ਬਿਵਸਥਾ ਸਾਰ 30:1-20

  • ਯਹੋਵਾਹ ਵੱਲ ਵਾਪਸ ਆਉਣਾ (1-10)

  • ਯਹੋਵਾਹ ਦੇ ਹੁਕਮ ਇੰਨੇ ਔਖੇ ਨਹੀਂ ਹਨ (11-14)

  • ਜ਼ਿੰਦਗੀ ਜਾਂ ਮੌਤ ਨੂੰ ਚੁਣਨਾ (15-20)

30  “ਇਹ ਸਾਰੀਆਂ ਗੱਲਾਂ ਯਾਨੀ ਬਰਕਤ ਤੇ ਸਰਾਪ ਤੁਹਾਡੇ ਉੱਤੇ ਆ ਪੈਣਗੇ ਜੋ ਮੈਂ ਤੁਹਾਡੇ ਸਾਮ੍ਹਣੇ ਰੱਖੇ ਹਨ।+ ਫਿਰ ਜਦ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਸਾਰੀਆਂ ਕੌਮਾਂ ਵਿਚ ਖਿੰਡਾ ਦੇਵੇਗਾ,+ ਤਾਂ ਉੱਥੇ ਤੁਹਾਨੂੰ ਇਹ ਸਾਰੀਆਂ ਗੱਲਾਂ ਚੇਤੇ ਆਉਣਗੀਆਂ*+  ਅਤੇ ਤੁਸੀਂ ਅਤੇ ਤੁਹਾਡੇ ਪੁੱਤਰ ਆਪਣੇ ਪੂਰੇ ਦਿਲ ਅਤੇ ਆਪਣੀ ਪੂਰੀ ਜਾਨ ਨਾਲ ਆਪਣੇ ਪਰਮੇਸ਼ੁਰ ਯਹੋਵਾਹ ਵੱਲ ਵਾਪਸ ਆਉਣਗੇ+ ਅਤੇ ਤੁਸੀਂ ਉਸ ਦੀ ਗੱਲ ਸੁਣੋਗੇ ਜਿਸ ਦਾ ਮੈਂ ਅੱਜ ਤੁਹਾਨੂੰ ਹੁਕਮ ਦੇ ਰਿਹਾ ਹਾਂ।+  ਫਿਰ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਗ਼ੁਲਾਮੀ ਵਿੱਚੋਂ ਵਾਪਸ ਲੈ ਆਵੇਗਾ+ ਅਤੇ ਤੁਹਾਡੇ ’ਤੇ ਤਰਸ ਖਾਵੇਗਾ+ ਅਤੇ ਤੁਹਾਨੂੰ ਉਨ੍ਹਾਂ ਕੌਮਾਂ ਵਿੱਚੋਂ ਇਕੱਠਾ ਕਰੇਗਾ ਜਿਨ੍ਹਾਂ ਕੌਮਾਂ ਵਿਚ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਖਿੰਡਾ ਦਿੱਤਾ ਸੀ।+  ਚਾਹੇ ਤੁਸੀਂ ਧਰਤੀ ਦੇ ਦੂਜੇ ਸਿਰੇ ਤਕ ਕਿਉਂ ਨਾ ਖਿੰਡੇ ਹੋਵੋ, ਤਾਂ ਵੀ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਉੱਥੋਂ ਇਕੱਠਾ ਕਰ ਕੇ ਵਾਪਸ ਲੈ ਆਵੇਗਾ।+  ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਉਸ ਦੇਸ਼ ਵਿਚ ਲੈ ਜਾਵੇਗਾ ਜਿਸ ’ਤੇ ਤੁਹਾਡੇ ਪਿਉ-ਦਾਦਿਆਂ ਨੇ ਕਬਜ਼ਾ ਕੀਤਾ ਸੀ ਅਤੇ ਤੁਸੀਂ ਵੀ ਉਸ ਦੇਸ਼ ’ਤੇ ਕਬਜ਼ਾ ਕਰੋਗੇ ਅਤੇ ਉਹ ਤੁਹਾਨੂੰ ਖ਼ੁਸ਼ਹਾਲ ਬਣਾਏਗਾ ਅਤੇ ਤੁਹਾਡੇ ਪਿਉ-ਦਾਦਿਆਂ ਨਾਲੋਂ ਤੁਹਾਡੀ ਗਿਣਤੀ ਵਧਾਏਗਾ।