ਕੀ ਤੁਸੀਂ ਉੱਥੇ ਸੇਵਾ ਕਰ ਸਕਦੇ ਹੋ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ?
ਕੀ ਤੁਸੀਂ ਉੱਥੇ ਸੇਵਾ ਕਰ ਸਕਦੇ ਹੋ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ?
“ਅਸੀਂ ਅਮਰੀਕਾ ਵਿਚ ਆਰਾਮ ਨਾਲ ਜੀ ਰਹੇ ਸਾਂ। ਪਰ ਸਾਨੂੰ ਫ਼ਿਕਰ ਇਸ ਗੱਲ ਦਾ ਸੀ ਕਿ ਉੱਥੇ ਜ਼ਿਆਦਾਤਰ ਲੋਕ ਪੈਸੇ ਪਿੱਛੇ ਭੱਜਦੇ ਹਨ ਜਿਸ ਦਾ ਸਾਡੇ ਅਤੇ ਸਾਡੇ ਦੋ ਮੁੰਡਿਆਂ ਉੱਤੇ ਮਾੜਾ ਅਸਰ ਪੈ ਸਕਦਾ ਸੀ। ਮੈਂ ਤੇ ਮੇਰੀ ਪਤਨੀ ਪਹਿਲਾਂ ਮਿਸ਼ਨਰੀ ਹੁੰਦੇ ਸਾਂ ਅਤੇ ਅਸੀਂ ਫਿਰ ਤੋਂ ਉਹੋ ਜਿਹੀ ਸਾਦੀ ਜ਼ਿੰਦਗੀ ਜੀ ਕੇ ਖ਼ੁਸ਼ ਰਹਿਣਾ ਚਾਹੁੰਦੇ ਸਾਂ।”
ਆਪਣੀ ਇਸ ਖ਼ਾਹਸ਼ ਨੂੰ ਪੂਰੀ ਕਰਨ ਲਈ ਰਾਲਫ਼ ਅਤੇ ਪੈਮ ਨੇ 1991 ਵਿਚ ਕਈ ਬ੍ਰਾਂਚ ਆਫ਼ਿਸਾਂ ਨੂੰ ਚਿੱਠੀਆਂ ਲਿਖੀਆਂ। ਚਿੱਠੀਆਂ ਵਿਚ ਉਨ੍ਹਾਂ ਨੇ ਲਿਖਿਆ ਕਿ ਉਹ ਉੱਥੇ ਸੇਵਾ ਕਰਨੀ ਚਾਹੁੰਦੇ ਹਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਮੈਕਸੀਕੋ ਦੇ ਬ੍ਰਾਂਚ ਆਫ਼ਿਸ ਨੇ ਜਵਾਬ ਭੇਜਿਆ ਕਿ ਮੈਕਸੀਕੋ ਵਿਚ ਅੰਗ੍ਰੇਜ਼ੀ ਬੋਲਣ ਵਾਲੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ ਪ੍ਰਚਾਰਕਾਂ ਦੀ ਬਹੁਤ ਲੋੜ ਹੈ। ਬ੍ਰਾਂਚ ਨੇ ਦੇਖਿਆ ਕਿ ਖੇਤ ‘ਵਾਢੀ ਦੇ ਲਈ ਪੱਕ ਕੇ ਪੀਲਾ ਹੋ ਗਿਆ ਸੀ।’ (ਯੂਹੰ. 4:35) ਜਲਦੀ ਹੀ ਰਾਲਫ਼ ਅਤੇ ਪੈਮ ਆਪਣੇ 8 ਅਤੇ 12 ਸਾਲਾਂ ਦੇ ਮੁੰਡਿਆਂ ਨਾਲ ਮੈਕਸੀਕੋ ਜਾਣ ਲਈ ਰਾਜ਼ੀ ਹੋ ਗਏ ਅਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ।
ਵਿਸ਼ਾਲ ਇਲਾਕਾ
ਰਾਲਫ਼ ਦੱਸਦਾ ਹੈ: “ਹਾਲੇ ਅਸੀਂ ਅਮਰੀਕਾ ਵਿਚ ਹੀ ਸੀ ਜਦੋਂ ਕੁਝ ਭੈਣਾਂ-ਭਰਾਵਾਂ ਨੇ ਸਾਨੂੰ ਕਿਹਾ: ‘ਕਿਸੇ ਹੋਰ ਦੇਸ਼ ਜਾਣਾ ਤੁਹਾਡੇ ਲਈ ਖ਼ਤਰਨਾਕ ਹੋ ਸਕਦਾ!’ ‘ਜੇ ਤੁਸੀਂ ਬੀਮਾਰ ਹੋ ਗਏ ਤਾਂ ਕੀ ਕਰੋਗੇ?’ ‘ਅੰਗ੍ਰੇਜ਼ੀ ਬੋਲਣ ਵਾਲੇ ਲੋਕਾਂ ਨੂੰ ਪ੍ਰਚਾਰ ਕਰਨ ਲਈ ਉੱਥੇ ਜਾਣ ਦੀ ਕੀ ਲੋੜ ਹੈ? ਉਨ੍ਹਾਂ ਨੂੰ ਸੱਚਾਈ ਜਾਣਨ ਵਿਚ ਉੱਕਾ ਹੀ ਰੁਚੀ ਨਹੀਂ।’ ਦਰਅਸਲ ਇਹ ਭੈਣ-ਭਰਾ ਸਾਡਾ ਭਲਾ ਹੀ ਚਾਹੁੰਦੇ ਸਨ। ਪਰ ਅਸੀਂ ਤਾਂ ਉੱਥੇ ਜਾਣ ਦਾ ਮਨ ਬਣਾ ਲਿਆ ਸੀ। ਇਹ ਫ਼ੈਸਲਾ ਅਸੀਂ ਰਾਤੋ-ਰਾਤ ਨਹੀਂ ਸੀ ਕੀਤਾ। ਅਸੀਂ ਕਈ ਸਾਲਾਂ ਉਸ ਥਾਂ ਜਾਣ ਦੀ ਸੋਚ ਰਹੇ ਸਾਂ ਜਿੱਥੇ ਜ਼ਿਆਦਾ ਪ੍ਰਚਾਰ ਕਰਨ ਦੀ ਲੋੜ ਹੈ। ਨਾਲੇ ਅਸੀਂ ਕਿਸੇ ਤੋਂ ਜ਼ਿਆਦਾ ਕਰਜ਼ਾ ਨਹੀਂ ਲਿਆ, ਸਗੋਂ ਪੈਸਿਆਂ ਦੀ ਬਚਤ ਕੀਤੀ ਅਤੇ ਪਰਿਵਾਰ ਨਾਲ ਉਨ੍ਹਾਂ ਮੁਸ਼ਕਲਾਂ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਜੋ ਸਾਨੂੰ ਆ ਸਕਦੀਆਂ ਸਨ।”
