Skip to content

Skip to table of contents

ਸਟੱਡੀ ਨੂੰ ਹੋਰ ਮਜ਼ੇਦਾਰ ਤੇ ਲਾਹੇਵੰਦ ਬਣਾਓ

ਸਟੱਡੀ ਨੂੰ ਹੋਰ ਮਜ਼ੇਦਾਰ ਤੇ ਲਾਹੇਵੰਦ ਬਣਾਓ

ਸਟੱਡੀ ਨੂੰ ਹੋਰ ਮਜ਼ੇਦਾਰ ਤੇ ਲਾਹੇਵੰਦ ਬਣਾਓ

ਅਸੀਂ ਬਾਈਬਲ ਦੀ ਸਟੱਡੀ ਨੂੰ ਹੋਰ ਮਜ਼ੇਦਾਰ ਤੇ ਲਾਹੇਵੰਦ ਕਿਵੇਂ ਬਣਾ ਸਕਦੇ ਹਾਂ? ਆਓ ਆਪਾਂ ਤਿੰਨ ਅਹਿਮ ਗੱਲਾਂ ’ਤੇ ਵਿਚਾਰ ਕਰੀਏ ਜਿਨ੍ਹਾਂ ਨਾਲ ਅਸੀਂ ਆਪਣੀ ਸਟੱਡੀ ਤੋਂ ਜ਼ਿਆਦਾ ਫ਼ਾਇਦਾ ਲੈ ਸਕਦੇ ਹਾਂ।

1 ਪ੍ਰਾਰਥਨਾ ਕਰੋ: ਪਹਿਲੀ ਗੱਲ ਹੈ ਪ੍ਰਾਰਥਨਾ ਕਰਨੀ। (ਜ਼ਬੂ. 42:8) ਇਹ ਕਿਉਂ ਜ਼ਰੂਰੀ ਹੈ? ਪਰਮੇਸ਼ੁਰ ਦੇ ਬਚਨ ਦੀ ਸਟੱਡੀ ਭਗਤੀ ਦਾ ਹਿੱਸਾ ਹੈ। ਇਸ ਲਈ ਸਾਨੂੰ ਸਟੱਡੀ ਕਰਨ ਲਈ ਆਪਣਾ ਮਨ ਤਿਆਰ ਕਰਨ ਦੀ ਲੋੜ ਹੈ ਜਿਸ ਕਰਕੇ ਸਾਨੂੰ ਯਹੋਵਾਹ ਕੋਲੋਂ ਮਦਦ ਤੇ ਪਵਿੱਤਰ ਸ਼ਕਤੀ ਮੰਗਣੀ ਚਾਹੀਦੀ ਹੈ। (ਲੂਕਾ 11:13) ਲੰਬੇ ਸਮੇਂ ਤੋਂ ਮਿਸ਼ਨਰੀ ਸੇਵਾ ਕਰ ਰਹੀ ਭੈਣ ਬਾਰਬਰਾ ਦੱਸਦੀ ਹੈ: “ਬਾਈਬਲ ਪੜ੍ਹਨ ਜਾਂ ਇਸ ਦੀ ਸਟੱਡੀ ਕਰਨ ਤੋਂ ਪਹਿਲਾਂ ਮੈਂ ਹਮੇਸ਼ਾ ਪ੍ਰਾਰਥਨਾ ਕਰਦੀ ਹਾਂ। ਪ੍ਰਾਰਥਨਾ ਕਰਨ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਯਹੋਵਾਹ ਮੇਰੇ ਨਾਲ ਹੈ ਤੇ ਮੈਂ ਜੋ ਵੀ ਸਟੱਡੀ ਕਰਦੀ ਹਾਂ ਯਹੋਵਾਹ ਉਸ ਤੋਂ ਖ਼ੁਸ਼ ਹੈ।” ਸਟੱਡੀ ਤੋਂ ਪਹਿਲਾਂ ਪ੍ਰਾਰਥਨਾ ਕਰਨ ਨਾਲ ਸਾਡਾ ਮਨ ਤੇ ਦਿਲ ਸੱਚਾਈ ਦੀਆਂ ਗੱਲਾਂ ਨੂੰ ਸਵੀਕਾਰ ਕਰਨ ਲਈ ਤਿਆਰ ਹੋ ਜਾਂਦਾ ਹੈ।

2 ਮਨਨ ਕਰੋ: ਸਮੇਂ ਦੀ ਘਾਟ ਹੋਣ ਕਰਕੇ ਕਈ ਸਿਰਫ਼ ਬਾਈਬਲ ਨੂੰ ਪੜ੍ਹਦੇ ਹੀ ਹਨ। ਪਰ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨੂੰ ਪੂਰਾ ਫ਼ਾਇਦਾ ਨਹੀਂ ਹੁੰਦਾ। ਕਾਰਲੋਸ ਯਹੋਵਾਹ ਦੀ ਸੇਵਾ 50 ਤੋਂ ਜ਼ਿਆਦਾ ਸਾਲਾਂ ਤੋਂ ਕਰ ਰਿਹਾ ਹੈ। ਉਸ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਸਟੱਡੀ ਨੂੰ ਫ਼ਾਇਦੇਮੰਦ ਬਣਾਉਣ ਲਈ ਮਨਨ ਕਰਨ ਲਈ ਸਮਾਂ ਕੱਢਣਾ ਕਿੰਨਾ ਜ਼ਰੂਰੀ ਹੈ। ਉਹ ਕਹਿੰਦਾ ਹੈ: “ਪਹਿਲਾਂ ਮੈਂ ਬਾਈਬਲ ਦੇ ਕਈ ਪੰਨੇ ਪੜ੍ਹਦਾ ਸੀ, ਪਰ ਹੁਣ ਹਰ ਰੋਜ਼ ਦੋ ਪੰਨੇ ਹੀ ਪੜ੍ਹਦਾ ਹਾਂ ਤਾਂਕਿ ਮੈਂ ਜ਼ਿਆਦਾ ਸਮਾਂ ਪੜ੍ਹੀਆਂ ਗੱਲਾਂ ’ਤੇ ਮਨਨ ਕਰਨ ਵਿਚ ਲਗਾ ਸਕਾਂ ਅਤੇ ਜ਼ਰੂਰੀ ਗੱਲਾਂ ਸਿੱਖ ਸਕਾਂ।” (ਜ਼ਬੂ. 77:12) ਜਦੋਂ ਅਸੀਂ ਮਨਨ ਕਰਨ ਲਈ ਸਮਾਂ ਕੱਢਦੇ ਹਾਂ, ਤਾਂ ਪਰਮੇਸ਼ੁਰ ਦੀ ਇੱਛਾ ਬਾਰੇ ਸਾਡਾ ਗਿਆਨ ਤੇ ਸਮਝ ਵਧਦੀ ਹੈ।—ਕੁਲੁ. 1:9-11.

