ਉਤਪਤ 25:1-34
25 ਅਬਰਾਹਾਮ ਨੇ ਦੁਬਾਰਾ ਵਿਆਹ ਕਰਾਇਆ ਅਤੇ ਉਸ ਦੀ ਪਤਨੀ ਦਾ ਨਾਂ ਕਟੂਰਾਹ ਸੀ।
2 ਸਮੇਂ ਦੇ ਬੀਤਣ ਨਾਲ ਅਬਰਾਹਾਮ ਅਤੇ ਕਟੂਰਾਹ ਦੇ ਪੁੱਤਰ ਪੈਦਾ ਹੋਏ ਜਿਨ੍ਹਾਂ ਦੇ ਨਾਂ ਸਨ ਜ਼ਿਮਰਾਨ, ਯਾਕਸਾਨ, ਮਦਾਨ, ਮਿਦਿਆਨ,+ ਯਿਸ਼ਬਾਕ ਅਤੇ ਸ਼ੂਆਹ।+
3 ਯਾਕਸਾਨ ਦੇ ਪੁੱਤਰ ਸਨ ਸ਼ਬਾ ਅਤੇ ਦਦਾਨ।
ਦਦਾਨ ਦੀ ਸੰਤਾਨ ਸੀ ਅੱਸ਼ੂਰਿਮ, ਲਟੂਸਿਮ ਅਤੇ ਲਉਮਿਮ।
4 ਮਿਦਿਆਨ ਦੇ ਪੁੱਤਰ ਸਨ ਏਫਾਹ, ਏਫਰ, ਹਾਨੋਕ, ਅਬੀਦਾ ਅਤੇ ਅਲਦਾਹ।
ਇਹ ਸਾਰੇ ਕਟੂਰਾਹ ਦੀ ਔਲਾਦ ਸਨ।
5 ਬਾਅਦ ਵਿਚ ਅਬਰਾਹਾਮ ਨੇ ਆਪਣਾ ਸਭ ਕੁਝ ਇਸਹਾਕ ਨੂੰ ਦੇ ਦਿੱਤਾ।+
6 ਪਰ ਅਬਰਾਹਾਮ ਨੇ ਆਪਣੀਆਂ ਰਖੇਲਾਂ ਦੇ ਪੁੱਤਰਾਂ ਨੂੰ ਤੋਹਫ਼ੇ ਦੇ ਕੇ ਆਪਣੇ ਜੀਉਂਦੇ-ਜੀ ਆਪਣੇ ਪੁੱਤਰ ਇਸਹਾਕ ਤੋਂ ਦੂਰ ਪੂਰਬ ਦੇਸ਼ ਨੂੰ ਘੱਲ ਦਿੱਤਾ।+
7 ਅਬਰਾਹਾਮ ਦੀ ਪੂਰੀ ਉਮਰ 175 ਸਾਲ ਸੀ।
8 ਫਿਰ ਲੰਬੀ ਅਤੇ ਵਧੀਆ ਜ਼ਿੰਦਗੀ ਜੀਉਣ ਤੋਂ ਬਾਅਦ ਅਬਰਾਹਾਮ ਨੇ ਆਖ਼ਰੀ ਸਾਹ ਲਿਆ ਅਤੇ ਆਪਣੇ ਲੋਕਾਂ ਵਿਚ ਜਾ ਰਲ਼ਿਆ।*
9 ਇਸਹਾਕ ਅਤੇ ਇਸਮਾਏਲ ਨੇ ਆਪਣੇ ਪਿਤਾ ਨੂੰ ਹਿੱਤੀ ਸੋਹਰ ਦੇ ਮੁੰਡੇ ਅਫਰੋਨ ਦੀ ਜ਼ਮੀਨ ਵਿਚਲੀ ਮਕਫੇਲਾਹ ਦੀ ਗੁਫਾ ਵਿਚ ਦਫ਼ਨਾ ਦਿੱਤਾ ਜੋ ਮਮਰੇ ਦੇ ਸਾਮ੍ਹਣੇ ਹੈ।+
