ਕੀ ਬਾਈਬਲ ਦਾ ਸਾਇੰਸ ਨਾਲ ਕੋਈ ਮੇਲ ਹੈ?
ਬਾਈਬਲ ਕੀ ਕਹਿੰਦੀ ਹੈ
ਕੀ ਬਾਈਬਲ ਦਾ ਸਾਇੰਸ ਨਾਲ ਕੋਈ ਮੇਲ ਹੈ?
“ਮੈਨੂੰ ਆਪਣੇ ਕੰਮ ਤੋਂ ਉਦੋਂ ਖ਼ੁਸ਼ੀ ਮਿਲਦੀ ਹੈ ਜਦੋਂ ਮੈਂ ਕੁਝ ਨਵਾਂ ਸਿੱਖਦਾ ਹਾਂ ਅਤੇ ਫਿਰ ਮੈਂ ਆਪਣੇ ਆਪ ਨੂੰ ਕਹਿੰਦਾ ਹਾਂ: ‘ਵਾਹ! ਰੱਬ ਨੇ ਇਹ ਇੱਦਾਂ ਕੀਤਾ!’”—ਹੈਨਰੀ ਸ਼ੇਫਰ ਕੈਮਿਸਟਰੀ ਦਾ ਪ੍ਰੋਫ਼ੈਸਰ।
ਸਾਇੰਸ ਰਾਹੀਂ ਅਸੀਂ ਕੁਦਰਤ ਬਾਰੇ ਬਹੁਤ ਸਾਰੀਆਂ ਗੱਲਾਂ ਜਾਣਦੇ ਹਾਂ ਅਤੇ ਇਨ੍ਹਾਂ ਵਿਚ ਸਾਨੂੰ ਡੀਜ਼ਾਈਨ ਦਿੱਸਦਾ ਹੈ। ਕਈਆਂ ਨੂੰ ਲੱਗਦਾ ਹੈ ਕਿ ਡੀਜ਼ਾਈਨ ਦੇ ਪਿੱਛੇ ਰੱਬ ਦਾ ਹੱਥ ਹੈ ਅਤੇ ਇਸ ਤੋਂ ਉਸ ਦੀ ਬੁੱਧੀ ਤੇ ਸ਼ਕਤੀ ਦਾ ਪਤਾ ਲੱਗਦਾ ਹੈ। ਉਨ੍ਹਾਂ ਦੇ ਖ਼ਿਆਲ ਮੁਤਾਬਕ ਸਾਇੰਸ ਸਾਨੂੰ ਸਿਰਫ਼ ਕੁਦਰਤ ਬਾਰੇ ਹੀ ਨਹੀਂ, ਪਰ ਪਰਮੇਸ਼ੁਰ ਦੀ ਸੋਚਣੀ ਬਾਰੇ ਵੀ ਦੱਸਦੀ ਹੈ।
ਬਾਈਬਲ ਵੀ ਇਸ ਗੱਲ ਨਾਲ ਸਹਿਮਤ ਹੈ। ਰੋਮੀਆਂ 1:20 ਕਹਿੰਦਾ ਹੈ: “ਜਗਤ ਦੇ ਉਤਪਤ ਹੋਣ ਤੋਂ [ਪਰਮੇਸ਼ੁਰ] ਦਾ ਅਣਡਿੱਠ ਸੁਭਾਉ ਅਰਥਾਤ ਉਹ ਦੀ ਅਨਾਦੀ ਸਮਰੱਥਾ ਅਤੇ ਈਸ਼ੁਰਤਾਈ ਉਹ ਦੀ ਰਚਨਾ ਤੋਂ ਚੰਗੀ ਤਰਾਂ ਦਿੱਸ ਪੈਂਦੀ ਹੈ।” ਇਸੇ ਤਰ੍ਹਾਂ ਜ਼ਬੂਰ 19:1, 2 ਵਿਚ ਲਿਖਿਆ ਹੈ: “ਅਕਾਸ਼ ਪਰਮੇਸ਼ੁਰ ਦੀ ਮਹਿਮਾ ਦਾ ਵਰਨਣ ਕਰਦੇ ਹਨ, ਅਤੇ ਅੰਬਰ ਉਸ ਦੀ ਦਸਤਕਾਰੀ ਵਿਖਾਲਦਾ ਹੈ। ਦਿਨ ਦਿਨ ਨਾਲ ਬੋਲੀ ਬੋਲਦਾ ਹੈ, ਅਤੇ ਰਾਤ ਰਾਤ ਨੂੰ ਗਿਆਨ ਦੱਸਦੀ ਹੈ।” ਪਰ ਪਰਮੇਸ਼ੁਰ ਦੀ ਰਚਨਾ ਤੋਂ ਅਸੀਂ ਉਸ ਬਾਰੇ ਸਾਰਾ ਕੁਝ ਨਹੀਂ ਸਿੱਖ ਸਕਦੇ ਹਾਂ।
