Skip to content

Skip to table of contents

ਯਹੋਵਾਹ ਵੱਲੋਂ ਦਿੱਤੇ ਆਜ਼ਾਦ ਮਰਜ਼ੀ ਦੇ ਤੋਹਫ਼ੇ ਦੀ ਕਦਰ ਕਰੋ

ਯਹੋਵਾਹ ਵੱਲੋਂ ਦਿੱਤੇ ਆਜ਼ਾਦ ਮਰਜ਼ੀ ਦੇ ਤੋਹਫ਼ੇ ਦੀ ਕਦਰ ਕਰੋ

“ਜਿਸ ਇਨਸਾਨ ਕੋਲ ਯਹੋਵਾਹ ਦੀ ਪਵਿੱਤਰ ਸ਼ਕਤੀ ਹੁੰਦੀ ਹੈ, ਉਹ ਆਜ਼ਾਦ ਹੁੰਦਾ ਹੈ।”2 ਕੁਰਿੰ. 3:17.

ਗੀਤ: 40, 54

1, 2. (ੳ) ਆਜ਼ਾਦ ਮਰਜ਼ੀ ਬਾਰੇ ਲੋਕਾਂ ਦੀ ਕਿਹੜੀ ਵੱਖੋ-ਵੱਖਰੀ ਰਾਇ ਹੈ? (ਅ) ਬਾਈਬਲ ਸਾਨੂੰ ਆਜ਼ਾਦ ਮਰਜ਼ੀ ਬਾਰੇ ਕੀ ਦੱਸਦੀ ਹੈ ਅਤੇ ਅਸੀਂ ਕਿਨ੍ਹਾਂ ਸਵਾਲਾਂ ’ਤੇ ਗੌਰ ਕਰਾਂਗੇ?

ਜਦੋਂ ਇਕ ਔਰਤ ਨੇ ਕੋਈ ਫ਼ੈਸਲਾ ਕਰਨਾ ਸੀ, ਤਾਂ ਉਸ ਨੇ ਆਪਣੇ ਇਕ ਦੋਸਤ ਨੂੰ ਕਿਹਾ: “ਮੈਂ ਆਪਣੇ ਦਿਮਾਗ਼ ’ਤੇ ਜ਼ਿਆਦਾ ਜ਼ੋਰ ਨਹੀਂ ਪਾਉਣਾ, ਬੱਸ ਤੂੰ ਮੈਨੂੰ ਦੱਸ ਕਿ ਮੈਂ ਕੀ ਕਰਾਂ।” ਸ੍ਰਿਸ਼ਟੀਕਰਤਾ ਨੇ ਉਸ ਔਰਤ ਨੂੰ ਆਜ਼ਾਦ ਮਰਜ਼ੀ ਦਾ ਜੋ ਅਨਮੋਲ ਤੋਹਫ਼ਾ ਦਿੱਤਾ ਸੀ, ਉਹ ਉਸ ਨੂੰ ਵਰਤਣਾ ਨਹੀਂ ਚਾਹੁੰਦੀ ਸੀ। ਇਸ ਦੀ ਬਜਾਇ, ਉਹ ਚਾਹੁੰਦੀ ਸੀ ਕਿ ਦੂਜੇ ਉਸ ਲਈ ਫ਼ੈਸਲੇ ਕਰਨ। ਤੁਹਾਡੇ ਬਾਰੇ ਕੀ? ਕੀ ਤੁਸੀਂ ਆਪਣੇ ਫ਼ੈਸਲੇ ਆਪ ਕਰਦੇ ਹੋ ਜਾਂ ਚਾਹੁੰਦੇ ਹੋ ਕਿ ਦੂਜੇ ਤੁਹਾਡੇ ਲਈ ਫ਼ੈਸਲੇ ਕਰਨ? ਤੁਸੀਂ ਆਜ਼ਾਦ ਮਰਜ਼ੀ ਪ੍ਰਤੀ ਕਿਹੋ ਜਿਹਾ ਨਜ਼ਰੀਆ ਰੱਖਦੇ ਹੋ?

2 ਆਜ਼ਾਦ ਮਰਜ਼ੀ ਬਾਰੇ ਲੋਕਾਂ ਦੀ ਵੱਖੋ-ਵੱਖਰੀ ਰਾਇ ਹੈ। ਕੁਝ ਲੋਕ ਮੰਨਦੇ ਹਨ ਕਿ ਸਾਡੇ ਕੋਲ ਆਜ਼ਾਦ ਮਰਜ਼ੀ ਨਹੀਂ ਹੈ ਕਿਉਂਕਿ ਰੱਬ ਨੇ ਪਹਿਲਾਂ ਹੀ ਸਾਡੀ ਕਿਸਮਤ ਲਿਖੀ ਹੈ। ਹੋਰ ਲੋਕ ਕਹਿੰਦੇ ਹਨ ਕਿ ਆਜ਼ਾਦ ਮਰਜ਼ੀ ਦਾ ਸਿਰਫ਼ ਤਾਂ ਹੀ ਫ਼ਾਇਦਾ ਹੈ ਜੇ ਸਾਡੇ ਕੋਲ ਪੂਰੀ ਤਰ੍ਹਾਂ ਆਜ਼ਾਦੀ ਹੋਵੇ। ਪਰ ਬਾਈਬਲ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਇਨਸਾਨਾਂ ਨੂੰ ਆਪਣੇ ਫ਼ੈਸਲੇ ਆਪ ਕਰਨ ਦੀ ਕਾਬਲੀਅਤ ਅਤੇ ਆਜ਼ਾਦੀ ਦਿੱਤੀ ਹੈ। (ਯਹੋਸ਼ੁਆ 24:15 ਪੜ੍ਹੋ।) ਬਾਈਬਲ ਵਿਚ ਸਾਨੂੰ ਅੱਗੇ ਲਿਖੇ ਸਵਾਲਾਂ ਦੇ ਜਵਾਬ ਮਿਲਦੇ ਹਨ: ਫ਼ੈਸਲੇ ਕਰਨ ਦੀ ਆਜ਼ਾਦੀ ਨੂੰ ਕਿਵੇਂ ਵਰਤਿਆ ਜਾਣਾ ਚਾਹੀਦਾ ਹੈ? ਕੀ ਆਜ਼ਾਦ ਮਰਜ਼ੀ ਨੂੰ ਵਰਤਣ ਦੀਆਂ ਹੱਦਾਂ ਹਨ? ਸਾਡੇ ਫ਼ੈਸਲਿਆਂ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਅਸੀਂ ਯਹੋਵਾਹ ਨੂੰ ਕਿੰਨਾ ਪਿਆਰ ਕਰਦੇ ਹਾਂ? ਅਸੀਂ ਦੂਜਿਆਂ ਦੇ ਫ਼ੈਸਲਿਆਂ ਪ੍ਰਤੀ ਆਦਰ ਕਿਵੇਂ ਦਿਖਾ ਸਕਦੇ ਹਾਂ?

ਅਸੀਂ ਯਹੋਵਾਹ ਅਤੇ ਯਿਸੂ ਤੋਂ ਕੀ ਸਿੱਖ ਸਕਦੇ ਹਾਂ?

3. ਯਹੋਵਾਹ ਆਪਣੀ ਆਜ਼ਾਦੀ ਕਿਸ ਤਰ੍ਹਾਂ ਵਰਤਦਾ ਹੈ?