ਰਾਲਫ਼ ਅਤੇ ਉਸ ਦਾ ਪਰਿਵਾਰ ਪਹਿਲਾਂ ਮੈਕਸੀਕੋ ਦੇ ਬ੍ਰਾਂਚ ਆਫ਼ਿਸ ਗਿਆ। ਉੱਥੇ ਭਰਾਵਾਂ ਨੇ ਉਨ੍ਹਾਂ ਨੂੰ ਪੂਰੇ ਦੇਸ਼ ਦਾ ਨਕਸ਼ਾ ਦਿਖਾਇਆ ਤੇ ਉਨ੍ਹਾਂ ਨੂੰ ਕਿਹਾ, “ਇਹ ਤੁਹਾਡਾ ਇਲਾਕਾ ਹੈ!” ਸੋ ਇਹ ਪਰਿਵਾਰ ਸਾਨ ਮਿਗੈਲ ਦੇ ਆਯਾਂਦੇ ਕਸਬੇ ਵਿਚ ਰਹਿਣ ਲੱਗ ਪਿਆ ਜੋ 240 ਕਿਲੋਮੀਟਰ ਦੀ ਦੂਰੀ ਤੇ ਮੈਕਸੀਕੋ ਸ਼ਹਿਰ ਦੇ ਉੱਤਰ-ਪੱਛਮ ਵੱਲ ਹੈ। ਉੱਥੇ ਦੂਜੇ ਦੇਸ਼ਾਂ ਤੋਂ ਆਏ ਕਾਫ਼ੀ ਲੋਕ ਰਹਿੰਦੇ ਹਨ। ਇਸ ਪਰਿਵਾਰ ਨੂੰ ਆਇਆਂ ਨੂੰ ਤਿੰਨ ਸਾਲ ਹੋਏ ਸਨ ਜਦੋਂ ਉੱਥੇ 19 ਪਬਲੀਸ਼ਰਾਂ ਵਾਲੀ ਅੰਗ੍ਰੇਜ਼ੀ ਕਲੀਸਿਯਾ ਬਣ ਗਈ। ਮੈਕਸੀਕੋ ਵਿਚ ਇਹ ਪਹਿਲੀ ਅੰਗ੍ਰੇਜ਼ੀ ਕਲੀਸਿਯਾ ਸੀ। ਪਰ ਅਜੇ ਹੋਰ ਬਹੁਤ ਸਾਰਾ ਪ੍ਰਚਾਰ ਕਰਨ ਨੂੰ ਪਿਆ ਸੀ।
ਮੈਕਸੀਕੋ ਵਿਚ ਅੰਦਾਜ਼ਨ ਅਮਰੀਕਾ ਦੇ 10 ਲੱਖ ਨਾਗਰਿਕ ਰਹਿੰਦੇ ਹਨ। ਇਸ ਤੋਂ ਇਲਾਵਾ, ਮੈਕਸੀਕੋ ਦੇ ਬਹੁਤ ਸਾਰੇ ਪੇਸ਼ਾਵਰ ਲੋਕਾਂ ਅਤੇ ਵਿਦਿਆਰਥੀਆਂ ਦੀ ਦੂਜੀ ਭਾਸ਼ਾ ਅੰਗ੍ਰੇਜ਼ੀ ਹੈ। ਰਾਲਫ਼ ਦੱਸਦਾ ਹੈ: “ਅਸੀਂ ਪ੍ਰਾਰਥਨਾ ਕੀਤੀ ਕਿ ਯਹੋਵਾਹ ਹੋਰ ਪ੍ਰਚਾਰਕਾਂ ਨੂੰ ਭੇਜੇ। ਅਸੀਂ ਆਪਣੇ ਘਰ ਵਿਚ ਹਮੇਸ਼ਾ ਉਨ੍ਹਾਂ ਗਿਣ. 13:2.
ਭੈਣਾਂ-ਭਰਾਵਾਂ ਲਈ ਇਕ ਕਮਰਾ ਖਾਲੀ ਰੱਖਦੇ ਹੁੰਦੇ ਸੀ ਜੋ ਇਕ ਤਰ੍ਹਾਂ ਨਾਲ ਦੇਸ਼ ਦੀ “ਖੋਜ ਕੱਢਣ” ਆਉਂਦੇ ਸਨ ਕਿ ਪ੍ਰਚਾਰ ਕਰਨ ਲਈ ਇਹ ਕਿਹੋ ਜਿਹਾ ਇਲਾਕਾ ਹੈ।—ਜ਼ਿਆਦਾ ਪ੍ਰਚਾਰ ਕਰਨ ਲਈ ਜ਼ਿੰਦਗੀ ਸਾਦੀ ਕੀਤੀ
ਛੇਤੀ ਹੀ ਮੈਕਸੀਕੋ ਵਿਚ ਹੋਰ ਭੈਣ-ਭਰਾ ਆ ਗਏ ਜੋ ਪ੍ਰਚਾਰ ਵਿਚ ਜ਼ਿਆਦਾ ਸਮਾਂ ਲਾਉਣਾ ਚਾਹੁੰਦੇ ਸਨ। ਉਨ੍ਹਾਂ ਵਿਚ ਬਿਲ ਅਤੇ ਕੈਥੀ ਵੀ ਸਨ ਜੋ ਅਮਰੀਕਾ ਤੋਂ ਆਏ। ਉਨ੍ਹਾਂ ਨੇ 25 ਸਾਲ ਪਹਿਲਾਂ ਵੀ ਉਨ੍ਹਾਂ ਇਲਾਕਿਆਂ ਵਿਚ ਪ੍ਰਚਾਰ ਕੀਤਾ ਸੀ ਜਿੱਥੇ ਜ਼ਿਆਦਾ ਪ੍ਰਚਾਰਕਾਂ ਦੀ ਲੋੜ ਸੀ। ਉਹ ਸਪੇਨੀ ਭਾਸ਼ਾ ਸਿੱਖਣ ਬਾਰੇ ਸੋਚ ਰਹੇ ਸਨ। ਪਰ ਜਦੋਂ ਉਹ ਚਪਾਲਾ ਝੀਲ ਦੇ ਕਿਨਾਰੇ ਉੱਤੇ ਸਥਿਤ ਕਸਬੇ ਅਜੀਜਿਕ ਵਿਚ ਆਏ, ਤਾਂ ਉਨ੍ਹਾਂ ਦਾ ਇਹ ਭਾਸ਼ਾ ਸਿੱਖਣ ਦਾ ਇਰਾਦਾ ਬਦਲ ਗਿਆ। ਅਜੀਜਿਕ ਬਹੁਤ ਸੋਹਣੀ ਜਗ੍ਹਾ ਹੈ ਜਿੱਥੇ ਅਮਰੀਕਾ ਦੇ ਰੀਟਾਇਰ ਹੋ ਚੁੱਕੇ ਲੋਕ ਆ ਕੇ ਰਹਿੰਦੇ ਹਨ। ਬਿਲ ਦੱਸਦਾ ਹੈ: “ਅਜੀਜਿਕ ਵਿਚ ਅਸੀਂ ਅੰਗ੍ਰੇਜ਼ੀ ਬੋਲਣ ਵਾਲੇ ਲੋਕਾਂ ਦੀ ਭਾਲ ਵਿਚ ਰੁੱਝ ਗਏ ਜੋ ਸੱਚਾਈ ਜਾਣਨੀ ਚਾਹੁੰਦੇ ਸਨ।” ਬਿਲ ਅਤੇ ਕੈਥੀ ਨੂੰ ਅਜੀਜਿਕ ਵਿਚ ਰਹਿੰਦਿਆਂ ਦੋ ਸਾਲ ਹੀ ਹੋਏ ਸਨ ਜਦੋਂ ਮੈਕਸੀਕੋ ਵਿਚ ਦੂਜੀ ਅੰਗ੍ਰੇਜ਼ੀ ਕਲੀਸਿਯਾ ਬਣੀ।
