ਕੂਚ 19:1-25

  • ਸੀਨਈ ਪਹਾੜ ਉੱਤੇ (1-25)

    • ਇਜ਼ਰਾਈਲ ਪੁਜਾਰੀਆਂ ਦਾ ਰਾਜ ਬਣੇਗਾ (5, 6)

    • ਲੋਕਾਂ ਨੂੰ ਪਰਮੇਸ਼ੁਰ ਨਾਲ ਮਿਲਣ ਲਈ ਪਵਿੱਤਰ ਕੀਤਾ ਗਿਆ (14, 15)

19  ਮਿਸਰ ਵਿੱਚੋਂ ਨਿਕਲਣ ਤੋਂ ਬਾਅਦ ਤੀਜੇ ਮਹੀਨੇ ਇਜ਼ਰਾਈਲੀ ਸੀਨਈ ਦੀ ਉਜਾੜ ਵਿਚ ਪਹੁੰਚੇ।  ਉਹ ਰਫੀਦੀਮ+ ਤੋਂ ਰਵਾਨਾ ਹੋਏ ਅਤੇ ਉਸੇ ਦਿਨ ਸੀਨਈ ਦੀ ਉਜਾੜ ਵਿਚ ਪਹੁੰਚ ਗਏ ਅਤੇ ਉੱਥੇ ਇਜ਼ਰਾਈਲੀਆਂ ਨੇ ਸੀਨਈ ਪਹਾੜ ਦੇ ਸਾਮ੍ਹਣੇ ਡੇਰਾ ਲਾਇਆ।+  ਫਿਰ ਮੂਸਾ ਸੱਚੇ ਪਰਮੇਸ਼ੁਰ ਸਾਮ੍ਹਣੇ ਹਾਜ਼ਰ ਹੋਣ ਲਈ ਪਹਾੜ ’ਤੇ ਗਿਆ+ ਅਤੇ ਯਹੋਵਾਹ ਨੇ ਉਸ ਨੂੰ ਕਿਹਾ: “ਤੂੰ ਯਾਕੂਬ ਦੇ ਘਰਾਣੇ ਅਤੇ ਇਜ਼ਰਾਈਲੀਆਂ ਨੂੰ ਕਹੀਂ,  ‘ਤੁਸੀਂ ਆਪਣੀ ਅੱਖੀਂ ਦੇਖਿਆ ਸੀ ਕਿ ਮੈਂ ਮਿਸਰੀਆਂ ਦਾ ਕੀ ਹਾਲ ਕੀਤਾ+ ਤਾਂਕਿ ਮੈਂ ਤੁਹਾਨੂੰ ਆਪਣੇ ਕੋਲ ਲੈ ਆਵਾਂ, ਜਿਵੇਂ ਉਕਾਬ ਆਪਣੇ ਬੱਚਿਆਂ ਨੂੰ ਖੰਭਾਂ ’ਤੇ ਬਿਠਾ ਕੇ ਲੈ ਜਾਂਦਾ ਹੈ।+  ਜੇ ਤੁਸੀਂ ਧਿਆਨ ਨਾਲ ਮੇਰਾ ਕਹਿਣਾ ਮੰਨੋਗੇ ਅਤੇ ਮੇਰੇ ਇਕਰਾਰ ਦੀ ਪਾਲਣਾ ਕਰੋਗੇ, ਤਾਂ ਤੁਸੀਂ ਸਾਰੀਆਂ ਕੌਮਾਂ ਵਿੱਚੋਂ ਮੇਰੇ ਖ਼ਾਸ ਲੋਕ* ਬਣੋਗੇ+ ਕਿਉਂਕਿ ਸਾਰੀ ਧਰਤੀ ਮੇਰੀ ਹੈ।+  ਤੁਸੀਂ ਮੇਰੇ ਲਈ ਰਾਜ ਕਰਨ ਵਾਲੇ ਪੁਜਾਰੀ ਅਤੇ ਇਕ ਪਵਿੱਤਰ ਕੌਮ ਬਣੋਗੇ।’+ ਤੂੰ ਇਹ ਸਾਰੀਆਂ ਗੱਲਾਂ ਇਜ਼ਰਾਈਲੀਆਂ ਨੂੰ ਦੱਸੀਂ।”  