3 ਯਹੋਵਾਹ ਕੋਲ ਹੀ ਪੂਰੀ ਤਰ੍ਹਾਂ ਆਜ਼ਾਦੀ ਹੈ। ਉਹ ਜਿਸ ਤਰੀਕੇ ਨਾਲ ਆਪਣੀ ਆਜ਼ਾਦੀ ਵਰਤਦਾ ਹੈ, ਉਸ ਤੋਂ ਅਸੀਂ ਸਿੱਖ ਸਕਦੇ ਹਾਂ। ਮਿਸਾਲ ਲਈ, ਯਹੋਵਾਹ ਨੇ ਇਜ਼ਰਾਈਲ ਕੌਮ ਨੂੰ ਆਪਣੀ “ਨਿੱਜੀ ਪਰਜਾ” ਵਜੋਂ ਚੁਣਿਆ। (ਬਿਵ. 7:6-8) ਯਹੋਵਾਹ ਨੇ ਇਜ਼ਰਾਈਲੀਆਂ ਨੂੰ ਕੌਮ ਵਜੋਂ ਇਸ ਲਈ ਚੁਣਿਆ ਸੀ ਕਿਉਂਕਿ ਉਹ ਆਪਣੇ ਦੋਸਤ ਅਬਰਾਹਾਮ ਨਾਲ ਕੀਤਾ ਆਪਣਾ ਵਾਅਦਾ ਨਿਭਾਉਣਾ ਚਾਹੁੰਦਾ ਸੀ। (ਉਤ. 22:15-18) ਨਾਲੇ ਯਹੋਵਾਹ ਹਮੇਸ਼ਾ ਆਪਣੀ ਆਜ਼ਾਦੀ ਦੀ ਵਰਤੋਂ ਪਿਆਰ ਅਤੇ ਨਿਆਂ ਨਾਲ ਕਰਦਾ ਹੈ। ਇਹ ਗੱਲ ਅਸੀਂ ਅਣਆਗਿਆਕਾਰ ਇਜ਼ਰਾਈਲੀਆਂ ਨੂੰ ਦਿੱਤੀ ਯਹੋਵਾਹ ਦੀ ਤਾੜਨਾ ਤੋਂ ਦੇਖ ਸਕਦੇ ਹਾਂ। ਜਦੋਂ ਉਨ੍ਹਾਂ ਨੇ ਆਪਣੀ ਕੀਤੀ ’ਤੇ ਦਿਲੋਂ ਪਛਤਾਵਾ ਕੀਤਾ, ਤਾਂ ਯਹੋਵਾਹ ਨੇ ਉਨ੍ਹਾਂ ਨੂੰ ਪਿਆਰ ਦਿਖਾਉਣ ਦੇ ਨਾਲ-ਨਾਲ ਉਨ੍ਹਾਂ ’ਤੇ ਦਇਆ ਵੀ ਕੀਤੀ। ਉਸ ਨੇ ਕਿਹਾ: “ਮੈਂ ਓਹਨਾਂ ਦੇ ਫਿਰ ਜਾਣ ਦਾ ਇਲਾਜ ਕਰਾਂਗਾ, ਮੈਂ ਖੁੱਲ੍ਹੇ ਦਿਲ ਨਾਲ ਓਹਨਾਂ ਨੂੰ ਪਿਆਰ ਕਰਾਂਗਾ।” (ਹੋਸ਼ੇ. 14:4) ਯਹੋਵਾਹ ਨੇ ਦੂਜਿਆਂ ਦੀ ਮਦਦ ਕਰਨ ਲਈ ਆਪਣੀ ਆਜ਼ਾਦੀ ਵਰਤੀ। ਇੱਦਾਂ ਕਰ ਕੇ ਉਸ ਨੇ ਸਾਡੇ ਲਈ ਕਿੰਨੀ ਹੀ ਵਧੀਆ ਮਿਸਾਲ ਰੱਖੀ!

4, 5. (ੳ) ਸਭ ਤੋਂ ਪਹਿਲਾਂ ਕਿਸ ਨੂੰ ਆਜ਼ਾਦ ਮਰਜ਼ੀ ਦਾ ਤੋਹਫ਼ਾ ਦਿੱਤਾ ਗਿਆ ਸੀ ਅਤੇ ਉਸ ਨੇ ਇਸ ਨੂੰ ਕਿਵੇਂ ਵਰਤਿਆ? (ਅ) ਸਾਨੂੰ ਸਾਰਿਆਂ ਨੂੰ ਆਪਣੇ ਆਪ ਤੋਂ ਕਿਹੜਾ ਸਵਾਲ ਪੁੱਛਣਾ ਚਾਹੀਦਾ ਹੈ?

4 ਯਹੋਵਾਹ ਨੇ ਦੂਤਾਂ ਅਤੇ ਇਨਸਾਨਾਂ ਨੂੰ ਬਣਾਉਣ ਵੇਲੇ ਉਨ੍ਹਾਂ ਨੂੰ ਆਜ਼ਾਦ ਮਰਜ਼ੀ ਦੇਣ ਦਾ ਫ਼ੈਸਲਾ ਕੀਤਾ ਸੀ। ਯਹੋਵਾਹ ਨੇ ਸਭ ਤੋਂ ਪਹਿਲਾਂ ਯਿਸੂ ਨੂੰ ਬਣਾਇਆ। ਪਰਮੇਸ਼ੁਰ ਨੇ ਉਸ ਨੂੰ ਆਪਣੇ ਸਰੂਪ ’ਤੇ ਬਣਾਇਆ ਅਤੇ ਉਸ ਨੂੰ ਆਜ਼ਾਦ ਮਰਜ਼ੀ ਦਿੱਤੀ। (ਕੁਲੁ. 1:15) ਉਸ ਨੇ ਆਪਣੀ ਆਜ਼ਾਦ ਮਰਜ਼ੀ ਕਿਵੇਂ ਵਰਤੀ? ਸਵਰਗ ਵਿਚ ਰਹਿੰਦਿਆਂ ਯਿਸੂ ਨੇ ਪਰਮੇਸ਼ੁਰ ਦੇ ਵਫ਼ਾਦਾਰ ਰਹਿਣ ਦਾ ਫ਼ੈਸਲਾ ਕੀਤਾ ਅਤੇ ਉਸ ਨੇ ਸ਼ੈਤਾਨ ਦੀ ਬਗਾਵਤ ਵਿਚ ਉਸ ਦਾ ਸਾਥ ਨਹੀਂ ਦਿੱਤਾ। ਜਦੋਂ ਯਿਸੂ ਧਰਤੀ ’ਤੇ ਆਇਆ, ਤਾਂ ਉਸ ਨੇ ਆਪਣੀ ਆਜ਼ਾਦ ਮਰਜ਼ੀ ਦੀ ਸਹੀ ਵਰਤੋਂ ਕਰਦਿਆਂ ਸ਼ੈਤਾਨ ਦੀਆਂ ਪਰੀਖਿਆਵਾਂ ਦਾ ਸਾਮ੍ਹਣਾ ਕੀਤਾ। (ਮੱਤੀ 4:10) ਫਿਰ ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਉਸ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਉਹ ਉਸ ਦੀ ਇੱਛਾ ਪੂਰੀ ਕਰਨੀ ਚਾਹੁੰਦਾ ਹੈ। ਉਸ ਨੇ ਕਿਹਾ: “ਹੇ ਪਿਤਾ, ਜੇ ਤੂੰ ਚਾਹੇਂ, ਤਾਂ ਇਹ ਪਿਆਲਾ ਮੇਰੇ ਤੋਂ ਹਟਾ ਲੈ। ਪਰ ਜੋ ਮੈਂ ਚਾਹੁੰਦਾ ਹਾਂ, ਉਹ ਨਾ ਹੋਵੇ, ਸਗੋਂ ਉਹੀ ਹੋਵੇ ਜੋ ਤੂੰ ਚਾਹੁੰਦਾ ਹੈਂ।” (ਲੂਕਾ 22:42) ਕੀ ਸਾਡੇ ਲਈ ਯਿਸੂ ਦੀ ਰੀਸ ਕਰਨੀ ਵਾਕਈ ਮੁਮਕਿਨ ਹੈ? ਨਾਲੇ ਕੀ ਅਸੀਂ ਆਪਣੀ ਆਜ਼ਾਦ ਮਰਜ਼ੀ ਵਰਤ ਕੇ ਯਹੋਵਾਹ ਦੀ ਮਹਿਮਾ ਅਤੇ ਉਸ ਦੀ ਇੱਛਾ ਪੂਰੀ ਕਰ ਸਕਦੇ ਹਾਂ?