ਕੈਨੇਡਾ ਦੇ ਕੈੱਨ ਤੇ ਜੋਐਨ ਆਪਣੀ ਜ਼ਿੰਦਗੀ ਸਾਦੀ ਕਰ ਕੇ ਜ਼ਿਆਦਾ ਸਮਾਂ ਰਾਜ ਦੇ ਕੰਮ ਵਿਚ ਲਾਉਣਾ ਚਾਹੁੰਦੇ ਸਨ। ਉਹ ਵੀ ਮੈਕਸੀਕੋ ਚਲੇ ਗਏ। ਕੈੱਨ ਦੱਸਦਾ ਹੈ, “ਉੱਥੇ ਨਾ ਗਰਮ ਪਾਣੀ ਸੀ, ਨਾ ਬਿਜਲੀ ਆਉਂਦੀ ਸੀ ਤੇ ਨਾ ਹੀ ਕਈ-ਕਈ ਦਿਨ ਫ਼ੋਨ ਕੰਮ ਕਰਦਾ ਸੀ, ਇਸ ਲਈ ਸਾਨੂੰ ਪਹਿਲਾਂ-ਪਹਿਲ ਉੱਥੇ ਰਹਿਣ ਵਿਚ ਬਹੁਤ ਔਖਿਆਈ ਆਈ।” ਇਸ ਦੇ ਬਾਵਜੂਦ ਉਨ੍ਹਾਂ ਨੂੰ ਪ੍ਰਚਾਰ ਕਰ ਕੇ ਮਜ਼ਾ ਆਉਂਦਾ ਸੀ। ਕੈੱਨ ਛੇਤੀ ਹੀ ਸਹਾਇਕ ਸੇਵਕ ਬਣ ਗਿਆ ਤੇ ਦੋ ਸਾਲ ਬਾਅਦ ਕਲੀਸਿਯਾ ਦਾ ਬਜ਼ੁਰਗ ਬਣ ਗਿਆ। ਸ਼ੁਰੂ-ਸ਼ੁਰੂ ਵਿਚ ਉਨ੍ਹਾਂ ਦੀ ਕੁੜੀ ਬ੍ਰਿਟਨੀ ਨੂੰ ਛੋਟੀ ਜਿਹੀ ਅੰਗ੍ਰੇਜ਼ੀ ਕਲੀਸਿਯਾ ਵਿਚ ਜਾਣਾ ਮੁਸ਼ਕਲ ਲੱਗਦਾ ਸੀ ਕਿਉਂਕਿ ਉੱਥੇ ਉਸ ਦੇ ਹਾਣ ਦੇ ਬਹੁਤ ਘੱਟ ਨੌਜਵਾਨ ਸਨ। ਪਰ ਜਦੋਂ ਉਸ ਨੇ ਕਿੰਗਡਮ ਹਾਲਾਂ ਦੀ ਉਸਾਰੀ ਦੇ ਕੰਮ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ, ਤਾਂ ਉਸ ਨੇ ਦੇਸ਼ ਭਰ ਵਿਚ ਬਹੁਤ ਸਾਰੇ ਚੰਗੇ ਦੋਸਤ ਬਣਾ ਲਏ।
ਅਮਰੀਕਾ ਦੇ ਟੈਕਸਸ ਪ੍ਰਾਂਤ ਦੇ ਪੈਟਰਿਕ ਤੇ ਰੌਕਸੈਨ ਨੂੰ ਬਹੁਤ ਖ਼ੁਸ਼ੀ ਹੋਈ ਜਦੋਂ ਉਨ੍ਹਾਂ ਨੇ ਸੁਣਿਆ ਕਿ ਲਾਗੇ ਹੀ ਅੰਗ੍ਰੇਜ਼ੀ ਬੋਲਣ ਵਾਲੇ ਲੋਕ ਰਹਿੰਦੇ ਹਨ ਜਿਨ੍ਹਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦੀ ਲੋੜ ਹੈ। ਪੈਟਰਿਕ ਕਹਿੰਦਾ ਹੈ: “ਮੈਕਸੀਕੋ ਦੇ ਉੱਤਰ-ਪੂਰਬ ਵਿਚ ਮਾਂਟੇਰੀ ਨਾਂ ਦੇ ਕਸਬੇ ਵਿਚ ਜਾਣ ਤੋਂ ਬਾਅਦ ਸਾਨੂੰ ਅਹਿਸਾਸ ਹੋਇਆ ਕਿ ਯਹੋਵਾਹ ਸਾਨੂੰ ਉੱਥੇ ਜਾਣ ਦੀ ਸੇਧ ਦੇ ਰਿਹਾ ਸੀ।” ਪੰਜਾਂ ਦਿਨਾਂ ਦੇ ਅੰਦਰ-ਅੰਦਰ ਉਨ੍ਹਾਂ ਨੇ ਟੈਕਸਸ ਵਿਚ ਆਪਣਾ ਘਰ ਵੇਚ ਦਿੱਤਾ ਅਤੇ ਇਕ ਤਰ੍ਹਾਂ ਨਾਲ “ਮਕਦੂਨਿਯਾ ਵਿੱਚ” ਕਦਮ ਰੱਖਿਆ। (ਰਸੂ. 16:9) ਮੈਕਸੀਕੋ ਵਿਚ ਉਨ੍ਹਾਂ ਲਈ ਗੁਜ਼ਾਰਾ ਤੋਰਨਾ ਆਸਾਨ ਨਹੀਂ ਸੀ, ਪਰ ਦੋ ਸਾਲਾਂ ਦੇ ਅੰਦਰ ਉਨ੍ਹਾਂ ਨੇ 17 ਗਵਾਹਾਂ ਦੇ ਗਰੁੱਪ ਨੂੰ 40 ਪਬਲੀਸ਼ਰਾਂ ਵਾਲੀ ਕਲੀਸਿਯਾ ਬਣਦੀ ਦੇਖਿਆ ਜੋ ਕਿ ਉਨ੍ਹਾਂ ਲਈ ਖ਼ੁਸ਼ੀ ਦੀ ਗੱਲ ਸੀ।
ਜੈੱਫ ਤੇ ਡੈੱਬ ਇਕ ਹੋਰ ਜੋੜਾ ਹੈ ਜਿਸ ਨੇ ਹੋਰ ਜ਼ਿਆਦਾ ਪ੍ਰਚਾਰ ਕਰਨ ਲਈ ਕਾਫ਼ੀ ਕੁਰਬਾਨੀਆਂ ਕੀਤੀਆਂ। ਅਮਰੀਕਾ ਵਿਚ ਉਨ੍ਹਾਂ ਨੇ ਆਪਣਾ ਵੱਡਾ ਸਾਰਾ ਘਰ ਵੇਚ ਦਿੱਤਾ ਅਤੇ ਮੈਕਸੀਕੋ ਦੇ ਪੂਰਬੀ ਤਟ ਉੱਤੇ ਸਥਿਤ ਸ਼ਹਿਰ ਕੈਨਕੂਨ ਵਿਚ ਇਕ ਛੋਟੇ ਜਿਹੇ ਅਪਾਰਟਮੈਂਟ ਵਿਚ ਆ ਕੇ ਰਹਿਣ ਲੱਗ ਪਏ। ਪਹਿਲਾਂ ਉਹ ਘਰ ਦੇ ਲਾਗੇ ਹੀ ਏਅਰ-ਕੰਡੀਸ਼ਨਡ ਹਾਲ ਵਿਚ ਅਸੈਂਬਲੀਆਂ ’ਤੇ ਜਾਂਦੇ ਹੁੰਦੇ ਸੀ। ਪਰ ਹੁਣ ਉਨ੍ਹਾਂ ਨੂੰ ਸਭ ਤੋਂ ਨੇੜੇ ਦੀ ਅੰਗ੍ਰੇਜ਼ੀ ਅਸੈਂਬਲੀ ਵਿਚ ਜਾਣ ਲਈ ਅੱਠ ਘੰਟੇ ਸਫ਼ਰ ਕਰਨਾ ਪੈਂਦਾ ਹੈ। ਅਸੈਂਬਲੀ ਵੀ ਖੁੱਲ੍ਹੇ ਮੈਦਾਨ ਵਿਚ ਹੁੰਦੀ ਹੈ! ਪਰ ਕੈਨਕੂਨ ਵਿਚ ਉਨ੍ਹਾਂ ਨੂੰ ਇਸ ਗੱਲ ਦੀ ਬੜੀ ਖ਼ੁਸ਼ੀ ਹੈ ਕਿ ਉੱਥੇ 50 ਪਬਲੀਸ਼ਰਾਂ ਦੀ ਕਲੀਸਿਯਾ ਬਣ ਗਈ।