ਇਸ ਲਈ ਮੂਸਾ ਨੇ ਜਾ ਕੇ ਲੋਕਾਂ ਦੇ ਬਜ਼ੁਰਗਾਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਉਹ ਸਾਰੀਆਂ ਗੱਲਾਂ ਦੱਸੀਆਂ ਜਿਨ੍ਹਾਂ ਬਾਰੇ ਯਹੋਵਾਹ ਨੇ ਉਸ ਨੂੰ ਹੁਕਮ ਦਿੱਤਾ ਸੀ।+  ਇਸ ਤੋਂ ਬਾਅਦ ਸਾਰੇ ਲੋਕਾਂ ਨੇ ਰਲ਼ ਕੇ ਜਵਾਬ ਦਿੱਤਾ: “ਅਸੀਂ ਉਹ ਸਭ ਕੁਝ ਖ਼ੁਸ਼ੀ-ਖ਼ੁਸ਼ੀ ਕਰਾਂਗੇ ਜੋ ਯਹੋਵਾਹ ਨੇ ਕਿਹਾ ਹੈ।”+ ਮੂਸਾ ਨੇ ਉਸੇ ਵੇਲੇ ਯਹੋਵਾਹ ਨੂੰ ਲੋਕਾਂ ਦਾ ਜਵਾਬ ਦੱਸਿਆ।  ਅਤੇ ਯਹੋਵਾਹ ਨੇ ਮੂਸਾ ਨੂੰ ਕਿਹਾ: “ਦੇਖ, ਮੈਂ ਇਕ ਕਾਲ਼ੇ ਬੱਦਲ ਵਿਚ ਤੇਰੇ ਕੋਲ ਆਵਾਂਗਾ ਤਾਂਕਿ ਜਦ ਮੈਂ ਤੇਰੇ ਨਾਲ ਗੱਲ ਕਰਾਂ, ਤਾਂ ਲੋਕ ਸੁਣਨ ਅਤੇ ਹਮੇਸ਼ਾ ਤੇਰੇ ਉੱਤੇ ਵੀ ਭਰੋਸਾ ਕਰਨ।” ਫਿਰ ਮੂਸਾ ਨੇ ਯਹੋਵਾਹ ਨੂੰ ਉਹ ਸਭ ਕੁਝ ਦੱਸਿਆ ਜੋ ਲੋਕਾਂ ਨੇ ਕਿਹਾ ਸੀ। 10  ਇਸ ਤੋਂ ਬਾਅਦ ਯਹੋਵਾਹ ਨੇ ਮੂਸਾ ਨੂੰ ਕਿਹਾ: “ਲੋਕਾਂ ਕੋਲ ਜਾਹ ਅਤੇ ਉਹ ਅੱਜ ਅਤੇ ਕੱਲ੍ਹ ਆਪਣੇ ਆਪ ਨੂੰ ਸ਼ੁੱਧ ਕਰਨ ਅਤੇ ਆਪਣੇ ਕੱਪੜੇ ਜ਼ਰੂਰ ਧੋਣ। 11  ਅਤੇ ਉਹ ਤੀਜੇ ਦਿਨ ਤਿਆਰ ਰਹਿਣ ਕਿਉਂਕਿ ਯਹੋਵਾਹ ਤੀਜੇ ਦਿਨ ਸਾਰੇ ਲੋਕਾਂ ਦੀਆਂ ਅੱਖਾਂ ਸਾਮ੍ਹਣੇ ਸੀਨਈ ਪਹਾੜ ’ਤੇ ਉਤਰੇਗਾ। 12  ਤੂੰ ਇਸ ਪਹਾੜ ਦੇ ਆਲੇ-ਦੁਆਲੇ ਹੱਦਾਂ ਠਹਿਰਾ ਅਤੇ ਉਨ੍ਹਾਂ ਨੂੰ ਕਹਿ, ‘ਖ਼ਬਰਦਾਰ, ਕੋਈ ਵੀ ਇਸ ਪਹਾੜ ’ਤੇ ਨਾ ਚੜ੍ਹੇ ਅਤੇ ਨਾ ਹੀ ਇਸ ਦੀ ਹੱਦ ਨੂੰ ਛੋਹੇ। ਜਿਹੜਾ ਵੀ ਇਸ ਪਹਾੜ ਨੂੰ ਛੋਹੇਗਾ, ਉਸ ਨੂੰ ਜ਼ਰੂਰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। 