10 ਇਹ ਜ਼ਮੀਨ ਅਬਰਾਹਾਮ ਨੇ ਹਿੱਤੀਆਂ ਤੋਂ ਖ਼ਰੀਦੀ ਸੀ। ਉਸ ਨੂੰ ਵੀ ਉੱਥੇ ਉਸ ਦੀ ਪਤਨੀ ਸਾਰਾਹ ਦੇ ਨਾਲ ਦਫ਼ਨਾਇਆ ਗਿਆ।+
11 ਅਬਰਾਹਾਮ ਦੀ ਮੌਤ ਤੋਂ ਬਾਅਦ ਪਰਮੇਸ਼ੁਰ ਉਸ ਦੇ ਪੁੱਤਰ ਇਸਹਾਕ ਨੂੰ ਬਰਕਤਾਂ ਦਿੰਦਾ ਰਿਹਾ।+ ਇਸਹਾਕ ਬਏਰ-ਲਹੀ-ਰੋਈ+ ਦੇ ਨੇੜੇ ਰਹਿੰਦਾ ਸੀ।
12 ਇਹ ਅਬਰਾਹਾਮ ਦੇ ਮੁੰਡੇ ਇਸਮਾਏਲ+ ਦੀ ਵੰਸ਼ਾਵਲੀ ਹੈ ਜੋ ਸਾਰਾਹ ਦੀ ਮਿਸਰੀ ਨੌਕਰਾਣੀ ਹਾਜਰਾ+ ਦੀ ਕੁੱਖੋਂ ਪੈਦਾ ਹੋਇਆ ਸੀ।
13 ਇਹ ਇਸਮਾਏਲ ਦੇ ਪੁੱਤਰਾਂ ਦੇ ਨਾਵਾਂ ਦੀ ਸੂਚੀ ਹੈ। ਇਹ ਸੂਚੀ ਉਨ੍ਹਾਂ ਦੇ ਨਾਵਾਂ ਅਤੇ ਉਨ੍ਹਾਂ ਤੋਂ ਬਣੇ ਕਬੀਲਿਆਂ ਅਨੁਸਾਰ ਦਿੱਤੀ ਗਈ ਹੈ: ਇਸਮਾਏਲ ਦਾ ਜੇਠਾ ਮੁੰਡਾ ਨਬਾਯੋਥ,+ ਫਿਰ ਕੇਦਾਰ,+ ਅਦਬਏਲ, ਮਿਬਸਾਮ,+
14 ਮਿਸ਼ਮਾ, ਦੂਮਾਹ, ਮੱਸਾ,
15 ਹਦਦ, ਤੇਮਾ, ਯਟੂਰ, ਨਾਫੀਸ਼ ਅਤੇ ਕਾਦਮਾਹ।
16 ਇਹ ਇਸਮਾਏਲ ਦੇ ਪੁੱਤਰ ਸਨ ਅਤੇ ਇਨ੍ਹਾਂ ਦੇ ਨਾਵਾਂ ਦੀ ਸੂਚੀ ਇਨ੍ਹਾਂ ਦੇ ਪਿੰਡਾਂ ਅਤੇ ਡੇਰਿਆਂ ਅਨੁਸਾਰ ਦਿੱਤੀ ਗਈ ਹੈ। ਇਹ 12 ਜਣੇ ਆਪੋ-ਆਪਣੇ ਕਬੀਲੇ ਦੇ ਮੁਖੀ ਸਨ।+
17 ਇਸਮਾਏਲ 137 ਸਾਲ ਜੀਉਂਦਾ ਰਿਹਾ। ਫਿਰ ਉਸ ਨੇ ਆਖ਼ਰੀ ਸਾਹ ਲਿਆ ਅਤੇ ਉਹ ਆਪਣੇ ਲੋਕਾਂ ਵਿਚ ਜਾ ਰਲ਼ਿਆ।
