Skip to content

Skip to table of contents

ਕੀ ਆਪਣਾ ਧਰਮ ਬਦਲਣਾ ਗ਼ਲਤ ਹੈ?

ਕੀ ਆਪਣਾ ਧਰਮ ਬਦਲਣਾ ਗ਼ਲਤ ਹੈ?

ਬਾਈਬਲ ਕੀ ਕਹਿੰਦੀ ਹੈ

ਕੀ ਆਪਣਾ ਧਰਮ ਬਦਲਣਾ ਗ਼ਲਤ ਹੈ?

ਜਦ ਅਵਤਾਰ ਬਾਈਬਲ ਸਟੱਡੀ ਕਰਨ ਲੱਗੀ, ਤਾਂ ਉਸ ਦੇ ਸਿੱਖ ਪਰਿਵਾਰ ਨੂੰ ਚੰਗਾ ਨਹੀਂ ਲੱਗਾ। “ਮੇਰੇ ਦੇਸ਼ ਵਿਚ ਆਪਣਾ ਧਰਮ ਛੱਡਣਾ ਇੰਨੀ ਵੱਡੀ ਗੱਲ ਹੈ ਕਿ ਲੋਕ ਤੁਹਾਨੂੰ ਬੁਲਾਉਣੋਂ ਹਟ ਜਾਂਦੇ ਹਨ। ਸਾਡੇ ਨਾਂ ਵੀ ਸਾਡੇ ਧਰਮ ਨਾਲ ਜੁੜੇ ਹੁੰਦੇ ਹਨ। ਲੋਕ ਸੋਚਦੇ ਹਨ ਕਿ ਧਰਮ ਬਦਲਣ ਨਾਲ ਤੁਹਾਡੀ ਪਛਾਣ ਨਹੀਂ ਰਹਿੰਦੀ ਅਤੇ ਤੁਸੀਂ ਆਪਣੇ ਪਰਿਵਾਰ ਦਾ ਅਪਮਾਨ ਕਰ ਰਹੇ ਹੋ।”

ਆਖ਼ਰਕਾਰ ਅਵਤਾਰ ਯਹੋਵਾਹ ਦੀ ਗਵਾਹ ਬਣੀ। ਪਰ ਕੀ ਆਪਣਾ ਧਰਮ ਬਦਲ ਕੇ ਉਸ ਨੇ ਕੋਈ ਗ਼ਲਤੀ ਕੀਤੀ? ਹੋ ਸਕਦਾ ਕਿ ਤੁਸੀਂ ਵੀ ਉਸ ਦੇ ਪਰਿਵਾਰ ਵਾਂਗ ਸੋਚਦੇ ਹੋ। ਤੁਸੀਂ ਸ਼ਾਇਦ ਸੋਚੋ ਕਿ ਤੁਹਾਡਾ ਪਰਿਵਾਰ ਤਾਂ ਪੀੜ੍ਹੀਆਂ ਤੋਂ ਇਸ ਧਰਮ ਨੂੰ ਮੰਨਦਾ ਆਇਆ ਹੈ ਅਤੇ ਆਪਣੇ ਧਰਮ ਅਤੇ ਸਭਿਆਚਾਰ ਨੂੰ ਛੱਡਣਾ ਗ਼ਲਤ ਹੈ।

ਆਪਣੇ ਪਰਿਵਾਰ ਦੀ ਇੱਜ਼ਤ ਕਰਨੀ ਜ਼ਰੂਰੀ ਹੈ। ਬਾਈਬਲ ਕਹਿੰਦੀ ਹੈ: “ਆਪਣੇ ਪਿਉ ਦੀ ਗੱਲ ਸੁਣ ਜਿਸ ਤੋਂ ਤੂੰ ਜੰਮਿਆ ਹੈਂ।” (ਕਹਾਉਤਾਂ 23:22) ਪਰ ਇਸ ਤੋਂ ਵੀ ਜ਼ਰੂਰੀ ਹੈ ਕਿ ਅਸੀਂ ਰੱਬ ਬਾਰੇ ਸੱਚਾਈ ਜਾਣੀਏ ਅਤੇ ਉਸ ਦੇ ਮਕਸਦਾਂ ਦਾ ਪਤਾ ਕਰੀਏ। (ਯਸਾਯਾਹ 55:6) ਕੀ ਇਸ ਤਰ੍ਹਾਂ ਕਰਨਾ ਮੁਮਕਿਨ ਹੈ? ਜੇ ਹਾਂ, ਤਾਂ ਸੱਚਾਈ ਦੀ ਭਾਲ ਕਰਨੀ ਤੁਹਾਡੇ ਲਈ ਕਿੰਨੀ ਕੁ ਜ਼ਰੂਰੀ ਹੈ?