+  ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਅਤੇ ਤੁਹਾਡੀ ਔਲਾਦ ਦੇ ਦਿਲਾਂ ਨੂੰ ਸ਼ੁੱਧ* ਕਰੇਗਾ+ ਤਾਂਕਿ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਆਪਣੇ ਪੂਰੇ ਦਿਲ ਅਤੇ ਆਪਣੀ ਪੂਰੀ ਜਾਨ ਨਾਲ ਪਿਆਰ ਕਰੋ ਅਤੇ ਜੀਉਂਦੇ ਰਹੋ।+  ਫਿਰ ਤੁਹਾਡਾ ਪਰਮੇਸ਼ੁਰ ਯਹੋਵਾਹ ਇਹ ਸਾਰੇ ਸਰਾਪ ਤੁਹਾਡੇ ਦੁਸ਼ਮਣਾਂ ’ਤੇ ਲਿਆਵੇਗਾ ਜਿਨ੍ਹਾਂ ਨੇ ਤੁਹਾਡੇ ਨਾਲ ਨਫ਼ਰਤ ਕੀਤੀ ਅਤੇ ਤੁਹਾਡੇ ’ਤੇ ਅਤਿਆਚਾਰ ਕੀਤੇ।+  “ਫਿਰ ਤੁਸੀਂ ਯਹੋਵਾਹ ਵੱਲ ਮੁੜੋਗੇ ਅਤੇ ਉਸ ਦੀ ਗੱਲ ਸੁਣੋਗੇ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰੋਗੇ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦੇ ਰਿਹਾ ਹਾਂ।  ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਸਾਰੇ ਕੰਮਾਂ ’ਤੇ ਬਰਕਤ ਪਾ ਕੇ ਤੁਹਾਨੂੰ ਬਹੁਤ ਖ਼ੁਸ਼ਹਾਲ ਬਣਾਏਗਾ,+ ਤੁਹਾਨੂੰ ਬਹੁਤ ਸਾਰੇ ਬੱਚਿਆਂ ਦੀ ਦਾਤ ਬਖ਼ਸ਼ੇਗਾ ਅਤੇ ਤੁਹਾਡੇ ਪਾਲਤੂ ਪਸ਼ੂ ਅਤੇ ਤੁਹਾਡੀ ਜ਼ਮੀਨ ਦੀ ਪੈਦਾਵਾਰ ਵਧਾਏਗਾ। ਤੁਹਾਨੂੰ ਖ਼ੁਸ਼ਹਾਲ ਬਣਾਉਣ ਵਿਚ ਯਹੋਵਾਹ ਨੂੰ ਖ਼ੁਸ਼ੀ ਹੋਵੇਗੀ, ਜਿਵੇਂ ਉਸ ਨੂੰ ਤੁਹਾਡੇ ਪਿਉ-ਦਾਦਿਆਂ ਨੂੰ ਖ਼ੁਸ਼ਹਾਲ ਬਣਾਉਣ ਵਿਚ ਖ਼ੁਸ਼ੀ ਹੋਈ ਸੀ+ 10  ਕਿਉਂਕਿ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਗੱਲ ਸੁਣੋਗੇ ਅਤੇ ਇਸ ਕਾਨੂੰਨ ਦੀ ਕਿਤਾਬ ਵਿਚ ਲਿਖੇ ਉਸ ਦੇ ਹੁਕਮਾਂ ਤੇ ਨਿਯਮਾਂ ਦੀ ਪਾਲਣਾ ਕਰੋਗੇ ਅਤੇ ਆਪਣੇ ਪੂਰੇ ਦਿਲ ਅਤੇ ਆਪਣੀ ਪੂਰੀ ਜਾਨ ਨਾਲ ਆਪਣੇ ਪਰਮੇਸ਼ੁਰ ਯਹੋਵਾਹ ਵੱਲ ਵਾਪਸ ਆਓਗੇ।