨਹੀਂ ਹੋਏ। ਅਸੀਂ ਚਾਹੁੰਦੇ ਹਾਂ ਕਿ ਇਹ ਸਿਖਲਾਈ ਲੈ ਕੇ ਤੁਸੀਂ ਵੱਡੇ ਦਿਲ ਵਾਲੇ ਇਨਸਾਨ ਬਣੋ।” ਉਨ੍ਹਾਂ ਸਫ਼ਰੀ ਨਿਗਾਹਬਾਨਾਂ ਨੇ ਨਵੇਂ ਮਿਸ਼ਨਰੀਆਂ ਨੂੰ ਸਲਾਹ ਦਿੱਤੀ ਕਿ ਉਹ ਲੋਕਾਂ ਵਿਚ ਘੁੱਲਣ-ਮਿਲਣ, ਉਨ੍ਹਾਂ ਨਾਲ ਉਸੇ ਤਰ੍ਹਾਂ ਪੇਸ਼ ਆਉਣ ਜਿਵੇਂ ਮਸੀਹ ਪੇਸ਼ ਆਇਆ ਸੀ ਅਤੇ ਜੋ ਵੀ ਕੰਮ ਉਨ੍ਹਾਂ ਨੂੰ ਮਿਲੇ ਉਸ ਨੂੰ ਨਿਮਰਤਾ ਨਾਲ ਕਰਨ। ਇਸ ਸਲਾਹ ਉੱਤੇ ਚੱਲਣ ਨਾਲ ਇਹ ਨਵੇਂ ਮਿਸ਼ਨਰੀ ਆਪਣੀ ਜ਼ਿੰਮੇਵਾਰੀ ਨੂੰ ਕਾਮਯਾਬੀ ਨਾਲ ਨਿਭਾ ਸਕਣਗੇ।

ਜੋਸ਼ ਨਾਲ ਵਾਢੀ ਦਾ ਕੰਮ ਕਰੋ!

