Skip to content

Skip to table of contents

ਦੁਨੀਆਂ ਭਰ ਵਿਚ ਲੋਕ ਏਕਤਾ ਨਾਲ ਜੀ ਰਹੇ ਹਨ—ਕਿਵੇਂ?

ਦੁਨੀਆਂ ਭਰ ਵਿਚ ਲੋਕ ਏਕਤਾ ਨਾਲ ਜੀ ਰਹੇ ਹਨ—ਕਿਵੇਂ?

ਦੁਨੀਆਂ ਭਰ ਵਿਚ ਲੋਕ ਏਕਤਾ ਨਾਲ ਜੀ ਰਹੇ ਹਨ—ਕਿਵੇਂ?

ਤੁਹਾਡੇ ਲਈ ਏਕਤਾ ਦਾ ਕੀ ਮਤਲਬ ਹੈ? ਕਈਆਂ ਲਈ ਇਸ ਦਾ ਮਤਲਬ ਹੈ ਲੜਾਈ-ਝਗੜੇ ਤੋਂ ਬਿਨਾਂ ਜੀਣਾ। ਮਿਸਾਲ ਲਈ, ਜੇ ਦੋ ਕੌਮਾਂ ਸ਼ਾਂਤੀ ਦੀ ਸੰਧੀ ਉੱਤੇ ਦਸਤਖਤ ਕਰਨ, ਤਾਂ ਕੀ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਵਿਚਕਾਰ ਸ਼ਾਂਤੀ ਹੈ? ਜ਼ਰੂਰੀ ਨਹੀਂ।

ਇਤਿਹਾਸ ਦੌਰਾਨ ਹਜ਼ਾਰਾਂ ਸ਼ਾਂਤੀ ਸੰਧੀਆਂ ਉੱਤੇ ਦਸਤਖਤ ਕੀਤੇ ਗਏ ਹਨ, ਪਰ ਬਾਅਦ ਵਿਚ ਇਨ੍ਹਾਂ ਨੂੰ ਤੋੜਿਆ ਗਿਆ ਹੈ। ਕਿਉਂ? ਕਿਉਂਕਿ ਕਈ ਲੀਡਰਾਂ ਨੂੰ ਸ਼ਾਂਤੀ ਜਾਂ ਏਕਤਾ ਨਾਲੋਂ ਆਪਣੀ ਪਦਵੀ ਜ਼ਿਆਦਾ ਪਿਆਰੀ ਹੈ। ਇਸ ਦੇ ਨਾਲ-ਨਾਲ ਕੁਝ ਕੌਮਾਂ ਨੂੰ ਇਹ ਡਰ ਹੈ ਕਿ ਜੇ ਉਨ੍ਹਾਂ ਕੋਲ ਖ਼ਤਰਨਾਕ ਤੇ ਸ਼ਕਤੀਸ਼ਾਲੀ ਹਥਿਆਰ ਨਾ ਹੋਏ, ਤਾਂ ਦੂਜੀਆਂ ਕੌਮਾਂ ਤੋਂ ਉਨ੍ਹਾਂ ਨੂੰ ਖ਼ਤਰਾ ਹੋਵੇਗਾ।

ਜੇ ਦੋ ਕੌਮਾਂ ਵਿਚਕਾਰ ਯੁੱਧ ਨਹੀਂ ਚੱਲ ਰਿਹਾ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਨ੍ਹਾਂ ਵਿਚਕਾਰ ਏਕਤਾ ਤੇ ਸ਼ਾਂਤੀ ਹੈ। ਫ਼ਰਜ਼ ਕਰੋ ਕਿ ਦੋ ਇਨਸਾਨ ਪਿਸਤੌਲ ਤਾਣੀ ਇਕ-ਦੂਜੇ ਦੇ ਸਾਮ੍ਹਣੇ ਖੜ੍ਹੇ ਹਨ। ਕੀ ਅਸੀਂ ਕਹਿ ਸਕਦੇ ਹਾਂ ਕਿ ਉਨ੍ਹਾਂ ਵਿਚਕਾਰ ਸ਼ਾਂਤੀ ਹੈ ਕਿਉਂਕਿ ਉਨ੍ਹਾਂ ਵਿੱਚੋਂ ਕਿਸੇ ਨੇ ਅਜੇ ਗੋਲੀ ਨਹੀਂ ਚਲਾਈ? ਬਿਲਕੁਲ ਨਹੀਂ! ਲੇਕਿਨ ਅੱਜ ਕਈ ਕੌਮਾਂ ਦੀ ਇਹੀ ਹਾਲਤ ਹੈ। ਉਨ੍ਹਾਂ ਦਾ ਇਕ-ਦੂਏ ਤੇ ਸ਼ੱਕ ਵਧਦਾ ਜਾ ਰਿਹਾ ਹੈ ਅਤੇ ਇਸ ਕਾਰਨ ਕਈਆਂ ਨੂੰ ਡਰ ਹੈ ਕਿ ਇਕ ਦਿਨ ਹਥਿਆਰ ਵਰਤੇ ਜਾਣਗੇ। ਇਹੋ ਜਿਹੀ ਤਬਾਹੀ ਤੋਂ ਬਚਣ ਲਈ ਕੀ ਕੀਤਾ ਜਾ ਰਿਹਾ ਹੈ?

