Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਜੇ ਬੱਚਾ ਮਾਂ ਦੀ ਕੁੱਖ ਵਿਚ ਹੀ ਮਰ ਜਾਵੇ, ਤਾਂ ਕੀ ਪਰਮੇਸ਼ੁਰ ਉਸ ਨੂੰ ਦੁਬਾਰਾ ਜ਼ਿੰਦਾ ਕਰੇਗਾ?

ਜਿਨ੍ਹਾਂ ਮਾਪਿਆਂ ਨੇ ਆਪਣੇ ਕਿਸੇ ਅਣਜੰਮੇ ਬੱਚੇ ਦੀ ਮੌਤ ਦਾ ਦੁੱਖ ਸਹਿਆ ਹੈ, ਉਹ ਸ਼ਾਇਦ ਆਪਣੀ ਸਾਰੀ ਜ਼ਿੰਦਗੀ ਇਸ ਸਦਮੇ ਨੂੰ ਭੁਲਾ ਨਹੀਂ ਪਾਉਂਦੇ। ਦੂਸਰਿਆਂ ਲਈ ਉਨ੍ਹਾਂ ਦਾ ਦੁੱਖ ਸਮਝਣਾ ਬਹੁਤ ਔਖਾ ਹੈ। ਇਕ ਮਾਂ ਦੀ ਮਿਸਾਲ ਲਓ ਜਿਸ ਦੇ ਪੰਜ ਬੱਚੇ ਜੰਮਣ ਤੋਂ ਪਹਿਲਾਂ ਹੀ ਮੌਤ ਦੀ ਗੋਦ ਵਿਚ ਚਲੇ ਗਏ। ਸਮੇਂ ਦੇ ਬੀਤਣ ਨਾਲ ਉਸ ਨੂੰ ਦੋ ਤੰਦਰੁਸਤ ਮੁੰਡਿਆਂ ਦੇ ਪੈਦਾ ਹੋਣ ਦਾ ਸੁੱਖ ਪ੍ਰਾਪਤ ਹੋਇਆ। ਫਿਰ ਵੀ ਉਸ ਨੂੰ ਆਪਣੇ ਗੁਜ਼ਰ ਚੁੱਕੇ ਇਕ-ਇਕ ਬੱਚੇ ਦੀ ਯਾਦ ਆਉਂਦੀ ਹੈ। ਉਹ ਆਪਣੇ ਜੀਉਂਦੇ-ਜੀ ਯਾਦ ਕਰਦੀ ਹੈ ਕਿ ਜੇ ਉਹ ਬੱਚੇ ਬਚ ਜਾਂਦੇ, ਤਾਂ ਉਹ ਕਿੰਨੇ ਵੱਡੇ ਹੁੰਦੇ! ਕੀ ਇਹ ਔਰਤ ਅਤੇ ਹੋਰ ਮਾਪੇ ਆਪਣੇ ਬੱਚਿਆਂ ਦੇ ਦੁਬਾਰਾ ਜ਼ਿੰਦਾ ਹੋਣ ਦੀ ਕੋਈ ਉਮੀਦ ਰੱਖ ਸਕਦੇ ਹਨ?

ਇਸ ਸਵਾਲ ਦਾ ਜਵਾਬ ਅਸੀਂ ਨਹੀਂ ਜਾਣਦੇ। ਬਾਈਬਲ ਇਸ ਬਾਰੇ ਗੱਲ ਨਹੀਂ ਕਰਦੀ ਕਿ ਮੌਤ ਦੀ ਨੀਂਦ ਸੌਂ ਚੁੱਕੇ ਬੱਚੇ ਜ਼ਿੰਦਾ ਹੋਣਗੇ ਜਾਂ ਨਹੀਂ। ਪਰ ਪਰਮੇਸ਼ੁਰ ਦੇ ਬਚਨ ਵਿਚ ਇਸ ਸਵਾਲ ਨਾਲ ਸੰਬੰਧਿਤ ਕੁਝ ਸਿਧਾਂਤ ਦਿੱਤੇ ਗਏ ਹਨ ਜਿਨ੍ਹਾਂ ਤੋਂ ਹੌਸਲਾ ਮਿਲਦਾ ਹੈ।

