Skip to content

Skip to table of contents

ਭੀੜਾਂ ਦੀਆਂ ਭੀੜਾਂ ਯਹੋਵਾਹ ਦੀ ਭਗਤੀ ਕਰਨ ਆ ਰਹੀਆਂ ਹਨ

ਭੀੜਾਂ ਦੀਆਂ ਭੀੜਾਂ ਯਹੋਵਾਹ ਦੀ ਭਗਤੀ ਕਰਨ ਆ ਰਹੀਆਂ ਹਨ

“ਮੇਰੀ ਸਹਾਇਤਾ ਯਹੋਵਾਹ ਤੋਂ ਹੈ”

ਭੀੜਾਂ ਦੀਆਂ ਭੀੜਾਂ ਯਹੋਵਾਹ ਦੀ ਭਗਤੀ ਕਰਨ ਆ ਰਹੀਆਂ ਹਨ

ਬਾਈਬਲ ਵਿਚ ਕਈ ਭਵਿੱਖਬਾਣੀਆਂ ਕੀਤੀਆਂ ਗਈਆਂ ਹਨ ਜੋ ਦੱਸਦੀਆਂ ਹਨ ਕਿ ਆਖ਼ਰੀ ਦਿਨਾਂ ਵਿਚ ਸਾਰੀਆਂ ਕੌਮਾਂ ਦੇ ਲੋਕ ਯਹੋਵਾਹ ਦੀ ਭਗਤੀ ਕਰਨਗੇ। ਮਿਸਾਲ ਲਈ, ਹੱਜਈ ਨਬੀ ਰਾਹੀਂ ਯਹੋਵਾਹ ਨੇ ਕਿਹਾ: “ਮੈਂ ਸਾਰੀਆਂ ਕੌਮਾਂ ਨੂੰ ਹਿਲਾ ਦਿਆਂਗਾ ਅਤੇ ਸਾਰੀਆਂ ਕੌਮਾਂ ਦੇ ਪਦਾਰਥ ਆਉਣਗੇ ਸੋ ਮੈਂ ਏਸ ਭਵਨ ਨੂੰ ਪਰਤਾਪ ਨਾਲ ਭਰ ਦਿਆਂਗਾ।” (ਹੱਜਈ 2:7) ਯਸਾਯਾਹ ਤੇ ਮੀਕਾਹ ਨੇ ਵੀ ਭਵਿੱਖਬਾਣੀ ਕੀਤੀ ਸੀ ਕਿ ਇਨ੍ਹਾਂ “ਆਖ਼ਰੀ ਦਿਨਾਂ” ਵਿਚ ਕੌਮਾਂ ਯਹੋਵਾਹ ਦੀ ਮਰਜ਼ੀ ਅਨੁਸਾਰ ਉਸ ਦੀ ਪੂਜਾ ਕਰਨਗੀਆਂ।—ਯਸਾਯਾਹ 2:2-4; ਮੀਕਾਹ 4:1-4.

ਕੀ ਇਹ ਭਵਿੱਖਬਾਣੀਆਂ ਅੱਜ ਪੂਰੀਆਂ ਹੋ ਰਹੀਆਂ ਹਨ? ਇਹ ਜਾਣਨ ਲਈ ਆਓ ਆਪਾਂ ਕੁਝ ਸਬੂਤਾਂ ਉੱਤੇ ਗੌਰ ਕਰੀਏ। ਪਿਛਲੇ ਸਿਰਫ਼ ਦਸਾਂ ਸਾਲਾਂ ਦੌਰਾਨ 230 ਤੋਂ ਜ਼ਿਆਦਾ ਦੇਸ਼ਾਂ ਵਿਚ 31,10,000 ਤੋਂ ਜ਼ਿਆਦਾ ਲੋਕਾਂ ਨੇ ਆਪਣੀਆਂ ਜ਼ਿੰਦਗੀਆਂ ਯਹੋਵਾਹ ਨੂੰ ਸਮਰਪਿਤ ਕੀਤੀਆਂ ਹਨ। ਦੁਨੀਆਂ ਭਰ ਵਿਚ ਜੋ ਲੋਕ ਹੁਣ ਯਹੋਵਾਹ ਦੀ ਸੇਵਾ ਕਰ ਰਹੇ ਹਨ, ਉਨ੍ਹਾਂ ਵਿੱਚੋਂ 60 ਫੀ ਸਦੀ ਜਣਿਆਂ ਨੇ ਪਿਛਲੇ 10 ਸਾਲਾਂ ਦੇ ਅੰਦਰ-ਅੰਦਰ ਬਪਤਿਸਮਾ ਲਿਆ ਹੈ। ਸਾਲ 2004 ਵਿਚ ਹਰ ਦੋ ਮਿੰਟਾਂ ਵਿਚ ਔਸਤਨ ਇਕ ਵਿਅਕਤੀ ਨੇ ਬਪਤਿਸਮਾ ਲੈ ਕੇ ਯਹੋਵਾਹ ਦੀ ਸੇਵਾ ਕਰਨੀ ਸ਼ੁਰੂ ਕੀਤੀ! *