13  ਭਾਵੇਂ ਉਹ ਜਾਨਵਰ ਹੋਵੇ ਜਾਂ ਇਨਸਾਨ, ਉਸ ਨੂੰ ਜੀਉਂਦਾ ਨਾ ਛੱਡਿਆ ਜਾਵੇ। ਕੋਈ ਵੀ ਉਸ ਨੂੰ ਹੱਥ ਨਾ ਲਾਵੇ, ਸਗੋਂ ਉਸ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦਿੱਤਾ ਜਾਵੇ ਜਾਂ ਤੀਰਾਂ ਨਾਲ ਵਿੰਨ੍ਹਿਆ ਜਾਵੇ।’+ ਪਰ ਨਰਸਿੰਗੇ* ਦੀ ਆਵਾਜ਼+ ਸੁਣਦਿਆਂ ਹੀ ਸਾਰੇ ਪਹਾੜ ਦੇ ਨੇੜੇ ਆ ਜਾਣ।” 14  ਫਿਰ ਮੂਸਾ ਪਹਾੜ ਤੋਂ ਥੱਲੇ ਉੱਤਰ ਕੇ ਲੋਕਾਂ ਕੋਲ ਆਇਆ ਅਤੇ ਉਹ ਲੋਕਾਂ ਨੂੰ ਪਵਿੱਤਰ ਕਰਨ ਲੱਗਾ ਅਤੇ ਉਨ੍ਹਾਂ ਨੇ ਆਪਣੇ ਕੱਪੜੇ ਧੋਤੇ।+ 15  ਉਸ ਨੇ ਲੋਕਾਂ ਨੂੰ ਕਿਹਾ: “ਤੀਜੇ ਦਿਨ ਲਈ ਤਿਆਰ ਹੋ ਜਾਓ। ਕੋਈ ਵੀ ਆਪਣੀ ਪਤਨੀ ਨਾਲ ਸਰੀਰਕ ਸੰਬੰਧ ਕਾਇਮ ਨਾ ਕਰੇ।* 16  ਤੀਜੇ ਦਿਨ ਸਵੇਰੇ ਬੱਦਲ ਗਰਜੇ ਅਤੇ ਬਿਜਲੀ ਲਿਸ਼ਕੀ ਅਤੇ ਇਕ ਕਾਲਾ ਬੱਦਲ+ ਪਹਾੜ ਉੱਤੇ ਸੀ ਅਤੇ ਨਰਸਿੰਗੇ ਦੀ ਬਹੁਤ ਉੱਚੀ ਆਵਾਜ਼ ਆਈ ਅਤੇ ਡੇਰੇ ਵਿਚ ਸਾਰੇ ਲੋਕ ਡਰ ਨਾਲ ਥਰ-ਥਰ ਕੰਬਣ ਲੱਗੇ।+ 17  ਫਿਰ ਮੂਸਾ ਲੋਕਾਂ ਨੂੰ ਸੱਚੇ ਪਰਮੇਸ਼ੁਰ ਨਾਲ ਮਿਲਾਉਣ ਲਈ ਡੇਰੇ ਤੋਂ ਬਾਹਰ ਲਿਆਇਆ ਅਤੇ ਉਹ ਪਹਾੜ ਦੇ ਕੋਲ ਖੜ੍ਹੇ ਹੋ ਗਏ। 18  ਸੀਨਈ ਪਹਾੜ ’ਤੇ ਸਾਰੇ ਪਾਸੇ ਧੂੰਆਂ ਹੀ ਧੂੰਆਂ ਹੋ ਗਿਆ ਕਿਉਂਕਿ ਯਹੋਵਾਹ ਅੱਗ ਵਿਚ ਪਹਾੜ ਉੱਤੇ ਉਤਰਿਆ ਸੀ+ ਅਤੇ ਧੂੰਆਂ ਭੱਠੀ ਦੇ ਧੂੰਏਂ ਵਾਂਗ ਉੱਪਰ ਉੱਠ ਰਿਹਾ ਸੀ ਅਤੇ ਸਾਰਾ ਪਹਾੜ ਬੜੇ ਜ਼ੋਰ ਨਾਲ ਕੰਬ ਰਿਹਾ ਸੀ।+ 19  ਨਰਸਿੰਗੇ ਦੀ ਆਵਾਜ਼ ਉੱਚੀ ਹੁੰਦੀ ਗਈ ਅਤੇ ਮੂਸਾ ਨੇ ਪਰਮੇਸ਼ੁਰ ਨਾਲ ਗੱਲ ਕੀਤੀ ਅਤੇ ਸੱਚੇ ਪਰਮੇਸ਼ੁਰ ਨੇ ਉਸ ਨੂੰ ਜਵਾਬ ਦਿੱਤਾ। 