ਸੱਚਾਈ ਦੀ ਭਾਲ

ਦੁਨੀਆਂ ਦੇ ਧਰਮ ਵੱਖੋ-ਵੱਖਰੀਆਂ ਗੱਲਾਂ ਸਿਖਾਉਂਦੇ ਹਨ। ਇਹ ਸਾਰੀਆਂ ਗੱਲਾਂ ਸੱਚ ਨਹੀਂ ਹੋ ਸਕਦੀਆਂ। ਅਜਿਹੇ ਕਈ ਲੋਕ ਹਨ ਜਿਨ੍ਹਾਂ ਬਾਰੇ ਬਾਈਬਲ ਕਹਿੰਦੀ ਹੈ: “ਓਹਨਾਂ ਨੂੰ ਪਰਮੇਸ਼ੁਰ ਲਈ ਅਣਖ ਤਾਂ ਹੈ ਪਰ ਸਮਝ ਨਾਲ ਨਹੀਂ।” (ਰੋਮੀਆਂ 10:2) ਪਰ 1 ਤਿਮੋਥਿਉਸ 2:4 ਵਿਚ ਪੌਲੁਸ ਰਸੂਲ ਲਿਖਦਾ ਹੈ ਕਿ ਪਰਮੇਸ਼ੁਰ ਦੀ ਇਹੀ ਖ਼ਾਹਸ਼ ਹੈ ਕਿ “ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।” ਪਰ ਅਜਿਹਾ ਸਹੀ ਗਿਆਨ ਕਿੱਦਾਂ ਮਿਲ ਸਕਦਾ ਹੈ?

ਬਾਈਬਲ ਨੂੰ ਪਰਖਣ ਦੇ ਕੁਝ ਕਾਰਨਾਂ ਵੱਲ ਧਿਆਨ ਦਿਓ। ਪਰਮੇਸ਼ੁਰ ਨੇ ਪੌਲੁਸ ਰਸੂਲ ਰਾਹੀਂ ਲਿਖਵਾਇਆ ਕਿ ਬਾਈਬਲ ਦੀ ‘ਸਾਰੀ ਲਿਖਤ ਪਰਮੇਸ਼ੁਰ ਤੋਂ ਹੈ ਅਤੇ ਸਿੱਖਿਆ ਲਈ ਗੁਣਕਾਰ ਹੈ।’ (2 ਤਿਮੋਥਿਉਸ 3:16) ਸੱਚਾਈ ਦੀ ਤਲਾਸ਼ ਕਰਦੇ ਹੋਏ ਸਬੂਤ ਵੱਲ ਧਿਆਨ ਦਿਓ ਕਿ ਕੀ ਬਾਈਬਲ ਦੀ ਇਹ ਗੱਲ ਸੱਚ ਹੈ ਕਿ ਨਹੀਂ। ਖ਼ੁਦ ਜਾਂਚ ਕਰ ਕੇ ਦੇਖੋ ਕਿ ਕੀ ਬਾਈਬਲ ਦੀ ਬੁੱਧ, ਉਸ ਦੀਆਂ ਇਤਿਹਾਸਕ ਗੱਲਾਂ ਅਤੇ ਉਸ ਦੀਆਂ ਭਵਿੱਖਬਾਣੀਆਂ ਸਹੀ ਹਨ ਕਿ ਨਹੀਂ।