ਨਿਊਕਲੀ ਹਥਿਆਰਾਂ ਦਾ ਦੁਨੀਆਂ ਤੇ ਅਸਰ

1968 ਵਿਚ ਦੇਸ਼ਾਂ ਨੂੰ ਨਿਊਕਲੀ ਹਥਿਆਰ ਬਣਾਉਣ ਤੋਂ ਰੋਕਣ ਜਾਂ ਬਣਾਏ ਗਏ ਹਥਿਆਰਾਂ ਨੂੰ ਤਬਾਹ ਕਰਨ ਦੀ ਸੰਧੀ ਅਪਣਾਈ ਗਈ ਸੀ। 180 ਦੇਸ਼ਾਂ ਨੇ ਇਸ ਨੂੰ ਅਪਣਾਇਆ ਹੈ ਅਤੇ ਕਈ ਲੋਕ ਇਸ ਸੰਧੀ ਤੇ ਭਰੋਸਾ ਰੱਖਦੇ ਹਨ। ਇਸ ਸੰਧੀ ਰਾਹੀਂ ਸਾਰੇ ਨਿਊਕਲੀ ਹਥਿਆਰਾਂ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਸ਼ਾਇਦ ਇਸ ਤਰ੍ਹਾਂ ਲੱਗੇ ਕਿ ਇਨ੍ਹਾਂ ਕੌਮਾਂ ਨੇ ਸੰਧੀ ਅਪਣਾ ਕੇ ਸਹੀ ਕਦਮ ਚੁੱਕਿਆ ਹੈ। ਪਰ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਸਿਰਫ਼ ਉਨ੍ਹਾਂ ਦੇਸ਼ਾਂ ਨੂੰ ਹਥਿਆਰ ਬਣਾਉਣ ਤੋਂ ਰੋਕਦੀ ਹੈ ਜਿਨ੍ਹਾਂ ਕੋਲ ਅਜੇ ਤਕ ਇਹ ਹਥਿਆਰ ਨਹੀਂ ਹਨ। ਇਸੇ ਲਈ ਕਈਆਂ ਨੂੰ ਡਰ ਹੈ ਕਿ ਜਿਨ੍ਹਾਂ ਦੇਸ਼ਾਂ ਨੇ ਇਸ ਸੰਧੀ ਉੱਤੇ ਦਸਤਖਤ ਕੀਤੇ ਹਨ ਉਹ ਆਪਣਾ ਫ਼ੈਸਲਾ ਬਦਲ ਲੈਣਗੇ। ਦਰਅਸਲ ਕੁਝ ਕੌਮਾਂ ਦਾ ਮੰਨਣਾ ਹੈ ਕਿ ਇਹੋ ਜਿਹੀ ਪਾਬੰਦੀ ਲਾਉਣੀ ਸਰਾਸਰ ਬੇਇਨਸਾਫ਼ੀ ਹੈ ਕਿਉਂਕਿ ਉਨ੍ਹਾਂ ਨੂੰ ਆਪਣੀ ਰੱਖਿਆ ਕਰਨ ਤੋਂ ਰੋਕਿਆ ਜਾ ਰਿਹਾ ਹੈ।

ਮਾਮਲਾ ਇਸ ਤੋਂ ਵੀ ਗੰਭੀਰ ਹੈ ਕਿਉਂਕਿ ਕਿਸੇ ਵੀ ਕੌਮ ਉੱਤੇ ਨਿਊਕਲੀ ਊਰਜਾ ਬਣਾਉਣ ਦੀ ਕੋਈ ਪਾਬੰਦੀ ਨਹੀਂ ਲਾਈ ਜਾਂਦੀ। ਇਸ ਲਈ ਕਈ ਡਰਦੇ ਹਨ ਕਿ ਜਿਹੜੀਆਂ ਕੌਮਾਂ ਇਸ ਤਰ੍ਹਾਂ ਬਿਜਲੀ ਬਣਾਉਂਦੀਆਂ ਹਨ ਉਹ ਸ਼ਾਇਦ ਚੋਰੀ-ਚੋਰੀ ਨਿਊਕਲੀ ਹਥਿਆਰ ਵੀ ਬਣਾ ਰਹੀਆਂ ਹਨ।