ਸਾਇੰਸ ਸਭ ਕੁਝ ਨਹੀਂ ਦੱਸ ਸਕਦੀ
ਸਾਇੰਸ ਪਰਮੇਸ਼ੁਰ ਬਾਰੇ ਸਾਨੂੰ ਸਭ ਕੁਝ ਨਹੀਂ ਦੱਸ ਸਕਦੀ। ਮਿਸਾਲ ਲਈ, ਇਕ ਸਾਇੰਸਦਾਨ ਸ਼ਾਇਦ ਚਾਕਲੇਟ ਕੇਕ ਵਿਚ ਹਰ ਅਣੂ ਬਾਰੇ ਦੱਸ ਸਕੇ, ਪਰ ਕੀ ਉਸ ਦੀ ਖੋਜ ਤੋਂ ਇਹ ਪਤਾ ਲੱਗੇਗਾ ਕਿ ਕੇਕ ਕਿਉਂ ਅਤੇ ਕਿਸ ਲਈ ਬਣਾਇਆ ਗਿਆ ਹੈ? ਇਨ੍ਹਾਂ ਜ਼ਰੂਰੀ ਸਵਾਲਾਂ ਦੇ ਜਵਾਬ ਪਾਉਣ ਲਈ ਸਾਇੰਸਦਾਨ ਨੂੰ ਉਸ ਵਿਅਕਤੀ ਨਾਲ ਗੱਲ ਕਰਨੀ ਪਵੇਗੀ ਜਿਸ ਨੇ ਕੇਕ ਬਣਾਇਆ ਸੀ।
ਆਸਟ੍ਰੀਆ ਵਿਚ ਨੋਬਲ ਪੁਰਸਕਾਰ ਜਿੱਤਣ ਵਾਲੇ ਇਕ ਭੌਤਿਕ-ਵਿਗਿਆਨੀ ਨੇ ਲਿਖਿਆ, ‘ਸਾਇੰਸ ਤੋਂ ਸਾਨੂੰ ਬਹੁਤ ਸਾਰੀ ਜਾਣਕਾਰੀ ਮਿਲਦੀ ਹੈ, ਪਰ ਇਹ ਸਾਨੂੰ ਉਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੀ ਜੋ ਸਾਡੇ ਦਿਲ ਵਿਚ ਹਨ।’ ਇਸ ਵਿਚ “ਰੱਬ ਅਤੇ ਅਮਰਤਾ” ਬਾਰੇ ਸਾਡੇ ਸਵਾਲ ਸ਼ਾਮਲ ਹਨ। ਮਿਸਾਲ ਲਈ, ਸਿਰਫ਼ ਪਰਮੇਸ਼ੁਰ ਹੀ ਇਨ੍ਹਾਂ ਸਵਾਲਾਂ ਦੇ ਜਵਾਬ ਦੇ ਸਕਦਾ ਹੈ: ਬ੍ਰਹਿਮੰਡ ਕਿਉਂ ਹੈ? ਧਰਤੀ ਉੱਤੇ ਬੇਸ਼ੁਮਾਰ ਜੀਉਂਦੀਆਂ ਚੀਜ਼ਾਂ ਕਿਉਂ ਹਨ ਜਿਨ੍ਹਾਂ ਵਿਚ ਇਨਸਾਨ ਵੀ ਸ਼ਾਮਲ ਹਨ? ਜੇ ਰੱਬ ਸਰਬਸ਼ਕਤੀਮਾਨ ਹੈ, ਤਾਂ ਉਹ ਦੁੱਖ-ਤਕਲੀਫ਼ਾਂ ਨੂੰ ਖ਼ਤਮ ਕਿਉਂ ਨਹੀਂ ਕਰਦਾ? ਕੀ ਮੌਤ ਤੋਂ ਬਾਅਦ ਕੋਈ ਉਮੀਦ ਹੈ?