ਮੈਕਸੀਕੋ ਦੇ ਕੁਝ ਭੈਣ-ਭਰਾ ਵੀ ਅੰਗ੍ਰੇਜ਼ੀ ਵਿਚ ਪ੍ਰਚਾਰ ਕਰਨ ਵਿਚ ਮਦਦ ਕਰਨ ਲੱਗ ਪਏ। ਰੂਬਨ ਤੇ ਉਸ ਦੇ ਪਰਿਵਾਰ ਦੀ ਮਿਸਾਲ ਲੈ ਲਓ। ਜਦੋਂ ਉਨ੍ਹਾਂ ਨੇ ਸੁਣਿਆ ਕਿ ਸਾਨ ਮਿਗੈਲ ਦੇ
ਆਯਾਂਦੇ ਵਿਚ ਪਹਿਲੀ ਅੰਗ੍ਰੇਜ਼ੀ ਕਲੀਸਿਯਾ ਬਣ ਗਈ ਸੀ ਤੇ ਉਸ ਕਲੀਸਿਯਾ ਦੇ ਪ੍ਰਚਾਰ ਕਰਨ ਦਾ ਇਲਾਕਾ ਸਾਰਾ ਮੈਕਸੀਕੋ ਸੀ, ਤਾਂ ਉਨ੍ਹਾਂ ਨੇ ਫ਼ੌਰਨ ਮਦਦ ਕਰਨ ਦਾ ਫ਼ੈਸਲਾ ਕੀਤਾ। ਇਸ ਦਾ ਮਤਲਬ ਸੀ ਕਿ ਉਨ੍ਹਾਂ ਨੂੰ ਅੰਗ੍ਰੇਜ਼ੀ ਭਾਸ਼ਾ ਸਿੱਖਣੀ ਅਤੇ ਨਵੇਂ ਸਭਿਆਚਾਰ ਦੇ ਅਨੁਸਾਰ ਜੀਣਾ ਪੈਣਾ ਸੀ ਅਤੇ ਹਰ ਹਫ਼ਤੇ ਮੀਟਿੰਗਾਂ ਵਿਚ ਜਾਣ ਲਈ ਕਾਫ਼ੀ ਦੂਰ ਯਾਨੀ 800 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਣਾ ਸੀ। ਰੂਬਨ ਦੱਸਦਾ ਹੈ: “ਸਾਨੂੰ ਦੂਜੇ ਦੇਸ਼ਾਂ ਤੋਂ ਆਏ ਲੋਕਾਂ ਨੂੰ ਗਵਾਹੀ ਦੇ ਕੇ ਬਹੁਤ ਖ਼ੁਸ਼ੀ ਹੋਈ ਜੋ ਸਾਲਾਂ ਤੋਂ ਮੈਕਸੀਕੋ ਵਿਚ ਰਹਿੰਦੇ ਹਨ। ਉਨ੍ਹਾਂ ਨੇ ਜ਼ਿੰਦਗੀ ਵਿਚ ਪਹਿਲੀ ਵਾਰ ਆਪਣੀ ਮਾਂ-ਬੋਲੀ ਵਿਚ ਖ਼ੁਸ਼ ਖ਼ਬਰੀ ਸੁਣੀ। ਕੁਝ ਲੋਕਾਂ ਦੀਆਂ ਅੱਖਾਂ ਵਿਚ ਹੰਝੂ ਵਹਿ ਤੁਰੇ ਜਦ ਉਨ੍ਹਾਂ ਨੇ ਤਹਿ ਦਿਲੋਂ ਸਾਡਾ ਸ਼ੁਕਰੀਆ ਅਦਾ ਕੀਤਾ।” ਮਿਗੈਲ ਦੇ ਆਯਾਂਦੇ ਵਿਚ ਕਲੀਸਿਯਾ ਦੀ ਮਦਦ ਕਰਨ ਤੋਂ ਬਾਅਦ ਰੂਬਨ ਤੇ ਉਸ ਦੇ ਪਰਿਵਾਰ ਨੇ ਕੇਂਦਰੀ ਮੈਕਸੀਕੋ ਦੇ ਕਸਬੇ ਗੁਆਨਾਹੁਆਟੋ ਵਿਚ ਪਾਇਨੀਅਰਾਂ ਵਜੋਂ ਸੇਵਾ ਕੀਤੀ ਸੀ ਜਿੱਥੇ ਉਨ੍ਹਾਂ ਨੇ 30 ਤੋਂ ਵੀ ਜ਼ਿਆਦਾ ਪਬਲੀਸ਼ਰਾਂ ਵਾਲੀ ਅੰਗ੍ਰੇਜ਼ੀ ਕਲੀਸਿਯਾ ਬਣਾਉਣ ਵਿਚ ਮਦਦ ਕੀਤੀ। ਅੱਜ ਉਹ ਗੁਆਨਾਹੁਆਟੋ ਦੇ ਲਾਗੇ ਇਕ ਕਸਬੇ ਈਰਾਪੁਆਟੋ ਵਿਚ ਅੰਗ੍ਰੇਜ਼ੀ ਗਰੁੱਪ ਵਿਚ ਸੇਵਾ ਕਰ ਰਹੇ ਹਨ।ਆਸਾਨੀ ਨਾਲ ਨਾ ਮਿਲਣ ਵਾਲੇ ਲੋਕਾਂ ਨੂੰ ਪ੍ਰਚਾਰ ਕਰਨਾ
ਦੂਜੇ ਦੇਸ਼ਾ ਤੋਂ ਆਏ ਲੋਕਾਂ ਤੋਂ ਇਲਾਵਾ ਮੈਕਸੀਕੋ ਦੇ ਕਈ ਲੋਕ ਵੀ ਅੰਗ੍ਰੇਜ਼ੀ ਬੋਲਦੇ ਹਨ। ਅਕਸਰ ਉਨ੍ਹਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣੀ ਔਖੀ ਹੁੰਦੀ ਹੈ ਕਿਉਂਕਿ ਉਹ ਅਮੀਰ ਇਲਾਕਿਆਂ ਵਿਚ ਰਹਿੰਦੇ ਹਨ ਜਿੱਥੇ ਸਿਰਫ਼ ਨੌਕਰ ਹੀ ਦਰਵਾਜ਼ਾ ਖੋਲ੍ਹਦੇ ਹਨ। ਜਾਂ ਜੇ ਘਰ ਦੇ ਲੋਕ ਦਰਵਾਜ਼ਾ ਖੋਲ੍ਹਦੇ ਵੀ ਹਨ, ਤਾਂ ਉਹ ਸ਼ਾਇਦ ਸਾਡੀ ਗੱਲਬਾਤ ਨਾ ਸੁਣਨ ਕਿਉਂਕਿ ਉਹ ਸੋਚਦੇ ਹਨ ਕਿ ਯਹੋਵਾਹ ਦੇ ਗਵਾਹ ਉਨ੍ਹਾਂ ਦੇ ਇਲਾਕੇ ਦਾ ਇਕ ਛੋਟਾ ਜਿਹਾ ਫਿਰਕਾ ਹੈ। ਪਰ ਜਦੋਂ ਕੋਈ ਬਾਹਰਲੇ ਦੇਸ਼ ਤੋਂ ਆਇਆ ਗਵਾਹ ਉਨ੍ਹਾਂ ਨਾਲ ਗੱਲ ਕਰਦਾ ਹੈ, ਤਾਂ ਉਹ ਉਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਹੋ ਜਾਂਦੇ ਹਨ।
