ਥੱਸਲੁਨੀਕੀਆਂ ਨੂੰ ਦੂਜੀ ਚਿੱਠੀ 3:1-18

  • ਪ੍ਰਾਰਥਨਾ ਕਰਦੇ ਰਹੋ (1-5)

  • ਗ਼ਲਤ ਤਰੀਕੇ ਨਾਲ ਚੱਲਣ ਵਾਲਿਆਂ ਨੂੰ ਚੇਤਾਵਨੀ (6-15)

  • ਅਖ਼ੀਰ ਵਿਚ ਨਮਸਕਾਰ (16-18)

3  ਅਖ਼ੀਰ ਵਿਚ ਭਰਾਵੋ, ਪ੍ਰਾਰਥਨਾ ਕਰਦੇ ਰਹੋ+ ਕਿ ਸਾਡੇ ਰਾਹੀਂ ਯਹੋਵਾਹ* ਦਾ ਬਚਨ ਤੇਜ਼ੀ ਨਾਲ ਫੈਲਦਾ ਜਾਵੇ+ ਅਤੇ ਇਸ ਨੂੰ ਆਦਰ ਨਾਲ ਕਬੂਲ ਕੀਤਾ ਜਾਵੇ, ਠੀਕ ਜਿਵੇਂ ਤੁਸੀਂ ਕੀਤਾ ਹੈ।  ਇਹ ਵੀ ਪ੍ਰਾਰਥਨਾ ਕਰੋ ਕਿ ਪਰਮੇਸ਼ੁਰ ਸਾਨੂੰ ਖ਼ਤਰਨਾਕ ਅਤੇ ਦੁਸ਼ਟ ਇਨਸਾਨਾਂ ਤੋਂ ਬਚਾਵੇ+ ਕਿਉਂਕਿ ਸਾਰੇ ਲੋਕ ਨਿਹਚਾ ਨਹੀਂ ਕਰਦੇ।+  ਪਰ ਪ੍ਰਭੂ ਵਫ਼ਾਦਾਰ ਹੈ ਅਤੇ ਉਹ ਤੁਹਾਨੂੰ ਮਜ਼ਬੂਤ ਕਰੇਗਾ ਅਤੇ ਸ਼ੈਤਾਨ* ਤੋਂ ਤੁਹਾਡੀ ਰੱਖਿਆ ਕਰੇਗਾ।  ਪ੍ਰਭੂ ਦੇ ਚੇਲੇ ਹੋਣ ਕਰਕੇ ਸਾਨੂੰ ਤੁਹਾਡੇ ਉੱਤੇ ਭਰੋਸਾ ਹੈ ਕਿ ਤੁਸੀਂ ਸਾਡੀਆਂ ਹਿਦਾਇਤਾਂ ਨੂੰ ਮੰਨਦੇ ਹੋ ਅਤੇ ਅੱਗੇ ਵੀ ਮੰਨਦੇ ਰਹੋਗੇ।  ਸਾਡੀ ਦੁਆ ਹੈ ਕਿ ਪ੍ਰਭੂ ਤੁਹਾਡੇ ਦਿਲਾਂ ਨੂੰ ਸਹੀ ਪਾਸੇ ਲਾਈ ਰੱਖੇ ਯਾਨੀ ਤੁਸੀਂ ਪਰਮੇਸ਼ੁਰ ਨਾਲ ਪਿਆਰ+ ਕਰਦੇ ਰਹੋ ਅਤੇ ਮਸੀਹ ਦੀ ਖ਼ਾਤਰ ਧੀਰਜ+ ਰੱਖੋ।  