Skip to content

Skip to table of contents

 ਮੁੱਖ ਪੰਨੇ ਤੋਂ | ਦੁਆ ਕਰਨ ਦਾ ਕੋਈ ਫ਼ਾਇਦਾ ਹੈ?

ਰੱਬ ਸਾਨੂੰ ਪ੍ਰਾਰਥਨਾ ਕਰਨ ਲਈ ਕਿਉਂ ਕਹਿੰਦਾ ਹੈ?

ਰੱਬ ਸਾਨੂੰ ਪ੍ਰਾਰਥਨਾ ਕਰਨ ਲਈ ਕਿਉਂ ਕਹਿੰਦਾ ਹੈ?

ਰੱਬ ਦੋਸਤੀ ਦਾ ਹੱਥ ਵਧਾਉਂਦਾ ਹੈ

ਦੋਸਤ ਇਕ-ਦੂਜੇ ਨਾਲ ਗੱਲ ਕਰ ਕੇ ਆਪਣੀ ਦੋਸਤੀ ਪੱਕੀ ਕਰਦੇ ਹਨ। ਇਸੇ ਤਰ੍ਹਾਂ ਰੱਬ ਸਾਨੂੰ ਆਪਣੇ ਨਾਲ ਗੱਲ ਕਰਨ ਲਈ ਕਹਿੰਦਾ ਹੈ ਜਿਸ ਕਰਕੇ ਉਸ ਨਾਲ ਦੋਸਤੀ ਕਰਨ ਦਾ ਰਾਹ ਖੁੱਲ੍ਹ ਜਾਂਦਾ ਹੈ। ਉਹ ਕਹਿੰਦਾ ਹੈ: “ਤੁਸੀਂ ਮੈਨੂੰ ਪੁਕਾਰੋਗੇ ਅਤੇ ਜਾ ਕੇ ਮੈਥੋਂ ਪ੍ਰਾਰਥਨਾ ਕਰੋਗੇ ਤੇ ਮੈਂ ਤੁਹਾਡੀ ਸੁਣਾਂਗਾ।” (ਯਿਰਮਿਯਾਹ 29:12) ਤੁਸੀਂ ਜਿੱਦਾਂ-ਜਿੱਦਾਂ ਰੱਬ ਨਾਲ ਗੱਲਾਂ ਕਰੋਗੇ, ਉੱਦਾਂ-ਉੱਦਾਂ ਤੁਸੀਂ ਰੱਬ ਦੇ ‘ਨੇੜੇ ਆਓਗੇ ਅਤੇ ਉਹ ਤੁਹਾਡੇ ਨੇੜੇ ਆਵੇਗਾ।’ (ਯਾਕੂਬ 4:8) ਬਾਈਬਲ ਸਾਨੂੰ ਯਕੀਨ ਦਿਵਾਉਂਦੀ ਹੈ: “ਯਹੋਵਾਹ ਉਨ੍ਹਾਂ ਸਭਨਾਂ ਦੇ ਨੇੜੇ ਹੈ ਜਿਹੜੇ ਉਹ ਨੂੰ ਪੁਕਾਰਦੇ ਹਨ।” (ਜ਼ਬੂਰਾਂ ਦੀ ਪੋਥੀ 145:18) ਅਸੀਂ ਜਿੰਨੀ ਜ਼ਿਆਦਾ ਰੱਬ ਨੂੰ ਪ੍ਰਾਰਥਨਾ ਕਰਾਂਗੇ, ਉੱਨੀ ਜ਼ਿਆਦਾ ਸਾਡੀ ਦੋਸਤੀ ਉਸ ਨਾਲ ਗੂੜ੍ਹੀ ਹੋਵੇਗੀ।

