Skip to content

Skip to table of contents

ਆਓ ਰਲ਼ ਕੇ ਖ਼ੁਸ਼ੀਆਂ ਮਨਾਈਏ!

ਆਓ ਰਲ਼ ਕੇ ਖ਼ੁਸ਼ੀਆਂ ਮਨਾਈਏ!

ਆਓ ਰਲ਼ ਕੇ ਖ਼ੁਸ਼ੀਆਂ ਮਨਾਈਏ!

ਖ਼ੁਸ਼ੀ ਤੇ ਆਨੰਦ ਮਾਣਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਕਈਆਂ ਨੂੰ ਆਪਣੀਆਂ ਖ਼ੁਸ਼ੀਆਂ ਦੂਜਿਆਂ ਨਾਲ ਸਾਂਝੀਆਂ ਕਰਨੀਆਂ ਔਖੀਆਂ ਲੱਗਦੀਆਂ ਹਨ। ਅੱਜ-ਕੱਲ੍ਹ ਖ਼ਾਸਕਰ ਵੱਡੇ ਸ਼ਹਿਰਾਂ ਵਿਚ ਰਹਿਣ ਕਾਰਨ ਲੋਕ ਆਪਣੇ ਆਪ ਵਿਚ ਹੀ ਰਹਿੰਦੇ ਹਨ ਤੇ ਕਿਸੇ ਨਾਲ ਮਿਲਦੇ-ਵਰਤਦੇ ਨਹੀਂ।

ਇਕ ਮਨੋਵਿਗਿਆਨ ਦਾ ਪ੍ਰੋਫ਼ੈਸਰ ਐਲਬਰਤੋ ਓਲੀਵੇਰੀਓ ਕਹਿੰਦਾ ਹੈ: “ਕੋਈ ਸ਼ੱਕ ਨਹੀਂ ਕਿ ਵੱਡੇ-ਵੱਡੇ ਸ਼ਹਿਰਾਂ ਵਿਚ ਰਹਿਣ ਕਰਕੇ ਲੋਕਾਂ ਵਿਚ ਦੂਰੀਆਂ ਵਧੀਆਂ ਹਨ। ਕਈ ਹਾਲਾਤਾਂ ਵਿਚ ਤਾਂ ਅਸੀਂ ਆਪਣੇ ਨਾਲ ਕੰਮ ਕਰਨ ਵਾਲੇ ਬੰਦੇ, ਗੁਆਂਢੀ ਜਾਂ ਆਪਣੇ ਗੁਆਂਢ ਵਿਚ ਸੁਪਰ ਮਾਰਕੀਟ ਵਿਚ ਕੰਮ ਕਰਦੇ ਕਲਰਕ ਦੀ ਜ਼ਿੰਦਗੀ ਵਿਚ ਕੋਈ ਦਿਲਚਸਪੀ ਨਹੀਂ ਲੈਂਦੇ।” ਇਸ ਕਾਰਨ ਲੋਕ ਅਕਸਰ ਡਿਪਰੈਸ਼ਨ ਦੇ ਸ਼ਿਕਾਰ ਹੋ ਜਾਂਦੇ ਹਨ।

ਪਰ ਇਸ ਮਾਮਲੇ ਵਿਚ ਮਸੀਹੀਆਂ ਦੀ ਸੋਚ ਅਲੱਗ ਹੈ। ਪੌਲੁਸ ਰਸੂਲ ਨੇ ਲਿਖਿਆ: “ਸਦਾ ਅਨੰਦ ਰਹੋ।” (1 ਥੱਸ. 5:16) ਸਾਡੇ ਕੋਲ ਇਕੱਠੇ ਹੋ ਕੇ ਖ਼ੁਸ਼ੀ ਮਨਾਉਣ ਦੇ ਕਈ ਕਾਰਨ ਹਨ। ਅਸੀਂ ਅੱਤ ਮਹਾਨ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰਦੇ ਹਾਂ, ਅਸੀਂ ਬਾਈਬਲ ਦੀਆਂ ਸੱਚਾਈਆਂ ਨੂੰ ਸਮਝਦੇ ਹਾਂ, ਸਾਡੇ ਕੋਲ ਮੁਕਤੀ ਦੀ ਤੇ ਹਮੇਸ਼ਾ ਦੀ ਜ਼ਿੰਦਗੀ ਦੀ ਆਸ ਹੈ ਅਤੇ ਇਹੀ ਬਰਕਤਾਂ ਪਾਉਣ ਵਿਚ ਅਸੀਂ ਦੂਜਿਆਂ ਦੀ ਵੀ ਮਦਦ ਕਰ ਸਕਦੇ ਹਾਂ।—ਜ਼ਬੂ. 106:4, 5; ਯਿਰ. 15:16; ਰੋਮੀ. 12:12.