ਇਹ ਕਹਿਣ ਦੀ ਬਜਾਇ ਕਿ ਸਾਰੇ ਧਰਮ ਰੱਬ ਨੂੰ ਮਨਜ਼ੂਰ ਹਨ, ਬਾਈਬਲ ਦੱਸਦੀ ਹੈ ਕਿ ਲੋਕਾਂ ਨੂੰ ਸਾਰੀਆਂ ਗੱਲਾਂ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਪਰ ‘ਪਰਖਣਾ ਚਾਹੀਦਾ ਭਈ ਓਹ ਪਰਮੇਸ਼ੁਰ ਤੋਂ ਹਨ ਕਿ ਨਹੀਂ।’ (1 ਯੂਹੰਨਾ 4:1) ਮਿਸਾਲ ਲਈ, ਜੇ ਕੋਈ ਸਿੱਖਿਆ ਸੱਚ-ਮੁੱਚ ਪਰਮੇਸ਼ੁਰ ਤੋਂ ਹੈ, ਤਾਂ ਉਸ ਤੋਂ ਉਸ ਦੇ ਗੁਣ ਜ਼ਾਹਰ ਹੋਣੇ ਚਾਹੀਦੇ ਹਨ, ਖ਼ਾਸਕਰ ਪਿਆਰ ਦਾ ਗੁਣ।—1 ਯੂਹੰਨਾ 4:8.

ਬਾਈਬਲ ਸਾਨੂੰ ਭਰੋਸਾ ਦਿਵਾਉਂਦੀ ਹੈ ਕਿ ਰੱਬ ਚਾਹੁੰਦਾ ਹੈ ਕਿ ਅਸੀਂ ‘ਉਸ ਨੂੰ ਲੱਭ ਲਈਏ।’ (ਰਸੂਲਾਂ ਦੇ ਕਰਤੱਬ 17:26, 27) ਪਰਮੇਸ਼ੁਰ ਇਹ ਵੀ ਚਾਹੁੰਦਾ ਹੈ ਕਿ ਅਸੀਂ ਸੱਚਾਈ ਲੱਭ ਲਈਏ। ਸੋ ਜਦ ਸਾਨੂੰ ਸਬੂਤ ਮਿਲਦਾ ਹੈ ਕਿ ਅਸੀਂ ਸੱਚਾਈ ਲੱਭ ਲਈ ਹੈ, ਤਾਂ ਸਾਨੂੰ ਉਸ ਨੂੰ ਮੰਨ ਲੈਣਾ ਚਾਹੀਦਾ ਹੈ, ਇੱਥੋਂ ਤਕ ਕਿ ਸਾਨੂੰ ਆਪਣਾ ਧਰਮ ਬਦਲਣ ਲਈ ਵੀ ਤਿਆਰ ਹੋ ਜਾਣਾ ਚਾਹੀਦਾ ਹੈ। ਪਰ ਉਨ੍ਹਾਂ ਮੁਸ਼ਕਲਾਂ ਬਾਰੇ ਕੀ ਜੋ ਇਸ ਤਰ੍ਹਾਂ ਕਰਨ ਨਾਲ ਆ ਸਕਦੀਆਂ ਹਨ?

