Skip to content

Skip to table of contents

3 | ਰੱਬ ਦੇ ਬਚਨ ਵਿਚ ਦੱਸੇ ਲੋਕਾਂ ਤੋਂ ਮਦਦ ਪਾਓ

3 | ਰੱਬ ਦੇ ਬਚਨ ਵਿਚ ਦੱਸੇ ਲੋਕਾਂ ਤੋਂ ਮਦਦ ਪਾਓ

ਬਾਈਬਲ ਵਿਚ ਲਿਖਿਆ ਹੈ . . . ਕਈ ਇੱਦਾਂ ਦੇ ਵਫ਼ਾਦਾਰ ਆਦਮੀ ਅਤੇ ਔਰਤਾਂ ਸਨ ਜੋ “ਸਾਡੇ ਵਰਗੀਆਂ ਭਾਵਨਾਵਾਂ” ਰੱਖਦੇ ਸਨ। ​—ਯਾਕੂਬ 5:17.

ਇਸ ਆਇਤ ਦਾ ਕੀ ਮਤਲਬ ਹੈ?

ਬਾਈਬਲ ਵਿਚ ਇੱਦਾਂ ਦੇ ਬਹੁਤ ਸਾਰੇ ਆਦਮੀਆਂ ਅਤੇ ਔਰਤਾਂ ਬਾਰੇ ਦੱਸਿਆ ਗਿਆ ਹੈ ਜੋ ਸੱਚ-ਮੁੱਚ ਇਕ ਸਮੇਂ ਤੇ ਜੀਉਂਦੇ ਸਨ ਤੇ ਉਨ੍ਹਾਂ ਦੀਆਂ ਵੀ ਸਾਡੇ ਵਾਂਗ ਵੱਖੋ-ਵੱਖਰੀਆਂ ਭਾਵਨਾਵਾਂ ਸਨ। ਬਾਈਬਲ ਵਿੱਚੋਂ ਇਨ੍ਹਾਂ ਬਾਰੇ ਪੜ੍ਹਦਿਆਂ ਕਿਸੇ ਇਕ ਬਾਰੇ ਸ਼ਾਇਦ ਸਾਨੂੰ ਲੱਗੇ ਕਿ ਉਹ ਵੀ ਮੇਰੇ ਵਾਂਗ ਸੋਚਦਾ ਤੇ ਮਹਿਸੂਸ ਕਰਦਾ ਸੀ।

ਇਹ ਆਇਤ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ?

ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਨੂੰ ਕੋਈ ਸਮਝੇ, ਖ਼ਾਸ ਤੌਰ ʼਤੇ ਜਦੋਂ ਸਾਡੀ ਮਾਨਸਿਕ ਸਿਹਤ ਠੀਕ ਨਹੀਂ ਹੁੰਦੀ। ਜਦੋਂ ਅਸੀਂ ਬਾਈਬਲ ਵਿੱਚੋਂ ਉਨ੍ਹਾਂ ਲੋਕਾਂ ਬਾਰੇ ਪੜਦੇ ਹਾਂ ਜੋ ਅਸਲ ਵਿਚ ਸਨ, ਤਾਂ ਸ਼ਾਇਦ ਸਾਡੇ ਮਨ ਵਿਚ ਆਵੇ ਕਿ ਉਹ ਵੀ ਸਾਡੇ ਵਾਂਗ ਸੋਚਦੇ ਅਤੇ ਮਹਿਸੂਸ ਕਰਦੇ ਸਨ। ਇਸ ਕਰਕੇ ਸਾਨੂੰ ਅਹਿਸਾਸ ਹੁੰਦਾ ਹੈ ਕਿ ਅਸੀਂ ਇਕੱਲੇ ਇਹ ਲੜਾਈ ਨਹੀਂ ਲੜ ਰਹੇ। ਨਾਲੇ ਜਦੋਂ ਸਾਨੂੰ ਹੱਦੋਂ ਵੱਧ ਚਿੰਤਾ ਹੁੰਦੀ ਹੈ ਜਾਂ ਅਸੀਂ ਬਹੁਤ ਦੁਖੀ ਹੁੰਦੇ ਹਾਂ, ਤਾਂ ਅਸੀਂ ਆਪਣੇ-ਆਪ ਵਿਚ ਬਹੁਤਾ ਇਕੱਲਾਪਣ ਮਹਿਸੂਸ ਨਹੀਂ ਕਰਦੇ।