ਖ਼ੁਸ਼ੀ ਮਨਾਉਣੀ ਤੇ ਦੂਜਿਆਂ ਨਾਲ ਇਹ ਖ਼ੁਸ਼ੀ ਸਾਂਝੀ ਕਰਨੀ ਸੱਚੇ ਮਸੀਹੀਆਂ ਦੀ ਖ਼ਾਸੀਅਤ ਹੈ। ਸੋ ਇਸ ਵਿਚ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਪੌਲੁਸ ਨੇ ਫ਼ਿਲਿੱਪੀਆਂ ਦੇ ਮਸੀਹੀਆਂ ਨੂੰ ਲਿਖਿਆ: “ਮੈਂ ਬਹੁਤ ਖੁਸ਼ ਹੋਵਾਂਗਾ ਅਤੇ ਤੁਸੀਂ ਵੀ ਮੇਰੀ ਖੁਸ਼ੀ ਨੂੰ ਸਾਂਝਾ ਕਰੋਂਗੇ। ਤੁਹਾਨੂੰ ਸਾਰਿਆਂ ਨੂੰ ਵੀ ਮੇਰੇ ਨਾਲ ਰਲ ਕੇ ਖੁਸ਼ ਅਤੇ ਆਨੰਦ ਨਾਲ ਭਰਪੂਰ ਹੋਣਾ ਚਾਹੀਦਾ ਹੈ।” (ਫ਼ਿਲਿ. 2:17, 18, ERV) ਇਨ੍ਹਾਂ ਥੋੜ੍ਹੇ ਸ਼ਬਦਾਂ ਵਿਚ ਪੌਲੁਸ ਨੇ ਤਿੰਨ ਵਾਰ ਖ਼ੁਸ਼ ਹੋਣ ਅਤੇ ਇਕ ਵਾਰ ਰਲ਼ ਕੇ ਆਨੰਦ ਕਰਨ ਦੀ ਗੱਲ ਕੀਤੀ।

ਮਸੀਹੀਆਂ ਨੂੰ ਆਪਣੇ ਆਪ ਵਿਚ ਰਹਿਣ ਦੇ ਰੁਝਾਨ ਤੋਂ ਬਚਣ ਦੀ ਲੋੜ ਹੈ। ਜੋ ਦੂਜਿਆਂ ਤੋਂ ਦੂਰ-ਦੂਰ ਰਹਿੰਦਾ ਹੈ, ਉਹ ਭੈਣਾਂ-ਭਰਾਵਾਂ ਨਾਲ ਖ਼ੁਸ਼ੀ ਨਹੀਂ ਮਨਾ ਸਕਦਾ। ਇਸ ਲਈ ਅਸੀਂ ਪੌਲੁਸ ਦੀ ਇਸ ਸਲਾਹ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ ਕਿ ਭੈਣਾਂ-ਭਰਾਵਾਂ ਨਾਲ “ਪ੍ਰਭੁ ਵਿੱਚ ਅਨੰਦ ਰਹੋ”?—ਫ਼ਿਲਿ. 3:1.