5 ਜੀ ਹਾਂ, ਅਸੀਂ ਯਿਸੂ ਦੀ ਰੀਸ ਕਰ ਸਕਦੇ ਹਾਂ ਕਿਉਂਕਿ ਸਾਨੂੰ ਵੀ ਪਰਮੇਸ਼ੁਰ ਦੇ ਸਰੂਪ ’ਤੇ ਬਣਾਇਆ ਗਿਆ ਹੈ। (ਉਤ. 1:26) ਪਰ ਸਾਡੇ ਕੋਲ ਯਹੋਵਾਹ ਵਾਂਗ ਪੂਰੀ ਤਰ੍ਹਾਂ ਆਜ਼ਾਦੀ ਨਹੀਂ ਹੈ। ਪਰਮੇਸ਼ੁਰ ਦਾ ਬਚਨ ਦੱਸਦਾ ਹੈ ਕਿ ਯਹੋਵਾਹ ਨੇ ਸਾਡੀ ਆਜ਼ਾਦੀ ਦੀਆਂ ਹੱਦਾਂ ਠਹਿਰਾਈਆਂ ਹਨ ਅਤੇ ਉਹ ਮੰਗ ਕਰਦਾ ਹੈ ਕਿ ਅਸੀਂ ਉਨ੍ਹਾਂ ਹੱਦਾਂ ਵਿਚ ਰਹੀਏ। ਮਿਸਾਲ ਲਈ, ਪਰਿਵਾਰ ਵਿਚ ਪਤਨੀ ਨੂੰ ਆਪਣੇ ਪਤੀ ਦੇ ਅਤੇ ਬੱਚਿਆਂ ਨੂੰ ਆਪਣੇ ਮਾਪਿਆਂ ਦੇ ਅਧੀਨ ਰਹਿਣਾ ਚਾਹੀਦਾ ਹੈ। (ਅਫ਼. 5:22; 6:1) ਇਨ੍ਹਾਂ ਹੱਦਾਂ ਦਾ ਆਪਣੀ ਆਜ਼ਾਦ ਮਰਜ਼ੀ ਨੂੰ ਵਰਤਣ ’ਤੇ ਕੀ ਅਸਰ ਪੈਂਦਾ ਹੈ? ਇਸ ਸਵਾਲ ਦਾ ਜਵਾਬ ਸਾਡੇ ਭਵਿੱਖ ਦਾ ਫ਼ੈਸਲਾ ਕਰ ਸਕਦਾ ਹੈ।

ਆਜ਼ਾਦ ਮਰਜ਼ੀ ਦੀ ਵਰਤੋਂ ਤੇ ਕੁਵਰਤੋਂ

6. ਇਕ ਮਿਸਾਲ ਦਿਓ ਜਿਸ ਤੋਂ ਪਤਾ ਲੱਗਦਾ ਹੈ ਕਿ ਆਜ਼ਾਦੀ ਦੇ ਨਾਲ-ਨਾਲ ਹੱਦਾਂ ਹੋਣੀਆਂ ਵੀ ਜ਼ਰੂਰੀ ਹਨ।

6 ਜੇ ਆਜ਼ਾਦ ਮਰਜ਼ੀ ਦੀਆਂ ਹੱਦਾਂ ਹਨ, ਤਾਂ ਫਿਰ ਕੀ ਇਸ ਨੂੰ ਪੂਰੀ ਆਜ਼ਾਦੀ ਕਿਹਾ ਜਾ ਸਕਦਾ ਹੈ? ਜੀ ਹਾਂ। ਕਿਉਂ? ਕਿਉਂਕਿ ਹੱਦਾਂ ਨਾਲ ਸਾਡੀ ਰਾਖੀ ਹੁੰਦੀ ਹੈ। ਮਿਸਾਲ ਲਈ, ਸ਼ਾਇਦ ਅਸੀਂ ਗੱਡੀ ਵਿਚ ਸ਼ਹਿਰ ਤੋਂ ਕਿਤੇ ਦੂਰ ਜਾਣ ਦਾ ਫ਼ੈਸਲਾ ਕਰੀਏ। ਪਰ ਜ਼ਰਾ ਸੋਚੋ ਕਿ ਉੱਥੇ ਕੋਈ ਟ੍ਰੈਫਿਕ ਨਿਯਮ ਨਹੀਂ ਹਨ। ਹਰ ਵਿਅਕਤੀ ਆਪਣੀ ਮਰਜ਼ੀ ਨਾਲ ਫ਼ੈਸਲਾ ਕਰਦਾ ਹੈ ਕਿ ਉਹ ਕਿੰਨੀ ਤੇਜ਼ ਅਤੇ ਸੜਕ ਦੇ ਕਿੱਧਰਲੇ ਪਾਸੇ ਗੱਡੀ ਚਲਾਵੇਗਾ। ਕੀ ਤੁਸੀਂ ਗੱਡੀ ਚਲਾਉਂਦਿਆਂ ਸੁਰੱਖਿਅਤ ਮਹਿਸੂਸ ਕਰੋਗੇ? ਬਿਲਕੁਲ ਨਹੀਂ। ਆਜ਼ਾਦੀ ਦੇ ਫ਼ਾਇਦਿਆਂ ਦਾ ਆਨੰਦ ਮਾਣਨ ਲਈ ਹੱਦਾਂ ਹੋਣੀਆਂ ਜ਼ਰੂਰੀ ਹਨ। ਆਓ ਆਪਾਂ ਬਾਈਬਲ ਦੀਆਂ ਕੁਝ ਮਿਸਾਲਾਂ ’ਤੇ ਗੌਰ ਕਰੀਏ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਵੱਲੋਂ ਠਹਿਰਾਈਆਂ ਹੱਦਾਂ ਨਾਲ ਸਾਨੂੰ ਹੀ ਫ਼ਾਇਦਾ ਹੁੰਦਾ ਹੈ।

7. (ੳ) ਆਦਮ ਅਤੇ ਜਾਨਵਰਾਂ ਵਿਚ ਇਕ ਫ਼ਰਕ ਕੀ ਸੀ? (ਅ) ਆਦਮ ਨੇ ਆਪਣੀ ਆਜ਼ਾਦ ਮਰਜ਼ੀ ਦੀ ਸਹੀ ਵਰਤੋਂ ਕਿਵੇਂ ਕੀਤੀ?