ਆਓ ਗਲੋਰੀਆ ਦੀ ਮਿਸਾਲ ਦੇਖੀਏ ਜੋ ਕੇਂਦਰੀ ਮੈਕਸੀਕੋ ਦੇ ਕਵੇਰੇਤਾਰੋ ਸ਼ਹਿਰ ਦੀ ਹੈ। ਉਹ ਕਹਿੰਦੀ ਹੈ: “ਪਹਿਲਾਂ ਮੈਨੂੰ ਸਪੇਨੀ ਭਾਸ਼ਾ ਦੇ ਗਵਾਹ ਮਿਲੇ ਸਨ, ਪਰ ਮੈਂ ਉਨ੍ਹਾਂ ਦੀ ਗੱਲ ਨਹੀਂ ਸੁਣੀ। ਜਦੋਂ ਮੇਰੇ ਪਰਿਵਾਰ ਅਤੇ ਮੇਰੇ ਦੋਸਤਾਂ ਨੂੰ ਸਮੱਸਿਆਵਾਂ ਆਉਣ ਲੱਗੀਆਂ, ਤਾਂ ਮੈਂ ਨਿਰਾਸ਼ ਹੋ ਗਈ ਤੇ ਰੱਬ ਨੂੰ ਪ੍ਰਾਰਥਨਾ ਕੀਤੀ ਕਿ ਉਹ ਮੈਨੂੰ ਰਾਹ ਦਿਖਾਵੇ। ਥੋੜ੍ਹੀ ਦੇਰ ਬਾਅਦ ਇਕ ਅੰਗ੍ਰੇਜ਼ੀ ਬੋਲਣ ਵਾਲੀ ਤੀਵੀਂ ਨੇ ਮੇਰਾ ਦਰਵਾਜ਼ਾ ਖੜਕਾਇਆ। ਉਹ ਨੇ ਮੈਨੂੰ ਪੁੱਛਿਆ ਕਿ ਕੋਈ ਘਰ ਵਿਚ ਅੰਗ੍ਰੇਜ਼ੀ ਬੋਲਦਾ ਹੈ। ਕਿਉਂਕਿ ਉਹ ਦੂਜੇ ਦੇਸ਼ ਤੋਂ ਆਈ ਸੀ, ਇਸ ਲਈ ਮੈਂ ਪਤਾ ਕਰਨਾ ਚਾਹੁੰਦੀ ਸੀ ਕਿ ਉਹ ਕਿਉਂ ਆਈ ਸੀ। ਸੋ ਮੈਂ ਉਸ ਨੂੰ ਕਿਹਾ ਕਿ ਮੈਨੂੰ ਅੰਗ੍ਰੇਜ਼ੀ ਆਉਂਦੀ ਹੈ। ਜਦੋਂ ਉਹ ਗੱਲ ਕਰ ਰਹੀ ਸੀ, ਤਾਂ ਮੈਂ ਸੋਚ ਰਹੀ ਸੀ ਕਿ ਇਹ ਅਮਰੀਕੀ ਤੀਵੀਂ ਇੱਥੇ ਕੀ ਕਰ ਰਹੀ ਹੈ, ਇਸ ਦਾ ਦਿਮਾਗ਼ ਤਾਂ ਠੀਕ ਹੈ? ਪਰ ਮੈਂ ਰੱਬ ਨੂੰ ਪ੍ਰਾਰਥਨਾ ਕੀਤੀ ਸੀ ਕਿ ਉਹ ਮੈਨੂੰ ਰਾਹ ਦਿਖਾਵੇ। ਸ਼ਾਇਦ ਰੱਬ ਨੇ ਇਸ ਤੀਵੀਂ ਨੂੰ ਮੇਰੇ ਕੋਲ ਘੱਲਿਆ।” ਗਲੋਰੀਆ ਬਾਈਬਲ ਸਟੱਡੀ ਕਰਨ ਲੱਗ ਪਈ ਅਤੇ ਪਰਿਵਾਰ ਦੇ ਵਿਰੋਧ ਦੇ ਬਾਵਜੂਦ ਉਸ ਨੇ ਛੇਤੀ ਹੀ ਬਪਤਿਸਮਾ ਲੈ ਲਿਆ। ਅੱਜ ਗਲੋਰੀਆ ਰੈਗੂਲਰ ਪਾਇਨੀਅਰੀ ਕਰਦੀ ਹੈ ਅਤੇ ਉਸ ਦਾ ਪਤੀ ਅਤੇ ਮੁੰਡਾ ਵੀ ਯਹੋਵਾਹ ਦੀ ਸੇਵਾ ਕਰਦੇ ਹਨ।
ਪ੍ਰਚਾਰ ਵਿਚ ਜ਼ਿਆਦਾ ਸਮਾਂ ਲਾਉਣ ਦੇ ਮਿੱਠੇ ਫਲ
ਇਹ ਸੱਚ ਹੈ ਕਿ ਜ਼ਿਆਦਾ ਲੋੜ ਵਾਲੇ ਇਲਾਕਿਆਂ ਵਿਚ ਜਾ ਕੇ ਪ੍ਰਚਾਰਕਾਂ ਨੂੰ ਚੁਣੌਤੀਆਂ ਤਾਂ ਆਉਂਦੀਆਂ ਹਨ, ਪਰ ਬਰਕਤਾਂ ਵੀ ਬਹੁਤ ਮਿਲਦੀਆਂ ਹਨ। ਰਾਲਫ਼, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਸੀ, ਕਹਿੰਦਾ ਹੈ: “ਅਸੀਂ ਬ੍ਰਿਟੇਨ, ਚੀਨ, ਜਮੈਕਾ, ਸਵੀਡਨ ਦੇ ਲੋਕਾਂ ਅਤੇ ਘਾਨਾ ਦੇ ਉੱਚੇ ਖ਼ਾਨਦਾਨ ਦੇ ਮੈਂਬਰਾਂ ਨੂੰ ਵੀ ਸਟੱਡੀਆਂ ਕਰਾਈਆਂ। ਇਨ੍ਹਾਂ ਵਿੱਚੋਂ ਕਈ ਜਣੇ ਪਾਇਨੀਅਰੀ ਕਰਨ ਲੱਗ ਪਏ। ਕਈ ਸਾਲਾਂ ਤੋਂ ਸਾਡੇ ਪਰਿਵਾਰ ਨੇ ਸੱਤ ਅੰਗ੍ਰੇਜ਼ੀ ਕਲੀਸਿਯਾਵਾਂ ਬਣਦੀਆਂ ਦੇਖੀਆਂ। ਸਾਡੇ ਦੋਵੇਂ ਮੁੰਡੇ ਵੀ ਸਾਡੇ ਨਾਲ ਪਾਇਨੀਅਰੀ ਕਰਨ ਲੱਗ ਪਏ ਅਤੇ ਉਹ ਹੁਣ ਅਮਰੀਕਾ ਦੇ ਬੈਥਲ ਵਿਚ ਸੇਵਾ ਕਰ ਰਹੇ ਹਨ।”