ਹਾਜ਼ਰੀਨ ਨੂੰ ਪ੍ਰਬੰਧਕ ਸਭਾ ਦੇ ਇਕ ਹੋਰ ਮੈਂਬਰ ਭਰਾ ਸਟੀਵਨ ਲੈੱਟ ਦਾ ਭਾਸ਼ਣ ਸੁਣਨ ਦਾ ਮੌਕਾ ਮਿਲਿਆ। ਉਸ ਨੇ ਪ੍ਰੋਗ੍ਰਾਮ ਦਾ ਮੁੱਖ ਭਾਸ਼ਣ ਦਿੱਤਾ ਜਿਸ ਦਾ ਵਿਸ਼ਾ ਸੀ, “ਜੋਸ਼ ਨਾਲ ਵਾਢੀ ਦਾ ਕੰਮ ਕਰੋ!” (ਮੱਤੀ 9:38) ਫ਼ਸਲਾਂ ਦੀ ਵਾਢੀ ਕਰਨ ਦਾ ਸਮਾਂ ਸੀਮਿਤ ਹੁੰਦਾ ਹੈ। ਇਸ ਲਈ ਵਾਢਿਆਂ ਨੂੰ ਜੀ ਤੋੜ ਮਿਹਨਤ ਕਰਨੀ ਪੈਂਦੀ ਹੈ। ਤਾਂ ਫਿਰ ਇਸ ਬੁਰੀ ਦੁਨੀਆਂ ਦੇ ਅੰਤ ਦੇ ਦਿਨਾਂ ਵਿਚ ਇਸ ਤਰ੍ਹਾਂ ਕਰਨਾ ਹੋਰ ਵੀ ਜ਼ਿਆਦਾ ਮਹੱਤਵਪੂਰਣ ਹੈ। ਇਸ ਅਧਿਆਤਮਿਕ ਵਾਢੀ ਦੇ ਕੰਮ ਵਿਚ ਲੋਕਾਂ ਦੀਆਂ ਜ਼ਿੰਦਗੀਆਂ ਖ਼ਤਰੇ ਵਿਚ ਹਨ। (ਮੱਤੀ 13:39) ਭਰਾ ਲੈੱਟ ਨੇ ਨਵੇਂ ਮਿਸ਼ਨਰੀਆਂ ਨੂੰ ਉਤਸ਼ਾਹਿਤ ਕੀਤਾ ਕਿ ਉਹ ‘ਮਿਹਨਤ ਵਿੱਚ ਢਿੱਲੇ ਨਾ ਪੈਣ,’ ਸਗੋਂ ਇਸ ਵਾਢੀ ਦੇ ਕੰਮ ਨੂੰ ਕਰਨ ਲਈ ‘ਆਤਮਾ ਵਿੱਚ ਸਰਗਰਮ ਹੋਣ, ਯਹੋਵਾਹ ਦੀ ਸੇਵਾ ਕਰਨ’ ਕਿਉਂਕਿ ਇਹ ਕੰਮ ਦੁਬਾਰਾ ਨਹੀਂ ਕੀਤਾ ਜਾਵੇਗਾ। (ਰੋਮੀਆਂ 12:11) ਭਰਾ ਲੈੱਟ ਨੇ ਯਿਸੂ ਦੇ ਇਨ੍ਹਾਂ ਸ਼ਬਦਾਂ ਦਾ ਹਵਾਲਾ ਦਿੱਤਾ: “ਆਪਣੀਆਂ ਅੱਖਾਂ ਚੁੱਕੋ ਅਤੇ ਪੈਲੀਆਂ ਨੂੰ ਵੇਖੋ ਜੋ ਓਹ ਵਾਢੀ ਦੇ ਲਈ ਪੱਕ ਕੇ ਪੀਲੀਆਂ ਹੋ ਗਈਆਂ।” (ਯੂਹੰਨਾ 4:35) ਫਿਰ ਉਸ ਨੇ ਗ੍ਰੈਜੂਏਟਾਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਜੋਸ਼ ਨਾਲ ਵਾਢੀ ਦਾ ਕੰਮ ਕਰਨ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਹਰ ਮੌਕੇ ਤੇ ਗਵਾਹੀ ਦੇਣ ਦੀ ਪੂਰੀ ਕੋਸ਼ਿਸ਼ ਕਰਨ। ਗਵਾਹੀ ਦੇਣ ਦੇ ਮੌਕੇ ਪੈਦਾ ਕਰਨ ਨਾਲ ਉਹ ਆਪਣੀ ਇਸ ਜ਼ਿੰਮੇਵਾਰੀ ਚੰਗੀ ਤਰ੍ਹਾਂ ਪੂਰੀ ਕਰ ਸਕਦੇ ਹਨ। ਯਹੋਵਾਹ ਇਕ ਜੋਸ਼ੀਲਾ ਪਰਮੇਸ਼ੁਰ ਹੈ ਅਤੇ ਉਹ ਚਾਹੁੰਦਾ ਹੈ ਕਿ ਅਸੀਂ ਉਸ ਦੀ ਰੀਸ ਕਰਦੇ ਹੋਏ ਅਧਿਆਤਮਿਕ ਵਾਢੀ ਦਾ ਕੰਮ ਦਿਲ ਲਾ ਕੇ ਕਰੀਏ।—2 ਰਾਜਿਆਂ 19:31; ਯੂਹੰਨਾ 5:17.

ਪ੍ਰੋਗ੍ਰਾਮ ਦੇ ਅਖ਼ੀਰ ਵਿਚ ਚੇਅਰਮੈਨ ਭਰਾ ਜੈਰਸ ਨੇ ਵੱਖੋ-ਵੱਖਰੀਆਂ ਬ੍ਰਾਂਚਾਂ ਤੋਂ ਆਈਆਂ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਡਿਪਲੋਮੇ ਦਿੱਤੇ। ਸਿਖਲਾਈ ਲਈ ਆਪਣੀ ਕਦਰ ਜ਼ਾਹਰ ਕਰਨ ਵਾਸਤੇ ਇਕ ਵਿਦਿਆਰਥੀ ਨੇ ਪੂਰੀ ਕਲਾਸ ਵੱਲੋਂ ਚਿੱਠੀ ਪੜ੍ਹੀ। ਗਿਲਿਅਡ ਦੀ 116ਵੀਂ ਕਲਾਸ ਦੇ ਗ੍ਰੈਜੂਏਸ਼ਨ ਪ੍ਰੋਗ੍ਰਾਮ ਨੇ ਯਕੀਨਨ ਸਾਰੇ ਹਾਜ਼ਰ ਭੈਣ-ਭਰਾਵਾਂ ਨੂੰ ਜੋਸ਼ ਨਾਲ ਵਾਢੀ ਦਾ ਕੰਮ ਕਰਨ ਲਈ ਪ੍ਰੇਰਿਤ ਕੀਤਾ।