7 ਜਦੋਂ ਯਹੋਵਾਹ ਨੇ ਪਹਿਲੇ ਇਨਸਾਨ ਆਦਮ ਨੂੰ ਬਣਾਇਆ, ਤਾਂ ਉਸ ਨੇ ਦੂਤਾਂ ਵਾਂਗ ਉਸ ਨੂੰ ਆਜ਼ਾਦ ਮਰਜ਼ੀ ਦਾ ਤੋਹਫ਼ਾ ਦਿੱਤਾ। ਪਰ ਪਰਮੇਸ਼ੁਰ ਨੇ ਜਾਨਵਰਾਂ ਨੂੰ ਇਹ ਤੋਹਫ਼ਾ ਨਹੀਂ ਦਿੱਤਾ। ਆਦਮ ਨੇ ਆਪਣੀ ਆਜ਼ਾਦ ਮਰਜ਼ੀ ਦੀ ਸਹੀ ਵਰਤੋਂ ਕਿਵੇਂ ਕੀਤੀ? ਯਹੋਵਾਹ ਨੇ ਆਦਮ ਨੂੰ ਜਾਨਵਰਾਂ ਦੇ ਨਾਂ ਰੱਖਣ ਦਾ ਸਨਮਾਨ ਦਿੱਤਾ। ਪਰਮੇਸ਼ੁਰ ਜਾਨਵਰਾਂ ਨੂੰ “ਆਦਮੀ ਕੋਲ ਲੈ ਆਇਆ ਤਾਂਜੋ ਉਹ ਵੇਖੇ ਭਈ ਉਹ ਕਿਵੇਂ ਉਨ੍ਹਾਂ ਨੂੰ ਸੱਦੇਗਾ।” ਆਦਮ ਨੇ ਹਰ ਜਾਨਵਰ ਨੂੰ ਧਿਆਨ ਨਾਲ ਦੇਖਿਆ ਅਤੇ ਉਨ੍ਹਾਂ ਨੂੰ ਢੁਕਵੇਂ ਨਾਂ ਦਿੱਤੇ। ਯਹੋਵਾਹ ਨੇ ਆਦਮ ਵੱਲੋਂ ਰੱਖੇ ਕਿਸੇ ਵੀ ਨਾਂ ਨੂੰ ਬਦਲਿਆ ਨਹੀਂ। ਇਸ ਦੀ ਬਜਾਇ, “ਜੋ ਕੁਝ ਆਦਮੀ ਨੇ ਉਸ ਜੀਉਂਦੇ ਪ੍ਰਾਣੀ ਨੂੰ ਸੱਦਿਆ ਸੋ ਉਹ ਦਾ ਨਾਉਂ ਹੋ ਗਿਆ।”ਉਤ. 2:19.

8. ਆਦਮ ਨੇ ਆਪਣੀ ਆਜ਼ਾਦ ਮਰਜ਼ੀ ਦੀ ਗ਼ਲਤ ਵਰਤੋਂ ਕਿਵੇਂ ਕੀਤੀ ਅਤੇ ਇਸ ਦਾ ਕੀ ਨਤੀਜਾ ਨਿਕਲਿਆ?

8 ਯਹੋਵਾਹ ਨੇ ਆਦਮ ਨੂੰ ਜ਼ਿੰਮੇਵਾਰੀ ਦਿੱਤੀ ਕਿ ਉਹ ਸਾਰੀ ਧਰਤੀ ਨੂੰ ਬਾਗ਼ ਵਰਗੀ ਖ਼ੂਬਸੂਰਤ ਬਣਾਵੇ। ਪਰਮੇਸ਼ੁਰ ਨੇ ਉਸ ਨੂੰ ਕਿਹਾ: “ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ ਅਤੇ ਉਹ ਨੂੰ ਆਪਣੇ ਵੱਸ ਵਿੱਚ ਕਰੋ ਅਤੇ ਸਮੁੰਦਰ ਦੀਆਂ ਮੱਛੀਆਂ ਉੱਤੇ ਅਰ ਅਕਾਸ਼ ਦਿਆਂ ਪੰਛੀਆਂ ਉੱਤੇ ਅਰ ਸਾਰੇ ਧਰਤੀ ਪੁਰ ਘਿੱਸਰਨ ਵਾਲਿਆਂ ਜੀਆਂ ਉੱਤੇ ਰਾਜ ਕਰੋ।” (ਉਤ. 1:28) ਪਰ ਆਦਮ ਨੇ ਮਨ੍ਹਾ ਕੀਤਾ ਹੋਇਆ ਫਲ ਖਾਣ ਦਾ ਫ਼ੈਸਲਾ ਕੀਤਾ ਅਤੇ ਯਹੋਵਾਹ ਵੱਲੋਂ ਠਹਿਰਾਈਆਂ ਹੱਦਾਂ ਨੂੰ ਨਜ਼ਰਅੰਦਾਜ਼ ਕੀਤਾ। ਆਦਮ ਨੇ ਆਪਣੀ ਆਜ਼ਾਦ ਮਰਜ਼ੀ ਦੀ ਗ਼ਲਤ ਵਰਤੋਂ ਕੀਤੀ ਜਿਸ ਕਰਕੇ ਮਨੁੱਖਜਾਤੀ ਹਜ਼ਾਰਾਂ ਸਾਲਾਂ ਤੋਂ ਦੁੱਖ ਭੋਗ ਰਹੀ ਹੈ। (ਰੋਮੀ. 5:12) ਆਓ ਆਪਾਂ ਆਦਮ ਦੇ ਫ਼ੈਸਲੇ ਕਰਕੇ ਨਿਕਲੇ ਗੰਭੀਰ ਨਤੀਜਿਆਂ ਨੂੰ ਹਮੇਸ਼ਾ ਯਾਦ ਰੱਖੀਏ। ਇਹ ਗੱਲ ਯਾਦ ਰੱਖਣ ਨਾਲ ਅਸੀਂ ਆਪਣੀ ਆਜ਼ਾਦੀ ਦੀ ਸਹੀ ਵਰਤੋਂ ਕਰਨ ਅਤੇ ਪਰਮੇਸ਼ੁਰ ਵੱਲੋਂ ਠਹਿਰਾਈਆਂ ਹੱਦਾਂ ਵਿਚ ਰਹਿਣ ਲਈ ਪ੍ਰੇਰਿਤ ਹੋਵਾਂਗੇ।

9. ਯਹੋਵਾਹ ਨੇ ਇਜ਼ਰਾਈਲੀਆਂ ਨੂੰ ਕੀ ਕਰਨ ਲਈ ਕਿਹਾ ਅਤੇ ਉਨ੍ਹਾਂ ਨੇ ਕੀ ਕਰਨ ਦਾ ਵਾਅਦਾ ਕੀਤਾ?

9 ਸਾਰੇ ਇਨਸਾਨਾਂ ਨੂੰ ਆਦਮ ਤੇ ਹੱਵਾਹ ਤੋਂ ਵਿਰਸੇ ਵਿਚ ਪਾਪ ਅਤੇ ਮੌਤ ਮਿਲੀ ਹੈ। ਪਰ ਸਾਡੇ ਕੋਲ ਅਜੇ ਵੀ ਆਪਣੀ ਆਜ਼ਾਦ ਮਰਜ਼ੀ ਨੂੰ ਵਰਤਣ ਦਾ ਹੱਕ ਹੈ। ਇਸ ਦਾ ਸਬੂਤ ਅਸੀਂ ਪਰਮੇਸ਼ੁਰ ਦੇ ਇਜ਼ਰਾਈਲ ਕੌਮ ਨਾਲ ਪੇਸ਼ ਆਉਣ ਦੇ ਤਰੀਕੇ ਤੋਂ ਦੇਖ ਸਕਦੇ ਹਾਂ। ਯਹੋਵਾਹ ਨੇ ਇਜ਼ਰਾਈਲੀਆਂ ਨੂੰ ਫ਼ੈਸਲਾ ਕਰਨ ਲਈ ਕਿਹਾ ਕਿ ਉਹ ਉਸ ਦੀ ਖ਼ਾਸ ਪਰਜਾ ਬਣਨਾ ਚਾਹੁੰਦੇ ਹਨ ਕਿ ਨਹੀਂ। (ਕੂਚ 19:3-6) ਇਜ਼ਰਾਈਲ ਕੌਮ ਨੇ ਪਰਮੇਸ਼ੁਰ ਦੇ ਲੋਕ ਬਣਨ ਅਤੇ ਉਸ ਵੱਲੋਂ ਠਹਿਰਾਈਆਂ ਹੱਦਾਂ ਵਿਚ ਰਹਿਣ ਦਾ ਫ਼ੈਸਲਾ ਕੀਤਾ। ਇਜ਼ਰਾਈਲੀਆਂ ਨੇ ਕਿਹਾ: “ਸਭ ਕੁਝ ਜੋ ਯਹੋਵਾਹ ਬੋਲਿਆ ਹੈ ਅਸੀਂ ਕਰਾਂਗੇ।” (ਕੂਚ 19:8) ਪਰ ਅਫ਼ਸੋਸ ਦੀ ਗੱਲ ਹੈ ਕਿ ਬਾਅਦ ਵਿਚ ਉਨ੍ਹਾਂ ਨੇ ਯਹੋਵਾਹ ਨਾਲ ਕੀਤਾ ਆਪਣਾ ਵਾਅਦਾ ਤੋੜ ਦਿੱਤਾ। ਅਸੀਂ ਇਸ ਮਿਸਾਲ ਤੋਂ ਇਕ ਅਹਿਮ ਸਬਕ ਸਿੱਖ ਸਕਦੇ ਹਾਂ। ਆਓ ਆਪਾਂ ਹਮੇਸ਼ਾ ਆਪਣੀ ਆਜ਼ਾਦ ਮਰਜ਼ੀ ਦੇ ਤੋਹਫ਼ੇ ਦੀ ਕਦਰ ਕਰਦੇ ਰਹੀਏ, ਯਹੋਵਾਹ ਦੇ ਨੇੜੇ ਰਹੀਏ ਅਤੇ ਉਸ ਦੇ ਕਾਨੂੰਨਾਂ ਦੀ ਪਾਲਣਾ ਕਰਦੇ ਰਹੀਏ।1 ਕੁਰਿੰ. 10:11.

10. ਕਿਹੜੀਆਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਪਾਪੀ ਇਨਸਾਨਾਂ ਲਈ ਪਰਮੇਸ਼ੁਰ ਦਾ ਆਦਰ ਕਰਨ ਲਈ ਆਪਣੀ ਆਜ਼ਾਦ ਮਰਜ਼ੀ ਵਰਤਣੀ ਮੁਮਕਿਨ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

10 ਇਬਰਾਨੀਆਂ ਦੇ 11ਵੇਂ ਅਧਿਆਇ ਵਿਚ ਅਸੀਂ 16 ਵਫ਼ਾਦਾਰ ਆਦਮੀਆਂ ਅਤੇ ਔਰਤਾਂ ਦੇ ਨਾਂ ਦੇਖ ਸਕਦੇ ਹਾਂ ਜਿਨ੍ਹਾਂ ਨੇ ਯਹੋਵਾਹ ਦੀਆਂ ਠਹਿਰਾਈਆਂ ਹੱਦਾਂ ਵਿਚ ਰਹਿਣ ਦਾ ਫ਼ੈਸਲਾ ਕੀਤਾ ਸੀ। ਨਤੀਜੇ ਵਜੋਂ, ਉਨ੍ਹਾਂ ਨੂੰ ਬਹੁਤ ਸਾਰੀਆਂ ਬਰਕਤਾਂ ਮਿਲੀਆਂ ਅਤੇ ਭਵਿੱਖ ਲਈ ਇਕ ਵਧੀਆ ਉਮੀਦ ਮਿਲੀ। ਮਿਸਾਲ ਲਈ, ਨੂਹ ਨੂੰ ਪਰਮੇਸ਼ੁਰ ’ਤੇ ਪੱਕੀ ਨਿਹਚਾ ਸੀ। ਇਸ ਕਰਕੇ ਉਸ ਨੇ ਪਰਮੇਸ਼ੁਰ ਦੇ ਕਹਿਣੇ ਮੁਤਾਬਕ ਆਪਣੇ ਪਰਿਵਾਰ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਲਈ ਕਿਸ਼ਤੀ ਬਣਾਈ। (ਇਬ. 11:7) ਅਬਰਾਹਾਮ ਅਤੇ ਸਾਰਾਹ ਨੇ ਖ਼ੁਸ਼ੀ-ਖ਼ੁਸ਼ੀ ਪਰਮੇਸ਼ੁਰ ਦਾ ਕਹਿਣਾ ਮੰਨਿਆ ਅਤੇ ਉਸ ਦੇਸ਼ ਵਿਚ ਗਏ ਜਿਸ ਨੂੰ ਦੇਣ ਦਾ ਵਾਅਦਾ ਪਰਮੇਸ਼ੁਰ ਨੇ ਕੀਤਾ ਸੀ। ਬਾਅਦ ਵਿਚ ਜਦੋਂ ਉਨ੍ਹਾਂ ਕੋਲ ਊਰ ਸ਼ਹਿਰ “ਵਾਪਸ ਮੁੜ ਜਾਣ ਦਾ ਮੌਕਾ” ਸੀ, ਤਾਂ ਉਨ੍ਹਾਂ ਨੇ ਆਪਣਾ ਧਿਆਨ ਉਸ ਮੌਕੇ ’ਤੇ ਲਾਉਣ ਦੀ ਬਜਾਇ ਭਵਿੱਖ ਲਈ ਰੱਖੇ ਪਰਮੇਸ਼ੁਰ ਦੇ ਵਾਅਦਿਆਂ ’ਤੇ ਲਾਇਆ। ਬਾਈਬਲ ਦੱਸਦੀ ਹੈ ਕਿ ਉਹ “ਬਿਹਤਰ ਜਗ੍ਹਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ” ਸਨ। (ਇਬ. 11:8, 13, 15, 16) ਮੂਸਾ ਨੇ ਮਿਸਰ ਦੇ ਖ਼ਜ਼ਾਨਿਆਂ ਨੂੰ ਠੁਕਰਾਇਆ ਅਤੇ “ਥੋੜ੍ਹੇ ਚਿਰ ਲਈ ਪਾਪ ਦਾ ਮਜ਼ਾ ਲੈਣ ਨਾਲੋਂ ਪਰਮੇਸ਼ੁਰ ਦੇ ਲੋਕਾਂ ਨਾਲ ਬਦਸਲੂਕੀ” ਸਹਿਣੀ ਚੰਗੀ ਸਮਝੀ। (ਇਬ. 11:24-26) ਆਓ ਆਪਾਂ ਇਨ੍ਹਾਂ ਵਫ਼ਾਦਾਰ ਆਦਮੀਆਂ ਅਤੇ ਔਰਤਾਂ ਦੀ ਨਿਹਚਾ ਦੀ ਰੀਸ ਕਰਦਿਆਂ ਆਪਣੀ ਆਜ਼ਾਦ ਮਰਜ਼ੀ ਲਈ ਕਦਰ ਦਿਖਾਈਏ ਅਤੇ ਇਸ ਨੂੰ ਪਰਮੇਸ਼ੁਰ ਦੀ ਇੱਛਾ ਮੁਤਾਬਕ ਵਰਤੀਏ।

11. (ੳ) ਆਜ਼ਾਦ ਮਰਜ਼ੀ ਦੀ ਇਕ ਸ਼ਾਨਦਾਰ ਬਰਕਤ ਕਿਹੜੀ ਹੈ? (ਅ) ਕਿਹੜੀ ਗੱਲ ਤੁਹਾਨੂੰ ਆਪਣੀ ਆਜ਼ਾਦ ਮਰਜ਼ੀ ਨੂੰ ਸਹੀ ਤਰੀਕੇ ਨਾਲ ਵਰਤਣ ਲਈ ਪ੍ਰੇਰਦੀ ਹੈ?

