Skip to content

Skip to table of contents

ਹੰਝੂਆਂ ਦਾ ਰਾਜ਼

ਹੰਝੂਆਂ ਦਾ ਰਾਜ਼

ਅਸੀਂ ਜ਼ਿੰਦਗੀ ਦੇ ਪਹਿਲੇ ਦਿਨ ਤੋਂ ਹੀ ਰੋਣ ਲੱਗ ਪੈਂਦੇ ਹਾਂ। ਇਕ ਮਾਹਰ ਦੱਸਦਾ ਹੈ ਕਿ ਨਵਜੰਮੇ ਬੱਚੇ ਰੋ ਕੇ ਆਪਣੇ ਜਜ਼ਬਾਤ ਜ਼ਾਹਰ ਕਰਦੇ ਹਨ ਤਾਂਕਿ ਉਨ੍ਹਾਂ ਦੀ ਹਰ ਲੋੜ ਪੂਰੀ ਕੀਤੀ ਜਾਵੇ। ਪਰ ਅਸੀਂ ਵੱਡੇ ਹੋ ਕੇ ਕਿਉਂ ਰੋਂਦੇ ਹਾਂ ਜਦਕਿ ਅਸੀਂ ਬੋਲ ਕੇ ਆਪਣੇ ਜਜ਼ਬਾਤ ਬਿਆਨ ਕਰ ਸਕਦੇ ਹਾਂ?

ਬਹੁਤ ਸਾਰੇ ਕਾਰਨਾਂ ਕਰਕੇ ਸਾਡੀਆਂ ਅੱਖਾਂ ਵਿੱਚੋਂ ਹੰਝੂਆਂ ਦਾ ਦਰਿਆ ਵਗ ਪੈਂਦਾ ਹੈ। ਸ਼ਾਇਦ ਅਸੀਂ ਦੁਖੀ, ਪਰੇਸ਼ਾਨ ਜਾਂ ਬੀਮਾਰ ਹੋਣ ਕਾਰਨ ਰੋ ਪਈਏ। ਪਰ ਜਦੋਂ ਅਸੀਂ ਬੇਹੱਦ ਖ਼ੁਸ਼ ਹੁੰਦੇ ਹਾਂ, ਸਾਨੂੰ ਕਿਸੇ ਦੁੱਖ ਤੋਂ ਛੁਟਕਾਰਾ ਮਿਲਦਾ ਹੈ ਅਤੇ ਅਸੀਂ ਜ਼ਿੰਦਗੀ ਵਿਚ ਕੋਈ ਜਿੱਤ ਹਾਸਲ ਕਰਦੇ ਹਾਂ, ਤਾਂ ਵੀ ਸਾਡੇ ਖ਼ੁਸ਼ੀ ਦੇ ਹੰਝੂ ਵਗ ਪੈਂਦੇ ਹਨ। ਦੂਜਿਆਂ ਦੇ ਹੰਝੂ ਦੇਖ ਕੇ ਅਸੀਂ ਵੀ ਰੋਣ ਲੱਗ ਪੈਂਦੇ ਹਾਂ। ਮਾਰੀਆ ਕਹਿੰਦੀ ਹੈ: “ਜੇ ਮੈਂ ਕਿਸੇ ਨੂੰ ਰੋਂਦਿਆਂ ਦੇਖ ਲਵਾਂ, ਤਾਂ ਮੈਂ ਆਪ ਹੀ ਰੋਣ ਲੱਗ ਪੈਂਦੀ ਹਾਂ।” ਹੋ ਸਕਦਾ ਹੈ ਕਿ ਫ਼ਿਲਮ ਦੇਖਦੇ ਹੋਏ ਜਾਂ ਕਿਤਾਬ ਪੜ੍ਹਦੇ ਵੇਲੇ ਸਾਡਾ ਰੋਣਾ ਨਿਕਲ ਜਾਵੇ।

ਸੋ ਕਾਰਨ ਭਾਵੇਂ ਜੋ ਵੀ ਹੋਵੇ, ਸਾਡੇ ਹੰਝੂਆਂ ਦੀ ਜ਼ਬਾਨ ਬਹੁਤ ਕੁਝ ਕਹਿ ਸਕਦੀ ਹੈ। ਇਕ ਕਿਤਾਬ ਸਮਝਾਉਂਦੀ ਹੈ: “ਹੰਝੂਆਂ ਦੀ ਭਾਸ਼ਾ ਵਰਗੇ ਹੋਰ ਬਹੁਤ ਘੱਟ ਤਰੀਕੇ ਹਨ ਜੋ ਬੋਲੇ ਬਿਨਾਂ ਸਾਡੇ ਜਜ਼ਬਾਤ ਬਿਆਨ ਕਰ ਸਕਦੇ ਹਨ।” ਸਾਡੇ ਹੰਝੂ ਦੂਜਿਆਂ ’ਤੇ ਗਹਿਰਾ ਅਸਰ ਪਾਉਂਦੇ ਹਨ। ਮਿਸਾਲ ਲਈ, ਸਾਡੇ ਵਿੱਚੋਂ ਜ਼ਿਆਦਾਤਰ ਲੋਕ ਦੂਜਿਆਂ ਨੂੰ ਰੋਂਦਿਆਂ ਦੇਖ ਕੇ ਖ਼ੁਦ ਨੂੰ ਰੋਕ ਨਹੀਂ ਸਕਦੇ ਅਤੇ ਅਸੀਂ ਉਨ੍ਹਾਂ ਨੂੰ ਦਿਲਾਸਾ ਦੇਣ ਜਾਂ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਾਂ।