ਕੀ ਪਰਮੇਸ਼ੁਰ ਨੇ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਹਨ? ਹਾਂ, ਬਾਈਬਲ ਵਿਚ। (2 ਤਿਮੋਥਿਉਸ 3:16) ਪਰ ਤੁਸੀਂ ਸ਼ਾਇਦ ਪੁੱਛੋ, ‘ਕੀ ਬਾਈਬਲ ਸੱਚ-ਮੁੱਚ ਪਰਮੇਸ਼ੁਰ ਤੋਂ ਹੈ?’ ਜੇ ਬਾਈਬਲ ਪਰਮੇਸ਼ੁਰ ਤੋਂ ਹੈ, ਤਾਂ ਜੋ ਕੁਝ ਇਸ ਵਿਚ ਕੁਦਰਤ ਬਾਰੇ ਲਿਖਿਆ ਹੈ ਇਸ ਨੂੰ ਸਾਇੰਸ ਦੀਆਂ ਸੱਚੀਆਂ ਗੱਲਾਂ ਨਾਲ ਮੇਲ ਖਾਣਾ ਚਾਹੀਦਾ ਹੈ ਕਿਉਂਕਿ ਪਰਮੇਸ਼ੁਰ ਝੂਠ ਨਹੀਂ ਬੋਲ ਸਕਦਾ। ਸੋ ਕੀ ਬਾਈਬਲ ਦਾ ਸਾਇੰਸ ਨਾਲ ਕੋਈ ਮੇਲ ਹੈ? ਆਓ ਆਪਾਂ ਕੁਝ ਉਦਾਹਰਣਾਂ ਵੱਲ ਧਿਆਨ ਦੇਈਏ।
ਬਾਈਬਲ ਸਾਇੰਸ ਨਾਲੋਂ ਵੀ ਅੱਗੇ ਹੈ
ਜਦ ਬਾਈਬਲ ਨੂੰ ਲਿਖਿਆ ਜਾ ਰਿਹਾ ਸੀ, ਤਾਂ ਉਸ ਵੇਲੇ ਕਈ ਲੋਕ ਮੰਨਦੇ ਸਨ ਕਿ ਸੂਰਜ, ਚੰਦ ਤੇ ਮੌਸਮ ਵਰਗੀਆਂ ਕੁਦਰਤੀ ਚੀਜ਼ਾਂ ਦੇ ਦੇਵੀ-ਦੇਵਤੇ ਹੁੰਦੇ ਸਨ ਜੋ ਇਨ੍ਹਾਂ ਚੀਜ਼ਾਂ ਨੂੰ ਕੰਟ੍ਰੋਲ ਕਰਦੇ ਸਨ। ਪਰ ਪਰਮੇਸ਼ੁਰ ਦੇ ਇਬਰਾਨੀ ਨਬੀ ਇਸ ਤਰ੍ਹਾਂ ਨਹੀਂ ਮੰਨਦੇ ਸਨ। ਉਹ ਜਾਣਦੇ ਸਨ ਕਿ ਯਹੋਵਾਹ ਪਰਮੇਸ਼ੁਰ ਕੁਦਰਤ ਨੂੰ ਕੰਟ੍ਰੋਲ ਕਰ ਸਕਦਾ ਹੈ ਤੇ ਉਸ ਨੇ ਕੁਝ ਮੌਕਿਆਂ ਤੇ ਇਸ ਤਰ੍ਹਾਂ ਕੀਤਾ ਵੀ ਸੀ। (ਯਹੋਸ਼ੁਆ 10:12-14; 2 ਰਾਜਿਆਂ 20:9-11) ਪਰ ਇੰਗਲੈਂਡ ਵਿਚ ਆਕਸਫ਼ੋਰਡ ਯੂਨੀਵਰਸਿਟੀ ਦੇ ਮੈਥ ਦਾ ਇਕ ਪ੍ਰੋਫ਼ੈਸਰ, ਜੋਨ ਲੈਨਕਸ, ਕਹਿੰਦਾ ਹੈ ਕਿ ਇਹ ਨਬੀ ‘ਮੰਨਦੇ ਹੀ ਨਹੀਂ ਸਨ ਕਿ ਦੇਵੀ-ਦੇਵਤੇ ਬ੍ਰਹਿਮੰਡ ਵਿਚ ਹਰ ਚੀਜ਼ ਨੂੰ ਕੰਟ੍ਰੋਲ ਕਰਦੇ ਸਨ। ਉਹ ਅਜਿਹੇ ਵਹਿਮ ਤੋਂ ਇਸ ਲਈ ਬਚੇ ਕਿਉਂਕਿ ਉਹ ਇੱਕੋ ਸੱਚੇ ਪਰਮੇਸ਼ੁਰ ਨੂੰ ਮੰਨਦੇ ਸਨ ਜੋ ਆਕਾਸ਼ ਅਤੇ ਧਰਤੀ ਦਾ ਬਣਾਉਣ ਵਾਲਾ ਹੈ।’
