Skip to content

Skip to table of contents

ਬਾਈਬਲ ਕੀ ਕਹਿੰਦੀ ਹੈ

ਪੈਸਾ

ਪੈਸਾ

ਕੀ ਪੈਸਾ ਬੁਰਾਈ ਦੀ ਜੜ੍ਹ ਹੈ?

“ਪੈਸੇ ਨਾਲ ਪਿਆਰ ਤਰ੍ਹਾਂ-ਤਰ੍ਹਾਂ ਦੀਆਂ ਬੁਰਾਈਆਂ ਦੀ ਜੜ੍ਹ ਹੈ।”​—1 ਤਿਮੋਥਿਉਸ 6:10.

ਕੁਝ ਲੋਕ ਕੀ ਕਹਿੰਦੇ ਹਨ

ਪੈਸਾ ਬੁਰਾਈ ਦੀ ਜੜ੍ਹ ਹੈ।

ਬਾਈਬਲ ਕੀ ਕਹਿੰਦੀ ਹੈ

ਪੈਸਾ ਨਹੀਂ, ਸਗੋਂ ‘ਪੈਸੇ ਨਾਲ ਪਿਆਰ ਬੁਰਾਈ ਦੀ ਜੜ੍ਹ ਹੈ।’ ਬਾਈਬਲ ਵਿਚ ਇਕ ਅਮੀਰ ਰਾਜਾ ਸੁਲੇਮਾਨ ਦੱਸਦਾ ਹੈ ਕਿ ਜੋ ਲੋਕ ਪੈਸੇ ਨਾਲ ਪਿਆਰ ਕਰਦੇ ਹਨ, ਉਨ੍ਹਾਂ ਨੂੰ ਤਿੰਨ ਬੁਰੇ ਨਤੀਜੇ ਭੁਗਤਣੇ ਪੈਂਦੇ ਹਨ। ਪਹਿਲਾ, ਉਹ ਚਿੰਤਾ ਨਾਲ ਘਿਰੇ ਰਹਿੰਦੇ ਹਨ: “ਪਰ ਧਨੀ ਦਾ ਡੱਫਣਾ ਉਹ ਨੂੰ ਸੌਣ ਨਹੀਂ ਦਿੰਦਾ।” (ਉਪਦੇਸ਼ਕ ਦੀ ਪੋਥੀ 5:12) ਦੂਜਾ, ਉਹ ਕਦੀ ਰੱਜਦੇ ਨਹੀਂ: “ਉਹ ਜੋ ਚਾਂਦੀ ਨੂੰ ਲੋਚਦਾ ਹੈ ਸੋ ਚਾਂਦੀ ਨਾਲ ਨਾ ਰੱਜੇਗਾ, ਅਤੇ ਜਿਹੜਾ ਧਨ ਚਾਹੁੰਦਾ ਹੈ ਸੋ ਉਹ ਦੇ ਵਾਧੇ ਨਾਲ ਨਾ ਰੱਜੇਗਾ।” (ਉਪਦੇਸ਼ਕ ਦੀ ਪੋਥੀ 5:10) ਤੀਜਾ, ਉਨ੍ਹਾਂ ਨੂੰ ਕਾਨੂੰਨ ਤੋੜਨ ਦਾ ਲਾਲਚ ਹੁੰਦਾ ਹੈ: “ਜਿਹੜਾ ਧਨਵਾਨ ਹੋਣ ਵਿੱਚ ਕਾਹਲੀ ਕਰਦਾ ਹੈ ਉਹ ਬਿਨਾ ਡੰਨ ਦੇ ਨਾ ਛੁੱਟੇਗਾ।”​—ਕਹਾਉਤਾਂ 28:20.

ਪੈਸਾ ਕਿਸ ਕੰਮ ਆਉਂਦਾ ਹੈ?

‘ਧਨ ਸੁਰੱਖਿਆ ਦਿੰਦਾ ਹੈ।’​ਉਪਦੇਸ਼ਕ 7:12, CL.

