ਇਤਿਹਾਸ ਦੇ ਪੰਨਿਆਂ ਤੋਂ
ਅਨਮੋਲ ਯਾਦਾਂ ਦੇ ਖ਼ਜ਼ਾਨੇ ਨੂੰ ਸਾਂਭਣਾ
ਯਹੋਵਾਹ ਦੇ ਲੋਕਾਂ ਦਾ ਇਤਿਹਾਸ ਬਹੁਤ ਲੰਬਾ ਅਤੇ ਦਿਲਚਸਪ ਹੈ। ਉਨ੍ਹਾਂ ਦੇ ਅਮੀਰ ਵਿਰਸੇ ਬਾਰੇ ਸਿਰਫ਼ ਕਿਤਾਬਾਂ-ਰਸਾਲਿਆਂ ਦੁਆਰਾ ਹੀ ਨਹੀਂ, ਸਗੋਂ ਸਾਡੀ ਭਗਤੀ, ਪ੍ਰਚਾਰ ਦੇ ਕੰਮ ਅਤੇ ਸਾਡੇ ਇਤਿਹਾਸ ਨਾਲ ਜੁੜੀਆਂ ਫੋਟੋਆਂ, ਚਿੱਠੀਆਂ, ਭੈਣਾਂ-ਭਰਾਵਾਂ ਦੇ ਤਜਰਬਿਆਂ ਅਤੇ ਹੋਰ ਚੀਜ਼ਾਂ ਰਾਹੀਂ ਵੀ ਜਾਣਿਆ ਜਾ ਸਕਦਾ ਹੈ। ਪਰ ਇਨ੍ਹਾਂ ਚੀਜ਼ਾਂ ਨੂੰ ਸਾਂਭ-ਸਾਂਭ ਰੱਖਣ ਅਤੇ ਬੀਤ ਚੁੱਕੇ ਕੱਲ੍ਹ ਉੱਤੇ ਝਾਤੀ ਮਾਰਨ ਦਾ ਕੀ ਫ਼ਾਇਦਾ ਹੈ? ਪੁਰਾਣੇ ਇਜ਼ਰਾਈਲ ਵਿਚ ਪਰਿਵਾਰ ਦੇ ਮੁਖੀਆਂ ਦੀ ਜ਼ਿੰਮੇਵਾਰੀ ਹੁੰਦੀ ਸੀ ਕਿ ਉਹ ਆਪਣੇ ਪੁੱਤਰਾਂ ਨੂੰ ਯਹੋਵਾਹ ਦੇ ਕਾਨੂੰਨਾਂ ਅਤੇ ਉਸ ਦੇ ਵੱਡੇ-ਵੱਡੇ ਕੰਮਾਂ ਬਾਰੇ ਦੱਸਣ ਤਾਂਕਿ ਉਹ “ਪਰਮੇਸ਼ੁਰ ਵਿੱਚ ਆਪਣੀ ਆਸ਼ਾ ਰੱਖਣ।”—ਜ਼ਬੂ. 78:1-7.