3 ਲਾਗੂ ਕਰੋ: ਜੇ ਸਾਨੂੰ ਲੱਗਦਾ ਹੈ ਕਿ ਕੋਈ ਕੰਮ ਸਾਡੇ ਲਈ ਕਿੰਨਾ ਫ਼ਾਇਦੇਮੰਦ ਹੈ, ਤਾਂ ਉਹ ਸਾਡੇ ਲਈ ਹੋਰ ਜ਼ਰੂਰੀ ਬਣ ਜਾਂਦਾ ਹੈ। ਨੌਜਵਾਨ ਭਰਾ ਗੈਬਰੀਏਲ, ਜਿਸ ਦੀ ਹਰ ਰੋਜ਼ ਬਾਈਬਲ ਸਟੱਡੀ ਕਰਨ ਦੀ ਆਦਤ ਹੈ, ਕਹਿੰਦਾ ਹੈ: “ਸਟੱਡੀ ਕਰਕੇ ਮੈਂ ਹਰ ਰੋਜ਼ ਆਉਣ ਵਾਲੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰ ਸਕਦਾ ਹਾਂ ਤੇ ਦੂਜਿਆਂ ਦੀ ਮਦਦ ਕਰਨ ਲਈ ਤਿਆਰ ਹੁੰਦਾ ਹਾਂ।” ਉਹ ਅੱਗੇ ਕਹਿੰਦਾ ਹੈ: “ਮੈਂ ਉਨ੍ਹਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨ ਦੀ ਕੋਸ਼ਿਸ਼ ਕਰਦਾ ਹਾਂ ਜੋ ਮੈਂ ਸਿੱਖਦਾ ਹਾਂ।” (ਬਿਵ. 11:18; ਯਹੋ. 1:8) ਜੀ ਹਾਂ, ਬਾਈਬਲ ਵਿਚ ਪਰਮੇਸ਼ੁਰ ਦੇ ਗਿਆਨ ਦਾ ਖ਼ਜ਼ਾਨਾ ਹੈ ਜਿਸ ਨੂੰ ਅਸੀਂ ਲੈ ਸਕਦੇ ਹਾਂ ਤੇ ਇਸ ਗਿਆਨ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਸਕਦੇ ਹਾਂ।—ਕਹਾ. 2:1-5.

ਮੁੜ ਵਿਚਾਰ ਕਰੋ: ਸਾਡੇ ਕੋਲ ਕਿੰਨਾ ਵੱਡਾ ਸਨਮਾਨ ਹੈ ਕਿ ਅਸੀਂ ਉਹ ਗਿਆਨ ਲੈ ਸਕਦੇ ਹਾਂ ਜੋ ਬੁੱਧੀਮਾਨ ਯਹੋਵਾਹ ਪਰਮੇਸ਼ੁਰ ਦਿੰਦਾ ਹੈ। (ਰੋਮੀ. 11:33) ਇਸ ਲਈ ਜਦੋਂ ਤੁਸੀਂ ਅਗਲੀ ਵਾਰ ਸਟੱਡੀ ਕਰੋ, ਤਾਂ ਕਿਉਂ ਨਾ ਪਹਿਲਾਂ ਯਹੋਵਾਹ ਨੂੰ ਪ੍ਰਾਰਥਨਾ ਕਰ ਕੇ ਸਟੱਡੀ ਕਰਨ ਲਈ ਆਪਣਾ ਮਨ ਤਿਆਰ ਕਰੋ ਤੇ ਉਸ ਕੋਲੋਂ ਪਵਿੱਤਰ ਸ਼ਕਤੀ ਮੰਗੋ। ਫਿਰ ਪੜ੍ਹੀਆਂ ਗੱਲਾਂ ’ਤੇ ਮਨਨ ਕਰੋ। ਇਸ ਦੇ ਨਾਲ-ਨਾਲ ਸਿੱਖੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ’ਤੇ ਲਾਗੂ ਕਰੋ। ਜਦੋਂ ਅਸੀਂ ਇਨ੍ਹਾਂ ਅਹਿਮ ਗੱਲਾਂ ਅਨੁਸਾਰ ਸਟੱਡੀ ਕਰਾਂਗੇ, ਤਾਂ ਸਾਡੀ ਸਟੱਡੀ ਹੋਰ ਮਜ਼ੇਦਾਰ ਤੇ ਲਾਹੇਵੰਦ ਬਣੇਗੀ।