ਕੁਝ ਲੋਕ ਕੀ ਕਹਿੰਦੇ ਹਨ

ਪੈਸੇ ਨਾਲ ਤੁਹਾਨੂੰ ਸੁਰੱਖਿਆ ਅਤੇ ਖ਼ੁਸ਼ੀ ਮਿਲਦੀ ਹੈ।

ਬਾਈਬਲ ਕੀ ਕਹਿੰਦੀ ਹੈ

ਕਿਹਾ ਜਾਂਦਾ ਹੈ ਕਿ ਪੈਸੇ ਨਾਲ ਖ਼ੁਸ਼ੀ ਅਤੇ ਸੁਰੱਖਿਆ ਖ਼ਰੀਦੀ ਜਾ ਸਕਦੀ ਹੈ, ਪਰ ਇਹ ਝੂਠ ਹੈ ਕਿਉਂਕਿ ਇਹ “ਧਨ ਦੀ ਧੋਖਾ ਦੇਣ ਵਾਲੀ ਤਾਕਤ” ਹੈ। (ਮਰਕੁਸ 4:19) ਫਿਰ ਵੀ ‘ਪੈਸਾ ਸਭ ਕੁਝ ਸੁਲਝਾ ਦਿੰਦਾ ਹੈ।’ (ਉਪਦੇਸ਼ਕ ਦੀ ਪੋਥੀ 10:19, ERV) ਮਿਸਾਲ ਲਈ, ਪੈਸੇ ਨਾਲ ਜ਼ਿੰਦਗੀ ਦੀਆਂ ਜ਼ਰੂਰਤਾਂ ਯਾਨੀ ਖਾਣ-ਪੀਣ ਵਾਲੀਆਂ ਚੀਜ਼ਾਂ ਅਤੇ ਦਵਾਈਆਂ ਖ਼ਰੀਦੀਆਂ ਜਾ ਸਕਦੀਆਂ ਹਨ।​—2 ਥੱਸਲੁਨੀਕੀਆਂ 3:12.

ਅਸੀਂ ਪੈਸੇ ਨਾਲ ਆਪਣੇ ਪਰਿਵਾਰ ਦੀ ਵੀ ਦੇਖ-ਭਾਲ ਕਰ ਸਕਦੇ ਹਾਂ। ਦਰਅਸਲ ਬਾਈਬਲ ਕਹਿੰਦੀ ਹੈ: “ਅਸਲ ਵਿਚ, ਜੇ ਕੋਈ ਇਨਸਾਨ ਆਪਣਿਆਂ ਦਾ, ਖ਼ਾਸ ਕਰਕੇ ਆਪਣੇ ਘਰ ਦੇ ਜੀਆਂ ਦਾ ਧਿਆਨ ਨਹੀਂ ਰੱਖਦਾ, ਤਾਂ ਉਸ ਨੇ ਨਿਹਚਾ ਕਰਨੀ ਛੱਡ ਦਿੱਤੀ ਹੈ।”​—1 ਤਿਮੋਥਿਉਸ 5:8.

ਪੈਸੇ ਦੀ ਸਹੀ ਵਰਤੋ ਕਿਵੇਂ ਕਰੀਏ?

“ਪਹਿਲਾਂ ਬੈਠ ਕੇ ਪੂਰਾ ਹਿਸਾਬ” ਲਾਓ।​—ਲੂਕਾ 14:28.