ਭੈਣਾਂ-ਭਰਾਵਾਂ ਨਾਲ ਖ਼ੁਸ਼ੀ ਮਨਾਓ

ਜਦੋਂ ਪੌਲੁਸ ਨੇ ਫ਼ਿਲਿੱਪੀਆਂ ਨੂੰ ਇਹ ਚਿੱਠੀ ਲਿਖੀ, ਉਸ ਵੇਲੇ ਸ਼ਾਇਦ ਉਹ ਪ੍ਰਚਾਰ ਕਰਨ ਕਰਕੇ ਰੋਮ ਦੀ ਜੇਲ੍ਹ ਵਿਚ ਕੈਦ ਸੀ। (ਫ਼ਿਲਿ. 1:7; 4:22) ਪਰ ਜੇਲ੍ਹ ਵਿਚ ਹੋਣ ਦੇ ਬਾਵਜੂਦ ਪ੍ਰਚਾਰ ਲਈ ਉਸ ਦਾ ਜੋਸ਼ ਨਹੀਂ ਘਟਿਆ। ਇਸ ਦੇ ਉਲਟ, ਉਹ ਪੂਰੀ ਵਾਹ ਲਾ ਕੇ ਯਹੋਵਾਹ ਦੀ ਸੇਵਾ ਖ਼ੁਸ਼ੀ ਨਾਲ ਕਰਦਾ ਸੀ ਅਤੇ ਪੀਣ ਦੀ ਭੇਟ ਵਾਂਗ ਆਪਣੇ ਆਪ ਨੂੰ ‘ਵਹਾਉਂਦਾ’ ਸੀ। (ਫ਼ਿਲਿ. 2:17) ਪੌਲੁਸ ਦੇ ਇਸ ਰਵੱਈਏ ਤੋਂ ਪਤਾ ਲੱਗਦਾ ਹੈ ਕਿ ਖ਼ੁਸ਼ੀ ਇਨਸਾਨਾਂ ਦੇ ਹਾਲਾਤਾਂ ਦੀ ਗ਼ੁਲਾਮ ਨਹੀਂ ਹੈ। ਜੇਲ੍ਹ ਵਿਚ ਹੋਣ ਦੇ ਬਾਵਜੂਦ ਉਸ ਨੇ ਕਿਹਾ: ‘ਮੈਂ ਅਨੰਦ ਰਹਾਂਗਾ।’—ਫ਼ਿਲਿ. 1:18.

ਪੌਲੁਸ ਨੇ ਫ਼ਿਲਿੱਪੈ ਵਿਚ ਕਲੀਸਿਯਾ ਸਥਾਪਿਤ ਕੀਤੀ ਸੀ ਅਤੇ ਉੱਥੇ ਦੇ ਭੈਣਾਂ-ਭਰਾਵਾਂ ਨਾਲ ਉਸ ਦਾ ਖ਼ਾਸ ਲਗਾਅ ਸੀ। ਉਹ ਜਾਣਦਾ ਸੀ ਕਿ ਯਹੋਵਾਹ ਦੀ ਸੇਵਾ ਕਰ ਕੇ ਜੋ ਖ਼ੁਸ਼ੀ ਉਸ ਨੂੰ ਮਿਲ ਰਹੀ ਸੀ, ਉਸ ਤੋਂ ਉਨ੍ਹਾਂ ਨੂੰ ਵੀ ਉਤਸ਼ਾਹ ਮਿਲੇਗਾ। ਇਸ ਕਰਕੇ ਉਸ ਨੇ ਲਿਖਿਆ: “ਹੇ ਭਰਾਵੋ, ਮੈਂ ਚਾਹੁੰਦਾ ਹਾਂ ਜੋ ਤੁਸੀਂ ਇਹ ਜਾਣੋ ਭਈ ਮੇਰੇ ਉੱਤੇ ਜੋ ਬੀਤਿਆ ਸੋ ਇੰਜੀਲ ਦੇ ਫੈਲਰ ਜਾਣ ਦਾ ਹੀ ਕਾਰਨ ਹੋਇਆ। ਐਥੋਂ ਤੋੜੀ ਜੋ ਪਾਤਸ਼ਾਹ ਦੀ ਸਾਰੀ ਪਲਟਣ ਅਤੇ ਹੋਰ ਸਭਨਾਂ ਉੱਤੇ ਉਜਾਗਰ ਹੋਇਆ ਭਈ ਮੇਰੇ ਬੰਧਨ ਮਸੀਹ ਦੇ ਨਮਿੱਤ ਹਨ।” (ਫ਼ਿਲਿ. 1:12, 13) ਇਹ ਤਜਰਬਾ ਸਾਂਝਾ ਕਰ ਕੇ ਪੌਲੁਸ ਨੇ ਭੈਣਾਂ-ਭਰਾਵਾਂ ਨਾਲ ਆਪਣੀ ਖ਼ੁਸ਼ੀ ਸਾਂਝੀ ਕੀਤੀ। ਇਸ ਕਾਰਨ ਫ਼ਿਲਿੱਪੈ ਦੇ ਭੈਣ-ਭਰਾ ਵੀ ਪੌਲੁਸ ਨਾਲ ਖ਼ੁਸ਼ ਹੋਏ ਹੋਣੇ। ਪਰ ਖ਼ੁਸ਼ ਹੋਣ ਲਈ ਜ਼ਰੂਰੀ ਸੀ ਕਿ ਉਹ ਪੌਲੁਸ ਦੇ ਦੁੱਖਾਂ ਕਾਰਨ ਹੌਸਲਾ ਨਾ ਹਾਰਨ। ਇਸ ਦੀ ਬਜਾਇ ਉਨ੍ਹਾਂ ਨੂੰ ਉਸ ਦੀ ਰੀਸ ਕਰਨ ਦੀ ਲੋੜ ਸੀ। (ਫ਼ਿਲਿ. 1:14; 3:17) ਇਸ ਤੋਂ ਇਲਾਵਾ, ਫ਼ਿਲਿੱਪੈ ਦੇ ਭੈਣ-ਭਰਾ ਆਪਣੀਆਂ ਪ੍ਰਾਰਥਨਾਵਾਂ ਵਿਚ ਪੌਲੁਸ ਦਾ ਜ਼ਿਕਰ ਕਰਦੇ ਰਹਿ ਸਕਦੇ ਸਨ ਅਤੇ ਆਪਣੀ ਹੈਸੀਅਤ ਮੁਤਾਬਕ ਉਸ ਦੀ ਮਦਦ ਕਰਦੇ ਰਹਿ ਸਕਦੇ ਸਨ।—ਫ਼ਿਲਿ. 1:19; 4:14-16.