ਅੱਜ ਮੈਕਸੀਕੋ ਵਿਚ 88 ਅੰਗ੍ਰੇਜ਼ੀ ਕਲੀਸਿਯਾਵਾਂ ਅਤੇ ਕਈ ਗਰੁੱਪ ਹਨ। ਇੰਨਾ ਵਾਧਾ ਕਿਵੇਂ ਹੋਇਆ? ਮੈਕਸੀਕੋ ਦੇ ਕਈ ਅੰਗ੍ਰੇਜ਼ੀ ਬੋਲਣ ਵਾਲੇ ਲੋਕਾਂ ਨੇ ਪਹਿਲੀ ਵਾਰ ਯਹੋਵਾਹ ਦੇ ਗਵਾਹਾਂ ਨਾਲ ਗੱਲ ਕੀਤੀ ਸੀ। ਕਈ ਹੋਰ ਲੋਕ ਸੱਚਾਈ ਵਿਚ ਆ ਗਏ ਕਿਉਂਕਿ ਉਨ੍ਹਾਂ ਉੱਤੇ ਪਰਿਵਾਰ ਜਾਂ ਦੋਸਤਾਂ-ਮਿੱਤਰਾਂ ਦਾ ਦਬਾਅ ਨਹੀਂ ਸੀ ਜੋ ਉਨ੍ਹਾਂ ਦੇ ਦੇਸ਼ ਵਿਚ ਉਨ੍ਹਾਂ ਨੂੰ ਸੱਚਾਈ ਵਿਚ ਆਉਣ ਤੋਂ ਰੋਕ ਸਕਦਾ ਸੀ। ਕਈਆਂ ਨੇ ਇਸ ਲਈ ਬਾਈਬਲ ਸਟੱਡੀ ਕੀਤੀ ਕਿਉਂਕਿ ਉਹ ਰੀਟਾਇਰ ਹੋ ਚੁੱਕੇ ਸਨ ਤੇ ਉਨ੍ਹਾਂ ਕੋਲ ਬਾਈਬਲ ਪੜ੍ਹਨ ਲਈ ਜ਼ਿਆਦਾ ਸਮਾਂ ਸੀ। ਇਸ ਤੋਂ ਇਲਾਵਾ, ਅੰਗ੍ਰੇਜ਼ੀ ਕਲੀਸਿਯਾਵਾਂ ਵਿਚ ਇਕ ਤਿਹਾਈ ਪਬਲੀਸ਼ਰ ਪਾਇਨੀਅਰੀ ਕਰ ਰਹੇ ਹਨ ਜਿਨ੍ਹਾਂ ਕਰਕੇ ਕਲੀਸਿਯਾਵਾਂ ਵਿਚ ਜੋਸ਼ ਪੈਦਾ ਹੋਇਆ ਅਤੇ ਵਾਧਾ ਹੋਇਆ।
ਤੁਹਾਨੂੰ ਵੀ ਢੇਰ ਸਾਰੀਆਂ ਬਰਕਤਾਂ ਮਿਲਣਗੀਆਂ
ਦੁਨੀਆਂ ਭਰ ਵਿਚ ਜ਼ਿਆਦਾ ਤੋਂ ਜ਼ਿਆਦਾ ਲੋਕ ਸਾਡੀ ਗੱਲ ਸੁਣਨਗੇ ਜਦੋਂ ਉਹ ਆਪਣੀ ਮਾਂ-ਬੋਲੀ ਵਿਚ ਖ਼ੁਸ਼ ਖ਼ਬਰੀ ਸੁਣਨਗੇ। ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ ਕਈ ਨਿਹਚਾ ਵਿਚ ਤਕੜੇ ਭੈਣ-ਭਰਾ—ਚਾਹੇ ਜੁਆਨ, ਬੁੱਢੇ, ਕੁਆਰੇ ਅਤੇ ਵਿਆਹੇ—ਉਨ੍ਹਾਂ ਥਾਵਾਂ ਤੇ ਜਾਣ ਲਈ ਤਿਆਰ ਹੁੰਦੇ ਹਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਇਹ ਠੀਕ ਹੈ ਕਿ ਉਨ੍ਹਾਂ ਨੂੰ ਅਜਿਹੀਆਂ ਥਾਵਾਂ ਤੇ ਜਾ ਕੇ ਕਠਿਨਾਈਆਂ ਆ ਸਕਦੀਆਂ ਹਨ, ਪਰ ਇਹ ਕਠਿਨਾਈਆਂ ਉਸ ਖ਼ੁਸ਼ੀ ਦੇ ਅੱਗੇ ਕੁਝ ਵੀ ਨਹੀਂ ਹਨ ਜੋ ਉਨ੍ਹਾਂ ਨੂੰ ਨੇਕਦਿਲ ਲੋਕਾਂ ਨੂੰ ਸੱਚਾਈ ਵਿੱਚ ਲਿਆ ਕੇ ਮਿਲਦੀ ਹੈ। ਕੀ ਤੁਸੀਂ ਆਪਣੀ ਜ਼ਿੰਦਗੀ ਵਿਚ ਫੇਰ-ਬਦਲ ਕਰ ਸਕਦੇ ਹੋ ਤਾਂਕਿ ਤੁਸੀਂ ਆਪਣੇ ਦੇਸ਼ ਦੇ ਕਿਸੇ ਇਲਾਕੇ ਜਾਂ ਫਿਰ ਹੋਰ ਦੇਸ਼ ਜਾ ਸਕੋ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ? * (ਲੂਕਾ 14:28-30; 1 ਕੁਰਿੰ. 16:9) ਜੇ ਤੁਸੀਂ ਇਵੇਂ ਕਰੋਗੇ, ਤਾਂ ਤੁਹਾਨੂੰ ਢੇਰ ਸਾਰੀਆਂ ਬਰਕਤਾਂ ਮਿਲਣਗੀਆਂ।
[ਫੁਟਨੋਟ]
^ ਪੈਰਾ 21 ਜ਼ਿਆਦਾ ਲੋੜ ਵਾਲੀਆਂ ਥਾਵਾਂ ’ਤੇ ਪ੍ਰਚਾਰ ਕਰਨ ਸੰਬੰਧੀ ਹੋਰ ਜਾਣਕਾਰੀ ਲਈ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ (ਹਿੰਦੀ) ਕਿਤਾਬ ਦੇ ਸਫ਼ੇ 111 ਅਤੇ 112 ਦੇਖੋ।
[ਸਫ਼ਾ 21 ਉੱਤੇ ਡੱਬੀ]
ਰੀਟਾਇਰ ਲੋਕਾਂ ਦੀ ਖ਼ੁਸ਼ੀ ਬਣਿਆ ਖਿੱਚ ਦਾ ਕੇਂਦਰ