ਆਓ ਆਪਾਂ ਦੋ ਸਵਾਲਾਂ ਉੱਤੇ ਗੌਰ ਕਰੀਏ ਜੋ ਇਸ ਵਿਸ਼ੇ ਉੱਤੇ ਰੌਸ਼ਨੀ ਪਾਉਂਦੇ ਹਨ। ਪਹਿਲਾ, ਯਹੋਵਾਹ ਦੀ ਨਜ਼ਰ ਵਿਚ ਇਨਸਾਨ ਦੀ ਜ਼ਿੰਦਗੀ ਕਦੋਂ ਸ਼ੁਰੂ ਹੁੰਦੀ ਹੈ—ਗਰਭ ਠਹਿਰਨ ’ਤੇ ਜਾਂ ਬੱਚੇ ਦੇ ਪੈਦਾ ਹੋਣ ’ਤੇ? ਦੂਜਾ, ਯਹੋਵਾਹ ਅਣਜੰਮੇ ਬੱਚੇ ਨੂੰ ਕਿਵੇਂ ਵਿਚਾਰਦਾ ਹੈ—ਇਨਸਾਨ ਵਜੋਂ ਜਾਂ ਸਿਰਫ਼ ਤੀਵੀਂ ਦੇ ਗਰਭ ਵਿਚ ਸੈੱਲਾਂ ਅਤੇ ਟਿਸ਼ੂਆਂ ਦੀ ਮੁੱਠ? ਬਾਈਬਲ ਦੇ ਸਿਧਾਂਤ ਇਨ੍ਹਾਂ ਦੋਹਾਂ ਸਵਾਲਾਂ ਦੇ ਜਵਾਬ ਸਪੱਸ਼ਟ ਕਰਦੇ ਹਨ।

ਮੂਸਾ ਦੀ ਬਿਵਸਥਾ ਦੇ ਮੁਤਾਬਕ ਜ਼ਿੰਦਗੀ ਬੱਚੇ ਦੇ ਪੈਦਾ ਹੋਣ ’ਤੇ ਨਹੀਂ, ਬਲਕਿ ਇਸ ਤੋਂ ਕਾਫ਼ੀ ਸਮਾਂ ਪਹਿਲਾਂ ਸ਼ੁਰੂ ਹੁੰਦੀ ਹੈ। ਉਹ ਕਿਵੇਂ? ਬਿਵਸਥਾ ਵਿਚ ਦੱਸਿਆ ਗਿਆ ਹੈ ਕਿ ਭਰੂਣ ਦੀ ਹੱਤਿਆ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਮਿਲਦੀ ਸੀ। ਬਿਵਸਥਾ ਦਾ ਕਾਨੂੰਨ ਸੀ “ਜੀਵਨ ਦੇ ਵੱਟੇ ਜੀਵਨ।” * (ਕੂਚ 21:22, 23) ਇਸ ਦਾ ਮਤਲਬ ਹੈ ਕਿ ਗਰਭ ਵਿਚਲਾ ਬੱਚਾ ਜੀਉਂਦੀ ਜਾਨ ਹੁੰਦਾ ਹੈ। ਲੱਖਾਂ ਹੀ ਮਸੀਹੀ ਇਹ ਸੱਚਾਈ ਜਾਣਦੇ ਹਨ ਜਿਸ ਕਰਕੇ ਉਹ ਗਰਭਪਾਤ ਨੂੰ ਪਰਮੇਸ਼ੁਰ ਦੇ ਖ਼ਿਲਾਫ਼ ਗੰਭੀਰ ਪਾਪ ਸਮਝਦੇ ਹਨ।