ਜਿਨ੍ਹਾਂ ਦੇਸ਼ਾਂ ਕੋਲ ਨਿਊਕਲੀ ਹਥਿਆਰ ਹਨ ਉਹ ਵੀ ਸ਼ਾਇਦ ਇਸ ਸਿੰਧੀ ਤੇ ਨਾ ਚੱਲਦੇ ਹੋਣ। ਆਲੋਚਕ ਕਹਿੰਦੇ ਹਨ ਕਿ ਜਿਨ੍ਹਾਂ ਦੇਸ਼ਾਂ ਕੋਲ ਇੱਦਾਂ ਦੇ ਕਾਫ਼ੀ ਹਥਿਆਰ ਹਨ ਉਨ੍ਹਾਂ ਨੂੰ ਇਹ ਕਹਿਣਾ ਕਿ ਆਪਣੇ ਹਥਿਆਰ ਤਬਾਹ ਕਰੋ ਜਾਂ ਇਨ੍ਹਾਂ ਦੀ ਗਿਣਤੀ ਘਟਾਓ ਬੇਕਾਰ ਹੈ। ਇਸ ਵਿਸ਼ੇ ਤੇ ਇਕ ਰਿਪੋਰਟ ਨੇ ਕਿਹਾ: ‘ਇੱਦਾਂ ਤਾਂ ਹੀ ਹੋ ਸਕਦਾ ਹੈ ਜੇ ਉਨ੍ਹਾਂ ਕੌਮਾਂ ਵਿਚਕਾਰ ਭਰੋਸਾ ਤੇ ਭਾਈਬੰਦੀ ਹੋਵੇ ਜੋ ਇਕ-ਦੂਜੇ ਦਾ ਵਿਰੋਧ ਕਰਦੀਆਂ ਹਨ। ਪਰ ਇਹ ਵਿਸ਼ਵਾਸ ਕਰਨਾ ਕਿ ਇਸ ਤਰ੍ਹਾਂ ਹੋਵੇਗਾ ਬਹੁਤ ਮੁਸ਼ਕਲ ਹੈ।’

ਇਨਸਾਨਾਂ ਨੇ ਜਦ ਵੀ ਏਕਤਾ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਉਹ ਅਸਫ਼ਲ ਹੀ ਰਹੇ ਹਨ। ਬਾਈਬਲ ਵਿਦਿਆਰਥੀਆਂ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿਉਂਕਿ ਪਰਮੇਸ਼ੁਰ ਦੇ ਬਚਨ ਬਾਈਬਲ ਵਿਚ ਇਹ ਦੱਸਿਆ ਗਿਆ ਹੈ: “ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।” (ਯਿਰਮਿਯਾਹ 10:23) ਬਾਈਬਲ ਇਹ ਵੀ ਸਾਫ਼-ਸਾਫ਼ ਦੱਸਦੀ ਹੈ: “ਇੱਕ ਅਜਿਹਾ ਰਾਹ ਹੈ ਜੋ ਮਨੁੱਖ ਨੂੰ ਸਿੱਧਾ ਜਾਪਦਾ ਹੈ, ਪਰ ਉਹ ਦੇ ਅੰਤ ਵਿੱਚ ਮੌਤ ਦੇ ਰਾਹ ਹਨ।” (ਕਹਾਉਤਾਂ 16:25) ਇਨਸਾਨੀ ਸਰਕਾਰਾਂ ਸਿਰਫ਼ ਕੁਝ ਹੱਦ ਤਕ ਏਕਤਾ ਨੂੰ ਕਾਇਮ ਕਰਨ ਵਿਚ ਸਫ਼ਲ ਹੋ ਸਕਦੀਆਂ ਹਨ। ਪਰ ਕੀ ਕਦੀ ਦੁਨੀਆਂ ਭਰ ਵਿਚ ਏਕਤਾ ਹੋਵੇਗੀ?