18 ਉਸ ਦੀ ਔਲਾਦ ਹਵੀਲਾਹ+ ਤੋਂ ਲੈ ਕੇ ਅੱਸ਼ੂਰ ਤਕ ਵੱਸਦੀ ਸੀ। ਹਵੀਲਾਹ ਸ਼ੂਰ+ ਦੇ ਲਾਗੇ ਹੈ ਜੋ ਮਿਸਰ ਦੇ ਨੇੜੇ ਹੈ। ਉਹ ਆਪਣੇ ਸਾਰੇ ਭਰਾਵਾਂ ਦੇ ਨੇੜੇ ਰਹਿੰਦੇ ਸਨ।*+
19 ਇਹ ਅਬਰਾਹਾਮ ਦੇ ਪੁੱਤਰ ਇਸਹਾਕ ਦੀ ਵੰਸ਼ਾਵਲੀ ਹੈ।+
ਅਬਰਾਹਾਮ ਤੋਂ ਇਸਹਾਕ ਪੈਦਾ ਹੋਇਆ।
20 ਇਸਹਾਕ 40 ਸਾਲ ਦਾ ਸੀ ਜਦੋਂ ਉਸ ਦਾ ਵਿਆਹ ਪਦਨ-ਅਰਾਮ ਦੇ ਰਹਿਣ ਵਾਲੇ ਬਥੂਏਲ ਅਰਾਮੀ ਦੀ ਧੀ+ ਰਿਬਕਾਹ ਨਾਲ ਹੋਇਆ ਸੀ ਜੋ ਲਾਬਾਨ ਅਰਾਮੀ ਦੀ ਭੈਣ ਸੀ।
21 ਇਸਹਾਕ ਦੀ ਪਤਨੀ ਬਾਂਝ ਸੀ, ਇਸ ਲਈ ਉਹ ਉਸ ਵਾਸਤੇ ਯਹੋਵਾਹ ਅੱਗੇ ਮਿੰਨਤਾਂ ਕਰਦਾ ਰਿਹਾ; ਯਹੋਵਾਹ ਨੇ ਉਸ ਦੀ ਫ਼ਰਿਆਦ ਸੁਣੀ ਅਤੇ ਉਸ ਦੀ ਪਤਨੀ ਰਿਬਕਾਹ ਗਰਭਵਤੀ ਹੋਈ।
22 ਉਸ ਦੀ ਕੁੱਖ ਵਿਚ ਮੁੰਡੇ ਇਕ-ਦੂਜੇ ਨਾਲ ਲੜਨ ਲੱਗ ਪਏ,+ ਇਸ ਲਈ ਉਸ ਨੇ ਕਿਹਾ: “ਜੇ ਮੈਨੂੰ ਇਸੇ ਤਰ੍ਹਾਂ ਕਸ਼ਟ ਸਹਿਣਾ ਪਿਆ, ਤਾਂ ਮੇਰੇ ਜੀਉਣ ਦਾ ਕੀ ਫ਼ਾਇਦਾ?” ਉਸ ਨੇ ਯਹੋਵਾਹ ਨੂੰ ਇਸ ਬਾਰੇ ਪੁੱਛਿਆ।
23 ਯਹੋਵਾਹ ਨੇ ਉਸ ਨੂੰ ਕਿਹਾ: “ਤੇਰੀ ਕੁੱਖ ਵਿਚ ਦੋ ਕੌਮਾਂ ਹਨ+ ਅਤੇ ਉਨ੍ਹਾਂ ਦੋਹਾਂ ਕੌਮਾਂ ਦੇ ਰਾਹ ਵੱਖੋ-ਵੱਖਰੇ ਹੋਣਗੇ+ ਅਤੇ ਇਕ ਕੌਮ ਦੂਜੀ ਤੋਂ ਜ਼ਿਆਦਾ ਤਾਕਤਵਰ ਹੋਵੇਗੀ+ ਅਤੇ ਵੱਡਾ ਛੋਟੇ ਦੀ ਸੇਵਾ ਕਰੇਗਾ।”+