ਤਾਂ ਫਿਰ ਯਹੋਵਾਹ ਅਣਜੰਮੇ ਬੱਚੇ ਨੂੰ ਕਿੰਨਾ ਕੁ ਅਨਮੋਲ ਸਮਝਦਾ ਹੈ? ਉੱਪਰ ਦੱਸੇ ਕਾਨੂੰਨ ਦੀ ਇਹ ਮੰਗ ਸੀ ਕਿ ਉਸ ਇਨਸਾਨ ਨੂੰ ਮੌਤ ਦੇ ਘਾਟ ਉਤਾਰਿਆ ਜਾਵੇ ਜਿਹੜਾ ਅਣਜੰਮੇ ਬੱਚੇ ਦੀ ਮੌਤ ਲਈ ਜ਼ਿੰਮੇਵਾਰ ਸੀ। ਇਸ ਤੋਂ ਸਾਫ਼ ਜ਼ਾਹਰ ਹੈ ਕਿ ਅਣਜੰਮਿਆ ਬੱਚਾ ਯਹੋਵਾਹ ਦੀਆਂ ਨਜ਼ਰਾਂ ਵਿਚ ਬਹੁਤ ਅਨਮੋਲ ਹੈ। ਇਸ ਤੋਂ ਇਲਾਵਾ, ਬਾਈਬਲ ਵਿਚ ਹੋਰ ਵੀ ਕਈ ਆਇਤਾਂ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਅਣਜੰਮੇ ਬੱਚੇ ਨੂੰ ਇਕ ਇਨਸਾਨ ਸਮਝਦਾ ਹੈ ਜਿਸ ਦੀ ਆਪਣੀ ਸ਼ਖ਼ਸੀਅਤ ਹੁੰਦੀ ਹੈ। ਮਿਸਾਲ ਲਈ, ਰਾਜਾ ਦਾਊਦ ਨੇ ਯਹੋਵਾਹ ਬਾਰੇ ਕਿਹਾ: ‘ਤੂੰ ਮੈਨੂੰ ਮੇਰੀ ਮਾਤਾ ਦੀ ਗਰਭ ਵਿਚ ਰੱਖਿਆ ਸੀ। ਤੇਰੀਆਂ ਅੱਖਾਂ ਨੇ ਮੇਰੇ ਪੈਦਾ ਹੋਣ ਤੋਂ ਪਹਿਲਾਂ ਵੀ ਮੈਨੂੰ ਦੇਖ ਲਿਆ, ਉਹਨਾਂ ਸਭ ਦਿਨਾਂ ਦਾ ਹਿਸਾਬ, ਜੋ ਮੇਰੇ ਲਈ ਬਣਾਏ ਗਏ, ਤੇਰੀ ਪੁਸਤਕ ਵਿਚ ਲਿਖਿਆ ਹੋਇਆ ਹੈ।’—ਭਜਨ 139:13-16, CL; ਅੱਯੂ. 31:14, 15.

ਯਹੋਵਾਹ ਅਣਜੰਮੇ ਬੱਚੇ ਦੇ ਗੁਣਾਂ ਨੂੰ ਵੀ ਦੇਖ ਸਕਦਾ ਹੈ ਅਤੇ ਅੰਦਾਜ਼ਾ ਲਗਾ ਸਕਦਾ ਹੈ ਕਿ ਭਵਿੱਖ ਵਿਚ ਬੱਚਾ ਵੱਡਾ ਹੋ ਕੇ ਕੀ ਕੁਝ ਬਣ ਸਕਦਾ ਹੈ। ਜਦੋਂ ਇਸਹਾਕ ਦੀ ਪਤਨੀ ਰਿਬਕਾਹ ਦੇ ਗਰਭ ਵਿਚ ਜੁੜਵਾਂ ਬੱਚੇ ਸੰਘਰਸ਼ ਕਰ ਰਹੇ ਸਨ, ਤਾਂ ਯਹੋਵਾਹ ਨੇ ਪਹਿਲਾਂ ਹੀ ਉਨ੍ਹਾਂ ਦੇ ਗੁਣਾਂ ਨੂੰ ਦੇਖ ਕੇ ਭਵਿੱਖਬਾਣੀ ਕਰ ਦਿੱਤੀ ਸੀ ਕਿ ਦੋਵੇਂ ਮੁੰਡਿਆਂ ਨੇ ਵੱਡੇ ਹੋ ਕੇ ਜੋ ਕੁਝ ਕਰਨਾ ਸੀ, ਉਸ ਦਾ ਅਸਰ ਆਉਣ ਵਾਲੀਆਂ ਪੀੜ੍ਹੀਆਂ ਉੱਤੇ ਵੀ ਪੈਣਾ ਸੀ।—ਉਤ. 25:22, 23; ਰੋਮੀ. 9:10-13.

ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਮਿਸਾਲ ਵੀ ਦਿਲਚਸਪ ਹੈ। ਇੰਜੀਲ ਦੱਸਦੀ ਹੈ: “ਤਾਂ ਐਉਂ ਹੋਇਆ ਕਿ ਜਾਂ ਇਲੀਸਬਤ ਨੇ ਮਰਿਯਮ ਦਾ ਪਰਨਾਮ ਸੁਣਿਆ ਤਾਂ ਬੱਚਾ ਉਹ ਦੀ ਕੁੱਖ ਵਿੱਚ ਉੱਛਲ ਪਿਆ ਅਤੇ ਇਲੀਸਬਤ ਪਵਿੱਤ੍ਰ ਆਤਮਾ [ਯਾਨੀ ਯਹੋਵਾਹ ਦੀ ਸ਼ਕਤੀ] ਨਾਲ ਭਰ ਗਈ।” (ਲੂਕਾ 1:41) ਇਸ ਘਟਨਾ ਦਾ ਜ਼ਿਕਰ ਕਰਦੇ ਹੋਏ ਡਾਕਟਰ ਲੂਕਾ ਨੇ ਉਹ ਯੂਨਾਨੀ ਸ਼ਬਦ ਵਰਤਿਆ ਜਿਸ ਦਾ ਮਤਲਬ ਭਰੂਣ ਹੋ ਸਕਦਾ ਹੈ ਜਾਂ ਫਿਰ ਪੈਦਾ ਹੋਇਆ ਬੱਚਾ। ਅੱਗੇ ਲੂਕਾ ਨੇ ਉਹੀ ਯੂਨਾਨੀ ਸ਼ਬਦ ਵਰਤਿਆ ਜਦੋਂ ਉਸ ਨੇ ਖੁਰਲੀ ਵਿਚ ਪਏ ਯਿਸੂ ਦਾ ਜ਼ਿਕਰ ਕੀਤਾ।—ਲੂਕਾ 2:12, 16; 18:15.

ਇਨ੍ਹਾਂ ਸਾਰੀਆਂ ਗੱਲਾਂ ਨੂੰ ਮੱਦੇ-ਨਜ਼ਰ ਰੱਖਦੇ ਹੋਏ ਕੀ ਬਾਈਬਲ ਅਣਜੰਮੇ ਬੱਚੇ ਅਤੇ ਪਹਿਲਾ ਸਾਹ ਲੈਣ ਵਾਲੇ ਬੱਚੇ ਵਿਚ ਕੋਈ ਵੱਡਾ ਫ਼ਰਕ ਦੱਸਦੀ ਹੈ? ਲੱਗਦਾ ਨਹੀਂ ਕਿ ਕੋਈ ਵੱਡਾ ਫ਼ਰਕ ਹੈ। ਵਿਗਿਆਨੀਆਂ ਦੀਆਂ ਖੋਜਾਂ ਵੀ ਇਹੀ ਦੱਸਦੀਆਂ ਹਨ। ਉਦਾਹਰਣ ਲਈ, ਵਿਗਿਆਨੀਆਂ ਨੇ ਦੇਖਿਆ ਹੈ ਕਿ ਗਰਭ ਵਿਚਲਾ ਬੱਚਾ ਬਾਹਰ ਹੋ ਰਹੀਆਂ ਗੱਲਾਂ ਨੂੰ ਮਹਿਸੂਸ ਕਰ ਕੇ ਹਰਕਤਾਂ ਕਰਦਾ ਹੈ। ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਗਰਭਵਤੀ ਮਾਂ ਆਪਣੇ ਅੰਦਰ ਵਧ-ਫੁੱਲ ਰਹੇ ਬੱਚੇ ਨਾਲ ਗਹਿਰਾ ਬੰਧਨ ਕਾਇਮ ਕਰ ਲੈਂਦੀ ਹੈ।