ਏਕਤਾ ਦੀ ਨੀਂਹ

ਪਰਮੇਸ਼ੁਰ ਬਾਈਬਲ ਵਿਚ ਇਹ ਵਾਅਦਾ ਕਰਦਾ ਹੈ ਕਿ ਦੁਨੀਆਂ ਵਿਚ ਜ਼ਰੂਰ ਏਕਤਾ ਆਵੇਗੀ। ਲੇਕਿਨ ਇਹ ਮਨੁੱਖਾਂ ਦੁਆਰਾ ਨਹੀਂ ਲਿਆਂਦੀ ਜਾਵੇਗੀ। ਸਾਡਾ ਸ੍ਰਿਸ਼ਟੀਕਰਤਾ ਉਹ ਕਰ ਦਿਖਾਵੇਗਾ ਜੋ ਇਨਸਾਨ ਨਾ ਕਰ ਪਾਇਆ। ਕਈਆਂ ਨੂੰ ਸ਼ਾਇਦ ਇਹ ਸੱਚ ਨਾ ਜਾਪੇ। ਲੇਕਿਨ ਸ਼ੁਰੂ ਤੋਂ ਹੀ ਪਰਮੇਸ਼ੁਰ ਦਾ ਮਕਸਦ ਸੀ ਕਿ ਇਨਸਾਨ ਰਲ-ਮਿਲ ਕੇ ਇਕੱਠੇ ਰਹਿਣ। * ਬਾਈਬਲ ਦੇ ਕਈ ਹਵਾਲੇ ਇਸ ਗੱਲ ਦਾ ਸਬੂਤ ਦਿੰਦੇ ਹਨ ਕਿ ਪਰਮੇਸ਼ੁਰ ਆਪਣਾ ਮਕਸਦ ਪੂਰਾ ਕਰ ਕੇ ਰਹੇਗਾ। ਆਓ ਆਪਾਂ ਇਨ੍ਹਾਂ ਵਿੱਚੋਂ ਕੁਝ ਹਵਾਲੇ ਦੇਖੀਏ:

“ਆਓ, ਯਹੋਵਾਹ ਦੇ ਕੰਮਾਂ ਨੂੰ ਵੇਖੋ . . . ਉਹ ਧਰਤੀ ਦੇ ਬੰਨਿਆਂ ਤੀਕੁਰ ਲੜਾਈਆਂ ਨੂੰ ਮੁਕਾ ਦਿੰਦਾ ਹੈ, ਉਹ ਧਣੁਖ ਨੂੰ ਭੰਨ ਸੁੱਟਦਾ ਅਤੇ ਬਰਛੀ ਦੇ ਟੋਟੇ ਟੋਟੇ ਕਰ ਦਿੰਦਾ ਹੈ, ਉਹ ਰਥਾਂ ਨੂੰ ਅੱਗ ਨਾਲ ਸਾੜ ਸੁੱਟਦਾ ਹੈ!”ਜ਼ਬੂਰਾਂ ਦੀ ਪੋਥੀ 46:8, 9.

“ਮੇਰੇ ਸਾਰੇ ਪਵਿੱਤ੍ਰ ਪਰਬਤ ਵਿੱਚ ਓਹ ਨਾ ਸੱਟ ਲਾਉਣਗੇ ਨਾ ਨਾਸ ਕਰਨਗੇ, ਕਿਉਂ ਜੋ ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਢੱਕਿਆ ਹੋਇਆ ਹੈ।”ਯਸਾਯਾਹ 11:9.

“ਉਹ ਮੌਤ ਨੂੰ ਸਦਾ ਲਈ ਝੱਫ ਲਵੇਗਾ, ਅਤੇ ਪ੍ਰਭੁ ਯਹੋਵਾਹ ਸਾਰਿਆਂ ਮੂੰਹਾਂ ਤੋਂ ਅੰਝੂ ਪੂੰਝ ਸੁੱਟੇਗਾ, ਅਤੇ ਆਪਣੀ ਪਰਜਾ ਦੀ ਬਦਨਾਮੀ ਨੂੰ ਸਾਰੀ ਧਰਤੀ ਦੇ ਉੱਤੋਂ ਦੂਰ ਕਰ ਦੇਵੇਗਾ, ਕਿਉਂਕਿ ਏਹ ਯਹੋਵਾਹ ਦਾ ਬੋਲ ਹੈ।”ਯਸਾਯਾਹ 25:8.

“ਉਹ ਦੇ ਬਚਨ ਦੇ ਅਨੁਸਾਰ ਅਸੀਂ ਨਵੇਂ ਅਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰਦੇ ਹਾਂ ਜਿਨ੍ਹਾਂ ਵਿੱਚ ਧਰਮ ਵੱਸਦਾ ਹੈ।”2 ਪਤਰਸ 3:13.

[ਪਰਮੇਸ਼ੁਰ] ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।”ਪਰਕਾਸ਼ ਦੀ ਪੋਥੀ 21:4.