ਉਨ੍ਹਾਂ ਦੇ ਵਿਸ਼ਵਾਸਾਂ ਨੇ ਉਨ੍ਹਾਂ ਨੂੰ ਵਹਿਮ ਤੋਂ ਕਿਵੇਂ ਬਚਾਇਆ? ਇਕ ਗੱਲ ਇਹ ਸੀ ਕਿ ਸੱਚੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਦੱਸਿਆ ਕਿ ਬ੍ਰਹਿਮੰਡ ਉਸ ਦੇ ਬਣਾਏ ਗਏ ਕੁਦਰਤੀ ਨਿਯਮਾਂ ਤੇ ਬਿਧੀਆਂ ਨਾਲ ਚੱਲਦਾ ਹੈ। ਮਿਸਾਲ ਲਈ, ਤਕਰੀਬਨ 3,500 ਸਾਲ ਪਹਿਲਾਂ ਯਹੋਵਾਹ ਨੇ ਆਪਣੇ ਸੇਵਕ ਅੱਯੂਬ ਨੂੰ ਪੁੱਛਿਆ: “ਕੀ ਤੂੰ ਅਕਾਸ਼ ਦੀਆਂ ਬਿਧੀਆਂ ਨੂੰ ਜਾਣਦਾ ਹੈਂ?” (ਅੱਯੂਬ 38:33) ਲਗਭਗ 1,000 ਸਾਲ ਬਾਅਦ ਯਿਰਮਿਯਾਹ ਨਬੀ ਨੇ ਲਿਖਿਆ ਕਿ ਪਰਮੇਸ਼ੁਰ ਨੇ ‘ਆਪਣੀਆਂ ਬਿਧੀਆਂ ਨੂੰ ਅਕਾਸ਼ ਅਤੇ ਧਰਤੀ ਨਾਲ ਕਾਇਮ ਕੀਤਾ।’—ਯਿਰਮਿਯਾਹ 33:25.
ਪੁਰਾਣੇ ਜ਼ਮਾਨੇ ਵਿਚ ਜਿਹੜੇ ਲੋਕ ਬਾਈਬਲ ਦੀਆਂ ਲਿਖਤਾਂ ਉੱਤੇ ਵਿਸ਼ਵਾਸ ਕਰਦੇ ਸਨ ਉਹ ਜਾਣਦੇ ਸਨ ਕਿ ਬ੍ਰਹਿਮੰਡ ਦੇਵੀ-ਦੇਵਤਿਆਂ ਦੇ ਕੰਟ੍ਰੋਲ ਵਿਚ ਨਹੀਂ ਸੀ, ਸਗੋਂ ਕੁਦਰਤੀ ਨਿਯਮਾਂ ਦੁਆਰਾ ਚੱਲਦਾ ਸੀ। ਇਸ ਕਰਕੇ ਉਹ ਨਾ ਹੀ ਸੂਰਜ, ਚੰਦ ਜਾਂ ਤਾਰਿਆਂ ਦੀ ਪੂਜਾ ਕਰਦੇ ਸਨ ਤੇ ਨਾ ਹੀ ਉਨ੍ਹਾਂ ਪ੍ਰਤੀ ਕੋਈ ਵਹਿਮ-ਭਰਮ ਰੱਖਦੇ ਸਨ। (ਬਿਵਸਥਾ ਸਾਰ 4:15-19) ਇਸ ਦੀ ਬਜਾਇ ਉਹ ਪਰਮੇਸ਼ੁਰ ਦੀ ਰਚਨਾ ਤੋਂ ਉਸ ਦੀ ਬੁੱਧ, ਸ਼ਕਤੀ ਤੇ ਹੋਰ ਗੁਣਾਂ ਬਾਰੇ ਸਿੱਖਦੇ ਸਨ।—ਜ਼ਬੂਰਾਂ ਦੀ ਪੋਥੀ 8:3-9; ਕਹਾਉਤਾਂ 3:19, 20.