ਬੱਚੇ ਦੇ ਪੈਦਾ ਹੋਣ ਦਾ ਸਮਾਂ ਵੱਖੋ-ਵੱਖਰਾ ਹੋ ਸਕਦਾ ਹੈ। ਇਸ ਮਿਸਾਲ ’ਤੇ ਗੌਰ ਕਰੋ: ਇਕ ਮਾਂ ਸਮੇਂ ਤੋਂ ਪਹਿਲਾਂ ਹੀ ਜੀਉਂਦੇ-ਜਾਗਦੇ ਬੱਚੇ ਨੂੰ ਜਨਮ ਦਿੰਦੀ ਹੈ ਜੋ ਕੁਝ ਦਿਨਾਂ ਬਾਅਦ ਮਰ ਜਾਂਦਾ ਹੈ। ਇਕ ਹੋਰ ਮਾਂ ਸਮਾਂ ਪੂਰਾ ਹੋਣ ’ਤੇ ਜਨਮ ਦੇਣ ਲਈ ਤਿਆਰ ਹੈ, ਪਰ ਬੱਚਾ ਜਨਮ ਤੋਂ ਕੁਝ ਹੀ ਦੇਰ ਪਹਿਲਾਂ ਮਰ ਜਾਂਦਾ ਹੈ। ਕੀ ਪਹਿਲੀ ਮਾਂ ਆਪਣੇ ਬੱਚੇ ਦੇ ਦੁਬਾਰਾ ਜੀਉਂਦਾ ਹੋਣ ਦੀ ਉਮੀਦ ਰੱਖ ਸਕਦੀ ਹੈ ਕਿਉਂਕਿ ਉਸ ਦਾ ਬੱਚਾ ਕੁਝ ਦਿਨ ਜ਼ਿੰਦਾ ਰਿਹਾ ਸੀ, ਜਦਕਿ ਦੂਸਰੀ ਮਾਂ ਇਹ ਉਮੀਦ ਨਹੀਂ ਰੱਖ ਸਕਦੀ ਕਿਉਂਕਿ ਉਸ ਦਾ ਬੱਚਾ ਪੈਦਾ ਹੋਣ ਤੋਂ ਪਹਿਲਾ ਹੀ ਮਰ ਗਿਆ?

ਸਾਰੀ ਗੱਲ ਦਾ ਸਾਰ ਇਹ ਹੈ ਕਿ ਬਾਈਬਲ ਸਾਫ਼ ਸਿਖਾਉਂਦੀ ਹੈ ਕਿ ਜ਼ਿੰਦਗੀ ਗਰਭ ਠਹਿਰਨ ’ਤੇ ਸ਼ੁਰੂ ਹੁੰਦੀ ਹੈ ਅਤੇ ਯਹੋਵਾਹ ਦੀਆਂ ਨਜ਼ਰਾਂ ਵਿਚ ਅਣਜੰਮਿਆ ਬੱਚਾ ਅਨਮੋਲ ਹੈ ਜਿਸ ਦੀ ਆਪਣੀ ਸ਼ਖ਼ਸੀਅਤ ਹੁੰਦੀ ਹੈ। ਇਨ੍ਹਾਂ ਸੱਚਾਈਆਂ ਨੂੰ ਜਾਣਦੇ ਹੋਏ ਕੁਝ ਲੋਕ ਸ਼ਾਇਦ ਕਹਿਣ ਕਿ ‘ਅਸੀਂ ਇਨ੍ਹਾਂ ਹੀ ਸੱਚਾਈਆਂ ਕਰਕੇ ਗਰਭਪਾਤ ਨਹੀਂ ਕਰਵਾਉਂਦੇ, ਤਾਂ ਫਿਰ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਮੌਤ ਦੀ ਗੋਦ ਵਿਚ ਜਾ ਚੁੱਕੇ ਅਣਜੰਮੇ ਬੱਚਿਆਂ ਨੂੰ ਦੁਬਾਰਾ ਜ਼ਿੰਦਾ ਨਹੀਂ ਕੀਤਾ ਜਾਵੇਗਾ? ਜੇ ਇਨ੍ਹਾਂ ਬੱਚਿਆਂ ਦੀ ਕੋਈ ਅਹਿਮੀਅਤ ਹੀ ਨਹੀਂ, ਤਾਂ ਗਰਭਪਾਤ ਕਰਾਉਣ ਵਿਚ ਕੀ ਹਰਜ਼ ਹੈ?’