ਇਹ ਵਾਅਦੇ ਭਰੋਸੇਯੋਗ ਹਨ। ਕਿਉਂ? ਕਿਉਂਕਿ ਇਹ ਸਾਡੇ ਸ੍ਰਿਸ਼ਟੀਕਰਤਾ ਯਹੋਵਾਹ ਪਰਮੇਸ਼ੁਰ ਨੇ ਕੀਤੇ ਹਨ ਅਤੇ ਉਸ ਕੋਲ ਏਕਤਾ ਲਿਆਉਣ ਦੀ ਤਾਕਤ ਹੈ। (ਲੂਕਾ 18:27) ਅਸਲ ਵਿਚ ਇਸ ਤਰ੍ਹਾਂ ਕਰਨ ਦੀ ਉਸ ਦੀ ਇੱਛਾ ਵੀ ਹੈ। ਬਾਈਬਲ ਕਹਿੰਦੀ ਹੈ ਕਿ ਪਰਮੇਸ਼ੁਰ ਆਪਣੇ “ਨੇਕ ਇਰਾਦੇ” ਅਨੁਸਾਰ ‘ਉਨ੍ਹਾਂ ਸਭਨਾਂ ਨੂੰ ਜੋ ਸੁਰਗ ਵਿੱਚ ਅਤੇ ਜੋ ਧਰਤੀ ਉੱਤੇ ਹਨ ਮਸੀਹ ਵਿੱਚ ਇਕੱਠਾ ਕਰੇਗਾ।’—ਅਫ਼ਸੀਆਂ 1:8-10.

“ਨਵੀਂ ਧਰਤੀ” ਬਾਰੇ ਪਰਮੇਸ਼ੁਰ ਦਾ ਵਾਅਦਾ ਕੋਈ ਸੁਪਨਾ ਨਹੀਂ ਹੈ। (2 ਪਤਰਸ 3:13) ਇਸ ਵਾਅਦੇ ਬਾਰੇ ਯਹੋਵਾਹ ਕਹਿੰਦਾ ਹੈ: ‘ਉਹ ਮੇਰੀ ਵੱਲ ਅਵਿਰਥਾ ਨਹੀਂ ਮੁੜੇਗਾ, ਪਰ ਜੋ ਮੈਂ ਠਾਣਿਆ ਉਸ ਨੂੰ ਪੂਰਾ ਕਰੇਗਾ, ਅਤੇ ਜਿਸ ਲਈ ਮੈਂ ਘੱਲਿਆ, ਉਸ ਵਿੱਚ ਸਫ਼ਲ ਹੋਏਗਾ।’—ਯਸਾਯਾਹ 55:11.

ਪਰਮੇਸ਼ੁਰ ਦਾ ਬਚਨ ਏਕਤਾ ਦੀ ਨੀਂਹ

ਪਹਿਲੇ ਲੇਖ ਵਿਚ ਦੱਸਿਆ ਗਿਆ ਸੀ ਕਿ ਕਈ ਵਾਰੀ ਧਰਮ ਲੋਕਾਂ ਵਿਚ ਏਕਤਾ ਲਿਆਉਣ ਦੀ ਬਜਾਇ ਉਨ੍ਹਾਂ ਵਿਚ ਫੁੱਟ ਪਾਉਂਦਾ ਹੈ। ਜ਼ਰਾ ਸੋਚੋ, ਜੇ ਧਰਮ ਪਿੱਛੇ ਪਰਮੇਸ਼ੁਰ ਦਾ ਹੱਥ ਹੈ, ਤਾਂ ਕੀ ਇਸ ਨੂੰ ਲੋਕਾਂ ਵਿਚ ਵੰਡ ਪਾਉਣ ਦੀ ਬਜਾਇ ਏਕਤਾ ਨਹੀਂ ਲਿਆਉਣੀ ਚਾਹੀਦੀ? ਜੀ ਹਾਂ, ਸੱਚੇ ਪਰਮੇਸ਼ੁਰ ਦੇ ਸੇਵਕਾਂ ਵਿਚ ਏਕਤਾ ਹੋਣੀ ਚਾਹੀਦੀ ਹੈ।

ਭਾਵੇਂ ਧਰਮ ਲੋਕਾਂ ਵਿਚ ਏਕਤਾ ਪੈਦਾ ਕਰਨ ਵਿਚ ਨਾਕਾਮ ਰਿਹਾ ਹੈ, ਪਰ ਇਹ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਬਚਨ ਦਾ ਕਸੂਰ ਨਹੀਂ ਹੈ। ਦਰਅਸਲ ਇਹ ਉਨ੍ਹਾਂ ਧਰਮਾਂ ਦਾ ਕਸੂਰ ਹੈ ਜੋ ਪਰਮੇਸ਼ੁਰ ਤੋਂ ਮੂੰਹ ਮੋੜ ਕੇ ਆਪਣੇ ਬਲਬੂਤੇ ਤੇ ਏਕਤਾ ਲਿਆਉਣ ਦੀ ਕੋਸ਼ਿਸ਼ ਕਰਦੇ ਹਨ। ਯਿਸੂ ਨੇ ਆਪਣੇ ਜ਼ਮਾਨੇ ਦੇ ਧਾਰਮਿਕ ਆਗੂਆਂ ਨੂੰ ਕਿਹਾ: “ਹੇ ਕਪਟੀਓ! ਯਸਾਯਾਹ ਨੇ ਤੁਹਾਡੇ ਵਿਖੇ ਠੀਕ ਅਗੰਮ ਵਾਕ ਕੀਤਾ ਹੈ ਕਿ ਏਹ ਲੋਕ ਆਪਣੇ ਬੁੱਲ੍ਹਾਂ ਨਾਲ ਮੇਰਾ ਆਦਰ ਕਰਦੇ ਹਨ, ਪਰ ਇਨ੍ਹਾਂ ਦਾ ਦਿਲ ਮੈਥੋਂ ਦੂਰ ਹੈ। ਓਹ ਵਿਰਥਾ ਮੇਰੀ ਉਪਾਸਨਾ ਕਰਦੇ ਹਨ, ਓਹ ਮਨੁੱਖਾਂ ਦੇ ਹੁਕਮਾਂ ਦੀ ਸਿਖਿਆ ਦਿੰਦੇ ਹਨ।”—ਮੱਤੀ 15:7-9.