24 ਜਦੋਂ ਰਿਬਕਾਹ ਦੇ ਗਰਭ ਦੇ ਦਿਨ ਪੂਰੇ ਹੋਏ, ਤਾਂ ਦੇਖੋ ਉਸ ਦੀ ਕੁੱਖ ਵਿਚ ਜੌੜੇ ਸਨ।
25 ਪਹਿਲਾਂ ਜਿਸ ਬੱਚੇ ਦਾ ਜਨਮ ਹੋਇਆ, ਉਸ ਦਾ ਪੂਰਾ ਸਰੀਰ ਲਾਲ ਵਾਲ਼ਾਂ ਨਾਲ ਭਰਿਆ ਹੋਇਆ ਸੀ, ਜਿਵੇਂ ਕਿ ਉਸ ਨੇ ਵਾਲ਼ਾਂ ਦਾ ਬਣਿਆ ਕੱਪੜਾ ਪਾਇਆ ਹੋਵੇ।+ ਇਸ ਕਰਕੇ ਉਨ੍ਹਾਂ ਨੇ ਉਸ ਦਾ ਨਾਂ ਏਸਾਓ*+ ਰੱਖਿਆ।
26 ਫਿਰ ਉਸ ਦੇ ਭਰਾ ਦਾ ਜਨਮ ਹੋਇਆ ਅਤੇ ਉਸ ਨੇ ਏਸਾਓ ਦੀ ਅੱਡੀ ਫੜੀ ਹੋਈ ਸੀ,+ ਇਸ ਕਰਕੇ ਉਸ ਦਾ ਨਾਂ ਯਾਕੂਬ* ਰੱਖਿਆ ਗਿਆ।+ ਜਦੋਂ ਰਿਬਕਾਹ ਨੇ ਬੱਚਿਆਂ ਨੂੰ ਜਨਮ ਦਿੱਤਾ, ਉਦੋਂ ਇਸਹਾਕ 60 ਸਾਲ ਦਾ ਸੀ।
27 ਜਦੋਂ ਮੁੰਡੇ ਵੱਡੇ ਹੋਏ, ਤਾਂ ਏਸਾਓ ਮਾਹਰ ਸ਼ਿਕਾਰੀ ਬਣਿਆ+ ਅਤੇ ਉਹ ਅਕਸਰ ਸ਼ਿਕਾਰ ਕਰਨ ਜਾਂਦਾ ਹੁੰਦਾ ਸੀ, ਪਰ ਯਾਕੂਬ ਨੇਕ ਇਨਸਾਨ ਸੀ ਅਤੇ ਤੰਬੂਆਂ ਵਿਚ ਰਹਿੰਦਾ ਸੀ।+
28 ਇਸਹਾਕ ਏਸਾਓ ਨੂੰ ਜ਼ਿਆਦਾ ਪਿਆਰ ਕਰਦਾ ਸੀ ਕਿਉਂਕਿ ਉਹ ਉਸ ਨੂੰ ਸ਼ਿਕਾਰ ਕੀਤੇ ਜਾਨਵਰ ਦਾ ਮੀਟ ਲਿਆ ਕੇ ਦਿੰਦਾ ਸੀ ਜਦ ਕਿ ਰਿਬਕਾਹ ਯਾਕੂਬ ਨੂੰ ਜ਼ਿਆਦਾ ਪਿਆਰ ਕਰਦੀ ਸੀ।+
29 ਇਕ ਦਿਨ ਜਦੋਂ ਏਸਾਓ ਬਾਹਰੋਂ ਥੱਕਿਆ-ਟੁੱਟਿਆ ਆਇਆ, ਤਾਂ ਯਾਕੂਬ ਦਾਲ ਬਣਾ ਰਿਹਾ ਸੀ।