ਪਹਿਲੀ ਸਦੀ ਵਾਂਗ ਅੱਜ ਵੀ “ਬਾਹਲੇ ਲੋਕ ਨਿਹਚਾ ਕਰ ਕੇ ਪ੍ਰਭੁ ਦੀ ਵੱਲ” ਆ ਰਹੇ ਹਨ। ਭਾਵੇਂ ਕਿ ਇਹ ਵਾਧਾ ਆਪਣੇ-ਆਪ ਵਿਚ ਪਰਮੇਸ਼ੁਰ ਦੀ ਬਰਕਤ ਦਾ ਸਬੂਤ ਨਹੀਂ ਹੈ, ਪਰ ਸਾਨੂੰ ਇਸ ਤੋਂ ਸਬੂਤ ਮਿਲਦਾ ਹੈ ਕਿ “ਪ੍ਰਭੁ [ਯਹੋਵਾਹ] ਦਾ ਹੱਥ” ਯਾਨੀ ਉਸ ਦੀ ਬਰਕਤ ਉਸ ਦੇ ਭਗਤਾਂ ਉੱਤੇ ਹੈ। (ਰਸੂਲਾਂ ਦੇ ਕਰਤੱਬ 11:21) ਇਨ੍ਹਾਂ ਲੱਖਾਂ ਲੋਕਾਂ ਨੂੰ ਯਹੋਵਾਹ ਦੀ ਪੂਜਾ ਕਰਨ ਲਈ ਕਿਹੜੀ ਗੱਲ ਨੇ ਪ੍ਰੇਰਿਆ ਹੈ? ਅਤੇ ਇਸ ਵਾਧੇ ਦਾ ਤੁਹਾਡੇ ਉੱਤੇ ਕੀ ਅਸਰ ਪਿਆ ਹੈ?

ਸੱਚੇ ਦਿਲ ਵਾਲੇ ਲੋਕ ਖਿੱਚੇ ਚਲੇ ਆਉਂਦੇ ਹਨ

ਯਿਸੂ ਨੇ ਸਾਫ਼-ਸਾਫ਼ ਦੱਸਿਆ ਸੀ: “ਕੋਈ ਮੇਰੇ ਕੋਲ ਆ ਨਹੀਂ ਸੱਕਦਾ ਜੇ ਪਿਤਾ ਜਿਹ ਨੇ ਮੈਨੂੰ ਘੱਲਿਆ ਉਹ ਨੂੰ ਨਾ ਖਿੱਚੇ।” (ਯੂਹੰਨਾ 6:44) ਤਾਂ ਫਿਰ ਯਹੋਵਾਹ ਹੀ ਉਨ੍ਹਾਂ ਲੋਕਾਂ ਨੂੰ ਖਿੱਚਦਾ ਹੈ ਜੋ “ਸਦੀਪਕ ਜੀਉਣ” ਦੇ ਲਾਇਕ ਹਨ। (ਰਸੂਲਾਂ ਦੇ ਕਰਤੱਬ 13:48) ਪਰਮੇਸ਼ੁਰ ਦੀ ਪਵਿੱਤਰ ਆਤਮਾ ਲੋਕਾਂ ਨੂੰ ਉਨ੍ਹਾਂ ਦੀ ਰੂਹਾਨੀ ਲੋੜ ਦਾ ਅਹਿਸਾਸ ਦਿਲਾ ਸਕਦੀ ਹੈ। (ਰਸੂਲਾਂ ਦੇ ਕਰਤੱਬ 16:14) ਅਕਸਰ ਉਹ ਲੋਕ ਪਰਮੇਸ਼ੁਰ ਵੱਲ ਖਿੱਚੇ ਜਾਂਦੇ ਹਨ ਜਿਨ੍ਹਾਂ ਦੀ ਜ਼ਮੀਰ ਉਨ੍ਹਾਂ ਨੂੰ ਤੰਗ ਕਰਦੀ ਹੈ ਜਾਂ ਫਿਰ ਉਹ ਜੋ ਉਮੀਦ ਦੀ ਕਿਰਨ ਭਾਲਦੇ ਹਨ ਜਾਂ ਸੰਕਟਾਂ ਵਿਚ ਡੁੱਬੇ ਹੋਏ ਹਨ। ਅਜਿਹੇ ਲੋਕ ਪਰਮੇਸ਼ੁਰ ਬਾਰੇ ਅਤੇ ਇਨਸਾਨਾਂ ਲਈ ਉਸ ਦੇ ਮਕਸਦ ਬਾਰੇ ਸਿੱਖਦੇ ਹਨ।—ਮਰਕੁਸ 7:26-30; ਲੂਕਾ 19:2-10.