ਯਹੋਵਾਹ ਦਾ ਮਕਸਦ ਪੂਰਾ ਹੋਣ ਵਿਚ ਪੁਰਾਣੀਆਂ ਚੀਜ਼ਾਂ ਦੀ ਛਾਣਬੀਣ ਕਰਨ ਦੀ ਬੜੀ ਅਹਿਮੀਅਤ ਰਹੀ ਹੈ। ਮਿਸਾਲ ਲਈ, ਜਦੋਂ ਵਿਰੋਧੀਆਂ ਨੇ ਯਰੂਸ਼ਲਮ ਵਿਚ ਮੰਦਰ ਦੀ ਉਸਾਰੀ ਦੇ ਕੰਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਉਸ ਵੇਲੇ ਅਧਿਕਾਰੀਆਂ ਨੇ ਮਾਦੀ ਰਾਜ ਦੀ ਰਾਜਧਾਨੀ ਐਕਬਟਾਨਾ ਵਿਚ ਰੱਖੇ ਦਸਤਾਵੇਜ਼ਾਂ ਦੀ ਜਾਂਚ ਕੀਤੀ। ਉਨ੍ਹਾਂ ਨੂੰ ਇਕ ਦਸਤਾਵੇਜ਼ ਮਿਲਿਆ ਜਿਸ ਵਿਚ ਰਾਜਾ ਖੋਰੁਸ ਨੇ ਮੰਦਰ ਦੀ ਉਸਾਰੀ ਦੀ ਇਜਾਜ਼ਤ ਦਿੱਤੀ ਸੀ। (ਅਜ਼. 6:1-4, 12) ਇਸ ਤਰ੍ਹਾਂ ਪਰਮੇਸ਼ੁਰ ਦੀ ਇੱਛਾ ਅਨੁਸਾਰ ਮੰਦਰ ਨੂੰ ਦੁਬਾਰਾ ਬਣਾਇਆ ਗਿਆ। ਆਪਣੀ ਕਿਤਾਬ ਲਿਖਣ ਤੋਂ ਪਹਿਲਾਂ ਲੂਕਾ ਨੇ ਵੀ ‘ਬੜੇ ਧਿਆਨ ਨਾਲ ਸ਼ੁਰੂ ਤੋਂ ਸਾਰੀਆਂ ਗੱਲਾਂ ਦੀ ਛਾਣਬੀਣ ਕੀਤੀ ਅਤੇ ਸਹੀ ਜਾਣਕਾਰੀ ਇਕੱਠੀ ਕੀਤੀ।’—ਲੂਕਾ 1:1-4.
ਪ੍ਰਬੰਧਕ ਸਭਾ ਨੂੰ ਯਹੋਵਾਹ ਦੇ ਗਵਾਹਾਂ ਦੇ ਇਤਿਹਾਸ ਵਿਚ ਬਹੁਤ ਦਿਲਚਸਪੀ ਹੈ। ਆਪਣੇ ਅਮੀਰ ਵਿਰਸੇ ਨੂੰ ਸਾਂਭ ਕੇ ਰੱਖਣ, ਇਸ ਦਾ
ਰਿਕਾਰਡ ਰੱਖਣ ਅਤੇ ਦੂਸਰਿਆਂ ਨੂੰ ਇਸ ਬਾਰੇ ਦੱਸਣ ਦੀ ਲੋੜ ਬਾਰੇ ਗੱਲ ਕਰਦੇ ਹੋਏ ਪ੍ਰਬੰਧਕ ਸਭਾ ਦੇ ਇਕ ਮੈਂਬਰ ਨੇ ਕਿਹਾ, “ਜੇ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਅਸੀਂ ਕਿੱਥੇ ਜਾ ਰਹੇ ਹਾਂ, ਤਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਕਿੱਥੋਂ ਆਏ ਹਾਂ।” ਇਸੇ ਕਰਕੇ ਹਾਲ ਹੀ ਵਿਚ ਬਰੁਕਲਿਨ, ਨਿਊਯਾਰਕ ਵਿਖੇ ਹੈੱਡ ਕੁਆਟਰ ਵਿਚ ਰਾਇਟਿੰਗ ਕਮੇਟੀ ਦੀ ਨਿਗਰਾਨੀ ਅਧੀਨ “ਹਿਸਟਰੀ ਆਰਕਾਈਵ” ਨਾਂ ਦਾ ਨਵਾਂ ਵਿਭਾਗ ਸ਼ੁਰੂ ਕੀਤਾ ਗਿਆ।ਸਾਡੇ “ਪਰਿਵਾਰ ਦੀ ਐਲਬਮ” ਅਤੇ “ਜੱਦੀ-ਪੁਸ਼ਤੀ ਚੀਜ਼ਾਂ”