20  ਇਸ ਲਈ ਯਹੋਵਾਹ ਸੀਨਈ ਪਹਾੜ ਦੀ ਚੋਟੀ ’ਤੇ ਉੱਤਰਿਆ। ਫਿਰ ਯਹੋਵਾਹ ਨੇ ਮੂਸਾ ਨੂੰ ਪਹਾੜ ਦੀ ਚੋਟੀ ’ਤੇ ਬੁਲਾਇਆ ਅਤੇ ਮੂਸਾ ਉੱਥੇ ਚਲਾ ਗਿਆ।+ 21  ਹੁਣ ਯਹੋਵਾਹ ਨੇ ਮੂਸਾ ਨੂੰ ਕਿਹਾ: “ਤੂੰ ਹੇਠਾਂ ਜਾਹ ਅਤੇ ਲੋਕਾਂ ਨੂੰ ਚੇਤਾਵਨੀ ਦੇ ਕਿ ਉਹ ਯਹੋਵਾਹ ਨੂੰ ਦੇਖਣ ਲਈ ਨੇੜੇ ਨਾ ਆਉਣ। ਨਹੀਂ ਤਾਂ ਬਹੁਤ ਸਾਰੇ ਆਪਣੀ ਜਾਨ ਤੋਂ ਹੱਥ ਧੋ ਬੈਠਣਗੇ। 22  ਅਤੇ ਜਿਹੜੇ ਪੁਜਾਰੀ ਰੋਜ਼ ਯਹੋਵਾਹ ਦੇ ਨੇੜੇ ਆਉਂਦੇ ਹਨ, ਉਹ ਖ਼ੁਦ ਨੂੰ ਪਵਿੱਤਰ ਕਰਨ ਤਾਂਕਿ ਯਹੋਵਾਹ ਉਨ੍ਹਾਂ ਨੂੰ ਨਾਸ਼ ਨਾ ਕਰ ਦੇਵੇ।”+ 23  ਮੂਸਾ ਨੇ ਯਹੋਵਾਹ ਨੂੰ ਕਿਹਾ: “ਲੋਕ ਸੀਨਈ ਪਹਾੜ ’ਤੇ ਨਹੀਂ ਆਉਣਗੇ ਕਿਉਂਕਿ ਤੂੰ ਸਾਨੂੰ ਪਹਿਲਾਂ ਹੀ ਇਸ ਬਾਰੇ ਚੇਤਾਵਨੀ ਦਿੰਦੇ ਹੋਏ ਕਿਹਾ ਸੀ, ‘ਪਹਾੜ ਦੇ ਆਲੇ-ਦੁਆਲੇ ਹੱਦਾਂ ਠਹਿਰਾਓ ਅਤੇ ਇਸ ਨੂੰ ਪਵਿੱਤਰ ਕਰੋ।’”+ 24  ਪਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਤੂੰ ਥੱਲੇ ਜਾਹ ਅਤੇ ਫਿਰ ਆਪਣੇ ਨਾਲ ਹਾਰੂਨ ਨੂੰ ਉੱਪਰ ਲੈ ਆਈਂ। ਪਰ ਪੁਜਾਰੀਆਂ ਅਤੇ ਬਾਕੀ ਲੋਕਾਂ ਨੂੰ ਕਹੀਂ ਕਿ ਉਹ ਯਹੋਵਾਹ ਨੂੰ ਦੇਖਣ ਲਈ ਹੱਦਾਂ ਪਾਰ ਨਾ ਕਰਨ, ਨਹੀਂ ਤਾਂ ਮੈਂ ਉਨ੍ਹਾਂ ਦਾ ਨਾਸ਼ ਕਰ ਦਿਆਂਗਾ।”+ 25  ਮੂਸਾ ਨੇ ਥੱਲੇ ਜਾ ਕੇ ਲੋਕਾਂ ਨੂੰ ਇਹ ਸਭ ਕੁਝ ਦੱਸਿਆ।

ਫੁਟਨੋਟ

ਜਾਂ, “ਕੀਮਤੀ ਜਾਇਦਾਦ।”
ਇਬ, “ਭੇਡੂ ਦੇ ਸਿੰਗ।”
ਇਬ, “ਕੋਲ ਨਾ ਜਾਵੇ।”