ਕਈ ਲੋਕ ਯਹੋਵਾਹ ਦੀ ਭਗਤੀ ਕਰਨ ਲਈ ਇਸ ਲਈ ਖਿੱਚੇ ਚਲੇ ਆਉਂਦੇ ਹਨ ਕਿਉਂਕਿ ਮਸੀਹੀ ਕਲੀਸਿਯਾ ਵਿਚ ਮਿਲਦੀ ਸਿੱਖਿਆ ਰਾਹੀਂ ਉਨ੍ਹਾਂ ਨੂੰ ਆਪਣੇ ਸਾਰੇ ਗੁੰਝਲਦਾਰ ਸਵਾਲਾਂ ਦੇ ਜਵਾਬ ਮਿਲੇ ਹਨ।

ਇਟਲੀ ਵਿਚ ਰਹਿਣ ਵਾਲਾ ਇਕ ਆਦਮੀ ਦਾਵੀਧ, ਡ੍ਰੱਗਜ਼ ਵੇਚਦਾ ਹੁੰਦਾ ਸੀ। ਉਸ ਨੂੰ ਇਹ ਸਵਾਲ ਬਹੁਤ ਚਿਰ ਤੋਂ ਪਰੇਸ਼ਾਨ ਕਰ ਰਿਹਾ ਸੀ: “ਜੇ ਰੱਬ ਹੈ, ਤਾਂ ਫਿਰ ਲੋਕਾਂ ਨਾਲ ਬੇਇਨਸਾਫ਼ੀ ਕਿਉਂ ਹੁੰਦੀ ਹੈ?” ਭਾਵੇਂ ਉਸ ਨੂੰ ਧਾਰਮਿਕ ਗੱਲਾਂ ਵਿਚ ਇੰਨੀ ਦਿਲਚਸਪੀ ਨਹੀਂ ਸੀ, ਪਰ ਬਹਿਸ ਕਰਨ ਲਈ ਉਹ ਇਹ ਸਵਾਲ ਅਕਸਰ ਪੁੱਛਦਾ ਸੀ। ਉਹ ਦੱਸਦਾ ਹੈ: “ਮੈਨੂੰ ਇੱਦਾਂ ਨਹੀਂ ਲੱਗਦਾ ਸੀ ਕਿ ਮੈਨੂੰ ਇਸ ਸਵਾਲ ਦਾ ਕੋਈ ਸਹੀ ਤੇ ਭਰੋਸੇਯੋਗ ਜਵਾਬ ਮਿਲੇਗਾ। ਪਰ ਯਹੋਵਾਹ ਦੇ ਜਿਸ ਗਵਾਹ ਨਾਲ ਮੇਰੀ ਗੱਲਬਾਤ ਹੋਈ, ਉਹ ਬੜਾ ਧੀਰਜਵਾਨ ਵਿਅਕਤੀ ਸੀ ਅਤੇ ਉਸ ਨੇ ਬਾਈਬਲ ਤੋਂ ਸਬੂਤ ਦੇ ਕੇ ਮੈਨੂੰ ਗੱਲਾਂ ਸਮਝਾਈਆਂ। ਉਸ ਦੀਆਂ ਗੱਲਾਂ ਨੇ ਮੇਰੇ ਤੇ ਡੂੰਘਾ ਪ੍ਰਭਾਵ ਪਾਇਆ।” ਦਾਵੀਧ ਨੇ ਆਪਣੀ ਜ਼ਿੰਦਗੀ ਸੁਧਾਰੀ ਤੇ ਹੁਣ ਉਹ ਯਹੋਵਾਹ ਦੀ ਸੇਵਾ ਕਰ ਰਿਹਾ ਹੈ।