ਪਿਛਲੇ ਸਾਲਾਂ ਵਿਚ ਇਸ ਰਸਾਲੇ ਨੇ ਕੁਝ ਸਵਾਲ ਉਠਾਏ ਸਨ ਜਿਨ੍ਹਾਂ ਕਰਕੇ ਅਣਜੰਮੇ ਬੱਚਿਆਂ ਦੇ ਦੁਬਾਰਾ ਜ਼ਿੰਦਾ ਹੋਣ ਦੀ ਸੰਭਾਵਨਾ ’ਤੇ ਸ਼ੱਕ ਪੈਦਾ ਹੋ ਗਿਆ ਸੀ। ਮਿਸਾਲ ਲਈ, ਕੀ ਪਰਮੇਸ਼ੁਰ ਨਵੀਂ ਦੁਨੀਆਂ ਵਿਚ ਇਕ ਔਰਤ ਦੇ ਮਰ ਚੁੱਕੇ ਅਧੂਰੇ ਭਰੂਣ ਨੂੰ ਦੁਬਾਰਾ ਉਸ ਦੇ ਗਰਭ ਵਿਚ ਪਾਵੇਗਾ? ਪਰ ਪ੍ਰਬੰਧਕ ਸਭਾ ਨੇ ਇਸ ਮਾਮਲੇ ਉੱਤੇ ਡੂੰਘਾਈ ਨਾਲ ਸਟੱਡੀ ਕੀਤੀ ਅਤੇ ਪ੍ਰਾਰਥਨਾ ਦੇ ਨਾਲ-ਨਾਲ ਮਨਨ ਕੀਤਾ ਜਿਸ ਤੋਂ ਬਾਅਦ ਉਹ ਇਸ ਨਤੀਜੇ ’ਤੇ ਪਹੁੰਚੇ ਕਿ ਇਨ੍ਹਾਂ ਸਵਾਲਾਂ ਦਾ ਜੀ ਉਠਾਏ ਜਾਣ ਦੀ ਉਮੀਦ ਨਾਲ ਕੋਈ ਤਅੱਲਕ ਨਹੀਂ ਹੈ। ਕਿਉਂ? ਕਿਉਂਕਿ ਯਿਸੂ ਨੇ ਕਿਹਾ: “ਪਰਮੇਸ਼ੁਰ ਕੋਲੋਂ ਸਭ ਕੁਝ ਹੋ ਸੱਕਦਾ ਹੈ।” (ਮਰ. 10:27) ਯਿਸੂ ਦੇ ਮਾਮਲੇ ਵਿਚ ਇਹ ਗੱਲ ਸੱਚ ਸਾਬਤ ਹੋਈ ਸੀ। ਪਰਮੇਸ਼ੁਰ ਨੇ ਸਵਰਗ ਤੋਂ ਉਸ ਦੀ ਜ਼ਿੰਦਗੀ ਨੂੰ ਕੁਆਰੀ ਕੁੜੀ ਦੇ ਗਰਭ ਵਿਚ ਪਾਇਆ ਸੀ। ਇਨਸਾਨਾਂ ਲਈ ਇੱਦਾਂ ਕਰਨਾ ਨਾਮੁਮਕਿਨ ਹੈ, ਪਰ ਪਰਮੇਸ਼ੁਰ ਲਈ ਨਹੀਂ।