11 ਜਦੋਂ ਕੋਈ ਹੋਰ ਸਾਡੇ ਲਈ ਫ਼ੈਸਲੇ ਕਰਦਾ ਹੈ, ਤਾਂ ਸ਼ਾਇਦ ਸਾਨੂੰ ਸੌਖਾ ਲੱਗੇ। ਪਰ ਇੱਦਾਂ ਕਰਨ ਨਾਲ ਅਸੀਂ ਸ਼ਾਨਦਾਰ ਬਰਕਤਾਂ ਤੋਂ ਵਾਂਝੇ ਰਹਿ ਜਾਵਾਂਗੇ। ਇਨ੍ਹਾਂ ਵਿੱਚੋਂ ਇਕ ਬਰਕਤ ਕਿਹੜੀ ਹੈ? ਇਸ ਬਾਰੇ ਬਿਵਸਥਾ ਸਾਰ 30:19, 20 (ਪੜ੍ਹੋ) ਵਿਚ ਦੱਸਿਆ ਗਿਆ ਹੈ। ਆਇਤ 19 ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਫ਼ੈਸਲਾ ਕਰਨ ਦਾ ਮੌਕਾ ਦਿੱਤਾ ਸੀ। ਆਇਤ 20 ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਉਨ੍ਹਾਂ ਨੂੰ ਇਹ ਦਿਖਾਉਣ ਦਾ ਮੌਕਾ ਦਿੱਤਾ ਕਿ ਉਹ ਉਸ ਨੂੰ ਕਿੰਨਾ ਪਿਆਰ ਕਰਦੇ ਸਨ। ਅਸੀਂ ਵੀ ਯਹੋਵਾਹ ਦੀ ਭਗਤੀ ਕਰਨ ਦਾ ਫ਼ੈਸਲਾ ਕਰ ਸਕਦੇ ਹਾਂ। ਨਾਲੇ ਸਾਡੇ ਕੋਲ ਇਹ ਵੀ ਦਿਖਾਉਣ ਦਾ ਵਧੀਆ ਮੌਕਾ ਹੈ ਕਿ ਅਸੀਂ ਆਪਣੀ ਆਜ਼ਾ ਮਰਜ਼ੀ ਵਰਤ ਕੇ ਪਰਮੇਸ਼ੁਰ ਦਾ ਆਦਰ ਕਰੀਏ ਅਤੇ ਦਿਖਾਈਏ ਕਿ ਅਸੀਂ ਉਸ ਨੂੰ ਕਿੰਨਾ ਪਿਆਰ ਕਰਦੇ ਹਾਂ!

ਆਜ਼ਾਦ ਮਰਜ਼ੀ ਦੇ ਬੇਸ਼ਕੀਮਤੀ ਤੋਹਫ਼ੇ ਦੀ ਕੁਵਰਤੋਂ ਨਾ ਕਰੋ

12. ਸਾਨੂੰ ਕਦੇ ਵੀ ਆਪਣੀ ਆਜ਼ਾਦ ਮਰਜ਼ੀ ਦੇ ਤੋਹਫ਼ੇ ਨੂੰ ਕਿੱਦਾਂ ਨਹੀਂ ਵਰਤਣਾ ਚਾਹੀਦਾ?

12 ਕਲਪਨਾ ਕਰੋ ਕਿ ਤੁਸੀਂ ਆਪਣੇ ਦੋਸਤ ਨੂੰ ਇਕ ਕੀਮਤੀ ਤੋਹਫ਼ਾ ਦਿੱਤਾ ਹੈ। ਤੁਹਾਨੂੰ ਕਿਵੇਂ ਲੱਗੇਗਾ, ਜੇ ਉਹ ਤੁਹਾਡਾ ਤੋਹਫ਼ਾ ਕੂੜੇ ਵਿਚ ਸੁੱਟ ਦੇਵੇ ਜਾਂ ਇੱਥੋਂ ਤਕ ਕਿ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਲਈ ਇਸ ਨੂੰ ਵਰਤੇ? ਤੁਹਾਨੂੰ ਜ਼ਰੂਰ ਦੁੱਖ ਲੱਗੇਗਾ। ਯਹੋਵਾਹ ਨੇ ਸਾਨੂੰ ਆਜ਼ਾਦ ਮਰਜ਼ੀ ਦਾ ਤੋਹਫ਼ਾ ਦਿੱਤਾ ਹੈ। ਹੁਣ ਜ਼ਰਾ ਸੋਚੋ ਕਿ ਯਹੋਵਾਹ ਨੂੰ ਕਿੱਦਾਂ ਲੱਗਦਾ ਹੋਣਾ ਜਦੋਂ ਉਹ ਦੇਖਦਾ ਹੈ ਕਿ ਜ਼ਿਆਦਾਤਰ ਲੋਕ ਆਪਣੀ ਆਜ਼ਾਦੀ ਦੀ ਕੁਵਰਤੋਂ ਕਰਦਿਆਂ ਗ਼ਲਤ ਫ਼ੈਸਲੇ ਕਰਦੇ ਹਨ ਜਾਂ ਦੂਜਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਬਾਈਬਲ ਵਿਚ ਦੱਸਿਆ ਗਿਆ ਸੀ ਕਿ ‘ਆਖ਼ਰੀ ਦਿਨਾਂ’ ਵਿਚ ਲੋਕ “ਨਾਸ਼ੁਕਰੇ” ਹੋਣਗੇ। (2 ਤਿਮੋ. 3:1, 2) ਸੋ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਵੱਲੋਂ ਦਿੱਤੇ ਆਜ਼ਾਦ ਮਰਜ਼ੀ ਦੇ ਬੇਸ਼ਕੀਮਤੀ ਤੋਹਫ਼ੇ ਲਈ ਸ਼ੁਕਰਗੁਜ਼ਾਰ ਹਾਂ? ਅਸੀਂ ਇਸ ਦੀ ਕੁਵਰਤੋਂ ਕਰਨ ਤੋਂ ਕਿਵੇਂ ਬਚ ਸਕਦੇ ਹਾਂ?

13. ਅਸੀਂ ਆਪਣੀ ਆਜ਼ਾਦੀ ਦੀ ਗ਼ਲਤ ਵਰਤੋਂ ਕਰਨ ਤੋਂ ਕਿਵੇਂ ਬਚ ਸਕਦੇ ਹਾਂ?

13 ਸਾਡੇ ਸਾਰਿਆਂ ਕੋਲ ਆਪਣੇ ਦੋਸਤ ਚੁਣਨ, ਮਨ-ਮਰਜ਼ੀ ਦੇ ਕੱਪੜੇ ਪਾਉਣ, ਹਾਰ-ਸ਼ਿੰਗਾਰ ਕਰਨ ਅਤੇ ਮਨੋਰੰਜਨ ਕਰਨ ਦੀ ਆਜ਼ਾਦੀ ਹੈ। ਜੇ ਅਸੀਂ ਆਪਣੀ “ਆਜ਼ਾਦੀ ਨੂੰ ਸਰੀਰ ਦੀਆਂ ਗ਼ਲਤ ਇੱਛਾਵਾਂ ਪੂਰੀਆਂ ਕਰਨ” ਅਤੇ ਲੋਕਾਂ ਦੇ ਊਟ-ਪਟਾਂਗ ਫ਼ੈਸ਼ਨ ਦੀ ਰੀਸ ਕਰਨ ਲਈ ਵਰਤਦੇ ਹਾਂ, ਤਾਂ ਅਸੀਂ “ਆਪਣੀ ਆਜ਼ਾਦੀ ਨੂੰ ਗ਼ਲਤ ਕੰਮ ਕਰਨ ਲਈ” ਵਰਤ ਰਹੇ ਹੁੰਦੇ ਹਾਂ। (1 ਪਤਰਸ 2:16 ਪੜ੍ਹੋ।) ਆਪਣੀ “ਆਜ਼ਾਦੀ ਨੂੰ ਸਰੀਰ ਦੀਆਂ ਗ਼ਲਤ ਇੱਛਾਵਾਂ ਪੂਰੀਆਂ ਕਰਨ ਲਈ” ਨਾ ਵਰਤੋ, ਸਗੋਂ ਉਹ ਫ਼ੈਸਲੇ ਕਰਨ ਦਾ ਪੱਕਾ ਇਰਾਦਾ ਕਰੋ ਜੋ ਤੁਹਾਡੀ ਇਹ ਸਲਾਹ ਮੰਨਣ ਵਿਚ ਮਦਦ ਕਰਨਗੇ: “ਸਾਰਾ ਕੁਝ ਪਰਮੇਸ਼ੁਰ ਦੀ ਮਹਿਮਾ ਲਈ ਕਰੋ।”—1 ਕੁਰਿੰ. 10:31; ਗਲਾ. 5:13.