ਕਈ ਲੋਕ ਆਪਣੀ ਜ਼ਿੰਦਗੀ ਦਾ ਮਤਲਬ ਅਤੇ ਮਕਸਦ ਟੋਲਦੇ-ਟੋਲਦੇ ਯਹੋਵਾਹ ਦੇ ਸੰਗਠਨ ਵੱਲ ਖਿੱਚੇ ਜਾਂਦੇ ਹਨ। ਕ੍ਰੋਏਸ਼ੀਆ ਦੇ ਸ਼ਹਿਰ ਜ਼ਾਗਰੇਬ ਦੀ ਰਹਿਣ ਵਾਲੀ ਇਕ ਮਨੋ-ਚਿਕਿਤਸਕ ਦੀ ਹੀ ਮਿਸਾਲ ਲੈ ਲਓ। ਇਹ ਡਾਕਟਰਨੀ ਖ਼ੁਦ ਆਪਣੀਆਂ ਜਜ਼ਬਾਤੀ ਸਮੱਸਿਆਵਾਂ ਦਾ ਇਲਾਜ ਭਾਲ ਰਹੀ ਸੀ। ਇਸ ਲਈ ਉਹ ਇਕ ਮਸ਼ਹੂਰ ਮਨੋ-ਚਿਕਿਤਸਕ ਨੂੰ ਮਿਲਣ ਗਈ। ਉਹ ਕਾਫ਼ੀ ਹੈਰਾਨ ਹੋਈ ਜਦ ਡਾਕਟਰ ਨੇ ਉਸ ਨੂੰ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਦਾ ਟੈਲੀਫ਼ੋਨ ਨੰਬਰ ਅਤੇ ਇਕ ਗਵਾਹ ਦਾ ਨਾਂ ਵੀ ਦਿੱਤਾ ਜਿਸ ਨੂੰ ਉਹ ਜਾਣਦਾ ਸੀ। ਉਸ ਨੇ ਉਸ ਡਾਕਟਰਨੀ ਨੂੰ ਕਿਹਾ: “ਦੇਖ, ਮੇਰੇ ਖ਼ਿਆਲ ਵਿਚ ਇਹ ਲੋਕ ਤੇਰੀ ਮਦਦ ਕਰ ਸਕਦੇ ਹਨ। ਜੇ ਮੈਂ ਤੈਨੂੰ ਚਰਚ ਭੇਜਾਂ, ਤਾਂ ਉੱਥੇ ਤੈਨੂੰ ਬੇਜਾਨ ਮੂਰਤਾਂ ਤੋਂ ਸਿਵਾਇ ਹੋਰ ਕੁਝ ਨਹੀਂ ਮਿਲੇਗਾ—ਉੱਥੇ ਕੋਈ ਗੱਲ ਨਹੀਂ ਕਰ ਰਿਹਾ, ਉੱਥੇ ਰੂਹਾਨੀ ਤੌਰ ਤੇ ਹਨੇਰਾ ਹੀ ਹਨੇਰਾ ਹੈ। ਮੇਰੇ ਖ਼ਿਆਲ ਵਿਚ ਚਰਚ ਤੇਰੀ ਮਦਦ ਨਹੀਂ ਕਰ ਸਕਦਾ। ਮੈਂ ਹੋਰਨਾਂ ਮਰੀਜ਼ਾਂ ਨੂੰ ਵੀ ਯਹੋਵਾਹ ਦੇ ਗਵਾਹਾਂ ਕੋਲ ਭੇਜਿਆ ਹੈ ਅਤੇ ਮੇਰੇ ਖ਼ਿਆਲ ਵਿਚ ਇਹ ਤੇਰੇ ਲਈ ਵੀ ਸਭ ਤੋਂ ਵਧੀਆ ਗੱਲ ਹੋਵੇਗੀ।” ਯਹੋਵਾਹ ਦੇ ਗਵਾਹ ਖ਼ੁਸ਼ੀ-ਖ਼ੁਸ਼ੀ ਉਸ ਡਾਕਟਰਨੀ ਨੂੰ ਮਿਲਣ ਗਏ ਅਤੇ ਉਸ ਨਾਲ ਕੁਝ ਸਮੇਂ ਬਾਅਦ ਬਾਈਬਲ ਦਾ ਅਧਿਐਨ ਸ਼ੁਰੂ ਕੀਤਾ। ਕੁਝ ਹੀ ਹਫ਼ਤਿਆਂ ਬਾਅਦ ਉਸ ਮਨੋ-ਚਿਕਿਤਸਕ ਨੇ ਖ਼ੁਸ਼ੀ ਨਾਲ ਕਿਹਾ ਕਿ ਬਾਈਬਲ ਬਾਰੇ ਗਿਆਨ ਲੈਣ ਨਾਲ ਉਸ ਦੀ ਜ਼ਿੰਦਗੀ ਨੂੰ ਇਕ ਮਕਸਦ ਮਿਲਿਆ ਹੈ।—ਉਪਦੇਸ਼ਕ ਦੀ ਪੋਥੀ 12:13.