ਸੰਤੁਲਨ ਰੱਖੋ

ਜਦ ਲੋਕ ਆਪਣਾ ਧਰਮ ਬਦਲਦੇ ਹਨ, ਤਾਂ ਉਹ ਸ਼ਾਇਦ ਫ਼ੈਸਲਾ ਕਰਨ ਕਿ ਉਹ ਹੁਣ ਕੁਝ ਰੀਤਾਂ-ਰਿਵਾਜਾਂ ਜਾਂ ਤਿਉਹਾਰਾਂ ਵਿਚ ਹਿੱਸਾ ਨਹੀਂ ਲੈਣਗੇ। ਇਸ ਕਰਕੇ ਘਰ ਵਿਚ ਫੁੱਟ ਪੈ ਸਕਦੀ ਹੈ। ਯਿਸੂ ਨੇ ਇਸ ਗੱਲ ਨੂੰ ਕਬੂਲ ਕੀਤਾ ਸੀ ਜਦ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਮੈਂ ਮਨੁੱਖ ਨੂੰ ਉਹ ਦੇ ਪਿਓ ਤੋਂ ਅਤੇ ਧੀ ਨੂੰ ਉਹ ਦੀ ਮਾਂ ਤੋਂ ਅਤੇ ਨੂੰਹ ਨੂੰ ਉਹ ਦੀ ਸੱਸ ਤੋਂ ਅੱਡ ਕਰਨ ਆਇਆ ਹਾਂ।” (ਮੱਤੀ 10:35) ਕੀ ਯਿਸੂ ਦਾ ਇਹ ਮਤਲਬ ਸੀ ਕਿ ਬਾਈਬਲ ਦੀਆਂ ਸਿੱਖਿਆਵਾਂ ਕਾਰਨ ਘਰਾਂ ਵਿਚ ਕਲੇਸ਼ ਪਵੇਗਾ? ਨਹੀਂ, ਉਹ ਸਿਰਫ਼ ਇਹ ਸਮਝਾਉਣਾ ਚਾਹੁੰਦਾ ਸੀ ਕਿ ਪਰਿਵਾਰ ਦੇ ਮੈਂਬਰ ਗੁੱਸੇ ਵਿਚ ਆ ਕੇ ਕੀ ਕਰਨਗੇ ਜਦ ਉਨ੍ਹਾਂ ਵਿੱਚੋਂ ਇਕ ਜਣਾ ਆਪਣਾ ਧਰਮ ਬਦਲ ਲੈਂਦਾ ਹੈ।

ਕੀ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਘਰ ਦੀ ਸ਼ਾਂਤੀ ਬਣਾਈ ਰੱਖਣ ਲਈ ਅਜਿਹਾ ਕੁਝ ਨਹੀਂ ਕਰਾਂਗੇ ਜਿਸ ਕਰਕੇ ਕਲੇਸ਼ ਹੋ ਸਕਦਾ ਹੈ? ਇਹ ਸੱਚ ਹੈ ਕਿ ਬਾਈਬਲ ਮੁਤਾਬਕ ਬੱਚਿਆਂ ਨੂੰ ਆਪਣੇ ਮਾਪਿਆਂ ਦਾ ਕਹਿਣਾ ਮੰਨਣਾ ਚਾਹੀਦਾ ਹੈ ਅਤੇ ਪਤਨੀਆਂ ਨੂੰ ਆਪਣੇ ਪਤੀਆਂ ਦੇ ਅਧੀਨ ਰਹਿਣਾ ਚਾਹੀਦਾ ਹੈ। (ਅਫ਼ਸੀਆਂ 5:22; 6:1) ਪਰ ਬਾਈਬਲ ਇਹ ਵੀ ਕਹਿੰਦੀ ਹੈ ਕਿ ਪਰਮੇਸ਼ੁਰ ਨਾਲ ਪਿਆਰ ਕਰਨ ਵਾਲਿਆਂ ਲਈ “ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜ਼ਰੂਰੀ ਹੈ।” (ਰਸੂਲਾਂ ਦੇ ਕਰਤੱਬ 5:29) ਸੋ ਹੋ ਸਕਦਾ ਹੈ ਕਿ ਪਰਮੇਸ਼ੁਰ ਦੇ ਵਫ਼ਾਦਾਰ ਰਹਿਣ ਲਈ ਤੁਹਾਨੂੰ ਅਜਿਹਾ ਫ਼ੈਸਲਾ ਕਰਨਾ ਪਵੇ ਜੋ ਤੁਹਾਡੇ ਘਰ ਦਿਆਂ ਨੂੰ ਪਸੰਦ ਨਾ ਆਵੇ।