ਬੈਰਲ ਬ੍ਰਿਟੇਨ ਤੋਂ ਕੈਨੇਡਾ ਜਾ ਕੇ ਵੱਸ ਗਈ। ਉੱਥੇ ਉਸ ਨੇ ਕਈ ਅੰਤਰ-ਰਾਸ਼ਟਰੀ ਕੰਪਨੀਆਂ ਦੀ ਮੈਨੇਜਰ ਵਜੋਂ ਕੰਮ ਕੀਤਾ। ਘੋੜ-ਸਵਾਰੀ ਵਿਚ ਵੀ ਉਹ ਮਾਹਰ ਹੋ ਗਈ ਸੀ ਤੇ ਉਸ ਨੇ 1980 ਵਿਚ ਕੈਨੇਡਾ ਵਾਸਤੇ ਓਲੰਪਕ ਖੇਡਾਂ ਵਿਚ ਹਿੱਸਾ ਲਿਆ। ਰੀਟਾਇਰ ਹੋ ਕੇ ਉਹ ਤੇ ਉਸ ਦਾ ਪਤੀ ਮੈਕਸੀਕੋ ਦੇ ਚਪਾਲਾ ਕਸਬੇ ਵਿਚ ਆ ਗਏ। ਉਹ ਅਕਸਰ ਹੋਟਲਾਂ ਵਿਚ ਖਾਣਾ ਖਾਂਦੇ ਸਨ। ਹੋਟਲ ਵਿਚ ਬੈਰਲ ਦੇਖਦੀ ਸੀ ਕਿ ਅੰਗ੍ਰੇਜ਼ੀ ਬੋਲਣ ਵਾਲੇ ਰੀਟਾਇਰ ਹੋ ਚੁੱਕੇ ਲੋਕ ਖ਼ੁਸ਼ ਨਜ਼ਰ ਆਉਂਦੇ ਸਨ। ਉਹ ਉਨ੍ਹਾਂ ਨੂੰ ਆਪਣੀ ਜਾਣ-ਪਛਾਣ ਕਰਾਉਂਦੀ ਸੀ ਅਤੇ ਪੁੱਛਦੀ ਸੀ ਕਿ ਉਹ ਮੈਕਸੀਕੋ ਵਿਚ ਕੀ ਕਰ ਰਹੇ ਸਨ। ਇਹ ਖ਼ੁਸ਼ ਲੋਕ ਹਮੇਸ਼ਾ ਯਹੋਵਾਹ ਦੇ ਗਵਾਹ ਹੀ ਹੁੰਦੇ ਸਨ। ਬੈਰਲ ਤੇ ਉਸ ਦੇ ਪਤੀ ਨੇ ਸੋਚਿਆ ਕਿ ਜੇ ਪਰਮੇਸ਼ੁਰ ਨੂੰ ਜਾਣ ਕੇ ਹੀ ਖ਼ੁਸ਼ੀ ਮਿਲਦੀ ਹੈ ਤੇ ਜੀਣ ਦਾ ਮਕਸਦ ਪਤਾ ਲੱਗਦਾ ਹੈ, ਤਾਂ ਉਹ ਵੀ ਪਰਮੇਸ਼ੁਰ ਬਾਰੇ ਸਿੱਖਣਗੇ। ਕਈ ਮਹੀਨਿਆਂ ਤਾਈਂ ਮੀਟਿੰਗਾਂ ’ਤੇ ਜਾਣ ਤੋਂ ਬਾਅਦ, ਬੈਰਲ ਬਾਈਬਲ ਸਟੱਡੀ ਕਰਨ ਲਈ ਮੰਨ ਗਈ। ਕਈ ਸਾਲਾਂ ਤਾਈਂ ਬੈਰਲ ਨੇ ਰੈਗੂਲਰ ਪਾਇਨੀਅਰ ਵਜੋਂ ਸੇਵਾ ਕੀਤੀ।
[ਸਫ਼ਾ 22 ਉੱਤੇ ਡੱਬੀ]
“ਉਨ੍ਹਾਂ ਦਾ ਇੱਥੇ ਹੋਣਾ ਸਾਡੇ ਲਈ ਬਰਕਤ ਹੈ”
ਜਿਹੜੇ ਉਨ੍ਹਾਂ ਦੇਸ਼ਾਂ ਵਿਚ ਪ੍ਰਚਾਰ ਕਰਨ ਜਾਂਦੇ ਹਨ ਜਿੱਥੇ ਜ਼ਿਆਦਾ ਪ੍ਰਚਾਰਕਾਂ ਦੀ ਲੋੜ ਹੈ, ਉੱਥੇ ਦੇ ਭਰਾ ਇਨ੍ਹਾਂ ਪ੍ਰਚਾਰਕਾਂ ਦੀ ਬਹੁਤ ਕਦਰ ਕਰਦੇ ਹਨ। ਕੈਰੀਬੀਅਨ ਦੇ ਇਕ ਬ੍ਰਾਂਚ ਆਫ਼ਿਸ ਨੇ ਲਿਖਿਆ: “ਜੇ ਦੂਜੇ ਦੇਸ਼ਾਂ ਤੋਂ ਆਏ ਸੈਂਕੜੇ ਪ੍ਰਚਾਰਕ ਵਾਪਸ ਚਲੇ ਜਾਣ, ਤਾਂ ਕਲੀਸਿਯਾਵਾਂ ਇੰਨੀਆਂ ਮਜ਼ਬੂਤ ਨਹੀਂ ਰਹਿਣਗੀਆਂ। ਉਨ੍ਹਾਂ ਦਾ ਇੱਥੇ ਹੋਣਾ ਸਾਡੇ ਲਈ ਬਰਕਤ ਹੈ।”
ਪਰਮੇਸ਼ੁਰ ਦਾ ਬਚਨ ਦੱਸਦਾ ਹੈ ਕਿ ਖ਼ੁਸ਼ ਖ਼ਬਰੀ ਸੁਣਾਉਣ ਵਾਲਿਆਂ ਦਾ “ਵੱਡਾ ਦਲ” ਹੈ ਜਿਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਹਨ। (ਜ਼ਬੂ. 68:11) ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਕਈ ਕੁਆਰੀਆਂ ਭੈਣਾਂ ਹੋਰਨਾਂ ਦੇਸ਼ਾਂ ਵਿਚ ਸੇਵਾ ਕਰ ਰਹੀਆਂ ਹਨ। ਕੁਰਬਾਨੀਆਂ ਕਰਨ ਵਾਲੀਆਂ ਇਨ੍ਹਾਂ ਭੈਣਾਂ ਨੇ ਬਹੁਤ ਮਦਦ ਕੀਤੀ ਹੈ। ਪੂਰਬੀ ਯੂਰਪ ਦੇ ਇਕ ਬ੍ਰਾਂਚ ਆਫ਼ਿਸ ਨੇ ਟਿੱਪਣੀ ਕੀਤੀ: “ਸਾਡੀਆਂ ਕਈ ਕਲੀਸਿਯਾਵਾਂ ਵਿਚ ਜ਼ਿਆਦਾਤਰ ਭੈਣਾਂ ਹੀ ਹਨ, ਕਦੇ-ਕਦੇ ਤਾਂ ਇਹ ਗਿਣਤੀ 70 ਪ੍ਰਤਿਸ਼ਤ ਤਕ ਪਹੁੰਚ ਜਾਂਦੀ ਹੈ। ਜ਼ਿਆਦਾਤਰ ਭੈਣਾਂ ਤਾਂ ਸੱਚਾਈ ਵਿਚ ਨਵੀਆਂ ਹਨ। ਪਰ ਦੂਜੇ ਦੇਸ਼ਾਂ ਤੋਂ ਆਈਆਂ ਕੁਆਰੀਆਂ ਪਾਇਨੀਅਰ ਭੈਣਾਂ ਇਨ੍ਹਾਂ ਭੈਣਾਂ ਦੀ ਕਾਫ਼ੀ ਮਦਦ ਕਰਦੀਆਂ ਹਨ। ਇਹ ਪਾਇਨੀਅਰ ਭੈਣਾਂ ਵਾਕਈ ਸਾਡੇ ਲਈ ਅਨਮੋਲ ਦੇਣ ਹਨ!”
