Skip to content

Skip to table of contents

ਯਿਸੂ ਮਸੀਹ ਪਰਮੇਸ਼ੁਰ ਕਿ ਇਨਸਾਨ?

ਯਿਸੂ ਮਸੀਹ ਪਰਮੇਸ਼ੁਰ ਕਿ ਇਨਸਾਨ?

ਯਿਸੂ ਮਸੀਹ ਪਰਮੇਸ਼ੁਰ ਕਿ ਇਨਸਾਨ?

“ਜਗਤ ਦਾ ਚਾਨਣ ਮੈਂ ਹਾਂ। ਜਿਹੜਾ ਮੇਰੇ ਪਿੱਛੇ ਤੁਰਦਾ ਹੈ ਅਨ੍ਹੇਰੇ ਵਿੱਚ ਕਦੇ ਨਾ ਚੱਲੇਗਾ ਸਗੋਂ ਉਹ ਦੇ ਕੋਲ ਜੀਉਣ ਦਾ ਚਾਨਣ ਹੋਵੇਗਾ।” (ਯੂਹੰਨਾ 8:12) ਯਿਸੂ ਮਸੀਹ ਨੇ ਇਹ ਸ਼ਬਦ ਕਹੇ ਸਨ। ਪਹਿਲੀ ਸਦੀ ਦੇ ਇਕ ਪੜ੍ਹੇ-ਲਿਖੇ ਆਦਮੀ ਨੇ ਯਿਸੂ ਬਾਰੇ ਲਿਖਿਆ: ‘ਉਹ ਦੇ ਵਿੱਚ ਬੁੱਧ ਅਤੇ ਗਿਆਨ ਦੇ ਸਾਰੇ ਖ਼ਜ਼ਾਨੇ ਗੁਪਤ ਹਨ।’ (ਕੁਲੁੱਸੀਆਂ 2:3) ਇਸ ਤੋਂ ਇਲਾਵਾ ਬਾਈਬਲ ਕਹਿੰਦੀ ਹੈ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।” (ਯੂਹੰਨਾ 17:3) ਜੇ ਅਸੀਂ ਆਪਣੀ ਰੂਹਾਨੀ ਪਿਆਸ ਬੁਝਾਉਣੀ ਚਾਹੁੰਦੇ ਹਾਂ, ਤਾਂ ਯਿਸੂ ਬਾਰੇ ਗਿਆਨ ਲੈਣਾ ਅਤਿ ਜ਼ਰੂਰੀ ਹੈ।

ਦੁਨੀਆਂ ਭਰ ਵਿਚ ਅਨੇਕ ਲੋਕਾਂ ਨੇ ਯਿਸੂ ਬਾਰੇ ਸੁਣਿਆ ਹੈ। ਇਸ ਬਾਰੇ ਕੋਈ ਸ਼ੱਕ ਨਹੀਂ ਕਿ ਉਸ ਨੇ ਮਨੁੱਖਜਾਤੀ ਦੇ ਇਤਿਹਾਸ ਉੱਤੇ ਡੂੰਘਾ ਪ੍ਰਭਾਵ ਪਾਇਆ ਹੈ। ਮਿਸਾਲ ਲਈ, ਦੁਨੀਆਂ ਵਿਚ ਵਰਤੇ ਜਾਂਦੇ ਕਈ ਕਲੰਡਰ ਉਸ ਤਾਰੀਖ਼ ਤੇ ਆਧਾਰਿਤ ਹਨ ਜਿਸ ਨੂੰ ਉਸ ਦੀ ਜਨਮ-ਤਾਰੀਖ਼ ਮੰਨਿਆ ਗਿਆ ਹੈ। ਦ ਵਰਲਡ ਬੁੱਕ ਐਨਸਾਈਕਲੋਪੀਡੀਆ ਵਿਚ ਦੱਸਿਆ ਗਿਆ ਹੈ: ‘ਬਹੁਤ ਸਾਰੇ ਲੋਕ ਯਿਸੂ ਦੇ ਜਨਮ ਤੋਂ ਪਹਿਲਾਂ ਦੀਆਂ ਤਾਰੀਖ਼ਾਂ ਨੂੰ ਈ. ਪੂ. ਜਾਂ ਈਸਾ ਪੂਰਵ ਕਹਿੰਦੇ ਹਨ ਅਤੇ ਉਸ ਦੇ ਜਨਮ ਤੋਂ ਬਾਅਦ ਦੀਆਂ ਤਾਰੀਖ਼ਾਂ ਨੂੰ ਈ. ਜਾਂ ਈਸਵੀ ਕਿਹਾ ਜਾਂਦਾ ਹੈ ਜਿਸ ਦਾ ਅਰਥ ਹੈ ਸਾਡੇ ਪ੍ਰਭੂ ਦੇ ਸਾਲ ਵਿਚ।’

ਫਿਰ ਵੀ ਯਿਸੂ ਬਾਰੇ ਵੱਖੋ-ਵੱਖਰੇ ਵਿਚਾਰ ਸੁਣਨ ਨੂੰ ਮਿਲਦੇ ਹਨ ਕਿ ਉਹ ਅਸਲ ਵਿਚ ਕੌਣ ਸੀ। ਕਈਆਂ ਦੇ ਭਾਣੇ ਉਹ ਬਹੁਤ ਹੀ ਚੰਗਾ ਇਨਸਾਨ ਸੀ ਜਿਸ ਨੇ ਇਤਿਹਾਸ ਦੇ ਪੰਨਿਆਂ ਉੱਤੇ ਆਪਣੀ ਗਹਿਰੀ ਛਾਪ ਛੱਡੀ। ਪਰ ਕਈ ਉਸ ਨੂੰ ਸਰਬਸ਼ਕਤੀਮਾਨ ਪਰਮੇਸ਼ੁਰ ਮੰਨਦੇ ਹਨ ਤੇ ਉਸ ਨੂੰ ਪੂਜਦੇ ਹਨ। ਕੁਝ ਹਿੰਦੂਆਂ ਅਨੁਸਾਰ ਯਿਸੂ ਮਸੀਹ ਕ੍ਰਿਸ਼ਨ ਭਗਵਾਨ ਦੀ ਤਰ੍ਹਾਂ ਦੇਹਧਾਰੀ ਰੱਬ ਸੀ। ਤਾਂ ਫਿਰ, ਕੀ ਯਿਸੂ ਇਕ ਆਮ ਆਦਮੀ ਸੀ ਜਾਂ ਕੀ ਉਹ ਪੂਜਾ ਦੇ ਲਾਇਕ ਹਸਤੀ ਸੀ? ਉਹ ਅਸਲ ਵਿਚ ਕੌਣ ਸੀ? ਉਹ ਕਿੱਥੋਂ ਆਇਆ ਸੀ? ਉਸ ਦਾ ਸੁਭਾਅ ਕਿਹੋ ਜਿਹਾ ਸੀ? ਉਹ ਹੁਣ ਕਿੱਥੇ ਹੈ? ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਇਕ ਕਿਤਾਬ ਹੈ ਜੋ ਯਿਸੂ ਬਾਰੇ ਇਨ੍ਹਾਂ ਸਵਾਲਾਂ ਦੇ ਸਹੀ ਜਵਾਬ ਦਿੰਦੀ ਹੈ।