ਕੁਝ ਮਾਹਰਾਂ ਦਾ ਮੰਨਣਾ ਹੈ ਕਿ ਹੰਝੂਆਂ ਨੂੰ ਰੋਕੀ ਰੱਖਣ ਨਾਲ ਸਾਡੇ ਸਰੀਰ ਨੂੰ ਨੁਕਸਾਨ ਪਹੁੰਚ ਸਕਦਾ ਹੈ, ਪਰ ਰੋ ਕੇ ਅਸੀਂ ਖ਼ੁਦ ਨੂੰ ਹਲਕਾ ਮਹਿਸੂਸ ਕਰਦੇ ਹਾਂ। ਦੂਜੇ ਕਹਿੰਦੇ ਹਨ ਕਿ ਰੋਣ ਨਾਲ ਕੋਈ ਫ਼ਾਇਦਾ ਨਹੀਂ ਕਿਉਂਕਿ ਇਸ ਦਾ ਉਨ੍ਹਾਂ ਕੋਲ ਕੋਈ ਸਾਇੰਸ ਪੱਖੋਂ ਠੋਸ ਸਬੂਤ ਨਹੀਂ ਹੈ। ਫਿਰ ਵੀ ਸਰਵੇਖਣਾਂ ਤੋਂ ਪਤਾ ਲੱਗਦਾ ਹੈ ਕਿ 85% ਤੀਵੀਆਂ ਅਤੇ 73% ਆਦਮੀ ਰੋਣ ਤੋਂ ਬਾਅਦ ਚੰਗਾ ਮਹਿਸੂਸ ਕਰਦੇ ਹਨ। ਨੋਆਮੀ ਨਾਂ ਦੀ ਇਕ ਤੀਵੀਂ ਕਹਿੰਦੀ ਹੈ: “ਕਦੇ-ਕਦੇ ਮੈਨੂੰ ਪਤਾ ਹੁੰਦਾ ਹੈ ਕਿ ਮੈਨੂੰ ਰੋਣ ਦੀ ਲੋੜ ਹੈ। ਰੋਣ ਤੋਂ ਬਾਅਦ ਲੰਬਾ ਸਾਹ ਲੈ ਕੇ ਮੈਂ ਠੰਢੇ ਦਿਮਾਗ਼ ਨਾਲ ਹਰ ਗੱਲ ਨੂੰ ਸਹੀ ਤਰੀਕੇ ਨਾਲ ਸੋਚ ਪਾਉਂਦੀ ਹਾਂ।”

ਸਰਵੇਖਣਾਂ ਤੋਂ ਪਤਾ ਲੱਗਦਾ ਹੈ ਕਿ 85% ਤੀਵੀਆਂ ਅਤੇ 73% ਆਦਮੀ ਰੋਣ ਤੋਂ ਬਾਅਦ ਚੰਗਾ ਮਹਿਸੂਸ ਕਰਦੇ ਹਨ

ਪਰ ਇਹ ਜ਼ਰੂਰੀ ਨਹੀਂ ਕਿ ਰੋਣ ਨਾਲ ਅਸੀਂ ਹਲਕਾ ਮਹਿਸੂਸ ਕਰੀਏ। ਮਿਸਾਲ ਲਈ, ਸਾਡੇ ਹੰਝੂਆਂ ਦਾ  ਅਸਰ ਦੂਜਿਆਂ ’ਤੇ ਪੈਂਦਾ ਹੈ। ਜਦ ਸਾਡੇ ਹੰਝੂ ਦੇਖ ਕੇ ਲੋਕ ਸਾਨੂੰ ਦਿਲਾਸਾ ਦਿੰਦੇ ਜਾਂ ਸਾਡੀ ਮਦਦ ਕਰਦੇ ਹਨ, ਤਾਂ ਸਾਨੂੰ ਆਰਾਮ ਮਿਲਦਾ ਹੈ। ਪਰ ਜੇ ਉਹ ਸਾਨੂੰ ਰੋਣ ’ਤੇ ਤਸੱਲੀ ਨਾ ਦੇਣ, ਤਾਂ ਸ਼ਾਇਦ ਅਸੀਂ ਸ਼ਰਮਿੰਦਾ ਮਹਿਸੂਸ ਕਰੀਏ ਜਾਂ ਸਾਨੂੰ ਲੱਗੇ ਕਿ ਉਨ੍ਹਾਂ ਨੂੰ ਸਾਡੀ ਕੋਈ ਪਰਵਾਹ ਨਹੀਂ।

ਵਾਕਈ ਹੰਝੂਆਂ ਦਾ ਰਾਜ਼ ਕੋਈ ਨਹੀਂ ਜਾਣਦਾ। ਬੱਸ ਸਾਨੂੰ ਇਹ ਪਤਾ ਹੈ ਕਿ ਰੱਬ ਨੇ ਸਾਨੂੰ ਆਪਣੇ ਜਜ਼ਬਾਤ ਜ਼ਾਹਰ ਕਰਨ ਲਈ ਹੰਝੂ ਦਿੱਤੇ ਹਨ। ▪ (g14 03-E)