ਕੀ ਆਪਾਂ ਵੀ ਪੌਲੁਸ ਵਾਂਗ ਖ਼ੁਸ਼ ਰਹਿ ਸਕਦੇ ਹਾਂ? ਕੀ ਅਸੀਂ ਆਪਣੀ ਜ਼ਿੰਦਗੀ ਵਿਚ ਹੋਈਆਂ ਚੰਗੀਆਂ ਗੱਲਾਂ ਅਤੇ ਪ੍ਰਚਾਰ ਦੌਰਾਨ ਹੋਏ ਚੰਗੇ ਤਜਰਬਿਆਂ ਉੱਤੇ ਗੌਰ ਕਰਦੇ ਹਾਂ? ਭੈਣਾਂ-ਭਰਾਵਾਂ ਨਾਲ ਇਕੱਠੇ ਹੁੰਦਿਆਂ ਆਪਣੀ ਖ਼ੁਸ਼ੀ ਸਾਂਝੀ ਕਰਨੀ ਚੰਗੀ ਗੱਲ ਹੈ ਜੋ ਪ੍ਰਚਾਰ ਕਰ ਕੇ ਸਾਨੂੰ ਮਿਲਦੀ ਹੈ। ਪਰ ਖ਼ੁਸ਼ੀ ਸਾਂਝੀ ਕਰਨ ਲਈ ਜ਼ਰੂਰੀ ਨਹੀਂ ਕਿ ਤੁਹਾਡੇ ਕੋਲ ਸਨਸਨੀਖੇਜ਼ ਤਜਰਬੇ ਹੋਣ। ਹੋ ਸਕਦਾ ਹੈ ਕਿ ਅਸੀਂ ਕੋਈ ਅਸਰਦਾਰ ਪੇਸ਼ਕਾਰੀ ਵਰਤ ਕੇ ਜਾਂ ਚੰਗੇ ਤਰੀਕੇ ਨਾਲ ਗੱਲਬਾਤ ਕਰ ਕੇ ਰਾਜ ਦੇ ਸੰਦੇਸ਼ ਵਿਚ ਕਿਸੇ ਦੀ ਦਿਲਚਸਪੀ ਜਗਾਈ ਹੋਵੇ। ਸ਼ਾਇਦ ਬਾਈਬਲ ਦੀ ਕਿਸੇ ਆਇਤ ਉੱਤੇ ਕਿਸੇ ਨਾਲ ਸਾਡੀ ਚੰਗੀ ਗੱਲਬਾਤ ਹੋਈ ਹੋਵੇ। ਜਾਂ ਹੋ ਸਕਦਾ ਹੈ ਕਿ ਕਿਸੇ ਨੇ ਸਾਨੂੰ ਇਲਾਕੇ ਵਿਚ ਪਛਾਣ ਲਿਆ ਕਿ ਅਸੀਂ ਯਹੋਵਾਹ ਦੇ ਗਵਾਹ ਹਾਂ ਜੋ ਆਪਣੇ ਆਪ ਵਿਚ ਹੀ ਚੰਗੀ ਗਵਾਹੀ ਸੀ। ਇਸ ਤਰ੍ਹਾਂ ਦੇ ਤਜਰਬੇ ਸਾਂਝੇ ਕਰ ਕੇ ਤੁਸੀਂ ਰਲ਼ ਕੇ ਖ਼ੁਸ਼ੀ ਮਨਾ ਸਕਦੇ ਹੋ।