ਭਾਵੇਂ ਬਾਈਬਲ ਦੱਸਦੀ ਹੈ ਕਿ ਸੱਚਾਈ ਅਤੇ ਝੂਠ ਵਿਚ ਵੱਡਾ ਫ਼ਰਕ ਹੈ, ਪਰ ਪਰਮੇਸ਼ੁਰ ਸਾਨੂੰ ਸਾਰਿਆਂ ਨੂੰ ਖ਼ੁਦ ਫ਼ੈਸਲਾ ਕਰਨ ਦਾ ਮੌਕਾ ਦਿੰਦਾ ਹੈ ਕਿ ਅਸੀਂ ਕੀ ਕਰਾਂਗੇ। (ਬਿਵਸਥਾ ਸਾਰ 30:19, 20) ਕਿਸੇ ਨੂੰ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ ਕਿ ਉਹ ਅਜਿਹੀ ਭਗਤੀ ਕਰੇ ਜਿਸ ਨਾਲ ਉਹ ਸਹਿਮਤ ਨਹੀਂ ਹੈ ਅਤੇ ਨਾ ਹੀ ਉਸ ਉੱਤੇ ਜ਼ੋਰ ਪਾਉਣਾ ਚਾਹੀਦਾ ਹੈ ਕਿ ਉਹ ਆਪਣੇ ਵਿਸ਼ਵਾਸਾਂ ਜਾਂ ਪਰਿਵਾਰ, ਇਕ ਦੀ ਚੋਣ ਕਰੇ। ਕੀ ਬਾਈਬਲ ਦੀ ਸਟੱਡੀ ਕਰਨ ਨਾਲ ਪਰਿਵਾਰ ਟੁੱਟਦੇ ਹਨ? ਨਹੀਂ। ਭਾਵੇਂ ਪਤੀ-ਪਤਨੀ ਵੱਖਰੇ ਧਰਮ ਦੇ ਕਿਉਂ ਨਾ ਹੋਣ, ਫਿਰ ਵੀ ਬਾਈਬਲ ਉਨ੍ਹਾਂ ਨੂੰ ਇਕੱਠੇ ਰਹਿਣ ਦੀ ਹੱਲਾਸ਼ੇਰੀ ਦਿੰਦੀ ਹੈ।—1 ਕੁਰਿੰਥੀਆਂ 7:12, 13.

ਆਪਣੇ ਡਰ ’ਤੇ ਕਾਬੂ ਪਾਉਣਾ

ਤੁਹਾਨੂੰ ਸ਼ਾਇਦ ਫ਼ਿਕਰ ਹੋਵੇ ਕਿ ਜੇ ਤੁਸੀਂ ਯਹੋਵਾਹ ਦੇ ਗਵਾਹਾਂ ਨਾਲ ਸਟੱਡੀ ਕਰਨ ਲੱਗੋ, ਤਾਂ ਲੋਕ ਕੀ ਸੋਚਣਗੇ। ਮਾਰਿਅਮਾ ਦੱਸਦੀ ਹੈ: “ਮੇਰੇ ਘਰ ਵਾਲਿਆਂ ਨੂੰ ਇਹ ਫ਼ਿਕਰ ਸੀ ਕਿ ਮੈਨੂੰ ਇਕ ਚੰਗਾ ਪਤੀ ਨਹੀਂ ਮਿਲੇਗਾ ਜੋ ਮੇਰੀ ਦੇਖ-ਭਾਲ ਕਰੇਗਾ। ਸੋ ਜਦ ਮੈਂ ਬਾਈਬਲ ਸਟੱਡੀ ਸ਼ੁਰੂ ਕੀਤੀ ਉਨ੍ਹਾਂ ਨੇ ਮੇਰਾ ਬਹੁਤ ਵਿਰੋਧ ਕੀਤਾ।” ਪਰ ਮਾਰਿਅਮਾ ਨੇ ਯਹੋਵਾਹ ਪਰਮੇਸ਼ੁਰ ’ਤੇ ਭਰੋਸਾ ਰੱਖਿਆ ਅਤੇ ਉਹ ਸਟੱਡੀ ਕਰਨ ਤੋਂ ਨਾ ਹਟੀ। (ਜ਼ਬੂਰਾਂ ਦੀ ਪੋਥੀ 37:3, 4) ਤੁਸੀਂ ਵੀ ਇਸ ਤਰ੍ਹਾਂ ਕਰ ਸਕਦਾ ਹੋ। ਡਰਨ ਦੀ ਬਜਾਇ ਇਸ ਤਰ੍ਹਾਂ ਕਰਨ ਦੇ ਫ਼ਾਇਦਿਆਂ ਬਾਰੇ ਸੋਚੋ। ਬਾਈਬਲ ਜ਼ਿੰਦਗੀਆਂ ਸੁਧਾਰਦੀ ਹੈ ਅਤੇ ਲੋਕਾਂ ਦਾ ਸੁਭਾਅ ਬਦਲਦੀ ਹੈ। ਲੋਕ ਆਪਣੇ ਪਰਿਵਾਰਾਂ ਨਾਲ ਪਿਆਰ ਕਰਨਾ ਸਿੱਖਦੇ ਹਨ। ਉਹ ਗਾਲਾਂ ਕੱਢਣ, ਮਾਰ-ਕੁਟਾਈ ਕਰਨ, ਸ਼ਰਾਬੀ ਹੋਣ ਅਤੇ ਡ੍ਰੱਗਜ਼ ਲੈਣ ਵਰਗੀਆਂ ਮਾੜੀਆਂ ਆਦਤਾਂ ’ਤੇ ਵੀ ਕਾਬੂ ਪਾ ਸਕਦੇ ਹਨ। (2 ਕੁਰਿੰਥੀਆਂ 7:1) ਅਸੀਂ ਬਾਈਬਲ ਤੋਂ ਸਿੱਖਦੇ ਹਾਂ ਕਿ ਸਾਨੂੰ ਈਮਾਨਦਾਰ ਹੋਣਾ ਚਾਹੀਦਾ ਹੈ, ਸੱਚ ਬੋਲਣਾ ਚਾਹੀਦਾ ਹੈ ਅਤੇ ਆਪਣੇ ਹੱਥਾਂ ਨਾਲ ਮਿਹਨਤ ਕਰਨੀ ਚਾਹੀਦੀ ਹੈ। (ਕਹਾਉਤਾਂ 31:10-31; ਅਫ਼ਸੀਆਂ 4:24, 28) ਕਿਉਂ ਨਾ ਤੁਸੀਂ ਵੀ ਬਾਈਬਲ ਦੀ ਸਟੱਡੀ ਕਰੋ ਅਤੇ ਖ਼ੁਦ ਦੇਖੋ ਕਿ ਉਸ ਦੀਆਂ ਸਿੱਖਿਆਵਾਂ ਉੱਤੇ ਚੱਲਣ ਦੇ ਕੀ ਫ਼ਾਇਦੇ ਹਨ? (g09 07)