30 ਇਸ ਲਈ ਏਸਾਓ ਨੇ ਯਾਕੂਬ ਨੂੰ ਕਿਹਾ: “ਫਟਾਫਟ ਮੈਨੂੰ ਆਹ ਥੋੜ੍ਹੀ ਜਿਹੀ ਲਾਲ ਦਾਲ ਖਾਣ ਨੂੰ ਦੇਈਂ! ਮੈਂ ਬਹੁਤ ਥੱਕਿਆ ਹੋਇਆ ਹਾਂ!”* ਇਸੇ ਕਰਕੇ ਉਸ ਦਾ ਨਾਂ ਅਦੋਮ* ਪੈ ਗਿਆ।+
31 ਯਾਕੂਬ ਨੇ ਉਸ ਨੂੰ ਕਿਹਾ: “ਪਹਿਲਾਂ ਤੂੰ ਮੈਨੂੰ ਆਪਣਾ ਹੱਕ ਵੇਚ ਦੇ ਜੋ ਤੈਨੂੰ ਜੇਠੇ ਹੋਣ ਕਰਕੇ ਮਿਲਿਆ ਹੈ।”+
32 ਇਹ ਸੁਣ ਕੇ ਏਸਾਓ ਨੇ ਕਿਹਾ: “ਮੈਂ ਭੁੱਖ ਨਾਲ ਮਰਿਆ ਜਾ ਰਿਹਾਂ, ਮੈਨੂੰ ਜੇਠੇ ਹੋਣ ਦੇ ਹੱਕ ਦਾ ਕੀ ਫ਼ਾਇਦਾ?”
33 ਯਾਕੂਬ ਨੇ ਕਿਹਾ: “ਪਹਿਲਾਂ ਤੂੰ ਸਹੁੰ ਖਾਹ।” ਇਸ ਲਈ ਏਸਾਓ ਨੇ ਸਹੁੰ ਖਾਧੀ ਅਤੇ ਆਪਣਾ ਜੇਠੇ ਹੋਣ ਦਾ ਹੱਕ ਯਾਕੂਬ ਨੂੰ ਵੇਚ ਦਿੱਤਾ।+
34 ਫਿਰ ਯਾਕੂਬ ਨੇ ਏਸਾਓ ਨੂੰ ਰੋਟੀ ਤੇ ਦਾਲ ਦਿੱਤੀ ਅਤੇ ਉਹ ਖਾ-ਪੀ ਕੇ ਚਲਾ ਗਿਆ। ਇਸ ਤਰ੍ਹਾਂ ਏਸਾਓ ਨੇ ਆਪਣੇ ਜੇਠਾ ਹੋਣ ਦੇ ਹੱਕ ਨੂੰ ਤੁੱਛ ਸਮਝਿਆ।
ਫੁਟਨੋਟ
^ ਮੌਤ ਲਈ ਵਰਤਿਆ ਜਾਂਦਾ ਇਕ ਮੁਹਾਵਰਾ।
^ ਜਾਂ ਸੰਭਵ ਹੈ, “ਉਸ ਨੇ ਆਪਣੇ ਸਾਰੇ ਭਰਾਵਾਂ ਨਾਲ ਦੁਸ਼ਮਣੀ ਰੱਖੀ।”
^ ਮਤਲਬ “ਜੱਤਲ।”
^ ਮਤਲਬ “ਅੱਡੀ ਨੂੰ ਫੜਨ ਵਾਲਾ; ਦੂਸਰੇ ਦੀ ਜਗ੍ਹਾ ਲੈਣ ਵਾਲਾ।”
^ ਜਾਂ, “ਭੁੱਖ ਨਾਲ ਮੇਰੀ ਜਾਨ ਨਿਕਲ ਰਹੀ ਹੈ!”
^ ਮਤਲਬ “ਲਾਲ।”