ਹੁਣ ਭਰਾਵੋ, ਅਸੀਂ ਤੁਹਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਂ ’ਤੇ ਹਿਦਾਇਤਾਂ ਦਿੰਦੇ ਹਾਂ ਕਿ ਤੁਸੀਂ ਹਰ ਉਸ ਭਰਾ ਤੋਂ ਦੂਰ ਰਹੋ ਜਿਹੜਾ ਗ਼ਲਤ ਤਰੀਕੇ ਨਾਲ ਚੱਲਦਾ ਹੈ,+ ਨਾ ਕਿ ਉਨ੍ਹਾਂ ਹਿਦਾਇਤਾਂ* ਅਨੁਸਾਰ ਚੱਲਦਾ ਹੈ ਜਿਹੜੀਆਂ ਅਸੀਂ ਤੁਹਾਨੂੰ* ਦਿੱਤੀਆਂ ਹਨ।+  ਤੁਸੀਂ ਆਪ ਜਾਣਦੇ ਹੋ ਕਿ ਤੁਹਾਨੂੰ ਸਾਡੀ ਮਿਸਾਲ ਉੱਤੇ ਕਿਵੇਂ ਚੱਲਣਾ ਚਾਹੀਦਾ ਹੈ+ ਕਿਉਂਕਿ ਅਸੀਂ ਤੁਹਾਡੇ ਵਿਚ ਰਹਿੰਦਿਆਂ ਗ਼ਲਤ ਤਰੀਕੇ ਨਾਲ ਨਹੀਂ ਚੱਲੇ  ਅਤੇ ਨਾ ਹੀ ਕਿਸੇ ਦੇ ਘਰੋਂ ਮੁਫ਼ਤ ਵਿਚ* ਰੋਟੀ ਖਾਧੀ।+ ਇਸ ਦੀ ਬਜਾਇ, ਅਸੀਂ ਦਿਨ-ਰਾਤ ਅਣਥੱਕ ਮਿਹਨਤ ਕੀਤੀ ਤਾਂਕਿ ਅਸੀਂ ਤੁਹਾਡੇ ਉੱਤੇ ਆਪਣੇ ਖ਼ਰਚਿਆਂ ਦਾ ਬੋਝ ਨਾ ਪਾਈਏ।+  ਸਾਡੇ ਕੋਲ ਤੁਹਾਡੇ ਤੋਂ ਮਦਦ ਮੰਗਣ ਦਾ ਹੱਕ ਹੈ,+ ਫਿਰ ਵੀ ਅਸੀਂ ਇਸ ਹੱਕ ਨੂੰ ਇਸਤੇਮਾਲ ਨਹੀਂ ਕਰਦੇ ਤਾਂਕਿ ਅਸੀਂ ਤੁਹਾਡੇ ਲਈ ਮਿਸਾਲ ਬਣੀਏ।+ 10  ਅਸਲ ਵਿਚ, ਤੁਹਾਡੇ ਨਾਲ ਹੁੰਦਿਆਂ ਅਸੀਂ ਤੁਹਾਨੂੰ ਇਹ ਹੁਕਮ ਦਿੰਦੇ ਹੁੰਦੇ ਸੀ: “ਜਿਹੜਾ ਇਨਸਾਨ ਕੰਮ ਨਹੀਂ ਕਰਨਾ ਚਾਹੁੰਦਾ, ਉਸ ਨੂੰ ਰੋਟੀ ਖਾਣ ਦਾ ਵੀ ਹੱਕ ਨਹੀਂ ਹੈ।”+ 11  ਅਸੀਂ ਸੁਣਿਆ ਹੈ ਕਿ ਤੁਹਾਡੇ ਵਿਚ ਕੁਝ ਜਣੇ ਗ਼ਲਤ ਤਰੀਕੇ ਨਾਲ ਚੱਲਦੇ ਹਨ+ ਅਤੇ ਕੋਈ ਕੰਮ ਨਹੀਂ ਕਰਦੇ, ਸਗੋਂ ਦੂਜਿਆਂ ਦੇ ਮਾਮਲਿਆਂ ਵਿਚ ਲੱਤ ਅੜਾਉਂਦੇ ਹਨ।