  • ਬਾਈਬਲ ਵਿਚ ਅਜਿਹੇ ਕਈ ਲੋਕਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੇ ਇਕ ਸਮੇਂ ʼਤੇ ਬੇਬੱਸ ਤੇ ਨਿਰਾਸ਼ ਮਹਿਸੂਸ ਕੀਤਾ ਸੀ। ਕੀ ਤੁਸੀਂ ਵੀ ਕਦੀ ਇੱਦਾਂ ਮਹਿਸੂਸ ਕੀਤਾ, ‘ਬਸ ਮੈ ਹੋਰ ਬਰਦਾਸ਼ਤ ਨਹੀਂ ਕਰ ਸਕਦਾ’? ਮੂਸਾ, ਏਲੀਯਾਹ, ਦਾਊਦ ਨੇ ਇੱਦਾਂ ਹੀ ਮਹਿਸੂਸ ਕੀਤਾ ਸੀ।​—ਗਿਣਤੀ 11:14; 1 ਰਾਜਿਆਂ 19:4; ਜ਼ਬੂਰ 55:4.

  • ਬਾਈਬਲ ਵਿਚ ਹੰਨਾਹ ਨਾਂ ਦੀ ਔਰਤ ਬਾਰੇ ਦੱਸਿਆ ਗਿਆ ਹੈ ਜਿਸ ਦਾ ਮਨ “ਕੁੜੱਤਣ ਨਾਲ ਭਰਿਆ ਹੋਇਆ ਸੀ” ਕਿਉਂਕਿ ਉਸ ਦੇ ਬੱਚੇ ਨਹੀਂ ਸਨ। ਨਾਲੇ ਉਸ ਦੀ ਸੌਂਕਣ ਵੀ ਉਸ ʼਤੇ ਤਰਸ ਕਰਨ ਦੀ ਬਜਾਇ ਉਸ ਨੂੰ ਇਸ ਗੱਲ ਲਈ ਤਾਅਨੇ-ਮਿਹਣੇ ਮਾਰਦੀ ਰਹਿੰਦੀ ਸੀ।​—1 ਸਮੂਏਲ 1:6, 10.

  • ਬਾਈਬਲ ਵਿਚ ਅੱਯੂਬ ਨਾਂ ਦੇ ਵਿਅਕਤੀ ਬਾਰੇ ਦੱਸਿਆ ਗਿਆ ਹੈ। ਉਸ ਬਾਰੇ ਪੜ੍ਹ ਕੇ ਸ਼ਾਇਦ ਸਾਨੂੰ ਲੱਗੇ ਕਿ ਉਹ ਵੀ ਸਾਡੇ ਵਾਂਗ ਸੋਚਦਾ ਤੇ ਮਹਿਸੂਸ ਕਰਦਾ ਸੀ। ਚਾਹੇ ਉਸ ਨੂੰ ਪਰਮੇਸ਼ੁਰ ʼਤੇ ਪੂਰਾ ਵਿਸ਼ਵਾਸ ਸੀ, ਫਿਰ ਵੀ ਉਹ ਇਕ ਸਮੇਂ ਤੇ ਅੰਦਰੋ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ। ਇਸ ਲਈ ਉਸ ਨੇ ਕਿਹਾ: “ਮੈਨੂੰ ਆਪਣੀ ਜ਼ਿੰਦਗੀ ਤੋਂ ਘਿਣ ਹੈ; ਮੈਂ ਹੋਰ ਜੀਉਣਾ ਨਹੀਂ ਚਾਹੁੰਦਾ।”​—ਅੱਯੂਬ 7:16.

ਜਦੋਂ ਅਸੀਂ ਬਾਈਬਲ ਤੋਂ ਸਿੱਖਦੇ ਹਾਂ ਕਿ ਇਨ੍ਹਾਂ ਆਦਮੀਆਂ ਤੇ ਔਰਤਾਂ ਨੇ ਆਪਣੀਆਂ ਨਿਰਾਸ਼ ਕਰਨ ਵਾਲੀਆਂ ਸੋਚਾਂ ʼਤੇ ਕਿਵੇਂ ਕਾਬੂ ਪਾਇਆਂ, ਤਾਂ ਸਾਨੂੰ ਵੀ ਤਣਾਅ ਅਤੇ ਨਿਰਾਸ਼ਾ ਨਾਲ ਲੜਨ ਦੀ ਤਾਕਤ ਮਿਲਦੀ ਹੈ।