ਕਈਆਂ ਦਾ ਇਹ ਤਜਰਬਾ ਰਿਹਾ ਹੈ ਕਿ ਜਦ ਉਹ ਔਖੀ ਘੜੀ ਵਿੱਚੋਂ ਗੁਜ਼ਰ ਰਹੇ ਹੁੰਦੇ ਹਨ ਅਤੇ ਕਿਸੇ ਸੰਕਟ ਦਾ ਸਾਮ੍ਹਣਾ ਕਰ ਰਹੇ ਹੁੰਦੇ ਹਨ, ਤਾਂ ਸਿਰਫ਼ ਬਾਈਬਲ ਦੇ ਗਿਆਨ ਰਾਹੀਂ ਉਨ੍ਹਾਂ ਨੂੰ ਦਿਲਾਸਾ ਮਿਲਦਾ ਹੈ। ਯੂਨਾਨ ਵਿਚ ਇਕ ਸੱਤਾਂ ਸਾਲਾਂ ਦਾ ਮੁੰਡਾ ਸਕੂਲ ਦੀ ਛੱਤ ਤੋਂ ਡਿੱਗ ਕੇ ਮਰ ਗਿਆ। ਕੁਝ ਮਹੀਨੇ ਬਾਅਦ ਦੋ ਯਹੋਵਾਹ ਦੀਆਂ ਗਵਾਹਾਂ ਉਸ ਮੁੰਡੇ ਦੀ ਮਾਂ ਨੂੰ ਮਿਲੀਆਂ। ਉਨ੍ਹਾਂ ਨੇ ਬਾਈਬਲ ਵਿੱਚੋਂ ਪਰਮੇਸ਼ੁਰ ਦੇ ਵਾਅਦੇ ਬਾਰੇ ਦੱਸ ਕੇ ਉਸ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕੀਤੀ ਕਿ ਮਰੇ ਹੋਏ ਲੋਕਾਂ ਨੂੰ ਦੁਬਾਰਾ ਜ਼ਿੰਦਾ ਕੀਤਾ ਜਾਵੇਗਾ। (ਯੂਹੰਨਾ 5:28, 29) ਮੁੰਡੇ ਦੀ ਮਾਂ ਦਾ ਰੋਣਾ ਨਿਕਲ ਗਿਆ। ਗਵਾਹਾਂ ਨੇ ਉਸ ਨੂੰ ਪੁੱਛਿਆ: “ਜੇ ਤੁਸੀਂ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਦੁਬਾਰਾ ਕਦੋਂ ਮਿਲ ਸਕਦੀਆਂ ਹਾਂ?” ਉਸ ਔਰਤ ਨੇ ਜਵਾਬ ਦਿੱਤਾ: “ਹੁਣੇ ਆ ਜਾਓ।” ਉਹ ਔਰਤ ਇਨ੍ਹਾਂ ਗਵਾਹਾਂ ਨੂੰ ਆਪਣੇ ਘਰ ਲੈ ਗਈ ਤੇ ਉਸ ਨਾਲ ਬਾਈਬਲ ਅਧਿਐਨ ਸ਼ੁਰੂ ਹੋ ਗਿਆ। ਅੱਜ ਉਹ ਔਰਤ ਅਤੇ ਉਸ ਦਾ ਪੂਰਾ ਪਰਿਵਾਰ ਯਹੋਵਾਹ ਦੀ ਸੇਵਾ ਕਰ ਰਿਹਾ ਹੈ।

ਕੀ ਤੁਸੀਂ ਹਿੱਸਾ ਲੈ ਰਹੇ ਹੋ?