ਬਾਈਬਲ ਕੀ ਕਹਿੰਦੀ ਹੈ

ਪੈਸਾ ਇੱਦਾਂ ਵਰਤੋ ਜਿਸ ਨਾਲ ਰੱਬ ਖ਼ੁਸ਼ ਹੋਵੇ। (ਲੂਕਾ 16:9) ਇਹ ਅਕਲਮੰਦੀ ਦੀ ਗੱਲ ਹੋਵੇਗੀ ਕਿ ਅਸੀਂ ਪੈਸੇ ਨੂੰ ਈਮਾਨਦਾਰੀ ਤੇ ਸਮਝਦਾਰੀ ਨਾਲ ਵਰਤੀਏ। (ਇਬਰਾਨੀਆਂ 13:18) ਜੇ ਤੁਸੀਂ ਕਰਜ਼ੇ ਦੇ ਬੋਝ ਹੇਠਾਂ ਆਉਣ ਤੋਂ ਬਚਣਾ ਚਾਹੁੰਦੇ ਹੋ, ਤਾਂ ਤੁਸੀਂ “ਜ਼ਿੰਦਗੀ ਵਿਚ ਪੈਸੇ ਨਾਲ ਪਿਆਰ” ਨਾ ਕਰੋ।​—ਇਬਰਾਨੀਆਂ 13:5.

ਹਾਲਾਂਕਿ ਬਾਈਬਲ ਕਹਿੰਦੀ ਹੈ ਕਿ ਕਰਜ਼ਾ ਲੈਣ ਵਿਚ ਕੋਈ ਬੁਰਾਈ ਨਹੀਂ, ਪਰ ਬਾਈਬਲ ਸਾਨੂੰ ਚੇਤਾਵਨੀ ਦਿੰਦੀ ਹੈ: “ਉਧਾਰ ਲੈਣ ਵਾਲਾ ਉਧਾਰ ਦੇਣ ਵਾਲੇ ਦਾ ਦਾਸ ਹੁੰਦਾ ਹੈ।” (ਕਹਾਉਤਾਂ 22:7) ਫਾਲਤੂ ਖ਼ਰਚੇ ਨਾ ਕਰੋ ਕਿਉਂਕਿ “ਕਾਹਲੀ ਦਾ ਅੰਤ ਨਿਰੀ ਥੁੜ ਹੈ।” (ਕਹਾਉਤਾਂ 21:5) ਇਸ ਦੀ ਬਜਾਇ “ਆਪਣੀ ਕਮਾਈ ਅਨੁਸਾਰ ਕੁਝ ਪੈਸੇ” ਵੱਖਰੇ ਰੱਖੋ ਅਤੇ ਜ਼ਰੂਰੀ ਚੀਜ਼ਾਂ ਲਈ ਪੈਸੇ ਜੋੜੋ।​—1 ਕੁਰਿੰਥੀਆਂ 16:2.

ਬਾਈਬਲ ਸਾਨੂੰ ਹੱਲਾਸ਼ੇਰੀ ਦਿੰਦੀ ਹੈ ਕਿ ਅਸੀਂ ‘ਦੂਸਰਿਆਂ ਨੂੰ ਦਿੰਦੇ ਰਹੀਏ।’ (ਲੂਕਾ 6:38) ਇੱਦਾਂ ਅਸੀਂ ਰੱਬ ਦੀ ਮਿਹਰ ਪਾ ਸਕਦੇ ਹਾਂ ਕਿਉਂਕਿ “ਪਰਮੇਸ਼ੁਰ ਖ਼ੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।” (2 ਕੁਰਿੰਥੀਆਂ 9:7) ਇਸ ਲਈ “ਭਲਾ ਕਰਨਾ ਅਤੇ ਦੂਸਰਿਆਂ ਨਾਲ ਆਪਣੀਆਂ ਚੀਜ਼ਾਂ ਸਾਂਝੀਆਂ ਕਰਨੀਆਂ ਨਾ ਭੁੱਲੋ ਕਿਉਂਕਿ ਪਰਮੇਸ਼ੁਰ ਨੂੰ ਅਜਿਹੇ ਬਲੀਦਾਨਾਂ ਤੋਂ ਬਹੁਤ ਖ਼ੁਸ਼ੀ ਹੁੰਦੀ ਹੈ।”​—ਇਬਰਾਨੀਆਂ 13:16. ▪ (g14 03-E)