ਲੰਘ ਚੁੱਕੇ ਕੱਲ੍ਹ ਦੀਆਂ ਯਾਦਾਂ ਸਮੇਂ ਦੇ ਬੀਤਣ ਨਾਲ ਧੁੰਦਲੀਆਂ ਪੈ ਜਾਂਦੀਆਂ ਹਨ ਅਤੇ ਅਸੀਂ ਸੋਚਦੇ ਹਾਂ, ‘ਕਾਸ਼ ਅਸੀਂ ਆਪਣੇ ਪਰਿਵਾਰ ਦੀਆਂ ਯਾਦਾਂ ਨੂੰ ਚੰਗੀ ਤਰ੍ਹਾਂ ਸਾਂਭਿਆ ਹੁੰਦਾ!’ ਇਸ ਨਵੇਂ ਵਿਭਾਗ ਵਿਚ ਆਪਣੇ ਅਮੀਰ ਵਿਰਸੇ ਨੂੰ ਸਾਂਭ ਕੇ ਰੱਖਣ ਲਈ ਬਹੁਤ ਮਿਹਨਤ ਕੀਤੀ ਜਾ ਰਹੀ ਹੈ। ਇਸ ਲਈ ਇਸ ਵਿਭਾਗ ਵਿਚ ਧਿਆਨ ਨਾਲ ਸਾਂਭ ਕੇ ਰੱਖੀਆਂ ਗਈਆਂ ਫੋਟੋਆਂ ਸਾਡੇ “ਪਰਿਵਾਰ ਦੀ ਐਲਬਮ” ਦਾ ਹਿੱਸਾ ਹਨ। ਸਾਡੇ ਪੁਰਾਣੇ ਪ੍ਰਕਾਸ਼ਨਾਂ, ਭੈਣਾਂ-ਭਰਾਵਾਂ ਦੇ ਦਿਲਚਸਪ ਤਜਰਬਿਆਂ ਅਤੇ ਹੋਰ ਅਨਮੋਲ ਚੀਜ਼ਾਂ ਦਾ ਖ਼ਜ਼ਾਨਾ ਇਸ ਵਿਭਾਗ ਵਿਚ ਰੱਖਿਆ ਹੋਇਆ ਹੈ। ਇਹ ਸਭ ਕੁਝ “ਜੱਦੀ-ਪੁਸ਼ਤੀ ਚੀਜ਼ਾਂ” ਹਨ ਜਿਹੜੀਆਂ ਗਵਾਹਾਂ ਦੇ ਵਿਰਸੇ ਉੱਤੇ ਚਾਨਣਾ ਪਾਉਂਦੀਆਂ ਹਨ ਅਤੇ ਸਾਡੀ ਇਹ ਦੇਖਣ ਵਿਚ ਮਦਦ ਕਰਦੀਆਂ ਹਨ ਕਿ ਪਰਮੇਸ਼ੁਰ ਦੇ ਪਰਿਵਾਰ ਦਾ ਭਵਿੱਖ ਬਹੁਤ ਚੰਗਾ ਹੈ।
ਅਸੀਂ ਤੁਹਾਨੂੰ ਨਵੇਂ ਲੇਖ “ਇਤਿਹਾਸ ਦੇ ਪੰਨਿਆਂ ਤੋਂ” ਦੀ ਮਦਦ ਨਾਲ ਇਸ ਨਵੇਂ ਵਿਭਾਗ ਵਿਚ ਰੱਖੀਆਂ ਚੀਜ਼ਾਂ ਦੇਖਣ ਦਾ ਸੱਦਾ ਦਿੰਦੇ ਹਾਂ। ਇਹ ਪਹਿਰਾਬੁਰਜ ਦੇ ਸਟੱਡੀ ਐਡੀਸ਼ਨ ਵਿਚ ਕਦੀ-ਕਦੀ ਛਪਿਆ ਕਰੇਗਾ। ਆਉਣ ਵਾਲੇ ਇਕ ਅੰਕ ਵਿਚ ਅਸੀਂ ਇਸ ਲੇਖ ਵਿਚ ਦੱਸਾਂਗੇ: ਡੌਨ ਮੋਬਾਇਲ ਨਾਂ ਦੀ ਗੱਡੀ ਕੀ ਸੀ? ਇਸ ਨੂੰ ਕੌਣ ਵਰਤਦੇ ਸਨ? ਇਹ ਕਦੋਂ ਅਤੇ ਕਿਸ ਮਕਸਦ ਲਈ ਵਰਤੀ ਗਈ ਸੀ?