ਇਸ ਦੇ ਉਲਟ ਜੋ ਲੋਕ ਸੱਚੇ ਪਰਮੇਸ਼ੁਰ ਦੇ ਰਾਹਾਂ ਤੇ ਚੱਲਦੇ ਹਨ ਉਨ੍ਹਾਂ ਵਿਚਕਾਰ ਏਕਤਾ ਹੁੰਦੀ ਹੈ। ਯਸਾਯਾਹ ਨਬੀ ਨੇ ਕਿਹਾ ਸੀ: “ਆਖਰੀ ਦਿਨਾਂ ਦੇ ਵਿੱਚ ਇਉਂ ਹੋਵੇਗਾ ਕਿ ਯਹੋਵਾਹ ਦੇ ਭਵਨ ਦਾ ਪਰਬਤ ਪਹਾੜਾਂ ਦੇ ਸਿਰੇ ਤੇ ਕਾਇਮ ਕੀਤਾ ਜਾਵੇਗਾ, ਅਤੇ ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ, ਅਤੇ ਸਭ ਕੌਮਾਂ ਉਸ ਦੀ ਵੱਲ ਵਗਣਗੀਆਂ। ਉਹ ਕੌਮਾਂ ਵਿੱਚ ਨਿਆਉਂ ਕਰੇਗਾ, ਅਤੇ ਬਹੁਤੀਆਂ ਉੱਮਤਾਂ ਦਾ ਫ਼ੈਸਲਾ ਕਰੇਗਾ, ਓਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਣਗੇ, ਅਤੇ ਆਪਣੇ ਬਰਛਿਆਂ ਨੂੰ ਦਾਤ। ਕੌਮ ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ, ਅਤੇ ਓਹ ਫੇਰ ਕਦੀ ਵੀ ਲੜਾਈ ਨਾ ਸਿੱਖਣਗੇ।”—ਯਸਾਯਾਹ 2:2, 4.

ਅੱਜ 230 ਤੋਂ ਜ਼ਿਆਦਾ ਦੇਸ਼ਾਂ ਵਿਚ ਯਹੋਵਾਹ ਦੇ ਗਵਾਹ ਬਿਲਕੁਲ ਇਹੀ ਕਰ ਰਹੇ ਹਨ ਅਤੇ ਉਹ ਏਕਤਾ ਵਿਚ ਬੱਝੇ ਹੋਏ ਹਨ। ਇਸ ਏਕਤਾ ਦੀ ਨੀਂਹ ਕੀ ਹੈ? ਪੌਲੁਸ ਰਸੂਲ ਨੇ ਲਿਖਿਆ: “ਪ੍ਰੇਮ ਨੂੰ ਪਾ ਲਓ ਜਿਹੜਾ ਸੰਪੂਰਨਤਾਈ ਦਾ ਬੰਧ ਹੈ।” (ਕੁਲੁੱਸੀਆਂ 3:14) ਪੌਲੁਸ ਨੇ “ਬੰਧ” ਲਈ ਜੋ ਯੂਨਾਨੀ ਸ਼ਬਦ ਵਰਤਿਆ ਸੀ ਉਹ ਸਰੀਰ ਦੇ ਜੋੜਾਂ ਅਤੇ ਪੱਠਿਆਂ ਨੂੰ ਵੀ ਸੰਕੇਤ ਕਰ ਸਕਦਾ ਹੈ। ਸਾਡੇ ਸਰੀਰ ਦੇ ਜੋੜ ਇਕ ਰੱਸੇ ਵਾਂਗ ਮਜ਼ਬੂਤ ਹਨ ਅਤੇ ਦੋ ਜ਼ਰੂਰੀ ਕੰਮ ਕਰਦੇ ਹਨ। ਇਹ ਸਰੀਰ ਦੇ ਅੰਗਾਂ ਨੂੰ ਸਹੀ ਜਗ੍ਹਾ ਤੇ ਰੱਖਦੇ ਹਨ ਤੇ ਹੱਡੀਆਂ ਨੂੰ ਜੋੜ ਕੇ ਰੱਖਦੇ ਹਨ।