ਅੱਜ ਦੇ ਕਈ ਸਾਇੰਸਦਾਨਾਂ ਵਾਂਗ ਪੁਰਾਣੇ ਜ਼ਮਾਨੇ ਦੇ ਇਬਰਾਨੀ ਵੀ ਇਸ ਗੱਲ ਨਾਲ ਸਹਿਮਤ ਸਨ ਕਿ ਬ੍ਰਹਿਮੰਡ ਦੀ ਸ਼ੁਰੂਆਤ ਹੋਈ ਸੀ। ਉਤਪਤ 1:1 ਵਿਚ ਲਿਖਿਆ ਹੈ: “ਆਦ ਵਿੱਚ ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਉਤਪਤ ਕੀਤਾ।” ਪਰਮੇਸ਼ੁਰ ਨੇ ਆਪਣੇ ਸੇਵਕ ਅੱਯੂਬ ਨੂੰ ਵੀ ਦੱਸਿਆ ਕਿ ਉਹ “ਧਰਤੀ ਨੂੰ ਬਿਨਾ ਸਹਾਰੇ ਦੇ ਲਟਕਾਉਂਦਾ ਹੈ।” (ਅੱਯੂਬ 26:7) ਲਗਭਗ 2,500 ਸਾਲ ਪਹਿਲਾਂ ਯਸਾਯਾਹ ਨਬੀ ਨੇ ਲਿਖਿਆ ਸੀ ਕਿ ਧਰਤੀ ਗੋਲ ਹੈ।—ਯਸਾਯਾਹ 40:22. *
ਜੀ ਹਾਂ, ਕੁਦਰਤ ਬਾਰੇ ਬਾਈਬਲ ਦਾ ਸਾਇੰਸ ਦੀਆਂ ਸੱਚੀਆਂ ਗੱਲਾਂ ਨਾਲ ਬਿਲਕੁਲ ਮੇਲ ਹੈ। ਸਾਇੰਸ ਅਤੇ ਬਾਈਬਲ ਦੋਨਾਂ ਤੋਂ ਅਸੀਂ ਪਰਮੇਸ਼ੁਰ ਬਾਰੇ ਸਿੱਖ ਸਕਦੇ ਹਾਂ। ਪਰਮੇਸ਼ੁਰ ਦਾ ਗਿਆਨ ਪਾਉਣ ਲਈ ਸਾਨੂੰ ਇਨ੍ਹਾਂ ਦੋਹਾਂ ਦੀ ਲੋੜ ਹੈ।—ਜ਼ਬੂਰਾਂ ਦੀ ਪੋਥੀ 119:105; ਯਸਾਯਾਹ 40:26. (g11-E 02)
[ਫੁਟਨੋਟ]
^ ਪੈਰਾ 14 ਪਰਮੇਸ਼ੁਰ ਦੀ ਹੋਂਦ ਅਤੇ ਬਾਈਬਲ ਦੀ ਸੱਚਾਈ ਬਾਰੇ ਹੋਰ ਜਾਣਨ ਲਈ ਅਕਤੂਬਰ-ਦਸੰਬਰ 2006 ਦੇ ਜਾਗਰੂਕ ਬਣੋ! ਰਸਾਲੇ ਦਾ ਵਿਸ਼ੇਸ਼ ਅੰਕ ਦੇਖੋ ਜਿਸ ਦਾ ਵਿਸ਼ਾ ਹੈ, “ਕੀ ਕੋਈ ਸਿਰਜਣਹਾਰ ਹੈ?”
ਕੀ ਤੁਸੀਂ ਕਦੇ ਸੋਚਿਆ ਹੈ?
● ਸ੍ਰਿਸ਼ਟੀ ਤੋਂ ਅਸੀਂ ਪਰਮੇਸ਼ੁਰ ਬਾਰੇ ਕੀ ਸਿੱਖ ਸਕਦੇ ਹਾਂ?—ਰੋਮੀਆਂ 1:20.
● ਸਾਇੰਸ ਸਾਨੂੰ ਪਰਮੇਸ਼ੁਰ ਬਾਰੇ ਕਿਹੜੀਆਂ ਗੱਲਾਂ ਨਹੀਂ ਦੱਸ ਸਕਦੀ ਹੈ?—2 ਤਿਮੋਥਿਉਸ 3:16.
● ਸੱਚੇ ਪਰਮੇਸ਼ੁਰ ਦੇ ਨਬੀਆਂ ਨੂੰ ਸ੍ਰਿਸ਼ਟੀ ਬਾਰੇ ਕੋਈ ਵਹਿਮ ਕਿਉਂ ਨਹੀਂ ਸੀ?—ਯਿਰਮਿਯਾਹ 33:25.
[ਸਫ਼ਾ 19 ਉੱਤੇ ਸੁਰਖੀ]
ਬ੍ਰਹਿਮੰਡ ਕੁਦਰਤੀ ਨਿਯਮਾਂ ਨਾਲ ਚੱਲਦਾ ਹੈ। ‘ਅਕਾਸ਼ ਅਤੇ ਧਰਤੀ ਬਿਧੀਆਂ ਨਾਲ ਕਾਇਮ ਕੀਤੇ ਗਏ ਹਨ।’—ਯਿਰਮਿਯਾਹ 33:25