14. ਆਪਣੀ ਆਜ਼ਾਦ ਮਰਜ਼ੀ ਦੀ ਵਰਤੋਂ ਕਰਦਿਆਂ ਸਾਨੂੰ ਯਹੋਵਾਹ ’ਤੇ ਭਰੋਸਾ ਰੱਖਣ ਦੀ ਕਿਉਂ ਲੋੜ ਹੈ?

14 ਯਹੋਵਾਹ ਨੇ ਕਿਹਾ: “ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਜਿਸ ਰਾਹ ਤੈਂ ਜਾਣਾ ਹੈ।” (ਯਸਾ. 48:17) ਸਹੀ ਫ਼ੈਸਲੇ ਕਰਨ ਲਈ ਸਾਨੂੰ ਯਹੋਵਾਹ ’ਤੇ ਭਰੋਸਾ ਰੱਖਣ ਅਤੇ ਉਸ ਵੱਲੋਂ ਠਹਿਰਾਈਆਂ ਹੱਦਾਂ ਵਿਚ ਰਹਿਣ ਦੀ ਲੋੜ ਹੈ। ਅਸੀਂ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ: “ਆਦਮੀ ਦਾ ਰਾਹ ਉਹ ਦੇ ਵੱਸ ਵਿੱਚ ਨਹੀਂ ਹੈ, ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।” (ਯਿਰ. 10:23) ਆਦਮ ਅਤੇ ਬੇਵਫ਼ਾ ਇਜ਼ਰਾਈਲੀਆਂ ਨੇ ਯਹੋਵਾਹ ਦੁਆਰਾ ਠਹਿਰਾਈਆਂ ਹੱਦਾਂ ਨੂੰ ਠੁਕਰਾਉਣ ਅਤੇ ਆਪਣੇ ਆਪ ’ਤੇ ਭਰੋਸਾ ਰੱਖਣ ਦਾ ਫ਼ੈਸਲਾ ਕੀਤਾ। ਸਾਨੂੰ ਉਨ੍ਹਾਂ ਦੀਆਂ ਬੁਰੀਆਂ ਮਿਸਾਲਾਂ ਤੋਂ ਸਬਕ ਸਿੱਖਣ ਦੀ ਲੋੜ ਹੈ। ਆਪਣੇ ’ਤੇ ਭਰੋਸਾ ਰੱਖਣ ਦੀ ਬਜਾਇ ਸਾਨੂੰ “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ” ਰੱਖਣ ਦੀ ਲੋੜ ਹੈ।ਕਹਾ. 3:5.

ਦੂਸਰਿਆਂ ਦੇ ਫ਼ੈਸਲਿਆਂ ਦਾ ਆਦਰ ਕਰੋ

15. ਗਲਾਤੀਆਂ 6:5 ਵਿਚ ਦਿੱਤੇ ਅਸੂਲ ਤੋਂ ਅਸੀਂ ਕੀ ਸਿੱਖਦੇ ਹਾਂ?

15 ਸਾਨੂੰ ਦੂਜਿਆਂ ਦੇ ਫ਼ੈਸਲਿਆਂ ਪ੍ਰਤੀ ਆਦਰ ਦਿਖਾਉਣਾ ਚਾਹੀਦਾ ਹੈ। ਕਿਉਂ? ਕਿਉਂਕਿ ਸਾਡੇ ਸਾਰਿਆਂ ਕੋਲ ਆਜ਼ਾਦ ਮਰਜ਼ੀ ਦਾ ਤੋਹਫ਼ਾ ਹੈ ਜਿਸ ਕਰਕੇ ਦੋ ਮਸੀਹੀ ਹਮੇਸ਼ਾ ਇੱਕੋ ਜਿਹਾ ਫ਼ੈਸਲਾ ਨਹੀਂ ਕਰਦੇ। ਇਨ੍ਹਾਂ ਫ਼ੈਸਲਿਆਂ ਵਿਚ ਚਾਲ-ਚਲਣ ਅਤੇ ਭਗਤੀ ਦੇ ਮਾਮਲੇ ਵਿਚ ਕੀਤੇ ਫ਼ੈਸਲੇ ਵੀ ਸ਼ਾਮਲ ਹਨ। ਗਲਾਤੀਆਂ 6:5 (ਪੜ੍ਹੋ) ਵਿਚ ਦਿੱਤੇ ਅਸੂਲ ਨੂੰ ਯਾਦ ਰੱਖੋ। ਜਦੋਂ ਅਸੀਂ ਇਹ ਗੱਲ ਮੰਨਾਂਗੇ ਕਿ ਹਰ ਮਸੀਹੀ ਨੂੰ “ਆਪਣੀ ਜ਼ਿੰਮੇਵਾਰੀ ਦਾ ਭਾਰ ਆਪ ਚੁੱਕਣਾ ਪਵੇਗਾ,” ਤਾਂ ਅਸੀਂ ਇਸ ਗੱਲ ਪ੍ਰਤੀ ਆਦਰ ਦਿਖਾਵਾਂਗੇ ਕਿ ਹਰ ਵਿਅਕਤੀ ਕੋਲ ਆਪਣੇ ਫ਼ੈਸਲੇ ਕਰਨ ਦੀ ਆਜ਼ਾਦੀ ਹੈ।

ਅਸੀਂ ਆਪਣੇ ਫ਼ੈਸਲੇ ਖ਼ੁਦ ਕਰ ਸਕਦੇ ਹਾਂ, ਪਰ ਦੂਜਿਆਂ ਨੂੰ ਉਹੀ ਫ਼ੈਸਲੇ ਕਰਨ ਲਈ ਮਜਬੂਰ ਨਹੀਂ ਕਰ ਸਕਦੇ (ਪੈਰਾ 15 ਦੇਖੋ)

16, 17. (ੳ) ਕੁਰਿੰਥੁਸ ਦੀ ਮੰਡਲੀ ਵਿਚ ਆਜ਼ਾਦ ਮਰਜ਼ੀ ਇਕ ਬਹਿਸ ਦਾ ਵਿਸ਼ਾ ਕਿਉਂ ਬਣ ਗਿਆ ਸੀ? (ਅ) ਪੌਲੁਸ ਨੇ ਮਸੀਹੀਆਂ ਦੀ ਕਿਵੇਂ ਮਦਦ ਕੀਤੀ ਅਤੇ ਅਸੀਂ ਇਸ ਤੋਂ ਕੀ ਸਬਕ ਸਿੱਖ ਸਕਦੇ ਹਾਂ?