ਇਸ ਤਰ੍ਹਾਂ ਦੇ ਤਜਰਬੇ ਦੁਨੀਆਂ ਭਰ ਵਿਚ ਆਮ ਹਨ। ਯਹੋਵਾਹ ਸਾਰੀਆਂ ਕੌਮਾਂ ਵਿੱਚੋਂ ਲੋਕਾਂ ਨੂੰ ਇਕੱਠੇ ਕਰ ਰਿਹਾ ਅਤੇ ਉਨ੍ਹਾਂ ਨੂੰ ਸੱਚੀ ਭਗਤੀ ਬਾਰੇ ਸਿਖਾ ਰਿਹਾ ਹੈ। ਇਸ ਅੰਤਰਰਾਸ਼ਟਰੀ ਸਮੂਹ ਕੋਲ ਇਸ ਦੁਸ਼ਟ ਦੁਨੀਆਂ ਦੇ ਅੰਤ ਵਿੱਚੋਂ ਬਚ ਕੇ ਨਵੀਂ ਦੁਨੀਆਂ ਵਿਚ ਜੀਉਣ ਦੀ ਉਮੀਦ ਹੈ।—2 ਪਤਰਸ 3:13.

ਯਹੋਵਾਹ ਦੀ ਬਰਕਤ ਸਦਕਾ ਲੋਕਾਂ ਨੂੰ ਸੱਚੀ ਭਗਤੀ ਲਈ ਇਕੱਠੇ ਕਰਨ ਦਾ ਕੰਮ ਲਗਭਗ ਪੂਰਾ ਹੋਣ ਵਾਲਾ ਹੈ। (ਯਸਾਯਾਹ 55:10, 11; ਮੱਤੀ 24:3, 14) ਕੀ ਤੁਸੀਂ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਵਿਚ ਜੋਸ਼ ਨਾਲ ਹਿੱਸਾ ਲੈ ਰਹੇ ਹੋ? ਜੇ ਹਾਂ, ਤਾਂ ਤੁਸੀਂ ਯਕੀਨ ਕਰ ਸਕਦੇ ਹੋ ਕਿ ਯਹੋਵਾਹ ਤੁਹਾਡੀ ਸਹਾਇਤਾ ਕਰੇਗਾ ਅਤੇ ਜ਼ਬੂਰਾਂ ਦੇ ਲਿਖਾਰੀ ਦੇ ਇਹ ਸ਼ਬਦ ਦੁਹਰਾ ਸਕਦੇ ਹੋ: “ਮੇਰੀ ਸਹਾਇਤਾ ਯਹੋਵਾਹ ਤੋਂ ਹੈ।”—ਜ਼ਬੂਰਾਂ ਦੀ ਪੋਥੀ 121:2.

[ਫੁਟਨੋਟ]

^ ਪੈਰਾ 4 ਸਾਲ 2005 ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਗਏ ਕਲੰਡਰ ਤੇ ਸਤੰਬਰ ਅਤੇ ਅਕਤੂਬਰ ਦੇ ਮਹੀਨਿਆਂ ਦੀਆਂ ਤਸਵੀਰਾਂ ਦੇਖੋ।

[ਸਫ਼ੇ 9 ਉੱਤੇ ਸੁਰਖੀ]

“ਕੋਈ ਮੇਰੇ ਕੋਲ ਆ ਨਹੀਂ ਸੱਕਦਾ ਜੇ ਪਿਤਾ ਜਿਹ ਨੇ ਮੈਨੂੰ ਘੱਲਿਆ ਉਹ ਨੂੰ ਨਾ ਖਿੱਚੇ।”—ਯੂਹੰਨਾ 6:44

[ਸਫ਼ੇ 8 ਉੱਤੇ ਡੱਬੀ]

ਇਸ ਵਾਧੇ ਪਿੱਛੇ ਕਿਸ ਦਾ ਹੱਥ ਹੈ?

“ਜੇ ਕਰ ਯਹੋਵਾਹ ਹੀ ਘਰ ਨਾ ਬਣਾਵੇ, ਤਾਂ ਉਸ ਦੇ ਬਣਾਉਣ ਵਾਲੇ ਦੀ ਮਿਹਨਤ ਵਿਅਰਥ ਹੈ।”—ਜ਼ਬੂਰਾਂ ਦੀ ਪੋਥੀ 127:1.

“ਪਰਮੇਸ਼ੁਰ ਨੇ ਵਧਾਇਆ। ਸੋ ਨਾ ਤਾਂ ਲਾਉਣ ਵਾਲਾ ਕੁਝ ਹੈ, ਨਾ ਸਿੰਜਣ ਵਾਲਾ ਪਰੰਤੂ ਪਰਮੇਸ਼ੁਰ ਜੋ ਵਧਾਉਣ ਵਾਲਾ ਹੈ।”—1 ਕੁਰਿੰਥੀਆਂ 3:6, 7.