ਜਿਵੇਂ ਪਰਿਵਾਰ ਦੀ ਐਲਬਮ ਯਾਦਾਂ ਦੀ ਪਟਾਰੀ ਹੁੰਦੀ ਹੈ, ਇਸੇ ਤਰ੍ਹਾਂ ਇਸ ਵਿਭਾਗ ਵਿਚ ਰੱਖੀਆਂ ਚੀਜ਼ਾਂ ਸਾਨੂੰ ਸਾਡੇ ਬਾਰੇ ਅਤੇ ਸਾਡੇ ਤੋਂ ਪਹਿਲਾਂ ਹੋਏ ਭੈਣਾਂ-ਭਰਾਵਾਂ ਦੀ ਨਿਹਚਾ ਅਤੇ ਹਿੰਮਤ ਬਾਰੇ ਦੱਸਦੀਆਂ ਹਨ। ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਆਪਣੇ ਪਿਆਰੇ ਪਰਮੇਸ਼ੁਰ ਦੀ ਸੇਵਾ ਕਰਨ ਕਰਕੇ ਕਿਹੜੀਆਂ ਖ਼ੁਸ਼ੀਆਂ ਮਿਲੀਆਂ ਤੇ ਉਨ੍ਹਾਂ ਨੇ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਅਤੇ ਪਰਮੇਸ਼ੁਰ ਨੇ ਆਪਣੇ ਲੋਕਾਂ ਦੀ ਕਿਵੇਂ ਅਗਵਾਈ ਕੀਤੀ ਅਤੇ ਉਹ ਕਿਵੇਂ ਉਨ੍ਹਾਂ ਦੇ ਨਾਲ-ਨਾਲ ਰਿਹਾ। (ਜ਼ਬੂ. 46:11) ਸਾਨੂੰ ਪੂਰਾ ਭਰੋਸਾ ਹੈ ਕਿ ਆਪਣੇ ਅਮੀਰ ਵਿਰਸੇ ਨੂੰ ਸਾਂਭ ਕੇ ਰੱਖਣ ਦੇ ਸਾਡੇ ਜਤਨਾਂ ਉੱਤੇ ਯਹੋਵਾਹ ਬਰਕਤ ਪਾਉਂਦਾ ਰਹੇਗਾ ਤਾਂਕਿ ਸਾਡੇ ਵਿਚ ਹੋਰ ਜ਼ਿਆਦਾ ਏਕਤਾ ਹੋਵੇ ਅਤੇ ਉਸ ਦੀ ਇੱਛਾ ਪੂਰੀ ਕਰਨ ਲਈ ਅਸੀਂ ਤਕੜੇ ਹੋਈਏ।
[ਸਫ਼ਾ 31 ਉੱਤੇ ਡੱਬੀ/ਤਸਵੀਰ]
ਹਿਸਟਰੀ ਆਰਕਾਈਵ ਵਿਭਾਗ ਦਾ ਕੰਮ
ਪ੍ਰਕਾਸ਼ਨ, ਡੀ.ਵੀ.ਡੀਜ਼ ਵਗੈਰਾ ਤਿਆਰ ਕਰਨ ਲਈ ਸਾਡੇ ਲੇਖਕ, ਕਲਾਕਾਰ, ਖੋਜਕਾਰ ਅਤੇ ਹੋਰ ਲੋਕ ਇਸ ਵਿਭਾਗ ਵਿਚ ਸਾਂਭ ਕੇ ਰੱਖੀਆਂ ਗਈਆਂ ਚੀਜ਼ਾਂ ਦੀ ਮਦਦ ਲੈਂਦੇ ਹਨ। ਇਸ ਲਈ ਇਹ ਵਿਭਾਗ ਬ੍ਰਾਂਚ ਆਫ਼ਿਸਾਂ, ਬੈਥਲ ਦੇ ਵਿਭਾਗਾਂ, ਮੰਡਲੀਆਂ, ਭੈਣਾਂ-ਭਰਾਵਾਂ ਤੇ ਹੋਰ ਸੰਸਥਾਵਾਂ ਤੋਂ ਇਤਿਹਾਸ ਨਾਲ ਸੰਬੰਧਿਤ ਚੀਜ਼ਾਂ ਇਕੱਠੀਆਂ ਕਰਦਾ ਹੈ ਅਤੇ ਬੜੇ ਧਿਆਨ ਨਾਲ ਸਾਂਭ ਕੇ ਰੱਖਦਾ ਹੈ। ਆਓ ਆਪਾਂ ਇਸ ਦੇ ਕੰਮ ਉੱਤੇ ਨਜ਼ਰ ਮਾਰੀਏ:
ਚੀਜ਼ਾਂ ਇਕੱਠੀਆਂ ਕਰਨੀਆਂ ਅਤੇ ਜਾਂਚ ਕਰਨੀ: ਇਸ ਵਿਭਾਗ ਵਿਚ ਅਨੋਖੀਆਂ ਚੀਜ਼ਾਂ ਲਗਾਤਾਰ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਵਿਚ ਬਹੁਤ ਸਾਰੀਆਂ ਚੀਜ਼ਾਂ ਉਨ੍ਹਾਂ ਲੋਕਾਂ ਨੇ ਦਾਨ ਕੀਤੀਆਂ ਹਨ ਜਾਂ ਕੁਝ ਸਮੇਂ ਲਈ ਉਧਾਰ ਦਿੱਤੀਆਂ ਹਨ ਜਿਨ੍ਹਾਂ ਦੇ ਪਰਿਵਾਰ ਬਹੁਤ ਲੰਬੇ ਸਮੇਂ ਤੋਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਨ। ਇਨ੍ਹਾਂ ਚੀਜ਼ਾਂ ਦੀ ਜਾਂਚ ਕਰ ਕੇ ਸਾਨੂੰ ਆਪਣੇ ਇਤਿਹਾਸ ਅਤੇ ਬੀਤੇ ਸਮੇਂ ਵਿਚ ਸੇਵਾ ਕਰਨ ਵਾਲੇ ਲੋਕਾਂ ਬਾਰੇ ਹੋਰ ਪਤਾ ਲੱਗਦਾ ਹੈ।
ਸੂਚੀ ਬਣਾਉਣੀ: ਇਸ ਵਿਭਾਗ ਵਿਚ ਹਜ਼ਾਰਾਂ ਹੀ ਚੀਜ਼ਾਂ ਹਨ ਅਤੇ ਕਈ ਚੀਜ਼ਾਂ ਸੌ ਤੋਂ ਵੀ ਜ਼ਿਆਦਾ ਸਾਲ ਪੁਰਾਣੀਆਂ ਹਨ। ਇਹ ਚੀਜ਼ਾਂ ਵੱਖੋ-ਵੱਖਰੇ ਸਾਈਜ਼ ਤੇ ਸ਼ਕਲਾਂ ਵਿਚ ਹਨ ਅਤੇ ਭਵਿੱਖ ਵਿਚ ਇਨ੍ਹਾਂ ਨੂੰ ਵਰਤਣ ਲਈ ਧਿਆਨ ਨਾਲ ਇਨ੍ਹਾਂ ਦੀ ਸੂਚੀ ਬਣਾਈ ਜਾਣੀ ਜ਼ਰੂਰੀ ਹੈ।
ਮੁਰੰਮਤ ਅਤੇ ਸਾਂਭ-ਸੰਭਾਲ ਕਰਨੀ: ਆਧੁਨਿਕ ਤਰੀਕਿਆਂ ਦੀ ਮਦਦ ਨਾਲ ਬਹੁਤ ਪੁਰਾਣੀਆਂ ਕਿਤਾਬਾਂ ਅਤੇ ਚੀਜ਼ਾਂ ਦੀ ਮੁਰੰਮਤ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਨੂੰ ਸੰਭਾਲ ਕੇ ਰੱਖਿਆ ਜਾਂਦਾ ਹੈ। ਪੁਰਾਣੇ ਦਸਤਾਵੇਜ਼, ਫੋਟੋਆਂ, ਅਖ਼ਬਾਰਾਂ ਦੀਆਂ ਕਾਤਰਾਂ, ਫ਼ਿਲਮਾਂ ਅਤੇ ਰਿਕਾਰਡਿੰਗਾਂ ਨੂੰ ਡਿਜੀਟਲ ਫੌਰਮੈਟ ਵਿਚ ਸੰਭਾਲਿਆ ਜਾਂਦਾ ਹੈ। ਫਿਰ ਇਨ੍ਹਾਂ ਨੂੰ ਕੰਪਿਊਟਰ ਦੀ ਮਦਦ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਇਤਿਹਾਸ ਨਾਲ ਜੁੜੇ ਅਸਲੀ ਦਸਤਾਵੇਜ਼ਾਂ ਤੇ ਹੋਰ ਚੀਜ਼ਾਂ ਨੂੰ ਵਾਰ-ਵਾਰ ਹੱਥ ਲਾਉਣ ਦੀ ਲੋੜ ਨਹੀਂ ਪੈਂਦੀ।
ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਢੰਗ ਸਿਰ ਅਤੇ ਬਹੁਤ ਸੰਭਾਲ ਕੇ ਰੱਖਿਆ ਜਾਂਦਾ ਹੈ ਤਾਂਕਿ ਇਹ ਗੁਆਚ ਨਾ ਜਾਣ ਅਤੇ ਰੌਸ਼ਨੀ ਤੇ ਨਮੀ ਕਰਕੇ ਖ਼ਰਾਬ ਨਾ ਹੋ ਜਾਣ। ਕੰਪਿਊਟਰ ਉੱਤੇ ਇਕ ਪ੍ਰੋਗ੍ਰਾਮ ਤਿਆਰ ਕੀਤਾ ਜਾ ਰਿਹਾ ਹੈ ਜਿਸ ਦੀ ਮਦਦ ਨਾਲ ਪਤਾ ਰਹੇਗਾ ਕਿ ਇਤਿਹਾਸ ਦੇ ਇਹ ਅਨਮੋਲ ਰਤਨ ਕਿੱਥੇ ਰੱਖੇ ਗਏ ਹਨ।
[ਸਫ਼ਾ 32 ਉੱਤੇ ਤਸਵੀਰਾਂ]
1. “ਸ੍ਰਿਸ਼ਟੀ ਦਾ ਫੋਟੋ-ਡਰਾਮਾ” ਦਾ ਪੋਸਟਰ। 2. ਸਬਸਕ੍ਰਿਪਸ਼ਨ ਰਜਿਸਟਰ। 3. ਲਾਊਡਸਪੀਕਰ ਵਾਲੀ ਕਾਰ। 4. ਪਹਿਰਾਬੁਰਜ, 15 ਅਪ੍ਰੈਲ 1912 ਦਾ ਪਹਿਲਾ ਸਫ਼ਾ। 5. ਜੇਲ੍ਹ ਵਿਚ ਜੇ. ਐੱਫ਼. ਰਦਰਫ਼ਰਡ ਦਾ ਰਿਕਾਰਡ ਫ਼ਾਰਮ। 6. ਸੋਸਾਇਟੀ ਦੇ ਰੇਡੀਓ ਸਟੇਸ਼ਨ ਡਬਲਯੂ. ਬੀ. ਬੀ. ਆਰ ਦਾ ਮਾਈਕ੍ਰੋਫ਼ੋਨ। 7. ਫੋਨੋਗ੍ਰਾਫ। 8. ਕਿਤਾਬਾਂ ਲਿਜਾਣ ਲਈ ਡੱਬਾ। 9. ਕਿਸੇ ਗਵਾਹ ਦੀ ਨੋਟਬੁੱਕ। 10. ਜੇ. ਐੱਫ਼. ਰਦਰਫ਼ਰਡ ਨੂੰ ਘੱਲੀ ਗਈ ਟੈਲੀਗ੍ਰਾਮ।