ਪ੍ਰਚਾਰ ਦਾ ਕੰਮ ਕਰਨ ਲਈ ਯਹੋਵਾਹ ਦੇ ਬਹੁਤ ਸਾਰੇ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਹਨ ਤੇ ਹਾਲੇ ਵੀ ਕਰ ਰਹੇ ਹਨ। ਪਾਇਨੀਅਰ, ਸਫ਼ਰੀ ਨਿਗਾਹਬਾਨ, ਬੈਥਲ ਵਿਚ ਕੰਮ ਕਰਨ ਵਾਲੇ, ਮਿਸ਼ਨਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਕੰਮ ਕਰਨ ਵਾਲੇ ਭੈਣ-ਭਰਾ ਆਪਣੀ ਪੂਰੀ ਵਾਹ ਲਾ ਕੇ ਫੁੱਲ-ਟਾਈਮ ਸੇਵਾ ਕਰਦੇ ਹਨ ਜਿਸ ਤੋਂ ਉਨ੍ਹਾਂ ਨੂੰ ਖ਼ੁਸ਼ੀ ਮਿਲਦੀ ਹੈ। ਕੀ ਅਸੀਂ ਉਨ੍ਹਾਂ ਨਾਲ ਖ਼ੁਸ਼ ਹੁੰਦੇ ਹਾਂ? ਤਾਂ ਫਿਰ ਆਓ ਆਪਾਂ ‘ਪਰਮੇਸ਼ੁਰ ਦੇ ਰਾਜ ਲਈ ਕੰਮ ਕਰਨ ਵਾਲੇ’ ਇਨ੍ਹਾਂ ਭੈਣਾਂ-ਭਰਾਵਾਂ ਲਈ ਆਪਣੀ ਸ਼ੁਕਰਗੁਜ਼ਾਰੀ ਦਿਖਾਈਏ। (ਕੁਲੁ. 4:11) ਜਦੋਂ ਅਸੀਂ ਮੀਟਿੰਗਾਂ ਵਿਚ ਜਾਂ ਵੱਡੇ ਸੰਮੇਲਨਾਂ ਵਿਚ ਇਕੱਠੇ ਹੁੰਦੇ ਹਾਂ, ਤਾਂ ਅਸੀਂ ਉਨ੍ਹਾਂ ਦਾ ਹੌਸਲਾ ਵਧਾ ਸਕਦੇ ਹਾਂ। ਅਸੀਂ ਉਨ੍ਹਾਂ ਵਾਂਗ ਜੋਸ਼ ਵੀ ਦਿਖਾ ਸਕਦੇ ਹਾਂ। ਅਸੀਂ ਉਨ੍ਹਾਂ ਨੂੰ ਪਰਾਹੁਣਚਾਰੀ ਦਿਖਾ ਕੇ ਸ਼ਾਇਦ ਖਾਣੇ ਲਈ ਸੱਦ ਸਕਦੇ ਹਾਂ ਜਿਸ ਨਾਲ ਸਾਨੂੰ ਉਨ੍ਹਾਂ ਦੇ ਤਜਰਬੇ ਅਤੇ ਹੌਸਲੇ ਭਰੀਆਂ ਗੱਲਾਂ ਸੁਣਨ ਦਾ ਮੌਕਾ ਮਿਲ ਸਕੇਗਾ।—ਫ਼ਿਲਿ. 4:10.