ਇਨ੍ਹਾਂ ਭੈਣਾਂ ਨੂੰ ਦੂਸਰੇ ਦੇਸ਼ਾਂ ਵਿਚ ਸੇਵਾ ਕਰ ਕੇ ਕਿੱਦਾਂ ਲੱਗਦਾ ਹੈ? ਐਂਜਲੀਕਾ 35 ਕੁ ਸਾਲਾਂ ਦੀ ਹੈ ਅਤੇ ਉਸ ਨੇ ਕਈ ਸਾਲ ਦੂਜੇ ਦੇਸ਼ ਵਿਚ ਜਾ ਕੇ ਪਾਇਨੀਅਰੀ ਕੀਤੀ ਹੈ। ਉਹ ਕਹਿੰਦੀ ਹੈ, “ਮੁਸ਼ਕਲਾਂ ਤਾਂ ਬਹੁਤ ਆਉਂਦੀਆਂ ਹਨ। ਇਕ ਦੇਸ਼ ਵਿਚ ਹਰ ਰੋਜ਼ ਮੈਨੂੰ ਚਿੱਕੜ ਭਰੇ ਰਾਹਾਂ ’ਤੇ ਜਾਣਾ ਪੈਂਦਾ ਸੀ ਤੇ ਲੋਕਾਂ ਦੇ ਦੁੱਖਾਂ ਨੂੰ ਦੇਖ ਕੇ ਮੈਂ ਉਦਾਸ ਹੋ ਜਾਂਦੀ ਸੀ। ਪਰ ਮੈਨੂੰ ਸੇਵਕਾਈ ਵਿਚ ਲੋਕਾਂ ਦੀ ਮਦਦ ਕਰ ਕੇ ਖ਼ੁਸ਼ੀ ਮਿਲਦੀ ਸੀ। ਮੈਨੂੰ ਬਹੁਤ ਚੰਗਾ ਲੱਗਾ ਜਦੋਂ ਕਈ ਭੈਣਾਂ ਨੇ ਮੇਰਾ ਬਹੁਤ ਧੰਨਵਾਦ ਕੀਤਾ ਕਿ ਮੈਂ ਉਨ੍ਹਾਂ ਦੇ ਦੇਸ਼ ਆ ਕੇ ਉਨ੍ਹਾਂ ਦੀ ਮਦਦ ਕੀਤੀ। ਇਕ ਭੈਣ ਨੇ ਮੈਨੂੰ ਕਿਹਾ ਕਿ ਤੂੰ ਐਡੀ ਦੂਰੋਂ ਇੱਥੇ ਪਾਇਨੀਅਰੀ ਕਰਨ ਆਈ ਹੈ ਤੇ ਤੇਰੀ ਮਿਸਾਲ ਦੇਖ ਕੇ ਮੈਨੂੰ ਪਾਇਨੀਅਰੀ ਕਰਨ ਦੀ ਹੱਲਾਸ਼ੇਰੀ ਮਿਲੀ ਹੈ।”
ਸੂ 50 ਕੁ ਸਾਲਾਂ ਦੀ ਕੁਆਰੀ ਪਾਇਨੀਅਰ ਹੈ ਤੇ ਉਹ ਕਹਿੰਦੀ ਹੈ: “ਮੁਸ਼ਕਲਾਂ ਤੋਂ ਤੁਸੀਂ ਬਚ ਨਹੀਂ ਸਕਦੇ, ਪਰ ਇਹ ਮੁਸ਼ਕਲਾਂ ਉਨ੍ਹਾਂ ਬਰਕਤਾਂ ਦੇ ਮੁਕਾਬਲੇ ਕੁਝ ਵੀ ਨਹੀਂ ਹਨ ਜੋ ਤੁਹਾਨੂੰ ਮਿਲਦੀਆਂ ਹਨ। ਪ੍ਰਚਾਰ ਕਰਨ ਵਿਚ ਬਹੁਤ ਮਜ਼ਾ ਆਉਂਦਾ ਹੈ! ਮੈਂ ਜਵਾਨ ਭੈਣਾਂ ਨਾਲ ਕਾਫ਼ੀ ਸਮਾਂ ਪ੍ਰਚਾਰ ਕਰਦੀ ਹਾਂ, ਸੋ ਮੈਂ ਉਨ੍ਹਾਂ ਨਾਲ ਬਾਈਬਲ ਤੇ ਆਪਣੇ ਪ੍ਰਕਾਸ਼ਨਾਂ ਵਿੱਚੋਂ ਸਿੱਖੀਆਂ ਗੱਲਾਂ ਸਾਂਝੀਆਂ ਕਰਦੀ ਹਾਂ ਕਿ ਅਸੀਂ ਮੁਸ਼ਕਲਾਂ ਨਾਲ ਕਿੱਦਾਂ ਸਿੱਝ ਸਕਦੇ ਹਾਂ। ਉਹ ਅਕਸਰ ਮੈਨੂੰ ਕਹਿੰਦੀਆਂ ਹਨ ਕਿ ਤੂੰ ਕਈ ਸਾਲਾਂ ਤਾਈਂ ਪਾਇਨੀਅਰੀ ਕਰਦਿਆਂ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਹੈ। ਤੈਨੂੰ ਦੇਖ ਕੇ ਸਾਨੂੰ ਹੌਸਲਾ ਮਿਲਦਾ ਹੈ ਕਿ ਅਸੀਂ ਵੀ ਜ਼ਿੰਦਗੀ ਵਿਚ ਆਉਂਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕਦੀਆਂ ਹਾਂ। ਇਨ੍ਹਾਂ ਭੈਣਾਂ ਦੀ ਮਦਦ ਕਰ ਕੇ ਮੈਨੂੰ ਲੱਗਦਾ ਕਿ ਮੈਂ ਇੱਥੇ ਆ ਕੇ ਚੰਗਾ ਕੀਤਾ ਹੈ।”
[ਸਫ਼ੇ 20 ਉੱਤੇ ਨਕਸ਼ਾ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਮੈਕਸੀਕੋ
ਗੁਆਨਾਹੁਆਟੋ
ਈਰਾਪੁਆਟੋ
ਚਪਾਲਾ
ਅਜੀਜਿਕ
ਚਪਾਲਾ ਦੀ ਝੀਲ
ਮਾਂਟੇਰੀ
ਸਾਨ ਮਿਗੈਲ ਦੇ ਆਯਾਂਦੇ
ਕਵੇਰੇਤਾਰੋ
ਮੈਕਸੀਕੋ ਸ਼ਹਿਰ
ਕੈਨਕੂਨ
[ਸਫ਼ਾ 23 ਉੱਤੇ ਤਸਵੀਰ]
ਕੁਝ ਭੈਣਾਂ-ਭਰਾਵਾਂ ਨੂੰ ਦੂਜੇ ਦੇਸ਼ਾਂ ਤੋਂ ਆਏ ਉਨ੍ਹਾਂ ਲੋਕਾਂ ਨੂੰ ਗਵਾਹੀ ਦੇ ਕੇ ਖ਼ੁਸ਼ੀ ਮਿਲੀ ਜਿਨ੍ਹਾਂ ਨੇ ਜ਼ਿੰਦਗੀ ਵਿਚ ਪਹਿਲੀ ਵਾਰ ਖ਼ੁਸ਼ ਖ਼ਬਰੀ ਸੁਣੀ ਸੀ