“ਯਹੋਵਾਹ ਉਨ੍ਹਾਂ ਸਭਨਾਂ ਦੇ ਨੇੜੇ ਹੈ ਜਿਹੜੇ ਉਹ ਨੂੰ ਪੁਕਾਰਦੇ ਹਨ।”—ਜ਼ਬੂਰਾਂ ਦੀ ਪੋਥੀ 145:18

ਰੱਬ ਤੁਹਾਡੀ ਮਦਦ ਕਰਨੀ ਚਾਹੁੰਦਾ ਹੈ

ਯਿਸੂ ਨੇ ਕਿਹਾ: “ਤੁਹਾਡੇ ਵਿੱਚੋਂ ਕੌਣ ਆਪਣੇ ਪੁੱਤਰ ਨੂੰ ਰੋਟੀ ਮੰਗਣ ਤੇ ਪੱਥਰ ਦੇਵੇਗਾ? ਜਾਂ ਮੱਛੀ ਮੰਗਣ ਤੇ ਉਸ ਨੂੰ ਸੱਪ ਦੇਵੇਗਾ? ਇਸ ਲਈ, ਜੇ ਤੁਸੀਂ . . . ਆਪਣੇ ਬੱਚਿਆਂ ਨੂੰ ਤੋਹਫ਼ੇ ਦੇਣੇ ਜਾਣਦੇ ਹੋ, ਤਾਂ ਇਸ ਗੱਲ ਦਾ ਪੂਰਾ ਭਰੋਸਾ ਰੱਖੋ ਕਿ ਤੁਹਾਡਾ ਪਿਤਾ ਜੋ ਸਵਰਗ ਵਿਚ ਹੈ, ਉਨ੍ਹਾਂ ਨੂੰ ਚੰਗੀਆਂ ਚੀਜ਼ਾਂ ਜ਼ਰੂਰ ਦੇਵੇਗਾ ਜੋ ਉਸ ਤੋਂ ਮੰਗਦੇ ਹਨ!” (ਮੱਤੀ 7:9-11) ਹਾਂ, ਰੱਬ ਤੁਹਾਨੂੰ ਦੁਆ ਕਰਨ ਦਾ ਸੱਦਾ ਦਿੰਦਾ ਹੈ ਕਿਉਂਕਿ “ਉਸ ਨੂੰ ਤੁਹਾਡਾ ਫ਼ਿਕਰ ਹੈ” ਅਤੇ ਉਹ ਤੁਹਾਡੀ ਮਦਦ ਕਰਨੀ ਚਾਹੁੰਦਾ ਹੈ। (1 ਪਤਰਸ 5:7) ਉਹ ਤੁਹਾਨੂੰ ਉਦੋਂ ਵੀ ਪ੍ਰਾਰਥਨਾ ਕਰਨ ਲਈ ਕਹਿੰਦਾ ਹੈ ਜਦੋਂ ਤੁਸੀਂ ਮੁਸ਼ਕਲਾਂ ਵਿਚ ਹੁੰਦੇ ਹੋ। ਬਾਈਬਲ ਸਾਨੂੰ ਦੱਸਦੀ ਹੈ: “ਕਿਸੇ ਗੱਲ ਦੀ ਚਿੰਤਾ ਨਾ ਕਰੋ, ਸਗੋਂ ਹਰ ਗੱਲ ਵਿਚ ਪਰਮੇਸ਼ੁਰ ਨੂੰ ਪ੍ਰਾਰਥਨਾ, ਫ਼ਰਿਆਦ, ਧੰਨਵਾਦ ਤੇ ਬੇਨਤੀ ਕਰੋ।”​—ਫ਼ਿਲਿੱਪੀਆਂ 4:6.

ਇਨਸਾਨਾਂ ਨੂੰ ਰੱਬ ਦੀ ਅਗਵਾਈ ਦੀ ਲੋੜ ਹੈ

ਇਨਸਾਨੀ ਸੁਭਾਅ ਦੇ ਮਾਹਰਾਂ ਨੇ ਦੇਖਿਆ ਹੈ ਕਿ ਲੱਖਾਂ-ਕਰੋੜਾਂ ਲੋਕ ਪ੍ਰਾਰਥਨਾ ਕਰਨ ਦੀ ਲੋੜ ਮਹਿਸੂਸ ਕਰਦੇ ਹਨ। ਇਨ੍ਹਾਂ ਲੋਕਾਂ ਵਿਚ ਕਈ ਨਾਸਤਿਕ ਅਤੇ ਪਰਮੇਸ਼ੁਰ ਦੀ ਹੋਂਦ ’ਤੇ ਸ਼ੱਕ ਕਰਨ ਵਾਲੇ ਵੀ ਸ਼ਾਮਲ ਹਨ। * ਇਸ ਗੱਲ ਤੋਂ ਸਬੂਤ ਮਿਲਦਾ ਹੈ ਕਿ ਇਨਸਾਨਾਂ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਉਨ੍ਹਾਂ ਨੂੰ ਪਰਮੇਸ਼ੁਰ ਦੀ ਅਗਵਾਈ ਦੀ ਲੋੜ ਹੈ। ਯਿਸੂ ਨੇ ਕਿਹਾ: “ਖ਼ੁਸ਼ ਹਨ ਜਿਹੜੇ ਪਰਮੇਸ਼ੁਰ ਦੀ ਅਗਵਾਈ ਲਈ ਤਰਸਦੇ ਹਨ।” (ਮੱਤੀ 5:3) ਅਸੀਂ ਲਗਾਤਾਰ ਰੱਬ ਨੂੰ ਦੁਆ ਕਰ ਕੇ ਇਹ ਲੋੜ ਪੂਰੀ ਕਰ ਸਕਦੇ ਹਾਂ।

ਜੇ ਅਸੀਂ ਰੱਬ ਨੂੰ ਦੁਆ ਕਰਨ ਦਾ ਸੱਦਾ ਸਵੀਕਾਰ ਕਰਦੇ ਹਾਂ, ਤਾਂ ਸਾਨੂੰ ਕਿਹੜੇ ਫ਼ਾਇਦੇ ਹੋ ਸਕਦੇ ਹਨ? (w15-E 10/01)

^ ਪੈਰਾ 8 ਪਿਊ ਖੋਜ ਕੇਂਦਰ ਦੇ 2012 ਵਿਚ ਕੀਤੇ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਅਮਰੀਕਾ ਵਿਚ 11 ਪ੍ਰਤਿਸ਼ਤ ਨਾਸਤਿਕ/ਪਰਮੇਸ਼ੁਰ ਦੀ ਹੋਂਦ ’ਤੇ ਸ਼ੱਕ ਕਰਨ ਵਾਲੇ ਲੋਕ ਮਹੀਨੇ ਵਿਚ ਘੱਟੋ-ਘੱਟ ਇਕ ਵਾਰ ਰੱਬ ਨੂੰ ਪ੍ਰਾਰਥਨਾ ਕਰਦੇ ਹਨ।