ਕੀ ਤੁਸੀਂ ਕਦੇ ਸੋਚਿਆ ਹੈ?

◼ ਤੁਹਾਨੂੰ ਆਪਣੇ ਵਿਸ਼ਵਾਸਾਂ ਦੀ ਜਾਂਚ ਕਿਉਂ ਕਰਨੀ ਚਾਹੀਦੀ ਹੈ?—ਕਹਾਉਤਾਂ 23:23; 1 ਤਿਮੋਥਿਉਸ 2:3, 4.

◼ ਤੁਸੀਂ ਸੱਚਾਈ ਨੂੰ ਕਿਵੇਂ ਪਛਾਣ ਸਕਦੇ ਹੋ?—2 ਤਿਮੋਥਿਉਸ 3:16; 1 ਯੂਹੰਨਾ 4:1.

◼ ਕੀ ਘਰ ਵਾਲਿਆਂ ਦੀ ਵਿਰੋਧਤਾ ਕਾਰਨ ਤੁਹਾਨੂੰ ਬਾਈਬਲ ਦੀ ਸਟੱਡੀ ਕਰਨ ਤੋਂ ਹਟਣਾ ਚਾਹੀਦਾ ਹੈ?—ਰਸੂਲਾਂ ਦੇ ਕਰਤੱਬ 5:29.

[ਸਫ਼ਾ 31 ਉੱਤੇ ਸੁਰਖੀ]

ਬਾਈਬਲ ਜ਼ਿੰਦਗੀਆਂ ਸੁਧਾਰਦੀ ਹੈ ਅਤੇ ਲੋਕਾਂ ਦਾ ਸੁਭਾਅ ਬਦਲਦੀ ਹੈ

[ਸਫ਼ਾ 31 ਉੱਤੇ ਤਸਵੀਰ]

ਮਰਿਅਮਾ ਅਤੇ ਉਸ ਦਾ ਪਤੀ