ਅਜ਼ਮਾਇਸ਼ਾਂ ਸਹਿਣ ਵਾਲਿਆਂ ਨਾਲ ਖ਼ੁਸ਼ੀ ਮਨਾਓ

ਜ਼ੁਲਮ ਸਹਿਣ ਅਤੇ ਅਜ਼ਮਾਇਸ਼ਾਂ ਦਾ ਡਟ ਕੇ ਮੁਕਾਬਲਾ ਕਰਨ ਕਰਕੇ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਦਾ ਪੌਲੁਸ ਦਾ ਇਰਾਦਾ ਹੋਰ ਵੀ ਪੱਕਾ ਹੋ ਗਿਆ ਸੀ। (ਕੁਲੁ. 1:24; ਯਾਕੂ. 1:2, 3) ਉਹ ਜਾਣਦਾ ਸੀ ਕਿ ਫ਼ਿਲਿੱਪੈ ਦੇ ਭਰਾ ਵੀ ਉਸ ਵਰਗੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨਗੇ ਅਤੇ ਉਸ ਦੀ ਵਫ਼ਾਦਾਰੀ ਦੀ ਮਿਸਾਲ ਤੋਂ ਉਨ੍ਹਾਂ ਨੂੰ ਹੌਸਲਾ ਮਿਲੇਗਾ। ਇਹ ਉਸ ਦੇ ਲਈ ਖ਼ੁਸ਼ੀ ਦਾ ਕਾਰਨ ਸੀ ਅਤੇ ਇਸ ਕਰਕੇ ਉਹ ਉਨ੍ਹਾਂ ਨਾਲ ਖ਼ੁਸ਼ ਹੋ ਸਕਦਾ ਸੀ। ਇਸ ਲਈ ਉਸ ਨੇ ਲਿਖਿਆ: “ਤੁਹਾਨੂੰ ਨਾ ਸਿਰਫ਼ ਮਸੀਹ ਵਿਚ ਨਿਹਚਾ ਕਰਨ ਦਾ ਸਨਮਾਨ ਬਖ਼ਸ਼ਿਆ ਗਿਆ ਹੈ, ਸਗੋਂ ਉਸ ਦੀ ਖ਼ਾਤਰ ਦੁੱਖ ਸਹਿਣ ਦਾ ਸਨਮਾਨ ਵੀ ਬਖ਼ਸ਼ਿਆ ਗਿਆ ਹੈ। ਇਸੇ ਕਰਕੇ ਤੁਸੀਂ ਵੀ ਉਹੀ ਲੜਾਈ ਲੜ ਰਹੇ ਹੋ ਜੋ ਲੜਾਈ ਤੁਸੀਂ ਮੈਨੂੰ ਲੜਦਿਆਂ ਦੇਖੀ ਹੈ ਅਤੇ ਤੁਸੀਂ ਹੁਣ ਸੁਣ ਰਹੇ ਹੋ ਕਿ ਮੈਂ ਅਜੇ ਵੀ ਇਹ ਲੜਾਈ ਲੜ ਰਿਹਾ ਹਾਂ।”—ਫ਼ਿਲਿ. 1:29, 30.

ਅੱਜ ਵੀ ਮਸੀਹੀ ਪ੍ਰਚਾਰ ਦੇ ਕਾਰਨ ਵਿਰੋਧ ਦਾ ਸਾਮ੍ਹਣਾ ਕਰਦੇ ਹਨ। ਕਦੇ-ਕਦੇ ਇਸ ਕਾਰਨ ਭੈਣਾਂ-ਭਰਾਵਾਂ ਨੂੰ ਕੁੱਟਿਆ-ਮਾਰਿਆ ਜਾਂਦਾ ਹੈ। ਪਰ ਅਕਸਰ ਇਹ ਵਿਰੋਧ ਗੁੱਝੇ ਰੂਪ ਵਿਚ ਆਉਂਦਾ ਹੈ ਜਿਵੇਂ ਹੋ ਸਕਦਾ ਹੈ ਕਿ ਉਨ੍ਹਾਂ ਉੱਤੇ ਧਰਮ-ਤਿਆਗੀ ਝੂਠੇ ਦੋਸ਼ ਲਾਉਣ, ਪਰਿਵਾਰ ਦੇ ਮੈਂਬਰ ਵੈਰ ਰੱਖਣ ਲੱਗ ਪੈਣ, ਨਾਲ ਦੇ ਕੰਮ ਕਰਨ ਵਾਲੇ ਜਾਂ ਪੜ੍ਹਨ ਵਾਲੇ ਮਜ਼ਾਕ ਉਡਾਉਣ। ਪਰ ਯਿਸੂ ਨੇ ਚੇਤਾਵਨੀ ਦਿੱਤੀ ਸੀ ਕਿ ਇਨ੍ਹਾਂ ਅਜ਼ਮਾਇਸ਼ਾਂ ਕਾਰਨ ਨਾ ਤਾਂ ਸਾਨੂੰ ਹੈਰਾਨ ਹੋਣਾ ਚਾਹੀਦਾ ਤੇ ਨਾ ਹੀ ਹੌਸਲਾ ਹਾਰਨਾ ਚਾਹੀਦਾ ਹੈ। ਇਸ ਦੀ ਬਜਾਇ ਇਨ੍ਹਾਂ ਕਰਕੇ ਸਾਨੂੰ ਖ਼ੁਸ਼ ਹੋਣਾ ਚਾਹੀਦਾ ਹੈ। ਉਸ ਨੇ ਕਿਹਾ ਸੀ: “ਧੰਨ ਹੋ ਤੁਸੀਂ ਜਾਂ ਮਨੁੱਖ ਮੇਰੇ ਕਾਰਨ ਤੁਹਾਨੂੰ ਬੋਲੀਆਂ ਮਾਰਨਗੇ ਅਤੇ ਸਤਾਉਣਗੇ ਅਤੇ ਹਰੇਕ ਬੁਰੀ ਗੱਲ ਤੁਹਾਡੇ ਉੱਤੇ ਝੂਠ ਮੂਠ ਲਾਉਣਗੇ। ਅਨੰਦ ਹੋਵੋ ਅਤੇ ਖ਼ੁਸ਼ੀ ਕਰੋ ਕਿਉਂ ਜੋ ਤੁਹਾਡਾ ਫਲ ਸੁਰਗ ਵਿੱਚ ਬਹੁਤ ਹੈ।”—ਮੱਤੀ 5:11, 12.