+ 11  “ਇਹ ਹੁਕਮ ਜੋ ਮੈਂ ਅੱਜ ਤੁਹਾਨੂੰ ਦੇ ਰਿਹਾ ਹਾਂ, ਤੁਹਾਡੇ ਲਈ ਮੰਨਣੇ ਇੰਨੇ ਔਖੇ ਨਹੀਂ ਹਨ ਅਤੇ ਨਾ ਹੀ ਤੁਹਾਡੀ ਪਹੁੰਚ ਤੋਂ ਬਾਹਰ ਹਨ।*+ 12  ਇਹ ਹੁਕਮ ਆਕਾਸ਼ ਉੱਤੇ ਤਾਂ ਹੈ ਨਹੀਂ ਕਿ ਤੁਸੀਂ ਕਹੋ, ‘ਕੌਣ ਆਕਾਸ਼ ਉੱਪਰ ਜਾ ਕੇ ਸਾਡੇ ਲਈ ਇਹ ਹੁਕਮ ਲਿਆਵੇਗਾ ਤਾਂਕਿ ਅਸੀਂ ਇਨ੍ਹਾਂ ਨੂੰ ਸੁਣੀਏ ਤੇ ਇਨ੍ਹਾਂ ਮੁਤਾਬਕ ਚੱਲੀਏ?’+ 13  ਅਤੇ ਨਾ ਹੀ ਇਹ ਹੁਕਮ ਸਮੁੰਦਰ ਪਾਰ ਹਨ ਕਿ ਤੁਸੀਂ ਕਹੋ, ‘ਕੌਣ ਸਮੁੰਦਰ ਪਾਰ ਜਾ ਕੇ ਸਾਡੇ ਲਈ ਇਹ ਹੁਕਮ ਲਿਆਵੇਗਾ ਤਾਂਕਿ ਅਸੀਂ ਇਨ੍ਹਾਂ ਨੂੰ ਸੁਣੀਏ ਤੇ ਇਨ੍ਹਾਂ ਮੁਤਾਬਕ ਚੱਲੀਏ?’ 14  ਇਹ ਬਚਨ ਤਾਂ ਤੁਹਾਡੇ ਬਹੁਤ ਨੇੜੇ ਹੈ, ਤੁਹਾਡੇ ਮੂੰਹ ਅਤੇ ਤੁਹਾਡੇ ਦਿਲ ਵਿਚ ਹੈ+ ਤਾਂਕਿ ਤੁਸੀਂ ਇਸ ਦੀ ਪਾਲਣਾ ਕਰ ਸਕੋ।+ 15  “ਦੇਖੋ, ਅੱਜ ਮੈਂ ਤੁਹਾਡੇ ਸਾਮ੍ਹਣੇ ਜ਼ਿੰਦਗੀ ਤੇ ਖ਼ੁਸ਼ਹਾਲੀ ਅਤੇ ਮੌਤ ਤੇ ਬਰਬਾਦੀ ਨੂੰ ਰੱਖ ਰਿਹਾ ਹਾਂ।+ 16  ਜੇ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਪਿਆਰ ਕਰ ਕੇ,+ ਉਸ ਦੇ ਰਾਹਾਂ ’ਤੇ ਚੱਲ ਕੇ ਅਤੇ ਉਸ ਦੇ ਹੁਕਮਾਂ, ਨਿਯਮਾਂ ਤੇ ਕਾਨੂੰਨਾਂ ਮੁਤਾਬਕ ਚੱਲ ਕੇ ਆਪਣੇ ਪਰਮੇਸ਼ੁਰ ਯਹੋਵਾਹ ਦੇ ਹੁਕਮ ਸੁਣਦੇ ਹੋ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦੇ ਰਿਹਾ ਹਾਂ, ਤਾਂ ਤੁਸੀਂ ਜੀਉਂਦੇ ਰਹੋਗੇ+ ਅਤੇ ਤੁਹਾਡੀ ਗਿਣਤੀ ਵਧੇਗੀ ਅਤੇ ਫਿਰ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਤੁਹਾਡੇ ਦੇਸ਼ ਵਿਚ ਬਰਕਤਾਂ ਦੇਵੇਗਾ ਜਿਸ ਦੇਸ਼ ’ਤੇ ਤੁਸੀਂ ਕਬਜ਼ਾ ਕਰਨ ਜਾ ਰਹੇ ਹੋ।