ਪ੍ਰੇਮ ਵੀ ਕੁਝ ਇਸ ਤਰ੍ਹਾਂ ਦਾ ਹੀ ਹੈ। ਇਹ ਗੁਣ ਸਾਨੂੰ ਸਿਰਫ਼ ਇਕ-ਦੂਜੇ ਨੂੰ ਮਾਰਨ ਤੋਂ ਹੀ ਨਹੀਂ ਰੋਕਦਾ, ਸਗੋਂ ਵੱਖਰੇ ਪਿਛੋਕੜ ਦੇ ਲੋਕਾਂ ਨੂੰ ਏਕੇ ਵਿਚ ਬੰਨ੍ਹਦਾ ਹੈ। ਮਿਸਾਲ ਲਈ, ਪ੍ਰੇਮ ਸਾਨੂੰ ਮੱਤੀ 7:12 ਦੀ ਸਲਾਹ ਤੇ ਚੱਲਣ ਲਈ ਪ੍ਰੇਰਦਾ ਹੈ: “ਜੋ ਕੁਝ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਓਵੇਂ ਹੀ ਕਰੋ।” ਯਿਸੂ ਦੀ ਇਸ ਸਲਾਹ ਉੱਤੇ ਚੱਲ ਕੇ ਕਈਆਂ ਨੇ ਪੱਖਪਾਤ ਕਰਨਾ ਛੱਡ ਦਿੱਤਾ ਹੈ।

“ਆਪੋ ਵਿੱਚ ਪ੍ਰੇਮ ਰੱਖੋ”

ਯਹੋਵਾਹ ਦੇ ਗਵਾਹ ਯਿਸੂ ਦੇ ਇਨ੍ਹਾਂ ਸ਼ਬਦਾਂ ਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹਨ ਅਤੇ ਇੱਦਾਂ ਉਹ ਆਪਣੇ ਆਪ ਨੂੰ ਉਸ ਦੇ ਸੱਚੇ ਚੇਲੇ ਸਾਬਤ ਕਰਦੇ ਹਨ: “ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।” (ਯੂਹੰਨਾ 13:35) ਉਨ੍ਹਾਂ ਦੇ ਇਸ ਪ੍ਰੇਮ ਨੇ ਜਾਤ-ਪਾਤ ਦੀਆਂ ਦੀਵਾਰਾਂ ਨੂੰ ਤੋੜ ਦਿੱਤਾ ਹੈ। ਸਿਆਸੀ ਹਲਚਲ ਦੌਰਾਨ ਵੀ ਉਨ੍ਹਾਂ ਨੇ ਪ੍ਰੇਮ ਦਾ ਸਬੂਤ ਦਿੱਤਾ ਹੈ। ਮਿਸਾਲ ਲਈ, 1994 ਵਿਚ ਜਦ ਰਵਾਂਡਾ ਵਿਚ ਕਤਲਾਮ ਹੋਇਆ ਸੀ, ਤਾਂ ਉਦੋਂ ਹੁਟੂ ਗਵਾਹਾਂ ਨੇ ਟੂਟਸੀ ਭੈਣ-ਭਰਾਵਾਂ ਦੀ ਜਾਨ ਬਚਾਉਣ ਲਈ ਆਪਣੀਆਂ ਜਾਨਾਂ ਦੀ ਵੀ ਪਰਵਾਹ ਨਾ ਕੀਤੀ। ਇੱਦਾਂ ਉਨ੍ਹਾਂ ਨੇ ਆਪਣੇ ਪ੍ਰੇਮ ਦਾ ਸਬੂਤ ਦਿੱਤਾ।

ਲੇਕਿਨ ਦੁਨੀਆਂ ਦੀਆਂ ਕੌਮਾਂ ਤੋਂ ਇਹ ਉਮੀਦ ਰੱਖਣੀ ਕਿ ਉਹ ਇਕ-ਦੂਜੇ ਨਾਲ ਪ੍ਰੇਮ ਕਰਨ ਅਤੇ ਪੂਰੀ ਦੁਨੀਆਂ ਵਿਚ ਏਕਤਾ ਲਿਆਉਣ ਸਮਝਦਾਰੀ ਨਹੀਂ ਹੈ। ਬਾਈਬਲ ਦੇ ਮੁਤਾਬਕ ਇਹ ਪਰਮੇਸ਼ੁਰ ਦੇ ਠਹਿਰਾਏ ਹੋਏ ਸਮੇਂ ਤੇ ਹੀ ਹੋਵੇਗਾ। ਲੇਕਿਨ ਅੱਜ ਵੀ ਜੇ ਇਨਸਾਨ ਪ੍ਰੇਮ ਨੂੰ ਪਹਿਨਣ, ਤਾਂ ਉਨ੍ਹਾਂ ਵਿਚ ਕੁਝ ਹੱਦ ਤਕ ਏਕਤਾ ਹੋ ਸਕਦੀ ਹੈ।