[ਸਫ਼ੇ 25 ਉੱਤੇ ਡੱਬੀ]

ਕਲਾਸ ਦੇ ਅੰਕੜੇ

ਜਿੰਨੇ ਦੇਸ਼ਾਂ ਤੋਂ ਆਏ: 6

ਜਿੰਨੇ ਦੇਸ਼ਾਂ ਵਿਚ ਭੇਜੇ ਗਏ: 20

ਵਿਦਿਆਰਥੀਆਂ ਦੀ ਗਿਣਤੀ: 46

ਔਸਤਨ ਉਮਰ: 34.2

ਸੱਚਾਈ ਵਿਚ ਔਸਤਨ ਸਾਲ: 17.2

ਪੂਰਣ-ਕਾਲੀ ਸੇਵਾ ਵਿਚ ਔਸਤਨ ਸਾਲ: 13.9

[ਸਫ਼ੇ 26 ਉੱਤੇ ਤਸਵੀਰ]

ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ ਗ੍ਰੈਜੂਏਟ ਹੋਈ 116ਵੀਂ ਕਲਾਸ

ਥੱਲੇ ਦਿੱਤੀ ਗਈ ਸੂਚੀ ਵਿਚ ਭੈਣਾਂ-ਭਰਾਵਾਂ ਦੇ ਨਾਂ ਅਗਲੀ ਲਾਈਨ ਤੋਂ ਪਿੱਛੇ ਵੱਲ ਅਤੇ ਹਰ ਲਾਈਨ ਵਿਚ ਖੱਬਿਓਂ ਸੱਜੇ ਦਿੱਤੇ ਗਏ ਹਨ।

(1) ਸੀਓਨਸੂ, ਆਰ.; ਸਪਾਰਕਸ, ਟੀ.; ਪੀਨਯਾ, ਸੀ.; ਟਰਨਰ, ਪੀ.; ਚੇਨੀ, ਐੱਲ. (2) ਸਵੌਰਡੀ, ਐੱਮ.; ਸ਼ੁਈਕਵਿਸਟ, ਏ.; ਆਮਾਡੋਰੀ, ਐੱਲ.; ਸਮਿਥ, ਐੱਨ.; ਜੌਰਡਨ, ਏ.; ਬਵਾਸੌਨੋ, ਐੱਲ. (3) ਮੈਟਲੌਕ, ਜੇ.; ਰੂਈਥ, ਸੀ.; ਡੂਲਾਰ, ਐੱਲ.; ਵੀਨਯਰੌਨ, ਐੱਮ.; ਹੈਨਰੀ, ਕੇ. (4) ਸ਼ੁਈਕਵਿਸਟ, ਐੱਚ.; ਲੌਕਸ, ਜੇ.; ਰੂਜ਼ੋ, ਜੇ.; ਗੁਸਟਾਫ਼ਸੌਨ, ਕੇ.; ਬਵਾਸੌਨੋ, ਆਰ.; ਜੌਰਡਨ, ਐੱਮ. (5) ਹੈਨਰੀ, ਡੀ.; ਟਰਨਰ, ਡੀ.; ਕਰਵਿਨ, ਐੱਸ.; ਫ਼ਲੌਰੀਟ, ਕੇ.; ਸਾਸ਼ੌ, ਐੱਸ. (6) ਆਮਾਡੋਰੀ, ਐੱਸ.; ਚੇਨੀ, ਜੇ.; ਰੌਸ, ਆਰ.; ਨੈਲਸਨ, ਜੇ.; ਰੂਈਥ, ਜੇ.; ਵੀਨਯਰੌਨ, ਐੱਮ. (7) ਫ਼ਲੌਰੀਟ, ਜੇ.; ਮੈਟਲੌਕ, ਡੀ.; ਰੌਸ, ਬੀ.; ਲੌਕਸ, ਸੀ.; ਰੂਜ਼ੋ, ਟੀ.; ਡੂਲਾਰ, ਡੀ.; ਕਰਵਿਨ, ਐੱਨ. (8) ਗੁਸਟਾਫ਼ਸੌਨ, ਏ.; ਨੈਲਸਨ, ਡੀ.; ਸਵੌਰਡੀ, ਡਬਲਯੂ.; ਪੀਨਯਾ, ਐੱਮ.; ਸਮਿਥ, ਸੀ.; ਸਪਾਰਕਸ, ਟੀ.