16 ਬਾਈਬਲ ਦੀ ਇਕ ਮਿਸਾਲ ’ਤੇ ਗੌਰ ਕਰੋ ਜਿਸ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਆਪਣੇ ਭੈਣਾਂ-ਭਰਾਵਾਂ ਦੀ ਆਜ਼ਾਦ ਮਰਜ਼ੀ ਦਾ ਆਦਰ ਕਿਉਂ ਕਰਨਾ ਚਾਹੀਦਾ ਹੈ? ਕੁਰਿੰਥੁਸ ਦੀ ਮੰਡਲੀ ਦੇ ਮਸੀਹੀ ਮੀਟ ਖਾਣ ’ਤੇ ਬਹਿਸ ਕਰਦੇ ਸਨ ਜੋ ਸ਼ਾਇਦ ਮੂਰਤੀਆਂ ਨੂੰ ਚੜ੍ਹਾਇਆ ਜਾਂਦਾ ਸੀ, ਪਰ ਬਾਅਦ ਵਿਚ ਦੁਕਾਨਾਂ ’ਤੇ ਵੇਚਿਆ ਜਾਂਦਾ ਸੀ। ਕੁਝ ਮਸੀਹੀਆਂ ਦੀ ਜ਼ਮੀਰ ਉਨ੍ਹਾਂ ਨੂੰ ਉਹ ਮੀਟ ਖਾਣ ਦੀ ਇਜਾਜ਼ਤ ਦਿੰਦੀ ਸੀ ਕਿਉਂਕਿ ਉਹ ਜਾਣਦੇ ਸਨ ਕਿ ਮੂਰਤੀਆਂ ਕੁਝ ਵੀ ਨਹੀਂ ਸਨ। ਪਰ ਜਿਹੜੇ ਮਸੀਹੀ ਸੱਚਾਈ ਵਿਚ ਆਉਣ ਤੋਂ ਪਹਿਲਾਂ ਮੂਰਤੀਆਂ ਦੀ ਪੂਜਾ ਕਰਦੇ ਸਨ, ਉਨ੍ਹਾਂ ਲਈ ਉਹ ਮੀਟ ਖਾਣਾ ਝੂਠੀ ਭਗਤੀ ਕਰਨ ਦੇ ਬਰਾਬਰ ਸੀ। (1 ਕੁਰਿੰ. 8:4, 7) ਇਹ ਬਹੁਤ ਹੀ ਗੰਭੀਰ ਮਸਲਾ ਸੀ ਜਿਸ ਕਰਕੇ ਮੰਡਲੀ ਵਿਚ ਫੁੱਟ ਪੈ ਸਕਦੀ ਸੀ। ਪੌਲੁਸ ਨੇ ਇਸ ਅਹਿਮ ਮਸਲੇ ਨੂੰ ਸੁਲਝਾਉਣ ਵਿਚ ਮਸੀਹੀਆਂ ਦੀ ਕਿਵੇਂ ਮਦਦ ਕੀਤੀ?

17 ਪਹਿਲੀ ਗੱਲ, ਪੌਲੁਸ ਨੇ ਉਨ੍ਹਾਂ ਨੂੰ ਯਾਦ ਕਰਾਇਆ ਕਿ ਭੋਜਨ ਕਰਕੇ ਪਰਮੇਸ਼ੁਰ ਨਾਲ ਉਨ੍ਹਾਂ ਦਾ ਰਿਸ਼ਤਾ ਹੋਰ ਮਜ਼ਬੂਤ ਨਹੀਂ ਹੋਵੇਗਾ। (1 ਕੁਰਿੰ. 8:8) ਦੂਜੀ ਗੱਲ, ਪੌਲੁਸ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣੇ ‘ਫ਼ੈਸਲੇ ਕਰਨ ਦੇ ਹੱਕ’ ਕਰਕੇ “ਉਨ੍ਹਾਂ ਲੋਕਾਂ ਦੀ ਨਿਹਚਾ ਦੇ ਰਾਹ ਵਿਚ ਰੁਕਾਵਟ ਨਾ ਖੜ੍ਹੀ” ਜਿਨ੍ਹਾਂ ਦੀ ਜ਼ਮੀਰ ਕਮਜ਼ੋਰ ਹੈ। (1 ਕੁਰਿੰ. 8:9) ਬਾਅਦ ਵਿਚ, ਪੌਲੁਸ ਨੇ ਕਮਜ਼ੋਰ ਨਿਹਚਾ ਵਾਲੇ ਮਸੀਹੀਆਂ ਨੂੰ ਕਿਹਾ ਕਿ ਉਹ ਉਨ੍ਹਾਂ ਦੀ ਨੁਕਤਾਚੀਨੀ ਨਾ ਕਰਨ ਜਿਨ੍ਹਾਂ ਨੇ ਮੀਟ ਖਾਣ ਦਾ ਫ਼ੈਸਲਾ ਕੀਤਾ। (1 ਕੁਰਿੰ. 10:25, 29, 30) ਸੋ ਭਗਤੀ ਵਰਗੇ ਅਹਿਮ ਮਾਮਲਿਆਂ ਵਿਚ ਹਰ ਮਸੀਹੀ ਨੂੰ ਆਪਣੇ ਫ਼ੈਸਲੇ ਆਪ ਕਰਨ ਦੀ ਲੋੜ ਹੈ। ਇਸ ਲਈ, ਕੀ ਸਾਨੂੰ ਆਪਣੇ ਭੈਣਾਂ-ਭਰਾਵਾਂ ਦੇ ਹਰ ਛੋਟੇ-ਵੱਡੇ ਫ਼ੈਸਲੇ ਆਪ ਕਰਨ ਦੀ ਆਜ਼ਾਦੀ ਪ੍ਰਤੀ ਆਦਰ ਨਹੀਂ ਦਿਖਾਉਣਾ ਚਾਹੀਦਾ?1 ਕੁਰਿੰ. 10:32, 33.

18. ਤੁਸੀਂ ਆਪਣੀ ਆਜ਼ਾਦ ਮਰਜ਼ੀ ਦੇ ਤੋਹਫ਼ੇ ਪ੍ਰਤੀ ਕਦਰ ਕਿਵੇਂ ਦਿਖਾ ਸਕਦੇ ਹੋ?

18 ਯਹੋਵਾਹ ਨੇ ਸਾਨੂੰ ਆਜ਼ਾਦ ਮਰਜ਼ੀ ਦਾ ਤੋਹਫ਼ਾ ਦਿੱਤਾ ਹੈ ਜਿਸ ਨਾਲ ਸਾਨੂੰ ਸੱਚੀ ਖ਼ੁਸ਼ੀ ਮਿਲਦੀ ਹੈ। (2 ਕੁਰਿੰ. 3:17) ਅਸੀਂ ਇਸ ਤੋਹਫ਼ੇ ਨੂੰ ਬੇਸ਼ਕੀਮਤੀ ਸਮਝਦੇ ਹਾਂ ਕਿਉਂਕਿ ਇਹ ਸਾਨੂੰ ਫ਼ੈਸਲੇ ਕਰਨ ਦੀ ਆਜ਼ਾਦੀ ਦਿੰਦਾ ਹੈ। ਆਪਣੇ ਫ਼ੈਸਲਿਆਂ ਤੋਂ ਅਸੀਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਨੂੰ ਕਿੰਨਾ ਪਿਆਰ ਕਰਦੇ ਹਾਂ। ਇਸ ਲਈ ਆਓ ਆਪਾਂ ਉਹ ਫ਼ੈਸਲੇ ਕਰਦੇ ਰਹੀਏ ਜਿਨ੍ਹਾਂ ਤੋਂ ਪਰਮੇਸ਼ੁਰ ਦੀ ਮਹਿਮਾ ਹੁੰਦੀ ਹੈ। ਨਾਲੇ ਦੂਜਿਆਂ ਵੱਲੋਂ ਆਪਣੀ ਆਜ਼ਾਦ ਮਰਜ਼ੀ ਦੇ ਆਧਾਰ ’ਤੇ ਕੀਤੇ ਫ਼ੈਸਲਿਆਂ ਦਾ ਆਦਰ ਕਰਦੇ ਰਹੀਏ।