ਪਿਛਲੇ ਸਾਲ ਯਹੋਵਾਹ ਦੇ ਗਵਾਹਾਂ ਨੇ ਇਕ ਅਰਬ ਤੋਂ ਜ਼ਿਆਦਾ ਘੰਟੇ ਪ੍ਰਚਾਰ ਕਰਨ ਵਿਚ ਲਾਏ। ਉਨ੍ਹਾਂ ਨੇ ਲੋਕਾਂ ਨੂੰ ਸਮਝਾਇਆ ਕਿ ਬਾਈਬਲ ਵਿਚ ਪਾਏ ਜਾਂਦੇ ਗਿਆਨ ਦੇ ਕੀ ਫ਼ਾਇਦੇ ਹਨ। ਇਸ ਗਿਆਨ ਕਰਕੇ ਅੱਜ ਲੱਖਾਂ ਲੋਕਾਂ ਨੇ ਇਕ-ਦੂਜਾ ਨਾਲ ਨਫ਼ਰਤ ਤੇ ਪੱਖਪਾਤ ਕਰਨਾ ਛੱਡ ਦਿੱਤਾ ਹੈ। ਇਨ੍ਹਾਂ ਵਿੱਚੋਂ ਕੁਝ ਅਰਬੀ ਤੇ ਯਹੂਦੀ ਹਨ, ਕੁਝ ਆਰਮੀਨੀ ਤੇ ਤੁਰਕੀ ਹਨ ਅਤੇ ਕੁਝ ਜਰਮਨ ਤੇ ਰੂਸੀ ਹਨ।

ਕੀ ਤੁਸੀਂ ਜਾਣਨਾ ਚਾਹੋਗੇ ਕਿ ਬਾਈਬਲ ਲੋਕਾਂ ਵਿਚ ਏਕਤਾ ਕਿਵੇਂ ਕਾਇਮ ਕਰਦੀ ਹੈ? ਜੇ ਹਾਂ, ਤਾਂ ਫਿਰ ਆਪਣੇ ਇਲਾਕੇ ਵਿਚ ਯਹੋਵਾਹ ਦੇ ਗਵਾਹਾਂ ਨਾਲ ਮੁਲਾਕਾਤ ਕਰੋ ਜਾਂ ਦੂਜੇ ਸਫ਼ੇ ਉੱਤੇ ਦਿੱਤੇ ਢੁਕਵੇਂ ਪਤੇ ਨੂੰ ਲਿਖੋ।

[ਫੁਟਨੋਟ]

^ ਪੈਰਾ 12 ਮਨੁੱਖਾਂ ਲਈ ਪਰਮੇਸ਼ੁਰ ਦੇ ਮਕਸਦ ਬਾਰੇ ਹੋਰ ਜਾਣਕਾਰੀ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਦਾ ਤੀਜਾ ਅਧਿਆਇ ਦੇਖੋ।

[ਸਫ਼ਾ 4 ਉੱਤੇ ਸੁਰਖੀ]

ਹਜ਼ਾਰਾਂ ਸ਼ਾਂਤੀ ਸੰਧੀਆਂ ਉੱਤੇ ਦਸਤਖਤ ਕੀਤੇ ਗਏ ਹਨ, ਪਰ ਬਾਅਦ ਵਿਚ ਇਨ੍ਹਾਂ ਨੂੰ ਤੋੜਿਆ ਗਿਆ ਹੈ

[ਸਫ਼ਾ 7 ਉੱਤੇ ਸੁਰਖੀ]

ਬਾਈਬਲ ਦੇ ਸਿਧਾਂਤ ਲਾਗੂ ਕਰਨ ਨਾਲ ਲੋਕ ਉਹ ਕਰ ਪਾਏ ਹਨ ਜੋ ਮਨੁੱਖੀ ਸਰਕਾਰਾਂ ਨਾ ਕਰ ਪਾਈਆਂ

[ਸਫ਼ਾ 5 ਉੱਤੇ ਤਸਵੀਰ]

ਪਰਮੇਸ਼ੁਰ ਦਾ ਬਚਨ ਏਕਤਾ ਦੀ ਨੀਂਹ ਹੈ

[ਸਫ਼ਾ 7 ਉੱਤੇ ਤਸਵੀਰ]

ਹੁਟੂ ਅਤੇ ਟੂਟਸੀ ਭਰਾ ਇਕ-ਦੂਜੇ ਨਾਲ ਮਿਲ ਕੇ ਕੰਮ ਕਰ ਰਹੇ ਹਨ