ਤਾਂ ਫਿਰ ਕੀ ਇਸ ਸਭ ਕਾਸੇ ਦਾ ਮਤਲਬ ਇਹ ਹੈ ਕਿ ਬਾਈਬਲ ਦੇ ਮੁਤਾਬਕ ਅਣਜੰਮੇ ਬੱਚੇ ਦੁਬਾਰਾ ਜ਼ਿੰਦਾ ਕੀਤੇ ਜਾਣਗੇ? ਇਸ ਗੱਲ ’ਤੇ ਜ਼ੋਰ ਦੇਣਾ ਲਾਜ਼ਮੀ ਹੈ ਕਿ ਬਾਈਬਲ ਇਸ ਸਵਾਲ ਦਾ ਸਿੱਧਾ ਜਵਾਬ ਨਹੀਂ ਦਿੰਦੀ। ਇਸ ਲਈ ਸਾਡੇ ਕੋਲ ਇਸ ਵਿਸ਼ੇ ਸੰਬੰਧੀ ਕਿਸੇ ਗੱਲ ’ਤੇ ਅੜੇ ਰਹਿਣ ਦਾ ਕੋਈ ਆਧਾਰ ਨਹੀਂ ਹੈ। ਇਸ ਵਿਸ਼ੇ ਦੇ ਕਾਰਨ ਤਰ੍ਹਾਂ-ਤਰ੍ਹਾਂ ਦੇ ਸਵਾਲ ਖੜ੍ਹੇ ਹੋ ਸਕਦੇ ਹਨ ਜਿਨ੍ਹਾਂ ਦਾ ਕੋਈ ਅੰਤ ਨਹੀਂ। ਇਸ ਲਈ ਚੰਗਾ ਹੋਵੇਗਾ ਕਿ ਅਸੀਂ ਇਸ ਮਾਮਲੇ ਬਾਰੇ ਕੋਈ ਅੰਦਾਜ਼ਾ ਨਾ ਲਾਈਏ। ਪਰ ਸਾਨੂੰ ਇਹ ਜ਼ਰੂਰ ਪਤਾ ਹੈ: ਸਭ ਕੁਝ ਯਹੋਵਾਹ ਦੇ ਹੱਥਾਂ ਵਿਚ ਹੈ ਜੋ ਪਿਆਰ ਅਤੇ ਦਇਆ ਨਾਲ ਭਰਪੂਰ ਹੈ। (ਜ਼ਬੂ. 86:15) ਬਿਨਾਂ ਸ਼ੱਕ, ਉਹ ਮਰੇ ਹੋਇਆਂ ਨੂੰ ਜ਼ਿੰਦਾ ਕਰ ਕੇ ਮੌਤ ਦੇ ਸਾਰੇ ਅਸਰਾਂ ਨੂੰ ਮਿਟਾ ਦੇਵੇਗਾ। (ਅੱਯੂ. 14:14, 15) ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਹਮੇਸ਼ਾ ਉਹੀ ਕਰਦਾ ਹੈ ਜੋ ਸਹੀ ਹੈ। ਉਹ ਇਸ ਬੁਰੀ ਦੁਨੀਆਂ ਦੇ ਕਾਰਨ ਹੋਏ ਸਾਰੇ ਜ਼ਖ਼ਮਾਂ ਨੂੰ ਭਰੇਗਾ ਜਦੋਂ ਉਹ ਆਪਣੇ ਪੁੱਤਰ ਨੂੰ ਕਹੇਗਾ ਕਿ ਉਹ “ਸ਼ਤਾਨ ਦੇ ਕੰਮਾਂ ਨੂੰ ਨਸ਼ਟ ਕਰੇ।”—1 ਯੂਹੰ. 3:8.

[ਫੁਟਨੋਟ]

^ ਪੈਰਾ 6 ਕਦੇ-ਕਦੇ ਇਸ ਆਇਤ ਨੂੰ ਇਸ ਤਰ੍ਹਾਂ ਅਨੁਵਾਦ ਕੀਤਾ ਜਾਂਦਾ ਹੈ ਜਿਸ ਤੋਂ ਲੱਗਦਾ ਹੈ ਕਿ ਸਿਰਫ਼ ਮਾਂ ਦੀ ਮੌਤ ਹੋਣ ’ਤੇ ਕਾਤਲ ਨੂੰ ਸਜ਼ਾ-ਏ-ਮੌਤ ਦਿੱਤੀ ਜਾਂਦੀ ਸੀ। ਪਰ ਮੂਲ ਇਬਰਾਨੀ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੇ ਕਾਨੂੰਨ ਮੁਤਾਬਕ ਜੇ ਮਾਂ ਜਾਂ ਉਸ ਦੇ ਅਣਜੰਮੇ ਬੱਚੇ ਦੋਹਾਂ ਵਿੱਚੋਂ ਕਿਸੇ ਦੀ ਮੌਤ ਹੋ ਜਾਂਦੀ ਸੀ, ਤਾਂ ਕਾਤਲ ਨੂੰ ਮੌਤ ਦੀ ਸਜ਼ਾ ਮਿਲਦੀ ਸੀ।

[ਸਫ਼ਾ 13 ਉੱਤੇ ਤਸਵੀਰ]

ਯਹੋਵਾਹ ਸਾਰੇ ਦੁੱਖਾਂ-ਦਰਦਾਂ ਨੂੰ ਮਿਟਾ ਦੇਵੇਗਾ