+ 17  “ਪਰ ਜੇ ਤੁਹਾਡਾ ਦਿਲ ਪਰਮੇਸ਼ੁਰ ਤੋਂ ਦੂਰ ਹੋ ਜਾਂਦਾ ਹੈ+ ਅਤੇ ਤੁਸੀਂ ਉਸ ਦੀ ਗੱਲ ਨਹੀਂ ਸੁਣਦੇ ਅਤੇ ਦੂਜੇ ਦੇਵਤਿਆਂ ਅੱਗੇ ਮੱਥਾ ਟੇਕਣ ਅਤੇ ਉਨ੍ਹਾਂ ਦੀ ਭਗਤੀ ਕਰਨ ਲਈ ਭਰਮਾਏ ਜਾਂਦੇ ਹੋ,+ 18  ਤਾਂ ਮੈਂ ਅੱਜ ਤੁਹਾਨੂੰ ਦੱਸਦਾ ਹਾਂ ਕਿ ਤੁਸੀਂ ਜ਼ਰੂਰ ਨਾਸ਼ ਹੋ ਜਾਵੋਗੇ।+ ਤੁਸੀਂ ਯਰਦਨ ਦਰਿਆ ਪਾਰ ਜਿਸ ਦੇਸ਼ ’ਤੇ ਕਬਜ਼ਾ ਕਰਨ ਜਾ ਰਹੇ ਹੋ, ਉੱਥੇ ਤੁਸੀਂ ਲੰਬੀ ਜ਼ਿੰਦਗੀ ਨਹੀਂ ਜੀ ਸਕੋਗੇ। 19  ਮੈਂ ਅੱਜ ਆਕਾਸ਼ ਅਤੇ ਧਰਤੀ ਨੂੰ ਤੁਹਾਡੇ ਖ਼ਿਲਾਫ਼ ਗਵਾਹ ਬਣਾਉਂਦਾ ਹਾਂ ਕਿ ਮੈਂ ਤੁਹਾਡੇ ਸਾਮ੍ਹਣੇ ਜ਼ਿੰਦਗੀ ਅਤੇ ਮੌਤ, ਬਰਕਤ ਅਤੇ ਸਰਾਪ ਰੱਖਦਾ ਹਾਂ।+ ਤੁਸੀਂ ਜ਼ਿੰਦਗੀ ਨੂੰ ਚੁਣੋ ਤਾਂਕਿ ਤੁਸੀਂ ਅਤੇ ਤੁਹਾਡੀ ਔਲਾਦ ਜੀਉਂਦੀ ਰਹੇ।+ 20  ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਪਿਆਰ ਕਰ ਕੇ,+ ਉਸ ਦੀ ਗੱਲ ਸੁਣ ਕੇ ਅਤੇ ਉਸ ਨਾਲ ਚਿੰਬੜੇ ਰਹਿ ਕੇ+ ਜ਼ਿੰਦਗੀ ਨੂੰ ਚੁਣੋ ਕਿਉਂਕਿ ਉਹੀ ਤੁਹਾਡੀ ਜ਼ਿੰਦਗੀ ਹੈ ਅਤੇ ਉਸੇ ਸਦਕਾ ਤੁਸੀਂ ਉਸ ਦੇਸ਼ ਵਿਚ ਲੰਬੇ ਸਮੇਂ ਤਕ ਰਹਿ ਸਕੋਗੇ ਜੋ ਦੇਸ਼ ਯਹੋਵਾਹ ਨੇ ਤੁਹਾਡੇ ਪਿਉ-ਦਾਦਿਆਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨੂੰ ਦੇਣ ਦੀ ਸਹੁੰ ਖਾਧੀ ਸੀ।”+

ਫੁਟਨੋਟ

ਇਬ, “ਤੁਸੀਂ ਮਨ ਵਿਚ ਯਾਦ ਕਰੋਗੇ।”
ਇਬ, “ਦੀ ਸੁੰਨਤ।”
ਇਬ, “ਤੁਹਾਡੇ ਤੋਂ ਦੂਰ ਹਨ।”