+ 12  ਅਜਿਹੇ ਲੋਕਾਂ ਨੂੰ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਂ ’ਤੇ ਹੁਕਮ ਦਿੰਦੇ ਹਾਂ ਅਤੇ ਤਾਕੀਦ ਕਰਦੇ ਹਾਂ ਕਿ ਉਹ ਸ਼ਾਂਤੀ ਨਾਲ ਜ਼ਿੰਦਗੀ ਗੁਜ਼ਾਰਨ ਅਤੇ ਆਪਣੇ ਹੱਥੀਂ ਕੰਮ ਕਰ ਕੇ ਰੋਟੀ ਖਾਣ।+ 13  ਪਰ ਭਰਾਵੋ, ਜਿੱਥੋਂ ਤਕ ਤੁਹਾਡੀ ਗੱਲ ਹੈ, ਤੁਸੀਂ ਭਲੇ ਕੰਮ ਕਰਦਿਆਂ ਹਾਰ ਨਾ ਮੰਨੋ। 14  ਪਰ ਜੇ ਕੋਈ ਭਰਾ ਇਸ ਚਿੱਠੀ ਵਿਚ ਲਿਖੀਆਂ ਸਾਡੀਆਂ ਗੱਲਾਂ ਨੂੰ ਨਹੀਂ ਮੰਨਦਾ, ਤਾਂ ਉਸ ਉੱਤੇ ਨਜ਼ਰ ਰੱਖੋ ਅਤੇ ਉਸ ਨਾਲ ਮਿਲਣਾ-ਗਿਲਣਾ ਛੱਡ ਦਿਓ+ ਤਾਂਕਿ ਉਸ ਨੂੰ ਸ਼ਰਮਿੰਦਗੀ ਮਹਿਸੂਸ ਹੋਵੇ। 15  ਪਰ ਉਸ ਨੂੰ ਆਪਣਾ ਦੁਸ਼ਮਣ ਨਾ ਸਮਝੋ, ਸਗੋਂ ਭਰਾ ਹੋਣ ਦੇ ਨਾਤੇ ਉਸ ਨੂੰ ਸਮਝਾਉਂਦੇ ਰਹੋ।+ 16  ਸਾਡੀ ਦੁਆ ਹੈ ਕਿ ਸ਼ਾਂਤੀ ਦਾ ਪ੍ਰਭੂ ਹਰ ਤਰੀਕੇ ਨਾਲ ਤੁਹਾਨੂੰ ਹਮੇਸ਼ਾ ਸ਼ਾਂਤੀ ਬਖ਼ਸ਼ਦਾ ਰਹੇ+ ਅਤੇ ਪ੍ਰਭੂ ਤੁਹਾਡੇ ਸਾਰਿਆਂ ਨਾਲ ਹੋਵੇ। 17  ਮੈਂ ਪੌਲੁਸ ਆਪਣੇ ਹੱਥੀਂ ਤੁਹਾਨੂੰ ਨਮਸਕਾਰ ਲਿਖ ਰਿਹਾ ਹਾਂ।+ ਇਹ ਮੇਰੀ ਹਰ ਚਿੱਠੀ ਦੀ ਪਛਾਣ ਹੈ ਅਤੇ ਮੇਰੇ ਲਿਖਣ ਦਾ ਇਹੀ ਤਰੀਕਾ ਹੈ। 18  ਤੁਹਾਡੇ ਸਾਰਿਆਂ ਉੱਤੇ ਸਾਡੇ ਪ੍ਰਭੂ ਯਿਸੂ ਮਸੀਹ ਦੀ ਅਪਾਰ ਕਿਰਪਾ ਹੋਵੇ।

ਫੁਟਨੋਟ

ਯੂਨਾ, “ਉਸ ਦੁਸ਼ਟ।”
ਜਾਂ, “ਰੀਤਾਂ।”
ਜਾਂ ਸੰਭਵ ਹੈ, “ਉਨ੍ਹਾਂ ਨੂੰ।”
ਜਾਂ, “ਪੈਸੇ ਦਿੱਤੇ ਬਿਨਾਂ।”