ਸਾਨੂੰ ਡਰਨਾ ਨਹੀਂ ਚਾਹੀਦਾ ਜਦੋਂ ਅਸੀਂ ਸੁਣਦੇ ਹਾਂ ਕਿ ਹੋਰਨਾਂ ਦੇਸ਼ਾਂ ਵਿਚ ਸਾਡੇ ਭੈਣਾਂ-ਭਰਾਵਾਂ ਉੱਤੇ ਕਿੰਨੇ ਅਤਿਆਚਾਰ ਹੁੰਦੇ ਹਨ। ਇਸ ਦੇ ਉਲਟ ਸਾਨੂੰ ਖ਼ੁਸ਼ ਹੋਣਾ ਚਾਹੀਦਾ ਹੈ ਕਿ ਉਹ ਪਰਮੇਸ਼ੁਰ ਦੀ ਸੇਵਾ ਕਰਨ ਤੋਂ ਪਿੱਛੇ ਨਹੀਂ ਹਟੇ। ਅਸੀਂ ਉਨ੍ਹਾਂ ਲਈ ਪ੍ਰਾਰਥਨਾ ਕਰ ਸਕਦੇ ਹਾਂ ਕਿ ਯਹੋਵਾਹ ਉਨ੍ਹਾਂ ਦੀ ਨਿਹਚਾ ਅਤੇ ਧੀਰਜ ਨੂੰ ਬਰਕਰਾਰ ਰੱਖੇ। (ਫ਼ਿਲਿ. 1:3, 4) ਭਾਵੇਂ ਕਿ ਅਸੀਂ ਉਨ੍ਹਾਂ ਪਿਆਰੇ ਭੈਣਾਂ-ਭਰਾਵਾਂ ਲਈ ਕੁਝ ਜ਼ਿਆਦਾ ਨਹੀਂ ਕਰ ਸਕਦੇ, ਪਰ ਅਸੀਂ ਆਪਣੀ ਕਲੀਸਿਯਾ ਵਿਚ ਅਜ਼ਮਾਇਸ਼ਾਂ ਵਿੱਚੋਂ ਗੁਜ਼ਰ ਰਹੇ ਭੈਣਾਂ-ਭਰਾਵਾਂ ਦੀ ਮਦਦ ਕਰ ਸਕਦੇ ਹਾਂ। ਅਸੀਂ ਉਨ੍ਹਾਂ ਵਿਚ ਦਿਲਚਸਪੀ ਲੈ ਸਕਦੇ ਹਾਂ ਤੇ ਉਨ੍ਹਾਂ ਦਾ ਸਾਥ ਦੇ ਸਕਦੇ ਹਾਂ। ਅਸੀਂ ਉਨ੍ਹਾਂ ਨਾਲ ਖ਼ੁਸ਼ੀ ਮਨਾਉਣ ਦੇ ਮੌਕੇ ਪੈਦਾ ਕਰ ਸਕਦੇ ਹਾਂ ਜਿਵੇਂ ਕਿ ਉਨ੍ਹਾਂ ਨੂੰ ਆਪਣੇ ਨਾਲ ਪਰਿਵਾਰਕ ਸਟੱਡੀ ਲਈ ਬੁਲਾਉਣਾ, ਉਨ੍ਹਾਂ ਨਾਲ ਪ੍ਰਚਾਰ ਕਰਨਾ ਅਤੇ ਉਨ੍ਹਾਂ ਨਾਲ ਰਲ਼ ਕੇ ਮਨੋਰੰਜਨ ਕਰਨਾ।

ਸਾਡੇ ਕੋਲ ਰਲ਼ ਕੇ ਖ਼ੁਸ਼ੀ ਮਨਾਉਣ ਦੇ ਕਈ ਕਾਰਨ ਹਨ! ਆਓ ਆਪਾਂ ਦੁਨੀਆਂ ਵਾਂਗ ਆਪਣੇ ਆਪ ਵਿਚ ਨਾ ਰਹੀਏ, ਸਗੋਂ ਆਪਣੇ ਭੈਣਾਂ-ਭਰਾਵਾਂ ਨਾਲ ਖ਼ੁਸ਼ੀਆਂ ਮਨਾਉਂਦੇ ਰਹੀਏ। ਇਸ ਤਰ੍ਹਾਂ ਕਰਨ ਨਾਲ ਨਾ ਸਿਰਫ਼ ਅਸੀਂ ਕਲੀਸਿਯਾ ਦੇ ਪਿਆਰ ਅਤੇ ਏਕਤਾ ਦੇ ਬੰਧਨ ਨੂੰ ਮਜ਼ਬੂਤ ਬਣਾਵਾਂਗੇ, ਸਗੋਂ ਮਸੀਹੀ ਭਾਈਚਾਰੇ ਦਾ ਜ਼ਿਆਦਾ ਤੋਂ ਜ਼ਿਆਦਾ ਆਨੰਦ ਵੀ ਮਾਣਾਂਗੇ। (ਫ਼ਿਲਿ. 2:1, 2) ਹਾਂ, “ਪ੍ਰਭੁ ਵਿੱਚ ਸਦਾ ਅਨੰਦ ਕਰੋ” ਕਿਉਂਕਿ ਪੌਲੁਸ ਸਾਨੂੰ ਤਾਕੀਦ ਕਰਦਾ ਹੈ: “[ਮੈਂ] ਫੇਰ ਕਹਿੰਦਾ ਹਾਂ, ਅਨੰਦ ਕਰੋ।”—ਫ਼ਿਲਿ. 4:4.

[ਸਫ਼ਾ 6 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Globe: Courtesy of Replogle Globes